ਕਾਂਡ 2 : ਸਵਰਗ ਤੋਂ ਸੁੰਦਰ

ਹਰਿਆ-ਭਰਿਆ ਸੰਸਾਰ ਸੀ ਸਾਡਾ। ਮੈਂ, ਅੰਮੀ, ਅੱਬੂ, ਮੇਰੀਆਂ ਦੋ ਭੈਣਾਂ ਅਤੇ ਦੋ ਭਰਾ। ਇਹ ਸੀ ਸਾਡੀ ਦੁਨੀਆਂ। ਸਿਵਾਏ ਇੱਕ ਭੈਣ ਦੇ ਬਾਕੀ ਸਾਰੇ ਮੇਰੇ ਭੈਣ-ਭਾਈ ਮੈਥੋਂ ਛੋਟੇ ਸਨ। ਨਾਜ਼ੀਆ ਸਭ ਨਾਲੋਂ ਵੱਡੀ ਸੀ। ਉਸ ਤੋਂ ਦੋ ਸਾਲ ਬਾਅਦ ਮੈਂ ਹੋਈ ਸੀ। ਮੈਥੋਂ ਸਲੀਮ ਇੱਕ ਸਾਲ ਛੋਟਾ ਸੀ। ਸਲੀਮ ਦੀ ਪੈਦਾਇਸ਼ ਤੋਂ ਪੂਰੇ ਤਿੰਨ ਸਾਲ ਮਗਰੋਂ ਗਫੂਰ ਦਾ ਜਨਮ ਹੋਇਆ ਸੀ ਅਤੇ ਅੱਗੋਂ ਰਾਜ਼ੀਆ ਦਾ ਗਫੂਰ ਤੋਂ ਚਾਰ ਸਾਲ ਦਾ ਅੰਤਰ ਸੀ। ਆਮ ਮੁਸਲਮਾਨ ਪਰਿਵਾਰਾਂ ਵਾਂਗ ਸਾਡਾ ਟੱਬਰ ਵੀ ਭਾਵੇਂ ਕੁੱਝ ਵੱਡਾ ਹੀ ਸੀ। ਪਰ ਫਿਰ ਵੀ ਸਾਡੇ ਵਿੱਚੋਂ ਕੋਈ ਵੀ, ਕਿਸੇ ਜੀਅ ਨੂੰ ਬੇਲੋੜਾ ਅਤੇ ਵਾਧੂ ਮਹਿਸੂਸ ਨਹੀਂ ਸੀ ਕਰਦਾ। ਜੁਰਾਬਾਂ ਤੋਂ ਸਿਰ ਦੀ ਚੁੰਨੀ ਤੱਕ ਜਿਵੇਂ ਇੱਕ ਔਰਤ ਦੇ ਪਹਿਨੇ ਹੋਏ ਸਾਰੇ ਵਸਤਰਾਂ ਦੀ ਆਪੋ ਆਪਣੀ ਮਹੱਤਤਾ ਹੁੰਦੀ ਹੈ। ਸਲਵਾਰ ਦੀ ਜਗ੍ਹਾ ਕੁੜਤੀ ਜਾਂ ਜੰਪਰ ਦੀ ਥਾਂ ਸੁੱਥਣ ਨਹੀਂ ਪਹਿਨੀ ਜਾ ਸਕਦੀ। ਉਵੇਂ ਹੀ ਪਰਿਵਾਰ ਵਿੱਚ ਸਾਰੇ ਜੀਆਂ ਦੀ ਆਪੋ-ਆਪਣੀ ਅਹਿਮੀਅਤ ਹੁੰਦੀ ਹੈ। ਕਿਸੇ ਜਣੇ ਨੂੰ ਸਾਡੇ ਪਰਿਵਾਰ  ਵਿੱਚੋਂ ਅਲੱਗ ਕਰਕੇ ਨਹੀਂ ਸੀ ਦੇਖਿਆ ਜਾ ਸਕਦਾ। ਸਾਡੇ ਸਾਰਿਆਂ ਵਿੱਚ ਐਨਾ ਜ਼ਿਆਦਾ ਮੋਹ-ਪਿਆਰ ਸੀ ਕਿ ਅਸੀਂ ਇੱਕ ਦੂਜੇ ਦੀ ਸਹੁੰ ਤੱਕ ਨਹੀਂ ਸੀ ਖਾਂਦੇ ਹੁੰਦੇ। 
ਇਹ ਗੱਲ ਵੱਖਰੀ ਹੈ ਕਿ ਸਾਡੀ ਭੈਣਾਂ-ਭਰਾਵਾਂ ਦੀ ਆਪਸ ਵਿੱਚ ਕਿਤੇ-ਕਿਤੇ ਖੜਕ ਵੀ ਪੈਂਦੀ ਹੁੰਦੀ ਸੀ। ਬੱਚਿਆਂ ਦੀਆਂ ਲੜਾਈਆਂ ਕੀ ਹੁੰਦੀਆਂ ਹਨ? ਬੇਬੁਨਿਆਦ ਅਤੇ ਥੋੜ੍ਹ ਚਿਰੀਆਂ ਪਾਣੀ ’ਤੇ ਵਾਹੀ ਲੀਕ ਵਰਗੀਆਂ। ਇੱਕ ਅੱਧਾ ਦਿਨ ਲੜ-ਝਗੜ ਕੇ ਅਸੀਂ ਫਿਰ ਆਪਸ ਵਿੱਚ ਇਉਂ ਘੁੱਲ-ਮਿਲ ਜਾਂਦੇ ਜਿਵੇਂ ਕਦੇ ਲੜੇ ਹੀ ਨਹੀਂ ਸੀ ਹੁੰਦੇ। ਕਦੇ-ਕਦਾਈਂ ਅੰਮੀ ਜਾਂ ਅੱਬੂ ਨਾਲ ਵੀ ਸਾਡੇ ਵਿੱਚੋਂ ਕੋਈ ਜਣਾ ਰੁੱਸ ਜਾਂਦਾ। ਸਾਡੇ ਵਾਲਦਾਈਨ ਸਿਆਣਪ ਨਾਲ, ਜੇ ਗਰਮੀ ਦੀ ਲੋੜ ਹੁੰਦੀ ਗੁੱਸੇ ਨਾਲ ਤੇ ਜੇ ਨਰਮੀ ਦੀ ਜ਼ਰੂਰਤ ਹੁੰਦੀ ਤਾਂ ਪੁਚਕਾਰ ਕੇ ਆਪਣੇ ਨਰਾਜ਼ ਹੋਏ ਬੱਚੇ ਨੂੰ ਮਨ੍ਹਾ ਲੈਂਦੇ। ਅਸੀਂ ਬੜੇ ਸੁੱਖੀ ਅਤੇ ਖੁਸ਼ਹਾਲ ਸੀ।
ਮਿਡਲੈਂਡ ਕਾਉਂਟੀ ਵਿੱਚ ਪੈਂਦੇ ਮਹਾਂਨਗਰ ਬ੍ਰਮਿੰਘਮ ਦੇ ਇੱਕ ਮੋਜ਼ਲੀ ਨਾਮੀ ਕਸਬੇ ਵਿੱਚ ਸਾਡਾ ਵੱਡਾ ਸਾਰਾ ਛੇ ਬੈੱਡਰੂਮ ਦਾ
ਘਰ ਸੀ। ਆਮ ਤਾਂ ਇੰਗਲੈਂਡ ਦੀ ਮੱਧਵਰਗੀ ਜਨਤਾ ਕੋਲੋਂ ਮਸਾਂ ਦੋ ਜਾਂ ਤਿੰਨ ਬੈੱਡਰੂਮ ਦਾ ਘਰ ਹੀ ਲੈ ਹੁੰਦਾ ਹੈ। ਬੇਸ਼ੱਕ ਆਰਿਥਕ ਪੱਖੋਂ ਅਸੀਂ ਕੋਈ ਬਹੁਤ ਜ਼ਿਆਦਾ ਧਨਾਢ ਤਾਂ ਨਹੀਂ ਸੀ। ਪਰ ਐਨੇ ਮਾੜੇ ਵੀ ਨਹੀਂ ਸੀ। ਸੁੱਖ-ਸੁਵਿਧਾ ਦੀ ਹਰ ਚੀਜ਼ ਸਾਡੇ ਘਰੇ ਮੌਜੂਦ ਸੀ। ਬੜਾ ਸੋਹਣਾ ਨਿਰਬਾਹ ਹੋਈ ਜਾ ਰਿਹਾ ਸੀ ਸਾਡਾ। ਕਦੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਅੱਗੇ ਮੇਰੇ ਮਾਪਿਆਂ ਨੂੰ ਗਰਜ਼ ਪੂਰੀ ਕਰਨ ਲਈ ਹੱਥ ਨਹੀਂ ਸੀ ਅੱਡਣਾ ਪਿਆ।
ਜਦੋਂ ਕੁ ਅੱਬਾ ਪਾਕਿਸਤਾਨ ਚੋਂ ਨਵੇਂ ਨਵੇਂ ਆਏ ਸਨ ਤਾਂ ਸੁਣਿਆ ਹੈ ਉਨ੍ਹਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਔਖੇ ਵੇਲੇ ਉਨ੍ਹਾਂ ਨੇ ਡਟ ਕੇ ਵੀਹ-ਬਾਈ ਘੰਟੇ ਤੱਕ ਰੋਜ਼ ਲਗਾਤਾਰ ਕੰਮ ਵੀ ਕੀਤਾ ਸੀ। ਆਪਣੀ ਸੁਰਤ ਸੰਭਾਲਣ ਬਾਅਦ ਹੱਥ ਤੰਗ ਹੋਣ ਵੇਲੇ ਦਿਹਾੜੀ ਵਿੱਚ ਅਠਾਰ੍ਹਾਂ-ਉਨੀ ਘੰਟੇ ਅੱਬੇ ਨੂੰ ਟੈਕਸੀ ਵਾਹੁੰਦੇ ਤਾਂ ਮੈਂ ਵੀ ਦੇਖਿਆ ਸੀ। ਦਿਨ ਰਾਤ ਸਖ਼ਤ ਮਿਹਨਤ ਕਰਕੇ ਅੰਮੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਹੀ ਅੱਬੇ ਨੇ ਘਰ ਵੀ ਖਰੀਦ ਲਿਆ ਸੀ। ਅੰਮੀ ਨੇ ਵੀ ਇੱਥੇ ਆ ਕੇ ਅੱਜ-ਕੱਲ੍ਹ ਦੀਆਂ ਜਨਾਨੀਆਂ ਵਾਂਗ ਮੈਅਕੱਪ ਕਰਕੇ ਗਹਿਣੇ-ਗੱਟੇ ਪਾ ਕੇ ਗਲੀਆਂ ਬਜ਼ਾਰਾਂ ਵਿੱਚ ਪਹਿਲਵਾਨੀ ਗੇੜੇ ਨਹੀਂ ਸਨ ਦਿੱਤੇ। ਸਗੋਂ ਸਾਰੀ ਉਮਰ ਅੱਬਾ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਸੀ। ਸਾਰਾ ਦਿਨ ਅੰਮੀ ਨੇ ਫ਼ੈਕਟਰੀ ’ਚ ਜਾ ਕੇ ਕੱਪੜੇ ਸਿਉਣੇ। ਫਿਰ ਘਰੇ ਆ ਕੇ ਰੋਟੀ ਟੁੱਕ ਕਰਕੇ ਸਾਨੂੰ ਸੁਆ ਦੇਣਾ ਤੇ ਆਪ ਅੱਧੀ-ਅੱਧੀ ਰਾਤ ਤੱਕ ਫੇਰ ਮਸ਼ੀਨ ’ਤੇ ਬੈਠੀ ਰਹਿਣਾ। ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੁਢਲੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਕੁੱਤੇ ਦੀ ਮੌਤ ਮਰੇ ਸਨ ਮੇਰੇ ਮਾਪੇ, ਤਾਂ ਕਿਤੇ ਜਾ ਕੇ ਅਸੀਂ ਆਰਥਿਕ ਖੁਸ਼ਹਾਲੀ ਦਾ ਮੂੰਹ ਦੇਖਣ ਦੇ ਕਾਬਲ ਬਣੇ ਸਾਂ। ਪਹਿਨਣ ਅਤੇ ਧੋਣ ਨਾਲ ਜਿਸ ਤਰ੍ਹਾਂ ਲੀੜੇ ਘਸ-ਘਸ ਕੇ ਬੋਦੇ ਹੋ ਜਾਂਦੇ ਸਨ, ਉਵੇਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮੇਰੇ ਮਾਪੇ ਬੁੱਢੇ ਹੁੰਦੇ ਜਾ ਰਹੇ ਸਨ।
ਬਚਪਨ ਵਿੱਚ ਮਾਪਿਆਂ ਨੂੰ ਦੇਹ ਤੋੜ ਕੰਮ ਕਰਦੇ ਦੇਖ ਕੇ ਮੈਨੂੰ ਬੜਾ ਤਰਸ ਆਉਂਦਾ ਹੁੰਦਾ ਸੀ। ਮੇਰਾ ਜੀਅ ਕਰਦਾ ਹੁੰਦਾ ਸੀ, ਮੈਂ ਵੀ ਛੇਤੀ-ਛੇਤੀ ਵੱਡੀ ਹੋ ਕੇ ਕਮਾਉਣ ਲੱਗ ਜਾਵਾਂ ਤਾਂ ਜੋ ਖਰਚੇ ਵਿੱਚ ਹੱਥ ਵਟਾ ਸਕਾਂ। ਫਿਰ ਮੈਨੂੰ ਖ਼ਿਆਲ ਆਉਂਦਾ ਕਿ ਮਾਪਿਆਂ ਦੀ ਮਾਈਕ ਸਹਾਇਤਾ ਕਰਨ ਲਈ ਮੇਰਾ ਵੱਡਾ ਹੋਣਾ ਕੋਈ ਜ਼ਰੂਰੀ ਨਹੀਂ। ਅਨੇਕਾਂ ਹੀ ਮੇਰੀ ਉਮਰ ਦੇ ਬੱਚੇ ਸਕੂਲੋਂ ਆ ਕੇ ਫਾਲਤੂ ਸਮੇਂ ਵਿੱਚ ਛੋਟੇ-ਮੋਟੇ ਧੰਦੇ ਕਰ ਕੇ ਆਪਣਾ ਜੇਬ ਖਰਚ ਕਮਾਉਂਦੇ ਸਨ। ਜੇ ਚਾਹੁੰਦੇ ਤਾਂ ਅਸੀਂ ਸਾਰੇ ਭੈਣ-ਭਰਾ ਛੁੱਟੀਆਂ ਵਿੱਚ ਜਾਂ ਸਪਤਾਹ ਅੰਤ ਉੱਤੇ ਕੋਈ ਨਾ ਕੋਈ ਪਾਰਟ ਟਾਇਮ ਕੰਮ ਧੰਦਾ ਕਰ ਸਕਦੇ ਸੀ। ਪਰ ਅੱਬਾ-ਅੰਮੀ ਨੇ ਕਦੇ ਵੀ ਸਾਨੂੰ ਕੁੱਝ ਨਹੀਂ ਸੀ ਕਰਨ ਦਿੱਤਾ। ਆਪ ਤੰਗੀ-ਤੁਰਸ਼ੀ ਕੱਟ ਲੈਂਦੇ ਹੁੰਦੇ ਸੀ। ਸਾਨੂੰ ਖੁੱਲ੍ਹਾ ਖਰਚ ਮਿਲਦਾ ਹੁੰਦਾ ਸੀ। ਇਹੀ ਕਿਤੇ ਅਸੀਂ ਗੋਰਿਆਂ ਦੇ ਘਰੇ ਜੰਮੇ ਹੁੰਦੇ ਤਾਂ ਉਹਨਾਂ ਨੇ ਸਾਨੂੰ ਅਖ਼ਬਾਰ ਵੇਚਣ ਲਾ ਦੇਣਾ ਸੀ ਜਾਂ ਚਿਪਸ ਸ਼ੌਪ ’ਤੇ ਲੁਆ ਦੇਣਾ ਸੀ।  ਨਹੀਂ ਤਾਂ ਕਹਿਣਾ ਸੀ, ਪੱਬਾਂ ਵਿੱਚ ਜਾ ਕੇ ਗਿਲਾਸ ਭਰੋ। ਪਹਿਲਾਂ ਕਮਾਉ, ਫੇਰ ਜਿੱਥੇ ਮਰਜ਼ੀ ਉਡਾਓ। ਅੰਗਰੇਜ਼ ਲੋਕ ਇੰਝ ਹੀ ਕਰਦੇ ਹਨ। ਪੇਟੋਂ ਕੱਢੇ ਹੋਏ ਨਿਆਣੇ ਨੂੰ ਵੀ ਜੇ ਵਿਹਲਾ ਹੋਵਾ ਤਾਂ ਮੁਫ਼ਤ ਵਿੱਚ ਖਾਣ ਨੂੰ ਨਹੀਂ ਦਿੰਦੇ। ਇਸ ਗੱਲੋਂ ਏਸ਼ੀਅਨ ਲੋਕ ਚੰਗੇ ਹਨ। ਸਾਰੀ ਉਮਰ ਔਲਾਦ ਖਾਤਰ  ਕਮਾਉਂਦੇ ਮਰ ਜਾਂਦੇ ਹਨ। ਬੱਚੇ ਵੀ ਤਦੇ ਹੀ ਇਹੋ ਜਿਹੇ ਮਾਪਿਆਂ ਦੀ ਸੇਵਾ ਕਰਦੇ ਹਨ। ਗੋਰੇ ਕੇਅਰ ਸੈਂਟਰਾਂ, ਬਿਰਧ ਆਸ਼ਰਮਾਂ ਵਿੱਚ ਰੁਲ-ਖੁਲ ਕੇ ਮਰਦੇ ਹਨ। ਕੋਈ ਲਾਸ਼ ਨੂੰ ਦਫ਼ਨਾਉਣ ਵਾਲਾ ਨਹੀਂ ਹੁੰਦਾ। ਸਾਡੇ ਏਸ਼ੀਅਨ ਲੋਕ ਇਨ੍ਹਾਂ ਨਾਲੋਂ ਫੇਰ ਵੀ ਸੌ ਗੁਣਾਂ ਅੱਛੇ ਹਨ।
ਵੈਸੇ ਮਾਪਿਆਂ ਦੇ ਕੰਮ ਆਉਣ ਦੀ ਭਾਵਨਾਂ ਮੇਰੇ ਇੱਕਲੀ ਦੇ ਮਨ ਵਿੱਚ ਹੀ ਨਹੀਂ ਸੀ, ਸਾਡੇ ਸਾਰਿਆਂ ਦੇ ਦਿਲ ਵਿੱਚ ਸੀ। ਇੱਕ ਵਾਰ ਅੱਬਾ ਦਾ ਮੋਢਾ ਉਤਰਿਆ ਹੋਇਆ ਸੀ। ਉਨ੍ਹਾਂ ਨੇ ਕਾਰ ਦਾ ਪੰਕਚਰ  ਹੋਇਆ ਪਹੀਆ ਬਦਲੀ ਕਰਨਾ ਸੀ। ਇੱਕ ਹੱਥ ਨਾਲ ਉਨ੍ਹਾਂ ਔਖੇ-ਸੌਖੇ ਹੋ ਕੇ ਜੈੱਕ  ਤਾਂ ਲਗਾ ਲਿਆ ਸੀ। ਪਰ ਉਨ੍ਹਾਂ ਤੋਂ ਚੱਕੇ ਦੇ ਨਟ ਨਹੀਂ ਸਨ ਖੁੱਲ੍ਹਦੇ। ਮੇਰਾ ਨਿੱਕਾ ਭਰਾ ਗਫੂਰ (ਜੋ ਉਸ ਵਕਤ ਛੇ ਸਾਲ ਦਾ ਸੀ) ਭੱਜਿਆ-ਭੱਜਿਆ ਗਿਆ ਤੇ ਅੱਬਾ ਦੇ ਹੱਥੋਂ ਸਪੈਨਰ  ਫੜ ਕੇ ਕਹਿਣ ਲੱਗਿਆ, “ਪਾਸੇ ਹੱਟ ਜੋ ਅੱਬਾ ਜਾਨ। ਮੈਂ ਟਾਇਰ ਚੇਜ਼  ਕਰ ਦਿੰਦਾਂ।”
ਉਹਦੀ ਗੱਲ ਸੁਣ ਕੇ ਅੱਬਾ ਬੜੇ ਖੁਸ਼ ਹੋਏ ਕਿ ਪੁੱਤ ਨੂੰ ਪਿਉ ਦੀ ਮਦਦ ਦਾ ਕਿੰਨਾਂ ਖ਼ਿਆਲ ਹੈ। ਫੇਰ ਅਸੀਂ ਸਾਰੇ ਭੈਣ-ਭਾਈ ਗਏ ਤੇ ਸਭ ਨੇ ਇਕੱਠਿਆਂ ਰਲ ਕੇ ਟਾਇਰ ਬਦਲੀ ਕੀਤਾ, ਕਿਉਂਕਿ ਗਫੂਰ ਤਾਂ ਸਪੈਨਰ  (ਨਟ ਖੋਲ੍ਹਣ ਵਾਲੀ ਚਾਬੀ) ਵੀ ਚੱਜ ਨਾਲ ਨਹੀਂ ਸੀ ਪਕੜ ਸਕਦਾ।
ਯਕਵਾਰ ਕੈਟਾਲੌਗ ਫਰੋਲਦੀ ਨੂੰ ਮੈਨੂੰ ਇੱਕ ਕੋਟੀ ਪਸੰਦ ਆ ਗਈ। ਮੈਂ ਅੰਮੀ-ਅੱਬੂ ਨੂੰ ਉਹ ਲੈ ਦੇਣ ਵਾਸਤੇ ਆਖਿਆ ਤਾਂ ਅੰਮੀ ਕੋਟੀ ਦੀ ਮਹਿੰਗੀ ਕੀਮਤ ਦੇਖ ਕੇ ਟਾਲ-ਮਟੋਲ ਜਿਹਾ ਕਰਨ ਲੱਗ ਪਏ, “ਸ਼ਾਜ਼ੀਆ ਤੈਂ ਕੋਟੀ ਕੀ ਕਰਨੀ ਆ। ਤੇਰੇ ਕੋਲ ਤਾਂ ਅੱਗੇ ਹੀ ਬਥੇਰੀਆਂ ਕੋਟੀਆਂ ਨੇ।”
  “ਮੈਨੂੰ ਨ੍ਹੀਂ ਪਤਾ। ਮੈਂ ਤਾਂ ਇਹ ਕੋਟੀ ਲੈਣੀ ਈ ਲੈਣੀ ਆ।” ਮੈਂ ਜ਼ਿੱਦ ਫੜ ਲਿੱਤੀ ਸੀ। ਮੈਨੂੰ ਹਿੰਡ ਕਰਦੀ ਦੇਖ ਕੇ ਅੰਮੀ ਅੱਬੂ ਰਜ਼ਾਮੰਦ ਹੋ ਗਏ ਸਨ ਤੇ ਉਨ੍ਹਾਂ ਨੇ ਉਸੇ ਵੇਲੇ ਫੋਨ ਕਰਕੇ ਕੋਟੀ ਆਰਡਰ ਕਰ ਦਿੱਤੀ ਸੀ। ਅਗਲੇ ਦਿਨ ਪਾਰਸਲ ਵਿੱਚ ਕੋਟੀ  ਆਈ ਮਗਰੋਂ, ਮੈਂ ਪਹਿਲਾਂ ਪਹਿਨ ਕੇ ਸਭ ਨੂੰ ਦਿਖਾਉਂਦੀ ਫਿਰਾਂ। ਸਾਰੇ ਪਰਿਵਾਰ ਨੇ ਕਿਹਾ ਕਿ ਮੇਰੇ ਪਾਈ ਹੋਈ ਉਹ ਕੋਟੀ ਬਹੁਤ ਫਬਦੀ ਸੀ। ਬਸ ਇੱਕ ਨਾਜ਼ੀਆ ਸੀ ਜਿਹੜੀ ਮੇਰੇ ਕੋਟੀ ਪਾਈ ਤੱਕ ਕੇ ਚੁੱਪ ਹੋ ਗਈ ਸੀ। ਮੈਂ ਨਾਜ਼ੀਆ ਤੋਂ ਬੜੀ ਹਸਰਤ ਨਾਲ ਪੁੱਛਿਆ ਸੀ, “ਬਾਜੀ ਤੁਹਾਨੂੰ ਮੇਰੇ ਪਾਈ ਹੋਈ ਇਹ ਕੋਟੀ ਕਿਹੋ ਜਿਹੀ ਲੱਗਦੀ ਹੈ?”
“ਦੇਖ ਸ਼ਾਜ਼ੀਆ ਤੈਨੂੰ ਇਸ ਕੋਟੀ ਦੀ ਕੋਈ ਲੋੜ ਨਹੀਂ ਸੀ। ਤੈਂ ਐਵੇਂ ਖਾਮਖਾਹ ਅੜੀ ਪੁਗਾਈ ਹੈ। ਅੱਬੂ ਟੈਕਸੀ ਚਲਾਉਂਦੇ ਹੋਏ ਸਾਰੀ ਰਾਤ ਠਰਦੇ ਹਨ। ਉਨ੍ਹਾਂ ਨੂੰ ਗਰਮ ਕੋਟ ਚਾਹੀਦਾ ਸੀ। ਮਸਾਂ ਉਨ੍ਹਾਂ ਨੇ ਕਈ ਹਫਤਿਆਂ ਤੋਂ ਹੱਥ ਘੁੱਟ-ਘੁੱਟ  ਕੋਟ ਖਰੀਦਣ ਲਈ ਬੱਚਤ ਕੀਤੀ ਸੀ, ਜੋ ਤੂੰ ਕੋਟੀ ਉੱਤੇ ਖਰਚਾ ਦਿੱਤੀ।”
ਨਾਜ਼ੀਆ ਤੋਂ ਇਹ ਗੱਲ ਸੁਣ ਕੇ ਮੈਂ ਬੜਾ ਪਛਤਾਈ ਸੀ। ਮੈਨੂੰ ਤਾਂ ਹੀ ਭੇਤ ਨਹੀਂ ਸੀ ਕਿ ਅੱਬਾ ਨੂੰ ਕੋਟ ਦੀ ਜ਼ਰੂਰਤ ਸੀ ਤੇ ਘਰ ਦੇ ਆਰਥਿਕ ਸੰਕਟ ਤੋਂ ਵੀ ਮੈਂ ਅਣਜਾਣ ਸੀ। ਮੈਂ ਉਸੇ ਵਕਤ ਕੋਟੀ ਮੋੜ ਦਿੱਤੀ ਸੀ ਤੇ ਉਸਦੇ ਬਦਲੇ ਵਿੱਚ ਅੱਬੂ ਲਈ ਇੱਕ ਨਿੱਘੀ ਜੈਕਟ ਮੰਗਵਾ ਲਿੱਤੀ ਸੀ। ਅੱਬੂ ਨੂੰ ਮੈਂ ਜਦੋਂ ਜੈਕਟ ਦਾ ਤੋਹਫਾ ਦਿੱਤਾ ਸੀ ਤਾਂ ਉਹ ਡਾਢੇ ਪ੍ਰਸੰਨ ਹੋਏ ਸਨ ਤੇ ਮੈਨੂੰ ਜੱਫੀ ਪਾ ਕੇ ਪਿਆਰ ਕਰਦੇ ਹੋਏ ਬੋਲੇ ਸਨ, “ਨਾਜ਼ੀਆ ਹੁਣ ਤੂੰ ਬੱਚੀ ਨਹੀਂ ਰਹੀ। ਸਾਡੀ ਅੰਮਾ ਬਣ ਗਈ ਐਂ।”
ਇੱਕ ਹੋਰ ਘਟਨਾ ਮੇਰੇ ਚੇਤੇ ਵਿੱਚ ਉੱਕਰੀ ਪਈ ਹੈ। ਕੱਪੜੇ ਸਿਉਂਦਿਆਂ ਸਿਲਾਈ ਮਸ਼ੀਨ ਦੀ ਸੂਈ ਅੰਮੀ ਦੀ ਉਂਗਲ ਵਿੱਚ ਖੁੱਭ ਕੇ ਟੁੱਟ ਗਈ ਸੀ। ਅਸੀਂ ਐਂਬੂਲੈੱਸ ਸੱਦ ਲਿੱਤੀ ਤੇ ਨਾਜ਼ੀਆ ਨਾਲ ਜਾ ਕੇ ਅੰਮੀ ਦੇ ਪੋਟੇ ਚੋਂ ਸੂਈ ਕੱਢਵਾ ਕੇ ਹਸਪਤਾਲੋਂ ਪੱਟੀ ਕਰਵਾ ਲਿਆਈ ਸੀ। ਘਰੇ ਆਉਂਦਿਆਂ ਹੀ ਦੁੱਖਦੀ ਉਂਗਲ ਲੈ ਕੇ ਅੰਮੀ ਫੇਰ ਮਸ਼ੀਨ ’ਤੇ ਬੈਠਣ ਨੂੰ ਫਿਰਦੇ ਸੀ। ਪਰ ਨਾਜ਼ੀਆ ਨੇ ਰੋਕ ਦਿੱਤਾ, “ਅੰਮੀ ਜੀ, ਤੁਸੀਂ ਸੁਣਿਆ ਨਹੀਂ ਸੀ? ਡਾਕਟਰ ਨੇ ਕਿਹਾ ਸੀ ਤੁਸੀਂ ਹੱਥ ਨੂੰ ਬਹੁਤਾ ਹਿਲਾਉਣਾ-ਚਲਾਉਣਾ ਨਹੀਂ। ਬਹਿ ਕੇ ਅਰਾਮ ਕਰੋ।”
ਨਾਜ਼ੀਆ ਦੇ ਕਹੇ ਨੂੰ ਬੇਧਿਆਨੀ ਨਾਲ ਸੁਣਦੇ ਹੋਏ ਅੰਮੀ ਬੋਲੇ, “ਨਾ ਬੇਟੀ ਅਰਾਮ ਨੂੰ ਕੀ ਐ। ਅਰਾਮ ਹਾਰਮ ਹੈ। ਕੰਮ ਛੇਤੀ ਨਿਬੇੜਾਂ, ਫ਼ੈਕਟਰੀ ਵਾਲਿਆਂ ਨੂੰ ਜ਼ਰੂਰੀ ਚਾਹੀਦੈ। ਅਗਲਿਆਂ ਨੇ ਆਰਡਰ ਪੂਰਾ ਕਰਕੇ ਵੇਲੇ ਸਿਰ ਦੇਣਾ ਹੈ।”
“ਗੋਲੀ ਮਾਰੋ ਆਡਰਾਂ-ਸ਼ਾਡਰਾਂ ਨੂੰ। ਤੁਸੀਂ ਰੈਸਟ ਕਰੋ। ਜਾਨ ਹੈ ਤਾਂ ਜਹਾਨ ਹੈ।” ਅਸੀਂ ਸਾਰੇ ਅੰਮੀ ਦੇ ਮਗਰ ਪੈ ਗਏ ਸੀ।
“ਨਹੀਂ ਪੁੱਤ ਸਮਝਿਆ ਕਰੋ।” ਅੰਮੀ ਮਸ਼ੀਨ ਨਾਲ ਨਵੀਂ ਸੂਈ ਕਸਣ ਲੱਗ ਗਏ ਸਨ।
“ਠੀਕ ਹੈ, ਜੇ ਆਹੀ ਗੱਲ ਹੈ ਤਾਂ ਮੈਂ ਤੁਹਾਡੀ ਜਗ੍ਹਾ ਸਿਉਂ ਦਿੰਦੀ ਹਾਂ।” ਨਾਜ਼ੀਆ ਅੰਮੀ ਨੂੰ ਉਠਾ ਕੇ ਆਪ ਮਸ਼ੀਨ ’ਤੇ ਬੈਠ ਗਈ ਸੀ। ਖੁਸ਼ਕਿਸਮਤੀ ਨਾਲ ਉਸ ਵਾਕਿਏ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਨਾਜ਼ੀਆ ਨੇ ਅੰਮੀ ਤੋਂ ਸਿਲਾਈ ਮਸ਼ੀਨ ਚਲਾਉਣੀ ਸਿੱਖੀ ਸੀ। ਅੰਮੀ ਨੂੰ ਅਸੀਂ  ਇਹ ਆਖ ਕੇ ਉਨ੍ਹਾਂ ਦੇ ਸ਼ਬਸਤਾਨ ਵਿੱਚ ਛੱਡ ਆਏ ਸੀ, “ਤੁਸੀਂ ਤਸਬੀ ਚੁੱਕੋ ਤੇ ਰਜਾਈ ਵਿੱਚ ਬੈਠ ਕੇ ਇਬਾਦਤ ਕਰੋ। ਅਸੀਂ ਸਭ ਕੰਮ ਸਾਂਭ ਲਵਾਂਗੇ।”
ਜਿੰਨਾ ਚਿਰ ਅੰਮੀ ਦੀ ਉਂਗਲ ਦਾ ਜ਼ਖ਼ਮ ਠੀਕ ਨਹੀਂ ਸੀ ਹੋਇਆ। ਉਨਾ ਚਿਰ ਨਾਜ਼ੀਆ ਕੱਪੜੇ ਸਿਉਂਦੀ ਰਹੀ ਸੀ। ਮੈਂ ਖਾਣਾ ਬਣਾ ਦਿੰਦੀ ਹੁੰਦੀ ਸੀ। ਰਾਜ਼ੀਆ ਅਤੇ ਸਲੀਮ ਸਾਫ਼-ਸਫ਼ਾਈਆਂ ਕਰਦੇ ਹੁੰਦੇ ਸੀ। ਗਫੂਰ ਸਾਡੇ ਵਿਚੋਂ ਜਿਸ ਕਿਸੇ ਨੂੰ ਵੀ ਮਦਦ ਦੀ ਲੋੜ ਹੁੰਦੀ, ਉਹਦੇ ਨਾਲ ਹੀ ਹੱਥ ਵਟਾ ਦਿੰਦਾ ਹੁੰਦਾ ਸੀ। ਇਉਂ ਅਸੀਂ ਰਲਮਿਲ ਕੇ ਡੰਗ ਸਾਰ ਲਿਆ ਸੀ। 
ਇਸ ਪ੍ਰਕਾਰ ਜਦੋਂ ਵੀ ਕੋਈ ਭੀੜ ਪੈਂਦੀ, ਅਸੀਂ ਮਾਪਿਆਂ ਨੂੰ ਪੂਰਾ ਸਹਿਯੋਗ ਦਿੰਦੇ। ਸਿਆਣਿਆਂ ਨੇ ਕਿਹਾ ਹੈ, ‘ਕਰ ਸੇਵਾ ਤੇ ਖਾਹ ਮੇਵਾ।’ ਸੱਚ ਸੇਵਾ ਵਿੱਚ ਮੇਵਾ ਹੁੰਦਾ ਹੈ। ਮਾਪਿਆਂ ਦੀ ਖਿਦਮਤ ਕਰਕੇ ਸਾਨੂੰ ਬੜੀ ਖੁਸ਼ੀ ਮਿਲਦੀ ਹੁੰਦੀ ਸੀ। ਉਹ ਵੀ ਸਾਨੂੰ ਕੰਮ ਕਰਦੇ ਦੇਖ ਕੇ ਅਸੀਸਾਂ ਦਿੰਦੇ ਰਹਿੰਦੇ ਹੁੰਦੇ ਸੀ, “ਅੱਲਾਹ-ਤਾਲਾ ਸਭ ਨੂੰ ਤੁਹਾਡੇ ਵਰਗੇ ਨੇਕ ਤੇ ਬੀਬੇ ਬੱਚੇ ਦੇਵੇ।” 
ਮਾਪਿਆਂ ਦੇ ਮੂੰਹੋਂ ਜਦੋਂ ਅਜਿਹੇ ਬਚਨ ਨਿਕਲਦੇ ਹੁੰਦੇ ਸਨ ਤਾਂ ਅਸੀਂ ਆਪਣਾ ਜਨਮ ਸਫਲ ਹੋਇਆ ਸਮਝਦੇ ਹੁੰਦੇ ਸੀ। ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਹੇਠ ਲੁਕਾਈ ਰੱਖਦੀ ਹੈ, ਉਵੇਂ ਅਸੀਂ ਮਾਪਿਆਂ ਦੀ ਛਤਰ-ਛਾਇਆ ਵਿੱਚ ਪਲ ਰਹੇ ਸੀ।
ਮੈਥੋਂ ਪਹਿਲਾਂ ਮੇਰੀ ਵੱਡੀ ਭੈਣ ਮੁਟਿਆਰ ਹੋ ਗਈ ਸੀ। ਉਹ ਕੰਮ ’ਤੇ ਵੀ ਲੱਗ ਗਈ ਸੀ। ਪਰ ਮੇਰੇ ਮਾਪਿਆਂ ਨੇ ਇੱਕ ਦਿਨ ਵੀ ਉਹਦੀ ਤਨਖਾਹ ਨਹੀਂ ਸੀ ਫੜੀ। ਅਖੇ, “ਕੁੜੀਆਂ ਦੀ ਕਮਾਈ ਨਹੀਂ ਖਾਈਦੀ।” ਮੇਰੀ ਭੈਣ ਆਪਣੀ ਸਾਰੀ ਕਮਾਈ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੀ ਹੁੰਦੀ ਸੀ। 
ਆਪ ਮੇਰੇ ਮਾਪੇ ਚਾਹੇ ਔਖੇ ਰਹਿੰਦੇ ਸਨ, ਚਾਹੇ ਸੌਖੇ। ਪਰ ਉਨ੍ਹਾਂ ਨੇ ਸਾਨੂੰ ਕਿਸੇ ਚੀਜ਼ ਲਈ ਵੀ ਨਹੀਂ ਸੀ ਤਰਸਾਇਆ। ਮੂੰਹੋਂ ਨਿਕਲਣ ਤੋਂ ਪਹਿਲਾਂ ਹਰ ਫ਼ਰਮਾਇਸ਼ ਪੂਰੀ ਕਰ ਦਿੰਦੇ ਹੁੰਦੇ ਸੀ। ਸਾਡੇ ਮਾਪੇ ਸਾਨੂੰ ਹਲਕੋਂ ਕੱਢ ਕੇ ਬੁਰਕੀ ਦਿਆ ਕਰਦੇ ਸਨ। ਸਾਡੇ ਘਰ ਨੂੰ ਪਿਆਰ ਦਾ ਮੰਦਰ ਕਹਿਣਾ ਹੋਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮਰਦ ਮਕਾਨ ਬਣਾਉਂਦੇ ਹਨ, ਔਰਤ ਉਸਨੂੰ ਘਰ ਵਿੱਚ ਤਬਦੀਲ ਕਰ ਦਿੰਦੀ ਹੈ ਤੇ ਉਸ ਵਿੱਚ ਵਸਣ ਵਾਲਿਆਂ ਦੀ ਮੁਹੱਬਤ ਘਰ ਨੂੰ ਜੰਨਤ ਬਣਾ ਦਿੰਦੀ ਹੈ। ਸਾਡਾ ਘਰ ਵੀ ਨਿਰਾ ਪੂਰਾ ਸਵਰਗ ਸੀ, ਸਵਰਗ। ਬਲਕਿ ਸਵਰਗ ਤੋਂ ਵੀ ਸੁੰਦਰ ਸੀ। ਹੋਰ ਮੈਂ ਕੀ ਦੱਸਾਂ?  ਖੁਸ਼ੀਆਂ ਦਾ ਜਖੀਰਾ ਸੀ ਸਾਡਾ ਘਰ। ਉਹ ਘਰ ਜਿਸਨੂੰ ਦੇਖਣ ਲਈ ਵੀ ਮੈਂ ਹੁਣ ਤਰਸ ਗਈ ਹਾਂ। 



No comments:

Post a Comment