ਕਾਂਡ 1 : ਸਰਘੀ ਦੀ ਉਡੀਕ

“ਹੰਅ… ਹੈਂ…ਅੰ… ਹਾਂ…।” ਮੈਂ ਇੱਕਦਮ ਤ੍ਰਭਕ ਕੇ ਜਾਗੀ ਹਾਂ। ਡਰ ਨਾਲ ਮੇਰਾ ਵਜੂਦ ਇਉਂ ਕੰਬ ੳੱਠਿਆ ਹੈ, ਜਿਵੇਂ ਵੱਜਦੀ ਹੋਈ ਤੂੰਬੀ ਦੀ ਤਾਰ ਵਿੱਚ ਲਰਜਸ਼ ਹੁੰਦੀ ਹੈ। ਡੈਂਬਰਿਆਂ ਵਾਂਗ ਆਸੇ-ਪਾਸੇ ਤੱਕਣ ਲੱਗਦੀ ਹਾਂ।… ਹੈਂ? ਇਹ ਤਾਂ ਮੈਂ ਕੋਈ ਖ਼ੁਆਬ ਦੇਖ ਰਹੀ ਸੀ। ਮੈਂ ਤਾਂ ਆਪਣੇ ਘਰ ਵਿੱਚ, ਆਪਣੇ ਪਲੰਘ ਉੱਤੇ ਪਈ ਹਾਂ। ਏਥੇ ਨਦੀ ਕਿੱਥੇ? ਹੁਣੇ-ਹੁਣੇ ਦੇਖਿਆ ਹੋਇਆ ਸੁਪਨਾ ਮੈਨੂੰ ਦੁਬਾਰਾ ਯਾਦ ਆਉਣ ਲੱਗਦਾ ਹੈ। 
ਦੂਰ-ਦੁਰਾਡੇ, ਕਿਸੇ ਅਜਨਬੀ ਜਿਹੀ ਥਾਂ ’ਤੇ ਕੋਈ ਅਗਿਆਤ ਜਿਹਾ ਪਿੰਡ ਹੈ। ਸ਼ਾਇਦ ਇਹ ਏਸ਼ੀਆ ਦਾ ਕੋਈ ਪੁਰਾਣਾ ਪਿੰਡ ਹੋਵੇਗਾ। ਪ੍ਰਾਚੀਨ ਸਮੇਂ ਵਿੱਚ ਵਿਚਰ ਰਹੀ ਸੀ ਮੈਂ। ਕੁੱਝ ਮੁਟਿਆਰਾਂ ਟੋਲਾ ਬਣਾ ਕੇ ਪਿੰਡੋਂ ਬਾਹਰ ਨਦੀ ਉੱਤੇ ਨਹਾਉਣ ਲਈ ਜਾਂਦੀਆਂ ਹਨ। ਇੱਕ ਪਸ਼ੂ ਚਾਰ ਰਿਹਾ ਮੁੰਡਾ ਉਹਨਾਂ ਨੂੰ ਛੇੜਦਾ ਹੈ। ਉਹ ਉਸ ਚਰਵਾਹੇ ਵੱਲ ਕੋਈ ਤਵੱਜੋਂ ਦਿੱਤੇ ਬਿਨਾਂ ਅੱਗੇ ਨਿਕਲ ਜਾਂਦੀਆਂ ਹਨ। ਚਰਵਾਹਾ ਉਨ੍ਹਾਂ ਦੀ ਬੇਪਰਵਾਹੀ ਨੂੰ ਆਪਣੀ ਬੇਇੱਜ਼ਤੀ ਦਾ ਨਾਮ ਦੇ ਲੈਂਦਾ ਹੈ ਤੇ ਉਨ੍ਹਾਂ ਨੱਢੀਆਂ ਦਾ ਚੁਪਕੇ-ਚੁਪਕੇ ਪਿੱਛਾ ਕਰਨ ਲੱਗ ਜਾਂਦਾ ਹੈ । ਉਹ ਮੁਟਿਆਰਾਂ ਜਾ ਕੇ ਸੁੰਨ-ਮ-ਸਾਨ ਨਦੀ ਦੇ ਕੰਡੇ ਆਪਣੇ ਕੱਪੜੇ ਉਤਾਰ ਕੇ ਰੱਖ ਦਿੰਦੀਆਂ ਹਨ ਤੇ ਨਹਾਉਣ ਲੱਗ ਜਾਂਦੀਆਂ ਹਨ। ਉਹ ਗੀਤ ਗਾਉਂਦੀਆਂ ਇੱਕ ਦੂਜੀ ਨੂੰ ਰਗੜ-ਰਗੜ ਨਹਾਉਂਦੀਆਂ ਹਨ। ਕਿਹੜਾ ਗੀਤ ਗਾਉਂਦੀਆਂ ਸਨ ਉਹ?...  ਹਾਂ, ਗਾਣੇ ਦੇ ਬੋਲ ਕੁੱਝ ਇਸ ਤਰ੍ਹਾਂ ਸਨ; -
ਉੱਚੜਾ ਬੁਰਜ਼ ਲਾਹੌਰ ਦਾ ਤੇ ਹੇਠ ਵਗੇ ਦਰਿਆ,
ਮਲ-ਮਲ ਨਾਵ੍ਹਣ ਗੋਰੀਆਂ ਤੇ ਲੈਣ ਗੁਰਾਂ ਦਾ ਨਾਂ।
ਚਰਵਾਹਾ ਦਰੱਖਤ ਦੀ ਆੜ ਵਿੱਚ ਲੁੱਕ ਕੇ ਚੋਰੀ-ਛਿਪੇ ਉਹਨਾਂ ਸੁੰਦਰੀਆਂ ਦੇ ਨੰਗੇ ਸ਼ਰੀਰਾਂ (ਜਿਸਮ ਦਾ ਉਹ ਅੱਧਾ ਹਿੱਸਾ, ਜੋ ਜਲ ਤੋਂ ਬਾਹਰ ਹੁੰਦਾ ਹੈ) ਨੂੰ ਤਾੜਦਾ ਰਹਿੰਦਾ ਹੈ। ਕੁੜੀਆਂ ਇਸ਼ਨਾਨ ਕਰਨ ਵਿੱਚ ਐਨੀਆਂ ਮਸਤ-ਮਗਨ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਜੱਗ ਅਤੇ ਰੱਬ ਦੀ ਕੋਈ ਸਾਰ ਨਹੀਂ ਰਹਿੰਦੀ। ਅਚਾਨਕ ਹਵਾ ਚੱਲਦੀ ਹੈ ਤੇ ਕਿਸੇ ਕੁੜੀ ਦੀ ਚੁੰਨੀ ਉੱਡ ਕੇ ਚਰਵਾਹੇ ਕੋਲ ਆ ਡਿੱਗਦੀ ਹੈ। ਪੈਰਾਂ ਵਿੱਚ ਪਈ ਚੁੰਨੀ ਦੇਖ ਕੇ ਚਰਵਾਹੇ ਨੂੰ ਇੱਕ ਸ਼ਰਾਰਤ ਸੁਝਦੀ ਹੈ। ਬਦਲਾ ਲੈਣ ਲਈ ਚਰਵਾਹਾ ਉਨ੍ਹਾਂ ਕੁੜੀਆਂ ਦੇ

ਕਾਂਡ 2 : ਸਵਰਗ ਤੋਂ ਸੁੰਦਰ

ਹਰਿਆ-ਭਰਿਆ ਸੰਸਾਰ ਸੀ ਸਾਡਾ। ਮੈਂ, ਅੰਮੀ, ਅੱਬੂ, ਮੇਰੀਆਂ ਦੋ ਭੈਣਾਂ ਅਤੇ ਦੋ ਭਰਾ। ਇਹ ਸੀ ਸਾਡੀ ਦੁਨੀਆਂ। ਸਿਵਾਏ ਇੱਕ ਭੈਣ ਦੇ ਬਾਕੀ ਸਾਰੇ ਮੇਰੇ ਭੈਣ-ਭਾਈ ਮੈਥੋਂ ਛੋਟੇ ਸਨ। ਨਾਜ਼ੀਆ ਸਭ ਨਾਲੋਂ ਵੱਡੀ ਸੀ। ਉਸ ਤੋਂ ਦੋ ਸਾਲ ਬਾਅਦ ਮੈਂ ਹੋਈ ਸੀ। ਮੈਥੋਂ ਸਲੀਮ ਇੱਕ ਸਾਲ ਛੋਟਾ ਸੀ। ਸਲੀਮ ਦੀ ਪੈਦਾਇਸ਼ ਤੋਂ ਪੂਰੇ ਤਿੰਨ ਸਾਲ ਮਗਰੋਂ ਗਫੂਰ ਦਾ ਜਨਮ ਹੋਇਆ ਸੀ ਅਤੇ ਅੱਗੋਂ ਰਾਜ਼ੀਆ ਦਾ ਗਫੂਰ ਤੋਂ ਚਾਰ ਸਾਲ ਦਾ ਅੰਤਰ ਸੀ। ਆਮ ਮੁਸਲਮਾਨ ਪਰਿਵਾਰਾਂ ਵਾਂਗ ਸਾਡਾ ਟੱਬਰ ਵੀ ਭਾਵੇਂ ਕੁੱਝ ਵੱਡਾ ਹੀ ਸੀ। ਪਰ ਫਿਰ ਵੀ ਸਾਡੇ ਵਿੱਚੋਂ ਕੋਈ ਵੀ, ਕਿਸੇ ਜੀਅ ਨੂੰ ਬੇਲੋੜਾ ਅਤੇ ਵਾਧੂ ਮਹਿਸੂਸ ਨਹੀਂ ਸੀ ਕਰਦਾ। ਜੁਰਾਬਾਂ ਤੋਂ ਸਿਰ ਦੀ ਚੁੰਨੀ ਤੱਕ ਜਿਵੇਂ ਇੱਕ ਔਰਤ ਦੇ ਪਹਿਨੇ ਹੋਏ ਸਾਰੇ ਵਸਤਰਾਂ ਦੀ ਆਪੋ ਆਪਣੀ ਮਹੱਤਤਾ ਹੁੰਦੀ ਹੈ। ਸਲਵਾਰ ਦੀ ਜਗ੍ਹਾ ਕੁੜਤੀ ਜਾਂ ਜੰਪਰ ਦੀ ਥਾਂ ਸੁੱਥਣ ਨਹੀਂ ਪਹਿਨੀ ਜਾ ਸਕਦੀ। ਉਵੇਂ ਹੀ ਪਰਿਵਾਰ ਵਿੱਚ ਸਾਰੇ ਜੀਆਂ ਦੀ ਆਪੋ-ਆਪਣੀ ਅਹਿਮੀਅਤ ਹੁੰਦੀ ਹੈ। ਕਿਸੇ ਜਣੇ ਨੂੰ ਸਾਡੇ ਪਰਿਵਾਰ  ਵਿੱਚੋਂ ਅਲੱਗ ਕਰਕੇ ਨਹੀਂ ਸੀ ਦੇਖਿਆ ਜਾ ਸਕਦਾ। ਸਾਡੇ ਸਾਰਿਆਂ ਵਿੱਚ ਐਨਾ ਜ਼ਿਆਦਾ ਮੋਹ-ਪਿਆਰ ਸੀ ਕਿ ਅਸੀਂ ਇੱਕ ਦੂਜੇ ਦੀ ਸਹੁੰ ਤੱਕ ਨਹੀਂ ਸੀ ਖਾਂਦੇ ਹੁੰਦੇ। 
ਇਹ ਗੱਲ ਵੱਖਰੀ ਹੈ ਕਿ ਸਾਡੀ ਭੈਣਾਂ-ਭਰਾਵਾਂ ਦੀ ਆਪਸ ਵਿੱਚ ਕਿਤੇ-ਕਿਤੇ ਖੜਕ ਵੀ ਪੈਂਦੀ ਹੁੰਦੀ ਸੀ। ਬੱਚਿਆਂ ਦੀਆਂ ਲੜਾਈਆਂ ਕੀ ਹੁੰਦੀਆਂ ਹਨ? ਬੇਬੁਨਿਆਦ ਅਤੇ ਥੋੜ੍ਹ ਚਿਰੀਆਂ ਪਾਣੀ ’ਤੇ ਵਾਹੀ ਲੀਕ ਵਰਗੀਆਂ। ਇੱਕ ਅੱਧਾ ਦਿਨ ਲੜ-ਝਗੜ ਕੇ ਅਸੀਂ ਫਿਰ ਆਪਸ ਵਿੱਚ ਇਉਂ ਘੁੱਲ-ਮਿਲ ਜਾਂਦੇ ਜਿਵੇਂ ਕਦੇ ਲੜੇ ਹੀ ਨਹੀਂ ਸੀ ਹੁੰਦੇ। ਕਦੇ-ਕਦਾਈਂ ਅੰਮੀ ਜਾਂ ਅੱਬੂ ਨਾਲ ਵੀ ਸਾਡੇ ਵਿੱਚੋਂ ਕੋਈ ਜਣਾ ਰੁੱਸ ਜਾਂਦਾ। ਸਾਡੇ ਵਾਲਦਾਈਨ ਸਿਆਣਪ ਨਾਲ, ਜੇ ਗਰਮੀ ਦੀ ਲੋੜ ਹੁੰਦੀ ਗੁੱਸੇ ਨਾਲ ਤੇ ਜੇ ਨਰਮੀ ਦੀ ਜ਼ਰੂਰਤ ਹੁੰਦੀ ਤਾਂ ਪੁਚਕਾਰ ਕੇ ਆਪਣੇ ਨਰਾਜ਼ ਹੋਏ ਬੱਚੇ ਨੂੰ ਮਨ੍ਹਾ ਲੈਂਦੇ। ਅਸੀਂ ਬੜੇ ਸੁੱਖੀ ਅਤੇ ਖੁਸ਼ਹਾਲ ਸੀ।
ਮਿਡਲੈਂਡ ਕਾਉਂਟੀ ਵਿੱਚ ਪੈਂਦੇ ਮਹਾਂਨਗਰ ਬ੍ਰਮਿੰਘਮ ਦੇ ਇੱਕ ਮੋਜ਼ਲੀ ਨਾਮੀ ਕਸਬੇ ਵਿੱਚ ਸਾਡਾ ਵੱਡਾ ਸਾਰਾ ਛੇ ਬੈੱਡਰੂਮ ਦਾ

ਕਾਂਡ 3 :ਹੁਸਨ, ਜਵਾਨੀ ਤੇ ਇਸ਼ਕ

ਮੈਨੂੰ ਨਿੱਕੀ ਹੁੰਦੀ ਨੂੰ ਤੱਕ ਕੇ ਲੋਕੀ ਕਹਿੰਦੇ ਹੁੰਦੇ ਸੀ ਕਿ ਮੈਂ ਦਿਨੋਂ-ਦਿਨ ਅਮਰਵੇਲ ਵਾਂਗੂੰ ਵਧਦੀ ਜਾਂਦੀ ਹਾਂ। ਮੈਂ ਪੂਰੇ ਪੰਦਰਾਂ ਸਾਲ ਅਤੇ ਛੇ ਮਹੀਨੇ ਦੀ ਹੋ ਗਈ ਸੀ। ਇਹ ਇਤਨੇ ਵਰ੍ਹੇ ਗੁਜ਼ਰਦਿਆਂ ਦਾ ਅਹਿਸਾਸ ਹੀ ਨਹੀਂ ਸੀ ਹੋਇਆ। ਯਾਨੀ ਪਲਕ ਝਪਕਦਿਆਂ ਹੀ ਬੀਤ ਗਏ ਸਨ। ਪੰਦਰਾਂ ਵਰ੍ਹੇ, ਵਰ੍ਹੇ ਤਾਂ ਜਾਪਦੇ ਹੀ ਨਹੀਂ ਸਨ। ਇਉਂ ਲੱਗਦਾ ਸੀ ਜਿਵੇਂ ਪੰਦਰਾਂ ਸੈਕਿੰਡ ਹੋਣ। ਮੈਂ ਅੱਲੜ ਤੇ ਅਣਭੋਲ ਜਿਹੀ ਸਾਂ। ਮੇਰੇ ਚਿਹਰੇ ਤੋਂ ਮਾਸੂਮੀਅਤ ਹੀ ਮਾਸੂਮੀਅਤ ਝਲਕਦੀ ਹੁੰਦੀ ਸੀ। ਮੇਰੇ ਬਦਨ ਨੇ ਬਚਪਨ ਨੂੰ ਰੁਖ਼ਸਤ ਕਰਕੇ ਜਵਾਨੀ ਦਾ ਇਸਤਕਬਾਲ ਅਜੇ ਸੱਜਰਾ-ਸੱਜਰਾ ਹੀ ਕੀਤਾ ਸੀ। ਯੌਵਨ ਕਿਸਨੂੰ ਕਹਿੰਦੇ ਹਨ? ਇਸਦਾ ਮੈਨੂੰ ਨਹੀਂ ਸੀ ਪਤਾ। ਹਾਂ, ਐਨਾ ਕੁ ਜਾਣਦੀ ਹਾਂ ਕਿ ਉਦੋਂ ਸੂਰਜ ਨੂੰ ਦੇਖ ਕੇ ਮੇਰਾ ਜੀਅ ਕਰਿਆ ਕਰਦਾ ਸੀ ਕਿ ਫੜ ਕੇ ਸਾਬਤਾ ਨਿਗਲ ਜਾਵਾਂ। ਨਹਾਉਣ ਜਾਂ ਕੱਪੜੇ ਬਦਲਣ ਲੱਗੀ ਨੇ ਲੀੜੇ ਲਾਹੁਣੇ ਤਾਂ ਪਿੰਡੇ ਨੇ ਭਾਫਾਂ ਛੱਡਣ ਲੱਗ ਜਾਣਾ। ਸਾਰੇ ਸ਼ਰੀਰ ਚੋਂ ਸੇਕ ਨਿਲਕਣਾ। ਅੰਗ-ਅੰਗ ਨੇ ਭੜਾਸ ਛੱਡਣੀ। ਆਪਣੇ ਅੰਦਰ ਧੁਖਦੀ ਧੂਣੀ ਨੂੰ ਬੁਝਾਉਣ ਲਈ ਮੇਰਾ ਬਰਫ਼ ਦੇ ਪਹਾੜ ਉੱਤੇ ਲਿਟਣ ਨੂੰ ਜੀਅ ਚਾਹੁੰਣਾ। ਬਿੰਦੇ-ਬਿੰਦੇ ਪਾਣੀ ਪੀਣਾ, ਬਹੁਤ ਪਿਆਸ ਲੱਗਣੀ। ਚਿੱਤ ਵਿੱਚ ਆਉਣਾ ਕਿ ਕੋਈ ਬਹੁਤ ਵੱਡਾ ਸਮੁੰਦਰ ਹੋਵੇ। ਕੋਈ ਮਹਾਂਸਾਗਰ। ਤੇ ਉਹਨੂੰ ਮੈਂ ਇੱਕੋ ਘੁੱਟ ਵਿੱਚ ਪੀ ਜਾਵਾਂ ਤਾਂ ਜੋ ਮੇਰੀ ਧਿਆਹ ਬੁੱਝ ਸਕੇ। ਭੜਕਣਾ, ਇੱਕ ਪਿਆਸ ਜਿਹੀ ਹਰ ਵੇਲੇ ਲੱਗੀ ਰਹਿੰਦੀ ਹੁੰਦੀ ਸੀ। ਸ਼ਾਇਦ ਇਸ ਅੱਗ ਦਾ ਨਾਮ ਹੀ ਜਵਾਨੀ ਹੋਵੇਗਾ।
ਮੇਰੇ ਹੱਡ-ਪੈਰ ਵਧਣ ਲੱਗ ਪਏ ਸਨ। ਅੱਜ ਕੁੜਤੀ ਸਵਾਉਂਦੀ। ਕੱਲ੍ਹ ਨੂੰ ਤੰਗ ਹੋ ਜਾਂਦੀ। ਭੀੜੇ ਹੋ ਕੇ ਨਿਸਦਿਨ ਮੇਰੇ ਵਸਤਰ ਛਿਜਦੇ ਰਹਿੰਦੇ। ਭਾਵੇਂ ਚਿਹਰੇ ਦੀ ਰੰਗਤ ਪਹਿਲਾਂ ਨਾਲੋਂ ਵਧੇਰੇ ਲਾਲੀ ਫੜ ਗਈ ਸੀ। ਪਰ ਫੇਰ ਵੀ ਮੂੰਹ ਦੇਖਣ ਨੂੰ ਲਿੱਸਾ ਨਜ਼ਰ ਆਉਣ ਲੱਗ ਪਿਆ ਸੀ। ਪੇਟ ਵਿੱਚ ਨੂੰ ਵੜਦਾ ਜਾਂਦਾ ਸੀ ਤੇ ਛਾਤੀਆਂ ਬਾਹਰ ਨੂੰ ਨਿਕਲਦੀਆਂ ਆਉਂਦੀਆਂ ਸਨ। ਮੇਰੇ ਜਿਸਮ ਦੀ ਬਾਹਰੀ ਦਿੱਖ ਨੇ ਇਸ ਤਰ੍ਹਾਂ ਮੇਰੇ ਜਵਾਨ ਹੋਣ ਦਾ ਢੰਡੋਰਾ ਪਿਟਣਾ ਸ਼ੁਰੂ ਕਰ ਦਿੱਤਾ ਸੀ ਤੇ ਅੰਦਰੋਂ। ਹਾਂ, ਅੰਦਰੋਂ ਵੀ ਕਦੋਂ ਦਾ ਐਲਾਨ

ਕਾਂਡ 4 : ਮਰਜ਼-ਏ-ਇਸ਼ਕ

ਮੈਂ ਹਾਈ ਸਕੂਲ ਦੇ ਆਖ਼ਰੀ ਸਾਲ ਵਿੱਚ ਸੀ। ਉਸ ਤੋਂ ਮਗਰੋਂ ਮੇਰੀ ਸਕੂਲੀ ਸਿੱਖਿਆ ਸਮਾਪਤ ਹੋ ਜਾਣੀ ਸੀ। ਮੇਰਾ ਖ਼ਿਆਲ ਹੈ, ਅਕਤੂਬਰ ਦਾ ਮਹੀਨਾ ਸੀ ਉਹ। ਉਸ ਵਰ੍ਹੇ ਗਰਮੀ ਬਹੁਤ ਪਈ ਸੀ ਤੇ ਸਰਦੀ ਪਿਛੇਤੀ ਸੀ। ਸ਼ਨੀਚਰਵਾਰ ਅਤੇ ਐਤਵਾਰ ਪੂਰੇ ਦਿਨ-ਰਾਤ ਮੀਂਹ ਪੈਂਦਾ ਰਿਹਾ ਸੀ। ਪੌਣ ਵਿੱਚ ਨਮੀ ਆ ਜਾਣ ਕਰਕੇ ਠੰਡ ਹੋ ਗਈ ਸੀ। ਸੋਮਵਾਰ ਨੂੰ ਸਕੂਲ ਪਹੁੰਚਣ ’ਤੇ ਸਭ (ਵਿਦਿਆਰਥੀਆਂ ਅਤੇ ਅਧਿਆਪਕਾਂ)  ਨੂੰ ਸਕੂਲ ਦੀ ਸਾਰੀ ਸੈਂਟਰਲ ਹੀਟਿੰਗ  ਖਰਾਬ ਹੋਣ ਦੀ ਖ਼ਬਰ ਮਿਲੀ ਸੀ। ਪੂਰਾ ਗਰਮੀਆਂ ਦਾ ਸੀਜ਼ਨ ਮੁਕੰਮਲ ਤੌਰ ’ਤੇ ਹੀਟਰ ਅਤੇ ਰੇਡੀਈਟਰ ਬੰਦ ਰਹੇ ਹੋਣ ਕਰਕੇ ਉਹਨਾਂ ਵਿੱਚ ਕੋਈ ਨੁਕਸ ਪੈ ਗਿਆ ਸੀ, ਜਿਸਨੂੰ ਮੁਰੰਮਤ ਹੋਣ ਨੂੰ ਪੰਜ ਛੇ ਘੰਟੇ ਲੱਗ ਸਕਦੇ ਸਨ। ਪਾਲੇ ਵਿੱਚ ਬੱਚਿਆਂ ਨੂੰ ਸਕੂਲ ਦੇ ਠਰੇ ਕਮਰਿਆਂ ਵਿੱਚ ਬੈਠਾਉਣਾ, ਸਜਾ ਦੇਣ ਸਮਾਨ ਸੀ। ਐਸੀ ਸਥਿਤੀ ਵਿੱਚ ਪੜ੍ਹਾਈ ਤਾਂ ਕੀ ਹੋਣੀ ਸੀ, ਸਗੋਂ ਉਲਟਾਂ ਨਿਆਣਿਆਂ ਦੇ ਬਿਮਾਰ ਹੋ ਜਾਣ ਦਾ ਖਦਸ਼ਾ ਸੀ। ਇਸਨੂੰ ਮੁੱਖ ਰੱਖਦਿਆਂ ਸਾਡੇ ਪ੍ਰਿਸੀਪਲ ਨੇ ਸਾਨੂੰ ਉਸ ਦਿਨ ਸਕੂਲੋਂ ਛੁੱਟੀ ਕਰ ਦਿੱਤੀ ਸੀ। ਵੈਸੇ ਵੀ ਉਨ੍ਹਾਂ ਦਿਨਾਂ ਵਿੱਚ ਅਜੇ ਕੋਈ ਖਾਸ ਪੜ੍ਹਾਈ ਨਹੀਂ ਸੀ ਹੋਣ ਲੱਗੀ। ਕਿਉਂਕਿ ਸਤੰਬਰ ਵਿੱਚ ਹੀ ਤਾਂ ਨਵੀਆਂ ਕਲਾਸਾਂ ਸ਼ੁਰੂ ਹੋਈਆਂ ਸਨ। ਅਸੀਂ ਸਾਰੇ ਵਿਦਿਆਰਥੀ ਘਰ ਵਿਹਲੇ ਬੈਠਣ ਦੀ ਬਜਾਏ ਵਰਦੀਆਂ ਬਦਲ ਕੇ ਸਿੱਧੇ ਸਿਨਮੇ ਨੂੰ ਫ਼ਿਲਮ ਦੇਖਣ ਚਲੇ ਗਏ।  
ਵਰਦੀ ਬਦਲਣ ਦੀ ਜ਼ਰੂਰਤ ਇਸ ਲਈ ਪਈ ਸੀ, ਕਿਉਂਕਿ ਵਰਦੀ ਕਿੱਤੇ ਦੀ ਸੂਚਕ ਹੁੰਦੀ ਹੈ। ਜਿਵੇਂ ਫੌਜੀਆਂ ਦੀ ਹਰੀ ਵਰਦੀ ਦੇਖ ਕੇ ਹੀ ਤੁਸੀਂ ਸਮਝ ਜਾਂਦੇ ਹੋ ਕਿ ਉਹ ਫੌਜੀ ਹਨ। ਤੁਹਾਨੂੰ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਵਰਦੀ ਹੀ ਤੁਹਾਨੂੰ ਅਜਿਹੀ ਜਾਣਕਾਰੀ ਮੁਹੱਈਆ ਕਰ ਦਿੰਦੀ ਹੈ। ਕਾਲੇ ਕੋਟਾਂ ਤੋਂ ਵਕੀਲਾਂ ਦੀ, ਚਿੱਟੇ ਕੱਪੜਿਆਂ ਤੋਂ ਡਾਕਟਰਾਂ ਤੇ ਨਰਸਾਂ ਦੀ, ਭਗਵੇਂ ਕੱਪੜਿਆਂ

ਕਾਂਡ 5 : ਬਿਰਹਾ ਤੂੰ ਸੁਲਤਾਨ

ਅਖ਼ੀਰ ਇੱਕ ਰੋਜ਼ ਮੇਰੀ ਅਰਜ਼ ਮਾਲਕ ਦੇ ਦਰਬਾਰ ਵਿੱਚ ਕਬੂਲੀ ਗਈ ਸੀ। ਬਿਮਾਰੀ ਤੋਂ ਮੈਨੂੰ ਛੁਟਕਾਰਾ ਮਿਲ ਹੀ ਗਿਆ। ਸਾਡੇ ਫੈਮਲੀ ਡਾਕਟਰ  ਦੀ ਸਰਜਰੀ  ਸ਼ਾਮ ਨੂੰ ਹੀ ਖੁੱਲ੍ਹਦੀ ਹੁੰਦੀ ਸੀ। ਆਥਣ ਨੂੰ ਮੈਂ ਡਾਕਟਰ ਤੋਂ ਫਿੱਟ ਨੋਟ  ਲੈ ਆਈ ਸੀ। ਪੂਰੀ ਜ਼ਿੰਦਗੀ ਵਿੱਚ ਮੈਂ ਜਿੰਨੀ ਵਾਰ ਘੜੀ ਦੇਖੀ ਹੈ, ਉਨੀ ਵਾਰ ਉਸ ਇੱਕ ਰਾਤ ਵਿੱਚ ਹੀ ਦੇਖੀ ਸੀ। ਬੜੀ ਬੇਸਬਰੀ ਵਿੱਚ ਮੈਂ ਉਹ ਰਾਤ ਲੰਘਾਈ ਸੀ। ਅੱਧੀ ਰਾਤ ਨੂੰ ਹੀ  ਮੈਂ ਨਹਾ-ਧੋਹ ਕੇ ਕੱਪੜੇ ਬਦਲ ਕੇ ਤਿਆਰ ਹੋ ਗਈ ਸੀ। ਨਿਰਧਾਰਤ ਸਮੇਂ ਤੋਂ ਬਹੁਤ ਪਹਿਲਾਂ, ਹਨੇਰੇ-ਹਨੇਰੇ ਹੀ ਘਰੋਂ ਸਕੂਲ ਲਈ ਰਵਾਨਾ ਹੋ ਗਈ ਸੀ। ਮੈਂ ਪੂਰੀ ਤਰ੍ਹਾਂ ਦਿਨ ਵੀ ਨਹੀਂ ਸੀ ਚੜ੍ਹਣ ਦਿੱਤਾ। 
ਲੰਮਾ ਅਰਸਾ ਬਿਮਾਰ ਰਹਿਣ ਬਾਅਦ ਮੈਂ ਪਹਿਲੇ ਦਿਨ ਸਕੂਲ ਪਰਤੀ ਸੀ। ਮੈਥੋਂ ਸਿਵਾਏ ਅਜੇ ਉੱਥੇ ਇੱਕ ਵੀ ਵਿਦਿਆਰਥੀ ਨਹੀਂ ਸੀ ਆਇਆ ਹੋਇਆ। ਸਕੂਲ ਵਿੱਚ ਕਾਂ ਪੈਂਦੇ ਸਨ। ਸਮਾਂ ਸੂਚੀ ਅਨੁਸਾਰ ਉਸ ਦਿਹਾੜੇ ਮੇਰਾ ਪਹਿਲਾਂ ਹੀ ਲੈਸਨ  ਵਿਗਿਆਨ ਦਾ ਸੀ। ਕਈ ਨਾਗ਼ੇ ਪੈਣ ਕਾਰਨ ਮੈਂ ਪੜ੍ਹਾਈ ਵਿੱਚ ਪੱਛੜੀ ਹੋਈ ਸੀ। ਨਿਰਸੰਦੇਹ ਬਾਕੀ ਵਿਦਆਰਥੀਆਂ ਦੇ ਨਾਲ ਰਲਣ ਲਈ ਮੈਨੂੰ ਦਿਨ ਰਾਤ ਇੱਕ ਕਰਨੀ ਪੈਣੀ ਸੀ। ਨੋਟਸ  ਤਾਂ ਮੈਂ ਕਿਸੇ ਦੀ ਨੋਟ-ਬੁੱਕ  ਉਧਾਰੀ ਮੰਗ ਕੇ ਘਰੇ ਵੀ ਨਕਲ ਕਰ ਸਕਦੀ ਸੀ। ਲੈਕਚਰ ਵੀ ਸਾਰੇ ਰਿਕਾਰਡ ਹੋ ਕੇ ਸਾਲ ਭਰ ਲਈ ਸਕੂਲ ਦੀ ਲਾਇਬਰੇਰੀ  ਵੀ ਜਮ੍ਹਾਂ ਰਹਿੰਦੇ ਸਨ, ਮੈਂ ਕਿਸੇ ਵੇਲੇ ਵੀ ਉੱਥੋਂ ਟੇਪ ਕੱਢਵਾ ਕੇ ਵਰਤ ਸਕਦੀ ਸੀ। ਪਰ ਐਕਪੈਰੀਮੈਂਟ (ਪ੍ਰਯੋਗ) ਮੈਨੂੰ ਕਲਾਸ ਰੂਮ ਵਿੱਚ ਹੀ ਕਰਨੇ ਪੈਣੇ ਸਨ। ਪੁਰਾਣੇ ਅਸਾਈਨਮੈਂਟ  ਫੁਰਤੀ ਨਾਲ ਨਿਪਟਾਉਣ ਬਾਰੇ ਸੋਚ ਕੇ ਸਵੇਰੇ ਸਾਜਰੇ ਸਕੂਲ ਲੱਗਣ ਤੋਂ ਪਹਿਲਾਂ ਹੀ ਮੈਂ ਲੈਬਾਰਟਰੀ

ਕਾਂਡ 6 : ਰੰਗ ਵਿੱਚ ਭੰਗ



ਇਜ਼ਬਲ ਨਾਂ ਦੀ ਅੰਗਰੇਜ਼ ਕੁੜੀ ਸਾਡੇ ਸਕੂਲ ਦੀ ਇੱਕ ਹੋਰ ਹੌਟ ਪਰੌਪਟੀ  ਮੰਨੀ ਜਾਂਦੀ ਸੀ। ਗਰਮਾਂ-ਗਰਮਾਂ ਪਕੌੜਿਆਂ ਵਾਂਗ ਮੁੰਡਿਆਂ ਵਿੱਚ ਉਹਦੀ ਬਹੁਤ ਮੰਗ ਸੀ। ਉਹਦੀਆਂ ਅੱਖਾਂ ਪੂਰੀਆਂ ਨੀਲੀਆਂ ਸਨ, ਸਮੁੰਦਰ ਦੇ ਪਾਣੀ ਵਰਗੀਆਂ। ਮੇਮ ਹੋਣ ਕਾਰਨ ਜ਼ਾਹਰ ਹੈ ਉਹ ਰੰਗ ਦੀ ਗੋਰੀ ਸੀ। ਪਰ ਉਸਦੀ ਨਰਮ, ਮੁਲਾਇਮ ਚਮੜੀ ਮੌਸਚਰਾਈਜ਼ਰ ਕਰੀਮ  ਅਤੇ ਹਲਕਾ ਜਿਹਾ ਮੈਅਕੱਪ  ਕਰਨ ਨਾਲ ਹੋਰ ਵੀ ਲਿਸ਼ਕ ਜਾਂਦੀ ਸੀ। ਉਸਦੇ ਬੁੱਲ੍ਹਾਂ ’ਤੇ ਹਮੇਸ਼ਾ ਮੱਧਮ ਜਿਹੀ ਸੁਰਖੀ ਲੱਗੀ ਹੁੰਦੀ ਸੀ, ਜਿਸ ਕਰਕੇ ਉਹਦੇ ਲਬ ਕਾਫ਼ੀ ਆਕਰਸ਼ਿਕ ਦਿਖਾਈ ਦਿੰਦੇ ਹੁੰਦੇ ਸਨ। ਉਸਦੇ ਮੋਢਿਆਂ ਤੱਕ ਲੰਮੇ ਕੱਟੇ ਹੋਏ ਭਾਰੇ ਵਾਲਾਂ ਦਾ ਅਸਲ ਰੰਗ ਤਾਂ ਕੱਕਾ ਸੀ। ਪਰ ਉਹ ਹਰੇਕ ਮਹੀਨੇ ਉਨ੍ਹਾਂ ਨੂੰ ਨਵੇਂ ਹੇਅਰ ਕਲਰ  ਨਾਲ ਰੰਗ ਲਿਆ ਕਰਦੀ ਸੀ। ਜਿਸ ਵਜ੍ਹਾ ਨਾਲ ਇਜ਼ਬਲ ਦੀ ਦਿੱਖ ਹਰ ਮਹੀਨੇ ਪਹਿਲਾਂ ਨਾਲੋਂ ਨਿੱਖਰ ਆਇਆ ਕਰਦੀ ਸੀ। ਉਸਦੀ ਬੋਲ-ਬਾਣੀ ਵਿੱਚ ਐਨੀ ਮਿਠਾਸ ਹੁੰਦੀ ਸੀ ਕਿ ਸੁਣ ਕੇ ਜਾਪਦਾ ਹੁੰਦਾ ਸੀ ਗੋਇਆ ਬਾਗ ਵਿੱਚ ਕੋਈ ਕੋਇਲ ਗੀਤ ਗਾ ਰਹੀ ਹੋਵੇ। ਹਰ ਵਕਤ ਉਹਨੂੰ ਗੱਲਾਂ ਕਰਦੀ ਸੁਣਨ ਨੂੰ ਜੀਅ ਕਰਦਾ ਰਹਿੰਦਾ ਹੁੰਦਾ ਸੀ। ਉਹਦੇ ਸਡੌਲ ਪੱਟਾਂ ਦੀ ਬਣਤਰ ਸੋਹਣੀ ਹੋਣ ਕਰਕੇ ਉਹ ਅਕਸਰ ਉਨ੍ਹਾਂ ਨੂੰ ਨੰਗੇ ਰੱਖਣ ਲਈ ਮਿੰਨੀ ਸਕੱਰਟ  ਹੀ ਪਹਿਨਿਆ ਕਰਦੀ ਸੀ। ਉਹਦਾ ਦਰਮਿਆਨਾ ਜਿਹਾ ਸ਼ਰੀਰ ਸੀ। ਨਾ ਬਹੁਤੀ ਪਤਲੀ ਤੇ ਨਾ ਭਾਰੀ। ਨਾ ਹੀ ਲੰਮੀ ਤੇ ਨਾ ਹੀ ਮੱਧਰੀ ਸੀ। ਉਹਦਾ ਸਿਰ ਤੋਂ ਪੈਰਾਂ ਤੱਕ ਸਮੁੱਚਾ ਢਾਂਚਾ ਹੀ  ਦੇਖਣ ਨੂੰ ਬਹੁਤ ਕਾਮੁਕ ਪ੍ਰਭਾਵ ਦਿੰਦਾ ਹੁੰਦਾ ਸੀ। ਨਿਰਸੰਦੇਹ ਇਜ਼ਬਲ ਵੀ ਮੇਰੇ ਵਾਂਗ ਇੱਕ ਆਈਟਮ ਸੀ। ਮੇਰੇ ਖ਼ਿਆਲ ਅਨੁਸਾਰ ਸਾਡੇ ਸਕੂਲ ਦੀ ਸਭ ਤੋਂ ਸੁਨੱਖੀ ਕੁੜੀ ਸੀ। ਪਰ ਇਜ਼ਬਲ ਮੈਨੂੰ ਸਭ ਤੋਂ ਹੁਸੀਨ ਸਮਝਦੀ ਸੀ। ਇੱਕ ਦੋ ਵਾਰ ਤਾਂ ਉਹਨੇ ਮੈਨੂੰ ਆਪਣੇ ਮੂੰਹੋਂ ਵੀ ਕਿਹਾ ਸੀ, “ਹਾਏ ਨੀ ਸ਼ੈਜ਼ੀਆ ਰੱਬ ਨੇ ਤੈਨੂੰ ਰੱਜ ਕੇ ਰੂਪ ਦਿੱਤੈ। ਮੈਨੂੰ ਤੇਰੇ ਤੋਂ ਬੜੀ ਜਲਨ ਹੁੰਦੀ ਹੈ। ਜੇ ਤੂੰ ਨਾ ਹੁੰਦੀ ਤਾਂ ਮੈਂ ਇਸ ਸਕੂਲ ਦੀ ਸਭ ਤੋਂ ਸੋਹਣੀ ਕੁੜੀ ਹੋਣਾ ਸੀ।”

ਮੈਂ ਫੂਕ ’ਚ ਆਉਣ ਦੀ ਬਜਾਏ ਉਹਨੂੰ ਪੰਪ ਮਾਰ ਦਿੰਦੀ ਹੁੰਦੀ ਸੀ, “ਨਹੀਂ, ਅੜੀਏ ਐਵੇਂ ਤੈਨੂੰ ਭੁਲੇਖਾ ਹੀ ਐ। ਦੂਜੇ ਦੀ ਥਾਲੀ ’ਚ ਪਿਆ ਲੱਡੂ ਵੱਡਾ ਹੀ ਲੱਗਦਾ ਹੁੰਦੈ। ਤੂੰ ਕਿਹੜਾ ਘੱਟ ਐਂ? ਮੈਥੋਂ ਦੋ ਰੱਤੀਆਂ ਵੱਧ ਹੀ ਹੋਵੇਂਗੀ, ਘੱਟ ਨਹੀਂ। ਢਹਿ ਜਾਣੀਏ ਤੇਰਾ ਸ਼ਰੀਰ ਤਾਂ ਆਏਂ ਆ ਜਿਕੂੰ ਦੁੱਧ ’ਚ ਗੁਲਾਬ ਗੁਨ੍ਹਿਆ ਹੁੰਦੈ।”
“ਕਿੱਥੇ ? ਜੇ ਮੈਂ ਤੈਥੋਂ ਜ਼ਿਆਦਾ ਖ਼ੂਬਸੂਰਤ ਹੋਵਾਂ ਤਾਂ ਮੁੰਡੇ ਮੈਨੂੰ ਛੱਡ ਕੇ ਤੇਰੇ ਮਗਰ ਨਾ ਭੱਜਣ? ਤੂੰ ਤਾਂ ਮੈਨੂੰ ਰੋਲ ਕੇ ਰੱਖ ਦਿੰਦੀ ਐਂ।”

ਕਾਂਡ 7 : ਬਗਾਵਤ


ਮੇਰੀ ਭੈਣ ਨਾਜ਼ੀਆ, ਮੈਥੋਂ ਪੂਰੇ ਦੋ ਸਾਲ ਵੱਡੀ ਸੀ। ਹਾਈ ਸਕੂਲੋਂ ਨਿਕਲਣ ਬਾਅਦ ਉਸਨੂੰ ਅੱਗੇ ਪੜ੍ਹਣ ਨਹੀਂ ਸੀ ਲਾਇਆ ਗਿਆ। ਬਹੁਤੇ ਏਸ਼ੀਅਨ ਲੋਕ ਇਵੇਂ ਹੀ ਕਰਦੇ ਹਨ, ਵਿਸ਼ੇਸ਼ ਕਰਕੇ ਸਾਡਾ ਮੁਸਲਿਮ ਤਬਕਾ। ਕੁੜੀ ਨੂੰ ਸਕੂਲ ਵੀ ਸਿਰਫ਼ ਮਜਬੂਰੀ ਵਸ ਹੀ ਭੇਜਦੇ ਹਨ, ਕਿਉਂਕਿ ਇਸ ਮੁਲਖ ਦੇ ਕਾਨੂੰਨ ਮੁਤਾਬਕ ਸੋਲ੍ਹਾਂ ਸਾਲ ਤੱਕ ਸਕੂਲ ਜਾਣਾ ਲਾਜ਼ਮੀ ਹੈ।


           ਮੇਰੇ ਰੂੜ੍ਹੀਵਾਦੀ ਮਾਪਿਆਂ ਦੇ ਜੰਗ ਲੱਗੇ ਜ਼ਿਹਨ ਵਿੱਚ ਇਹ ਗੱਲ ਬੈਠੀ ਹੋਈ ਸੀ ਕਿ ਪੜ੍ਹ ਲਿਖ ਕੇ ਕੁੜੀਆਂ ਦੇ ਦਿਮਾਗ ਖਰਾਬ ਹੋ ਜਾਂਦੇ ਹਨ। ਉਨ੍ਹਾਂ ਦੀ ਤਬੀਅਤ ਬਾਗੀਆਨਾ ਹੋ ਜਾਂਦੀ ਹੈ। ਸੋਚ ਵਿੱਚ ਵਿਦਰੋਹ ਆ ਜਾਂਦਾ ਹੈ। ਉਹ ਬਾਹਰ ਮੁੰਡਿਆਂ ਨਾਲ ਦੋਸਤੀਆਂ ਕਰ ਲੈਂਦੀਆਂ ਹਨ। ਇਸ਼ਕ ਲੜਾ ਲੈਂਦੀਆਂ ਹਨ। ਆਪਣੀ ਮਰਜ਼ੀ ਨਾਲ ਦੂਜੇ ਮਜ਼੍ਹਬਾਂ ਅਤੇ ਨਸਲਾਂ ਦਿਆਂ ਆਦਮੀਆਂ ਨਾਲ ਅੱਵਲ ਤਾਂ ਵਿਆਹ ਹੀ ਕਰਵਾ ਲੈਂਦੀਆਂ ਹਨ। ਨਹੀਂ ਤਾਂ ਘੱਟੋ-ਘੱਟ ਸਰੀਰਕ ਸੰਬੰਧ ਤਾਂ ਜ਼ਰੂਰ ਹੀ ਕਾਇਮ ਕਰ ਲੈਂਦੀਆਂ ਹਨ।

           ਮੇਰੇ ਮਾਪੇ ਹਰਗਿਜ਼ ਨਹੀਂ ਸੀ ਚਾਹੁੰਦੇ ਕਿ ਹੋਰਾਂ ਆਜ਼ਾਦ ਖ਼ਿਆਲ ਅਤੇ ਆਵਾਰਾ ਕੁੜੀਆਂ ਵਾਂਗ ਸਾਡੇ ਸਾਰੀਆਂ ਭੈਣਾਂ ਵਿੱਚੋਂ ਕਿਸੇ ਇੱਕ ਉੱਤੇ ਵੀ ਪੰਛਮੀ ਸਭਿਅਤਾ ਦਾ ਪ੍ਰਭਾਵ ਪਵੇ। ਏਸ਼ੀਅਨ ਲੋਕਾਂ ਵਿੱਚ ਹੋ ਰਹੇ ਪੰਛਮੀ ਕਰਨ ਦੇ ਰੁਝਾਨ ਤੋਂ ਮੇਰੇ ਅੱਬਾ ਉਚੇਚੇ ਤੌਰ 'ਤੇ ਫਿਕਰਮੰਦ ਸਨ। ਇਸੇ ਲਈ ਹੀ ਸਾਨੂੰ ਆਧੁਨਿਕ ਅੰਗਰੇਜ਼ ਲੋਕਾਂ ਵਾਲੇ ਲਿਬਾਸ ਵੀ ਨਹੀਂ ਪਹਿਨਣ ਦਿੱਤੇ ਜਾਂਦੇ ਸਨ। ਪਹਿਲੇ-ਪਹਿਲ ਮੈਂ ਵਿਰੋਧ ਕੀਤਾ ਸੀ ਕਿ ਮੈਂ ਵੀ ਮੌਡਰਨ ਕੱਪੜੇ ਪਾਇਆ ਕਰਨੇ ਹਨ ਅੰਗਰੇਜ਼ਾਂ ਵਰਗੇ। ਮੇਰੇ ਵਾਲਿਦ ਸਾਹਿਬ ਚਾਰੇ ਖੁਰ ਚੁੱਕ ਕੇ ਮੈਨੂੰ ਪਏ ਸਨ, "ਨਹੀਂ ਤੈਨੂੰ ਆਹੀ (ਸੂਟ-ਸਲਵਾਰ) ਕੱਪੜੇ ਪਹਿਨਣੇ ਪੈਣਗੇ। ਆਪਣਾ ਇਹੀ ਪਹਿਰਾਵਾ ਹੈ। ਗੋਰੀਆਂ ਦੀਆਂ ਵੀ ਕੋਈ ਪੁਸ਼ਾਕਾਂ ਹਨ। ਸਾਰਾ ਜਿਸਮ ਉਨ੍ਹਾਂ ਵਿੱਚੋਂ ਦਿਸਦਾ ਹੁੰਦਾ ਹੈ।"
           "ਇਨ੍ਹਾਂ ਦੇਸੀ ਕੱਪੜਿਆਂ ਵਿੱਚ ਮੈਂ ਕੀ ਸੋਹਣੀ ਲੱਗੂ? ਏਦੂੰ ਤਾਂ ਮੇਰੇ ਉੱਤੇ ਸਾਰੰਗੀ ਦੇ ਬੁੱਗ ਵਾਂਗੂੰ ਗ਼ਿਲਾਫ਼ ਚਾੜ੍ਹ ਦੋ। ਲਕੋ
ਦਿਉ ਮੈਨੂੰ ਪੂਰੀ ਤਰ੍ਹਾਂ ਸਿਰ ਤੋਂ ਪੈਰਾਂ ਤੱਕ। ਕਿਸੇ ਅੰਗ ਨੂੰ ਹਵਾ ਨਾ ਲੱਗ ਜਾਵੇ!"
           "ਸੁੰਦਰਤਾ ਜਿਸਮ ਨੂੰ ਪ੍ਰਦਰਸ਼ਿਤ ਕਰਨ ਵਿੱਚ ਨਹੀਂ, ਸਗੋਂ ਕੱਜ ਕੇ ਰੱਖਣ ਵਿੱਚ ਹੁੰਦੀ ਹੈ।" ਅੰਮੀ ਹਿਰਖ ਕੇ ਭਬਕੀ ਸੀ।
           "ਪਰ ਮੈਨੂੰ ਅੰਗਰੇਜ਼ੀ ਕੱਪੜੇ ਸੋਹਣੇ ਲੱਗਦੇ ਆ। ਹੁਣ ਕਿਹੜਾ ਅਸੀਂ ਇਨ੍ਹਾਂ ਦੇ ਗੁਲਾਮ ਆਂ ਬਈ ਰੋਸ ਮੁਜ਼ਾਹਰਾ ਕਰਨ ਲਈ ਅੰਗਰੇਜ਼ੀ ਕੱਪੜੇ ਫੂਕ ਕੇ ਮਹਾਤਮਾ ਗਾਧੀ ਵਾਂਗੂੰ ਹੱਥੀਂ ਚਰਖੇ 'ਤੇ ਬੁਣ-ਬੁਣ ਕੇ ਖੱਦਰ ਪਹਿਨੀਏ?"
           ਅੰਮੀ ਨੱਕ ਬੁੱਲ੍ਹ ਮਾਰਦੀ ਮੈਨੂੰ ਮੁਖਾਤਬ ਹੋਈ ਸੀ, "ਇਨ੍ਹਾਂ ਮੂਏ ਫਰੰਗੀਆਂ ਦੇ ਵੀ ਕੋਈ ਵਸਤਰ ਆ? ਔਰਤਾਂ ਮਰਦ ਦੋਨੋਂ ਈ ਪੈਂਟਾਂ ਪਾਈ ਫਿਰਨਗੇ। ਕੋਈ ਫ਼ਰਕ ਨਹੀਂ ਕੱਪੜਿਆਂ 'ਚ। ਕਈ ਵਾਰ ਤਾਂ ਦੇਖਣ ਵਾਲੇ ਨੂੰ ਭੁਲੇਖਾ ਹੀ ਲੱਗ ਜਾਂਦੈ। ਹੂੰ!"
           "ਹੂੰ ਦੀ ਇਹਦੇ 'ਚ ਕੀ ਗੱਲ ਐ? ਇਹ ਤਾਂ ਸਗੋਂ ਇਹਨਾਂ ਦਾ ਪਲੱਸ ਪੁਆਇੰਟ ਆ। ਆਦਮੀਆਂ ਇਸਤਰੀਆਂ ਦਾ ਇੱਕੋ ਜਿਹਾ ਲਿਬਾਸ ਤਾਂ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਲੋਕ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਦਾ ਹੱਕ ਦਿੰਦੇ ਨੇ। ਕੋਈ ਵਿਤਕਰਾ ਨਹੀਂ ਕਰਦੇ। ਸਾਡੇ ਲੋਕਾਂ ਨੇ ਹੀ ਇਸਤਰੀਆਂ ਅਤੇ ਪੁਰਸ਼ਾਂ ਦੇ ਪਹਿਰਾਵਿਆਂ ਵਿੱਚ ਅੰਤਰ ਰੱਖਿਆ ਹੋਇਆ ਹੈ। ਹੂੰ! ਜਿਵੇਂ ਚੋਰਾਂ ਅਤੇ ਸਿਪਾਹੀਆਂ ਦੇ ਕੱਪੜਿਆਂ ਵਿੱਚ ਫ਼ਰਕ ਹੁੰਦਾ ਹੈ। ਇਸ ਲਈ ਡਾ: ਕਿਰਨ ਬੇਦੀ ਕਹਿੰਦੀ ਹੈ ਕਿ ਉਹਨੇ ਕਦੇ ਸਾੜੀ ਨਹੀਂ ਲਾਈ ਤੇ ਹਮੇਸ਼ਾ ਮਰਦਾਨੇ ਕੱਪੜੇ ਪਹਿਨੇ ਹਨ। ਸਾੜੀ ਨਾਲ ਉਹਦੇ ਅੰਦਰ ਹੀਣ ਭਾਵ ਅਤੇ ਦੱਬੇ ਰਹਿਣ ਦੀ ਫਿਤਰਤ ਪੈਦਾ ਹੋ ਜਾਂਦੀ ਹੈ। ਮਰਦਾਨੇ ਕੱਪੜੇ ਪਹਿਨ ਕੇ ਉਹ ਬਹਾਦਰ, ਦਲੇਰ ਅਤੇ ਮਰਦਾਵੀਂ ਔਰਤ ਬਣੀ ਮਹਿਸੂਸ ਕਰਦੀ ਹੈ।"
           ਮੈਨੂੰ ਪੂਰੀ ਉਮੀਦ ਸੀ ਕਿ ਅੰਮੀ ਮੇਰਾ ਐਨਾ ਲੰਮਾ ਚੌੜਾ ਭਾਸ਼ਨ ਸੁਣ ਕੇ ਠਰ ਜਾਵੇਗੀ। ਪਰ ਨਹੀਂ  ਅੰਮੀ ਨੇ ਤਾਂ ਮੇਰੇ ਗਿੱਟਿਆਂ ਵਿੱਚ ਉਹ ਗੱਲ ਕੱਢ ਮਾਰੀ ਸੀ, ਜਿਸਦੀ ਕਿ ਮੈਂ ਤਵੱਕੋਂ ਵੀ ਨਹੀਂ ਸੀ ਕੀਤੀ।
           "ਆਏਂ ਤਾਂ ਆਪਣੇ ਮਰਦ ਵੀ ਸਲਵਾਰਾ ਪਾਉਂਦੇ ਹਨ ਤੇ ਔਰਤਾਂ ਚਾਦਰੇ ਬੰਨ੍ਹ ਲੈਂਦੀਆਂ ਹਨ। ਵਸਤਰਾਂ ਦੇ ਬਦਲਣ ਨਾਲ ਬੰਦੇ ਦਾ ਵਿਅਕਤੀਤਵ ਨਹੀਂ ਬਦਲ ਜਾਂਦਾ। -ਪੁਰਾਣੇ ਵੇਲਿਆਂ ਵਿੱਚ ਰਾਜ-ਮਹਾਂਰਾਜੇ ਪਰਜਾ ਦਾ ਹਾਲ ਜਾਨਣ ਲਈ ਰਾਤ ਨੂੰ ਮੰਗਤਿਆਂ ਵਾਲੇ ਕੱਪੜੇ ਪਾ ਕੇ ਆਪਣੇ ਰਾਜ ਵਿੱਚ ਘੁੰਮਿਆ ਕਰਦੇ ਸਨ। ਇਸ ਨਾਲ ਉਹ ਭਿਖਾਰੀ ਬਣੇ ਨਹੀਂ ਸੀ ਅਨੁਭਵ ਕਰਦੇ।" 
           ਮੈਂ ਬੱਚੀ ਹੋਣ ਕਰਕੇ ਮਜਬੂਰ ਹੋ ਗਈ ਸੀ। ਉਂਝ ਵੀ ਬਾਕੀ ਦੀਆਂ ਸਾਰੀਆਂ ਪਾਕਿਸਤਾਨੀ ਕੁੜੀਆਂ ਵੀ ਸਦਾ ਸਲਵਾਰ ਕਮੀਜ਼ ਜਾਂ ਲਹਿੰਗੇ ਆਦਿ ਪੂਰਬੀ ਵਸਤਰਾਂ ਵਿੱਚ ਮਲਬੂਸ ਰਿਹਾ ਕਰਦੀਆਂ ਸਨ। ਵੈਸੇ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸੂਟ ਵਾਕਈ ਮੇਰੇ ਪਾਇਆ ਹੋਇਆ ਬਹੁਤ ਫਬਦਾ ਸੀ। ਫਿਰ ਬਾਅਦ ਵਿੱਚ ਕੱਪੜਿਆਂ ਬਾਰੇ ਮੇਰਾ ਨਜ਼ਰੀਆ ਬਦਲ ਗਿਆ ਸੀ।
           ਯਕਵਾਰੀ ਸ਼ਨੀਚਰਵਾਰ ਦਾ ਦਿਨ ਸੀ। ਸਾਡੇ ਗੁਆਂਡੀ ਭੱਟ ਸਾਹਿਬ ਦੀ ਲੜਕੀ ਸ਼ਗੂਫਤਾ ਅਤੇ ਨਾਲ ਦੇ ਮੁਹੱਲੇ ਵਿੱਚ ਰਹਿੰਦੇ ਮਿਰਜ਼ਾ ਜੀ ਦੀ ਪੋਤੀ ਤਾਹਿਰਾ ਸਾਡੇ ਘਰੇ ਆ ਗਈਆਂ।  ਉਹ ਬਰਮਿੰਘਮ ਦੀ ਸੈਂਟਰਲ ਲਾਇਬਰੇਰੀ ਨੂੰ ਜਾ ਰਹੀਆਂ ਸਨ। ਮੈਨੂੰ ਵੀ ਕੁੱਝ ਖਾਸ ਕਿਤਾਬਾਂ ਦੀ ਜ਼ਰੂਰਤ ਸੀ। ਉਹ ਕਿਤਾਬਾਂ ਮੈਨੂੰ ਆਪਣੀ ਸਥਾਨਕ ਲਾਇਬਰੇਰੀ ਵਿੱਚੋਂ ਨਹੀਂ ਮਿਲੀਆਂ ਸਨ। ਮੈਨੂੰ ਪੂਰੀ ਉਮੀਦ ਸੀ ਕਿ ਸੈਂਟਰਲ ਲਾਇਬਰੇਰੀ ਵਿੱਚੋਂ ਤਾਂ ਜ਼ਰੂਰ ਮਿਲ ਜਾਣਗੀਆਂ। ਕਿਉਂਕਿ ਉਹ ਬਹੁਤ ਵੱਡੀ, ਪੰਜ ਮੰਜ਼ਿਲਾਂ ਦੀ ਰੈਫਰੈਂਸ ਲਾਇਬਰੇਰੀ ਸੀ ਅਤੇ ਉੱਥੇ ਹਜ਼ਾਰਾਂ ਹੀ ਕਿਤਾਬਾਂ ਸਨ। ਦੁਨੀਆਂ ਦੀ ਜਿਹੜੀ ਮਰਜ਼ੀ ਮਸ਼ਹੂਰ ਕਿਤਾਬ ਕਹੋ, ਉਹ ਤੁਹਾਨੂੰ ਕੱਢ ਕੇ ਫੜਾ ਦੇ ਦਿੰਦੇ ਸਨ।
           ਮੈਂ ਸ਼ਗੂਫਤਾ ਹੋਰਾਂ ਨੂੰ ਕਿਹਾ, "ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ।" ਮੇਰੇ ਸਧਾਰਨ ਜਿਹਾ ਚਿੱਟੇ ਰੰਗ ਦਾ ਸਿਲਕੀ ਸਲਵਾਰ ਕਮੀਜ਼ ਪਹਿਨਿਆ ਸੀ। ਮੈਂ ਉਵੇਂ ਹੀ ਉਹਨਾਂ ਨਾਲ ਤੁਰਨ ਲੱਗੀ ਤਾਂ ਤਾਹਿਰਾ ਜੀਹਦੇ ਕਿ ਜੀਨ ਅਤੇ ਕੋਟੀ ਪਾਈ ਹੋਈ ਸੀ, ਮੈਨੂੰ ਆਖਣ ਲੱਗੀ, "ਕੱਪੜੇ ਤਾਂ ਪਾ ਲੈ।"
           "ਪਾਏ ਤਾਂ ਹੋਏ ਆ, ਤੈਨੂੰ ਮੈਂ ਨੰਗੀ ਦਿਸਦੀ ਆਂ? ਮੋਟਾ ਦਿਮਾਗ!" ਮੈਂ ਤਾਹਿਰਾ ਦੇ ਸਿਰ ਵਿੱਚ ਧੱਫਾ ਮਾਰਿਆ ਸੀ।
           ਤਾਹਿਰਾ ਨੇ ਬੁੱਲ੍ਹ  ਟੁੱਕਦਿਆਂ ਹੋਇਆਂ ਰਮਜ਼ਮਈ ਸੁਰ ਵਿੱਚ ਕਿਹਾ ਸੀ, "ਨਹੀਂ। ਆਪਾਂ ਲਾਇਬਰੇਰੀ  ਨੂੰ ਚੱਲੀਆਂ ਹਾਂ। ਅਗਲਾ ਕੱਪੜੇ ਦੇਖਦੈ।"
           "ਕਿਉਂ ਮੈਨੂੰ ਇਨ੍ਹਾਂ ਕੱਪੜਿਆਂ 'ਚ ਦੇਖ ਕੇ ਲਾਇਬਰੇਰੀ ਵਾਲੇ ਅੰਦਰ ਵੜਨ ਤੋਂ ਰੋਕ ਲੈਣਗੇ? -ਇਹ ਤਾਂ ਸੁਣਿਆ ਸੀ ਬਈ ਕਈ ਕਲੱਬਾਂ ਅਤੇ ਹੋਟਲਾਂ ਵਾਲੇ ਕੋਟ-ਪੈਂਟ ਅਤੇ ਟਾਈ ਨਾ ਲੱਗੀ ਹੋਵੇ ਤਾਂ ਬੰਦੇ ਨੂੰ ਦਾਖਲ ਨਹੀਂ ਹੋਣ ਦਿੰਦੇ। ਲਾਇਬਰੇਰੀ ਵਿੱਚ ਵੀ ਇਹੋ ਜਿਹਾ ਕੋਈ ਕਾਨੂੰਨ ਹੁੰਦੈ?"          
           "ਨਾ ਕਾਹਨੂੰ? ਯਾਰ ਤੂੰ ਸਮਝਦੀ ਨ੍ਹੀਂ। ਆਪਾਂ ਲਾਇਬਰੇਰੀ ਦੇ ਪੱਜ ਨਾਲ ਚੱਲੀਆਂ ਤਾਂ ਹਾਂ, ਥੋੜ੍ਹਾ-ਬਹੁਤਾ ਉੱਥੇ ਟਾਊਨ 'ਚ ਹਵਾ ਵੀ ਫੱਕਾਂਗੀਆਂ।" ਸ਼ਗੂਫਤਾ ਨੇ ਮੈਨੂੰ ਇਸ਼ਾਰੇ ਨਾਲ ਕੋਈ ਭੇਦ ਸਮਝਾਉਣਾ ਚਾਹਿਆ ਸੀ।
           "ਅੱਛਾ, ਤਾਂ ਇਹ ਕੱਪੜੇ ਮੇਰੇ ਕੋਲ ਆਉਣ ਵਾਲੀ ਹਵਾ ਨੂੰ ਡੱਕ ਲੈਣਗੇ?"
           ਤਾਹਿਰਾ ਖਿੱਝ ਗਈ ਸੀ, " ਨਹੀਂ…ਅ ਮੇਰਾ ਮਤਲਬ…।"
           ਮੈਂ ਤਾਹਿਰਾ ਦੀ ਗੱਲ ਵਿੱਚੋਂ ਹੀ ਬੋਚ ਲਈ ਸੀ, "ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਤੁਹਾਡਾ ਮਤਲਬ। ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਤੁਸੀਂ ਮੈਨੂੰ ਅੰਗਰੇਜ਼ੀ ਪਹਿਰਾਵਾ ਪਹਿਨਣ ਨੂੰ ਆਖ ਰਹੀਆਂ ਹੋ। ਉਹੋ ਜਿਹੇ ਵਸਤਰ ਨਾ ਤਾਂ ਮੇਰੇ ਕੋਲ ਹਨ ਅਤੇ ਨਾ ਹੀ ਮੈਂ ਪਹਿਨਾਗੀ। ਹੁਣ ਤੁਸੀਂ ਮੇਰੇ ਸਾਰੇ ਮਤਲਬ ਸਮਝ ਲਉ। ਮੈਂ ਇਹਨਾਂ ਕੱਪੜਿਆਂ 'ਚ ਹੀ ਜਾਊਂਗੀ। ਕੀ ਹੋਇਐ ਮੇਰੇ ਕੱਪੜਿਆਂ ਨੂੰ?"
           ਤਾਹਿਰਾ ਨੇ ਟਾਂਚ ਕੀਤੀ ਸੀ, "ਇਸ ਸੂਟ ਸਲਵਾਰ ਨਾਲੋਂ ਤਾਂ ਤੂੰ ਕੋਈ ਹੋਰ ਫੈਂਨਸੀ ਡਰੈੱਸ ਈ ਪਾ ਲੈ।"
           ਮੈਂ ਉਹਦੇ ਵਰਗਾ ਮੂੰਹ ਬਣਾਉਂਦੀ ਹੋਈ ਬੋਲੀ ਸੀ, "ਫੈਂਨਸੀ ਡੜੈੱਸ ਪਾ ਲੈ। -ਹੂੰ! ਫੈਂਨਸੀ ਡਰੈੱਸ ਤਾਂ ਮੈਂ ਉਦੋਂ ਨਹੀਂ ਸੀ ਪਾਈ ਜਦੋਂ ਸਕੂਲ ਵਾਲਿਆਂ ਨੇ ਚੈਰਟੀ (ਖੈਰਾਤੀ) ਲਈ ਮਾਇਆ ਇਕੱਠੀ ਕਰਨ ਲਈ ਫੈਂਨਸੀ ਡਰੈੱਸਾਂ ਦੇ ਮੁਕਾਬਲੇ ਕਰਵਾਏ ਸਨ ਤੇ ਆਪਾਂ ਸਾਰਿਆਂ ਨੂੰ ਕਿਹਾ ਸੀ ਕਿ ਸਭ ਕੋਈ ਨਾ ਕੋਈ ਅਨੋਖੀ, ਕੋਈ ਵਚਿੱਤਰ ਜਿਹੀ ਪੁਸ਼ਾਕ ਪਾ ਕੇ ਸਕੂਲ ਆਉਣੈ। ਕੋਈ ਐਸਾ ਪਰਿਹਾਵਾ ਜੋ ਅਜੀਬ ਹੋਣ ਕਾਰਨ ਸਭ ਦਾ ਧਿਆਨ ਖਿੱਚੇ। ਜੀਹਦੇ ਵਸਤਰ ਸਭ ਤੋਂ ਵੱਧ ਨਜ਼ਰਾਂ ਅਕਰਸ਼ਿਤ ਕਰਨਗੇ ਉਹਨੂੰ ਇਨਾਮ ਦਿੱਤਾ ਜਾਵੇਗਾ। ਜਿਹੜਾ ਫੈਂਨਸੀ ਡਰੈੱਸ ਨਾ ਪਾ ਕੇ ਆਉ, ਉਹਨੂੰ ਜੁਰਮਾਨਾ ਭਰਨਾ ਪਊ। ਮੈਂ ਜੁਰਮਾਨਾ ਤਾਂ ਭਰ ਦਿੱਤਾ ਸੀ, ਪਰ ਫੈਂਨਸੀ ਡਰੈੱਸ ਨਹੀਂ ਸੀ ਪਾਈ। ਹੁਣ ਤਾਂ ਪਾਉਣੀ ਹੀ ਕੀ ਐ?"
           "ਛੱਡ ਪਰ੍ਹੇ ਇਹਦੇ ਨਾਲ ਮਗ਼ਜ਼ ਮਾਰਨ ਨੂੰ ਰਹਿਣ ਦੇ। ਸਾਡੇ ਵਨੀਉਂ  ਬੁਰਕਾ ਪਾ ਕੇ ਜਾਵੇ।" ਸ਼ਗੂਫਤਾ ਨੇ ਤਾਹਿਰਾ ਨੂੰ ਹੱਥ ਮਾਰਿਆ ਸੀ।
           ਮੈਂ ਦਾਨਸ਼ਵਰਾਂ ਵਾਂਗ ਬੋਲੀ ਸੀ, "ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਂਦੀ ਹਾਂ, ਇੱਕ ਵਾਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਕੁੱਝ ਲੋਕਾਂ ਨੂੰ ਆਪਣੇ ਅਮੀਰਖਾਨੇ ਵਿਖੇ ਨਿਉਂਦਾ ਦਿੱਤਾ। ਉਸ ਜ਼ਿਆਫਤ ਵਿੱਚ  ਬਾਦਸ਼ਾਹ ਨੇ ਆਪਣੇ ਰਈਸ ਯਾਰਾਂ ਦੇ ਮਨੋਰੰਜਨ ਲਈ ਇੱਕ ਮੁਸ਼ਾਇਰਾ ਵੀ ਆਯੋਜਿਤ ਕੀਤਾ ਜਿਸ ਵਿੱਚ ਉਸਨੇ ਆਪਣੇ ਚਹੇਤੇ ਸ਼ਾਇਰ ਮਿਰਜ਼ਾ ਗਾਲਿਬ ਨੂੰ ਵੀ ਬੁਲਾ ਲਿਆ। ਗਾਲਿਬ ਜਦੋਂ ਦਿੱਤੇ ਸਮੇਂ 'ਤੇ ਰਾਜ ਮਹਿਲ ਪਹੁੰਚਿਆ ਤਾਂ ਅੱਗੋਂ ਪਹਿਰੇਦਾਰ ਨੇ ਉਸਨੂੰ ਉਸਦੇ ਸਾਦਾ ਅਤੇ ਸੱਸਤੇ ਜਿਹੇ ਲੀੜੇ ਦੇਖ ਕੇ ਰੋਕ ਲਿਆ। ਗਾਲਿਬ ਨੇ ਪਹਿਰੇਦਰ ਨੂੰ ਦੱਸਿਆ ਕਿ ਉਹ ਬਾਦਸ਼ਾਹ ਦਾ ਦੋਸਤ ਹੈ ਤੇ ਉਸਨੂੰ ਖਾਣੇ 'ਤੇ ਬੁਲਾਇਆ ਗਿਆ ਹੈ। ਪਰ ਪਹਿਰੇਦਾਰ ਨੇ ਉਹਦੇ ਫਟੇ ਪੁਰਾਣੇ ਕੱਪੜੇ ਦੇਖ ਕੇ ਯਕੀਨ ਨਾ ਕੀਤਾ। ਉਸਨੇ ਸੋਚਿਆ ਕਿ ਬਾਦਸ਼ਾਹ ਦਾ ਦੋਸਤ ਹੋਵੇ ਤੇ ਕੱਪੜੇ ਮੰਗਤਿਆਂ ਵਰਗੇ ਪਹਿਨੇ? ਐਸਾ ਹੋ ਹੀ ਨਹੀਂ ਸਕਦਾ। ਗਾਲਿਬ ਨੇ ਮਿੰਨਤ-ਤਰਲਾ ਤੇ ਕਾਫ਼ੀ ਜ਼ਿੱਦ-ਜਦੀਆ ਕੀਤਾ ਤਾਂ ਪਹਿਰੇਦਾਰ ਨੇ ਕਿਹਾ, 'ਬਈ ਪਹਿਲਾਂ ਚੱਜ ਦੇ ਕੱਪੜੇ ਪਾ ਕੇ ਆ। ਫਿਰ ਤੈਨੂੰ ਮਹਿਲ ਅੰਦਰ ਜਾਣ ਦੇਵਾਂਗਾ। ਤੈਨੂੰ ਸ਼ਰਮ ਨਹੀਂ ਆਉਂਦੀ ਇਨ੍ਹਾਂ ਵਸਤਰਾਂ ਵਿੱਚ ਰਾਜ ਮਹਿਲ ਆਉਂਦੇ ਨੂੰ?'
           ਗਾਲਿਬ ਨੇ ਪਹਿਰੇਦਾਰ ਨੂੰ ਦੱਸਿਆ ਕਿ ਉਹ ਗਰੀਬ ਹੈ ਤੇ ਉਸ ਤੋਂ ਵਧੀਆ ਕੱਪੜੇ ਪਹਿਨਣ ਦੀ ਉਹਦੀ ਹੈਸੀਅਤ ਨਹੀਂ ਹੈ। ਪਹਿਰੇਦਾਰ ਨੇ ਉਸਦੀ ਇੱਕ ਨਾ ਸੁਣੀ। ਗਾਲਿਬ ਮਾਯੂਸ ਹੋ ਕੇ ਵਾਪਸ ਆ ਗਿਆ। ਨਾਲੇ ਉਸਨੇ ਅੰਦਰ ਹੀ ਅੰਦਰ ਇਸ ਘਟਨਾ ਦਾ ਬੁਰਾ ਵੀ ਮਨਾਇਆ। ਫਿਰ ਘਰੇ ਆ ਕੇ ਉਸਦੇ ਦਿਮਾਗ ਵਿੱਚ ਆਇਆ ਕਿ ਉਸਨੂੰ ਬਾਦਸ਼ਾਹ ਦੇ ਨਿਮਤਰਣ ਉੱਤੇ ਜ਼ਰੂਰ ਹਰ ਹੀਲੇ ਜਾਣਾ ਚਾਹੀਦਾ ਹੈ, ਨਹੀਂ ਤਾਂ ਬਾਦਸ਼ਾਹ ਨਰਾਜ਼ ਹੋ ਜਾਵੇਗਾ। ਸਮੱਸਿਆ ਆਹਲਾ ਤੇ ਕੀਮਤੀ ਵਸਤਰਾਂ ਦੀ ਸੀ। ਗਾਲਿਬ ਗਰੀਬ ਸੀ। ਉਸਨੇ ਕਿਸੇ ਤੋਂ ਉਧਾਰੇ ਮੰਗ-ਤੰਗ ਕੇ ਵਧੀਆ ਕੱਪੜੇ ਪਹਿਨੇ ਤੇ ਵਾਪਸ ਰਾਜ ਮਹਿਲ ਚਲਾ ਗਿਆ। ਇਸ ਵਾਰ ਪਹਿਰੇਦਾਰ ਨੇ ਉਸਦੇ ਸੋਹਣੇ ਕੱਪੜੇ ਦੇਖੇ ਤੇ ਬਿਨਾਂ ਰੋਕਿਆਂ ਅੰਦਰ ਜਾਣ ਦੇ ਦਿੱਤਾ। ਅੰਦਰ ਜਾ ਕੇ ਗਾਲਿਬ ਨੇ ਬੜਾ ਤਾਮਸ਼ਾ ਕੀਤਾ। ਉਹ ਖਾਣ ਵਾਲੀਆਂ ਵਸਤਾਂ ਚੁੱਕ ਕੇ ਆਪਣੇ ਕੱਪੜਿਆਂ 'ਤੇ ਮਲਨ ਲੱਗ ਪਿਆ, ਨਾਲੇ ਕਹੀ ਜਾਵੇ, ਲੈ ਕੁੜਤਿਆ ਖਾਹ ਭੋਜਨ। ਲੈ ਪਗੜੀਏ ਰੱਜ ਕੇ ਖਾਹ।
           ਸਭ ਗਾਲਿਬ ਦੀ ਇਹ ਹਰਕਤ ਦੇਖ ਕੇ ਹੈਰਾਨ ਹੋਏ।  ਬਾਦਸ਼ਾਹ ਨੇ ਗਾਲਿਬ  ਤੋਂ ਉਸਦੇ ਇਸ ਪਾਗਲਪਨ ਦਾ ਕਾਰਨ ਪੁੱਛਿਆ ਤੇ ਕਿਹਾ ਕਿ ਮੈਂ ਤੈਨੂੰ ਖਾਣੇ 'ਤੇ ਬੁਲਾਇਆ ਹੈ। ਤੇਰੀ ਇੱਜ਼ਤਅਫ਼ਜਾਈ ਕੀਤੀ ਹੈ ਤੇ ਤੂੰ ਮੇਰੀ ਬੇਇੱਜ਼ਤੀ ਕਰਵਾਉਣ ਲੱਗਿਆ ਹੋਇਐਂ?
           ਗਾਲਿਬ ਨੇ ਕਿਹਾ ਕਿ ਜਦੋਂ ਤੁਹਾਡੇ ਸੱਦੇ 'ਤੇ ਗਾਲਿਬ ਆਇਆ ਸੀ ਤਾਂ ਉਦੋਂ ਉਹਨੂੰ ਪਹਿਰੇਦਾਰ ਨੇ ਬਾਹਰੋਂ ਹੀ ਮੋੜ ਦਿੱਤਾ ਸੀ। ਹੁਣ ਤਾਂ ਮਹਿਜ਼ ਕੱਪੜੇ ਆਏ ਹਨ। ਇਸ ਲਈ ਕੱਪੜਿਆਂ ਨੂੰ ਖਵਾ ਰਿਹਾ ਹਾਂ। ਬਾਦਸ਼ਾਹ ਸਾਰਾ ਮਾਜਰਾ ਜਾਣ ਕੇ ਸ਼ਰਮਿੰਦਾ ਹੋਇਆ ਤੇ ਉਸਨੇ ਪਹਿਰੇਦਾਰਾਂ ਨੂੰ  ਝਿੜਕਿਆ ਕਿ ਅੱਗੇ ਤੋਂ ਬੰਦਾ ਦੇਖਿਆ ਕਰਨ ਨਾ ਕਿ ਕੱਪੜੇ। -ਤੁਸੀਂ ਮੈਨੂੰ ਕਹਿੰਦੀਆਂ ਹੋ। ਸ਼ਗੂਫਤਾ ਤੂੰ ਤਾਂ ਪੰਜਾਬੀ ਸੂਟ ਪਾ ਕੇ ਹੀ ਚੱਲੀ ਐਂ?"
           "ਮੈਂ ਕੀ ਪਾ ਕੇ ਚੱਲੀ ਆਂ? ਇਹ ਤਾਂ ਤੂੰ ਟਾਊਨ ਚੱਲ ਕੇ ਹੀ ਦੇਖੀਂ।" ਸ਼ਗੂਫਤਾ ਅਤੇ ਤਾਹਿਰਾ ਇੱਕ ਦੂਜੀ ਨਾਲ ਨਜ਼ਰਾਂ ਮਿਲਾ ਕੇ ਪੂਰੇ ਜ਼ੋਰ ਨਾਲ ਠਹਾਕੇਦਾਰ ਹਾਸਾ ਹੱਸੀਆਂ ਸਨ। ਮੈਨੂੰ ਉਦੋਂ ਉਸ ਪਲ ਉਨ੍ਹਾਂ ਦੇ ਇੰਝ ਹੱਸਣ ਦਾ ਅਰਥ ਸਮਝ ਨਹੀਂ ਸੀ ਆਇਆ।
           ਮੈਂ ਕੁਰਸੀ ਦੀ ਢੋਹ ਤੋਂ ਚੁੰਨੀ ਚੁੱਕ ਕੇ ਉਹਨਾਂ ਨਾਲ ਤੁਰ ਪਈ ਸੀ। ਸ਼ਗੂਫਤਾ ਅਤੇ ਤਾਹਿਰਾ ਦੇ ਹੋਣ ਕਰਕੇ ਅੱਬੂ ਨੇ ਮੈਨੂੰ ਟਾਊਨ ਜਾਣ ਦੇ ਦਿੱਤਾ ਸੀ। ਅਸੀਂ ਡਬਲ-ਡੈੱਕਰ ਬੱਸ ਦੀ ਉਪਰਲੀ ਛੱਤ 'ਤੇ ਸਭ ਤੋਂ ਪਿੱਛਲੀ ਸੀਟ ਉੱਤੇ ਬੈਠੀਆਂ ਸੀਗੀਆਂ। ਬੱਸ ਜਦੋਂ ਸਿਟੀ ਸੈਂਟਰ ਕੋਲ ਨੂੰ ਆਈ ਸੀ ਤਾਂ ਸ਼ਗੂਫਤਾ ਨੇ ਹੌਲੀ ਕੁ ਦੇਣੀ ਬੈਠੀ-ਬੈਠੀ ਨੇ ਆਪਣੀ ਸਲਵਾਰ ਅਤੇ ਸੂਟ ਉਤਾਰ ਦਿੱਤੇ ਸਨ। ਹੇਠਾਂ ਦੀ ਉਹ ਘਰੋਂ ਖੁੱਲ੍ਹੇ ਗਲਵੇਂ ਵਾਲੀ ਤੰਗ ਜਿਹੀ ਚੋਲੀ ਅਤੇ ਥਾਈ ਹਾਈ  ਯਾਨੀ ਪੱਟਾਂ ਤੱਕ ਉੱਚੀ ਸਕੱਰਟ ਪਹਿਨ ਕੇ ਆਈ ਹੋਈ ਸੀ। ਸ਼ਗੂਫਤਾ ਦੇ ਉਹ ਲਿਬਾਸ ਪਾਇਆ ਹੋਇਆ ਦੇਖ ਕੇ ਮੈਂ ਦੰਗ ਰਹਿ ਗਈ ਸੀ, "ਆਹ ਕੀ?" ਮੈਂ ਸ਼ਗੂਫਤਾ ਨੂੰ ਪ੍ਰਸ਼ਨ ਕੀਤਾ ਸੀ।
           "ਉਹੀ, ਜੋ ਤੂੰ ਦੇਖ ਰਹੀ ਹੈਂ।"
           "ਜੇ ਆਹੀ ਕੱਪੜੇ ਪਾਉਣੇ ਸਨ ਤਾਂ ਘਰੋਂ ਪਾ ਕੇ ਆਉਂਦੀ।" ਮੈਂ ਸ਼ਗੂਫਤਾ ਹੋਰਾਂ ਦੀਆਂ ਅਜਿਹੀਆਂ ਚਲਾਕੀਆਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ।
           "ਘਰਦੇ ਪਾਉਣ ਦਿੰਦੇ ਆ? ਘਰੇ ਤਾਂ ਹਰ ਵੇਲੇ ਸੂਟ ਪਾਉਣਾ ਪੈਂਦਾ ਹੈ। ਘਰਦਿਆਂ ਤੋਂ ਚੋਰੀ ਮਸਾਂ-ਮਸਾਂ ਚਾਅ ਪੂਰਾ ਕਰ ਹੁੰਦੈ ਸੈਕਸੀ ਕੱਪੜੇ ਪਾਉਣ ਦਾ।" ਸ਼ਗੂਫਤਾ ਨੇ ਬੁੱਲ੍ਹ ਜਿਹੇ ਅਟੇਰੇ ਸਨ।
           "ਪਰ ਇਹ ਕੱਪੜੇ ਪਾਉਣ ਦੀ ਕੀ ਲੋੜ ਸੀ?"
           ਸ਼ਗੂਫਤਾ ਮੁਸਕੜੀਏਂ ਹੱਸੀ ਸੀ, "ਦੋ ਮਹੀਨੇ ਹੋ ਗਏ। ਮੇਰਾ ਆਪਣੇ ਆੜੀ ਨਾਲੋਂ ਯਰਾਨਾ ਟੁੱਟੇ ਨੂੰ ਅੱਜ ਨ੍ਹੀਂ ਮੈਂ ਟੱਲਦੀ। ਪੰਜ ਸੱਤ ਨਵੇਂ ਮੁੰਡੇ ਪੱਟ ਕੇ ਹੱਟੂੰ । ਅੱਜ ਤਾਂ ਮੈਂ ਸਾਰੀ ਲਗੌੜ ਮਗਰ ਲਾ ਲੈਣੀ ਵਾ।"
           "ਦੇਖੀਂ ਭਾਈ ਪੱਟ-ਪੱਟ ਗਮਲਿਆਂ 'ਚ ਲਾਈ ਜਾਈਂ ਹੋਰ ਵਿਚਾਰੇ ਪੱਟ ਕੇ ਰੱਖੇ ਹੋਏ ਸੁੱਕ ਹੀ ਨਾ ਜਾਣ।" ਮੈਂ ਮਸ਼ਕਰੀ ਕੀਤੀ ਸੀ।
           "ਨੀ ਸੁੱਕ ਜਾਣ ਮੇਰੀ ਬਲਾਅ ਨਾਲ। ਇੱਥੇ ਦੋ ਮਹੀਨਿਆਂ ਤੋਂ ਮੈਂ ਸੁੱਕੀ ਪਈ ਆਂ।" ਸ਼ਗੂਫਤਾ ਨੇ ਚੋਲੀ ਦੇ ਗਲਮੇ ਦੇ ਉਪਰਲੇ ਦੋ ਤਿੰਨ ਬਟਨ ਜਾਣ ਕੇ ਖੋਲ੍ਹ ਲਿੱਤੇ ਸਨ, ਤਾਂ ਜੋ ਉਹਦੀ ਛਾਤੀ ਦਾ ਵਧੇਰੇ ਤੋਂ ਵਧੇਰੇ ਹਿੱਸਾ ਨੰਗਾ ਹੋ ਕੇ ਮੁੰਡਿਆਂ ਦੇ ਅਸਾਨੀ ਨਾਲ ਦ੍ਰਿਸ਼ਟੀਗੋਚਰ ਹੋ ਜਾਵੇ।
           "ਤੈਨੂੰ ਸ਼ਰਮ ਨ੍ਹੀਂ ਆਉਂਦੀ ਇਹੋ ਜਿਹੇ ਕੱਪੜੇ ਪਹਿਨਦੀ ਨੂੰ?"
           "ਸ਼ਾਜ਼ੀਆ, ਸ਼ਰਮ ਮੈਨੂੰ ਇਹਨਾਂ ਵਲੈਤੀ ਕੱਪੜਿਆਂ ਨੂੰ ਪਹਿਨਣ ਵਿੱਚ ਨਹੀਂ ਆਉਂਦੀ, ਸਗੋਂ ਇਹ ਦੇਸੀ ਕੱਪੜੇ ਪਹਿਨਣ ਵਿੱਚ ਆਉਂਦੀ ਹੈ। ਆਪਣੇ ਜਾਹਲ ਅਤੇ ਉਜੱਡ ਮਾਪੇ ਅਜੇ ਵੀ ਵਿਕਟੋਰੀਅਨ ਸਮੇਂ ਵਿੱਚ ਹੀ ਵਿਚਰ ਰਹੇ ਹਨ।" ਸਲਵਾਰ ਕਮੀਜ਼ ਨੂੰ ਬੈੱਗ ਵਿੱਚ ਪਾਉਂਦੀ ਹੋਈ ਸ਼ਗੂਫਤਾ ਬੁੜਬੜਾਈ ਸੀ।
           ਇਉਂ ਮਸ਼ਕੂਲੇ ਕਰਦੀਆਂ ਅਸੀਂ ਬੱਸੋਂ ਉਤਰ ਕੇ ਲਾਇਬਰੇਰੀ ਵੱਲ ਚੱਲ ਪਈਆਂ ਸੀ। ਸ਼ਗੂਫਤਾ ਸ਼ਿਕਾਰ ਦੀ ਦੇਵੀ ਡਾਇਆਨਾ ਬਣ ਕੇ ਸ਼ਿਕਾਰ ਖੇਡਣ ਦੀ ਮਾਰੀ ਟਾਊਨ ਵਿੱਚ ਰਹਿ ਗਈ ਸੀ। ਉਸਨੇ ਆਖ ਦਿੱਤਾ ਸੀ ਕਿ ਦੋ ਢਾਈ ਘੰਟੇ ਤੱਕ ਉਹ ਸਾਨੂੰ ਲਾਇਬਰੇਰੀ ਵਿੱਚ ਆ ਮਿਲੇਗੀ। ਲਾਇਬਰੇਰੀ ਪਹੁੰਚ ਕੇ ਤਾਹਿਰਾ ਵੀ ਮੈਥੋਂ ਆਪਣਾ ਲੜ ਛੁਡਾ ਗਈ ਸੀ। ਉਸਦੀ ਵੀ ਕਿਸੇ ਆਪਣੇ ਮਿੱਤਰ ਮੁੰਡੇ ਨਾਲ ਪਹਿਲਾਂ ਦੀ ਸਾਈ-ਵਧਾਈ ਲਾਈ ਹੋਈ ਸੀ। ਉਹ ਉਸ ਮੁੰਡੇ ਨਾਲ ਚਲੀ ਗਈ ਸੀ। ਮੈਂ ਆਪਣੀਆਂ ਕਿਤਾਬਾਂ ਕੱਢਵਾ ਕੇ ਉਨ੍ਹਾਂ ਵਿਚਲੀ ਲੋੜੀਂਦੀ ਸਮਗਰੀ ਉਤਾਰਨ ਲੱਗ ਪਈ ਸੀ, ਕਿਉਂਕਿ ਉੱਥੋਂ ਕਿਤਾਬਾਂ ਕੱਢਵਾ ਕੇ ਬਾਹਰ ਨਹੀਂ ਲਿਆਦੀਆਂ ਜਾ ਸਕਦੀਆਂ ਸਨ। ਸਿਰਫ਼ ਉੱਥੇ ਬੈਠ ਕੇ ਹੀ ਪੜ੍ਹੀਆਂ ਜਾ ਸਕਦੀਆਂ ਸਨ ਜਾਂ ਤੁਸੀਂ ਫੋਟੋ ਕਾਪੀ ਕਰ ਸਕਦੇ ਸੀ। ਫੋਟੋ ਕਾਪੀਅਰ ਮਸ਼ੀਨਾਂ ਉੱਥੇ ਥਾਂ-ਥਾਂ ਲੱਗੀਆਂ ਹੋਈਆਂ ਸਨ। ਤਾਹਿਰਾ ਨੂੰ ਮੈਂ ਲਾਇਬਰੇਰੀ ਆਉਂਣ ਦੇ ਪਹਿਲੇ ਪੰਜਾਂ-ਦੱਸਾਂ ਮਿੰਟਾਂ ਵਿੱਚ ਹੀ ਉਸੇ ਬੇਲੀ ਦੀਆਂ ਚੁੰਮੀਆਂ ਲੈਂਦਿਆਂ ਦੇਖਿਆ ਸੀ। ਉਸ ਤੋਂ ਬਾਅਦ ਤਾਹਿਰਾ ਕਿਹੜੇ ਪੱਤਣਾਂ ਵਿੱਚ ਉਤਰ ਕੇ ਗੁਆਚ ਗਈ ਸੀ? ਮੈਨੂੰ ਇਸ ਦਾ ਕੁੱਝ ਨਹੀਂ ਪਤਾ ਸੀ। ਮੈਂ ਇਕੱਲੀ ਬੈਠੀ ਆਪਣਾ ਪੜ੍ਹਦੀ ਰਹੀ ਸੀ।
           ਜਦ ਨੂੰ ਸ਼ਗੂਫਤਾ ਮੇਰੇ ਕੋਲ ਆਈ ਮੈਂ ਆਪਣਾ ਕੰਮ ਮੁਕਾ ਚੁੱਕੀ ਸੀ। ਉਸਨੂੰ ਆਪਣੀ ਮੁਹਿੰਮ ਵਿੱਚ ਕਾਮਯਾਬੀ ਨਹੀਂ ਸੀ ਮਿਲੀ। ਨਹੀਂ ਤਾਂ ਹੋ ਸਕਦਾ ਸੀ ਉਹ ਵੀ ਕਿੱਧਰੇ ਦੂਰ-ਨੇੜੇ ਖਿਸਕ ਗਈ ਹੁੰਦੀ। ਅਸੀਂ ਦੋਨੋਂ ਜਣੀਆਂ ਤੁਰ ਪਈਆਂ ਸੀ। ਬਹੁਤ ਦੇਰ ਹੋ ਗਈ ਸੀ ਘਰੋਂ ਆਈਆਂ ਨੂੰ। ਅਸੀਂ ਲਾਇਬਰੇਰੀ ਵਿੱਚੋਂ ਨਿਕਲ ਕੇ ਨਿਊ ਸਟਰੀਟ ਵੱਲ ਨੂੰ ਜਾ ਰਹੀਆਂ ਸੀ, ਜਿੱਥੋਂ ਕਿ ਅਸੀਂ ਆਪਣੇ ਘਰ ਜਾਣ ਲਈ ਬੱਸ ਫੜਨੀ ਸੀ। ਰਸਤੇ ਵਿੱਚ ਕਮਬਰਲੈਂਡ ਸਕੁਏਅਰ ਵਿੱਚ ਫੁਹਾਰਿਆਂ ਕੋਲ ਖੜ੍ਹਾ ਇੱਕ ਗੋਰਾ ਸਾਨੂੰ ਇਉਂ ਤਾੜ ਰਿਹਾ ਸੀ, ਜਿਵੇਂ ਬਿੱਲੀ ਦੁੱਧ ਦੇ ਛੱਨੇ ਵੱਲ ਸ਼ੈ ਲਾਈ ਝਾਕਦੀ ਹੁੰਦੀ ਹੈ। ਸ਼ਗੂਫਤਾ ਨੇ ਮੈਨੂੰ ਉਹਦੇ ਬਾਰੇ ਦੱਸਿਆ ਸੀ, "ਨੀ ਔਹ ਗੋਰਾ ਲਾਈਨ ਮਾਰਦੈ।"
           "ਮੇਰੇ 'ਤੇ ਕਿ ਤੇਰੇ 'ਤੇ? ਮੈਂ ਵੀ ਮਜ਼ਾਕ ਦੇ ਮੂਡ ਵਿੱਚ ਸੀ।
           "ਤੇਰੇ 'ਤੇ ਈ ਮਾਰਦੈ, ਸਾਨੂੰ ਕਰਮਾਂ-ਜਲਿਆਂ ਨੂੰ ਕੌਣ ਪੁੱਛਦੈ? ਤੋਤੇ ਟੀਸੀ ਆਲੇ ਬੇਰ ਨੂੰ ਹੀ ਟੁੱਕਦੇ ਹੁੰਦੇ ਨੇ। ਜੇ ਕੋਈ ਕੱਚੇ ਨਾ ਤੋੜੇ ਤਾਂ ਹੇਠਾਂ ਵਾਲੇ ਬੇਰ ਤਾਂ ਪੱਕ ਕੇ ਆਪ ਹੀ ਡਿੱਗ ਪੈਂਦੇ ਹੁੰਦੇ ਹਨ।"
           ਉਹ ਅੰਗਰੇਜ਼ ਸਾਡੀ ਜਾਨਿਬ ਵੱਢ ਖਾਣੀਆਂ ਨਿਗਾਹਾਂ ਨਾਲ ਝਾਕੀ ਜਾ ਰਿਹਾ ਸੀ। ਮੈਂ ਸ਼ਗੂਫਤਾ ਨੂੰ ਬਾਂਹੋਂ ਫੜ ਕੇ ਧੂੰਹਦਿਆਂ ਕਿਹਾ ਸੀ, "ਆਜਾ ਪਰ੍ਹੇ ਦੀ ਚੱਲਦੀਆਂ?"
           "ਕੋਈ ਨ੍ਹੀਂ ਆਪਾਂ ਕਿਹੜਾ ਉਹਦੇ ਤੋਂ ਡਰਦੀਆਂ। ਕੁਸ਼ ਲੈ ਕੇ ਥੋੜ੍ਹੈ ਖਾਧੈ ਉਹਦੇ ਤੋਂ। ਦੂਰ ਦੀ ਕਿਉਂ ਜਾਇਏ? ਉਹਦੇ ਮੂਹਰ ਦੀ ਲੰਘਾਂਗੀਆਂ। ਉਹ ਮੂੰਹ 'ਚ ਤਾਂ ਨਹੀਂ ਪਾ ਲਊ।" ਸ਼ਗੂਫਤਾ ਮੈਨੂੰ ਜਾਣ ਕੇ ਉਸ ਅੰਗਰੇਜ਼ ਵਾਲੀ ਦਿਸ਼ਾ ਵੱਲ ਲੈ ਤੁਰੀ ਸੀ। ਸ਼ਗੂਫਤਾ ਨੇ ਆਪਣਾ ਪੇਟ ਅੰਦਰ ਨੂੰ ਖਿੱਚ ਕੇ ਛਾਤੀ ਫੁਲਾ ਕੇ ਮੂਹਰ ਨੂੰ ਕੱਢ ਲਈ ਸੀ। ਮੁੰਡੇ-ਖੁੰਡਿਆਂ ਨੂੰ ਦੇਖ ਕੇ ਉਹ ਅਕਸਰ ਇਸੇ ਤਰ੍ਹਾਂ ਹੀ ਕਰਿਆ ਕਰਦੀ ਸੀ! ਜਿਉਂ ਹੀ ਅਸੀਂ ਉਸ ਅੰਗਰੇਜ਼ ਦੇ ਕੋਲ ਦੀ ਲੰਘਣ ਲੱਗੀਆਂ ਸੀ ਤਾਂ ਉਸਨੇ ਆਪਣਾ ਸ਼ਨਾਖਤੀ ਕਾਰਡ ਦਿਖਾਉਂਦਿਆਂ ਮੈਨੂੰ ਬੁਲਾ ਲਿਆ, "ਮੇਰਾ ਨਾਮ ਰੌਬਟਸ ਹੈ ਤੇ ਮੈਂ ਮਾਡਲਿੰਗ ਏਜੰਨਸੀ ਤੋਂ ਹਾਂ।"
           "ਫਿਰ ਮੈਂ ਕੀ ਕਰਾਂ?" ਲਾਪਰਵਾਹੀ ਨਾਲ ਉਹਦੀ ਗੱਲ ਸੁਣਦੀ ਹੋਈ ਮੈਂ ਰੁੱਕਣ ਦੀ ਬਜਾਏ ਚਲਦੀ ਗਈ ਸੀ। ਮੇਰੀ ਉਡਦੀ-ਉਡਦੀ ਨਿਗਾਹ ਉਸਦੇ ਕਾਰਡ 'ਤੇ ਵੀ ਪੈ ਗਈ ਸੀ। ਜਿਸ ਕਪਨੀ ਦਾ ਉਸਨੇ ਕਾਰਡ ਦਿਖਾਇਆ ਸੀ ਉਹ ਇੰਗਲੈਂਡ ਦੀ ਸਭ ਤੋਂ ਵੱਡੀ ਅਤੇ ਪ੍ਰਸਿਧ ਕੰਪਨੀ ਸੀ।  ਐਡੀ ਵੱਡੀ ਕੰਪਨੀ ਦੇ ਨੁਮਾਇੰਦੇ ਨੂੰ ਦੇਖ ਕੇ ਸ਼ਗੂਫਤਾ ਦੇ ਪੈਰ ਥਹਿੰ ਹੀ ਜੰਮ ਗਏ ਸਨ।
"ਹਾਂ ਜੀ ਮੈਨੂੰ ਦੱਸ ਦੋ ਕੀ ਗੱਲ ਹੈ। ਮੌਡਲਿੰਗ ਕਰਵਾਉਣੀ ਹੈ ਤਾਂ ਮੈਂ ਤੁਹਾਡੇ ਨਾਲ ਕੌਨਟਰੈਕਟ ਸਾਇਨ  ਕਰਨ ਲਈ ਤਿਆਰ ਹਾਂ।"
           ਸ਼ਗੂਫਤਾ ਨੇ ਰੌਬਟਸ ਨੂੰ ਇਕੋ ਥਾਂ ਖੜ੍ਹੀ ਨੇ ਘੁੰਮ ਕੇ ਪਹਿਲਾਂ ਤਾਂ ਸਾਰੀਆਂ ਦਿਸ਼ਾਵਾਂ ਤੋਂ ਆਪਣੇ ਸ਼ਰੀਰ ਦੇ ਦਰਸ਼ਨ ਕਰਵਾਏ ਸਨ ਤੇ ਫਿਰ ਥੋੜ੍ਹੀ ਜਿਹੀ ਦੂਰ ਪੰਜ-ਦੱਸ ਕੁ ਉਂਲਾਘਾਂ ਕੈਟ ਵਾਕ ਚੱਲ ਕੇ ਦਿਖਾਉਂਦੀਆਂ ਪੁੱਛਿਆ ਸੀ, "ਕੀ ਖ਼ਿਆਲ ਹੈ, ਰੌਬਟਸ ਸਾਹਿਬ?"
           "ਨਹੀਂ ਤੇਰੇ ਵਿੱਚ ਉਹ ਗੱਲ ਨਹੀਂ, ਜੋ ਉਸ ਕੁੜੀ ਵਿੱਚ ਹੈ।" ਰੌਬਟਸ ਦੀ ਅੱਖ ਮੇਰੇ 'ਤੇ ਸੀ।
           ਮੈਂ ਤਾਂ ਇਹੀ ਸਮਝਦੀ ਸੀ ਕਿ ਸ਼ਗੂਫਤਾ ਮੇਰੇ ਨਾਲ ਹੀ ਤੁਰੀ ਆ ਰਹੀ ਹੈ। ਪਰ ਜਦ ਮੈਂ ਪਿਛੇ ਮੁੜ ਕੇ ਦੇਖਿਆ ਸੀ ਤਾਂ ਉਹ ਰੌਬਟਸ ਕੋਲ ਖੜ੍ਹੀ ਸੀ। ਮੈਂ ਤੁਰ ਕੇ ਉਨ੍ਹਾਂ ਤੋਂ ਕਾਫ਼ੀ ਅੱਗੇ ਨਿਕਲ ਆਈ ਸੀ।
           "ਆਉਂਦੀ ਐਂ ਕਿ ਨਹੀਂ?" ਮੈਂ ਸ਼ਗੂਫਤਾ ਨੂੰ ਦਬਕਾ ਮਾਰਿਆ ਸੀ।
           ਉਹ ਅਫਸੋਸ ਨਾਲ ਮੂੰਹ ਲਮਕਾਈ ਮੇਰੇ ਵੱਲ ਦੌੜ ਆਈ ਸੀ। ਉਸਦੇ ਨਾਲ ਹੀ ਰੋਬਟਸ ਵੀ ਭੱਜ ਕੇ ਫਿਰ ਮੇਰੇ ਕੋਲ ਨੂੰ ਆਇਆ ਸੀ, "ਤੁਸੀਂ ਬਹੁਤ ਖ਼ੂਬਸੂਰਤ ਹੋ।"
           "ਮੈਨੂੰ ਪਤੈ।" ਮੈਂ ਉਵੇਂ ਹੀ ਚਲਦੀ ਗਈ ਸੀ। ਉਹ ਸਾਡੇ ਨਾਲ ਰਲਿਆ ਰਹਿਣ ਲਈ ਕਾਹਲੀ -ਕਾਹਲੀ ਤੁਰਦਾ ਆ ਰਿਹਾ ਸੀ।
           "ਇੱਕ ਮਿੰਟ ਖੜ੍ਹਕੇ ਮੇਰੀ ਗੱਲ ਤਾਂ ਸੁਣੋ।" ਰੌਬਟਸ ਨੇ ਤਰਲੇ ਨਾਲ ਬੇਨਤੀ ਕੀਤੀ ਸੀ।
           ਮੈਂ ਰੁੱਕ ਗਈ ਤਾਂ ਉਹ ਬੋਲਿਆ ਸੀ, "ਤੁਹਾਡਾ ਚਿਹਰਾ ਬਹੁਤ ਸੋਹਣਾ ਹੈ, ਐਨ ਮੂਰਤ ਵਰਗੀ ਸੂਰਤ। ਫੋਟੋਜੈਨਿਕ। ਏ ਪਰਫੈੱਕਟ ਫੋਟੋਗ੍ਰਾਫਿਕ ਫੇਸ।"
           "ਤੇ ਬੌਡੀ  ਕਿਹੜਾ ਮਾੜੀ ਹੈ? ਹੈ ਨਾ ਨਿਰੀ ਬੰਬ-ਸ਼ੈਲ?" ਸ਼ਗੂਫਤਾ ਨੇ ਰੌਬਟਸ ਨੂੰ ਟੋਕਦਿਆਂ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਸੀ।
           "ਨਹੀਂ ਨਹੀਂ। ਮੇਰਾ ਮਤਲਬ ਇਹ ਤਾਂ ਸਿਰ ਤੋਂ ਪੈਰਾਂ ਤੱਕ ਹੁਸੀਨ ਹਨ। ਅਜੰਤਾ-ਈਲੋਰਾ ਦੀਆਂ ਗੂਫਾਵਾਂ ਵਿਚਲੀਆਂ ਮੂਰਤੀਆਂ ਵਾਂਗ। ਕੁਦਰਤ ਦੀ ਕਾਰੀਗਰੀ ਦਾ ਸ਼ਾਹਕਾਰ ਅਤੇ ਬਿਹਤਰੀਨ ਨਮੂਨਾ, ਕੰਪਲੀਟ ਮਾਸਟਰਪੀਸ।" ਰੌਬਟਸ ਦੀਆਂ ਨਜ਼ਰਾਂ ਮੇਰੇ ਜਿਸਮ ਦਾ ਐਕਸਰੇਅ  ਲੈ ਰਹੀਆਂ ਸਨ।
           "ਦੋਖੋ ਮਿਸਟਰ ਰੌਬਟਸ ਜਾਂ ਰੌਕਟ ਜੋ ਵੀ ਤੁਹਾਡਾ ਨਾਮ ਹੈ, ਕੰਨ ਖੋਲ੍ਹ ਕੇ ਸੁਣ ਲਉ? ਮੇਰੇ ਕੋਲ ਇਹੋ ਜਿਹੀ ਬੇਹੁਦਾ ਬਕਵਾਸ ਲਈ ਵਕਤ ਨਹੀਂ ਹੈ ਤੇ ਨਾ ਹੀ ਮੈਂ ਲੰਡਰ ਕੁੜੀ ਹਾਂ। ਮੈਨੂੰ ਬਖਸ਼ੋ। ਮੈਂ ਜਾਣੈ। ਨਹੀਂ ਤਾਂ ਮੇਰੀ ਬੱਸ ਲੰਘ ਜਾਵੇਗੀ। ਮੈਂ ਉੱਥੋਂ ਫਿਰ ਤੁਰ ਪਈ ਸੀ।" ਰੌਬਟਸ ਨੇ ਮੁੜ ਮੇਰਾ ਰਸਤਾ ਘੇਰ ਲਿਆ ਸੀ।
           "ਇਹੀ ਤਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਤੁਹਾਨੂੰ ਬੱਸਾਂ ਚੋਂ ਕੱਢ ਕੇ ਤੁਹਾਡੇ ਕਦਮ ਹਵਾਈ ਜਹਾਜ਼ਾਂ ਵਿੱਚ ਪਵਾਉਣੇ ਲੋਚਦਾਂ। -ਜ਼ਿਆਦਾ ਵਿੰਗ-ਵਲ ਨਾ ਪਾਵਾਂ ਤੇ ਸਿੱਧਾ ਮਤਲਬ ਦੀ ਗੱਲ 'ਤੇ ਆਵਾਂ ਤਾਂ ਸਾਨੂੰ ਹਮੇਸ਼ਾ ਖ਼ੂਬਸੂਰਤ ਚਿਹਰਿਆਂ ਦੀ ਤਲਾਸ਼ ਰਹਿੰਦੀ ਹੈ। ਤੁਸੀਂ ਹਨੇਰੇ ਵਿੱਚ ਗੁਆਚੇ ਹੋਏ ਹੋ। ਮੈਂ ਚਾਹੁੰਦਾਂ ਤੁਹਾਨੂੰ ਸਪੌਟ ਲਾਈਟ ਥੱਲੇ ਕਰਿਆ ਜਾਵੇ। ਤੁਸੀਂ ਸ਼ੋਅਬਿਜ਼ ਵਿੱਚ ਆ ਜਾਉ। ਤੁਹਾਨੂੰ ਅਸੀਂ ਰਾਤੋ-ਰਾਤ ਸਟਾਰ ਬਣਾ ਦਿਆਂਗੇ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਨਾਇਉਮੀ ਕੈਂਪਮਬਲ, ਕੈਰਮਨ ਡਿਓਜ਼ ਅਤੇ ਪੈਮਲਾ ਐਂਡਰਸਨ ਵਰਗੀਆਂ ਸੁਪਰ ਮਾਡਲਾਂ ਦੀ ਛੁੱਟੀ ਕਰ ਦੇਵੋਂਗੇ। ਫਿਰ ਤੁਸੀਂ ਇਨ੍ਹਾਂ ਮਾਮੂਲੀ ਕੱਪੜਿਆਂ ਦੀ ਥਾਂ ਮਹਿੰਗੀਆਂ-ਮਹਿੰਗੀਆਂ ਹੀਰੇ ਮੋਤੀ ਜੜੀਆਂ ਪੁਸ਼ਾਕਾਂ ਪਹਿਨਣਾ।" ਰੌਬਟਸ ਨੇ ਮੈਨੂੰ ਖ਼ੁਆਬ ਦਿਖਾਉਂਦੀਆਂ ਰੌਂ ਵਿੱਚ ਆਪਣਾ ਦਿਲ ਮੇਰੇ ਅੱਗੇ ਖੋਲ੍ਹ ਦਿੱਤਾ ਸੀ।
           ਮੈਂ ਉਸਨੂੰ ਮਗਰੋਂ ਲਾਹੁਣਾ ਚਾਹੁੰਦੀ ਸੀ, "ਮਾਫ਼ ਕਰਨਾ ਮੈਂ ਇਸੇ ਲਿਬਾਸ ਵਿੱਚ ਖੁਸ਼ ਅਤੇ ਸੰਤੁਸ਼ਟ ਹਾਂ।"
           "ਸੋਚ ਲੈ ਕੁੜੀਏ, ਜਿੰਨਾ ਧਨ ਤੈਂ ਸਾਰੀ ਉਮਰ ਹੋਰ ਨੌਕਰੀਆਂ ਕਰ ਕੇ ਕਮਾਉਣੈ, ਉਨ੍ਹਾਂ ਇੱਕ ਰਾਤ ਵਿੱਚ ਤੂੰ ਖਰਚ ਕਰਿਆ ਕਰੇਂਗੀ। ਨਾਲੇ ਕਰਨਾ ਕੁੱਝ ਨਹੀਂ। ਨਵੇਂ ਨਕੋਰ ਕੱਪੜੇ ਪਹਿਨ ਕੇ ਕੈਮਰੇ ਮੂਹਰੇ ਹੀ ਹੋਣੈ। ਇੱਥੇ ਹੀ ਬੱਸ ਨਹੀਂ ਅਸੀਂ ਤੈਨੂੰ ਮਿਸ ਵਰਲਡ ਪ੍ਰਤਿਯੋਗਤਾ ਵਿੱਚ ਵੀ ਹਿੱਸਾ ਦਿਵਾ ਦਿਆਂਗੇ। ਮਾਡਲਿੰਗ ਕਰਨ ਨਾਲ ਫ਼ਿਲਮੀ ਦੁਨੀਆਂ ਦੇ ਦਰਵਾਜ਼ੇ ਵੀ ਤੇਰੇ ਲਈ ਖੁੱਲ੍ਹ ਜਾਣਗੇ। ਹੌਲੀਵੁੱਡ ਤੋਂ ਆਫਰਾਂ ਆਇਆ ਕਰਨਗੀਆਂ ਤੈਨੂੰ। ਵੈੱਲਿਸ਼ ਐਕਟਰੈੱਸ ਕੈਥਰੀਨ ਜੀਟਾ ਜੋਨਜ਼ ਨੂੰ ਦੇਖ ਲੈ। ਸਵਾਨਸੀਆ 'ਚ ਧੱਕੇ ਖਾਂਦੀ ਸੀ ਤੇ ਹੁਣ ਕਿੱਥੇ ਪਹੁੰਚ ਗਈ ਹੈ।"         
           "ਆਹੋ ਆਪਣੇ ਪਿਉ ਦੀ ਉਮਰ ਦੇ ਐਕਟਰ ਮਾਈਕਲ ਡੱਗਲਸ ਦਾ ਬਿਨਾਂ ਵਿਆਹ ਕਰਵਾਏ ਬੱਚਾ ਜੰਮਣ ਹਸਪਤਾਲ ਪਹੁੰਚ ਗਈ ਹੈ।" ਮੇਰਾ ਉੱਤਰ ਸੁਣ ਕੇ ਸ਼ਗੂਫਤਾ ਦਾ ਹਾਸਾ ਨਿਕਲ ਗਿਆ ਸੀ।
           ਰੌਬਟਸ ਨੇ ਮੈਨੂੰ ਸਬਜ਼ਬਾਗ ਦਿਖਾਉਣੇ ਚਾਹੇ ਸਨ, "ਮੇਰਾ ਕਹਿਣ ਦਾ ਭਾਵ ਹੈ, ਅੱਜ ਤੇਰੀ ਮਾਮੂਲੀ ਜਿਹੀ ਔਕਾਤ ਹੈ। ਸਾਡੇ ਨਾਲ ਰਲ ਜਾਹ, ਅਸੀਂ ਤੈਨੂੰ ਸ਼ੈਰਨ ਸਟੋਨ ਵਾਂਗੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਔਰਤ ਬਣਾ ਦਿਆਂਗੇ। ਜਿਹੜੀ ਸਕਰੀਨ 'ਤੇ ਕੱਪੜੇ ਉਤਾਰਨ ਦੇ ਸਕਿੰਟਾਂ ਦੇ ਹਿਸਾਬ ਨਾਲ ਲੱਖਾਂ ਡਾਲਰ ਲੈਂਦੀ ਹੈ। ਤੇਰੇ ਕੋਲ ਐਨੀ ਦੌਲਤ ਹੋਵੇਗੀ ਕਿ ਅੱਗ ਲਾਇਆਂ ਨਹੀਂ ਮੁੱਕੇਗੀ।"
           "ਪਰ ਸ਼ੈਰਨ ਸਟੋਨ ਤਾਂ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਘਟੀਆ ਤੇ ਸਸਤੀ ਔਰਤ ਖ਼ਿਆਲ ਕਰਦੀ ਹੈ। ਰਾਤ ਮੈਂ ਉਹਦੀ ਇੰਟਰਵਿਊ ਦੇਖੀ ਸੀ। ਇੰਟਰਵਿਉਅਰ ਨੇ ਸਵਾਲ ਪੁੱਛਿਆ ਸੀ, 'ਤੁਹਾਡੀ ਗਿਣਤੀ ਦੁਨੀਆਂ ਦੀ ਮਹਿੰਗੀਆਂ ਔਰਤਾਂ ਵਿੱਚ ਹੁੰਦੀ ਹੈ, ਕਿਵੇਂ ਮਹਿਸੂਸ ਕਰਦੇ ਹੋ? ਇਸ ਦੇ ਜੁਆਬ ਵਿੱਚ ਸ਼ੈਰਨ ਨੇ ਪਤਾ ਕੀ ਕਿਹੈ?"
           "ਕੀ?" ਸਾਫ਼ ਜ਼ਾਹਰ ਸੀ ਕਿ ਰੌਬਟਸ ਨੇ ਉਹ ਮੁਲਾਕਾਤ ਨਹੀਂ ਸੀ ਦੇਖੀ।
           ਸ਼ੈਰਨ ਸਟੋਨ ਕਹਿੰਦੀ ਸੀ, "ਮੈਂ ਦੁਨੀਆਂ ਦੀ ਮਹਿੰਗੀ ਔਰਤ ਕਿਵੇਂ ਹੋ ਗਈ? ਹਰ ਉਹ ਸ਼ਖ਼ਸ ਜਿਸਦੀ ਜੇਬ ਵਿੱਚ ਪੰਜ ਡਾਲਰ ਹੋਣ ਉਹੀ ਮੇਰੀ ਫ਼ਿਲਮ ਬੇਸਿਕ ਇੰਨਸਇੰਕਟ ਲਗਾ ਕੇ ਮੈਨੂੰ ਜਦੋਂ ਚਾਹੇ ਅਲਫ ਨੰਗੀ ਦੇਖ ਸਕਦਾ ਹੈ। ਮੇਰੇ ਨਾਲੋਂ ਤਾਂ ਘਰੇਲੂ ਅਤੇ ਆਮ ਔਰਤਾਂ ਕਈ ਗੁਣਾਂ ਅਮੀਰ ਹਨ, ਜਿਹੜੀਆਂ ਕਰੋੜਾਂ ਡਾਲਰਾਂ ਬਦਲੇ ਵੀ ਆਪਣੇ ਸ਼ਰੀਰ ਨੂੰ ਹਰ ਜਣੇ-ਖਣੇ ਨੂੰ ਤਾਂ ਕੀ ਕਿਸੇ ਰਈਸ ਨੂੰ ਵੀ ਨਹੀਂ ਦਿਖਾਉਂਦੀਆਂ। -ਹੁਣ ਬੋਲੋ ਜਨਾਬ। ਕੀ ਤੁਹਾਨੂੰ ਮੈਂ ਇਹਨਾਂ ਕੱਪੜਿਆਂ ਵਿੱਚ ਖ਼ੂਬਸੂਰਤ ਨਹੀਂ ਲੱਗਦੀ?" ਮੇਰਾ ਗੁਮਾਨ ਬੋਲਿਆ ਸੀ।
           "ਖ਼ੂਬਸੂਰਤ ਕਿਉਂ ਨਹੀਂ ਲੱਗਦੇ? ਤੁਸੀਂ ਤਾਂ ਪੂਰੇ ਚੌਦਵੀਂ ਦੇ ਚੰਦ ਹੋ।" ਰੌਬਟਸ ਨਜ਼ਰਾਂ ਨਾਲ ਮੇਰੇ ਜਿਸਮ ਦਾ ਨਾਪ ਤੋਲ ਕਰ ਰਿਹਾ ਸੀ।
           "ਮੈਂ ਇਨ੍ਹਾਂ ਸਧਾਰਨ ਕੱਪੜਿਆਂ ਕਰਕੇ ਹੀ ਦਿਲਕਸ਼ ਲੱਗਦੀ ਹਾਂ। ਮਹਿੰਗੇ ਲਿਬਾਸ ਮੇਰੀ ਸੁੰਦਰਤਾ ਨੂੰ ਵਧਾਉਣਗੇ ਨਹੀਂ ਸਗੋਂ ਘਟਾਉਣਗੇ। ਕਿਉਂਕਿ ਦੇਖਣ ਵਾਲਾ ਫਿਰ ਸਿਰਫ਼ ਮੇਰੇ ਕੱਪੜਿਆਂ ਨੂੰ ਹੀ ਦੇਖੇਗਾ, ਮੈਨੂੰ ਨਹੀਂ। ਇਸ ਲਈ ਮੈਨੂੰ ਕੀਮਤੀ ਵਸਤਰ ਪਹਿਨਣ ਦਾ ਕੋਈ ਲਾਲਚ ਜਾਂ ਸ਼ੌਕ ਨਹੀਂ।"
           "ਫਿਰ ਵੀ ਮੇਰਾ ਕਾਰਡ ਰੱਖ ਲਉ। ਹੋ ਸਕਦੈ ਕਦੇ ਕੰਮ ਆ ਜਾਵੇ।" ਉਹਨੇ ਮੱਲੋ-ਮੱਲੀ ਆਪਣਾ ਵਿਜ਼ੀਟਿੰਗ ਕਾਰਡ ਮੇਰੇ ਹੱਥ ਵਿੱਚ ਥਮ੍ਹਾ ਦਿੱਤਾ ਸੀ।
           "ਕਦੇ ਲੋੜ ਨ੍ਹੀਂ ਪੈਣੀ ਇਸ ਦੀ ਮਿਸਟਰ ਰੌਬਟਸ।" ਮੈਂ ਰੌਬਟਸ ਤੋਂ ਫੜ ਕੇ ਉਹਦਾ ਕਾਰਡ ਉਹਦੇ ਸਾਹਮਣੇ ਹੀ ਪਾੜ ਕੇ ਟੁੱਕੜੇ-ਟੁੱਕੜੇ ਕਰ ਕੇ ਸਿੱਟ ਦਿੱਤਾ ਸੀ ਅਤੇ ਅਸੀਂ ਉੱਥੋਂ ਕਾਹਲੀ-ਕਾਹਲੀ ਤੁਰ ਪਈਆਂ ਸੀ।
           ਥੋੜ੍ਹਾ ਅੱਗੇ ਜਾ ਕੇ ਪਿੱਛੇ ਰੌਬਟਸ ਵੱਲ ਦੇਖਦੀ ਹੋਈ ਸ਼ਗੂਫਤਾ ਮੇਰੇ ਕੰਨ ਵਿੱਚ ਫੁਸਫੁਸਾਈ ਸੀ, "ਨੀ ਚੰਦਰੀਏ ਤੈਂ ਤਾਂ ਬਿਚਾਰੇ ਦਾ ਦਿਲ ਤੋੜ 'ਤਾ। ਦੇਖ ਪਿਛੇ ਮੁੜ ਕੇ ਉਹਦੀ ਬੂਥੀ ਕਿਵੇਂ ਉਤਰੀ ਪਈ ਐ? ਕਾਰਡ ਰੱਖ ਲੈਂਦੀ। ਤੈਨੂੰ ਪਾੜਣ ਦੀ ਕੀ ਜ਼ਰੂਰਤ ਸੀ? ਹੋ ਸਕਦਾ ਸੀ ਮੇਰੇ ਕੰਮ ਆ ਜਾਂਦਾ। -ਹੁੰਅ! ਕਮਾਲ ਹੈ ਅਸੀਂ ਇਹੋ ਜਿਹੇ ਕੱਪੜੇ ਪਾ ਕੇ ਲੋਕਾਂ ਨੂੰ ਦਾਹਵਤਾਂ ਦਿੰਦੇ ਫਿਰਦੇ ਹਾਂ ਤੇ ਕੋਈ ਮੂੰਹ ਨਹੀਂ ਲਾਉਂਦਾ। ਤੂੰ ਸਧਾਰਨ ਜਿਹੇ ਲਿੜਿਆਂ 'ਚ ਸੀ ਅਗਲੇ ਨੂੰ ਆਪਦੀ ਤਰਫ ਖਿੱਚ ਲੈਂਦੀ ਹੈਂ।"
           "ਦੇਖ ਲੈ ਫਿਰ? ਕੱਪੜੇ ਉਹੀ ਕੁੱਝ ਦਿਖਾਉਂਦੇ ਹਨ ਜੋ ਤੁਸੀਂ ਹੋ। ਤੁਹਾਡੀ ਸ਼ਖਸੀਅਤ ਦਾ ਪ੍ਰਤੀਬਿੰਬ ਹੁੰਦੇ ਹਨ ਵਸਤਰ। ਤੁਹਾਡੀ ਜ਼ਿਹਨੀਅਤ ਅਤੇ ਇਖਲਾਕ ਦੇ ਪ੍ਰਤੀਕ ਹੁੰਦੇ ਹਨ ਤੁਹਾਡੇ ਕੱਪੜੇ। ਇਨਸਾਨ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਹਿਚਾਣਿਆ ਜਾਂਦੈ…।" ਐਨੇ ਨੂੰ ਅਸੀਂ ਅੱਡੇ 'ਤੇ ਪਹੁੰਚ ਗਈਆਂ ਸੀ ਤੇ ਤਾਹਿਰਾ ਵੀ ਉਥੇ ਹੀ ਸਾਨੂੰ ਆ ਮਿਲੀ ਸੀ। ਬੱਸ ਤਿਆਰ ਖੜ੍ਹੀ ਸੀ। ਅਸੀਂ ਸਵਾਰ ਹੋਣ ਦੀ ਕੀਤੀ ਸੀ। ਬੱਸ ਦੇ ਤੁਰਦਿਆਂ ਹੀ ਸ਼ਗੂਫਤਾ ਨੇ ਬੈੱਗ ਵਿੱਚੋਂ ਕੱਢ ਕੇ ਉਹੀ ਲਾਹਿਆ ਹੋਇਆ ਸਲਵਾਰ-ਕਮੀਜ਼ ਆਪਣੇ ਕੱਪੜਿਆਂ ਦੇ ਉੱਤੋਂ ਦੀ ਫਿਰ ਪਹਿਨ ਲਿਆ ਸੀ। ਉਦਣ ਮੈਨੂੰ ਆਪਣੇ ਸਲਵਾਰ-ਕਮੀਜ਼ ਪਹਿਨਣ 'ਤੇ ਫ਼ਖ਼ਰ ਮਹਿਸੂਸ ਹੋਇਆ ਸੀ।
           ਸਾਨੂੰ ਸਭ ਨੂੰ ਅੱਬਾ ਵੱਲੋਂ ਘਰ ਵਿੱਚ ਆਪਸੀ ਗੱਲਬਾਤ ਦੌਰਾਨ ਅੰਗਰੇਜ਼ੀ ਬੋਲਣ ਦੀ ਸਖ਼ਤ ਮਨਾਹੀ ਸੀ। ਸਾਨੂੰ ਟੈਲੀ ਉੱਤੇ ਆਉਂਦੇ ਅੰਗਰੇਜ਼ੀ ਪ੍ਰੋਗਰਾਮ ਵੀ ਬਹੁਤੇ ਨਹੀਂ ਸੀ ਦੇਖਣ ਦਿੱਤੇ ਜਾਂਦੇ। ਅੰਗਰੇਜ਼ੀ ਪ੍ਰੋਗਰਾਮਾਂ ਨੂੰ ਅੱਬਾ ਅਸ਼ਲੀਲ ਖ਼ਿਆਲ ਕਰਦੇ ਸਨ। ਜ਼ਿਆਦਾਤਰ ਸਾਡੇ ਘਰ ਸਕਾਈ ਤੇ ਆਉਂਦੇ ਪਾਕਿਸਤਾਨੀ ਨਾਟਕ ਜਾਂ ਵਿਡਿਉ ਦੁਕਾਨ ਤੋਂ ਕਿਰਾਏ 'ਤੇ ਲਿਆਂਦੀਆਂ ਹੋਈਆਂ ਭਾਰਤੀ ਫਿਲਮਾਂ ਹੀ ਚਲਦੀਆਂ ਰਹਿੰਦੀਆਂ ਹੁੰਦੀਆਂ ਸਨ। ਇਹ ਗੱਲ ਵੱਖਰੀ ਹੈ ਕਿ ਉਹਨਾਂ ਪਾਕਿਸਤਾਨੀ ਡਰਾਮਿਆਂ ਦੀ ਸ਼ਬਦਾਵਲੀ ਨਿਹਾਇਤ ਹੀ ਲੱਚਰ ਜਾਂ ਬਹੁਅਰਥੀ ਹੋਇਆ ਕਰਦੀ ਸੀ। ਭਾਰਤੀ ਫਿਲਮਾਂ ਵੀ ਕਾਮ ਅਤੇ ਨੰਗੇਜ਼ ਭਰੇ ਸੀਨਾਂ ਦੀ ਭਰਮਾਰ ਹੋਇਆ ਕਰਦੀ ਸੀ। ਪਰ ਆਪਣੇ ਵੱਲੋਂ ਮੇਰੇ ਵਾਲਦਾਇਨ ਸਾਡੇ ਚਰਿੱਤਰ ਨਿਰਮਾਣ ਵਿੱਚ ਸਦਾਚਾਰ ਭਰਨ ਦਾ ਹਰ ਮੁਮਕਿਨ ਉਪਰਾਲਾ ਕਰ ਰਹੇ ਸਨ।
           ਅੱਬਾ ਆਪ ਵੀ ਸੱਚੇ-ਸੁੱਚੇ ਇਖਲਾਕ ਦੇ ਮਾਲਕ ਸਨ। ਉਨ੍ਹਾਂ ਦੇ ਖ਼ਿਲਾਫ ਕੋਈ ਉਂਗਲ ਨਹੀਂ ਸੀ ਉੱਠਾ ਸਕਦਾ। ਵਰਨਾ ਟੈਕਸੀਆਂ ਵਾਲੇ ਡਰਇਵਰਾਂ ਦਾ ਮਹਿਕਮਾਂ ਤਾਂ ਅੰਤਾਂ ਦਾ ਬਦਨਾਮ ਹੈ। ਸਭ ਤੋਂ ਲੁੱਚੀ ਕੌਮ ਮੰਨੇ ਜਾਂਦੇ ਹਨ ਡਰਾਇਵਰ। ਰੋਜ਼ਾਨਾ ਖ਼ਬਰਾਂ ਪੜ੍ਹਦੇ-ਸੁਣਦੇ ਹਾਂ, ਟੈਕਸੀ ਡਰਾਇਵਰਾਂ ਉੱਤੇ ਜ਼ਬਰ-ਜਨਾਹ ਦੇ ਚੱਲਦੇ ਮੁਕੱਦਮਿਆਂ ਦੀਆਂ। ਦਰਅਸਲ ਇਹ ਕਿੱਤਾ ਹੀ ਅਜਿਹਾ ਹੈ। ਹਰ ਵੇਲੇ ਸੜਕਾਂ ਗਾਹੁੰਦੇ ਰਹਿਣ ਕਰਕੇ ਭਾਂਤ-ਸੁਭਾਂਤੇ ਬੰਦੇ ਟੱਕਰਦੇ ਰਹਿੰਦੇ ਹਨ। ਸਵਾਰੀਆਂ ਢੋਹਦਿਆਂ ਕੁੜੀਆਂ-ਕੱਤਰੀਆਂ ਨਾਲ ਵੀ ਵਾਹ ਪੈਂਦਾ ਰਹਿੰਦਾ ਹੈ। ਖਾਸ ਕਰ ਰਾਤ ਨੂੰ ਜਦੋਂ ਕਲੱਬਾਂ ਵਿੱਚੋਂ ਸ਼ਰਾਬੀ ਹੋ ਕੇ ਨਿਕਲੀਆਂ ਗੋਰੀਆਂ ਜਾਂ ਕਾਲੀਆਂ ਘਰ ਜਾਣ ਲਈ ਟੈਕਸੀਆਂ ਮੰਗਵਾਉਂਦੀਆਂ ਹਨ ਤਾਂ ਕਾਮ ਦੇ ਭੁੱਖੇ ਡਰਾਇਵਰ ਉਨ੍ਹਾਂ ਦੇ ਨਸ਼ਈ ਹੋਣ ਦਾ ਫਾਇਦਾ ਉੱਠਾ ਕੇ ਉਨ੍ਹਾਂ ਨੂੰ ਕਿਸੇ ਬਿਆਬਾਨ ਜਗ੍ਹਾ 'ਤੇ ਲੈ ਜਾਂਦੇ ਹਨ। ਉੱਥੇ ਇਕਾਂਤ ਵਿੱਚ ਮੌਕਾ ਦੇਖ ਕੇ ਕਾਰ ਵਿੱਚ ਹੀ ਜਨਾਨਾ ਸਵਾਰੀ ਨਾਲ ਧੱਕੇਸਾਹੀ ਵਰਤ ਕੇ ਆਪਣਾ ਭੁੱਸ ਪੂਰਾ ਕਰ ਲੈਂਦੇ ਹਨ। ਵੈਸੇ ਦਾਰੂ ਪੀ ਕੇ ਅੱਧੀ ਰਾਤ ਨੂੰ ਟੈਕਸੀਆਂ ਵਿੱਚ ਘਰ ਜਾਣ ਵਾਲੀਆਂ ਇਹੋ ਜਿਹੀਆਂ ਤੀਵੀਂਆਂ ਖਰਾਬ ਹੀ ਹੁੰਦੀਆਂ ਹਨ, ਬੁਹਤੀਆਂ ਤਾਂ ਆਪ ਹੀ ਡਰਾਇਵਰਾਂ ਨਾਲ ਮੰਨ ਜਾਂਦੀਆਂ ਹੁੰਦੀਆਂ ਹਨ। ਚਾਹੇ ਉਹ ਆਤਮਿਕ ਵਾਸਨਾ ਤ੍ਰਿਪਤੀ ਲਈ ਰਾਜ਼ੀ ਹੋਈਆਂ ਹੋਣ ਜਾਂ ਟੈਕਸੀ ਦਾ ਭਾੜਾ ਦੇਣ ਤੋਂ ਬੱਚਣ ਲਈ। ਇਉਂ ਕਾਰਨ ਚਾਹੇ ਕੋਈ ਵੀ ਹੋਵੇ, ਡਰਾਇਵਰਾਂ ਦਾ ਸੂਤ ਲੱਗ ਜਾਂਦਾ ਹੈ।
           ਪਰ ਮੇਰੇ ਅੱਬਾ ਅਜਿਹੀ ਅਯਾਸ਼ ਕਿਸਮ ਦੇ ਬਿਲਕੁਲ ਨਹੀਂ ਸਨ। ਜਦੋਂ ਅੱਬਾ ਇੰਗਲੈਂਡ ਵਿੱਚ ਆਏ ਸਨ। ਉਦੋਂ ਪੂਰੇ ਭਰ ਜਵਾਨ ਸਨ। ਜੇ ਉਹ ਚਾਹੁੰਦੇ ਤਾਂ ਇੱਕ ਮੇਮ ਨੂੰ ਛੱਡਦੇ ਅਤੇ ਦੂਜੇ ਨੂੰ ਫੜਦੇ। ਉਹ ਤਾਂ ਸੋਹਣੇ ਵੀ ਬਹੁਤ ਸਨ। ਜਵਾਨੀ ਵਿੱਚ ਉਨ੍ਹਾਂ ਨੂੰ ਕਸਰਤ ਦਾ ਬਹੁਤ ਸ਼ੌਕ ਹੁੰਦਾ ਸੀ। ਬੌਡੀ ਬਿੱਲਡਰ ਤੇ ਐਕਟਰ ਜੈਨ-ਵੈਨ-ਡੈਮ ਵਰਗਾ ਤੱਕੜਾ ਅਤੇ ਨਰੋਆ ਸ਼ਰੀਰ ਹੁੰਦਾ ਸੀ ਅੱਬਾ ਦਾ। ਉਨ੍ਹਾਂ ਦੀਆਂ ਪੁਰਾਣੀਆਂ ਫੋਟੋਆਂ ਦੇਖਿਆਂ ਪਤਾ ਲੱਗਦਾ ਸੀ ਕਿ ਅੱਬਾ ਕਿੰਨੇ ਸੁਨੱਖੇ ਅਤੇ ਜਵਾਨ ਮਰਦ ਹੁੰਦੇ ਸੀ। ਜਮ੍ਹਾਂ ਐਕਟਰਾਂ ਵਰਗੇ ਹੁੰਦੇ ਸਨ। ਉਨ੍ਹਾਂ ਦੀਆਂ ਅੱਖਾਂ ਵੀ ਕਾਲੀਆਂ ਨਹੀਂ, ਸਗੋਂ ਮੇਰੇ ਵਾਂਗ ਭੂਰੀਆਂ ਹੀ ਸਨ। ਮੂੰਹ ਮੁਹਾਂਦਰਾ ਵੀ ਮੇਰਾ ਸਾਰਾ ਅੱਬਾ 'ਤੇ ਗਿਆ ਸੀ। ਜਵਾਨੀ ਵਿੱਚ ਉਨ੍ਹਾਂ ਉੱਤੇ ਬਿਲਾ ਸ਼ੱਕ ਕੁੜੀਆਂ ਮਰਦੀਆਂ ਹੋਣਗੀਆਂ। ਉਸ ਉਮਰ ਵਿੱਚ ਮਨ ਦਾ ਡੋਲ ਜਾਣਾ ਕੋਈ ਵੱਡੀ ਗੱਲ ਨਹੀਂ ਸੀ ਹੋਣੀ। ਲੇਕਿਨ ਅੱਬੂ ਐਸੇ-ਵੈਸੇ ਨਹੀਂ ਸਨ। ਸਿਰੇ ਦੇ ਸ਼ਰੀਫ ਅਤੇ ਪੱਕੇ ਨਮਾਜ਼ੀ ਸਨ। ਪੰਜੇ ਵੇਲੇ ਬਿਨਾਂ ਨਾਗ਼ਾ ਨਮਾਜ਼ ਅਦਾ ਕਰਿਆ ਕਰਦੇ ਸਨ। ਚਾਹੇ ਮੀਂਹ ਆਵੇ, ਚਾਹੇ ਹਨੇਰੀ। ਬਾਰਾਂ ਮਹੀਨੇ, ਤੀਹ ਦਿਨ ਅੱਬਾ ਤੜਕੇ-ਤੜਕੇ ਪਹੁੰ ਫੁਟਦਿਆਂ ਹੀ ਉੱਠ ਖੜ੍ਹਦੇ। ਸਭ ਤੋਂ ਪਹਿਲਾਂ ਆਪਣਾ ਜਿਸਮ ਤੇ ਵਸਤਰ ਪਵਿਤਰ ਕਰਦੇ ਅਤੇ ਸਲਾਤੁਲਫ਼ਜਰ ਯਾਨੀ ਕਿ ਸੁਬਾਹ ਦੀ ਨਮਾਜ਼ ਪੜ੍ਹਣ ਲੱਗ ਜਾਂਦੇ। ਇਸ ਤੋਂ ਬਾਅਦ ਟੈਕਸੀ ਲੈ ਕੇ ਕੰਮ 'ਤੇ ਚਲੇ ਜਾਂਦੇ। ਇੱਕ ਵਾਧੂ ਜੋੜਾ ਮੁਸੱਲੇ ਅਤੇ ਟੋਪੀ ਦਾ ਹਰ ਵਕਤ ਉਨ੍ਹਾਂ ਦੀ ਗੱਡੀ ਵਿੱਚ ਹੁੰਦਾ ਸੀ। ਇਬਾਦਤ ਦੇ ਵਕਤ ਦਾ ਇੱਕ ਲਮਹਾ ਵੀ ਖੁੰਝਣ ਨਹੀਂ ਸੀ ਦਿੰਦੇ ਹੁੰਦੇ। ਤੀਸਰੇ ਪਹਿਰ ਆਪੇ ਹੀ ਢੁਕਵੀਂ ਜਗ੍ਹਾ ਤਲਾਸ਼ ਕੇ ਦੀਗਰ ਦੀ ਨਾਮਜ਼ ਜਿਸਨੂੰ ਅਸੀਂ ਸਲਾਤੁਲਅਸਰ ਕਹਿੰਦੇ ਹਾਂ, ਉਹ  ਪੜ੍ਹ ਲੈਂਦੇ ਤੇ ਏਸੇ ਹੀ ਤਰ੍ਹਾਂ ਆਥਣ ਹੋਣ ਤੋਂ ਪਹਿਲਾਂ ਨਮਾਜ਼ੇ-ਏ-ਪੇਸ਼ੀਨ ਜੋ ਸਲਾਤੁਲਜੁਹਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਵੀ ਮੁਕੰਮਲ ਕਰਦੇ। ਉੱਧਰੋਂ ਸੂਰਜ਼ ਛਿੱਪ ਰਿਹਾ ਹੁੰਦਾ ਤੇ ਇੱਧਰੋਂ ਅੱਬਾ ਸ਼ਾਮ ਦੀ ਨਮਾਜ਼, ਸਲਾਤੁਲ ਮਗਰਿਬ ਨਿਪਟਾ ਰਹੇ ਹੁੰਦੇ। ਫਿਰ ਨਮਾਜ਼-ਏ-ਖੁਫਤਨ ਵੇਲੇ ਤਾਂ ਅੱਬਾ ਘਰ ਹੀ ਹੁੰਦੇ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਸਲਾਤੁਲਇਸ਼ਾ ਦਾ ਰਟਨ ਕਰਦੇ। ਇਸ ਤੋਂ ਇਲਵਾ ਸੁਲਾਤੁਲਇਸ਼ਰਾਕ (ਨਮਾਜ਼ੇ ਇਸ਼ਰਾਕ), ਸਲਾਤੁਲਜੁਹਾ (ਨਮਾਜ਼ੇ ਚਾਸ਼ਤ), ਸਲਾਤੁਲਤਹੱਜਦ (ਨਮਾਜ਼ੇ ਤਹੱਜੁਦ) ਆਦਿ ਜਿਹੜੀਆਂ ਹੋਰ ਨਮਾਜ਼ਾਂ ਦੀ ਇੱਕ ਸੱਚੇ ਮੁਸਲਮਾਨ ਨੂੰ ਹਦਾਇਤ ਹੈ। ਅੱਬਾਂ ਨੇ ਉਹ ਤਾਂ ਪੜ੍ਹਨੀਆਂ ਹੀ ਹੁੰਦੀਆਂ ਸਨ, ਉਨ੍ਹਾਂ ਤੋਂ ਸਿਵਾਏ ਈਦਉੱਲ-ਫਿਤਰ ਅਤੇ ਈਦਉੱਲ-ਅਜਹਾ ਦੀਆਂ ਨਮਜ਼ਾਂ ਪੜ੍ਹਣ ਵਿੱਚ ਵੀ ਕਦੇ ਕੋਈ ਘੌਲ ਨਾ ਕਰਦੇ। ਅੱਬਾ ਪੂਰੇ ਹਠੀ, ਜਪੀ ਅਤੇ ਤਪੀ ਸਨ। ਪਾਕ ਅਤੇ ਨੇਕ ਹੋਣ ਸਦਕਾਂ ਸਭ ਉਨ੍ਹਾਂ ਦੀ ਇੱਜ਼ਤ ਅਤੇ ਤਾਰੀਫ ਕਰਿਆ ਕਰਦੇ ਸਨ। ਤਦੇ ਹੀ ਅੰਮੀ ਤੋਂ ਵਿਛੜਣ ਦੇ ਬਾਵਜੂਦ ਵੀ ਅੱਬਾ ਨੇ ਆਪਣਾ ਜਤ-ਸਤ ਕਾਇਮ ਰੱਖਿਆ ਸੀ। ਅੰਮੀ ਨਾਲ ਨਿਕਾਹ ਕਰਵਾਉਣ ਤੋਂ ਚੰਦ ਰੋਜ਼ ਬਾਅਦ ਹੀ ਅੱਬਾ ਇੰਗਲੈਂਡ ਆ ਗਏ ਸਨ। ਉਨ੍ਹਾਂ ਤੋਂ ਪਿਛੋਂ ਅੰਮੀ ਵੀ ਕਈ ਵਰ੍ਹੇ ਇਕੱਲੇ ਰਹੇ ਸਨ। ਅੰਮੀ ਵੀ ਮੇਰੀ ਨਿਰੀ ਦੇਵੀ ਸੀ ਦੇਵੀ। ਲੋਕ ਅੰਮੀ ਦੇ ਸਬਰ, ਸੰਤੋਖ ਅਤੇ ਪਾਕੀਜ਼ਗੀ ਦੀਆਂ ਮਿਸਾਲਾਂ ਦਿਆਂ ਕਰਦੇ ਸਨ।
           ਸਾਨੂੰ ਸਾਰੇ ਬੱਚਿਆਂ ਨੂੰ ਵੀ ਮੇਰੇ ਮਾਪੇ ਆਪਣੇ ਪਾਏ ਪੂਰਨਿਆਂ ਉੱਤੇ ਚਲਦੇ ਹੋਏ ਦੇਖਣਾ ਲੋਚਦੇ ਸਨ। ਲਿਹਾਜ਼ਾ ਮੈਨੂੰ ਅਤੇ ਨਾਜ਼ੀਆ ਨੂੰ ਸਾਡੀਆਂ ਸਹੇਲੀਆਂ ਵਾਂਗ ਬਿਨਾਂ ਮਤਲਬ ਹੇੜ-ਹੇੜ ਕਰਦੇ ਫਿਰਨ ਦੀ ਤਾਂ ਉੱਕਾ ਹੀ ਇਜਾਜ਼ਤ ਨਹੀਂ ਸੀ। ਕਿਸੇ ਗੱਲ ਜਾਂ ਕੰਮ ਵੀ ਬਹੁਤ ਘੱਟ ਬਾਹਰ ਨਿਕਲ ਦਿੱਤਾ ਜਾਂਦਾ ਸੀ। ਜੇ ਕਿਸੇ ਲੋੜ੍ਹ ਨੂੰ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਹੁੰਦੀ ਤਾਂ ਆਮ ਤੌਰ 'ਤੇ ਅੰਮੀ ਸਾਡੇ ਨਾਲ ਰਾਖੀ ਲਈ ਆਪ ਜਾਇਆ ਕਰਦੀ ਸੀ। ਜੇਕਰ ਅੰਮੀ ਦੀ ਤਬੀਅਤ ਨਾਸਾਜ਼ ਹੁੰਦੀ, ਉਸਨੂੰ ਕੋਈ ਕੰਮ ਹੁੰਦਾ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਨਾ ਜਾ ਸਕਦੀ ਤਾਂ ਛੋਟੇ ਭਰਾਵਾਂ ਵਿੱਚੋਂ ਕਿਸੇ ਇੱਕ ਨੂੰ ਸਾਡੇ ਨਾਲ ਭੇਜਿਆ ਜਾਂਦਾ ਸੀ। ਕਦੇ ਵੀ ਮੈਨੂੰ ਜਾਂ ਨਾਜ਼ੀਆਂ ਨੂੰ ਇਕੱਲਿਆਂ ਨਹੀਂ ਸੀ ਜਾਣ ਦਿੱਤਾ ਜਾਂਦਾ। ਸਾਡੇ ਘਰ ਤੋਂ ਸੌ ਕੁ ਗਜ਼ 'ਤੇ ਚਿਪਸ ਸ਼ੌਪ  ਸੀ, ਉੱਥੇ ਜਾਣ ਲਈ ਵੀ ਸਾਨੂੰ ਆਪਣੇ ਨਾਲ ਕੋਈ ਨਾ ਕੋਈ ਅੰਗਰੱਖਿਅਕ ਖੜਨਾ ਪੈਂਦਾ ਸੀ।
           ਸਾਨੂੰ ਕੁੜੀਆਂ ਹੋਣ ਦੇ ਗੁਨਾਹ ਦੀ ਇਹ ਸਜ਼ਾ ਦਿੱਤੀ ਜਾ ਰਹੀ ਸੀ। ਸਾਡਾ ਕੁੜੀਆਂ ਹੋਣਾ ਜਿਵੇਂ ਸਾਡੀ ਹੀ ਗਲਤੀ, ਸਾਰਾ ਸਾਡਾ ਹੀ ਦੋਸ਼ ਸੀ। ਅੱਕ ਕੇ ਕਈ ਵਾਰੀ ਮੇਰਾ ਤਾਂ ਜੀਅ ਕਰਦਾ ਹੁੰਦਾ ਸੀ ਮੈਂ ਸੈਕਸ ਚੇਂਜ਼ ਉਪਰੇਸ਼ਨ ਕਰਵਾ ਕੇ ਕੁੜੀ ਤੋਂ ਮੁੰਡਾ ਬਣ ਜਾਵਾਂ। ਬਥੇਰੇ ਲੋਕੀ ਇਸ ਵਿਧੀ ਨਾਲ ਆਪਣਾ ਲਿੰਗ ਬਦਲਵਾ ਰਹੇ ਸਨ।
           ਕੁੜੀ ਹੋਣ ਕਾਰਨ ਨਾਜ਼ੀਆ ਨੂੰ ਬਹੁਤਾ ਪੜ੍ਹਾਇਆ-ਲਿਖਾਇਆ ਨਹੀਂ ਸੀ ਗਿਆ। ਸਿਰਫ਼ ਓਨੀ ਕੁ ਤਾਲੀਮ ਦਿਵਾਈ ਗਈ ਸੀ ਜਿੰਨੀ ਬਿਨਾਂ ਨਹੀਂ ਸੀ ਸਰਦਾ।  ਨਾਜ਼ੀਆ ਸੋਲ੍ਹਾਂ ਸਾਲਾਂ ਦੀ ਹੀ ਅੰਮੀ ਨਾਲ ਕੱਪੜੇ ਸਿਉਣ ਦੀ ਫ਼ੈਕਟਰੀ ਵਿੱਚ ਲੱਗ ਗਈ ਸੀ।
           ਜਿਸ ਵਕਤ ਨਾਜ਼ੀਆ ਨੂੰ ਅਠਾਰਵਾਂ ਵਰ੍ਹਾ ਲੱਗਿਆ ਸੀ। ਉਸ ਤੋਂ ਚਾਰ ਕੁ ਮਹੀਨੇ ਪਹਿਲਾਂ ਅਸੀਂ ਸਾਰਾ ਟੱਬਰ ਪਾਕਿਸਤਾਨ ਗਏ ਸੀ। ਉਦੋਂ ਉੱਥੇ ਮੇਰੀ ਭੁਆ ਦੇ ਮੁੰਡੇ ਅਸਲਮ ਨਾਲ ਨਾਜ਼ੀਆ ਦੀ ਸਗਾਈ ਕਰ ਦਿੱਤੀ ਗਈ ਸੀ। ਸੰਗਾਈ ਤੋਂ ਬਾਅਦ ਅਸੀਂ ਸਾਰੇ ਇੰਗਲੈਂਡ ਪਰਤ ਆਏ ਸੀ। ਪਰ ਨਾਜ਼ੀਆ ਅਤੇ ਅੰਮੀ ਕੁੱਝ ਦੇਰ ਲਈ ਉਥੇ ਠਹਿਰ ਗਈਆਂ ਸਨ। ਸਭ ਦਾ ਉਥੇ ਰਹਿ ਕੇ ਨਹੀਂ ਸੀ ਸਰਦਾ। ਖਾਸ ਕਰਕੇ ਅੱਬਾ ਦਾ। ਇੱਥੋਂ ਦੇ ਖਰਚਿਆਂ ਦਾ ਦਾਰੋਮਦਾਰ ਉਨ੍ਹਾਂ ਦੀ ਕਮਾਈ 'ਤੇ ਹੀ ਟਿਕਿਆ ਹੋਇਆ ਸੀ। ਤੇ ਸਾਡਾ ਪੜ੍ਹਾਈ ਦਾ ਹਰਜ ਵੀ ਹੋ ਰਿਹਾ ਸੀ।
           ਪਾਕਿਸਤਾਨ ਵਿੱਚ ਅੰਮੀ ਹੋਰਾਂ ਨੂੰ ਅਸਲਮ ਹੀ ਹਰ ਥਾਂ ਆਪਣੀ ਕਾਰ ਵਿੱਚ ਘੁੰਮਾਉਂਦਾ ਫਿਰਾਉਂਦਾ ਰਿਹਾ ਸੀ। ਇਸ ਤਰ੍ਹਾਂ ਨਾਜ਼ੀਆਂ ਨੂੰ ਆਪਣੇ ਹੋਣ ਵਾਲੇ ਖਾਵੰਦ ਨੂੰ ਜਾਣਨ ਦਾ ਮੌਕਾ ਮਿਲ ਗਿਆ ਸੀ। ਤਿੰਨ ਚਾਰ ਦਿਨ ਵਿੱਚ ਹੀ ਉਹ ਆਪਣੇ ਸਾਹੁਰੇ ਪਰਿਵਾਰ ਨਾਲ ਰਚ-ਮਿਚ ਗਈ ਸੀ। ਲਾਹੌਰ ਦੇ ਮਾਡਲ ਟਾਊਨ ਦੀ ਜਿਸ ਪੌਸ਼ ਕਲੋਨੀ ਵਿੱਚ ਸਾਡਾ ਬੰਗਲਾ ਸੀ, ਉਸਦੇ ਨਜ਼ਦੀਕ ਹੀ ਗੁਲਬਰਗ ਦੇ ਇਲਾਕੇ ਵਿੱਚ ਅਸਲਮ ਹੋਰਾਂ ਦੀ ਕਰੋੜ ਰੁਪਏ ਦੀ ਲਾਗਤ ਵਾਲੀ ਆਲੀਸ਼ਾਨ ਕੋਠੀ ਸੀ। ਇਸ ਵਜ੍ਹਾ ਨਾਲ ਅਸਲਮ ਦੇ ਘਰ ਨਾਜ਼ੀਆ ਦਾ ਆਉਣ ਜਾਣ ਆਮ ਹੀ ਬਣਿਆ ਰਹਿੰਦਾ ਸੀ। ਨਾਜ਼ੀਆ ਦਸਦੀ ਹੁੰਦੀ ਸੀ ਕਿ ਅੰਮੀ ਦੀ ਆਗਿਆ ਨਾਲ ਅਸਲਮ ਅਕਸਰ ਉਸਨੂੰ ਥੀਏਟਰ, ਸ਼ਾਲੀਮਾਰ ਬਾਗ ਜਾਂ ਕੋਈ ਹੋਰ ਆਸ਼ਿਕਾਨਾ ਸਥਾਨ ਦਿਖਾਉਣ ਲੈ ਜਾਇਆ ਕਰਦਾ ਹੁੰਦਾ ਸੀ। ਬੜਾ ਕੁੱਝ ਹੈ ਲਾਹੌਰ ਵਿੱਚ ਵੇਖਣ ਵਾਲਾ। ਇੱਕ ਅਖਾਣ ਮੁਤਾਬਕ ਜੀਹਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ। ਅਰਥਾਤ ਉਸਨੇ ਕੁੱਝ ਵੀ ਕਾਬਲ-ਏ-ਦਿਦਾਰ  ਸਥਾਨ ਨਹੀਂ ਤੱਕਿਆ। ਮੈਨੂੰ ਸੁਣ ਕੇ ਹੈਰਾਨੀ ਹੋਈ ਸੀ ਕਿ ਪਾਕਿਸਤਾਨ ਦੇ ਲੋਕ ਵੀ ਐਨੇ ਮੌਡਰਨ  ਹੋ ਗਏ ਹਨ? ਜੋ ਕੁੜੀ-ਮੁੰਡੇ ਨੂੰ ਵਿਆਹ ਤੋਂ ਪਹਿਲਾਂ ਹੀ ਸੈਰ-ਓ-ਤਫਰੀ ਲਈ ਇਕੱਲੇ ਜਾਣ ਦੀ ਅਨੁਮਤੀ ਦੇ ਦਿੰਦੇ ਹਨ।
           ਅਸਲਮ ਦੇ ਪਰਿਵਾਰ ਨੇ ਤਾਂ ਨਾਜ਼ੀਆ ਨੂੰ ਇੱਕ-ਅੱਧੀ ਰਾਤ ਲਈ ਆਪਣੇ ਘਰ ਰੱਖਣ ਦੀ ਪਰਵਾਨਗੀ ਵੀ ਮੰਗੀ ਸੀ। ਲੇਕਿਨ ਅੰਮੀ ਨੇ ਨਾਜ਼ੀਆ ਦੇ ਉਨ੍ਹਾਂ ਘਰ ਰਾਤ ਕੱਟਣ ਬਾਰੇ ਕੋਰਾ ਜੁਆਬ ਦੇ ਦਿੱਤਾ ਸੀ, "ਕੁਆਰੇ ਨਾਤੇ। ਨਾ ਭਾਈ। ਸਾਰਾ ਦਿਨ ਤਾਂ ਇਹ ਤੁਹਾਡੇ ਘਰੇ ਹੀ ਰਹਿੰਦੀ ਹੈ। ਰਾਤ ਨੂੰ ਨ੍ਹੀਂ ਮੈਂ ਕੁੜੀ ਨੂੰ ਛੱਡਣਾ। ਲੋਕ ਕੀ ਕਹਿਣਗੇ?"
           ਨਾਜ਼ੀਆ ਦੇ ਸੱਸੁਰਾਲ ਵਾਲੇ ਚੁੱਪ ਕਰ ਕੇ ਅੰਮੀ ਦੇ ਆਖੇ ਲੱਗ ਗਏ ਸਨ।
           ਅਸਲਮ ਨੇ ਜਦੋਂ ਨਾਜ਼ੀਆ ਨੂੰ ਰਾਤ ਆਪਣੇ ਗ੍ਰਹਿ ਵਿਖੇ ਰੱਖਣ ਬਾਰੇ ਸੋਚਿਆ ਹੋਊ, ਹੋ ਸਕਦਾ ਹੈ ਅਸਲਮ ਦਾ ਇਹ ਦੋ ਚਾਰ ਰਾਤ ਨਾਜ਼ੀਆ ਨੂੰ ਆਪਣੇ ਨਾਲ ਸਵਾਉਣ ਦਾ ਇਰਾਦਾ ਹੋਵੇ? ਜੇ ਉਹਦਾ ਇਰਾਦਾ ਨਾ ਵੀ ਹੁੰਦਾ ਤਾਂ ਨਾਜ਼ੀਆ ਨੇ ਰਾਤ ਨੂੰ ਉੱਠ ਕੇ ਆਪ ਹੀ ਉਹਦੇ ਨਾਲ ਜਾ ਪੈਣਾ ਸੀ। ਅਸਲਮ ਤਾਂ ਸੁਣਿਆ ਸੀ ਬੜਾ ਸੰਗਾਊ ਸੀ। ਨਾਜ਼ੀਆ ਚੁਸਤ ਸੀ। ਨਾਜ਼ੀਆ ਦੱਸਦੀ ਸੀ ਇੱਕ ਵਾਰ ਉਹ ਦੋਨੋਂ ਇਕੱਠੇ ਬਿਲਾਲਗੰਜ ਰੋਡ 'ਤੇ ਪੈਰਾਡਾਈਸ ਸਟੂਡੀਉ  ਵਿੱਚ ਫੋਟੋ ਖਿਚਵਾਉਣ ਚਲੇ ਗਏ। ਫੋਟੋਗ੍ਰਾਫਰ ਨੇ ਅੱਗੇ ਸਟੂਡੀਉ ਵਿੱਚ ਲੰਘਾ ਕੇ ਕਿਹਾ, "ਤੁਸੀਂ ਮੈਅਕੱਪ ਰੂਮ  ਵਿੱਚ ਜਾ ਕੇ ਆਪਣੇ ਵਾਲ-ਵੂਲ ਠੀਕ ਕਰਕੇ ਤਿਆਰ ਹੋਵੋ ਮੈਂ ਆਉਂਦਾ ਹਾਂ।"
           ਤਿਆਰ ਉਨ੍ਹਾਂ ਨੇ ਕੀ ਹੋਣਾ ਸੀ? ਤਿਆਰ ਹੋ ਕੇ ਤਾਂ ਉਹ ਘਰੋਂ ਹੀ ਗਏ ਸਨ। ਨਾਜ਼ੀਆ ਹੋਰਾਂ ਨੂੰ ਏਦੂੰ ਵਧੀਆ ਤੇ ਤਨਹਾਈ ਭਰਿਆ ਮਾਹੌਲ ਸਾਰੇ ਪਾਕਿਸਤਾਨ ਵਿੱਚ ਹੋਰ ਕਿੱਥੇ ਨਸੀਬ ਹੋਣਾ ਸੀ? ਅਸਲਮ ਤਾਂ ਸੰਗਦਾ ਪਰ੍ਹਾਂ ਖੜ੍ਹਾ ਰਿਹਾ ਸੀ। ਨਾਜ਼ੀਆ ਆਪ ਹੀ ਜਾ ਕੇ ਉਹਦੇ ਨਾਲ ਲੱਗ ਗਈ ਸੀ। ਫਿਰ ਕਿਤੇ ਜਾ ਕੇ ਉਹਦਾ ਹੌਂਸਲਾ ਖੁੱਲ੍ਹਿਆ ਸੀ ਤੇ ਅਸਲਮ ਨੇ ਕਿੱਸ  ਕਰਨ ਲਈ ਜੱਫੀ ਪਾਈ ਸੀ। ਉਸ ਵੇਲੇ ਦੇ ਮੰਜ਼ਰ ਨੂੰ ਨਾਜ਼ੀਆ ਨੇ ਆਪਣੇ ਸ਼ਬਦਾਂ ਵਿੱਚ ਇੰਝ ਬਿਆਨ ਕੀਤਾ ਸੀ, "ਹਾਏ! ਸ਼ਾਜੀਆ, ਮੇਰਾ ਚਿੱਤ ਕਰੇ ਅਸਲਮ ਮੈਨੂੰ ਜ਼ੋਰ ਦੀ ਆਪਣੀਆਂ ਬਾਹਾਂ ਵਿੱਚ ਘੁੱਟ ਲੈਣ। ਐਨੇ ਜ਼ੋਰ ਦੀ, ਐਨੀ ਸ਼ਿੱਦਤ ਨਾਲ ਕਿ ਮੇਰੇ ਬਦਨ 'ਤੇ ਲਾਸਾਂ ਪੈ ਜਾਣ, ਜਿਵੇਂ ਘੁੱਟ ਕੇ ਬੰਨ੍ਹੇ ਨਾਲੇ ਦੀਆਂ ਲੱਕ 'ਤੇ ਪੈ ਜਾਂਦੀ ਹਨ।
           ਨਾਜ਼ੀਆ ਤੇ ਅਸਲਮ ਪਿਆਰ ਕਰਨ ਵਿੱਚ ਰੁੱਝੇ ਹੋਏ ਸਨ ਕਿ ਉਤੋਂ ਦੀ ਫੋਟੋਗ੍ਰਾਫਰ ਆ ਧਮਕਿਆ ਸੀ। ਅਸਲਮ ਨੂੰ ਨਾਜ਼ੀਆ ਦੇ ਬੁੱਲ੍ਹਾਂ, ਗੱਲ੍ਹਾਂ ਅਤੇ ਗਰਦਨ ਤੋਂ ਸ਼ਬਾਬ ਚੂਸਦਾ ਦੇਖ ਕੇ ਉਹ ਸ਼ਰਮਸਾਰ ਜਿਹਾ ਹੋ ਕੇ ਉਨ੍ਹੀਂ ਪੈਰੀਂ ਸੌਰੀ  ਕਹਿ ਕੇ ਵਾਪਸ ਮੁੜ ਗਿਆ ਸੀ।
           ਬਹਰਹਾਲ, ਉਸ ਸਟੂਡੀਉ ਵਿੱਚ ਨਾਜ਼ੀਆ ਹੋਰਾਂ ਨੇ ਸਟਾਰਡੱਸਟ, ਸਿਨੇ ਬਲਿਟਜ਼ ਅਤੇ ਮੂਵੀ ਵਰਗੇ ਗਲੌਸੀ ਫਿਲਮੀ ਮੈਗਜ਼ੀਨਾਂ ਦੇ ਪੰਨਿਆਂ 'ਤੇ ਛਪਣ ਵਾਲੀਆਂ ਭੜਕੀਲੀਆਂ ਫੋਟੋਆਂ ਵਰਗੇ ਪੋਜ਼ ਬਣਾ ਕੇ ਤਸਵੀਰਾਂ ਲਹਾਈਆਂ ਸਨ।
           ਨਾਜ਼ੀਆ ਹੋਰ ਵੀ ਬੜਾ ਕੁੱਝ ਦੱਸਦੀ ਸੀ ਜਿਸ ਤੋਂ ਨਾਜ਼ੀਆ ਦੇ ਸਾਹੁਰਿਆਂ ਦੇ ਆਜ਼ਾਦ ਖ਼ਿਆਲਾਤ ਹੋਣ ਦਾ ਸੰਕੇਤ ਮਿਲਦਾ ਸੀ। ਉਹ ਕਮ-ਜ਼ਿਹਨ ਹੋ ਵੀ ਕਿਵੇਂ ਸਕਦੇ ਸਨ? ਸਾਰਾ ਪਰਿਵਾਰ ਤਾਂ ਉਨ੍ਹਾਂ ਦਾ ਪੜ੍ਹਿਆ-ਲਿਖਿਆ ਸੀ। ਵੈੱਲ ਐਜੂਕੇਟਡ । ਹਰ ਜੀਅ ਨੇ ਘੱਟੋ-ਘੱਟ ਗਰੈਜੂਏਸ਼ਨ  ਤਾਂ ਕਰ ਹੀ ਰੱਖੀ ਸੀ। ਫਿਰ ਉਹ ਲਾਹੌਰ ਵਰਗੇ ਮਹਾਂਨਗਰ ਵਿੱਚ ਰਹਿ ਰਹੇ ਸਨ। ਕਿਸੇ ਪੱਛੜੇ ਹੋਏ ਪਿੰਡ ਜਾਂ ਕਸਬੇ ਵਿੱਚ ਨਹੀਂ।
           ਵੈਸੇ ਵੀ ਪਾਕਿਸਤਾਨ ਹੁਣ ਉਹ ਪਾਕਿਸਤਾਨ ਨਹੀਂ ਸੀ ਰਹਿ ਗਿਆ। ਬਹੁਤ ਤਰੱਕੀ ਕਰ ਗਿਆ ਸੀ। ਉਥੇ ਦੇ ਲੋਕਾਂ ਨੇ ਸੰਕੀਰਨ ਸੋਚਾਂ ਦਾ ਤਿਆਗ ਕਰ ਦਿੱਤਾ ਸੀ। ਪਾਕਿਸਤਾਨ ਦੀਆਂ ਕੁੜੀਆਂ ਇੰਗਲੈਂਡ ਦੀਆਂ ਕੁੜੀਆਂ ਨਾਲੋਂ ਵੱਧ ਫੈਸ਼ਨ ਕਰਨ ਲੱਗ ਪਈਆਂ ਸਨ। ਵਾਲ ਕਟਾਉਣ, ਸੇਹਲੀਆਂ ਮੁੰਨਣ, ਬਿਉਟੀ ਪਾਰਲਰਾਂ ਵਿੱਚ ਜਾਣ ਅਤੇ ਪੰਛਮੀ ਲਿਬਾਸ ਪਾਉਣ ਲੱਗ ਪਈਆਂ ਸਨ। ਪਾਕਿਸਤਾਨ ਦੇ ਸ਼ਹਿਰਾਂ ਦੀਆਂ ਸੜਕਾਂ 'ਤੇ ਨੌਜਵਾਨ ਅਤੇ ਇੱਕਲੀਆਂ ਕੁੜੀਆਂ ਮਰਸਡੀਜ਼ ਕਾਰਾਂ ਘੁੰਮਾਈ ਫਿਰਦੀਆਂ ਆਮ ਦੇਖਣ ਨੂੰ ਮਿਲਦੀਆਂ ਸਨ। ਹੋਟਲਾਂ ਵਿੱਚ ਮੁੰਡਿਆਂ ਨਾਲ ਉਨ੍ਹਾਂ ਦੇ ਇਸ਼ਕ ਲੜਾਉਣੇ ਗੁੱਝੇ ਨਹੀਂ ਸਨ ਰਹਿੰਦੇ। ਪਾਕਿਸਤਾਨ ਦੇ ਬਾਕੀ ਸ਼ਹਿਰਾਂ ਵਿੱਚ ਵੀ ਲੰਡਨ, ਪੈਰਿਸ ਅਤੇ ਨਿਊਯਾਰਕ ਵਾਂਗ ਜਗ੍ਹਾ-ਜਗ੍ਹਾ ਕਲੱਬ  ਖੁੱਲ੍ਹ ਗਏ ਸਨ, ਜਿੱਥੇ ਨੌਜਵਾਨ ਮੰਡੇ-ਕੁੜੀਆਂ ਇਕੱਠੇ ਹੋ ਕੇ ਨੱਚਦੇ, ਹੱਲਾ-ਗੁੱਲਾ ਕਰਦੇ। ਉਥੇ ਦੀਆਂ ਨਾਰੀਆਂ ਵੀ ਮੇਮਾਂ ਵਾਂਗ ਸ਼ਰਾਬ ਅਤੇ ਸਿਗਰਟਾਂ ਪੀਣ ਲੱਗ ਗਈਆਂ ਸਨ ਅਤੇ ਉਨ੍ਹਾਂ ਵਿੱਚ ਵੀ ਬੋਏ ਫਰੈਂਡ  ਰੱਖਣ ਦਾ ਰਿਵਾਜ ਜ਼ੋਰ-ਸ਼ੋਰ ਨਾਲ ਪ੍ਰਚੱਲਤ ਹੋ ਗਿਆ ਸੀ। ਉਥੇ ਦੇ ਲੋਕ ਆਪਣੇ ਕਵਾਰੇ ਧੀਆਂ-ਪੁੱਤਰਾਂ ਨੂੰ ਪ੍ਰੇਮ ਕਰਨ ਅਤੇ ਯਾਰੀਆਂ ਲਾਉਣ ਦੀ ਖੁੱਲ੍ਹ ਦੇਣ ਲੱਗ ਪਏ ਸਨ। ਅੰਤਰ-ਜਾਤੀ ਵਿਆਹ ਉਥੇ ਆਮ ਜਿਹੀ ਗੱਲ ਬਣ ਕੇ ਰਹਿ ਗਈ ਸੀ। ਇੱਕ  ਉਹ ਪਾਕਿਸਤਾਨ ਵਿੱਚ ਵਸਦੇ ਲੋਕ ਸਨ, ਜੋ ਇਸ ਕਦਰ ਆਧੁਨਿਕ ਹੋ ਗਏ ਸਨ। ਦੂਜੇ ਪਾਸੇ ਮੇਰੇ ਮਾਪਿਆਂ ਵਰਗੇ ਲੋਕ ਵੀ ਸਨ ਜੋ ਇੰਗਲੈਂਡ ਵਿੱਚ ਰਹਿੰਦੇ ਹੋਏ ਵੀ ਪੁਰਾਣੇ ਘਸੇ-ਪਿਟੇ ਖ਼ਿਆਲਾਂ ਤੋਂ ਛੁਟਕਾਰਾ ਪਾਉਣ ਦੀ ਬਜਾਏ, ਉਨ੍ਹਾਂ ਨਾਲ ਚਿਪਕੇ ਹੋਏ ਸਨ। ਪਾਕਿਸਤਾਨ ਦੇ ਵਸਨੀਕਾਂ ਨੂੰ ਦੇਖ ਕੇ ਮੈਨੂੰ ਤਾਂ ਇਉਂ ਲੱਗਦਾ ਹੁੰਦਾ ਸੀ ਜਿਵੇਂ ਉਹ ਇੰਗਲੈਂਡ ਵਿੱਚ ਰਹਿ ਰਹੇ ਹੋਣ ਤੇ ਅਸੀਂ ਇੱਥੇ ਇੰਗਲੈਂਡ ਬੈਠੇ ਪਾਕਿਸਤਾਨ ਵਿੱਚ।
           ਮੈਨੂੰ ਇਉਂ ਜਾਪਦਾ ਸੀ ਜਿਵੇਂ ਮੇਰੇ ਮਾਪੇ ਇਕਵੀਂ ਸਦੀ ਨਹੀਂ, ਬਲਕਿ ਪੱਥਰ ਯੁੱਗ ਜਾਂ ਪਹੀਆ ਯੁੱਗ ਵਿੱਚ ਜੀਅ ਰਹੇ ਹੋਣ। ਅੰਮੀ ਦੀ ਸੋਚ ਵਿੱਚ ਤਾਂ ਅਜੇ ਫਿਰ ਕੁੱਝ ਨਵੀਨਤਾ ਸੀ। ਪਰ ਅੱਬਾ ਬਹੁਤੇ ਤੰਗ ਦਿਮਾਗ ਦੇ ਮਾਲਕ ਸਨ।
           ਅਸਲਮ ਤੋਂ ਵਿਛੜੇ ਕੇ ਨਾਜ਼ੀਆ ਜਦੋਂ ਵਾਪਸ ਇੱਧਰ ਆਈ ਸੀ ਤਾਂ ਕਈ ਦਿਨ ਉਹਦਾ ਜੀਅ ਨਹੀਂ ਸੀ ਲੱਗਿਆ। ਉਸਨੂੰ ਪਾਕਿਸਤਾਨ ਦੀਆਂ ਯਾਦਾਂ ਸਤਾਉਂਦੀਆਂ ਰਹੀਆਂ ਸਨ। ਅਸਲਮ ਦੇ ਫਰਾਕ ਨੇ ਉਸਦਾ ਬੁਰਾ ਹਾਲ ਕਰ ਦਿੱਤਾ ਸੀ। ਲਾਹੌਰ ਰਹਿੰਦਿਆਂ ਉਹ ਰੋਜ਼ ਇੱਕ ਦੂਜੇ ਨੂੰ ਮਿਲਦੇ ਹੁੰਦੇ ਸਨ। ਇੱਕ ਦੂਸਰੇ ਦਾ ਮੂੰਹ ਦੇਖੇ ਬਿਨਾਂ ਬੁਰਕੀ ਨਹੀਂ ਸੀ ਖਾਂਦੇ ਹੁੰਦੇ। ਨਾਜ਼ੀਆ ਨੇ ਅਸਲਮ ਨੂੰ ਫੋਨ ਕਰਨ ਦੀ ਅਨੁਮਤੀ ਮੰਗੀ ਸੀ ਤਾਂ ਉਸਨੂੰ ਇਨਕਾਰ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹਦੀ ਅਸਲਮ ਨਾਲ ਮੰਗਣੀ ਹੋ ਚੁੱਕੀ ਸੀ। ਪਿਛਾਂਹ ਖਿੱਚੂ ਖ਼ਿਆਲਾਂ ਦੇ ਹੋਣ ਕਰਕੇ ਅੱਬਾ ਕੁੜੀਆਂ ਨੂੰ ਬਹੁਤੀ ਢਿੱਲ ਦੇਣ ਦੇ ਹੱਕ ਵਿੱਚ ਨਹੀਂ ਸਨ। ਪਰ ਜ਼ਮਾਨੇ ਦੇ ਰੋਕਿਆਂ ਦਿਵਾਨੇ ਕਦੋਂ ਰੁਕਦੇ ਹਨ? ਅੱਬਾ ਤੋਂ ਚੋਰੀ ਨਾਜ਼ੀਆ ਆਪਣੇ ਮੰਗੇਤਰ ਨੂੰ ਅਕਸਰ ਪਾਕਿਸਤਾਨ ਫੋਨ ਕਰ ਲੈਂਦੀ ਹੁੰਦੀ ਸੀ। ਬਾਅਦ ਵਿੱਚ ਅੰਮੀ ਨੇ ਉਸਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ। ਕਦੇ-ਕਦੇ ਉਧਰੋਂ ਵੀ ਫੋਨ ਆ ਜਾਂਦਾ ਹੁੰਦਾ ਸੀ। ਘੰਟਾ-ਘੰਟਾ ਦੋ-ਦੋ ਘੰਟੇ, ਪਤਾ ਨਹੀਂ ਨਾਜ਼ੀਆ ਤੇ ਅਸਲਮ ਕੀ ਕੀ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ? ਜੇ ਲਾਈਨਾਂ ਵਿੱਚ ਕੋਈ ਨੁਕਸ ਹੋਣ ਦੀ ਵਜ੍ਹਾ ਨਾਲ ਫੋਨ ਨਾ ਵੀ ਮਿਲਦਾ ਤਾਂ ਉਹ ਇੱਕ ਦੂਜੇ ਨੂੰ ਈ ਮੇਲ  ਕਰ ਦਿੰਦੇ ਹੁੰਦੇ ਸਨ।
           ਵਿਆਹ ਤੋਂ ਪਹਿਲਾਂ ਹੀ ਨਾਜ਼ੀਆ ਨੂੰ ਆਪਣੇ ਹੋਣ ਵਾਲੇ ਪਤੀ ਨਾਲ ਪਿਆਰ ਹੋ ਗਿਆ ਸੀ। ਨਾਜ਼ੀਆ ਤਾਂ ਅਸਲਮ ਦੀ ਫੋਟੋ ਦਾ ਖਹਿੜਾ ਹੀ ਨਹੀਂ ਸੀ ਛੱਡਦੀ ਹੁੰਦੀ। ਉਸਨੇ ਆਪਣੇ ਲੌਕਟ ਵਿੱਚ ਪਾ ਕੇ ਅਸਲਮ ਦੀ ਤਸਵੀਰ ਹਿੱਕ 'ਤੇ ਸਜਾਈ ਹੋਈ ਸੀ। ਜਿਵੇਂ ਕਿਸੇ ਫੌਜੀ ਨੂੰ ਜੰਗ ਵਿੱਚ ਦਿਖਾਈ ਬਹਾਦਰੀ ਬਦਲੇ ਮਿਲਿਆ ਹੋਇਆ ਤਗਮਾ ਹੁੰਦਾ ਹੈ। ਅਸਲਮ ਦੀ ਮੁਹੱਬਤ ਵਿੱਚ ਸ਼ੁਦੈਣ ਹੋਈ ਨਾਜ਼ੀਆ ਦੇ ਪਾਗਲਪਨ ਉਤੇ ਮੈਨੂੰ ਬੜਾ ਹਾਸਾ ਆਉਂਦਾ ਹੁੰਦਾ ਸੀ। ਭਾਵੇਂ ਕਿ ਮੇਰੇ ਆਪਣੇ ਝੱਲਪੁਣੇ ਅੱਗੇ ਉਹਦੀ ਦਿਵਾਨਗੀ ਕੁੱਝ ਵੀ ਨਹੀਂ ਸੀ।  ਨਾਜ਼ੀਆ ਨਾਲੋਂ ਜ਼ਿਆਦਾ ਤਾਂ ਮੈਂ ਇਕਬਾਲ ਦੇ ਪਿਆਰ ਵਿੱਚ ਕਮਲੀ ਸੀ।
           "ਜੀਜਾ ਜੀ ਨੂੰ ਇੱਥੇ ਆਇਆਂ ਨੂੰ ਤਾਂ ਲੱਗਦੈ ਤੂੰ ਨਿਗਲ ਹੀ ਜਾਏਂਗੀ!" ਇੱਕ ਦਿਨ (ਮਾਫ਼ ਕਰਨਾ, ਅਸਲ ਵਿੱਚ ਰਾਤ ਸੀ ਉਦੋਂ) ਨਾਜ਼ੀਆ ਨੂੰ ਅਸਲਮ ਦੀ ਫੋਟੋ ਨੂੰ ਵਾਹੋਦਾਹੀ ਚੁੰਮੀ ਜਾ ਰਹੀ ਤੱਕ ਕੇ ਮੈਂ ਛੇੜਖਾਨੀ ਕੀਤੀ ਸੀ।
           "ਹਾਏ ਅੱਲ੍ਹਾ, ਤੂੰ ਮੈਨੂੰ ਦੇਖ ਲਿਐ?" ਨਾਜ਼ੀਆ ਨੇ ਸ਼ਰਮਸਾਰ ਹੁੰਦਿਆਂ ਆਪਣਾ ਮੂੰਹ ਆਪਣੀ ਚੁੰਨੀ ਵਿੱਚ ਛੁਪਾ ਲਿਆ ਸੀ। ਉਸਨੂੰ ਮੇਰੀ ਮੌਜੂਦਗੀ ਦਾ ਅਹਿਸਾਸ ਮੇਰੇ ਬੋਲਿਆਂ ਹੀ ਹੋਇਆ ਸੀ। ਅਸਲਮ ਦੇ ਖ਼ਿਆਲਾਂ ਵਿੱਚ ਡੁੱਬੀ ਹੋਈ ਨੂੰ ਉਹਨੂੰ ਕੋਈ ਸੁੱਧ-ਬੁੱਧ ਹੀ ਨਹੀਂ ਸੀ ਰਹੀ। ਇਸ਼ਕ ਦਾ ਤਲਿੱਸਮ ਹੈ ਹੀ ਐਸਾ ਜਿਸਨੂੰ ਹੋ ਜਾਵੇ ਉਹਦੇ ਸਿਰ ਚੜ੍ਹ ਕੇ ਬੋਲਦਾ ਹੈ।
           ਵਿਆਹ। -ਪਤੀ। -ਘਰ। -ਬੱਚੇ। ਬਸ, ਇਸ ਤੋਂ ਵੱਧ ਨਾਜ਼ੀਆ ਨੇ ਆਪਣੀ ਜ਼ਿੰਦਗੀ ਵਿੱਚ ਕੀ ਦੇਖਣਾ ਸੀ? ਨਾਜ਼ੀਆ ਦਾ ਸੁਪਨਾ ਵੀ ਇਹ ਸਭ ਚੀਜ਼ਾਂ ਹੀ ਸਨ। ਇਸੇ ਲਈ ਉਹ ਖੁਸ਼ ਅਤੇ ਸੰਤੁਸ਼ਟ ਸੀ। ਲੇਕਿਨ ਮੇਰੇ ਖ਼ੁਆਬ ਐਨੇ ਛੋਟੇ ਨਹੀਂ ਸਨ । ਜਿਵੇਂ ਉਹ ਕਹਾਵਤ ਹੈ ਨਾ ਕਿ ਨੋ ਨੌਲਿਜ ਵਿਦਾਊਟ ਕਾਲਿਜ। ਮੈਂ ਵੀ ਨੌਲਿਜ ਹਾਸਲ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਸਕੂਲ ਤੋਂ ਬਾਅਦ ਕਾਲਜ਼ ਅਤੇ ਫਿਰ ਯੂਨੀਵਰਸਿਟੀ ਪੜ੍ਹਨਾ ਚਾਹੁੰਦੀ ਸੀ। ਉੱਚ ਵਿੱਦਿਆ ਗ੍ਰਹਿਣ ਕਰਨਾ ਚਾਹੁੰਦੀ ਸੀ। ਕੋਈ ਡਿਗਰੀ ਪ੍ਰਾਪਤ ਕਰਨੀ ਚਾਹੁੰਦੀ ਸੀ। ਤੇ ਫੇਰ ਕੋਈ ਵਧੀਆ ਜਿਹੀ ਨੌਕਰੀ ਕਰਕੇ ਖੁਦ ਆਪਣੇ ਪੈਰਾਂ ਉੱਤੇ ਖਲੋਣਾ ਚਾਹੁੰਦੀ ਸੀ। ਮੈਂ ਅਥਾਹ ਨਾਮ ਕਮਾਉਣਾ ਚਾਹੁੰਦੀ ਸੀ। ਬੇਸ਼ੁਮਾਰ ਦੌਲਤ ਕਮਾਉਣੀ ਚਾਹੁੰਦੀ ਸੀ। ਦੁਨੀਆਂ ਨੂੰ ਕੁੱਝ ਬਣ ਕੇ ਦਿਖਾਉਣਾ ਚਾਹੁੰਦੀ ਸੀ। ਪਾਊਡਰ, ਸੁਰਖੀਆਂ, ਅੰਦਰੁਨੀ ਵਸਤਰਾਂ ਆਦਿ ਨਿਗੁਣੀਆਂ ਜਿਹੀਆਂ ਵਸਤਾਂ ਖਰੀਦਣ ਦੇ ਖਰਚੇ ਲਈ ਆਦਮੀਆਂ ਮੂਹਰੇ ਦੇਸੀ ਔਰਤਾਂ ਵਾਂਗ ਮੈਂ ਹੱਥ ਅੱਡਣ ਦੇ ਹੱਕ ਵਿੱਚ ਨਹੀਂ ਸੀ। ਹੋਰ ਨਹੀਂ ਤਾਂ ਕਮ-ਅਜ਼-ਕਮ ਮੈਂ ਕੋਈ ਵਪਾਰ ਸ਼ੁਰੂ ਕਰਕੇ ਇੱਕ ਸਫਲ ਬਿਜ਼ਨੈੱਸ ਵੁਮਿਨ ਵਜੋਂ ਆਪਣੀ ਪਹਿਚਾਣ ਬਣਾ ਲੈਣਾ ਚਾਹੁੰਦੀ ਸੀ।  ਨਾਜ਼ੀਆ ਵਰਗੀ ਜ਼ਿੰਦਗੀ ਹੀ ਮੇਰੇ ਸਿਰ ਧੋਪੀ ਜਾਣ ਦਾ ਮਨਸੂਬਾ ਬਣਾਇਆ ਜਾ ਰਿਹਾ ਸੀ। ਮੈਂ ਭਾਂਡੇ ਮਾਂਜਣ ਅਤੇ ਹਰ ਵੇਲੇ ਨਿਆਣਿਆਂ ਦੀਆਂ ਨਾਪੀਆਂ ਬਦਲਣ ਵਾਲੀ ਘਰੇਲੂ ਸੁਆਣੀ ਬਣ ਕੇ ਆਪਣਾ ਜੀਵਨ ਬਰਬਾਦ ਨਹੀਂ ਸੀ ਕਰਨਾ ਚਾਹੁੰਦੀ। ਧਰਮ ਫੈਲਾਉਣ ਦੇ ਜਨੂੰਨ ਵਿੱਚ ਹਰ ਸਾਲ ਉਪਰੋਥਲੀ ਬੱਚੇ 'ਤੇ ਬੱਚਾ ਜਣ ਕੇ ਮੈਂ ਆਪਣੀ ਦੇਹ ਨੂੰ ਖੋਖਲਾ ਅਤੇ ਬਿਮਾਰੀਆਂ ਦਾ ਅੱਡਾ ਨਹੀਂ ਸੀ ਬਣਾਉਣਾ ਚਾਹੁੰਦੀ। ਬੜੀਆਂ ਵੱਡੀਆਂ-ਵੱਡੀਆਂ ਯੋਜ਼ਨਾਵਾਂ ਉਲੀਕੀਆਂ ਹੋਈਆਂ ਸਨ ਮੈਂ ਆਪਣੇ ਭਵਿੱਖ ਲਈ। ਅਸਮਾਨ ਦੀਆਂ ਬੁਲੰਦੀਆਂ ਛੂਹਣਾ ਚਾਹੁੰਦੀ ਸੀ ਮੈਂ। ਮੇਰੇ ਨਿਸ਼ਾਨੇ ਬੁਹਤ ਉੱਚੇ ਅਤੇ ਦੂਰ ਦੇ ਸਨ।
           ਅਰੇਂਜ਼ ਮੈਰਿਜ ? ਅਤੇ ਉਹ ਵੀ ਪਾਕਿਸਤਾਨ ਵਿੱਚ? ਨਾ ਬਾਬਾ ਨਾ। ਅਜਿਹੀ ਕਿਸਮ ਦਾ ਕਿਸੇ ਦੁਆਰਾ ਤੈਅ ਕੀਤਾ ਹੋਇਆ ਵਿਆਹ ਕਰਾਵਉਣ ਬਾਰੇ ਸੁਣ ਕੇ ਵਿਆਹ ਕਰਵਾਉਣ ਨੂੰ ਮੇਰੀ ਉੱਕਾ ਹੀ ਰੂਹ ਨਹੀਂ ਸੀ ਕਰਦੀ। ਪਰ ਅਫਸੋਸਨ ਮੇਰੇ ਵਿਆਹ ਦੀਆਂ ਕਾਰਵਾਈਆਂ ਆਰੰਭੀਆਂ ਜਾ ਚੁੱਕੀਆਂ ਸਨ। ਮੈਂ ਇਹ ਵੀ ਜਾਣਦੀ ਸੀ ਕਿ ਮੈਂ ਇਸ ਮਾਮਲੇ ਵਿੱਚ ਕੁੱਝ ਨਹੀਂ ਸੀ ਕਰ ਸਕਦੀ। ਵੱਧ ਤੋਂ ਵੱਧ ਇਸ ਮਾਮਲੇ ਨੂੰ ਇੱਕ ਡੇਢ ਸਾਲ ਲਈ ਟਾਲ ਸਕਦੀ ਸੀ, ਇਸ ਤੋਂ ਜ਼ਿਆਦਾ ਨਹੀਂ। ਜੇ ਹੁਣ ਕੁੱਝ ਦੇਰ ਲਈ ਕੋਈ ਆਲਾ-ਟਾਲਾ ਕਰਕੇ ਸੁਖਾਲੀ ਹੋ ਜਾਂਦੀ ਤਾਂ ਵਰ੍ਹੇ-ਛਮਾਹੀ ਨੂੰ ਫਿਰ ਤਲਵਾਰ ਮੇਰੇ ਸਿਰ 'ਤੇ ਆ ਲਟਕਣੀ ਸੀ। ਬੱਕਰੇ ਦੀ ਮਾਂ ਕਿਤੇ ਕਦ ਤੱਕ ਖ਼ੈਰ ਮਨਾ ਸਕਦੀ ਹੈ? ਇੱਕ ਨਾ ਇੱਕ ਦਿਨ ਤਾਂ ਬੱਕਰਾ ਝਟਕਾ ਹੀ  ਦਿੱਤਾ ਜਾਂਦਾ ਹੈ। ਮੈਨੂੰ ਕੁਰਬਾਨੀ ਦਾ ਬੱਕਰਾ ਬਣਨ ਤੋਂ ਬਚਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਮੈਂ ਡਾਢਾ ਉਦਾਸ ਰਹਿਣ ਲੱਗ ਪਈ ਸੀ।
           ਇਨਸਾਨ ਜਦੋਂ ਆਪਣੀਆਂ ਸਮੱਸਿਆਵਾਂ ਆਪ ਹਲ ਨਾ ਕਰ ਸਕੇ ਤਾਂ ਉਹ ਦੂਸਰਿਆਂ ਤੋਂ ਮਦਦ ਦੀ ਆਸ ਰੱਖਦਾ ਹੈ। ਔਰਤ ਆਪਣੀਆਂ ਮੁਸ਼ਕਲਾਂ ਦੂਜੀ ਔਰਤ ਨਾਲ ਹੀ ਸਾਂਝੀ ਕਰਨ ਨੂੰ ਪਹਿਲ ਦਿੰਦੀ ਹੈ। ਇਸ ਸਮੱਸਿਆ ਵਿੱਚ ਅੰਮੀ ਮੇਰੇ ਵਿਰੁੱਧ ਸੀ। ਨਾਜ਼ੀਆ ਨਾਲ ਵਿਚਾਰ ਨਾ ਮਿਲਦੇ ਹੋਣ ਕਰਕੇ ਮੈਂ ਉਂਝ ਉਸ ਨਾਲ ਕੋਈ ਗੱਲ ਨਹੀਂ ਸੀ ਕਰ ਸਕਦੀ। ਉਸਨੇ ਤਾਂ ਇਹੀ ਕਹਿਣਾ ਸੀ, "ਜੋ ਵਾਲਦਾਇਨ ਕਹਿੰਦੇ ਹਨ, ਉਵੇਂ ਹੀ ਕਰ ਲੈ। ਉਹੀ ਠੀਕ ਹੈ। ਅੰਮੀ ਨੇ ਤੈਨੂੰ ਨੌ ਮਹੀਨੇ ਪੇਟ 'ਚ ਪਾਲਿਐ। ਜਨਮ ਦਿੱਤੈ। ਐਨਾ ਵੀ ਹੱਕ ਨਹੀਂ ਉਨ੍ਹਾਂ ਦਾ ਤੇਰੇ 'ਤੇ?"
           ਮੈਂ ਅਜਿਹੀ ਬਕਵਾਸ ਅੱਗੇ ਪੰਜਾਹ ਦਫ਼ਾ ਸੁਣ ਚੁੱਕੀ ਸੀ। ਰਾਜ਼ੀਆ ਵੈਸੇ ਹੀ ਬਹੁਤ ਛੋਟੀ ਸੀ। ਅਤੇ ਉਸਦੇ ਇਹ ਸਭ ਮਾਮਲਾ ਸਮਝ ਨਹੀਂ ਸੀ ਆਉਣਾ। ਉਹਨੇ ਕਹਿਣਾ ਸੀ, "ਮੈਂ ਆਪਣੀ ਡੌਲੀ ਦਾ ਰੋਜ਼ ਵਿਆਹ ਕਰਦੀ ਹਾਂ ਤੂੰ ਵੀ ਕਰਵਾ ਲੈ।" ਉਹਨੂੰ ਮੈਂ ਸਮਝਾ ਵੀ ਨਹੀਂ ਸੀ ਸਕਦੀ ਕਿ ਵਿਆਹ ਸ਼ਾਦੀ ਕੋਈ ਗੁੱਡੇ-ਗੁੱਡੀ ਦਾ ਖੇਲ ਨਹੀਂ ਹੁੰਦਾ। ਇਹ ਸ਼ਾਦੀ ਤਾਂ ਉਮਰਾਂ ਦਾ ਜੂਆ ਹੁੰਦੀ ਹੈ। ਸ਼ਾਦੀ ਸ਼ਬਦ ਫਾਰਸੀ ਦੇ ਲਫ਼ਜ਼ ਸ਼ਾਦ ਦੀ ਕੁੱਖੋਂ ਜਨਮਿਆਂ ਹੈ। ਸ਼ਾਦ ਦਾ ਅਰਥ ਹੁੰਦਾ ਹੈ ਖੁਸ਼ੀ ਅਤੇ ਖੇੜਾ। ਇਸ ਲਈ ਸ਼ਾਦੀ ਦਾ ਭਾਵ ਹੈ ਪ੍ਰਸੰਨਤਾ ਵਾਲੀ ਕਿਰਿਆ। ਅਜਿਹੀ ਕਾਰਵਾਈ ਜੋ ਜੀਵਨ ਵਿੱਚ ਖੁਸ਼ੀ, ਹੁਲਾਸ, ਆਨੰਦ, ਸੁਆਦ, ਮਿਠਾਸ ਅਤੇ ਪਿਆਰ ਦਾ ਰਸ ਘੋਲੇ ਅਤੇ ਜ਼ਿੰਦਗੀ ਨੂੰ ਜਿਉਣ ਅਤੇ ਮਾਨਣਯੋਗ ਬਣਾਵੇ। ਜਿਸ ਸ਼ਾਦੀ ਕਰਨ ਨਾਲ ਜ਼ਿੰਦਗੀ ਦੋਜ਼ਖ ਅਤੇ ਦੁੱਖਾਂ-ਦਲੀਦਰਾਂ ਵਿੱਚ ਘਿਰ ਜਾਵੇ ਕੀ ਐਸੀ ਕਿਰਿਆ ਨੂੰ ਵੀ ਸ਼ਾਦੀ ਆਖਿਆ ਜਾ ਸਕਦੈ? ਨਿਰਸੰਦੇਅ ਇਸ ਸਵਾਲ ਦਾ ਉੱਤਰ ਨਹੀਂ ਹੈ। ਫਿਰ ਮੈਂ ਐਸੀ ਸ਼ਾਦੀ ਦੇ ਚੱਕਰ ਵਿੱਚ ਪੈਣ ਬਾਰੇ ਰਜ਼ਾਮੰਦ ਹੁੰਦੀ ਵੀ ਕਿਉਂ? ਸਿਰਫ਼ ਅਤੇ ਸਿਰਫ਼ ਇਕਬਾਲ ਨਾਲ ਹੋਏ ਮੇਰੇ ਮਿਲਨ ਨੂੰ ਸ਼ਾਦੀ ਕਿਹਾ ਜਾ ਸਕਦਾ ਸੀ। ਇਸੇ ਲਈ ਮੈਂ ਇਕਬਾਲ ਨੂੰ ਚਿਤਵ ਕੇ ਰੱਟਦੀ ਰਹਿੰਦੀ ਹੁੰਦੀ ਸੀ, 'ਹਮਾਂ ਯਾਰਾਂ ਦੋਜ਼ਖ, ਹਮਾਂ ਯਾਰਾਂ ਬਹਿਸ਼ਤ!' ਜੇਕਰ ਮੇਰੇ ਵਾਲਦਾਇਨ ਇਕਬਾਲ ਨਾਲ ਮੇਰਾ ਵਿਆਹ ਕਰਨ ਨੂੰ ਤਿਆਰ ਹੁੰਦੇ ਤਾਂ ਮੈਂ ਵੀ ਮੰਨ ਜਾਣਾ ਸੀ। ਪਰ ਕਿਸੇ ਹੋਰ ਬਾਰੇ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ। ਇਸ ਲਈ ਮੈਂ ਇਸ ਪੈਦਾ ਹੋਏ ਅਜ਼ਾਬ ਵਿੱਚੋਂ ਨਿਕਲਣਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਕੋਈ ਮੈਨੂੰ ਬਚਣ ਲਈ ਰਾਹ ਟੋਲ ਕੇ ਦੇਵੇ। ਘਰਦਿਆਂ ਅਤੇ ਰਿਸ਼ਤੇਦਾਰਾਂ ਵਿੱਚੋਂ ਤਾਂ ਕਿਸੇ ਨੇ ਮੈਨੂੰ ਨਾ ਤਾਂ ਸਮਝਣਾ ਸੀ ਤੇ ਨਾ ਹੀ ਸਹੀ ਸਲਾਹ ਦੇਣੀ ਸੀ। ਸਗੋਂ ਮੇਰੀ ਗੱਲ ਸੁਣ ਕੇ ਐਵੇਂ ਵਾਧੂ ਦਾ ਜਹਾਦ ਖੜ੍ਹਾ ਕਰ ਦੇਣਾ ਸੀ।
           ਬਾਹਰ ਵੀ ਹੋਰ ਕੋਈ ਮੇਰੀ ਨਿਗਾਹ ਵਿੱਚ ਐਸਾ ਨਹੀਂ ਸੀ ਜਿਸ ਨਾਲ ਮੈਂ ਮਸ਼ਵਰਾ ਕਰ ਸਕਦੀ, ਸਿਵਾਏ ਆਪਣੀਆਂ ਸਕੂਲ ਦੀਆਂ ਸਹੇਲੀਆਂ ਦੇ। ਜਿਵੇਂ ਰੇਨ ਕੋਟ ਆਦਮੀ ਨੂੰ ਭਿੱਜਣ ਨਹੀਂ ਦਿੰਦਾ। ਮੀਂਹ ਵਿੱਚ ਬਚਾ ਕੇ ਰੱਖਦਾ ਹੈ। ਉਵੇਂ ਮਿੱਤਰ-ਸਹੇਲੀਆਂ ਵੀ ਰੇਨ ਕੋਟ ਦੀ ਤਰ੍ਹਾਂ ਹੁੰਦੇ ਹਨ। ਮੈਨੂੰ ਤਵੱਕੋਂ ਸੀ ਕਿ ਮੇਰੀਆਂ ਸਹੇਲੀਆਂ ਮੈਨੂੰ ਇਸ ਸਮੱਸਿਆ ਦੀ ਬਾਰਸ਼ ਵਿੱਚ ਭਿੱਜਣ ਤੋਂ ਬਚਾ ਲੈਣਗੀਆਂ। ਮੇਰੀਆਂ ਸਹੇਲੀਆਂ ਵੀ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਹੀ ਅੰਗਰੇਜ਼ ਸਨ। ਅੰਮੀ ਤਾਂ ਮੈਨੂੰ ਅੰਗਰੇਜ਼ ਕੁੜੀਆਂ ਨਾਲ ਮਿਲਵਰਤਣ ਰੱਖਣ ਤੋਂ ਬੜਾ ਵਰਜਦੀ ਹੁੰਦੀ ਸੀ। ਹੋਇਆ ਇੰਝ ਸੀ ਕਿ ਇੱਕ ਦਿਨ ਕੱਪੜਿਆਂ ਦੀ ਦੁਕਾਨ ਵਾਲੀ ਸ਼ੱਬੋ ਬੁੜ੍ਹੀ ਨੇ ਮੇਰੀ ਸਹੇਲੀ ਟਰੇਸਾ ਨੂੰੰ ਕਿਸੇ ਆਦਮੀ ਤੋਂ ਸਿਗਰਟਾਂ ਲੈ ਕੇ ਪੀਂਦੀ ਦੇਖ ਲਿਆ ਸੀ। ਟਰੇਸਾ ਦਾ ਘਰ ਮੇਰੇ ਸਕੂਲ ਦੇ ਰਾਹ ਵਿੱਚ ਪੈਂਦਾ ਹੋਣ ਕਰਕੇ ਮੈਂ ਰੋਜ਼ਾਨਾ ਟਰੇਸਾ ਨਾਲ ਸਕੂਲ ਜਾਂਦੀ ਹੁੰਦੀ ਸੀ। ਸ਼ੱਬੋ ਨੇ ਮੈਨੂੰ ਕਈ ਵਾਰ ਟਰੇਸਾ ਨਾਲ ਘੁੰਮਦਿਆਂ ਦੇਖਿਆ ਹੋਇਆ ਸੀ। ਸ਼ੱਬੋ ਨੇ ਅੰਮੀ ਦੇ ਕੰਨ ਭਰ ਦਿੱਤੇ ਸਨ, "ਭੈਣ, ਫਲ ਆਪਦੀ ਰੰਗਤ ਤੋਂ ਅਤੇ ਮਨੁੱਖ ਸੰਗਤ ਤੋਂ ਪਹਿਚਾਣਿਆ ਜਾਂਦਾ ਹੈ। ਤੁਹਾਡੀ ਕੁੜੀ ਦੀ ਗਲਤ ਜਿਹੀ ਕਿਸਮ ਦੀਆਂ ਅੰਗਰੇਜ਼ ਕੁੜੀਆਂ ਨਾਲ ਬਹਿਣੀ-ਉਠਣੀ ਹੈ। ਹਟਾਉ ਭਾਈ, ਖਰਬੂਜੇ ਨੂੰ ਦੇਖ ਕੇ ਹੀ ਖਰਬੂਜਾ ਰੰਗ ਵਟਾਉਂਦਾ ਐ। ਕੱਲ੍ਹ ਨੂੰ ਕੋਈ ਜਾਹ ਜਾਂਦੀ ਹੋ ਗਈ ਤਾਂ 'ਤਾਹਾਂ-ਠਾਹਾਂ ਝਾਕੋਂਗੇ।"
           "ਅੱਛਾ। ਲੈ ਭੈਣੇ ਮੈਂ ਹੁਣ ਸਮਝਗੀ। ਤੈਨੂੰ ਹੋਰ ਏਦੂੰ ਵੱਧ ਕੁੱਝ ਕਹਿਣ ਦੀ ਲੋੜ ਨਹੀਂ। ਤੇਰਾ ਬਹੁਤ-ਬੁਹਤ ਸ਼ੁਕਰਿਆ। ਹੁਣ ਮੈਂ ਆਪੇ ਹੀ ਕਰ ਲਊਂਗੀ ਜੋ ਕਰਨੈ।"
           ਉਥੋਂ ਚੁੱਕੀ-ਚਕਾਈ ਆਈ ਅੰਮੀ ਨੇ ਘਰ ਉਪੜ ਕੇ ਮੇਰੀ ਸ਼ਾਮਤ ਲਿਆ ਦਿੱਤੀ ਸੀ, "ਕੁੜੀਏ ਤੂੰ ਅੰਗਰੇਜ਼ ਕੁੜੀਆਂ ਨਾਲ ਨਾ ਫੀਰਿਆ ਕਰ।"
           "ਫਿਰ ਮੈਂ ਇਕੱਲੀ ਰਿਹਾ ਕਰਾਂ?"
           "ਆਹੋ, ਬੁਰੀ ਸੰਗਤ ਨਾਲੋਂ ਬੰਦਾ ਇਕੱਲਾ ਹੀ ਚੰਗਾ ਹੈ। ਨਾਲੇ ਮੇਰਾ ਇਹ ਮਤਲਬ ਨਹੀਂ ਸੀ। ਤੂੰ ਆਪਣੀਆਂ ਮੁਸਲਿਮ, ਨਹੀਂ ਤਾਂ ਇੰਡੀਅਨ ਕੁੜੀ ਨਾਲ ਮੇਲ-ਜੋਲ ਰੱਖਿਆ ਕਰ।" ਅੰਮੀ ਨੇ ਮੈਨੂੰ ਸਮਝੌਤੀ ਦਿੱਤੀ ਸੀ।
           "ਤੁਸੀਂ ਤਾਂ ਕੱਲ੍ਹ ਨੂੰ ਕਹੋਂਗੇ ਸਾਹ ਵੀ ਨਾ ਲੈ? ਮੈਂ ਨ੍ਹੀਂ। ਮੇਰੀ ਮਰਜ਼ੀ ਐ। ਮੈਂ ਜੀਹਦੇ ਨਾਲ ਮਰਜ਼ੀ ਦੋਸਤੀ ਰੱਖਾਂ। ਆਪਾਂ ਗੋਰਿਆਂ ਦੇ ਮੁੱਲਖ 'ਚ ਕੀ ਕਰਨ ਆਏ ਹਾਂ, ਜੇ ਗੋਰੇ-ਗੋਰੀਆਂ ਚੰਗੇ ਨਹੀਂ ਲੱਗਦੇ ਤਾਂ?" ਮੈਂ ਅੰਮੀ ਦੇ ਮੂਹਰੇ ਤਣ ਕੇ ਖੜ੍ਹ ਗਈ ਸੀ।
           ਅੰਮੀ ਨੇ ਮੇਰੇ ਨਾਲ ਨਰਮ ਲਹਿਜ਼ਾ ਅਪਨਾਉਦਿਆਂ ਕਿਹਾ ਸੀ, "ਚੰਗਾ ਬਾਬਾ ਭਾਵੇਂ ਮੇਮਾਂ ਨਾਲ ਹੀ ਰਹਿ ਪਰ ਉਹਨਾਂ ਵਿੱਚੋਂ ਸ਼ਰੀਫ ਕੁੜੀਆਂ ਨਾਲ ਦੋਸਤੀ ਰੱਖ। ਇਸ ਵਿੱਚ ਤੇਰਾ ਹੀ ਭਲਾ ਹੈ। -ਦੇਖ ਸ਼ਾਜ਼ੀਆ ਪੁੱਤ ਮੈਂ ਇੱਕ ਮਿਸਾਲ ਦਿੰਦੀ ਹਾਂ। ਜਿਵੇਂ ਟਰੰਕਾਂ ਵਿੱਚ ਪਏ ਕੱਪੜੇ ਨੂੰ ਫਰਨੈਲ ਦੀਆਂ ਗੋਲੀਆਂ ਟਿੱਡੀਆਂ ਦੇ ਟੁੱਕਣ ਤੋਂ ਬਚਾਉਂਦੀਆਂ ਹਨ, ਉਵੇਂ ਹੀ ਮਾਪਿਆਂ ਦੀ ਸਿੱਖਿਆ ਅਤੇ ਨਿਗਰਾਨੀ ਬੱਚੇ ਦੀ ਜ਼ਿੰਦਗੀ ਨੂੰ ਖਰਾਬ ਹੋਣ ਅਤੇ ਉਸਨੂੰ ਮਾੜੀ ਸੰਗਤ ਤੋਂ ਬਚਾਉਂਦੀ ਹੈ।"
           ਅੰਮੀ ਦੇ ਲੱਖ ਸਮਝਾਉਣ 'ਤੇ ਵੀ ਉਦੋਂ ਮੈਂ ਅੰਮੀ ਦੀ ਗੱਲ ਨਹੀਂ ਮੰਨੀ ਸੀ ਅਤੇ ਆਪਣੀ ਮਰਜ਼ੀ ਪੁਗਾਈ ਸੀ। ਬਚਪਨ ਦੀਆਂ ਸਹੇਲੀਆਂ ਦਾ ਸਾਥ ਮੈਂ ਕਿਵੇਂ ਛੱਡ ਸਕਦੀ ਸੀ? ਇੱਕ ਹੰਡੇ ਹੋਏ ਡਾਕਟਰ ਕੋਲ ਮਰੀਜ਼ ਦੀ ਹਰੇਕ ਮਰਜ਼ ਦਾ ਇਲਾਜ਼ ਅਤੇ ਜਿਗਰੀ ਮਿੱਤਰ ਕੋਲ ਆਪਣੇ ਦੋਸਤ ਦੀ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ। ਨਾਲੇ ਫਿਰ ਅੰਗਰੇਜ਼ੀ ਵਿੱਚ ਕਹਿੰਦੇ ਹੁੰਦੇ ਹਨ, "ਏ ਪਰੋਬਲਮ ਸ਼ੇਅਰਡ ਇੱਜ ਏ ਪਰੌਬਲਮ ਸੌਲਵਡ" ਭਾਵ ਕਿ ਕਿਸੇ ਨਾਲ ਸਾਂਝੀ ਕਰਿਆ ਸਮੱਸਿਆ ਨਜਿੱਠੀ ਜਾਂਦੀ ਹੈ। ਇਸ ਲਈ ਮੈਂ ਆਪਣੀਆਂ ਨਿਕਟਵਰਤੀ ਦੋ ਚਾਰ ਸਹਿਪਾਠਣਾਂ ਨੂੰ ਆਪਣੀ ਗੁੰਝਲ ਸੁਲਝਾਉਣ ਦਾ ਮੌਕਾ ਦੇਣ ਬਾਰੇ ਸੋਚ ਕੇ ਉਹਨਾਂ ਨੂੰ ਆਪਣੀ ਵਿਥਿਆ ਸਾਰੀ ਸੁਣਾਉਂਦਿਆਂ ਦੱਸਿਆ ਸੀ ਕਿ ਮੇਰੀ ਭੈਣ ਦਾ ਪਾਕਿਸਤਾਨ ਵਿੱਚ ਰਿਸ਼ਤਾ ਤੈਅ ਹੋ ਚੁੱਕਿਆ ਹੈ ਤੇ ਮੇਰੇ ਮਾਤਾ-ਪਿਤਾ ਮੇਰਾ ਵੀ ਉਹਦੇ ਨਾਲ ਹੀ ਉਹਨਾਂ ਭਾਂਡਿਆਂ ਵਿੱਚ ਵਿਆਹ ਕਰ ਦੇਣਾ ਚਾਹੁੰਦੇ ਹਨ।
           "ਉਸੇ ਮੁੰਡੇ ਨਾਲ ਹੀ?" ਸਿੰਡੀ ਨੇ ਚੌਂਕ ਕੇ ਮੈਨੂੰ ਪੁੱਛਿਆ ਸੀ।
           ਮੈਂ ਉਹਨੂੰ ਖਿੱਝ ਕੇ ਪਈ ਸੀ, "ਨਹੀਂ ਪਾਗਲ। ਹੋਰ ਮੁੰਡੇ ਨਾਲ।"
           "ਅੱਛਾ, ਮੈਂ ਤਾਂ ਕਿਹਾ ਕਿਤੇ ਦੋਨੋਂ ਭੈਣਾਂ ਨੂੰ ਇੱਕੋ ਨਾਲ ਵਿਆਹੁਣ ਲੱਗੇ ਹਨ। ਟੂ ਫੌਰ ਦਾ ਪਰਾਈਸ ਔਫ ਵੰਨ!  ਤੁਹਾਡੇ ਮੁਸਲਮਾਨ ਤਾਂ ਦੋ-ਦੋ ਤਿੰਨ-ਤਿੰਨ ਬੀਵੀਆਂ ਰੱਖ ਸਕਦੇ ਹਨ।"
           "ਹੈਂ? ਸੱਚੀਂ ਹੁੰਦੈ ਇਵੇਂ?" ਆਈਰੀਨ ਨੂੰ ਹੈਰਾਨੀ ਹੋਈ ਸੀ।
           "ਹੋਰ ਕਿਤੇ ਨਹੀਂ।" ਮੇਰੀ ਥਾਂ ਇਜ਼ਬਲ ਨੇ ਹੀ ਉੱਤਰ ਦਿੱਤਾ ਸੀ।
           ਟਰੇਸਾ ਨੇ ਉਤਸਕ ਹੁੰਦਿਆਂ ਆਪਣੀ ਜਾਣਕਾਰੀ ਲਈ ਪੁੱਛਿਆ ਸੀ, "ਤੀਵੀਆਂ ਵੀ ਦੋ ਤਿੰਨ ਮਰਦ ਰੱਖ ਸਕਦੀਆਂ ਹੋਣੀਆਂ?"
           "ਨਹੀਂ। ਤੀਵੀਆਂ ਨੂੰ ਐਨੀ ਖੁੱਲ੍ਹ ਨ੍ਹੀਂ। ਉਹ ਤਾਂ ਨਮਾਜ਼ ਪੜ੍ਹਣ ਮਸੀਤ ਵਿੱਚ ਵੀ ਨਹੀਂ  ਜਾ ਸਕਦੀਆਂ।" ਇਜ਼ਬਲ ਵੀ ਗੱਲਬਾਤ ਵਿੱਚ ਪਿਛੇ ਨਹੀਂ ਸੀ ਰਹਿਣਾ ਚਾਹੁੰਦੀ।
           ਜਦੋਂ ਮੈਂ ਦੇਖਿਆ ਸੀ ਕਿ ਅੰਗਰੇਜ਼ ਸਹੇਲੀਆਂ ਤਾਂ ਗੱਲ ਹੋਰ ਪਾਸੇ ਲਈ ਜਾ ਰਹੀਆਂ ਹਨ ਤਾਂ ਮੈਂ ਉਨ੍ਹਾਂ ਨੂੰ ਟੋਕ ਕੇ ਆਖਿਆ ਸੀ, "ਆਹਾ ਗੱਲਾਂ ਛੱਡੋ, ਮੇਰੀ ਮੁਸ਼ਕਲ ਬਾਰੇ ਕੁੱਝ ਸੋਚੋ?"
           "ਸੋਚਣਾ ਕੀ ਹੈ? -ਤੂੰ ਜੁਆਬ ਦੇ ਦੇਈਂ ਬਈ ਮੈਂ ਇੰਝ ਵਿਆਹ ਨਹੀਂ ਕਰਵਾਉਣਾ।" ਕਾਫ਼ੀ ਦੇਰ ਤੋਂ ਚੁੱਪ ਬੈਠੀ ਐਂਜ਼ਲਾ ਬੋਲੀ ਸੀ।
           ਮੈਂ ਅੱਖਾਂ ਭਰ ਕੇ ਆਪਣੀ ਵਿਵੱਸ਼ਤਾ ਪ੍ਰਗਟ ਕੀਤੀ ਸੀ, "ਮੇਰੇ ਘਰ ਦੇ ਬਹੁਤ ਸਖ਼ਤ ਹਨ। ਉਹ ਮੇਰੇ ਉੱਤੇ ਜ਼ੋਰ ਪਾ ਰਹੇ ਹਨ।
           "ਹੈਂ ਕੀ ਕਿਹੈ? -ਤੇਰੇ ਮਾਪੇ ਤੇਰਾ ਜਬਰੀ ਵਿਆਹ ਕਰਨ ਲੱਗੇ ਨੇ? -ਇਸ ਤਰ੍ਹਾਂ ਕਰਨ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ। ਤੂੰ ਵੀ ਹਿਊਮਨ ਬਿਇੰਗ  ਐਂ। ਤੇਰੇ ਵੀ ਅਰਮਾਨ ਨੇ। ਤੇਰੀਆਂ ਵੀ ਸੱਧਰਾਂ ਨੇ। -ਮੇਰੇ ਆਖੇ ਲੱਗ। ਘਰ ਛੱਡਦੇ ਤੇ ਸਾਡੇ ਨਾਲ ਆ ਜਾਵੀਂ। ਅਸੀਂ ਵੀ ਸੋਲ੍ਹਾਂ ਸਾਲਾਂ ਦੀਆਂ ਹੋ ਕੇ  ਘਰੋਂ ਨਿਕਲ ਜਾਵਾਂਗੀਆਂ। ਮਨਮਰਜ਼ੀ ਕਰੀਂ। ਕੋਈ ਰੋਕਣ ਵਾਲਾ ਨਹੀਂ ਹੋਵੇਗਾ। ਪੰਜ ਕਰੀਂ, ਪੰਜਾਹ ਕਰੀਂ। ਗਸ਼ਤ ਕਰਨ ਲਈ ਤੇਰੇ ਕੋਲ ਸਾਰਾ ਜਹਾਨ ਹੋਵੇਗਾ। ਅੱਧੀ-ਅੱਧੀ ਰਾਤ ਤੱਕ ਕਲੱਬਾਂ ਵਿੱਚ ਰਿਹਾ ਕਰੀਂ। ਆਹੀ ਜਵਾਨੀ ਦੇ ਚਾਰ ਦਿਨ ਖੇਲਣ-ਮੱਲਣ ਤੇ ਐਸ਼ ਕਰਨ ਦੇ ਹੁੰਦੇ ਹਨ। ਗੋਰਾ ਰੰਗ ਟਿੱਬਿਆਂ ਦਾ ਰੇਤਾ ਨੀ ਵਾ ਆਈ ਉੱਡ ਜਾਉਗਾ। ਬਿੱਲੋ, ਜੇ ਮੇਰੇ ਆਖੇ ਲੱਗੇ ਮੈਂ ਤਾਂ ਕਹਿੰਦੀ ਆਂ, ਭਰ ਭਰ ਵੰਡ ਮੁੱਠੀਆਂ ਨੀ ਗੋਰੇ ਰੰਗ ਨੇ ਸਦਾ ਨ੍ਹੀਂ ਰਹਿਣਾ। ਜਿੱਧਰ ਮਰਜ਼ੀ ਜਾਈਂ-ਆਈਂ। ਪੰਛੀ ਆਜ਼ਾਦ ਅੰਬਰਾਂ  ਵਿੱਚ ਉੱਡਣ ਲਈ ਹੁੰਦੇ ਹਨ। ਪਿੰਜਰਿਆਂ ਵਿੱਚ ਕੈਦ ਹੋਣ ਲਈ ਨਹੀਂ। ਯੂ ਆਰ ਏ ਬਿੱਗ ਗਰਲ ਨਾਉ। ਘਰੋਂ ਭੱਜਣਾ ਹੀ ਇਕੋ ਇੱਕ ਢੰਗ ਐ, ਫੋਰਸਡ ਮੈਰਿਜ  ਤੋਂ ਬਚਣ ਦਾ।" ਇਜ਼ਬਲ ਮੇਰੇ ਕੋਲ ਨੂੰ ਹੋ ਕੇ ਦੱਸਿਆ ਸੀ।
           ਫੋਰਸਡ ਮੈਰਿਜ ਜਬਰੀ ਨਿਕਾਹ ਧੱਕੇ ਨਾਲ ਸ਼ਾਦੀ ਸਹੇਲੀਆਂ ਦੁਆਰਾ ਗੱਲਬਾਤ ਵਿੱਚ ਉਭਾਰਿਆ ਹੋਇਆ ਨੁਕਤਾ ਫੋਰਸਡ ਮੈਰਿਜ  ਮੇਰੇ ਦਿਮਾਗ ਵਿੱਚ ਅਟਕ ਕੇ ਰਹਿ ਗਿਆ ਸੀ। ਇਹ ਫੈਸਲਾ ਤਾਂ ਮੈਂ ਬਹੁਤ ਪਹਿਲਾਂ ਕਰ ਚੁੱਕੀ ਸੀ ਕਿ ਚਾਹੇ ਕੁੱਝ ਵੀ ਹੋਵੇ ਮੈਂ ਇਕਬਾਲ ਨੂੰ ਹੀ ਜੀਵਨਸਾਥੀ ਬਣਾਵਾਂਗੀ। ਧਰਮ ਸਾਡੇ ਆੜੇ ਨਹੀਂ ਆਵੇਗਾ। ਚਾਹੇ ਇਸ ਲਈ ਮੈਨੂੰ ਦੁਨੀਆਂ ਨਾਲ ਹੀ ਕਿਉਂ ਨਾ ਟਕਰਾਉਣਾ ਪੈ ਜਾਵੇ। ਮੈਂ ਟਕਰਾਵਾਂਗੀ। ਮਾਮੂਲੀ ਜਿਹੀ ਸੋਚ-ਵਿਚਾਰ ਮਗਰੋਂ ਹੀ ਮੈਂ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਸਹੇਲੀਆਂ ਦੀ ਸਲਾਹ ਮੰਨਣ ਲਈ ਤਿਆਰ ਕਰ ਲਿਆ ਸੀ। ਮਨੂੰ ਸਿਮ੍ਰਿਤੀਆਂ ਵਿੱਚ ਦਰਜ਼ ਹੈ ਕਿ, "ਜੋ ਕੰਨਿਆ ਪਿਤਾ ਦੁਆਰਾ ਲਾਇਕ ਅਤੇ ਮਨ ਭਾਉਂਦੇ ਵਰ ਦੀ ਤਲਾਸ਼ ਨਾ ਕਰਨ 'ਤੇ ਆਪਣੇ ਆਪ ਹੀ ਆਪਣਾ ਵਿਆਹ ਕਿਸੇ ਯੋਗ ਵਰ ਨਾਲ ਕਰਵਾ ਲੈਂਦੀ ਹੈ। ਉਹ ਕੰਨਿਆ ਅਤੇ ਉਸਦਾ ਪਤੀ ਕਿਸੇ ਪ੍ਰਕਾਰ ਦੇ ਦੋਸ਼ ਦੇ ਭਾਗੀ ਨਹੀਂ।" ਮੇਰੇ ਇਕਬਾਲ ਨਾਲ ਸ਼ਾਦੀ ਕਰਵਾਉਣ ਦਾ ਫੈਸਲਾ ਕਰਨ ਵਿੱਚ ਇਹ ਪੰਕਤੀਆਂ ਬੜੀਆਂ ਸਹਾਈ ਸਿੱਧ ਹੋਈਆਂ ਸਨ।
           ਮੈਂ ਕਈ ਦਿਨ ਆਪਣੀਆਂ ਸਹੇਲੀਆਂ ਨਾਲ ਕਰੀ ਹੋਈ ਵਾਰਤਾ ਨੂੰ ਵਿਚਾਰਦੀ ਰਹੀ ਸੀ। ਮੈਂ ਸੋਚਦੀ ਸੀ, ਕਿੰਨੀ ਐਸ਼ ਕਰਦੀਆਂ ਹਨ ਇਹ ਅੰਗਰੇਜ਼ ਔਰਤਾਂ। ਸਾਡੀਆਂ ਜਨਾਨੀਆਂ ਬੱਚੇ ਪਾਲਦੀਆਂ, ਘਰਾਂ ਦੇ ਕੰਮ-ਧੰਦੇ ਕਰਦੀਆਂ ਹੀ ਮਰ ਜਾਂਦੀਆਂ ਹਨ। ਆਦਮੀ ਬਾਹਰ ਨਿੱਤ ਨਵੀਆਂ ਤੀਵੀਆਂ ਨਾਲ ਸੌਂਦੇ ਹਨ। ਔਰਤ ਦੇਵਤਾ ਸਮਝ ਕੇ ਪੂਜਦੀਆਂ ਰਹਿੰਦੀਆਂ ਹਨ। ਸਭ ਤੋਂ ਵੱਡੀ ਗੱਲ ਅੰਗਰੇਜ਼ ਲੋਕਾਂ ਨੂੰ ਆਪਣਾ ਜੀਵਨਸਾਥੀ ਤਾਂ ਆਪ ਚੁਣਨ ਦਾ ਹੱਕ ਹੈ। ਮਾਪੇ ਆਪਣੀ ਪਸੰਦ ਬੱਚਿਆਂ ਦੇ ਸਿਰ ਉੱਤੇ ਨਹੀਂ ਮੜ੍ਹਦੇ। ਆਮ ਕਰਕੇ ਤਾਂ ਇੱਧਰੋਂ ਨਿਆਣਾ ਸੋਲ੍ਹਾਂ ਸਾਲਾਂ ਦਾ ਹੋਇਆ ਤੇ ਅੰਗਰੇਜ਼ ਮਾਪੇ ਆਪੇ ਆਖ ਦਿੰਦੇ ਹਨ, "ਜਾ ਆਪਣਾ ਕਮਾਅ ਤੇ ਖਾਹ। ਅੰਗਰੇਜ਼ ਮੁੰਡੇ ਅਤੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਕਰਦੇ। ਸਾਡੇ ਲੋਕ  ਜਵਾਨ ਹੋ ਰਹੀਆਂ ਅਤੇ ਹੋਈਆਂ ਕੁੜੀਆਂ ਦੇ ਬਾਹਰ-ਅੰਦਰ ਜਾਣ 'ਤੇ ਪਾਬੰਦੀ ਲਾ ਕੇ ਰੱਖਦੇ ਹਨ ਤੇ ਮੁੰਡੇ ਜਿੱਥੇ ਮਰਜ਼ੀ ਖੇਹ ਖਾਂਦੇ ਫਿਰਨ, ਉਨ੍ਹਾਂ ਨੂੰ ਹਟਾਉਂਦੇ ਵੀ ਨਹੀਂ। ਪਰ ਜਦੋਂ ਕੁੜੀ ਜਵਾਨ ਹੋ ਜਾਵੇ ਫਟਾਫਟ ਉਹਨੂੰ ਘਰੋਂ ਕੱਢਣ ਦੀ ਕਰਦੇ ਹਨ। ਕਹਿੰਦੇ ਹਨ ਕਿਹੜਾ ਵੇਲਾ ਹੋਵੇ ਵਿਆਹ ਕੇ ਇਹਨੂੰ ਸਾਹੁਰੇ ਤੋਰੀਏ ਅਤੇ ਮੁੰਡੇ ਨੂੰ ਵਿਆਹ ਕੇ ਘਰ ਰੱਖਦੇ ਹਨ। ਕੁੜੀ ਦਾ ਵਿਆਹ ਹੋਣ ਸਾਰ ਉਸ ਲਈ ਪੇਕੇ ਘਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਉਹ ਘਰ, ਜਿੱਥੇ ਉਹ ਜੰਮੀ-ਪਲੀ ਹੁੰਦੀ ਹੈ। ਜਿੱਥੇ ਖੇਡ ਕੇ ਉਸਨੇ ਬਚਪਨ ਬੀਤਾਇਆ ਹੁੰਦਾ ਹੈ, ਉਹ ਜਵਾਨ ਹੋਈ ਹੁੰਦੀ ਹੈ। ਉਹੀ ਘਰ ਉਸ ਲਈ ਪਰਾਇਆ ਹੋ ਜਾਂਦਾ ਹੈ। ਵਿਆਹ ਤੋਂ ਬਾਅਦ ਜੇ ਕਿਤੇ ਉਹ ਪਤੀ ਨਾਲ ਗੁੱਸੇ-ਨਰਾਜ਼ ਹੋ ਕੇ ਵੀ ਆ ਜਾਵੇ ਤਾਂ ਵੀ ਉਸਨੂੰ ਆਪਣੇ ਪੇਕੇ ਘਰ ਰਹਿਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਬਹੁਤੀਆਂ ਔਰਤਾਂ ਆਪਣੇ ਖਸਮਾਂ ਤੋਂ ਖੌਂਸੜੇ ਖਾਹ ਕੇ ਉਨ੍ਹਾਂ ਨਾਲ ਰਹੀ ਜਾਂਦੀਆਂ ਰਹਿੰਦੀਆਂ ਹਨ। ਹੋਰ ਉਹ ਜਾਣ ਵੀ ਕਿੱਥੇ? ਮਾਪਿਆਂ ਦੇ ਤਾਂ ਉਨ੍ਹਾਂ ਲਈ ਬੂਹੇ ਢੋਹੇ ਹੁੰਦੇ ਹਨ। ਜਨਮ ਤੋਂ ਲੈ ਕੇ ਮੌਤ ਤੱਕ ਔਰਤਾਂ ਨਾਲ ਸਾਡੇ ਸਮਾਜ ਵਿੱਚ ਵਿਤਕਰੇ ਹੀ ਵਿਤਕਰੇ ਕੀਤੇ ਜਾਂਦੇ ਹਨ। ਪਰਾਇਆ ਧਨ ਆਖ ਕੇ ਉਨ੍ਹਾਂ ਨੂੰ ਧੁਤਕਾਰਿਆ ਜਾਂਦਾ ਹੈ। ਪੇਕੇ ਉਹਨੂੰ ਮਨ ਮਰਜ਼ੀ ਨਹੀਂ ਕਰਨ ਦਿੱਤੀ ਜਾਂਦੀ। ਸਾਹੁਰੇ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਜਾਂਦਾ।
           ਨਾਜ਼ੀਆ ਦੀ ਇੱਕ ਸਹੇਲੀ ਹੁੰਦੀ ਸੀ, ਤਲਵਿੰਦਰ। ਉਸਨੇ ਆਪਣੇ ਮਾਂ-ਬਾਪ ਤੋਂ ਆਪਣੇ ਵਾਲ ਕਟਾਉਣ ਦੀ ਇਜਾਜ਼ਤ ਮੰਗੀ ਸੀ। ਉਸਦੇ ਮਾਪਿਆਂ  ਨੇ ਇਹ ਆਖ ਕੇ ਮਨ੍ਹਾ ਕਰ ਦਿੱਤਾ ਸੀ, "ਜਦੋਂ ਵਿਆਹੀ ਗਈ। ਆਪਦੇ ਪਤੀ ਦੇ ਘਰ ਜਾ ਕੇ ਜੋ ਮਰਜ਼ੀ ਕਰੀਂ। ਇੱਥੇ ਨਹੀਂ ਕਟਵਾ ਸਕਦੀ। ਸਿੱਖਾਂ ਦੀਆਂ ਕੁੜੀਆਂ ਵਾਲ ਨਹੀਂ ਕਟਾਉਂਦੀਆਂ ਹੁੰਦੀਆਂ।"
           ਫਿਰ ਉਸ ਕੁੜੀ ਦਾ ਵਿਆਹ ਹੋ ਗਿਆ ਸੀ। ਉਸਨੇ ਆਪਣੇ ਸਾਹੁਰਿਆਂ ਕੋਲ ਕੇਸ ਕਟਵਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਅੱਗੋਂ ਜੁਆਬ ਮਿਲਿਆ, "ਨਾ ਭਾਈ ਆਪਣੇ ਮਾਪਿਆਂ ਦੇ ਜੋ ਮਰਜ਼ੀ ਕਰਦੀ ਆਈ ਹੋਵੇਂ। ਸਾਡੇ ਘਰੇ ਤੇਰੀਆਂ ਮਰਜ਼ੀਆਂ ਨਹੀਂ ਚਲਣੀਆਂ। ਸਾਡੇ ਕਹਿਣੇ ਅਨੁਸਾਰ ਚੱਲਣਾ ਪਊ। ਸਾਡੇ ਘਰਾਨੇ ਦੀਆਂ ਨੂੰਹਾਂ-ਧੀਆਂ ਬੋਦੇ ਨਹੀਂ ਮਨਾਉਂਦੀਆਂ।"
           ਹੁਣ ਦੱਸੋ ਅਭਾਗੀ ਔਰਤ ਕੀ ਕਰੇ? ਸਾਡੇ ਮਜ਼੍ਹਬ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸਦੇ ਨਾਮ 'ਤੇ ਉਸਦੀ ਪੈਦਾਇਸ਼ ਤੋਂ ਸੱਤਵੇਂ ਦਿਨ ਬਾਅਦ ਜਾਨਵਰ ਜ਼ਿਬਾਹ ਕੀਤਾ ਜਾਂਦਾ ਹੈ। ਇਸ ਰਸਮ ਨੂੰ ਅਕੀਕਾ ਆਖਦੇ ਹਨ। ਉਸ ਤੋਂ ਪਿੱਛੋਂ ਬੱਚੇ ਦੇ ਸਿਰ ਦੇ ਵਾਲ ਲਾਹ ਕੇ ਉਤਨੇ ਵਜ਼ਨ ਦੇ ਸੋਨੇ ਜਾਂ ਚਾਂਦੀ ਦੀ ਖੈਰਾਤ ਗਰੀਬਾਂ ਵਿੱਚ ਵੰਡੀ ਜਾਂਦੀ ਹੈ। ਸਭ ਧਾਰਮਿਕ ਰਸਮਾਂ ਸੰਪੂਰਨ ਕਰਨ ਬਾਅਦ ਅਕੀਕੇ ਦਾ ਗੋਸ਼ਤ ਯਾਰਾਂ-ਬੇਲੀਆਂ ਅਤੇ ਸਕੇ ਸੰਬੰਧੀਆਂ ਵਿੱਚ ਵੰਡਿਆ ਜਾਂਦਾ ਹੈ। ਸਾਡੇ ਭਾਈਚਾਰੇ ਵਿੱਚ ਜਦੋਂ ਕਿਸੇ ਦੇ ਮੁੰਡਾ ਹੋਵੇ ਤਾਂ ਦੋ ਬੱਕਰੀਆਂ  ਜਾਂ ਭੇਡਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਅਗਰ ਲੜਕੀ ਹੋਵੇ ਤਾਂ ਇੱਕ ਜਨੌਰ ਮਾਰਿਆ ਜਾਂਦਾ ਹੈ। ਇਸ ਵਿਤਕਰੇ ਦੀ ਵੀ ਮੈਨੂੰ ਸਮਝ ਨਾ ਲੱਗਦੀ ਕਿ ਕੁੜੀ ਲਈ ਘੱਟ ਖੁਸ਼ੀ ਕਿਉਂ? ਲੜਕਿਆਂ ਅਤੇ ਲੜਕੀਆਂ ਲਈ ਸਾਡੇ ਸਮਾਜ ਵਿੱਚ ਦੋਗਲੀਆਂ ਨੀਤੀਆਂ ਹਨ। ਸਾਡੇ ਘਰ ਦਾ ਮਾਹੌਲ ਵੀ ਇਸੇ ਕਿਸਮ ਦਾ ਸੀ। ਮੇਰੇ ਅੰਮੀ ਮੇਰੇ ਭਰਾਵਾਂ ਨੂੰ ਚਮਚੇ ਭਰ-ਭਰ ਦੇਸੀ ਘਿਉ ਦੇ ਦਾਲ 'ਚ ਖਵਾਉਂਦੀ ਹੁੰਦੀ ਸੀ। ਮੁੰਡਿਆਂ ਦੀ ਖੁਰਾਕ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਸੀ। ਸਾਥੋਂ ਚੋਰੀ ਉਹ ਅੰਮੀ ਕੋਲ ਰਸੋਈ ਵਿੱਚ ਵੜ ਕੇ ਹੀ ਖੋਏ ਦੀਆਂ ਪਿੰਨੀਆਂ ਛਕ ਜਾਂਦੇ ਹੁੰਦੇ ਸਨ ਤੇ ਚੁੰਨੀ ਨਾਲ ਮੂੰਹ ਪੂੰਝ ਕੇ ਅੰਮੀ ਉਨ੍ਹਾਂ ਨੂੰ ਬਾਹਰ ਕੱਢਦੀ ਹੁੰਦੀ ਸੀ। ਸਲੀਮ ਨੇ ਬੋਤੇ ਵਾਂਗ ਉਗਾਲੀ ਕਰਦੇ ਹੋਏ ਨੇ ਨਿਵਾਲੇ ਨਾਲ ਭਰਿਆ ਮੂੰਹ ਲੈ ਕੇ ਬਾਹਰ ਆਉਣਾ ਤਾਂ ਸਾਨੂੰ ਸਾਰੀਆਂ ਭੈਣਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਉਹ ਅੰਦਰ ਰਸੋਈ ਵਿੱਚ ਕੁੱਝ ਖਾਹ ਕੇ ਆਇਆ ਹੈ। ਇਸ ਮਾਮਲੇ ਵਿੱਚ ਨਾਜ਼ੀਆ ਤਾਂ ਅੰਮੀ ਨੂੰ ਬੇਸ਼ਰਮ ਵੀ ਕਰ ਦਿੰਦੀ ਹੁੰਦੀ ਸੀ, "ਅੰਮੀ ਅਸੀਂ ਨਹੀਂ ਖਾਂਧੀਆਂ। ਤੁਸੀਂ ਇਹਨਾਂ ਨੂੰ ਸਾਡੇ ਸਾਹਮਣੇ ਹੀ ਰਜਾ ਲਿਆ ਕਰੋ।"
           ਮੱਖਣ ਦੀ ਪੂਰੀ ਟਿੱਕੀ ਪਰੌਂਠੇ 'ਤੇ ਧਰ ਕੇ ਖਾਹ ਜਾਂਦਾ ਹੁੰਦਾ ਸੀ ਗਫੂਰ। ਪਾਕਿਸਤਾਨੋਂ ਲਿਆਂਦੀ ਦੇਸੀ ਸ਼ੱਕਰ ਵਿੱਚ ਕੁੱਟ ਕੇ ਚੂਰੀ ਦਿੰਦੀ ਹੁੰਦੀ ਸੀ ਅੰਮੀ ਉਸਨੂੰ ਖਾਣ ਲਈ। ਮੈਥੋਂ ਤਿੰਨ ਵਰ੍ਹੇ ਛੋਟਾ ਸੀ ਤਾਂ ਵੀ ਧੱਤੂ ਜਿਹਾ ਬਹੁਤ ਤਕੜਾ ਹੁੰਦਾ ਸੀ। ਕਿਤੇ ਖੇਡ-ਖੇਡ ਵਿੱਚ ਘੁੱਲਣ ਲੱਗ ਜਾਣਾ ਤਾਂ ਉਹਨੇ ਇਕੱਲੇ ਨੇ ਹੀ ਸਾਨੂੰ ਤਿੰਨਾਂ ਭੈਣਾਂ ਨੂੰ ਢਾਹ ਲਿਆ ਕਰਨਾ। ਉਹਦੂੰ ਛੋਟਾ ਸਲੀਮ ਵੀ ਪਾਟਣੇ ਆਇਆ ਪਿਆ ਸੀ। ਥੁਲਥਲੇ ਜਿਹੇ ਦੇ ਉਹਦੇ ਬੈੱਲਟ ਨਹੀਂ ਸੀ ਲੱਗਦੀ ਹੁੰਦੀ। ਆਏ ਦਿਨ ਕੱਪੜੇ ਤੰਗ ਹੋ ਜਾਇਆ ਕਰਦੇ ਸਨ। ਤੇ ਅਸੀਂ ਸਾਰੀਆਂ ਭੈਣਾਂ ਸੁੱਕੀਆਂ ਕਾਨਿਆਂ ਵਰਗੀਆਂ ਸੀ। ਸਾਡੀ ਖੁਰਾਕ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ ਹੁੰਦਾ। 
           ਜਦੋਂ ਅਜੇ ਨਿੱਕੇ-ਨਿੱਕੇ ਹੁੰਦੇ ਸੀ ਤਾਂ ਗਲੀ-ਮੁਹੱਲੇ ਦੇ ਨਿਆਣਿਆਂ ਨਾਲ ਮਿਲ ਕੇ ਅਸੀਂ ਬਾਰਸ਼ ਵਿੱਚ ਖੇਡਣ ਲੱਗ ਜਾਣਾ। ਮੀਂਹ ਦੇ ਪਾਣੀ ਵਿੱਚ ਖੂਬ ਨਹਾਉਣਾ। ਅਜਿਹਾ ਕਰਦਿਆਂ ਅੰਗਰੇਜ਼ਾਂ ਦੇ ਜੁਆਕਾਂ ਦੀ ਰੀਸ ਨਾਲ ਮੇਰੇ ਭਰਾ ਨੇ ਵੀ ਆਪਣੇ ਸਾਰੇ ਕੱਪੜੇ ਲਾਹ ਕੇ ਨੰਗ-ਧੜੰਗੀ ਅਵਸਥਾ ਵਿੱਚ ਸੜਕਾਂ 'ਤੇ ਦੜੰਗੇ ਲਾਉਂਦੇ ਫਿਰਨਾ। ਆਪਣੇ ਹਾਣੀ-ਹਾਨਣਾਂ ਨੂੰ ਲੀੜੇ ਲਾਹੀ ਦੇਖ ਕੇ ਮੇਰਾ ਵੀ ਜੀਅ ਕਰਨਾ ਕਿ ਮੈਂ ਵੀ ਆਪਣੇ ਵਸਤਰ ਉਤਾਰ ਕੇ ਆਪਣੇ ਬਾਗੀਚੇ ਵਿੱਚ ਨੱਚਾਂ ਤਾਂ ਜੋ ਆਪਣੇ ਨੰਗੇ ਪਿੰਡੇ ਉੱਤੇ ਬੰਦੂਕ ਦੀਆਂ ਗੋਲੀਆਂ ਵਾਂਗ ਆ-ਆ ਵੱਜਦੀਆਂ ਕਣੀਆਂ ਦਾ ਮਜ਼ਾ ਚੱਖ ਸਕਾਂ। ਪਰ ਮੇਰੇ ਮਾਪੇ ਮੈਨੂੰ ਆਪਣੀ ਇਹ ਆਰਜ਼ੂ ਪੂਰੀ ਨਹੀਂ ਸੀ ਕਰਨ ਦਿੰਦੇ ਹੁੰਦੇ। ਮੇਰਾ ਭਰਾ ਤਾਂ ਮੁੰਡਾ ਹੋਣ ਕਰਕੇ ਆਪਣੀ ਕਮੀਜ਼ ਲਾਹ ਸਕਦਾ ਸੀ ਲੇਕਿਨ ਮੈਂ ਕੁੜੀ ਹੋਣ ਕਰਕੇ ਆਪਣਾ ਜੰਪਰ ਨਹੀਂ ਸੀ ਉਤਾਰ ਸਕਦੀ। ਅੰਮੀ ਨੇ ਡਾਂਟ ਕੇ ਕਹਿਦਿਆ ਕਰਨਾ, "ਨਾ, ਕੁੜੀਆਂ ਨ੍ਹੀਂ ਕੱਪੜੇ ਲਾਹੁੰਦੀਆਂ ਹੁੰਦੀਆਂ।"
           ਮੈਨੂੰ ਆਪਣੇ ਵਾਲਦਾਇਨ ਵੱਲੋਂ ਕਰਿਆ ਜਾਂਦਾ ਇਹ ਲਿੰਗ-ਵਿਤਕਰਾ ਬਹੁਤ ਬੁਰਾ ਲੱਗਦਾ ਹੁੰਦਾ ਸੀ।
           ਚਿੱਤ ਵਿੱਚ ਇਸ ਕਿਸਮ ਦੇ ਵਿਚਾਰ ਅਤੇ ਹੀਣ ਭਾਵਨਾ ਉਪਜਣ ਨਾਲ ਮੇਰੇ ਅੰਦਰ ਤਬਦੀਲੀ ਆਉਣੀ ਲਾਜ਼ਮੀ ਸੀ। ਯਕਾਯਕ ਮੈਨੂੰ ਦੇਸੀ ਸਭਿਚਾਰ ਵਿੱਚ ਨੁਕਸ ਹੀ ਨੁਕਸ ਦਿਖਾਈ ਦੇਣ ਲੱਗ ਪਏ ਸਨ। ਮੈਨੂੰ ਪੰਛਮੀ ਦੇ ਮੁਕਾਬਲੇ ਪੂਰਬੀ ਸਭਿਅਤਾ ਬੌਣੀ-ਬੌਣੀ ਲੱਗਣ ਲੱਗ ਪਈ ਸੀ। ਦੂਹਰੇ ਮਾਪਦੰਡ ਵਾਲੇ ਸਾਡੇ ਦੇਸੀ ਮੁਆਸ਼ਰੇ ਅਤੇ ਸਾਡੀਆਂ ਰਹੁ-ਰੀਤਾਂ ਤੋਂ ਮੈਨੂੰ ਬੜੀ ਘਿਰਣਾ ਹੋਣ ਲੱਗ ਪਈ ਸੀ।
           ਬਾਕੀ ਮੈਨੂੰ ਹਰਵੇਲੇ ਜਿਹੜਾ ਸਹੇਲੀਆਂ ਚੁੱਕ ਰਹੀਆਂ ਸਨ। ਉਸਦਾ ਵੀ ਤਾਂ ਅਸਰ ਹੋਣਾ ਸੀ। ਪਾਣੀ ਦੀ ਬੂੰਦ ਮੁਸੱਲਸਲ ਡਿੱਗਦੀ ਰਹੇ ਤਾਂ ਪੱਥਰ ਵੀ ਖੁਰਨ ਲੱਗ ਜਾਂਦੈ। ਉਹਦੇ ਓਨੇ ਥਾਂ ਵਿੱਚ ਡੂੰਘ ਪੈ ਜਾਂਦਾ ਹੈ। ਜਦੋਂ ਵੇਹਲੀਆਂ ਹੁੰਦੀਆਂ ਮੇਰੀਆਂ ਸਹੇਲੀਆਂ ਮੇਰੇ ਦੁੱਖਾਂ ਦੀ ਦਾਸਤਾਨ ਛੇੜ ਕੇ ਬੈਠ ਜਾਂਦੀਆਂ ਤੇ ਮੈਨੂੰ ਆਪਣੀਆਂ ਮੁਫ਼ੀਦ ਸਲਾਹਾਂ ਦਿੰਦੀਆਂ ਰਹਿੰਦੀਆਂ। ਉਂਗਲਾਂ ਲਾ ਲਾ ਕੇ ਚੁੱਕ-ਥੱਲ ਕਰਦੀਆਂ ਰਹਿੰਦੀਆਂ।
           ਮਨੁੱਖੀ ਸ਼ਰੀਰ ਦੀ ਰਚਨਾ ਕਰਨ ਵੇਲੇ ਹੀ ਪ੍ਰਮਾਤਮਾ ਨੇ ਇਸ ਵਿੱਚ ਬਾਗੀ ਤੱਤ ਭਰ ਦਿੱਤੇ ਸਨ। ਸਾਨੂੰ ਸੈਕਸ ਐਜੁਕੇਸ਼ਨ ਵਿੱਚ ਪੜ੍ਹਾਇਆ ਗਿਆ ਸੀ ਕਿ ਹਰ ਨਰ ਅਤੇ ਮਾਦਾ ਦੇ ਅੰਦਰ ਬਣਨ ਵਾਲਾ ਦ੍ਰਵ ਜੋ ਸੰਭੋਗ ਨਾਲ ਖਾਰਜ ਹੁੰਦਾ ਹੈ ਉਸਦਾ ਵਹਿਣਾ ਲਾਜ਼ਮੀ ਹੁੰਦਾ ਹੈ। ਉਸਨੂੰ ਅੰਦਰ ਰੋਕ ਕੇ ਨਹੀਂ ਰੱਖਣਾ ਚਾਹੀਦਾ। ਹਰ ਮੁੰਡਾ-ਕੁੜੀ ਜੇ ਸੈਕਸ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਹਫਤੇ ਵਿੱਚ ਘੱਟੋ-ਘੱਟ ਇੱਕ ਵਾਰ ਹੱਥਕਸ਼ੀ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਜੇ ਅਜਿਹਾ ਨਾ ਕੀਤਾ ਜਾਵੇ ਤਾਂ ਸ਼ਰੀਰ ਵਿੱਚ ਬਣਨ ਵਾਲਾ ਦ੍ਰਵ ਸੁਪਨਦੋਸ਼ ਰਾਹੀਂ ਬਗਾਵਤ ਕਰਕੇ ਨਿਕਲ ਜਾਵੇਗਾ। ਇਸੇ ਤਰ੍ਹਾਂ ਸਾਡੇ ਸ਼ਰੀਰ ਦੇ ਬਾਕੀ ਹਿੱਸੇ ਕੰਮ ਕਰਦੇ ਹਨ। ਜਦੋਂ ਸਾਨੂੰ ਕੋਈ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਅਸੀਂ ਅਵੱਸ਼ ਹੀ ਉਹ ਕਰਦੇ ਹਾਂ।
           ਇੱਕ ਵਾਰ ਵਿਦਵਾਨ ਸਿਗਮੰਡ ਫਰਾਇਡ ਆਪਣੀ ਪਤਨੀ ਅਤੇ ਬੱਚੇ ਨਾਲ ਕਿਸੇ ਬਾਗ ਵਿੱਚ ਘੁੰਮ ਰਿਹਾ ਸੀ। ਘੁੰਮਦੇ-ਘਮਾਉਂਦਿਆਂ ਉਨ੍ਹਾਂ ਦਾ ਬੱਚਾ ਕਿੱਧਰੇ ਉਨ੍ਹਾਂ ਤੋਂ ਜੁਦਾ ਹੋ ਗਿਆ। ਜਦੋਂ ਫਰਾਇਡ ਤੇ ਉਸਦੀ ਪਤਨੀ ਨੂੰ ਬੱਚੇ ਦੇ ਵਿਛੜ ਜਾਣ ਦਾ ਇਲਮ ਹੋਇਆ ਤਾਂ ਉਹ ਦੋਨੋਂ ਜਣੇ ਉਸਨੂੰ ਢੂੰਡਣ ਲੱਗ ਪਏ। ਉਹਨਾਂ ਨੇ ਸਾਰੇ ਦੇਖਿਆ ਤੇ ਲੱਭ-ਲੱਭ ਕਮਲੇ ਹੋ ਗਏ। ਬੱਚਾ ਕਿਤੋਂ ਨਾ ਮਿਲਿਆ। ਥੱਕ ਹਾਰ ਕੇ ਫਰਾਇਡ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਕੀ ਕੋਈ ਐਸੀ ਜਗ੍ਹਾ ਹੈ ਜਿੱਥੇ ਜਾਣ ਤੋਂ ਉਸਨੇ ਬੱਚੇ ਨੂੰ ਵਰਜਿਆ ਹੋਵੇ?
           ਇਸਦੇ ਜਵਾਬ ਵਿੱਚ ਫਰਾਇਡ ਦੀ ਪਤਨੀ ਨੇ ਦੱਸਿਆ ਕਿ ਬੱਚਾ ਬਾਗ ਵਿੱਚ ਲੱਗੇ ਫੁਹਾਰੇ ਦੇ ਪਾਣੀ ਨਾਲ ਖੇਡਣਾ ਚਾਹੁੰਦਾ ਸੀ ਤੇ ਉਸਨੇ ਬੱਚੇ ਨੂੰ ਪਾਣੀ ਨਾਲ ਕੱਪੜੇ ਗਿੱਲੇ ਹੋਣ ਦੇ ਡਰੋਂ ਫੁਹਾਰੇ ਕੋਲ ਜਾਣ ਤੋਂ ਹਟਾਇਆ ਸੀ।
           ਇਹ ਸੁਣ ਕੇ ਫਰਾਇਡ ਕਹਿਣ ਲੱਗੇ, "ਚੱਲ ਫਿਰ ਉਹ ਉੱਥੇ ਫੁਆਰੇ ਦੇ ਨਿਕਟ ਹੀ ਹੋਵੇਗਾ।" ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਬੱਚਾ ਸੱਚਮੁੱਚ ਹੀ ਫੁਹਾਰੇ ਦੇ ਪਾਣੀ ਨਾਲ ਖੇਡ ਰਿਹਾ ਸੀ। ਫਰਾਇਡ ਨੇ ਇਸ ਘਟਨਾ ਨੂੰ ਲੈ ਕੇ ਇਨਸਾਨੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦਿਆਂ ਹੀ ਦੱਸਿਆ ਸੀ ਕਿ ਮਨੁੱਖੀ ਦਿਮਾਗ ਸਿੱਧਾ ਘੱਟ ਤੇ ਪੁੱਠਾ ਜ਼ਿਆਦਾ ਚੱਲਦਾ ਹੈ। ਇਸਨੂੰ ਜਿਹੜੇ ਕੰਮੋਂ ਰੋਕਿਆ ਜਾਵੇ। ਇਹ ਉਹੀ ਕਰਦਾ ਹੈ। ਇੰਨ-ਬਿੰਨ ਫਰਾਇਡ ਦੇ ਬੱਚੇ ਵਾਲਾ ਹੀ ਮੇਰਾ ਹਾਲ ਸੀ।  
           ਮੈਨੂੰ ਘਰ ਦੇ ਮਾਹੌਲ ਵਿੱਚ ਵੀ ਘੁੱਟਨ ਹੀ ਘੁੱਟਣ ਮਹਿਸੂਸ ਹੁੰਦੀ ਸੀ। ਜਾਨਵਰਾਂ ਤੋਂ ਵੀ ਬਦਤਰ ਜੂਨ ਹੈ ਦੇਸੀ ਔਰਤਾਂ ਦੀ।  ਮੇਰਾ ਖ਼ਿਆਲ ਸੀ ਕਿ ਇਹੋ ਹਸ਼ਰ ਨਾਜ਼ੀਆ ਦਾ ਹੋਵੇਗਾ। ਸਭ ਨਾਲ ਇਵੇਂ ਹੁੰਦੈ। ਮੈਂ ਆਪਣੇ ਨਾਲ ਐਸਾ ਹਰਗਿਜ਼ ਨਹੀਂ ਹੋਣ ਦੇਵਾਂਗੀ। ਮੇਰੇ ਅੰਦਰਲੀ ਜਾਗ੍ਰਿਤ ਔਰਤ ਗਰਜੀ ਸੀ।

           ਵਿਨੋਬਾ ਭਾਵੇ ਦਾ ਫ਼ਰਮਾਨ ਹੈ, "ਤੁਹਾਡੀ ਕਿਸਮਤ ਤੁਹਾਡੇ ਹੱਥ ਹੈ। ਜੋ ਸ਼ਕਤੀ ਤੇ ਸਹਾਇਤਾ ਤੁਹਾਨੂੰ ਚਾਹੀਦੀ ਹੈ, ਉਹ ਸਾਰੀ ਤੁਹਾਡੇ ਅੰਦਰ ਹੈ, ਇਸ ਲਈ ਆਪਣੀ ਕਿਸਮਤ ਖੁਦ ਬਣਾਉ। ਇਨ੍ਹਾਂ ਅਨਮੋਲ ਬਚਨਾਂ ਨੇ ਮੇਰੀ ਹੌਸਲਾਅਫਜ਼ਾਈ ਕੀਤੀ ਸੀ। ਮੈਨੂੰ ਉਕਸਾ ਦਿੱਤਾ ਸੀ। ਮੈਂ ਮਨ ਹੀ ਮਨ ਮਾਪਿਆਂ ਨਾਲ ਬਗਾਵਤ ਕਰਨ ਦਾ ਇਰਾਦਾ ਹੀ ਨਹੀਂ ਬਲਕਿ ਦ੍ਰਿੜ ਨਿਸਚਾ ਕਰ ਲਿਆ ਸੀ। ਇੱਕ ਤਰ੍ਹਾਂ ਨਾਲ ਦਿਲੋਂ ਬਾਗੀ ਤਾਂ ਮੈਂ ਹੋ ਹੀ ਚੁੱਕੀ ਸੀ। ਬਸ ਇਸਦਾ ਐਲਾਨ ਕਰਨਾ ਅਤੇ ਸਰਅੰਜ਼ਾਮ ਦੇਣਾ ਬਾਕੀ ਸੀ

ਕਾਂਡ 8 : ਪ੍ਰੇਮ ਪੱਤਰ

ਮਾਯੂਸ ਹੋ ਕੇ ਮੈਨੂੰ ਆਪਣੀ ਜ਼ਿੰਦਗੀ ਨਾਲ ਇਸ ਕਦਰ ਨਫ਼ਰਤ ਹੋ ਗਈ ਸੀ ਕਿ ਮੇਰਾ ਜੀਅ ਕਰਦਾ ਸੀ ਮੈਂ ਮਰ ਜਾਵਾਂ। ਯਕੀਨ ਕਰੋਂ ਤਾਂ ਮੈਂ ਅਜਿਹਾ ਕਰਨ ਦਾ ਉਪਰਾਲਾ ਵੀ ਕੀਤਾ ਸੀ। ਅੰਮੀ ਕਦੇ ਕਦਾਈਂ ਡਿਪਰੈੱਸ਼ਨ ਅਤੇ ਨੀਂਦ ਦੀਆਂ ਜਿਹੜੀਆਂ ਗੋਲੀਆਂ ਖਾਂਦੀ ਹੁੰਦੀ ਸੀ, ਮੈਂ ਉਨ੍ਹਾਂ ਦੀ ਸ਼ੀਸ਼ੀ ਚੁੱਕ ਕੇ ਸਾਰੀ ਦੀ ਸਾਰੀ ਛਕਣ ਲੱਗੀ ਸੀ। ਗੋਲੀਆਂ ਖਾਹ ਕੇ ਆਤਮਹੱਤਿਆ ਕਰਨ ਤੋਂ ਪਹਿਲਾਂ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਕਰ ਜਾਵਾਂ। ਐਸਾ ਕਰਨ ਲਈ ਮੈਂ ਕਿਤਾਬਾਂ ਵਾਲੀ ਦੁਕਾਨ ਡੱਬਲਯੂ ਐੱਚ ਸਮਿੱਥ ਤੋਂ ਬੜੀ ਦੇਰ ਪਹਿਲਾਂ ਦਾ ਅੱਬਾ ਵਾਸਤੇ ਲਿਆਂਦਾ ਹੋਇਆ ਅਣਵਰਤਿਆ ਸਰਕਾਰ ਵੱਲੋਂ ਪ੍ਰਮਾਣਿਤ ਵਸੀਅਤਨਾਮਾ ਚੁੱਕਿਆ ਤੇ ਲਿਖ ਮਾਰਿਆ, 

ਵਸੀਅਤਨਾਮਾ
ਮੇਰੇ ਤਨ, ਮਨ ਅਤੇ ਧਨ, ਯਾਨੀ ਕਿ ਹਰ ਚੀਜ਼ ਦਾ ਮਾਲਕ ਅਤੇ ਹੱਕਦਾਰ ਸਿਰਫ਼ ਮੇਰਾ ਮਹਿਬੂਬ  ਇਕਬਾਲ ਸਿੰਘ ਹੈ।
ਮੈਂ ਸ਼ਾਜ਼ੀਆ ਖਾਨ ਆਪਣੇ ਪੂਰੇ ਹੋਸ਼-ਓ-ਹਵਾਸ ਵਿੱਚ ਬਿਨਾਂ ਕਿਸੇ ਕਿਸਮ ਦੇ ਦਬਾਅ ਜਾਂ ਮਜਬੂਰੀ ਦੇ ਇਹ ਤਸਦੀਕ ਕਰਦੀ ਹਾਂ ਕਿ ਉੱਪਰ ਦਿੱਤਾ ਗਿਆ ਵੇਰਵਾ ਮੇਰੀ ਜਾਣਕਾਰੀ ਮੁਤਾਬਕ ਬਿਲਕੁਲ ਸੱਚਾ ਅਤੇ ਸਹੀ ਹੈ।
ਦਸਤਖ਼ਤ

ਸ਼ਾਜ਼ੀਆ ਖਾਨ

ਇਹ ਸਨਦ ਲਿਖਣ ਬਾਅਦ ਮੈਨੂੰ ਆਪਣੀ ਮੂਰਖ਼ਤਾ ਉੱਤੇ ਹਾਸਾ ਆਇਆ। ਮੇਰੇ ਕੋਲ ਐਸਾ ਹੈ ਹੀ ਕੀ ਸੀ, ਜੋ ਮੈਂ ਇਕਬਾਲ

ਕਾਂਡ 9 : ਲੰਮੀ ਉਡਾਰੀ


ਇਸਟਰ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਸਨ। ਪਾਠਕ੍ਰਮ ਦੀ ਸਾਰੀ ਪੜ੍ਹਾਈ ਨਿਬੜ ਚੁੱਕੀ ਸੀ। ਛੁੱਟੀਆਂ ਤੋਂ ਪੇਸ਼ਤਰ ਸਟੱਡੀ ਲੀਵ  ਹੋ ਜਾਣੀ ਸੀ। ਜਿਸਦਾ ਮਤਲਬ ਸਕੂਲ ਨਹੀਂ ਸੀ ਜਾਣਾ, ਬਸ ਘਰੇ ਰਹਿ ਕੇ ਪੜ੍ਹਨਾ ਸੀ ਤੇ ਸਿਰਫ਼ ਜੂਨ ਦੇ ਮਹੀਨੇ ਵਿੱਚ ਇਮਤਿਹਾਨ ਦੇਣ ਹੀ ਸਕੂਲ ਜਾਣਾ ਸੀ। ਹਾਈ ਸਕੂਲ ਵਿਚਲਾ ਪੰਜਵਾਂ ਅਤੇ  ਅੰਤਮ ਵਰ੍ਹਾ ਹੋਣ ਕਰਕੇ ਇਹ ਸਾਲ ਬਹੁਤ ਮਹੱਤਵਪੂਰਣ ਸੀ। ਸ਼ੀਘਰ ਹੀ ਰਵੀਜ਼ਨ ਸੈਸ਼ਨ  ਸ਼ੁਰੂ ਹੋ ਜਾਣਾ ਸੀ। ਸਾਡੇ ਅਧਿਆਪਕਾਂ ਨੇ ਸਲਾਹ ਬਣਾਈ ਸੀ ਕਿ ਦੂਰ-ਦੂਰਾਡੇ ਜਾ ਕੇ ਦੋ-ਚੌਂਹ ਦਿਨਾਂ ਦੀ ਬਰੇਕ ਕਰ ਲੈਣ ਨਾਲ ਸਾਡਾ ਸਾਰਿਆਂ ਬੱਚਿਆਂ ਦਾ ਦਿਮਾਗ ਤਰੋ-ਤਾਜ਼ਾ ਅਤੇ ਖਾਲੀ ਹੋ ਜਾਵੇਗਾ ਤੇ ਇਸ ਤੋਂ ਬਾਅਦ ਡਟ ਕੇ ਇਮਤਿਹਾਨਾਂ ਦੀ ਤਿਆਰੀ ਕਰਨੀ ਕਾਫ਼ੀ ਲਾਭਦਾਇਕ ਰਹੇਗੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਕੂਲ ਵੱਲੋਂ ਮੇਰੀ ਜਮਾਤ ਦੇ ਮੁੰਡੇ ਕੁੜੀਆਂ ਨੂੰ ਇੱਕ ਹਫਤੇ ਲਈ ਫ਼ਰਾਂਸ ਲਿਜਾਣ ਦਾ ਚੌਖੇ ਚਿਰ ਪਹਿਲਾਂ ਦਾ ਮਨਸੂਬਾ ਬਣਾਇਆ ਹੋਇਆ ਸੀ। ਟਰਿੱਪ ’ਤੇ ਜਾਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਇੱਕੜ-ਦੁੱਕੜ ਵਿਦਿਆਰਥੀ, ਜਿਨ੍ਹਾਂ ਦੇ ਮਾਪੇ ਖਰਚ ਬਰਦਾਸ਼ਤ ਨਹੀਂ ਕਰ ਸਕਦੇ ਸਨ, ਉਹਨਾਂ ਤੋਂ ਛੁੱਟ ਬਾਕੀ ਸਭ ਜਾ ਰਹੇ ਸਨ। ਮੈਂ ਵੀ ਆਪਣਾ ਨਾਮ ਨਹੀਂ ਲਿਖਵਾਇਆ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਕੁੜੀ ਹੋਣ ਕਰਕੇ ਮੇਰੇ ਰੂੜ੍ਹੀਵਾਦੀ ਵਿਚਾਰਾਂ ਦੇ ਮਾਪੇ ਮੈਨੂੰ ਮੁੰਡਿਆਂ ਦੇ ਨਾਲ ਪਰਾਏ ਮੁਲਖ ਵਿੱਚ ਜਾਣ ਨਹੀਂ ਦੇਣਗੇ। ਉਂਝ ਮੈਨੂੰ ਘੁੰਮਣ ਫਿਰਨ ਦਾ ਕੋਈ ਬਹੁਤਾ ਸ਼ੌਂਕ ਵੀ ਨਹੀਂ ਸੀ।
  ਉੱਧਰ ਪਾਕਿਸਤਾਨ ਵਿੱਚ ਮੇਰੇ ਹੋਣ ਵਾਲੇ ਜੀਜਾ ਜੀ ਨੇ ਬੀ ਐਸ ਸੀ ਮੈਡੀਕਲ ਕਰ ਲਈ ਸੀ। ਡਿਗਰੀ ਲੈ ਲੈਣ ਬਾਅਦ ਅਸਲਮ

ਕਾਂਡ 10 : ਸੱਥਰੀ ਸੇਜ, ਕੁਆਰੀ ਕਾਇਆ

ਸਾਥੀਆਂ ਦੇ ਸ਼ੋਰ-ਸ਼ਰਾਬੇ ਨਾਲ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਤੱਕਿਆ ਦਿਨ ਢਲ ਰਿਹਾ  ਸੀ। ਦੂਰ ਦੋ ਪਹਾੜਾਂ ਦੇ ਦਰਮਿਆਨ ਛਿਪਣ ਲਈ ਖੜ੍ਹਾ ਸੂਰਜ ਮੈਨੂੰ ਪਈ ਹੋਈ ਨੂੰ ਹੀ ਦਿਖਾਈ ਦੇ ਰਿਹਾ ਸੀ। ਗੋਇਆ ਮੈਨੂੰ ਗੁੱਡ-ਬਾਏ  ਕਹਿਣ ਲਈ ਹੀ ਰੁਕਿਆ ਹੋਇਆ ਸੀ। ਵਰਨਾ ਉਹਨੇ ਕਦੋਂ ਦਾ ਅਸਤ ਹੋ ਜਾਣਾ ਸੀ। ਹਾਲਾਂਕਿ ਮੇਰੀ ਮਸਾਂ ਦੋ ਢਾਈ ਘੰਟੇ  ਅੱਖ ਲੱਗੀ ਸੀ। ਲੇਕਿਨ ਫਿਰ ਵੀ ਇਉਂ ਪ੍ਰਤੀਤ ਹੁੰਦਾ ਸੀ ਜਾਣੀ ਮੈਂ ਕਈ ਦਿਨ ਸੁੱਤੀ ਰਹਿਣ ਬਾਅਦ ਉੱਠੀ ਹੁੰਦੀ ਹਾਂ। ਰੱਜੀ ਪਈ ਸੀ ਮੈਂ ਨੀਂਦ ਨਾਲ। ਨਿੰਮ੍ਹਾ-ਨਿੰਮ੍ਹਾ ਸਿਰ ਤਾਂ ਦਰਦ ਕਰ ਰਿਹਾ ਸੀ। ਪਰ ਸੀ ਮੈਂ ਪੂਰੀ ਹੋਸ਼ ਵਿੱਚ। ਦਾਰੂ ਦਾ ਨਸ਼ਾ ਉਤਰ ਚੁੱਕਿਆ ਸੀ। 
ਉੱਠ ਕੇ ਉਬਾਸੀਆਂ ਲੈਂਦੀ ਹੋਈ ਮੈਂ ਟੈਂਟ ਤੋਂ  ਬਾਹਰ ਆਈ ਤੇ ਮਿੱਟੀ ਦੀ ਢੇਰੀ ’ਤੇ ਖੜ੍ਹ ਕੇ ਜਿਉਂ ਹੀ ਮੈਂ ਇੱਕ ਅੰਗੜਾਈ ਲਿੱਤੀ ਤਾਂ  ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਪਹਿਲਾਂ ਨਾਲੋਂ ਵੀ ਸੁੰਦਰ ਹੋ ਗਈ ਹੋਵਾਂ। ਹਿੱਕ ਵਧੇਰੇ ਉਭਰ ਆਈ ਸੀ। ਚਮੜੀ ਅਧਿਕ ਮੁਲਾਇਮ ਅਤੇ ਚਮਕੀਲੀ ਹੋ ਗਈ ਸੀ। ਸਾਰਾ ਰੰਗ ਰੂਪ ਨਿੱਖਰ ਆਇਆ ਜਾਪਿਆ ਸੀ। ਮੈਂ ਸਿਰ ਤੋਂ ਪੈਰਾਂ ਤੱਕ ਕਾਮ ਨਾਲ ਭਰੀ ਪਈ ਸੀ। ਸੈਕਸ ਮੇਰੇ ਅੰਦਰ ਛਲਕਦਾ ਪ੍ਰਤੱਖ ਨਜ਼ਰ ਆਉਂਦਾ ਸੀ। ਯੋਵਨ ਮੇਰੇ ਕੱਪੜਿਆਂ ਵਿੱਚੋਂ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। 
ਕੋਹਾਂ-ਕੋਹ ਜਿੱਥੋਂ ਤੱਕ ਨਿਗਾਹ ਜਾਂਦੀ ਸੀ। ਹਰਿਆਲੀ ਹੀ ਹਰਿਆਲੀ ਫੈਲੀ ਹੋਈ ਸੀ। ਖੇਤਾਂ ਵਿੱਚ ਕੋਈ ਮੌਸਮੀ ਸਬਜ਼ ਫਸਲ ਲਹਿਰਾ ਰਹੀ ਸੀ। ਵਗਦੀ ਹਵਾ ਦੇ ਟਕਰਾਉਣ ਨਾਲ ਰੁੱਖਾਂ ਦੇ ਪੱਤੇ ਬੜਾ ਮਨੋਹਰ ਸੰਗੀਤ ਪੈਦਾ ਕਰ ਰਹੇ ਸਨ। ਉੱਚੇ ਨੀਵੇਂ ਟੋਏ-ਟਿੱਬਿਆਂ ਵਾਲੇ ਫਰਾਂਸੀਸੀ ਪਿੰਡ ਦੀਆਂ ਦਿਲਖਿਚਵੀਆਂ ਵਾਦੀਆਂ ਪ੍ਰਹਟਕਾਂ ਨੂੰ ਆਮੰਤ੍ਰਿਤ ਕਰ ਰਹੀਆਂ ਸਨ, ਉਨ੍ਹਾਂ ਅੰਦਰ ਆਉਣ ਤੇ ਗੁਆਚ ਜਾਣ ਲਈ। ਬੜੀ ਨਸ਼ੀਲੀ ਜਿਹੀ ਮਦਹੋਸ਼ ਕਰ ਦੇਣ ਵਾਲੀ ਸ਼ਾਮ ਸੀ ਉਹ। 
ਮੈਂ ਉੱਥੇ ਯਾਤਰੀਆਂ ਲਈ ਬਣਾਏ ਪੱਕੇ ਗੁਸਲਖਾਨਿਆਂ ਵੱਲ ਚਲੀ ਗਈ। ਮੂੰਹ-ਹੱਥ ਧੋਹ ਕੇ ਜਦੋਂ ਬਾਹਰ ਨਿਕਲੀ ਤਾਂ ਖਾਣੇ ਦੀਆਂ ਲਪਟਾਂ ਨੇ ਮੇਰਾ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। 
ਤੰਬੂਆਂ ਦੇ ਝੁੱਡ ਦੇ ਐਨ ਵਿਚਕਾਰ ਬਚਦੀ ਖਾਲ੍ਹੀ ਜਗ੍ਹਾ ਵਿੱਚ ਮੇਰੇ ਸਾਥੀਆਂ ਨੇ ਰਾਤ ਦੇ ਖਾਣੇ ਲਈ ਬਾਰਬੀਕਿਉ  ਕਰਨ ਦਾ

ਕਾਂਡ 11 : ਭੁੱਲ ’ਗੀ ਯਾਰ ਪੁਰਾਣਾ



ਜਿਵੇਂ ਸਾਉਣ ਦੀ ਲੱਗੀ ਹੋਈ ਝੜੀ ਵਿੱਚ ਹੁੰਦਾ ਹੈ। ਕਦੇ ਬਿਨਾਂ ਹਟਿਆਂ ਛਰਾਟੇਦਾਰ ਮੀਂਹ ਰਫ਼ਤਾਰ ਘਟਾ ਕੇ ਬੂੰਦਾ-ਬਾਂਦੀ ’ਤੇ ਆ ਜਾਂਦਾ ਹੈ ਤੇ ਕਦੇ ਬੂੰਦਾ-ਬਾਂਦੀ ਤੋਂ ਭੂਰ ਤੱਕ ਅਤੇ ਕਦੇ ਫਿਰ ਜ਼ੋਰ ਫੜ ਕੇ ਮੋਹਲੇਧਾਰ ਵਰਨ ਲੱਗ ਜਾਂਦਾ ਹੈ। ਉਵੇਂ ਹੀ ਮੈਂ ਰੋਈ ਜਾ ਰਹੀ ਸੀ। ਰੋਕਣ ਦੇ ਯਤਨ ਕਰਿਆਂ ਵੀ ਮੈਥੋਂ ਆਪਣੇ ਵਹਿੰਦੇ ਹੋਏ ਹੰਝੂ ਰੋਕ ਨਹੀਂ ਸੀ ਹੁੰਦੇ। ਮੇਰੇ ਟੈਂਟ ਵਿੱਚ ਮੇਰੇ ਕੋਲ ਬੈਠੀਆਂ ਮੇਰੀਆਂ ਸਹੇਲੀਆਂ ਐਂਜਲਾ ਅਤੇ ਇਜ਼ਬਲ ਮੈਨੂੰ ਜਿੰਨਾ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਸਨ, ਉਨ੍ਹਾਂ ਮੈਂ ਹੋਰ ਉੱਚੀ-ਉੱਚੀ ਰੋਣ ਲੱਗ ਜਾਂਦੀ ਸੀ। ਉਹ ਮੇਰੀ ਸਮੱਸਿਆ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖ ਰਹੀਆਂ ਸਨ ਤੇ ਮੈਂ ਆਪਣੇ ਤੋਂ। ਉਨ੍ਹਾਂ ਨਾਲੋਂ ਮੇਰੇ ਵਿਚਾਰ ਮੁਖਤਲਿਫ਼ ਸਨ। ਉਹ ਤਾਂ ਕੱਪੜਿਆਂ ਵਾਂਗ ਯਾਰ ਬਦਲਦੀਆਂ ਸਨ। ਕਿਸੇ ਮੁੰਡੇ ਨਾਲ ਸੌਂ ਲੈਣਾ, ਉਨ੍ਹਾਂ ਵਾਸਤੇ ਮਾਮੂਲੀ ਅਤੇ ਸਧਾਰਨ ਜਿਹੀ ਗੱਲ ਸੀ। ਲੇਕਿਨ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਸੀ। ਜਿਸ ਕੰਮ ਲਈ ਮੈਂ ਇਕਬਾਲ ਨੂੰ ਵੀ ਵਰਜ ਦਿੱਤਾ ਸੀ, ਉਹੀ ਕੰਮ ਮੈਂ ਮੈਕਸ ਨਾਲ ਬਿਨਾਂ ਕਿਸੇ ਉਜ਼ਰ ਦੇ ਕਰ ਗਈ ਸੀ। ਮੈਨੂੰ ਖੁਦ ਯਕੀਨ ਨਹੀਂ ਸੀ ਆਉਂਦਾ ਕਿ ਇਹ ਸਭ ਕਿਵੇਂ ਹੋ ਗਿਆ ਸੀ। ਇਕਬਾਲ ਨਾਲ ਸਰੀਰਕ ਸੰਬੰਧ ਬਣੇ ਹੁੰਦੇ ਤਾਂ ਹੋਰ ਗੱਲ ਸੀ। ਉਹ ਮੇਰੇ ਬਚਪਨ ਦਾ ਸਾਥੀ ਸੀ। ਉਹ ਮੇਰੇ ਖ਼ੁਆਬਾਂ ਅਤੇ ਖ਼ਿਆਲਾਂ ਵਿੱਚ ਵਸਿਆ ਹੋਇਆ ਸੀ। ਮੈਂ ਉਸਨੂੰ ਪਸੰਦ ਕਰਦੀ ਸੀ। ਮੈਂ ਉਸਨੂੰ ਚਾਹੁੰਦੀ, ਪਿਆਰ ਕਰਦੀ ਸੀ। ਉਸ ਉੱਤੇ ਮਰਦੀ ਸੀ। ਪਰ ਮੈਕਸ ਨੂੰ ਤਾਂ ਮੈਂ ਚੱਜ ਨਾਲ ਜਾਣਦੀ ਤੱਕ ਨਹੀਂ ਸੀ। ਜ਼ਿੰਦਗੀ ਵਿੱਚ ਪਹਿਲਾਂ ਕਦੇ ਮਿਲੀ ਵੀ ਨਹੀਂ ਸੀ ਤੇ ਨਾ ਅਗਾਂਹ ਕਿਸੇ ਮੁਲਾਕਾਤ ਹੋਣ ਦਾ ਪੱਕਾ ਭਰੋਸਾ ਸੀ। ਇਉਂ ਇੱਕ ਅੱਧੇ ਘੰਟੇ ਦੀ ਮਿਲਣੀ ਬਾਅਦ ਪਰਾਏ ਮਰਦ ਨੂੰ ਆਪਣਾ ਸਭ ਕੁੱਝ ਗੋਰੀਆਂ-ਕਾਲੀਆਂ ਤਾਂ ਸੌਂਪ ਦਿੰਦੀਆਂ ਹਨ ਪਰ ਏਸ਼ੀਅਨ ਕੁੜੀਆਂ ਤੇ ਖਾਸ ਕਰ ਮੇਰੇ ਵਰਗੀਆਂ ਸ਼ਰੀਫ ਅਤੇ ਇੱਜ਼ਤਦਾਰ ਘਰਾਣਿਆਂ ਦੀਆਂ ਤਾਂ ਹਰਗਿਜ਼ ਇਹੋ ਜਿਹੇ ਘਟੀਆ ਵੰਨ ਨਾਈਟ ਸਟੈਂਡ ਵਾਲੇ ਕੰਮ ਨਹੀਂ ਕਰਦੀਆਂ। 


ਕਾਂਡ 12 : ਟੂਰ ਡੀ ਫ਼ਰਾਂਸ

ਇੱਕ ਦਿਨ ਮੈਕਸ ਮੈਨੂੰ ਸੁੱਤੀ ਪਈ ਨੂੰ ਛੱਡ ਕੇ ਬਿਨਾਂ ਕੁੱਝ ਪੁੱਛੇ ਦੱਸੇ ਕਿੱਧਰੇ ਚਲਾ ਗਿਆ ਸੀ। ਉਸਦੀ ਗੈਰਹਾਜ਼ਰੀ ਦੇ ਮਸਲੇ ਨੂੰ ਲੈ ਕੇ ਮੈਂ ਜਾਗਣ ਬਾਅਦ ਕਾਫ਼ੀ ਚਿਰ ਤੱਕ ਪਰੇਸ਼ਾਨ ਰਹੀ ਸੀ। ਫਿਰ ਮੈਂ ਆਪਣਾ ਧਿਆਨ ਹੋਰ ਪਾਸੇ ਉਲਝਾਉਣ ਲਈ ਖ਼ਿਆਲਾਂ ਦੀ ਦੁਨੀਆਂ ਵਿੱਚ ਗੁੰਮ ਹੋ ਗਈ ਸੀ। ਮੈਂ ਫ਼ਰਾਂਸ ਅਤੇ ਉੱਥੋਂ ਦੇ ਇਤਿਹਾਸ ਬਾਰੇ ਸੋਚਣ ਲੱਗ ਪਈ। ਉਸ ਦੇਸ਼ ਨੇ ਵੀ ਮੇਰੀ ਜ਼ਿੰਦਗੀ ਵਾਂਗ ਅਨੇਕਾਂ ਉਤਰਾ-ਚੜ੍ਹਾ ਦੇਖੇ ਸਨ। ਕਈ ਵਾਰ ਉਹ ਡਿੱਗਿਆ ਹੈ ਤੇ ਕਈ ਵਾਰ ਉੱਠਿਆ ਸੀ। 
1500 ਈਸਵੀ ਪੂਰਬ ਵਿੱਚ ਫ਼ਰਾਂਸ ਦੇ ਮੂਲਵਾਸੀਆਂ ਵਿੱਚ ਕੈਲਟਸ (ਸਕਾਟਲੈਂਡ, ਆਇਰਲੈਂਡ ਅਤੇ ਵੇਲਜ਼ ਦੇ ਲੋਕ) ਦਾ ਮਿਸ਼ਰਨ ਹੋਣਾ ਸ਼ੁਰੂ ਹੋ ਗਿਆ ਤੇ 50 ਸਾਲਾਂ ਵਿੱਚ ਉਨ੍ਹਾਂ ਨੇ ਫ਼ਰਾਂਸ ਵਿੱਚ ਆਪਣੀ ਅੱਛੀ ਖਾਸੀ ਧਾਕ ਜਮਾ ਲਈ ਸੀ। ਫਿਰ ਰੋਮਨ ਸੈਨਾ ਨੇ ਜੂਲੀਅਸ ਸੀਜ਼ਰ ਦੀ ਕਮਾਨ ਹੇਠ ਉਨ੍ਹਾਂ ਉੱਤੇ ਹੱਲਾ ਬੋਲ ਦਿੱਤਾ ਸੀ। ਪੰਜਵੀਂ ਸ਼ਤਾਬਦੀ ਵਿੱਚ ਜਰਮਨ ਸ਼ਾਸਕਾਂ ਵੱਲੋਂ ਰੋਮਨਾਂ ਦਾ ਰਾਜ ਖਤਮ ਕਰ ਦਿੱਤਾ ਗਿਆ। ਉਸ ਸਮੇਂ ਫ਼ਰਾਂਸ ਨੂੰ ਫਰੈਂਕਿਸ਼ਰਐਲਮ ਨਾਮ ਨਾਲ ਪੁਕਾਰਿਆ ਜਾਂਦਾ ਸੀ। 486 ਏ. ਡੀ. ਵਿੱਚ ਫ਼ਰਾਂਸ ਇਸਾਈ ਮਹਾਰਾਜਾ ਕਲੋਵਿਸ ਦੇ ਕਬਜ਼ੇ ਵਿੱਚ ਆ ਗਿਆ। 800 ਈਸਾ ਪਸ਼ਚਾਤ ਚਾਰਲਸ ਨੇ ਫ਼ਰਾਂਸ ਦੀ ਰਾਜ ਗੱਦੀ ਉੱਤੇ ਬੈਠ ਕੇ ਮੁਲਖ ਨੂੰ ਹਰ ਪੱਖੋਂ ਮਜ਼ਬੂਤ ਕੀਤਾ। ਉਸਦੀ ਮੌਤ ਉਪਰੰਤ ਰਾਜ ਖੇਰੂੰ-ਖੇਰੂੰ ਹੋ ਗਿਆ। 843 ਈਸਵੀ ਵਿੱਚ ਚਾਰਲਸ ਔਫ ਬੋਲਡ ਨੇ ਫ਼ਰਾਂਸ ਦੀ ਵਾਗ-ਡੋਰ ਸੰਭਾਲੀ, ਪਰ ਫ਼ਰਾਂਸ ਕਈ ਟੁੱਕੜਿਆਂ ਵਿੱਚ ਵੰਡਿਆ ਗਿਆ ਤੇ ਇਸਦੇ ਕੁੱਝ ਭਾਗ ਅੱਡੋਪਾਟੀ ਹੋ ਗਏ ਸਨ। ਦਸਵੀਂ ਸਦੀ ਵਿੱਚ ਨੋਰਸਮੈਨ ਅਤੇ ਉਸ ਤੋਂ ਉਪਰੰਤ ਹੱਗ ਕੈਪਟ ਦਾ ਫ਼ਰਾਂਸ ਵਿੱਚ ਸ਼ਾਸਨ ਰਿਹਾ , ਲੇਕਿਨ ਉਹ ਪੂਰੇ ਮੁਲਖ ਦੀ ਬਜਾਏ ਕੁੱਝ ਹਿੱਸਿਆ ਤੱਕ ਹੀ ਮਹਿਦੂਦ ਰਿਹਾ।1066 ਵਿਲੀਅਮ, ਡਿਊਕ ਔਫ ਨੌਰਮੈਂਡੀ ਨੇ ਫ਼ਰਾਂਸ ਨੂੰ ਮੱਲ ਕੇ ਚੰਮ ਦੀਆਂ ਚਲਾਈਆਂ। ਸੱਤਵੀਂ ਅਤੇ ਅੱਠਵੀਂ ਸਦੀ ਵਿੱਚ ਲੁਇਸ ਚੌਦਵੇਂ(1643-1715) ਨੇ ਕਲਾ  ਅਤੇ ਸਾਹਿਤ ਨੂੰ ਵੜਾਵਾ ਦੇ ਕੇ ਫ਼ਰਾਂਸ ਦਾ ਨਾਮ ਦੁਨੀਆਂ ਵਿੱਚ ਚਮਕਾਇਆ। 1792 ਵਿੱਚ ਲੋਕ ਰਾਜ ਦੀ  ਨੀਂਹ ਰੱਖੀ  ਗਈ ਸੀ, ਪਰ 1799 ਵਿੱਚ ਨਪੋਲੀਅਨ ਨੇ ਫ਼ਰਾਂਸ ਦਾ ਰਾਜ ਹੱਥਿਆ ਕੇ 1804 ਵਿੱਚ ਸ਼ਹਿਨਸ਼ਾਹੀ ਰਾਜ ਸਥਾਪਤ ਕਰ ਦਿੱਤਾ। ਜੋ ਕਿ ਉਸ ਤੋਂ ਪਿਛੋਂ ਲੁਇਸ ਨਪੋਲੀਅਨ ਨੇ ਸਾਂਭਿਆ ਤੇ ਉਸਤੋਂ  ਮਗਰੋਂ ਫਿਰ ਲੋਕ  ਸਰਕਾਰ ਸੱਤਾ ਵਿੱਚ ਆ ਗਈ। ਇੰਝ ਜਿਵੇਂ-ਜਿਵੇਂ ਫ਼ਰਾਂਸ ਦੇ ਹੁਕਮਰਾਨ ਬਦਲਦੇ ਗਏ ਤਿਵੇਂ-ਤਿਵੇਂ ਉਹ ਫ਼ਰਾਂਸ ਨੂੰ ਵੀ ਪ੍ਰਭਾਵਿਤ ਅਤੇ ਤਬਦੀਲ ਕਰਦੇ ਗਏ।  
ਜਿੰਨਾ ਚਿਰ ਅਸੀਂ ਫ਼ਰਾਂਸ ਵਿੱਚ ਰਹੇ, ਇੱਕ ਵੀ ਦਿਨ ਟਿਕ ਕੇ ਨਹੀਂ ਸੀ ਬੈਠੇ। ਰੋਜ਼ ਕੋਈ ਨਾ ਕੋਈ ਪਿੰਡ ਜਾਂ ਸ਼ਹਿਰ ਦੇਖਦੇ ਰਹਿੰਦੇ। ਇਸ ਤਰ੍ਹਾਂ ਅਸੀਂ ਕੁੱਝ ਦਿਨਾਂ ਵਿੱਚ ਹੀ ਫ਼ਰਾਂਸ ਦਾ ਬਹੁਤ ਸਾਰਾ ਹਿੱਸਾ ਗਾਹ ਮਾਰਿਆ ਸੀ। 
ਫ਼ਰਾਂਸ ਵਿੱਚ ਛੁੱਟੀਆਂ ਕੱਟਦਿਆਂ ਪੈਰਿਸ ਜਾਣ ਦੀ ਯੋਜਨਾ ਅਸੀਂ ਕਈ ਵਾਰ ਬਣਾਈ ਸੀ ਤੇ ਕਈ ਵਾਰ ਸਾਨੂੰ ਰੱਦ ਕਰਨੀ

ਕਾਂਡ 13 : ਇਬਤਦਾ

ਫ਼ਰਾਂਸ ਨੂੰ ਅਲਵਿਦਾ ਆਖ ਕੇ, ਅਸੀਂ ਫ਼ੈਰੀ ਵਿੱਚ ਸਵਾਰ ਹੋਏ ਤੇ ਵਾਪਸੀ ਦੇ ਰਾਹ ਪੈ ਗਏ। ਛੁੱਟੀਆਂ ਦਾ ਇਹ ਇੱਕ ਹਫਤਾ ਕਦੋਂ ਅਤੇ ਕਿਵੇਂ ਬੀਤ ਗਿਆ ਸੀ? ਇਸ ਗੁਜ਼ਰਦੇ ਵਕਤ ਦਾ ਉੱਕਾ ਹੀ ਪਤਾ ਨਹੀਂ ਸੀ ਚੱਲਿਆ। ਮੁਹੱਬਤ ਅਤੇ ਕਾਮ ਵਿੱਚ ਖੁੱਭ ਕੇ ਪਿੱਛਲੇ ਦਿਨਾਂ ਵਿੱਚ ਜਿੰਨਾ ਮੈਂ ਖੁਸ਼ ਰਹੀ ਸੀ। ਹੁਣ ਓਨਾ ਹੀ ਦੁੱਖੀ ਅਤੇ ਉਦਾਸ ਹੋਣ ਲੱਗ ਪਈ ਸੀ। ਮੇਰਾ ਫ਼ਰਾਂਸ ਤੋਂ ਆਉਣ ਨੂੰ ਬਿਲਕੁਲ ਦਿਲ ਨਹੀਂ ਸੀ ਕਰਦਾ। ਪਰ ਕੀ ਕਰਦੀ? ਉੱਥੋਂ ਆਉਣਾ ਤਾਂ ਪੈਣਾ ਹੀ ਸੀ।
ਫ਼ੈਰੀ ਆ ਕੇ ਇੰਗਲੈਂਡ ਦੇ ਸਮੁੰਦਰੀ ਤਟ ’ਤੇ ਲੱਗੀ ਤਾਂ ਅੱਗੋਂ ਸਾਡੀ ਕੋਚ ਨਹੀਂ ਸੀ ਪਹੁੰਚੀ। ਕਿਸੇ ਵਜ੍ਹਾ ਕਾਰਨ ਲੇਟ ਹੋ ਗਈ ਸੀ। ਇੰਤਜ਼ਾਰ ਵਿੱਚ ਸਭ ਇੱਧਰ-ਉੱਧਰ ਟਹਿਲਣ ਲੱਗ ਪਏ ਸਨ। ਦੁਬਾਰਾ ਇੰਗਲੈਂਡ ਦੀ ਧਰਤੀ ’ਤੇ ਪੈਰ ਧਰਦਿਆਂ ਹੀ ਬਘਿਆੜਾਂ ਵਰਗੇ ਫਿਕਰ ਮੇਰੀ ਸਹੇ ਜਿਹੀ ਜ਼ਿੰਦ ਉੱਤੇ ਟੁੱਟ ਪਏ ਸਨ। ਮੈਨੂੰ ਅੱਗੇ ਵੱਧਣ ਲਈ ਕੋਈ ਮੰਜ਼ਿਲ ਨਜ਼ਰ ਨਹੀਂ ਸੀ ਆਉਂਦੀ। ਘਰੋਂ ਨਿਕਲਣ ਵੇਲੇ ਮੈਂ ਆਪਣੇ ਪਿੱਛੇ ਦੇ ਸਾਰੇ ਪੁੱਲ ਉਡਾਉਂਦੀ ਗਈ ਸੀ। ਫਿਰ ਹੁਣ ਉਸੇ ਘਰ ਕਿਹੜੇ ਰਸਤੇ ਵਾਪਸ ਜਾਂਦੀ? ਕੋਈ ਰਾਹ ਸਾਬਤਾ ਨਹੀਂ ਸੀ ਬਚਿਆ। ਉਂਝ ਵੀ ਘਰ ਪਰਤ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੁੜ ਆਪਣੇ ਪਰਿਵਾਰ ਵਿੱਚ ਪਰਤਣਾ ਮੌਤ ਨੂੰ ਦਾਅਵਤ ਦੇਣ ਸਮਾਨ ਸੀ ਅਤੇ ਨਾ ਹੀ ਹੁਣ ਮੈਨੂੰ ਉੱਥੇ ਸਵਿਕਾਰ ਕੀਤਾ ਜਾਣਾ ਸੀ। ਬਰਮਿੰਘਮ ਮੁੜਣ ਤੋਂ ਵੀ ਮੇਰਾ ਦਿਲ ਬਹੁਤ ਡਰਦਾ ਸੀ। ਉਸ ਇਲਾਕੇ ਵਿੱਚ ਮੈਂ ਕਿਤੇ ਹੋਰ ਵੀ ਨਹੀਂ ਸੀ ਰਹਿ ਸਕਦੀ। ਮੇਰੇ ਅੱਬਾ ਦਾ ਕਿੱਤਾ ਹੀ ਦਿਨ ਰਾਤ ਸੜਕਾਂ ’ਤੇ ਰਹਿਣ ਦਾ ਸੀ। ਮੇਰੇ ਮਨ ਵਿੱਚ ਡਰ ਸੀ ਕਿ ਉਹ ਮੈਨੂੰ ਕਦੇ ਨਾ ਕਦੇ ਜ਼ਰੂਰ ਤੁਰੀ ਫਿਰਦੀ ਦੇਖ ਲੈਣਗੇ। ਉਨ੍ਹਾਂ ਨੇ ਤਾਂ ਦੇਖਣਸਾਰ ਗਲ ਘੁੱਟ ਕੇ ਮੈਨੂੰ ਥਹਿੰ ਹੀ ਮਾਰਨ ਵਿੱਚ ਢਿੱਲ ਵੀ ਨਹੀਂ ਸੀ ਕਰਨੀ। ਇਸ ਵਜ੍ਹਾ ਕਰਕੇ ਮੈਂ ਆਪਣੇ ਜੱਦੀ ਸ਼ਹਿਰ ਬਰਮਿੰਘਮ ਪਰਤਣਾ ਨਹੀਂ ਸੀ ਚਾਹੁੰਦੀ। 
ਮੈਕਸ ਮੀਂਹ ਦੀ ਬਾਛੜ ਵਾਂਗ ਮੇਰੀ ਵਾਂਗ ਮੇਰੀ ਜ਼ਿੰਦਗੀ ਵਿੱਚ ਆ ਡਿੱਗਿਆ ਸੀ। ਜਿਵੇਂ ਬਾਰਸ਼ ਦੀਆਂ ਬੂੰਦਾਂ ਜਦੋਂ ਤਪੀ ਹੋਈ