ਕਾਂਡ 1 : ਸਰਘੀ ਦੀ ਉਡੀਕ

“ਹੰਅ… ਹੈਂ…ਅੰ… ਹਾਂ…।” ਮੈਂ ਇੱਕਦਮ ਤ੍ਰਭਕ ਕੇ ਜਾਗੀ ਹਾਂ। ਡਰ ਨਾਲ ਮੇਰਾ ਵਜੂਦ ਇਉਂ ਕੰਬ ੳੱਠਿਆ ਹੈ, ਜਿਵੇਂ ਵੱਜਦੀ ਹੋਈ ਤੂੰਬੀ ਦੀ ਤਾਰ ਵਿੱਚ ਲਰਜਸ਼ ਹੁੰਦੀ ਹੈ। ਡੈਂਬਰਿਆਂ ਵਾਂਗ ਆਸੇ-ਪਾਸੇ ਤੱਕਣ ਲੱਗਦੀ ਹਾਂ।… ਹੈਂ? ਇਹ ਤਾਂ ਮੈਂ ਕੋਈ ਖ਼ੁਆਬ ਦੇਖ ਰਹੀ ਸੀ। ਮੈਂ ਤਾਂ ਆਪਣੇ ਘਰ ਵਿੱਚ, ਆਪਣੇ ਪਲੰਘ ਉੱਤੇ ਪਈ ਹਾਂ। ਏਥੇ ਨਦੀ ਕਿੱਥੇ? ਹੁਣੇ-ਹੁਣੇ ਦੇਖਿਆ ਹੋਇਆ ਸੁਪਨਾ ਮੈਨੂੰ ਦੁਬਾਰਾ ਯਾਦ ਆਉਣ ਲੱਗਦਾ ਹੈ। 
ਦੂਰ-ਦੁਰਾਡੇ, ਕਿਸੇ ਅਜਨਬੀ ਜਿਹੀ ਥਾਂ ’ਤੇ ਕੋਈ ਅਗਿਆਤ ਜਿਹਾ ਪਿੰਡ ਹੈ। ਸ਼ਾਇਦ ਇਹ ਏਸ਼ੀਆ ਦਾ ਕੋਈ ਪੁਰਾਣਾ ਪਿੰਡ ਹੋਵੇਗਾ। ਪ੍ਰਾਚੀਨ ਸਮੇਂ ਵਿੱਚ ਵਿਚਰ ਰਹੀ ਸੀ ਮੈਂ। ਕੁੱਝ ਮੁਟਿਆਰਾਂ ਟੋਲਾ ਬਣਾ ਕੇ ਪਿੰਡੋਂ ਬਾਹਰ ਨਦੀ ਉੱਤੇ ਨਹਾਉਣ ਲਈ ਜਾਂਦੀਆਂ ਹਨ। ਇੱਕ ਪਸ਼ੂ ਚਾਰ ਰਿਹਾ ਮੁੰਡਾ ਉਹਨਾਂ ਨੂੰ ਛੇੜਦਾ ਹੈ। ਉਹ ਉਸ ਚਰਵਾਹੇ ਵੱਲ ਕੋਈ ਤਵੱਜੋਂ ਦਿੱਤੇ ਬਿਨਾਂ ਅੱਗੇ ਨਿਕਲ ਜਾਂਦੀਆਂ ਹਨ। ਚਰਵਾਹਾ ਉਨ੍ਹਾਂ ਦੀ ਬੇਪਰਵਾਹੀ ਨੂੰ ਆਪਣੀ ਬੇਇੱਜ਼ਤੀ ਦਾ ਨਾਮ ਦੇ ਲੈਂਦਾ ਹੈ ਤੇ ਉਨ੍ਹਾਂ ਨੱਢੀਆਂ ਦਾ ਚੁਪਕੇ-ਚੁਪਕੇ ਪਿੱਛਾ ਕਰਨ ਲੱਗ ਜਾਂਦਾ ਹੈ । ਉਹ ਮੁਟਿਆਰਾਂ ਜਾ ਕੇ ਸੁੰਨ-ਮ-ਸਾਨ ਨਦੀ ਦੇ ਕੰਡੇ ਆਪਣੇ ਕੱਪੜੇ ਉਤਾਰ ਕੇ ਰੱਖ ਦਿੰਦੀਆਂ ਹਨ ਤੇ ਨਹਾਉਣ ਲੱਗ ਜਾਂਦੀਆਂ ਹਨ। ਉਹ ਗੀਤ ਗਾਉਂਦੀਆਂ ਇੱਕ ਦੂਜੀ ਨੂੰ ਰਗੜ-ਰਗੜ ਨਹਾਉਂਦੀਆਂ ਹਨ। ਕਿਹੜਾ ਗੀਤ ਗਾਉਂਦੀਆਂ ਸਨ ਉਹ?...  ਹਾਂ, ਗਾਣੇ ਦੇ ਬੋਲ ਕੁੱਝ ਇਸ ਤਰ੍ਹਾਂ ਸਨ; -
ਉੱਚੜਾ ਬੁਰਜ਼ ਲਾਹੌਰ ਦਾ ਤੇ ਹੇਠ ਵਗੇ ਦਰਿਆ,
ਮਲ-ਮਲ ਨਾਵ੍ਹਣ ਗੋਰੀਆਂ ਤੇ ਲੈਣ ਗੁਰਾਂ ਦਾ ਨਾਂ।
ਚਰਵਾਹਾ ਦਰੱਖਤ ਦੀ ਆੜ ਵਿੱਚ ਲੁੱਕ ਕੇ ਚੋਰੀ-ਛਿਪੇ ਉਹਨਾਂ ਸੁੰਦਰੀਆਂ ਦੇ ਨੰਗੇ ਸ਼ਰੀਰਾਂ (ਜਿਸਮ ਦਾ ਉਹ ਅੱਧਾ ਹਿੱਸਾ, ਜੋ ਜਲ ਤੋਂ ਬਾਹਰ ਹੁੰਦਾ ਹੈ) ਨੂੰ ਤਾੜਦਾ ਰਹਿੰਦਾ ਹੈ। ਕੁੜੀਆਂ ਇਸ਼ਨਾਨ ਕਰਨ ਵਿੱਚ ਐਨੀਆਂ ਮਸਤ-ਮਗਨ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਜੱਗ ਅਤੇ ਰੱਬ ਦੀ ਕੋਈ ਸਾਰ ਨਹੀਂ ਰਹਿੰਦੀ। ਅਚਾਨਕ ਹਵਾ ਚੱਲਦੀ ਹੈ ਤੇ ਕਿਸੇ ਕੁੜੀ ਦੀ ਚੁੰਨੀ ਉੱਡ ਕੇ ਚਰਵਾਹੇ ਕੋਲ ਆ ਡਿੱਗਦੀ ਹੈ। ਪੈਰਾਂ ਵਿੱਚ ਪਈ ਚੁੰਨੀ ਦੇਖ ਕੇ ਚਰਵਾਹੇ ਨੂੰ ਇੱਕ ਸ਼ਰਾਰਤ ਸੁਝਦੀ ਹੈ। ਬਦਲਾ ਲੈਣ ਲਈ ਚਰਵਾਹਾ ਉਨ੍ਹਾਂ ਕੁੜੀਆਂ ਦੇ
ਸਾਰੇ ਕੱਪੜੇ ਚੋਰੀ ਕਰ ਕੇ ਲੁਕਾ ਦਿੰਦਾ ਹੈ। ਜਦੋਂ ਕਾਫ਼ੀ ਚਿਰ ਮਗਰੋਂ ਮੁਟਿਆਰਾਂ ਨਹਾ ਕੇ ਪਾਣੀਉਂ ਬਾਹਰ ਨਿਕਲਦੀਆਂ ਹਨ ਤਾਂ ਕਿਨਾਰਿਉਂ ਆਪਣੇ ਕੱਪੜੇ ਗਾਇਬ ਹੋਏ ਦੇਖ ਕੇ ਘਬਰਾ ਜਾਂਦੀਆਂ ਹਨ। ਤਦ ਚਰਵਾਹਾ ਰੁੱਖ ਉਹਲਿਉਂ ਨਿਕਲ ਕੇ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਮੁੰਡੇ ਨੂੰ ਦੇਖ ਕੇ ਕੁੜੀਆਂ ਝੁੰਜਲਾ ਜਾਂਦੀਆਂ ਹਨ ਅਤੇ ਆਪਣੇ ਅਣਕੱਜੇ ਜਿਸਮਾਂ ਦੇ ਗੁਪਤ ਰਹਿਣ ਵਾਲੇ ਅੰਗਾਂ ਨੂੰ ਆਪੋ-ਆਪਣੀਆਂ ਲੱਤਾਂ-ਬਾਹਾਂ ਨਾਲ ਢਕਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਵਿਲਾਸੀ ਚਰਵਾਹਾ ਆਪਣੇ ਬੁੱਲ੍ਹਾਂ ’ਤੇ ਜੀਭ ਫੇਰ ਕੇ ਹੱਸਦਾ ਹੋਇਆ ਉਨ੍ਹਾਂ ਕੁੜੀਆਂ ਅੱਗੇ ਇੱਕ ਸ਼ਰਤ ਰੱਖਦਾ ਹੈ ਕਿ ਜਿਹੜੀ-ਜਿਹੜੀ ਕੁੜੀ ਉਸ ਨਾਲ ਸਮਾਗਮ ਕਰੇਗੀ ਉਹ ਉਸ-ਉਸ ਦੇ ਕੱਪੜੇ ਮੋੜ ਦੇਵੇਗਾ। ਕੁੜੀਆਂ ਸ਼ੰਸ਼ੋਪੰਜ਼ ਵਿੱਚ ਪੈ ਜਾਂਦੀਆਂ ਹਨ, ਨਗਨ ਅਵਸਥਾ ਵਿੱਚ ਹੁਣ ਉਹ ਆਪਣੇ ਪਿੰਡ ਨੂੰ ਕਿਵੇਂ ਜਾਣਗੀਆਂ? ਕਾਫ਼ੀ ਦੇਰ ਤੱਕ ਉਹ ਚਰਵਾਹੇ ਅੱਗੇ ਕੱਪੜੇ ਮੁੜਵਾਉਣ ਲਈ ਮਿੰਨਤਾਂ-ਤਰਲੇ ਕਰਦੀਆਂ ਹਨ। ਪਰ ਚਰਵਾਹਾ ਉਨ੍ਹਾਂ ਦੀ ਇੱਕ ਨਹੀਂ ਸੁਣਦਾ। ਆਖ਼ਰਕਾਰ ਜਦ ਚਰਵਾਹਾ ਕਿਸੇ ਗੱਲ ’ਤੇ ਸਮਝੌਤਾ ਨਹੀਂ ਕਰਦਾ ਤਾਂ ਦੁਬਿਧਾ ਵਿੱਚ ਫਸੀਆਂ ਹੋਈਆਂ ਕੁੜੀਆਂ ਮਜਬੂਰ ਹੋ ਕੇ ਚਰਵਾਹੇ ਦੀ ਸ਼ਰਤ ਮੰਨ ਲੈਂਦੀਆਂ ਹਨ। ਇਉਂ ਬਲੈਕਮੇਲ ਕਰਕੇ ਉਹ ਚਰਵਾਹਾ ਵਾਰੋ-ਵਾਰੀ ਸਾਰੀਆਂ ਨੂੰ ਭੋਗ ਲੈਂਦਾ ਹੈ ਤੇ ਬਾਅਦ ਵਿੱਚ ਉਹਨਾਂ ਦੇ ਕੱਪੜੇ ਵਾਪਸ ਕਰ ਦਿੰਦਾ ਹੈ। ਰੋਂਦੀਆਂ-ਡੁਸਕਦੀਆਂ ਕੁੜੀਆਂ ਪਿੰਡ ਵੱਲ ਚੱਲ ਪੈਂਦੀਆਂ ਹਨ। ਕੁੜੀਆਂ ਦੀ ਇੱਜ਼ਤ ਲੁੱਟ ਲੈਣ ਦੀ ਆਪਣੀ ਜਿੱਤ ਪਾਰੋਂ ਚਰਵਾਹਾ ਪ੍ਰਸੰਨ ਹੋ ਕੇ ਹੱਸਣ ਲੱਗ ਜਾਂਦਾ ਹੈ। ਉੱਚੀ-ਉੱਚੀ ਡਰਾਉਣਾ ਅਤੇ ਭੈੜਾ ਜਿਹਾ ਹਾਸਾ, ਰਾਖਸ਼ਿਸ਼ਾਂ ਵਾਂਗ। ਬੜਾ ਭੈਅ ਆਉਂਦਾ ਹੈ ਚਰਵਾਹੇ ਦੇ ਠਹਾਕੇ ਤੋਂ…।
ਐਨੇ ਨੂੰ ਮੇਰੀ ਅੱਖ ਖੁੱਲ੍ਹ ਗਈ ਸੀ। ਬਸ ਐਡਾ ਕੁ ਹੀ ਸੀ ਮੇਰਾ ਸੁਪਨਾ। ਕਿੰਨਾ ਅਜੀਬੋ-ਗਰੀਬ ਜਿਹਾ ਸੀ, ਹੈ ਨਾ? ਲੋਕ ਕਹਿੰਦੇ ਹਨ ਜੋ ਅਸੀਂ ਦਿਨ ਭਰ ਕਰਦੇ ਜਾਂ ਸੋਚਦੇ ਹਾਂ, ਸਾਨੂੰ ਰਾਤ ਨੂੰ ਉਸੇ ਦਾ ਹੀ ਸੁਪਨਾ ਆਉਂਦਾ ਹੈ। ਸਾਡੀਆਂ ਇੱਛਾਵਾਂ ਦੇ ਪ੍ਰਤਿਬਿੰਬ  ਹੁੰਦੇ ਹਨ ਇਹ ਖ਼ੁਆਬ। ਪਰ ਮੈਂ ਤਾਂ ਇਹੋ ਜਿਹਾ ਊਂਟ-ਪਟਾਂਗ ਕਦੇ ਨਹੀਂ ਸੋਚਿਆ। ਵਿਦਵਾਨ ਆਖਦੇ ਨੇ ਕਿ ਸੁਪਨਿਆਂ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦੈ। ਯੂਰਪ ਦੇ ਗਾਲਬਨ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਸੁਪਨਿਆਂ ਦੇ ਮਾਹਰ ਥਾਂ-ਥਾਂ ਡੇਰੇ ਲਾਈ ਬੈਠੇ ਹਨ। ਜਿਹੜੇ ਆਮ ਜਨਤਾ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਤਰਜਮਾ ਕਰਕੇ ਦੱਸਦੇ ਹਨ। ਜਿਵੇਂ ਜੋਤਸ਼ੀ ਹੱਥ ਦੇਖ ਕੇ ਕਿਸਮਤ ਦਾ ਹਾਲ ਬਿਆਨ ਕਰਦੇ ਹਨ, ਉਵੇਂ ਇਹ ਡਰੀਮ ਟਰਾਂਸਲੇਟਰ  (ਖ਼ੁਆਬਾਂ ਦੇ ਅਨੁਵਾਦਕ) ਤੁਹਾਡੇ ਸੁਪਨੇ ਵਿੱਚ ਜੋ ਘਟਿਆ ਉਸਨੂੰ ਤੁਹਾਡੇ ਮੂੰਹੋਂ ਸੁਣ ਕੇ ਉਸਦੇ ਅਰਥ ਸਰਲ ਰੂਪ ਵਿੱਚ ਤੁਹਾਨੂੰ ਦੱਸ ਦਿੰਦੇ ਹਨ। ਨਿੱਤ ਧੜਾਧੜ ਲੋਕ ਜਾਂਦੇ ਹਨ ਇਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਇੰਟਰਪਰੇਟ  ਕਰਵਾਉਣ। ਇਹ ਖ਼ੁਆਬ-ਵਿਗਿਆਨੀ ਸੁਪਨਆਂਿ ਦਾ ਉਲੱਥਾ ਕਰਕੇ ਉਵੇਂ ਵਿਸ਼ਲੇਸ਼ਨ ਕਰਦੇ ਹਨ,  ਜਿਵੇਂ ਚੰਗੇ ਆਲੋਚਕ ਕਲਾਤਮਿਕ ਜਾਂ ਸਾਹਿਤਕ ਕ੍ਰਿਤ ਦੀ ਚੀਰ-ਫਾੜ ਕਰਕੇ ਆਪਣੀਆਂ ਤਨਕੀਦੀ ਟੀਕਾ-ਟਿੱਪਣੀ ਕਰਦੇ ਹਨ। -ਕੀ ਹੋ ਸਕਦਾ ਹੈ ਮੇਰੇ ਇਸ ਸੁਪਨੇ ਦਾ ਅਰਥ? ਕੀ ਸੰਬੰਧ ਹੋਇਆ ਇਸ ਖ਼ੁਆਬ ਦਾ ਮੇਰੇ ਨਾਲ? ਨੰਗੀਆਂ ਕੁੜੀਆਂ… ਵਸਤਰ… ਹਵਸੀ ਮਰਦ…। ਇਹ ਸਭ ਕੁੱਝ ਕਿਸ ਚੀਜ਼ ਦਾ ਪ੍ਰਤੀਕ ਹੈ? ਮੇਰੇ ਤਾਂ ਕੱਖ ਪੱਲੇ ਨਹੀਂ ਪੈਂਦਾ।
ਸੱਚ! ਯਾਦ ਆਇਆ ਹੈ। ਮੇਰੇ ਸੁਪਨੇ ਦਾ ਇੱਕ ਹੈਰਤਅੰਗੇਜ਼ ਪੱਖ ਇਹ ਸੀ ਕਿ ਜਿਵੇਂ ਫ਼ਿਲਮਾਂ ਵਿੱਚ ਕਿਸੇ ਨਾਇਕ ਜਾਂ ਨਾਇਕਾ ਦਾ ਡਬਲ-ਰੋਲ ਪਾਉਣ ਲਈ ਇਕੋ ਸ਼ਕਲ ਦੇ ਦੋ ਪਾਤਰ ਸਿਰਜੇ ਹੋਏ ਹੁੰਦੇ ਹਨ। ਉਵੇਂ ਮੇਰੇ ਸੁਪਨੇ ਵਿਚਲੀਆਂ ਸਾਰੀਆਂ ਕੁੜੀਆਂ ਦੀਆਂ ਸੂਰਤਾਂ ਮੇਰੇ ਨਾਲ ਹੂਬਹੂ ਮਿਲਦੀਆਂ-ਜੁਲਦੀਆਂ ਸਨ। ਇਉਂ ਲੱਗਦਾ ਸੀ ਜਿਵੇਂ ਉਹ ਮੇਰੀਆਂ ਕਲਰ ਫੋਟੋਕਾਪੀਆਂ  ਹੋਣ। -ਕੀ ਤਅੱਲਕ ਹੋ ਸਕਦਾ ਹੈ ਉਨ੍ਹਾਂ ਕੁੜੀਆਂ ਦਾ ਮੇਰੇ ਨਾਲ? ਮੈਂ ਤਾਂ ਹਕੀਕਤ ਵਿੱਚ ਕਦੇ ਉਨ੍ਹਾਂ ਆਪਣੀਆਂ ਹਮਸ਼ਕਲ ਕੁੜੀਆਂ ਨੂੰ ਮਿਲੀ ਵੀ ਨਹੀਂ। ਕੌਣ ਸਨ, ਉਹ? ਕੀ ਲੱਗਦੀਆਂ ਸਨ ਉਹ ਮੇਰੀਆਂ? ਕੀ ਸੰਬੰਧ ਸੀ ਮੇਰਾ ਉਹਨਾਂ ਨਾਲ? ਮੈਨੂੰ ਇਹ ਸੁਪਨਾ ਕਿਉਂ ਆਇਆ ਹੈ? ਅੱਲਾਹ ਈ ਜਾਣੇ!
ਮੈਂ ਹਨੇਰੇ ਵਿੱਚ ਚਮਕਦੇ ਕਲਾਕ ਤੋਂ ਟਾਈਮ ਦੇਖਦੀ ਹਾਂ। ਊਈ ਅੰਮਾ! ਰਾਤ ਦੇ ਸਾਢੇ ਬਾਰ੍ਹਾਂ ਹੀ ਵੱਜੇ ਹਨ। ਅਜੇ ਤਾਂ ਅੱਧੀ ਰਾਤ ਲੰਘੀ ਹੈ। ਬਾਕੀ ਦੀ ਅੱਧੀ ਉਵੇਂ ਪਈ ਹੈ। ਕਿਵੇਂ ਲੰਘੇਗਾ ਐਨਾ ਵਕਤ?  ਜੀਅ ਤਾਂ ਕਰਦਾ ਹੈ ਫਿਰ ਲੇਟ ਜਾਵਾਂ। ਦਿਨ ਚੜ੍ਹਨ ਤੱਕ ਸੁੱਤੀ ਰਹਾਂ। ਪਰ ਇੱਕਵਾਰ ਨੀਂਦ ਉੱਖੜ ਜਾਵੇ ਤਾਂ ਫਿਰ ਛੇਤੀ ਅੱਖ ਕਿੱਥੇ ਲੱਗਦੀ ਹੈ? ਇੱਕ ਸਧਾਰਨ ਮਨੁੱਖ ਆਪਣੇ ਜੀਵਨ ਦਾ ਤੀਜਾ ਹਿੱਸਾ ਸੌਂ ਕੇ  ਗੁਜ਼ਾਰਦਾ ਹੈ। ਮੇਰੀਆਂ ਸਰਾਪੀਆਂ ਅੱਖਾਂ ਨੀਂਦ ਤੋਂ ਸੱਖਣੀਆਂ ਪਈਆਂ ਹਨ। ਅਜੀਬ ਕਿਸਮ ਦੀ ਬੇਚੈਨੀ… ਤੋੜ… ਅੱਚਵੀ ਜਿਹੀ ਲੱਗੀ ਹੋਈ ਹੈ। ਨਾ ਸੌਂ ਸਕਦੀ ਹਾਂ, ਨਾ ਜਾਗ। ਕੀ ਕਰਾਂ? ਏਸ ਵੇਲੇ ਤਾਂ ਟੈਲੀਵਿਜ਼ਨ ਉੱਤੇ ਵੀ ਕੋਈ ਕੰਮ ਦਾ ਪ੍ਰੋਗਰਾਮ ਨਹੀਂ ਆਉਂਦਾ ਹੋਣਾ (ਸਿਵਾਏ ਅਡੱਲਟ ਚੈਨਲਾਂ  ’ਤੇ ਬਾਲਗਾਂ ਲਈ ਆਉਣ ਵਾਲੀਆਂ ਲੁੱਚੀਆਂ ਫ਼ਿਲਮਾਂ ਦੇ)। ਇਹਨੇ ਖਸਮ ਨੇ ਬੱਤੀ ਵੀ ਨਹੀਂ ਜਗਾਉਣ ਦੇਣੀ। ਨਹੀਂ ਕੋਈ ਨਾ ਕੋਈ ਬੋਰਿੰਗ  ਜਿਹੀ ਕਿਤਾਬ ਹੀ ਪੜ੍ਹਨ ਲੱਗ ਜਾਂਦੀ। ਡੰਗ ਟਪਾਉਣਾ ਹੈ- ਕਿਵੇਂ ਹੋਇਆ। 
ਮੇਰੇ ਕੰਨਾਂ ਵਿੱਚ ਆਪਣੇ ਹਮਬਿਸਤਰ ਪਤੀ ਦੇ ਘੁਰਾੜੇ ਪੈ ਰਹੇ ਹਨ। ਕਿੱਡੇ ਉੱਚੀ-ਉੱਚੀ ਘੁਰਾੜੇ ਮਾਰ ਕੇ ਧੁੰਨੀ ਪ੍ਰਦੂਸਣ ਫੈਲਾ ਰਿਹਾ ਹੈ। ਇਹਦੇ ਘੁਰਾੜੇ ਕੋਈ ਸੁਣ ਕੇ ਦੇਖੇ। ਊ ਤੋਬਾ-ਤੋਬਾ! ਜਿਵੇਂ ਜਹਾਜ਼ ਦਾ ਇੰਜਣ ਚਲਦਾ ਹੁੰਦਾ ਹੈ। ਜਾਂ ਕਿਸੇ ਨੇ ਕੰਨਾਂ ਦੇ ਕੋਲ ਲਾਊਡ ਸਪੀਕਰ ਲਾ ਦਿੱਤਾ ਹੁੰਦਾ ਹੈ। ਇਹਦੇ ਖੁਰਾੜੇ ਕੰਨਾਂ ਦੇ ਪਰਦੇ ਪਾੜਨ ਤੱਕ ਜਾਂਦੇ ਹਨ। ਮੇਰੀ ਨੀਂਦ ਨੂੰ ਕੀ ਦੋਸ਼ ਹੈ? ਕੱਲ੍ਹ ਤੋਂ ਜਾਂ ਤਾਂ ਆਪਣੇ ਕੰਨਾਂ ਵਿੱਚ ਪਲੱਗ ਪਾ ਕੇ ਪਿਆ ਕਰੂੰ। ਨਹੀਂ ਇਹਨੂੰ ਨੱਕ ਵਾਲਾ ਪਲਾਸਤਰ ਜਾਂ ਰਬੜ ਦਾ ਕਲਿੱਪ ਜਿਹੜਾ ਖਿਡਾਰੀ ਖੇਡਦੇ ਹੋਏ ਸੁਖਾਲਾ ਸਾਹ ਲੈਣ ਲਈ ਨੱਕ ਵਿੱਚ ਲਾਉਂਦੇ ਹੁੰਦੇ ਹਨ। ਉਹ ਲਿਆ ਕੇ ਦੇਊਂਗੀ। ਡਾਕਟਰ ਤੋਂ ਮੈਂ ਇਹਦੇ ਘੁਰਾੜਿਆਂ ਨੂੰ ਘਟਾਉਣ ਦਾ ਇਲਾਜ਼ ਪੁੱਛਿਆ ਸੀ। ਉਹ ਕਹਿੰਦਾ ਸੀ, “ਮਰੀਜ਼ ਨੂੰ ਦੇਖਣਾ ਪਊ। ਕਈ ਵਾਰ ਤਾਂ ਗਲੇ ਦੀਆਂ ਨਾੜੀਆਂ ਦਾ ਉਪਰੇਸ਼ਨ ਕਰਨ ਦੀ ਲੋੜ ਵੀ ਪੈਂਦੀ ਹੈ।”
“ਕੋਈ ਘੁਰਾੜਿਆਂ ਤੋਂ ਬਚਣ ਦਾ ਸੌਖਾ ਇਲਾਜ਼ ਨਹੀਂ?” ਮੈਂ ਉੱਲਟਾ ਕੇ ਪੁੱਛਿਆ ਸੀ।
“ਹੈਗਾ। -ਘਰਵਾਲੇ ਤੋਂ ਤਲਾਕ ਲੈ ਲੈ।”
ਮੈਂ ਰੁਆਂਸੀ ਜਿਹੀ ਬੋਲੀ ਸੀ, “ਇਹ ਨਹੀਂ ਹੋ ਸਕਦਾ । ਬੜਾ ਮੁਸ਼ਕਲ ਆ।”
“ਕਿਉਂ? ਹੋ ਕਿਉਂ ਨਹੀਂ ਸਕਦੈ? ਤੂੰ ਤਾਂ ਮੁਸਲਮਾਣੀ ਹੈਂ। ਸ਼ਰ੍ਹਾ ਮੁਤਾਬਕ ਤਾਂ ਸ਼ਾਦੀ ਹੋਣ ਤੋਂ ਤੁਰੰਤ ਬਾਅਦ ਹੀ ਉਸਨੂੰ ਖਤਮ ਕੀਤਾ ਜਾ ਸਕਦਾ ਹੈ। ਤਿੰਨ ਵਾਰ ਤਲਾਕ-ਤਲਾਕ-ਤਲਾਕ ਕਹੋ ਤੇ ਵਿਆਹ ਮੁੱਕ ਜਾਂਦਾ ਹੈ। ਤੁਸੀਂ ਆਜ਼ਾਦ। ਇਸ ਤੋਂ ਸਿੱਧਾ ਤੇ ਸੌਖਾ ਢੰਗ ਹੋਰ ਕੀ ਹੋਊ?” ਡਾਕਟਰ ਹੱਸਣ ਲੱਗ ਗਿਆ ਸੀ।
ਮੈਂ ਚੁੱਪ ਹੋ ਗਈ ਸੀ। ਹਰ ਸ਼ਖ਼ਸ ਕੋਲ ਆਪਣੀ ਲਾਈਫ ਹਿਸਟਰੀ ਦੱਸੀ ਵੀ ਤਾਂ ਨਹੀਂ ਜਾਂਦੀ। ਮੈਂ ਡਾਕਟਰ ਨੂੰ ਕਿਵੇਂ ਸਮਝਾਉਂਦੀ ਕਿ ਮੇਰੀ ਸ਼ਾਦੀ ਨਾ ਤਾਂ ਸ਼ਰ੍ਹਾ ਅਨੁਸਾਰ ਹੋਈ ਸੀ ਤੇ ਨਾ ਹੀ ਟੁੱਟ ਸਕਦੀ ਹੈ। ਇਨ੍ਹਾਂ ਅੰਗਰੇਜ਼ ਲੋਕਾਂ ਨੂੰ ਇਹੀ ਤਾਂ ਭੁਲੇਖਾਂ ਹੈ ਸਾਡੇ ਧਰਮ ਬਾਰੇ। ਮੇਰਾ ਜੀਅ ਤਾਂ ਕਰਦਾ ਸੀ ਡਾਕਟਰ ਨੂੰ ਖਰੀਆਂ-ਖੋਟੀਆਂ ਸੁਣਾਵਾਂ ਤੇ ਦੱਸਾਂ ਬਈ ਇਸਲਾਮ ਵਿੱਚ ਸਹੂਲਤ ਲਈ ਵਿਆਹ ਕਰਵਾਉਣ ਦਾ ਦਸਤੂਰ ਅਤੇ ਇਸਨੂੰ ਖਤਮ ਕਰਨ ਦੀ ਰਸਮ ਭਾਵ ਤਲਾਕ ਆਸਾਨ ਬਣਾਏ ਗਏ ਹਨ ਤਾਂ ਇਹਦਾ ਮਤਲਬ ਇਹ ਨਹੀਂ ਬਈ ਇਸਨੂੰ ਖੇਡ ਸਮਝਿਆ ਜਾਵੇ। ਇਸਲਾਮ ਹਰਗਿਜ਼ ਇਹ ਸਿੱਖਿਆ ਨਹੀਂ ਦਿੰਦਾ ਕਿ ਜੀਵਨ ਸਾਥੀ ਨੂੰ ਵਸਤਰ ਸਮਝੋ ਤੇ ਜਦੋਂ ਭੀੜਾ ਹੋ ਕੇ ਤੰਗ ਕਰਨ ਲੱਗ ਜਾਵੇ ਤਾਂ ਉਸਨੂੰ ਸਿੱਟ ਕੇ ਹੋਰ ਪਹਿਨ ਲਉ। ਨਾ! ਸਾਡੇ ਮਜ਼੍ਹਬ ਦੀ ਕਿਸੇ ਕਿਤਾਬ ਵਿੱਚ ਬਿਲਕੁਲ ਅਜਿਹਾ ਨਹੀਂ ਲਿਖਿਆ ਹੋਇਆ। ਜਿੱਥੇ ਸਾਡੇ ਦੀਨ ਵਿੱਚ ਢਿੱਲ ਦਿੱਤੀ ਗਈ ਹੈ, ਉੱਥੇ ਸਖਤਾਈ ਵੀ ਪੂਰੀ ਕੀਤੀ ਹੋਈ ਹੈ। ਫਰਜ਼ ਕਰੋ ਕੋਈ ਦੰਪਤੀ ਜੋੜਾ ਗਲਤੀ ਨਾਲ ਇੱਕ ਦੂਜੇ ਤੋਂ ਤਲਾਕ  ਲੈ ਲੈਂਦਾ ਹੈ ਤੇ ਫਿਰ ਬਾਅਦ ਵਿੱਚ ਆਪਣੀ ਭੁੱਲ ਨੂੰ ਸੋਧਣ ਲਈ ਦੁਬਾਰਾ ਵਿਆਹ ਕਰਵਾਉਣਾ ਚਾਹੇ ਤਾਂ ਇਸ ਸੂਰਤ ਵਿੱਚ ਤਲਾਕਸ਼ੁਦਾ ਉਹੀ ਪਤੀ-ਪਤਨੀ ਸਿੱਧਾ ਹੀ ਦੁਬਾਰਾ ਨਿਕਾਹ ਨਹੀਂ ਪੜ੍ਹ ਸਕਦੇ। ਉਨ੍ਹਾਂ ਨੂੰ ਹਲਾਲਾ ਦੀ ਰਸਮ ਨਿਭਾਉਣੀ ਪੈਂਦੀ ਹੈ। ਹਲਾਲਾ ਦੀ ਰਸਮ ਵਿੱਚ ਔਰਤ ਨੂੰ ਆਪਣੇ ਪਹਿਲੇ ਤਲਾਕ ਦੇਣ ਵਾਲੇ ਘਰਵਾਲੇ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕਿਸੇ ਹੋਰ ਮਰਦ ਨਾਲ ਨਿਕਾਹ ਪੜ੍ਹਾਉਣਾ ਪੈਂਦਾ ਹੈ ਤੇ ਬਕਾਇਦਾ ਘੱਟੋ-ਘੱਟ ਇੱਕ ਰਾਤ ਲਈ ਨਵੇਂ ਪਤੀ ਨਾਲ ਉਸਦੀ ਪਤਨੀ ਬਣ ਕੇ ਰਾਤ ਗੁਜ਼ਾਰਨੀ ਪੈਂਦੀ ਹੈ। ਜੇਕਰ ਇਸ ਰਾਤ ਦੌਰਾਨ ਮਰਦ ਅਤੇ ਔਰਤ ਵਿਚਕਾਰ ਸਰੀਰਕ ਸੰਬੰਧ ਨਾ ਬਣੇ ਤਾਂ ਹਲਾਲਾ ਦੀ ਰਸਮ ਨੂੰ ਸੰਪੂਰਨ ਹੋਈ ਨਹੀਂ ਮੰਨਿਆ ਜਾਂਦਾ। ਹਲਾਲੇ ਉਪਰੰਤ ਅਗਲੇ ਦਿਨ ਨਵੇਂ ਪਤੀ ਤੋਂ ਤਲਾਕ ਲੈ ਕੇ ਔਰਤ ਦੁਬਾਰਾ ਆਪਣੇ ਪਹਿਲੇ ਪਤੀ ਨਾਲ ਨਿਕਾਹ ਕਰਵਾ ਸਕਦੀ ਹੈ।  ਇੱਥੇ ਤੁਹਾਨੂੰ ਮੈਂ ਇੱਕ ਮਜ਼ੇਦਾਰ ਵਾਕਿਆ ਸੁਣਾਉਂਦੀ ਹਾਂ, ਇੱਕ ਵਾਰ ਕਿਸੇ ਮੂਰਖ ਬੰਦੇ ਨੇ ਤਾਅ ਵਿੱਚ ਆਏ ਨੇ ਆਪਣੀ ਖ਼ੂਬਸੂਰਤ ਅਤੇ ਗੁਣਵੰਤੀ ਪਤਨੀ ਨੂੰ ਤਲਾਕ ਦੇ ਦਿੱਤਾ। ਦੋ ਕੁ ਦਿਨਾਂ ਬਾਅਦ ਉਸਨੂੰ ਆਪਣੀ ਗਲਤੀ ’ਤੇ ਪਛਤਾਵਾ ਹੋਇਆ। ਉਹਨੇ ਆਪਣੀ ਪਤਨੀ ਨਾਲ ਦੁਬਾਰਾ ਗੱਠਜੋੜ ਕਰਨ ਦੀ ਸੋਚੀ। ਦੁਬਾਰਾ ਇਕੱਠੇ ਹੋਣ ਲਈ ਉਨ੍ਹਾਂ ਨੂੰ ਇਸਲਾਮੀ ਕਾਨੂੰਨ ਮੁਤਾਬਕ ਹਲਾਲਾ ਕਰਨਾ  ਪੈਣਾ ਸੀ। ਉਸ ਬੰਦੇ ਨੇ ਹਲਾਲਾ ਲਈ ਇੱਕ ਬੁੱਢਾ ਜਿਹਾ ਵਿਅਕਤੀ ਇਹ ਸੋਚ ਕੇ ਲੱਭ ਲਿਆ ਕਿ ਬੁੜ੍ਹੇ ਤੋਂ ਚੱਜ ਨਾਲ ਕੁੱਝ ਹੋਵੇਗਾ ਨਹੀਂ ਤੇ ਸਵੇਰ ਨੂੰ ਉਸਨੂੰ ਆਪਣੀ ਪਤਨੀ ਉਹੇ ਜਿਹੀ ਦੀ ਉਹੇ ਜਿਹੀ ਮਿਲ ਜਾਵੇਗੀ। ਲੇਕਿਨ ਹੋ ਕੁੱਝ ਹੋਰ ਹੀ ਗਿਆ। ਬੁੜ੍ਹੇ ਦੀਆਂ ਜਵਾਨੀ ਵੇਲੇ ਦੀਆਂ ਖਾਧੀਆਂ ਖੁਰਾਕਾਂ ਨੇ ਰੰਗ ਦਿਖਾ ਦਿੱਤਾ। ਸੋਹਣੀ ਤੀਵੀਂ ਦੇਖ ਕੇ ਤਾਂ ਬੁੱਢੇ ਦੀਆਂ ਰਗਾਂ ਵਿੱਚ ਨਵੀਨ ਜੋਸ਼ ਆ ਗਿਆ। 
ਉਹ ਆਦਮੀ ਜਦੋਂ ਅਗਲੇ ਦਿਨ ਬੁੜ੍ਹੇ ਕੋਲ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਬੁੱਢਾ ਤਲਾਕ ਦੇਣ ਤੋਂ ਮੁੱਕਰ ਗਿਆ। ਉਧਰੋਂ ਉਸ ਆਦਮੀ ਦੀ ਪਤਨੀ ਵੀ ਕਹੇ, “ਖਸਮਾ ਉਦੋਂ ਕਿਉਂ ਤਲਾਕ ਦਿੱਤਾ ਸੀ। ਔਰਤ ਵਸਤਰ ਨਹੀਂ ਬਈ ਜਦੋਂ ਮੈਲੀ ਹੋ ਗਈ ਉਤਾਰ ਦਿਉ ਤੇ ਫੇਰ ਧੋਹ ਕੇ ਦੁਬਾਰਾ ਪਾ ਲਉ। -ਮੈਨੂੰ ਤਾਂ ਬਾਬਾ ਜੀ  ਜਚ ਗਏ। ਮੈਂ ਤਾਂ ਇਨ੍ਹਾਂ ਨਾਲ ਹੀ ਰਹਿਣੈ।” 
ਕਹਿੰਦੇ ਹਨ ਉਸ ਜਵਾਨ ਔਰਤ ਦਾ ਸੰਗ ਕਰਨ ਨਾਲ ਬਾਬੇ ਦਾ ਬੁਢਾਪਾ ਦਿਨਾਂ ਵਿੱਚ ਹੀ ਜਵਾਨੀ ਵਿੱਚ ਬਦਲ ਗਿਆ ਸੀ ਤੇ ਉਹ ਤਲਾਕਸ਼ੁਦਾ ਖਾਵੰਦ ਸਾਹਿਬ ਸਾਰੀ ਉਮਰ ਰੋਂਦੇ ਰਹੇ ਸਨ। 
ਓ ਹੋ! ਕਰਵਟ ਬਦਲਦੀ ਹਾਂ। ਹੈਰਾਨੀ ਦੀ ਗੱਲ ਹੈ, ਇਹ ਕਿਵੇਂ ਬੱਚਿਆਂ ਵਾਂਗੂੰ ਬੇਫਿਕਰ ਹੋਇਆ ਪਿਆ ਹੈ। ਇਹਨੂੰ ਨਾ ਆਪਣੀ ਚਿੰਤਾ ਹੈ, ਨਾ ਕੋਈ ਮੇਰੀ। ਇਹਦੇ ਹਿੱਸੇ ਦੇ ਫਿਕਰ-ਫਾਕੇ ਵੀ ਮੈਂ ਹੀ ਸਾਂਭੀ ਬੈਠੀ ਹਾਂ। ਜਿਵੇਂ ਇਹ ਹਰ ਵੇਲੇ ਖ਼ੂਬ ਖਾਂਦਾ-ਪੀਂਦਾ ਅਤੇ ਸੌਂਦਾ ਹੈ, ਉਵੇਂ ਮੈਂ ਕੇਅਰ-ਫਰੀ  ਕਿਉਂ ਨਹੀਂ ਹੋ ਸਕਦੀ? ਇਹਦੇ  ਵਾਂਗਰ ਮੈਨੂੰ ਕਦੇ ਸਕੂਨ ਨਸੀਬ ਕਿਉਂ ਨਹੀਂ ਹੁੰਦਾ? ਕਿਉਂ ਮੈਂ ਹਰ ਸਮੇਂ ਤੜਫਦੀ ਰਹਿੰਦੀ ਹਾਂ?! ਭੱਠੀ ’ਤੇ ਤਪਦੀ ਰੇਤੇ ਵਾਲੀ ਕੜਾਹੀ ਵਿੱਚ ਪਈ ਹੋਈ ਖਿੱਲ ਵਾਂਗ ਹਰ ਵੇਲੇ ਭੁੱਜਦੀ ਰਹਿੰਦੀ ਹਾਂ। ਮੇਰੀਆਂ ਅੱਖਾਂ ਨਾਲ ਨੀਂਦ ਦੀ ਕੀ ਦੁਸ਼ਮਣੀ ਹੈ? ਇਹ ਮਹਾਸ਼ਾ ਲੇਟਦਾ ਮਗਰੋਂ ਹੈ ਤੇ ਸੌਂ ਪਹਿਲਾਂ ਜਾਂਦਾ ਹੈ। ਮੈਂ ਅਕਸਰ ਬੱਤੀ ਬੁਝਾਉਣ ਪਸ਼ਚਾਤ ਵੀ ਕਈ-ਕਈ ਘੰਟੇ ਹਨੇਰੇ ਵਿੱਚ ਛੱਤ ਨੂੰ ਘੂਰਦੀ ਰਹਿੰਦੀ ਹਾਂ। ਬਾਅਜ਼ ਦਫ਼ਾ ਤਾਂ ਸਾਰੀ-ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਹੈ। ਨੀਂਦ ਲਿਆਉਣ ਦੇ ਸਭ ਢੰਗ ਤਰੀਕੇ ਵਰਤ ਕੇ ਦੇਖ ਚੁੱਕੀ ਹਾਂ। ਕਿਸੇ ਦਾ ਵੀ ਰੰਚਕ ਮਾਤਰ ਅਸਰ ਨਹੀਂ ਹੋਇਆ ਮੇਰੇ ’ਤੇ। ਸਲੀਪਿੰਗ ਪਿੱਲਜ਼  ਜਿਹੋ ਜਿਹੀਆਂ ਖਾਧੀਆਂ, ਤਿਹੋ ਜਿਹੀਆਂ ਨਾ ਖਾਧੀਆਂ। ਕੋਈ ਫਾਇਦਾ ਨਹੀਂ ਹੁੰਦਾ। ਡਾਕਟਰ ਕਹਿੰਦੈ, “ਗੋਲੀ ਕੋਈ ਜਾਦੂ-ਟੂਣਾ ਨ੍ਹੀਂ, ਭਾਈ ਬੀਬਾ ਖਾਹ ਕੇ ਆਪ ਵੀ ਸੌਣ ਦੀ ਕੋਸ਼ਿਸ਼ ਕਰਿਆ ਕਰ।”  
ਮੈਂ ਤਾਂ ਪੂਰਾ ਜ਼ੋਰ ਲਾਉਂਦੀ ਹਾਂ ਸੌਣ ਦਾ। ਹੁਣ ਜੇ ਨੀਂਦ ਆਵੇ ਹੀ ਨਾ ਤਾਂ ਮੈਂ ਕੀ ਕਰਾਂ? 
ਐਰੋਮਾਥੈਰੀਪੀ ਦੇ ਕਿਸੇ ਮਾਹਰ ਨੇ ਸੌਂਣ ਤੋਂ ਪਹਿਲਾਂ ਸਿਰਹਾਣੇ ’ਤੇ ਲੈਵਿੰਡਰ ਅਤੇ ਚਮੇਲੀ ਦੀਆਂ ਕੁੱਝ ਬੂੰਦਾਂ ਦਾ ਛਿੜਕਾ ਕਰਨ ਦਾ ਸੁਝਾਅ ਦਿੱਤਾ ਸੀ। ਉਹ ਨੁਸਖਾ ਵੀ ਅਜ਼ਮਾ ਚੁੱਕੀ ਹਾਂ। ਕੋਈ ਕਾਮਯਾਬੀ ਨਹੀਂ ਮਿਲੀ।
ਬੱਚ ਫਲਾਵਰ ਰੇਮੇਡੀਜ਼ ਦੀਆਂ ਅਨਿੰਦਰੇ ਦੇ ਇਲਾਜ਼ ਦੀਆਂ ਸਭ ਦਵਾਈਆਂ ਛਕੀ ਬੈਠੀ ਹਾਂ। ਕਿਸੇ ਦਾ ਲਾਭ ਨਹੀਂ ਹੋਇਆ।
ਹੋਮਿਓਪੈਥੀ ਦੀ ਕੋਈ ਦਵਾਈ ਨਹੀਂ ਛੱਡੀ। ਸਭ ਦਾ ਸੇਵਨ ਕਰ ਚੁੱਕੀ ਹਾਂ। ਕਿਸੇ ਦੇ ਪ੍ਰਯੋਗ ਨਾਲ ਕੁੱਝ ਫ਼ਰਕ ਨਹੀਂ ਪਿਆ।
ਘਰੇਲੂ ਉਪਚਾਰ ਕੰਪਨੀਆਂ ਜੜੀਆਂ-ਬੂਟੀਆਂ ਤੋਂ ਦਵਾਈਆਂ ਬਣਾਉਂਦੀਆਂ ਹਨ ਜੋ ਖਾਸ ਕਿਸਮ ਦੇ ਹਾਰਮੋਨ ਪੈਦਾ ਕਰਦੀਆਂ ਹਨ ਅਤੇ ਹਨੇਰਾ ਹੋਣਸਾਰ  ਸਾਨੂੰ ਨੀਂਦ ਲਿਆ ਦਿੰਦੀਆਂ ਹਨ। ਉਹ ਸਭ ਦਵਾਈਆਂ ਮੇਰੇ ਲਈ ਫਾਲਤੂ,  ਬੇਮਤਲਬ  ਤੇ ਬੇਅਰਥ ਨਿਕਲੀਆਂ ਹਨ।
ਚਾਹ ਤੋਂ ਪੂਰਾ ਪ੍ਰਹੇਜ਼ ਕਰਦੀ ਹਾਂ। ਕੌਫ਼ੀ ਵੀ ਕਦੇ ਜੀਭ ’ਤੇ ਨਹੀਂ ਧਰੀ। ਮੈਂ ਜਾਣਦੀ ਹਾਂ ਇਨ੍ਹਾਂ ਵਿੱਚ ਪਾਇਆ ਜਾਣ ਵਾਲਾ ਤੱਤ ਕੈਫੀਨ ਨੀਂਦ ਦਾ ਪੱਕਾ ਦੁਸ਼ਮਣ ਹੁੰਦਾ ਹੈ।
ਸੌਣ ਤੋਂ ਪਹਿਲਾਂ ਨੰਗੇ ਪੈਰੀਂ ਘਾਹ ’ਤੇ ਵੀ ਖਾਸਾ ਟਹਿਲ-ਟਹਿਲ ਦੇਖਿਆ ਹੈ। ਕੋਸੇ ਪਾਣੀ ਦਾ ਇਸ਼ਨਾਨ ਕਰਕੇ, ਠੰਡੇ ਪਾਣੀ ਦੇ ਛਿੱਟੇ ਮਾਰ-ਮਾਰ ਵੀ ਦੇਖ ਚੁੱਕੀ ਹਾਂ। ਮਧੁਰ ਸੰਗੀਤ ਸੁਣਨ ਦਾ ਨੁਸਖਾ ਵੀ ਬਥੇਰਾ ਅਜ਼ਮਾਇਆ ਹੈ। ਮੈਂ ਤਾਂ ਸ਼ਾਸ਼ਤਰੀ ਸੰਗੀਤ ਦੀਆਂ ਰੀਲਾਂ ਲਿਆ ਕੇ ਘਰ ਭਰ ਲਿਆ ਹੈ। ਪੈਣ ਤੋਂ ਪਹਿਲਾਂ ਕਈ ਦਿਨ ਲਗਾਤਾਰ ਕੋਸਾ-ਕੋਸਾ ਦੁੱਧ ਵੀ ਪੀਂਦੀ ਰਹੀ ਹਾਂ। ਹੋਰ ਤਾਂ ਹੋਰ। ਯੋਗਾ ਦੇ ਆਸਨ ਅਤੇ ਹੋਰ ਕਸਰਤਾਂ, ਜਿਨ੍ਹਾਂ ਦਾ ਨੀਂਦ ਲਿਆਉਣ ਵਿੱਚ ਕਾਰਗਰ ਹੋਣ ਦਾ ਦਾਵਾ ਕੀਤਾ ਜਾਂਦਾ ਹੈ। ਉਹ ਵੀ ਮੇਰੇ ਲਈ ਮਦਦਗਾਰ ਸਾਬਤ ਨਹੀਂ ਹੋ ਸਕੀਆਂ। ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਯਾਨੀ ਨੀਂਦੀਆ ਰਾਣੀ ਮੇਰੇ ਨਾਲ ਰੁੱਸੀ ਹੋਈ ਹੈ, ਨਫ਼ਰਤ ਕਰਦੀ ਹੈ ਮੈਨੂੰ।
ਕਿਸੇ ਤੋਂ ਸੁਣਿਆ ਸੀ ਕਿ ਨੀਲਾ ਰੰਗ ਨੀਂਦਰ ਲਿਆਉਣ ਵਿੱਚ ਸਹਾਈ ਸਿੱਧ ਹੁੰਦਾ ਹੈ। ਇਸ ਲਈ ਮੈਂ ਤਾਂ ਬੈੱਡਰੂਮ ਦੀਆਂ ਦੀਵਾਰਾਂ ਨੂੰ ਵੀ ਨੀਲਾ ਪੇਂਟ ਕੀਤਾ ਹੋਇਆ ਹੈ। ਕਾਲੀਨ, ਚਾਦਰਾਂ, ਸਿਰਹਾਣਿਆਂ ਦੇ ਗਿਲਾਫ, ਰਜਾਈ ਦਾ ਛਾੜ, ਪਰਦੇ, ਮੇਰੇ ਕਮਰੇ ਦੀ ਹਰ ਸ਼ੈਅ ਨੀਲੀ ਹੈ। ਇੱਥੋਂ ਤੱਕ ਕਿ ਕਾਰਪੈੱਟ ਵੀ ਮੈਂ ਨੀਲਾ  ਹੀ ਪਵਾਇਆ ਹੋਇਆ ਹੈ।  ਪਰ ਸਭ ਬੇਕਾਰ ਹੈ। 
ਮੇਰਾ ਖ਼ਿਆਲ ਹੈ ਅੱਜ ਦੀ ਰਾਤਰੀ ਵੀ ਮੈਨੂੰ ਠੀਕਰੀ ਪਹਿਰਾ ਦੇਣ ਵਾਲਿਆਂ ਵਾਂਗ ਕਮਰੇ ਵਿੱਚ ਮਾਰਚ  ਕਰਕੇ ਜਾਂ ਹਨੇਰੇ ਵਿੱਚ ਝਾਕਦਿਆਂ ਲੰਘਾਉਣੀ ਪਵੇਗੀ।
ਮੈਨੂੰ ਮੁੱਢੋਂ-ਸੁੱਢੋਂ ਹੀ ਨੀਂਦ ਡਾਢੀ ਔਖਿਆਈ ਨਾਲ ਆਉਂਦੀ ਹੁੰਦੀ ਸੀ। ਨਿੱਕੀ ਹੁੰਦੀ ਨੂੰ ਤਾਂ ਅੰਮੀ ਨੇ ਲੋਰੀ ਸੁਣਾਉਣ ਲੱਗ ਜਾਣਾ ਤੇ ਮੈਨੂੰ ਪਤਾ ਵੀ ਨਾ ਲੱਗਣਾ ਕੇ ਕਦੋਂ ਨੀਂਦ ਨੇ ਅੱਖਾਂ ਨੂੰ ਘੇਰਾ ਪਾ ਲੈਣਾ। ਲੋਰੀ ਵਿੱਚ ਮਾਂ ਦੀ ਮਮਤਾ ਛੁਪੀ ਹੁੰਦੀ ਹੈ ਤੇ ਮਮਤਾ ਵਿੱਚ ਐਨੀ ਸ਼ਕਤੀ ਹੁੰਦੀ ਹੈ ਕਿ ਉਹ ਬੱਚੇ ਦੇ ਹਰ ਰੋਗ, ਪੀੜਾ ਅਤੇ ਪਰੇਸ਼ਾਨੀ ਨੂੰ ਮਾਰ  ਕੇ ਸੁੱਖ ਦੀ ਨੀਂਦ ਸੁਆ ਸਕੇ। ਹਾਏ! ਕਾਸ਼ ਹੁਣ ਅੰਮੀ ਕੋਲ ਹੁੰਦੀ ਤਾਂ ਮੈਂ ਉਹਦੀ ਗੋਦੀ ਵਿੱਚ ਸਿਰ ਰੱਖ ਕੇ ਲੇਟ ਜਾਂਦੀ ਤੇ ਫਿਰ ਉਹ ਆਪੇ ਹੀ ਚਾਹੇ ਲੋਰੀ ਸੁਣਾਉਂਦੀ, ਚਾਹੇ ਥਾਪੜਦੀ ਜਾਂ ਸਿਰ ਵਿੱਚ ਤੇਲ ਝੱਸਦੀ, ਜਿਵੇਂ ਮਰਜ਼ੀ, ਜੋ ਮਰਜ਼ੀ ਕਰਕੇ ਮੈਨੂੰ ਸੁਵਾਉਂਦੀ। 
ਮੈਨੂੰ ਪੱਕਾ ਪਤਾ ਹੈ, ਪੌਣੇ ਬਾਰਾਂ ਕੁ ਵਜੇ ਤੱਕ ਤਾਂ ਮੈਂ ਜਾਗਦੀ ਪਈ  ਸੀ। ਉਸ ਤੋਂ ਬਾਅਦ ਹੀ ਕਿਤੇ ਨੀਂਦ ਆਈ ਹੋਣੀ ਹੈ। ਮਸਾਂ-ਮਸਾਂ ਬਿੰਦ ਅੱਖਾਂ ਮੀਚੀਆਂ ਸੀ, ਉਹ ਵੀ ਭੇੜੇ ਜਿਹੇ ਸੁਪਨੇ ਨੇ ਆ ਕੇ ਖੁਲ੍ਹਵਾ ਦਿੱਤੀਆਂ ਹਨ। ਖਿਝ ਆ ਰਹੀ ਹੈ ਮੈਨੂੰ ਸੁਪਨਦੇਵ ਮੋਰਫ਼ਿਏ ’ਤੇ। ਖ਼ੌਰੇ, ਹੁਣ ਦੁਬਾਰਾ ਅੱਖ ਲੱਗਣੀ ਹੈ ਜਾਂ ਨਹੀਂ? ਲੱਗਦੈ, ਬਾਕੀ ਦੀ ਰਾਤ ਇਉਂ ਹੀ ਜਗਰਾਤਾ ਕੱਟਣਾ ਪਊ। ਕਿਹੜਾ ਕੋਈ ਨਵੀਂ ਗੱਲ ਹੈ? ਰੋਜ਼ ਦਾ ਹੀ ਕੰਮ ਹੈ।
ਜੀਅ ਜਿਹਾ ਖੁੱਸ ਰਿਹਾ ਹੈ। ਅਜੀਬ ਕਿਸਮ ਦੀ ਭਟਕਣਾ ਹੈ। ਸੂਟੇ ਲਾਉਣ ਨੂੰ ਦਿਲ ਕਰ ਰਿਹਾ ਹੈ। ਲੇਟੇ-ਲੇਟਿਆਂ ਸਿਰਹਾਣੇ ਵੱਲ ਪਏ ਹੋਏ ਮੇਜ਼ ’ਤੇ ਟੋਂਹਦੀ ਹਾਂ।  ਲਾਈਟਰ ਅਤੇ ਸਿਗਰਟਾਂ ਚੁੱਕ ਕੇ ਡੱਬੀ ਖੋਲ੍ਹਦੀ ਹਾਂ। ਉਂਗਲ ਪਾ ਕੇ ਸਾਰੀ ਡੱਬੀ ਜਾਂਚ ਹਟੀ ਹਾਂ। ਇੱਕ ਵੀ ਸਿਗਰਟ ਨਹੀਂ ਹੈ। ਪੂਰੀ ਡੱਬੀ ਖਾਲੀ ਪਈ ਹੈ। ਪੈਂਟ ਦੀ ਜੇਬ ਵਿੱਚ ਹੋਰ ਡੱਬੀ ਹੋਊਗੀ, ਸ਼ਾਇਦ? 
ਬਿਸਤਰੇ ਚੋਂ ਨਿਕਲ ਕੇ ੳੱਠਦੀ ਹਾਂ ਤੇ ਕਿੱਲੀ ਨਾਲ ਲਟਕਦੀ ਆਪਣੀ ਜੀਨ ਵਿੱਚੋਂ ਸਿਗਰਟਾਂ ਦੀ ਡੱਬੀ ਕੱਢਣ ਬਾਅਦ ਫਿਰ ਮੰਜੇ ’ਤੇ ਆ ਬੈਠਦੀ ਹਾਂ। ਡੱਬੀ ਚੋਂ ਇੱਕ ਸਿਗਰਟ ਖਿੱਚ ਕੇ ਬੁੱਲ੍ਹਾਂ ਵਿਚਕਾਰ ਘੁੱਟਦੀ ਹੋਈ ਲਾਇਟਰ ਜਲਾ ਕੇ ਸੁਲਘਾ ਲੈਂਦੀ ਹਾਂ। ਲਾਇਟਰ ਮੇਜ਼ ਉੱਤੇ ਵਾਪਸ ਰੱਖ ਕੇ ਇੱਕ ਲੰਬਾ ਕਸ਼ ਖਿੱਚਦੀ ਹਾਂ ਤੇ ਫਿਰ ਸਿਗਰਟ ਨੂੰ ਉਂਗਲਾਂ ਦੀ ਕੈਂਚੀ ਵਿਚਾਲੇ ਪਕੜ ਕੇ ਮੂੰਹ ਚੋਂ ਬਾਹਰ ਕੱਢ ਲੈਂਦੀ ਹਾਂ। ਅੰਦਰ ਗਏ ਹੋਏ ਧੂੰਏਂ ਨੂੰ ਸਾਹ ਦਾ ਜ਼ੋਰ ਮਾਰ ਕੇ ਮੂੰਹ ਰਾਹੀਂ ਬਾਹਰ ਕੱਢਦੀ ਹਾਂ। ਤਮਾਕੂ ਦੇ ਧੂੰਏਂ ਦਾ ਫੁਹਾਰਾ ਇਉਂ ਨਿਕਲਦਾ ਹੈ, ਜਿਵੇਂ ਸਟਾਰਟ  ਖੜ੍ਹੀ ਕਿਸੇ ਮੋਟਰ ਕਾਰ ਦੇ ਗੈਸ  ਪੈਡਲ  ਨੂੰ ਦਬਾਇਆਂ ਇਗਜੋਸਟ ਪਾਈਪ  ਧੂੰਆਂ ਬਾਹਰ ਮਾਰਦਾ ਹੁੰਦਾ ਹੈ। ਮੇਰੇ ਛੱਡੇ ਹੋਏ ਛੱਲੇਦਾਰ ਧੂੰਏਂ ਦਾ ਇੱਕ ਬੱਦਲ ਜਿਹਾ ਬਣ ਕੇ ਛੱਤ ਵੱਲ ਨੂੰ ਉੱਡ ਰਿਹਾ ਹੈ। 
ਪੰਜ ਛੇ ਸੌ ਸਾਲ ਪਹਿਲਾਂ ਜਦੋਂ ਅਜੇ ਸਿਗਰਟ ਈਜ਼ਾਦ ਨਹੀਂ ਸੀ ਹੋਈ, ਉਦੋਂ ਲੋਕ ਸਿਗਾਰ ਵਰਤਦੇ ਹੁੰਦੇ ਸੀ। ਸਿਗਾਰ ਤਮਾਕੂ ਦੇ ਪੱਤਿਆਂ ਦੀ ਵੱਟੀ ਹੋਈ ਪੂਣੀ ਨੂੰ ਕਹਿੰਦੇ ਹਨ, ਜੋ ਦੋ ਤੋਂ ਸਾਡੇ ਪੰਜ ਇੰਚ ਤੱਕ ਲੰਮੀ ਹੋ ਸਕਦੀ ਹੈ। ਸਿਗਾਰ ਦੇ ਇੱਕ ਸਿਰੇ ਨੂੰ ਸੁਲਘਾ ਕੇ ਦੂਜਾ ਨਾਲੀ ਵਾਂਗ ਮੂੰਹ ਨੂੰ ਲਾਈਦਾ ਹੈ ਤੇ ਅੰਦਰ ਨੂੰ ਸਾਹ ਖਿੱਚੀਦਾ ਹੈ। ਤਮਾਕੂ ਦਾ ਧੂੰਆਂ ਅਤੇ ਮਹਿਕ ਸਾਹਾਂ ਵਿੱਚ ਰਲ ਕੇ ਬੰਦੇ ਦੇ ਅੰਦਰ ਚਲੀ ਜਾਂਦੀ  ਹੈ ਤੇ ਖੂਨ ਵਿੱਚ ਘੁੱਲ ਜਾਂਦੀ ਹੈ। ਇੰਝ ਤਮਾਕੂ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਨ ਨਾਲ ਬੰਦੇ ਨੂੰ ਸਰੂਰੀ ਅਤੇ ਹਲਕਾ ਜਿਹਾ ਨਸ਼ਾ ਅਨੁਭਵ ਹੁੰਦਾ ਹੈ। ਸਿਗਾਰ ਸਪੇਨੀ ਸ਼ਬਦ ਸਿਗਾਰੋ (ਛਗਿੳਰਰੋ) ਦਾ ਬਿਗੜਿਆ ਹੋਇਆ ਰੂਪ ਹੈ। ਸਿਗਾਰ ਦਾ ਨਾਮ ਸਿਗਾਰ ਸ਼ਾਇਦ ਸੀਕ-ਅਰ(ਸ਼ਕਿ’ੳਰ) ਤੋਂ ਪਿਆ ਹੈ। ਸਿਕ-ਆਰ ਦੇ ਮਾਇਆਈ(ੰੳੇੳਨ: ਯੂਕਤਾਨ ਅਤੇ ਕੇਂਦਰੀ ਅਮਰੀਕਾ ਦੇ ਆਦਿਵਾਸੀ ਲੋਕ, ਜਿਨ੍ਹਾਂ ਨੂੰ ਮਾਇਆ ਕਿਹਾ ਜਾਂਦਾ ਹੈ, ਉਹਨਾਂ ਦੀ ਬੋਲੀ ਮਾਇਆਈ ਜਾਂ ਮਾਇਆਨੀ) ਭਾਸ਼ਾ ਵਿੱਚ ਅੱਖਰੀ ਅਰਥ ਧੁੱਖਦੇ ਨਸ਼ੇ ਦਾ ਸੇਵਨ ਕਰਨਾ ਹੈ। ਪਹਿਲੇ-ਪਹਿਲ ਸਿਗਾਰ ਦੀ ਵਰਤੋਂ ਕਰਨਾ ਸਿਰਫ਼ ਅਮੀਰ ਲੋਕਾਂ ਦਾ ਹੀ ਸੌਂਕ-ਸ਼ੁਗਲ ਹੁੰਦਾ ਸੀ। ਸੋਲਵੀਂ ਸਦੀ ਵਿੱਚ ਸੀਵਿਲੇ (ਸ਼ੲਵਲਿਲੲ: ਸਪੇਨ ਦਾ ਇੱਕ ਸ਼ਹਿਰ) ਦੇ ਭਿਖਾਰੀ ਅਤੇ ਗਰੀਬ-ਗੁਰਬੇ ਰਈਸਾਂ ਦੇ ਕੰਡਮ ਕਰਕੇ ਸਿੱਟੇ ਹੋਏ ਸਿਗਾਰਾਂ ਦੇ ਟੁੱਕੜਿਆਂ ਨੂੰ ਇਕੱਠਾ ਕਰਕੇ ਭੋਰ ਲੈਂਦੇ ਅਤੇ ਫਿਰ ਉਸ ਚੂਰੇ ਨੂੰ ਕਾਗਜ਼ਾਂ (ਜਿਨ੍ਹਾਂ ਨੂੰ ਕਿ ਸਪੇਨੀ ਲੋਕ ਪੈਪਲੈਟ  ਆਖਦੇ ਹਨ) ਵਿੱਚ ਭਰ ਕੇ ਪੀਂਦੇ ਸਨ। ਉਹ ਲੋਕ ਇਸਨੂੰ ਸਿਗਾਰੀਲੌਸ (ਛਗਿੳਰਰਲਿਲੋਸ) ਭਾਵ ਛੋਟਾ ਸਿਗਾਰ ਕਹਿੰਦੇ ਸਨ। ਤਕਰੀਬਨ ਅਠਾਰਵੀਂ ਸਦੀ  ਦੇ ਮੱਧ ਤੱਕ ਸਿਗਾਰ: ਇਟਲੀ, ਪੁਰਤਗਾਲ, ਲੀਵੈਂਟ, ਅਤੇ ਰੂਸ ਵਿੱਚ ਕਾਫ਼ੀ ਪ੍ਰਚੱਲਤ ਹੋ ਗਏ ਸਨ। ਨੀਪੋਲੀਆਨੀ ਜ਼ੰਗ ਦੌਰਾਨ ਫ਼ਰਾਂਸੀਸੀ ਅਤੇ ਬਰਤਾਨਵੀ ਫੌਜੀ ਲਸ਼ਕਰ ਰੂਸ ਵਿਖੇ ਸਿਗਾਰ ਤੋਂ ਜਾਣੂ ਹੋਏ ਤੇ ਉਨ੍ਹਾਂ ਨੂੰ ਵੀ ਇਸਦੀ ਆਦਤ ਪੈ ਗਈ। ਉਸ ਤੋਂ ਬਾਅਦ ਸਿਗਾਰ ਫ਼ਰਾਂਸ ਵਿੱਚ ਬਹੁਤ ਮਕਬੂਲ ਹੋ ਗਏ।  ਫ਼ਰਾਂਸੀਸੀਆਂ ਨੇ ਹੀ ਸਿਗਾਰਾਂ ਨੂੰ ਚੂਰਨ ਦੀ ਬਜਾਏ ਤਮਾਕੂ ਪੱਤਿਆਂ ਨੂੰ ਸੁਕਾ ਦੇ ਉਨ੍ਹਾਂ ਦਾ ਚੂਰਨ ਕਾਗਜ਼ਾਂ ਵਿੱਚ ਭਰਨ ਦੀ ਤਕਨੀਕ ਖੋਜੀ ਅਤੇ ਮੌਜੂਦਾ ਸਿਗਰਟ ਦਾ ਰੂਪ ਅਤੇ ਨਾਮ ਦਿੱਤਾ।
“ਫੂਹ… ਹ… ਫੂਹ।” ਮੈਂ ਜਿਉਂ-ਜਿਉਂ ਕਸ਼-ਦਰ-ਕਸ਼ ਖਿੱਚਦੀ ਜਾ ਰਹੀ ਹਾਂ ਤਿਉਂ-ਤਿਉਂ ਸਿਗਰਟ ਘੱਟਦੀ ਜਾ ਰਹੀ ਹੈ, ਜ਼ਿੰਦਗੀ ਦੇ ਵਾਂਗ। ਜਲ-ਜਲ ਕੇ ਫਿਲਟਰ ਤੱਕ ਆ ਪਹੁੰਚੀ ਲਾਟ ਨੂੰ ਮੇਜ਼ ਉੱਤੇ ਮਸਲ ਕੇ ਮੈਂ ਸਿਗਰਟ ਬੁਝਾ ਦਿੰਦੀ ਹਾਂ। ਚਿੱਤ ਕਰਦਾ ਹੈ ਲੱਗਦੇ ਹੱਥ ਇੱਕ ਹੋਰ ਪੀ ਲਵਾਂ। ਦੁਬਾਰਾ ਡੱਬੀ ਚੁੱਕਦੀ ਹਾਂ। ਡੱਬੀ ਬਹੁਤ ਹੌਲੀ ਹੈ। ਪਹਿਲਾਂ ਖੜਕਾਉਂਦੀ ਹਾਂ ਤੇ ਜਦ ਵਿੱਚ ਕੁੱਝ ਨਹੀਂ ਖੜਕਦਾ ਤਾਂ ਫਿਰ ਖੋਲ੍ਹ ਕੇ ਡੱਬੀ ਦੇਖਦੀ ਹਾਂ। ਡੱਕਣ ਖੋਲ੍ਹ ਕੇ ਵਿੱਚ ਉਂਗਲ ਪਾਉਂਦੀ ਹਾਂ। ਵਿੱਚ ਕੁੱਝ ਨਹੀਂ ਰੜਕਦਾ। ਇਹ ਡੱਬੀ ਵੀ ਖਾਲੀ ਹੈ। ਜਿਹੜੀ ਹੁਣੇ-ਹੁਣੇ ਪੀ ਕੇ ਹਟੀ ਹਾਂ, ਉਹ ਆਖ਼ਰੀ ਸਿਗਰਟ ਸੀ। ਅਜੇ ਕੱਲ੍ਹ ਸ਼ਾਮ ਨੂੰ ਹੀ ਕੰਮ ਤੋਂ ਹਟ ਕੇ ਆਉਂਦੀ ਹੋਈ ਨੇ ਨਵਾਂ ਵੀਹ ਸਿਗਰਟਾਂ ਦਾ ਪੈਕਟ  ਖਰੀਦਿਆ ਸੀ। ਰਾਤ ਪੈਣ ਤੱਕ ਹੀ ਅਠਾਰਾਂ ਸਿਗਰਟਾਂ (ਇੱਕ ਸ਼ੌਹਰ ਨੂੰ ਦੇ ਦਿੱਤੀ ਸੀ, ਉਹਨੇ ਮੰਗ ਲਈ ਸੀ) ਪੀ ਗਈ ਸੀ। ਬਾਪ ਰੇ ਬਾਪ! ਮੈਂ ਐਨੀ ਸਿਗਰਟਨੋਸ਼ੀ ਕਰਨ ਲੱਗ ਪਈ। ਪੂਰੀ ਦਿਹਾੜੀ ਵਿੱਚ ਪੰਜਾਹ ਸੱਠ ਤੱਕ ਪੀ ਜਾਂਦੀ ਹਾਂ। ਇੱਕ ਸਿਗਰਟ ਬੰਦੇ ਦੀ ਜ਼ਿੰਦਗੀ ਦੇ ਤਿੰਨ ਸੈਕਿੰਡ ਘਟਾ ਦਿੰਦੀ ਹੈ। ਸੈਕਿੰਡਾਂ, ਮਿੰਟਾਂ ਨਾਲ ਕੀ ਬਣਨਾ ਹੈ? ਮੈਂ ਤਾਂ ਚਾਹੁੰਦੀ ਹਾਂ, ਘੰਟੇ-ਦਿਨ-ਮਹੀਨੇ ਨਹੀਂ, ਬਲਕਿ ਮੇਰੀ ਉਮਰ ਦੇ ਸਾਲਾਂ ਦੇ ਸਾਲ ਹੀ ਘੱਟ ਹੋ ਜਾਣ। ਇਸ ਲਈ ਮੈਨੂੰ ਚੇਨ ਸਮੌਕਿੰਗ  ਦੀ ਲਤ ਲੱਗ ਗਈ ਹੈ। ਮਰਨਾ ਚਾਹੁੰਦੀ ਹਾਂ ਮੈਂ। ਕੀ ਰੱਖਿਆ ਹੈ ਹੁਣ ਜੀਉਣ ਵਿੱਚ ਵੀ, ਜਦ ਜ਼ਿੰਦਗੀ ਨਰਕ ਬਣ ਕੇ ਰਹਿ ਗਈ ਹੋਵੇ? ਜੀਵਨ ਇਸ ਕਦਰ ਬੇਰਸ ਹੋ ਗਿਆ ਹੈ ਕਿ ਜੀਣ ਦਾ ਉਤਸ਼ਾਹ ਹੀ ਨਹੀਂ ਰਿਹਾ। ਨਾ ਕੋਈ ਉਮੰਗ। ਨਾ ਤਰੰਗ। ਨਾ ਚਾਹ। ਨਾ ਉਮਾਹ। ਹਯਾਤ ਇੱਕ ਸਜ਼ਾ ਜਿਹੀ ਬਣ ਕੇ ਰਹਿ ਗਈ ਮਾਲੂਮ ਹੁੰਦੀ ਹੈ। ਹਰ ਵੇਲੇ ਇਹੀ ਚਾਹੁੰਦੀ ਰਹਿੰਦੀ ਹਾਂ ਕਿ ਕਿਹੜਾ ਵੇਲਾ ਹੋਵੇ ਮੈਨੂੰ ਮੌਤ ਆਵੇ ਤਾਂ ਜੋ ਸੁਖਾਲੀ ਹੋ ਸਕਾਂ। ਸੋਚਦੀ ਹਾਂ ਜਿਵੇਂ ਬਕਵਾਸ ਕਿਤਾਬਾਂ ਨੂੰ ਅਸੀਂ ਬਿਨਾਂ ਪੜ੍ਹਿਆਂ ਪੰਨੇ ਪਲਟ ਕੇ ਬੰਦ ਕਰ ਦਿੰਦੇ ਹਾਂ, ਉਵੇਂ ਬਿਨਾਂ ਹੰਢਾਇਆਂ ਇਸ ਜ਼ਿੰਦਗੀ ਨੂੰ ਠੱਪ ਕਰ ਦੇਵਾਂ। ਤਿੰਨ ਚਾਰ ਵਾਰ ਤਾਂ ਮਰਨ ਦੀ ਕੋਸ਼ਿਸ਼ ਕਰ ਚੁੱਕੀ ਹਾਂ। ਇਹ ਵੱਖਰੀ ਗੱਲ ਹੈ ਕਿ ਹਰ ਵਾਰ ਨਾਕਾਮ ਰਹੀ ਹਾਂ। 
“ਹੂ…ਅ…!” ਕਪਕਪੀ ਲਈ ਹੈ। ਪਾਲਾ ਹੋ ਚੱਲਿਆ ਹੈ। ਮੇਰੀ ਰਜਾਈ ਕਿੱਧਰ ਗਈ? ਇਕੱਲਾ ਹੀ ਸਾਰੀ ਮਲੱਕੀ ਪਿਆ ਹੋਣੈ? ਰਜਾਈ ਟੋਲਦਿਆਂ ਮੇਰੇ ਹੱਥ ਪਤੀ ਦੇ ਨਿਰਵਸਤਰ ਸ਼ਰੀਰ ਨੂੰ ਟੋਹ ਜਾਂਦੇ ਹਨ। ਹੈਂ? ਇਹ ਵੀ ਅਣਕੱਜਿਆ ਪਿਆ ਹੈ। ਫਿਰ ਰਜਾਈ ਕਿੱਥੇ ਹੋਈ? 
ਸਾਰੇ ਮੰਜੇ ’ਤੇ ਹੱਥ-ਪੈਰ ਮਾਰ ਕੇ ਭਾਲ ਹਟੀ ਹਾਂ, ਰਜਾਈ ਕਿਤੋਂ ਨਹੀਂ ਥਿਆਈ। ਹੋ ਸਕਦਾ ਭੁੰਜੇ ਡਿੱਗ ਪਈ ਹੋਵੇ? ਬੱਤੀ ਜਗਾਉਣ ਲਈ ਮੰਜੇ ਦੇ ਸਿਰਹਾਣੇ ਵੱਲ ਕੰਧ ’ਤੇ ਲੱਗੀ ਡਿੱਮਰ ਸਵਿੱਚ  ਨੂੰ ਹੌਲੀ-ਹੌਲੀ ਗੇੜਾ ਦੇ ਕੇ ਮੱਧਮ ਜਿਹੀ ਉਤਨੀ ਕੁ ਹੀ ਰੋਸ਼ਨੀ ਕਰਦੀ ਹਾਂ ਜਿੰਨੀ ਕੁ ਨਾਲ ਰਜਾਈ ਨਜ਼ਰ ਆ ਸਕੇ। ਬਹੁਤਾ ਪ੍ਰਕਾਸ਼ ਇਸ ਲਈ ਨਹੀਂ ਕਰਦੀ ਕਿਉਂਕਿ ਮੈਨੂੰ ਆਪਣੇ ਨਵਾਬਜ਼ਾਦੇ ਪਤੀ ਦੇ ਜਾਗ ਜਾਣ ਦਾ ਵੀ ਡਰ ਹੈ। ਮੈਂ ਨਹੀਂ ਚਾਹੁੰਦੀ ਕਿ ਉਹਦੀ ਵੀ ਨੀਂਦ ਭੰਗ ਹੋਵੇ।  
ਰਜਾਈ ਪੈਰਾਂ ਕੋਲ ਪਲੰਘ ਨਾਲ ਲਟਕ ਰਹੀ ਹੈ। ਪੈਂਦ ਵੱਲ ਡਿੱਗੀ ਪਈ ਰਜਾਈ ਚੁੱਕ ਕੇ ਪਤੀ ਦਾ ਨੰਗਾ ਧੜ ਢੱਕਣ ਲੱਗਦਿਆਂ ਮੈਨੂੰ ਆਪਣੇ ਆਪ ਉੱਤੇ ਹੀ ਗੁੱਸਾ ਆਉਂਦਾ ਹੈ। ਇਸ ਮਰਦ ਦੇ ਜਿਸ ਸ਼ਰੀਰ ’ਤੇ ਡੁੱਲ ਕੇ ਇਹਦੇ ਨਾਲ ਵਿਆਹ ਕਰਵਾਇਆ ਸੀ, ਹੁਣ ਉਸੇ ਮਿੱਟੀ ਦੇ ਢੇਰ ਤੋਂ ਕਿੰਨੀ ਨਫ਼ਰਤ ਹੋ ਗਈ ਹੈ। ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ, ਮੈਂ ਇਹਦੇ ਵਿੱਚ ਕੀ ਦੇਖਿਆ ਸੀ ਜੋ ਮਰ ਮਿਟੀ। ਨਾ ਇਹਦੀ ਸ਼ਕਲ, ਨਾ ਅਕਲ। ਬਸ ਇੱਕ ਚਮ ਹੀ ਗੋਰਾ ਹੈ। ਹੋਰ ਕੁੱਝ ਨਹੀਂ। ਪਰ ਜਿਵੇਂ ਕਹਿੰਦੇ ਹੁੰਦੇ ਹਨ, ਮੱਖੀ ਤੇ ਜਨਾਨੀ ਡਿੱਗਣ ਲੱਗੀ ਥਾਂ-ਕਥਾਂ ਨਹੀਂ ਦੇਖਦੀ ਹੁੰਦੀ। ਜਦੋਂ ਵੀ ਡਿੱਗੂ ਗੰਦ ’ਤੇ ਹੀ ਗਿਰਦੀ ਹੈ। ਮੈਂ ਵੀ ਜਵਾਨੀ ਦੇ ਨਸ਼ੇ ਵਿੱਚ ਅੰਨ੍ਹੀ ਹੋਈ ਨੇ ਹੰਭੀ ਮੱਝ ਵਾਂਗੂੰ ਬੈਠਣ ਲੱਗਿਆਂ ਲਿਬੜੀ ਜਗ੍ਹਾ ਨਹੀਂ ਸੀ ਦੇਖੀ। ਬਸ ਚਾਪੜਾ ਮਾਰ ਕੇ ਥੱਲਾ ਧਰਨ ਦੀ ਕੀਤੀ ਸੀ। ਇਹਦੇ ਵਿੱਚ ਮੇਰਾ ਵੀ ਕੋਈ ਦੋਸ਼ ਨਹੀਂ। ਜਵਾਨੀ ਚੀਜ਼ ਹੀ ਐਸੀ ਹੈ। ਏਸ ਅਵਸਥਾ ਵਿੱਚ ਆ ਕੇ ਤਾਂ ਕੀੜਿਆਂ-ਮਕੌੜਿਆਂ ਦੇ ਵੀ ਖੰਭ ਨਿਕਲ ਆਉਂਦੇ ਹਨ ਤੇ ਉਹ ਮਚਦੀ ਸ਼ਮ੍ਹਾ ਵਿੱਚ ਕੁੱਦ ਪੈਂਦੇ ਹਨ। ਗੁਰਦਾਸ ਮਾਨ ਦੇ ਕਹਿਣ ਵਾਂਗੂੰ, “ਵਾਹ ਨੀ ਜਵਾਨੀਏ ਤੇਰਾ ਵੀ ਜੁਆਬ ਨ੍ਹੀਂ, ਉਹ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖਰਾਬ ਨ੍ਹੀਂ।” 
ਦਰਅਸਲ ਉਸ ਵੇਲੇ ਮੇਰੀ ਵੀ ਅਲੜ ਵਰੇਸ ਸੀ। ਇਸ ਆਦਮੀ ਨਾਲ ਪੈਂਦੀ ਹੁੰਦੀ ਸੀ। ਇਸ ਕਰਕੇ ਇਹੀ ਮੈਨੂੰ ਆਪਣਾ ਖੁਦਾ ਜਾਪਦਾ ਹੁੰਦਾ ਸੀ। ਸਰੀਰਕ ਭੁੱਖ ਇਨਸਾਨ ਦੀ ਅਕਲ ’ਤੇ ਪੜਦਾ ਪਾ ਦਿੰਦੀ ਹੈ। ਕੋਈ ਸੋਝੀ ਨਹੀਂ ਰਹਿੰਦੀ। ਉਦੋਂ ਇਹਦੇ ਔਗੁਣ ਵੀ ਗੁਣ ਹੀ ਜਾਪਦੇ ਹੁੰਦੇ ਸਨ। ਜਿਉਂ-ਜਿਉਂ ਆਯੂ ਪੱਖੋਂ ਮੇਚਿਉਰ (ਪ੍ਰੋੜ) ਹੁੰਦੀ ਗਈ, ਤਿਉਂ-ਤਿਉਂ ਸਮਝਦਾਰ ਬਣਨ ਨਾਲ ਮੇਰਾ ਨਜ਼ਰੀਆ ਬਦਲਦਾ ਗਿਆ। ਇਹਦੇ ਫ਼ਾਅਲ ਧਿਆਨਗੋਚਰੇ ਹੋਣੇ ਸ਼ੁਰੂ ਹੋ ਗਏ। ਧੀਰੇ-ਧੀਰੇ ਇਹਦਾ ਐਬਾਂ ਭਰਿਆ ਚਰਿੱਤਰ ਉੱਘੜ ਕੇ ਸਾਹਮਣੇ ਆ ਗਿਆ। ਆਪੇ ਹੀ ਫੇਰ ਵਕਤ ਪੈਣ ਨਾਲ ਫੀਜ਼ੀਕਲ ਅਟਰੈਕਸ਼ਨ (ਜਿਣਸੀ ਖਿੱਚ) ਵੀ ਖਤਮ ਹੁੰਦੀ ਗਈ ਤੇ ਇਸ ਬੰਦੇ ਦਾ ਅਸਲੀ ਤੇ ਜ਼ਾਲਮਾਨਾ ਚਿਹਰਾ ਦਿਖਾਈ ਦੇਣ ਲੱਗ ਪਿਆ। ਪਰ ਤਦ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ। ਨੀਪੋਲੀਅਨ ਨੇ ਕਿਹਾ ਹੈ, “ਮਨੁੱਖ ਜਵਾਨੀ ਵਿੱਚ ਗਲਤੀ, ਅਧਖੜ ਉਮਰ ਵਿੱਚ ਸੰਘਰਸ਼ ਅਤੇ ਬੁਢਾਪੇ ਵਿੱਚ ਪਸਚਾਤਾਪ ਕਰਦਾ ਹੈ।” ਮੈਂ ਵੀ ਹੁਣ ਬਿਰਧ ਅਵਸਥਾ ਵੱਲ ਨੂੰ ਵਧਦੀ ਹੋਈ ਪਛਤਾਉਂਦੀ ਹਾਂ। ਸ਼ਾਇਦ ਮੇਰਾ ਇੰਝ ਤੜਫਣਾ ਹੀ ਮੇਰੇ ਗੁਨਾਹਾਂ ਦਾ ਪਰਾਸਚਿਤ ਹੈ। ਉਦੋਂ ਤਾਂ ਕੁੱਝ ਪਤਾ ਹੀ ਨਹੀਂ ਸੀ ਲੱਗਿਆ। ਚੜ੍ਹਦੀ ਉਮਰ ਦੀ ਲੋਰ ਨੇ ਐਸਾ ਮਧਮਸਤ ਕੀਤਾ ਸੀ ਕਿ ਕਾਮ ਵਿੱਚ ਗ੍ਰਸੀ ਹੋਈ ਨੂੰ ਮੈਨੂੰ ਚੰਗੇ-ਮਾੜੇ, ਸਹੀ-ਗਲਤ, ਨੈਤਿਕ-ਅਨੈਤਿਕ, ਭਲੇ-ਬੁਰੇ ਕਿਸੇ ਵੀ ਨੈਗਟਿਵ ਅਤੇ ਪੌਜ਼ੇਟਿਵ ਚੀਜ਼ ਵਿਚਲੇ ਅੰਤਰ ਨੂੰ ਪਹਿਚਾਨਣ ਦੀ ਇਮਤਿਆਜ਼ ਨਹੀਂ ਸੀ ਰਹੀ। ਹੌਲੀ-ਹੌਲੀ ਠੋਕਰਾਂ ਖਾਹ ਕੇ ਬੜੀ ਦੇਰ ਬਾਅਦ ਗਿਆਨ ਆਇਆ ਹੈ। ਤਾਂ ਕਿਤੇ ਜਾ ਕੇ ਹੁਣ ਨਕਲੀ ਤੋਂ ਅਸਲੀ ਨੂੰ ਨਿਖੇੜ ਕੇ ਵੱਖ ਕਰ ਸਕਣ ਜੋਗੀ ਹੋਈ ਹਾਂ। ਘਟਨਾ ਦੇ ਘਟ ਜਾਣ ਬਾਅਦ ਸਿਆਣਪ ਸਿੱਖਣੀ ਕਿੱਧਰ ਦੀ ਸਿਆਣਪ ਹੈ?
ਵੈਸੇ ਸਾਡੀ ਜ਼ਿੰਦਗੀ ਖੁਦ ਇੱਕ ਬਹੁਤ ਵੱਡੀ ਅਧਿਆਪਕ ਹੁੰਦੀ ਹੈ, ਜੋ ਸਾਨੂੰ ਸਬਕ ਮਹਿਜ਼ ਪੜ੍ਹਾ ਕੇ ਹੀ ਖਹਿੜਾ ਨਹੀਂ ਛੱਡਦੀ। ਸਗੋਂ ਸਿਖਾ ਕੇ , ਰੱਟਾ ਲਵਾ ਕੇ ਦਮ ਲੈਂਦੀ ਹੈ। ਮੈਂ ਵੀ ਪੂਰੀ ਤਰ੍ਹਾਂ ਚੰਡੀ ਪਈ ਹਾਂ। ਹੁਣ ਤਾਂ ਹੰਸ ਵਾਂਗੂੰ ਚੁੰਝ ਪਾ ਕੇ ਦੁੱਧੋਂ ਪਾਣੀ ਛਾਣ ਕੇ ਅੱਡ ਕਰ ਦੇਵਾਂ। ਅੱਜ ਹਯਾਤੀ ਨਾਲ ਇਹੀ ਗਿਲਾ ਹੈ ਕਿ ਮੈਨੂੰ ਬਹੁਤ ਦੇਰ ਪਿੱਛੋਂ ਅਕਲ ਆਈ ਹੈ। ਜੇ ਕਿੱਧਰੇ ਪਹਿਲਾਂ ਸਮੇਂ ਸਿਰ ਸਮਝ ਆਈ ਹੁੰਦੀ ਤਾਂ ਜੀਵਨ ਖਰਾਬ ਹੋਣੋਂ ਬਚ ਜਾਣਾ ਸੀ। ਖ਼ੈਰ! ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗ ਗਈ ਖੇਤ। ਸ਼ਾਇਦ ਇਹ ਸਾਰਾ ਕਾਰਾ ਹੋਣ ਨਾਲ ਹੀ ਮੈਨੂੰ ਸੂਝ-ਬੂਝ ਆਉਣੀ ਸੀ। ਅਸ਼ੋਕ ਨੂੰ ਵੀ ਕਲਿੰਗਾ ਦੀ ਲੜਾਈ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਬਾਅਦ ਰੁਹਾਨੀਅਤ ਦਾ ਮਾਰਗ ਦਿਸਿਆ ਸੀ। ਸੋਈ ਮੇਰੇ ਹੱਥੋਂ ਵੀ ਕਈ ਆਤਮਾਵਾਂ ਨੂੰ ਦੁੱਖੀ ਕਰਨਾ ਲਿਖਿਆ ਸੀ। ਤਦੇ ਹੀ ਮੈਂ ਉਨ੍ਹਾਂ ਪਾਪਾਂ ਦਾ ਦੰਡ ਭੁਗਤ ਰਹੀ ਹਾਂ। 
ਪਤੀ ਮਹੌਦਯ ਲੱਤ ਮਾਰ ਕੇ  ਆਪਣੇ ਉੱਪਰੋਂ ਰਜਾਈ ਲਾਹ ਲੈਂਦੇ ਹਨ। ਹੁਣੇ ਕੁੱਝ ਦੇਰ ਪਹਿਲਾਂ ਹੀ ਤਾਂ ਮੈਂ ਇਨ੍ਹਾਂ ਨੂੰ ਢੱਕਿਆ ਸੀ। ਸ਼ਾਇਦ ਇਹ ਗਰਮੀ ਮਹਿਸੂਸ ਕਰ ਰਹੇ ਹਨ। ਖ਼ਬਰ ਨਹੀਂ ਇਹਨੇ ਕਿਹੜਾ ਬੱਕਰਾ ਖਾਧਾ ਹੋਇਆ ਹੈ? ਜਿਹੜਾ ਪਾਲਾ ਨਹੀਂ ਮੰਨਦਾ। ਚਲੋ, ਜੇ ਨਹੀਂ ਰਜਾਈ ਲੈਂਦਾ ਤਾਂ ਨਾ ਸਹੀ। ਜਿਵੇਂ ਇਹਦੀ ਮਰਜ਼ੀ। ਇਹਨੂੰ ਸਰਦੀ ਨਹੀਂ ਲੱਗਦੀ ਹੋਣੀ। ਮੈਨੂੰ ਤਾਂ ਕਾਂਬਾ ਛਿੜਿਆ ਪਿਆ ਹੈ। ਸਾਡੇ ਸ਼ਰੀਰ ਦਾ ਇੱਕ ਲੋੜੀਂਦਾ ਤਾਪਮਾਨ ਹੁੰਦਾ ਹੈ। ਜੋ ਕਿ ਇੱਕ ਔਸਤ ਮਨੁੱਖ ਲਈ ਲਗਭਗ ਸੈਂਤੀ ਡਿਗਰੀ ਸੈਲਸੀਅਸ ਨਿਸ਼ਚਿਤ ਹੈ। ਜਦੋਂ ਵੀ ਵਾਤਾਵਰਣ ਦਾ ਤਾਪਮਾਨ, ਸਾਡੇ ਸਰੀਰਕ ਤਾਪਮਾਨ ਤੋਂ ਘਟ ਜਾਂਦਾ ਹੈ, ਤਾਂ ਸਾਡਾ ਜਿਸਮ ਗਰਮੀ ਛੱਡਣ ਲੱਗ ਜਾਂਦਾ ਹੈ। ਸ਼ਰੀਰ ਲਗਾਤਾਰ ਤਾਪ ਛੱਡਦਾ ਅਤੇ ਠੰਡ ਸੋਖਦਾ  ਰਹਿੰਦਾ ਹੈ। ਇਸਦੇ ਫਲਸਰੂਪ ਸਾਨੂੰ ਠੰਡ ਲੱਗਦੀ ਹੈ। ਗਰਮ ਕੱਪੜੇ ਪਹਿਨਣ ਜਾਂ ਕੰਬਲ, ਰਜਾਈ ਵਗੇਰਾ ਓੜਨ ਨਾਲ ਗਰਮੀ ਕੱਪੜਿਆਂ ਅਤੇ ਸਾਡੇ ਸ਼ਰੀਰ ਦਰਮਿਆਨ ਅੜ੍ਹਕ ਜਾਂਦੀ ਹੈ ਤੇ ਬਾਹਰ ਹਵਾ ਵਿੱਚ ਨਹੀਂ ਜਾਂਦੀ। ਕੁੱਝ ਲੋਕਾਂ ਦਾ ਖ਼ਿਆਲ ਹੁੰਦਾ ਹੈ ਕਿ ਗਰਮ ਕੱਪੜੇ ਸਾਨੂੰ ਗਰਮਾਇਸ਼ ਦਿੰਦੇ ਹਨ। ਇਹ ਧਾਰਨਾ ਗਲਤ ਹੈ। ਅਸਲ ਵਿੱਚ ਸਾਡੇ ਆਪਣੇ ਸ਼ਰੀਰ ਦੀ ਭੜਾਸ ਹੀ ਸਾਨੂੰ ਨਿੱਘ ਦਿੰਦੀ ਹੈ ਤੇ ਜਿਸ ਕਾਰਨ ਸਾਨੂੰ ਸਰਦੀ ਨਹੀਂ ਮਹਿਸੂਸ ਹੁੰਦੀ। ਕੱਪੜੇ ਤਾਂ ਉਸ ਤਪਸ਼ ਨੂੰ ਰੋਕੀ ਰੱਖਣ ਦਾ ਕੰਮ ਕਰਦੇ ਹਨ। ਮੇਰੇ ਆਦਮੀ ਦੇ ਸਲੀਪਿੰਗ ਗਾਉਨ ਪਾਇਆ ਹੋਇਆ ਹੈ। ਇਸ ਲਈ ਇਹਨੂੰ ਠੰਡ ਨਹੀਂ ਲੱਗਦੀ। ਮੈਨੂੰ ਕੱਪੜੇ ਪਾ ਕੇ ਸੌਣ ਦੀ ਆਦਤ ਨਹੀਂ ਰਹੀ। ਬੜੇ ਚਿਰ ਪਹਿਲਾਂ ਛੁੱਟ ਗਈ ਸੀ। ਹੁਣ ਤਾਂ ਵਸਤਰ ਪਹਿਨ ਕੇ ਸੌਣਾ ਓਪਰਾ ਜਿਹਾ ਲੱਗਦਾ ਹੈ। ਪਹਿਲੇ-ਪਹਿਲ ਲੀੜੇ ਲਾਹ ਕੇ ਪੈਣ ਵਿੱਚ ਮੈਨੂੰ ਬੜੀ ਸ਼ਰਮ ਮਹਿਸੂਸ ਹੋਇਆ ਕਰਦੀ ਸੀ। ਫਿਰ ਹੌਲੀ-ਹੌਲੀ ਗਿੱਝ ਗਈ। ਹੁਣ ਤਾਂ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਦਿਨੇ ਵੀ ਮੈਂ ਘਰੇ ਕੁੱਝ ਨਹੀਂ ਪਹਿਨਦੀ। ਜਿਵੇਂ ਹੁਣ ਨੰਗੀ ਹਾਂ,  ਇਵੇਂ ਹੀ ਪੂਰੀ ਦੀ ਪੂਰੀ ਨੂਡ  ਹੋ ਕੇ ਫਿਰਦੀ ਰਹਿੰਦੀ ਹਾਂ। ਨਿੱਕੇ ਨਿਆਣਿਆਂ ਦੀ ਤਰ੍ਹਾਂ ਨੰਗ-ਧੜੰਗੀ। ਬੜੀ ਅਲਖਤ ਅਤੇ ਅਸੁਵਿਧਾ ਜਿਹੀ ਅਨੁਭਵ ਹੁੰਦੀ ਹੈ ਕੱਪੜਿਆਂ ਤੋਂ। ਹੁਣ ਤੋਂ ਥੋੜ੍ਹੀ (ਅਸਲ ਵਿੱਚ ਕਾਫ਼ੀ) ਦੇਰ ਬਾਅਦ ਦਿਨ ਚੜ੍ਹੇਗਾ। ਇਹ ਸ੍ਰੀ ਮਾਨ ਜੀ ਤਾਂ ਇਸੇ ਪ੍ਰਕਾਰ ਪਏ ਰਹਿਣਗੇ। ਸਵੇਰਾ ਹੋਏ ’ਤੇ ਮੈਂ ੳੱਠ ਕੇ ਤਿਆਰ ਹੋਵਾਂਗੀ। ਭੋਜਨ ਬਣਾਵਾਂਗੀ। ਇਹਦੇ ਲਈ ਮਾਈਕਰੋਵੇਵ ਵਿੱਚ ਰੱਖ ਜਾਵਾਂਗੀ ਅਤੇ ਆਪਣਾ ਲੈ ਕੇ ਨੌਕਰੀ ਕਰਨ ਚਲੀ ਜਾਵਾਂਗੀ।
ਅਜੇ ਤਾਂ ਚਾਰੇ ਪਾਸੇ ਘੋਰ ਹਨੇਰਾ ਹੀ ਹਨੇਰਾ ਹੈ। ਕਿੰਨੀ ਵੱਡੀ ਅਤੇ ਅੰਧਕਾਰਮਈ ਰਾਤ ਹੈ। ਸੁਣਿਆ ਹੈ ਗ਼ਮਾਂ ਦੀਆਂ ਰਾਤਾਂ ਲੰਮੀਆਂ ਅਤੇ ਕਾਲੀਆਂ ਹੀ ਹੁੰਦੀਆਂ ਹਨ। ਨਾ ਜਾਣੇ ਕਦੋਂ ਅੰਤ ਹੋਊ ਇਸ ਰਾਤ ਦਾ? ਮੈਂ ਆਵਾਜ਼ਾਰ ਹੋ ਰਹੀ ਹਾਂ। ਮੇਰਾ ਜੀਅ ਕਰਦਾ ਹੈ ਇਹਨਾਂ ਨੂੰ ਉਠਾਵਾਂ ਤੇ ਆਖਾਂ ਕਿ ਮੇਰੇ ਨਾਲ ਗੱਲਾਂ ਕਰੋ ਤਾਂ ਕਿ ਮੇਰਾ ਵਕਤ ਸੁਖਾਲਾ ਗੁਜ਼ਰ ਜਾਵੇ। ਪਰ ਰਹਿਣ ਦੇ ਬਾਬਾ, ਜੇ ਜਗਾਇਆ ਤਾਂ ਉੱਠ ਕੇ ਲੜਣ ਲੱਗ ਜਾਊ। ਆਖੂ, “ਮੇਰੀ ਨੀਂਦ ਖਰਾਬ ਕਰ ਦਿੱਤੀ ਐ।” ਹੋਰ! ਅੰਮ੍ਰਿਤ ਵੇਲੇ ਕਾਹਨੂੰ ਚੰਡਾਲ ਨੂੰ ਗਲ ਪਾਉਣਾ ਹੈ? ਕੌਡੀ ਦੀ ਕਦਰ ਨਹੀਂ, ਏਸ ਬੰਦੇ ਨੂੰ ਮੇਰੀ। ਰੋਲ ਕੇ ਰੱਖ ਦਿੱਤੈ ਇਹਨੇ ਮੈਨੂੰ। ਜਦੋਂ ਦੀ ਇਹਦੇ ਲੜ੍ਹ ਲੱਗੀ ਹਾਂ ਖੋਰਾ ਲਾ ਕੇ ਰੱਖ ਦਿੱਤਾ ਹੈ ਇਹਨੇ ਮੇਰੇ ਹੁਸਨ ਨੂੰ। ਜਵਾਨੀ ਪਹਿਰੇ ਹੀ ਮੈਂ ਬੁੱਢੀ ਬਣੀ ਪਈ ਹਾਂ। ਮੇਰੇ ਰੂਪ ਦੀ ਉਹ ਪਹਿਲਾਂ ਵਾਲੀ ਤਾਬ ਰਹੀ ਹੀ ਨਹੀਂ। ਪਰਾਏ ਮਰਦਾਂ ਨੂੰ ਭਾਵੇਂ ਮੈਂ ਅਜੇ  ਵੀ ਆਪਣੇ ਵੱਲ ਅਕਾਰਸ਼ਿਤ ਕਰਨ ਦੀ ਸਮਰੱਥਾ ਰਖਦੀ ਹਾਂ। ਫੇਰ ਵੀ ਮੈਂ ਆਪਣੇ ਅੰਦਰੋਂ ਬਹੁਤ ਬਿਰਧ ਅਤੇ ਕਰੂਪ ਹੋ ਗਈ ਮਹਿਸੂਸਦੀ ਹਾਂ। ਉਮਰ ਤਾਂ ਬੇਸ਼ੱਕ ਮੇਰੀ ਸਾਰੀ ਬੱਤੀ-ਤੇਤੀ ਸਾਲ ਹੈ। ਉਮਰ ਨਾਲ ਕੀ ਹੁੰਦਾ ਹੈ? ਮਨੁੱਖ ਉਮਰ ਨਾਲ ਕਦੇ ਵੀ ਬੁੱਢਾ ਨਹੀਂ ਹੁੰਦਾ, ਸਗੋਂ ਜਿੰਨਾ ਦਿਖਾਈ  ਦੇਵੇ ਅਤੇ ਜਿੰਨਾ ਮਹਿਸੂਸ ਕਰੇ ਉਨਾ ਬੁੱਢਾ ਹੁੰਦਾ ਹੈ ਨਾ ਕਿ ਜਿੰਨੀ ਜ਼ਿਆਦਾ ਆਯੂ ਹੋਵੇ।
ਇੱਕ ਘੁਮਿਆਰ ਨੂੰ ਕਿਸੇ ਨੇ ਹੀਰਾ ਦਿੱਤਾ ਸੀ।  ਉਹਨੇ ਧਾਗੇ ’ਚ ਪਰੋ ਕੇ ਆਪਣੀ ਗਧੀ ਦੇ ਗਲ ਵਿੱਚ ਪਾ ਦਿੱਤਾ ਸੀ। ਹੀਰੇ ਸਣੇ ਗਧੀ ਹਰ ਵੇਲੇ ਮਿੱਟੀ ਵਿੱਚ ਲਿਟਦੀ ਰਿਹਾ ਕਰੇ। ਉਹੀ ਹੀਰੇ ਵਾਲੀ ਦੁਰਦਸ਼ਾਂ ਇਸ  ਬੇਕਦਰੇ ਬੰਦੇ ਨੇ ਮੇਰੀ ਕੀਤੀ ਹੋਈ ਹੈ।
ਯਾ ਅੱਲਾਹ! ਇਹ ਮੈਂ ਕੀ ਕਰ ਬੈਠੀ ਹਾਂ? ਮਾਪਿਆਂ ਦੇ ਘਰ ਸਵਰਗਾਂ ਦੇ ਸੁੱਖ ਭੋਗਦੀ ਸੀ। ਐਸੀ ਮੇਰੀ ਮਾੜੀ ਕਿਸਮਤ ਮੈਥੋਂ ਤਖਤ ’ਤੇ ਬੈਠ ਕੇ ਰਾਜ ਨਾ ਕਰ ਹੋਇਆ ਤੇ ਮੈਂ ਗੋਲੀ ਬਣ ਗਈ ਹਾਂ। ਅਚਾਰੀਆ ਚਾਣਕਯ  ਨੇ ਆਪਣੀ ਨੀਤੀ ਵਿੱਚ ਲਿਖਿਆ ਹੈ, “ਜਿਵੇਂ ਇੱਕ ਰੁੱਖ ਨੂੰ ਅੱਗ ਲੱਗ ਜਾਣ ਨਾਲ ਹੀ ਸਾਰਾ ਜੰਗਲ ਸੜ ਜਾਂਦਾ। ਉਵੇਂ ਇੱਕ ਕੁੜੀ ਦੇ ਬਦਕਾਰ ਹੋਣ ਨਾਲ ਸਾਰੀ ਕੁੱਲ ਗਲ ਜਾਂਦੀ ਹੈ।” ਕਿੱਡੀ ਕਲਿਹਣੀ ਘੜੀ ਸੀ ਉਹ ਜਦੋਂ ਮੈਂ ਕੁਲੱਛਣੀ ਨੇ ਖਾਨਦਾਨ ਦੇ ਮੱਥੇ ਕਲੰਕ ਲਾਇਆ, ਟੱਬਰ ਦੀ ਸਰਦਾਰੀ ਰੋਲੀ, ਬਾਬਲ ਦੀ ਪੱਗ ਨੂੰ ਦਾਗਦਾਰ ਕੀਤਾ, ਅਮੜੀ ਦੇ ਧੌਲੇ ਸਿਰ ਵਿੱਚ ਖੇਹ ਪੁਆਈ, ਵੀਰਾਂ ਦੀਆਂ ਧੋੌਣਾਂ ਝੁਕਵਾ ਕੇ ਨੀਵੀਂਆਂ ਕਰਵਾਈਆਂ। ਸਭ ਤੋਂ ਵੱਡੀ ਗੱਲ ਆਪਣੇ ਹੱਥੀ ਆਪਣੀ ਜ਼ਿੰਦਗੀ ਦੇ ਆਲੀਸ਼ਾਨ ਮਹਿਲ ਨੂੰ ਖੰਡਰ ਬਣਾ ਕੇ ਰੱਖ ਲਿਆ ਹੈ। ਕਾਸ਼ ਮੈਨੂੰ ਪਾਤਾਲ ਲੋਕ ਦੀ ਨਦੀ ਲੀਥੀ ਦਾ ਪਾਣੀ ਪੀਣ ਨੂੰ ਮਿਲ ਜਾਵੇ ਜਿਸਨੂੰ ਪੀ ਕੇ ਮੈਂ ਸਭ ਪੁਰਾਣੀਆਂ ਗੱਲਾਂ ਭੁੱਲ ਜਾਵਾਂ! ਰੱਬ ਕਰੇ ਉਹ ਬੀਤਿਆ ਵੇਲਾ ਫੇਰ ਆ ਜਾਵੇ ਤਾਂ ਜੋ ਮੈਂ ਆਪਣੀਆਂ ਗਲਤੀਆਂ ਨੂੰ ਦਰੁਸਤ ਕਰ ਸਕਾਂ। ਆਈ ਵਿੱਸ਼ ਆਈ ਕੁੱਡ ਟਰਨ ਦਾ ਕਲਾਕ ਬੈਕ!  ਆਈ ਵਿੱਸ਼!
ਇਹ ਮੈਂ ਕੀ ਨਿਆਣਿਆਂ ਵਾਂਗੂੰ ਯਬਲੀਆਂ ਮਾਰੀ ਜਾਂਦੀ ਹਾਂ। ਉਮਰ, ਪਾਣੀ ਅਤੇ ਵਕਤ ਭਲਾਂ ਕਦੇ ਪਿਛਾਂਅ ਨੂੰ ਮੁੜਦੇ ਹਨ? ਜਿਨ੍ਹਾਂ ਹਾਲਾਤਾਂ ਵਿੱਚੋਂ ਹੁਣ ਮੈਂ ਗੁਜ਼ਰ ਰਹੀ ਹਾਂ, ਮੇਰੀ ਇਸ ਤ੍ਰਾਸਦਿਕ ਸਥਿਤੀ ਵਿੱਚ ਘਿਰੀ ਹੋਈ ਦੀਆਂ ਭਾਵਨਾਵਾਂ ਨੂੰ ਪੰਜਾਬੀ ਦੇ ਕਵੀ ਭਾਈ ਵੀਰ ਸਿੰਘ ਨੇ ਆਪਣੀ ਸਮਾਂ ਨਾਮੀ ਕਵਿਤਾ ਵਿੱਚ ਬੜੀ ਸੁੰਦਰਤਾ ਨਾਲ ਚਿਤਰਿਆ ਹੈ। ਉਹ ਲਿਖਦਾ ਹੈ,
“ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਫੜ-ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ।
ਕਿਵੇਂ ਨ ਸਕੀ ਰੋਕ ਅਟਕ ਜੋ ਪਾਈ ਭੰਨੀ,
ਹੋ! ਅਜੇ ਸੰਭਾਲ ਇਸ ਸਮੇਂ ਨੂੰ
ਕਰ ਸਫਲ ਉਡੰਕਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ
ਤੇ ਲੰਘ ਗਿਆ ਨਾ ਮੁੜ ਕੇ ਆਂਵਦਾ।”
ਸਮੇਂ ਸਿਰ ਦੋਸ਼ ਮੜ੍ਹਨ ਦਾ ਕੀ ਫਾਇਦਾ? ਸ਼ਾਇਦ ਮੇਰੀ ਤਕਦੀਰ ਵਿੱਚ ਹੀ ਦੁਸ਼ਵਾਰੀਆਂ ਅਤੇ ਖੱਜਲ-ਖੁਆਰੀਆਂ ਲਿਖੀਆਂ ਹੋਈਆਂ ਸਨ। ਅੱਬਾ ਦੱਸਿਆ ਕਰਦੇ ਸਨ ਕਿ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਹਰ ਬੰਦਾ ਆਪਣੀ ਚੰਗੀ-ਮਾੜੀ ਕਿਸਮਤ ਲਿਖਾ ਕੇ ਆਉਂਦਾ ਹੈ। ਮੈਂ ਆਪਣੀ ਕਿਸਮਤ ਦੀ ਸਿੱਲ ਤੇ ਦੁੱਖਾਂ, ਤਕਲੀਫਾਂ ਅਤੇ ਕਸ਼ਟਾਂ ਦੇ ਸ਼ਿਲਾਲੇਖ ਖੁਦਵਾ ਕੇ ਇਸ ਜ਼ਹਾਨ ਵਿੱਚ ਆਈ ਸੀ। ਕਿਸੇ ਵੇਲੇ ਹੱਥੀਂ ਖੁਸ਼ੀਆਂ ਦੀ ਚਿਤਾ ਜਲਾਈ ਸੀ ਮੈਂ। ਅੱਜ ਵੀ ਉਹ ਸੁਨਹਿਰੀ ਦਿਨ ਚੇਤੇ ਕਰਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਹੁਣ ਤਾਂ ਤਮਾਮ ਉਮਰ ਹੀ ਇੰਝ ਰੋਂਦਿਆਂ-ਕੁਰਲਾਉਂਦਿਆਂ ਬਸਰ ਹੋਣੀ ਹੈ। ਇੱਕ ਜਪਾਨੀ ਲੋਕ ਤੱਤ ਹੈ, ਜਿਸਨੇ ਸਵੇਰ ਸਾਂਭ ਕੇ ਖੁਸ਼ਗਵਾਰ ਨਹੀਂ ਬਿਤਾਈ, ਉਹਦੀ ਰਾਤ ਰੰਗੀਨ ਨਹੀਂ ਹੋ ਸਕਦੀ। ਮੈਂ ਵੀ ਜਵਾਨੀ ਸੰਭਲ ਕੇ ਨਹੀਂ ਖਰਚੀ ਸੀ। ਹੁਣ ਬੁੜਾਪਾ ਪੁਰਸਕੂਨ ਅਤੇ ਅਰਾਮਦਾਇਕ ਕਿਵੇਂ ਹੋ ਸਕਦਾ ਹੈ? ਹੇ ਮੇਰਿਆ ਰੱਬਾਂ! ਮੈਨੂੰ ਦੁੱਖਾਂ ਮੁਸੀਬਤਾਂ ਨਾਲ ਲੜਨ ਦੀ ਤੌਫੀਕ ਦੇ। ਮੋਕਸ਼ ਦੇ ਮਾਰਗ ਦਾ ਦਿਦਾਰ ਕਰਵਾ। ਮੇਰਿਆ ਮਾਲਕਾ ਮੈਨੂੰ ਮੁਕਤੀ ਦੇ। ਡਰ ਲੱਗਦਾ ਹੈ ਮੈਨੂੰ ਇਸ ਸੰਘਣੇ ਹਨੇਰੇ ਤੋਂ। ਮੇਰਾ ਦਮ ਘੁੱਟਦਾ ਜਾਂ ਰਿਹਾ ਹੈ, ਇਸ ਵਾਤਾਵਰਨ ਵਿੱਚ। ਤਿਲ-ਤਿਲ ਮਰਦੀ ਜਾ ਰਹੀ ਹਾਂ ਮੈਂ। ਮੇਰੇ ਚਾਰੋਂ ਤਰਫ ਕੂੜ ਅਤੇ ਕਾਲਖ ਦਾ ਪਸਾਰਾ ਹੈ। ਕਿੱਡੀ ਘੁੱਪ ਹਨੇਰੀ ਹੈ ਇਹ ਰਾਤ। ਕਦੋਂ ਮੁੱਕੇਗੀ? ਕਦੋਂ ਸੁਬ੍ਹਾ ਹੋਵੇਗੀ? ਕਦੋਂ ਸੂਰਜ ਚੜੇਗਾ?  ਕਦੋਂ? ਕਦੋਂ? ਕਦੋਂ?!




No comments:

Post a Comment