ਕਾਂਡ 13 : ਇਬਤਦਾ

ਫ਼ਰਾਂਸ ਨੂੰ ਅਲਵਿਦਾ ਆਖ ਕੇ, ਅਸੀਂ ਫ਼ੈਰੀ ਵਿੱਚ ਸਵਾਰ ਹੋਏ ਤੇ ਵਾਪਸੀ ਦੇ ਰਾਹ ਪੈ ਗਏ। ਛੁੱਟੀਆਂ ਦਾ ਇਹ ਇੱਕ ਹਫਤਾ ਕਦੋਂ ਅਤੇ ਕਿਵੇਂ ਬੀਤ ਗਿਆ ਸੀ? ਇਸ ਗੁਜ਼ਰਦੇ ਵਕਤ ਦਾ ਉੱਕਾ ਹੀ ਪਤਾ ਨਹੀਂ ਸੀ ਚੱਲਿਆ। ਮੁਹੱਬਤ ਅਤੇ ਕਾਮ ਵਿੱਚ ਖੁੱਭ ਕੇ ਪਿੱਛਲੇ ਦਿਨਾਂ ਵਿੱਚ ਜਿੰਨਾ ਮੈਂ ਖੁਸ਼ ਰਹੀ ਸੀ। ਹੁਣ ਓਨਾ ਹੀ ਦੁੱਖੀ ਅਤੇ ਉਦਾਸ ਹੋਣ ਲੱਗ ਪਈ ਸੀ। ਮੇਰਾ ਫ਼ਰਾਂਸ ਤੋਂ ਆਉਣ ਨੂੰ ਬਿਲਕੁਲ ਦਿਲ ਨਹੀਂ ਸੀ ਕਰਦਾ। ਪਰ ਕੀ ਕਰਦੀ? ਉੱਥੋਂ ਆਉਣਾ ਤਾਂ ਪੈਣਾ ਹੀ ਸੀ।
ਫ਼ੈਰੀ ਆ ਕੇ ਇੰਗਲੈਂਡ ਦੇ ਸਮੁੰਦਰੀ ਤਟ ’ਤੇ ਲੱਗੀ ਤਾਂ ਅੱਗੋਂ ਸਾਡੀ ਕੋਚ ਨਹੀਂ ਸੀ ਪਹੁੰਚੀ। ਕਿਸੇ ਵਜ੍ਹਾ ਕਾਰਨ ਲੇਟ ਹੋ ਗਈ ਸੀ। ਇੰਤਜ਼ਾਰ ਵਿੱਚ ਸਭ ਇੱਧਰ-ਉੱਧਰ ਟਹਿਲਣ ਲੱਗ ਪਏ ਸਨ। ਦੁਬਾਰਾ ਇੰਗਲੈਂਡ ਦੀ ਧਰਤੀ ’ਤੇ ਪੈਰ ਧਰਦਿਆਂ ਹੀ ਬਘਿਆੜਾਂ ਵਰਗੇ ਫਿਕਰ ਮੇਰੀ ਸਹੇ ਜਿਹੀ ਜ਼ਿੰਦ ਉੱਤੇ ਟੁੱਟ ਪਏ ਸਨ। ਮੈਨੂੰ ਅੱਗੇ ਵੱਧਣ ਲਈ ਕੋਈ ਮੰਜ਼ਿਲ ਨਜ਼ਰ ਨਹੀਂ ਸੀ ਆਉਂਦੀ। ਘਰੋਂ ਨਿਕਲਣ ਵੇਲੇ ਮੈਂ ਆਪਣੇ ਪਿੱਛੇ ਦੇ ਸਾਰੇ ਪੁੱਲ ਉਡਾਉਂਦੀ ਗਈ ਸੀ। ਫਿਰ ਹੁਣ ਉਸੇ ਘਰ ਕਿਹੜੇ ਰਸਤੇ ਵਾਪਸ ਜਾਂਦੀ? ਕੋਈ ਰਾਹ ਸਾਬਤਾ ਨਹੀਂ ਸੀ ਬਚਿਆ। ਉਂਝ ਵੀ ਘਰ ਪਰਤ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੁੜ ਆਪਣੇ ਪਰਿਵਾਰ ਵਿੱਚ ਪਰਤਣਾ ਮੌਤ ਨੂੰ ਦਾਅਵਤ ਦੇਣ ਸਮਾਨ ਸੀ ਅਤੇ ਨਾ ਹੀ ਹੁਣ ਮੈਨੂੰ ਉੱਥੇ ਸਵਿਕਾਰ ਕੀਤਾ ਜਾਣਾ ਸੀ। ਬਰਮਿੰਘਮ ਮੁੜਣ ਤੋਂ ਵੀ ਮੇਰਾ ਦਿਲ ਬਹੁਤ ਡਰਦਾ ਸੀ। ਉਸ ਇਲਾਕੇ ਵਿੱਚ ਮੈਂ ਕਿਤੇ ਹੋਰ ਵੀ ਨਹੀਂ ਸੀ ਰਹਿ ਸਕਦੀ। ਮੇਰੇ ਅੱਬਾ ਦਾ ਕਿੱਤਾ ਹੀ ਦਿਨ ਰਾਤ ਸੜਕਾਂ ’ਤੇ ਰਹਿਣ ਦਾ ਸੀ। ਮੇਰੇ ਮਨ ਵਿੱਚ ਡਰ ਸੀ ਕਿ ਉਹ ਮੈਨੂੰ ਕਦੇ ਨਾ ਕਦੇ ਜ਼ਰੂਰ ਤੁਰੀ ਫਿਰਦੀ ਦੇਖ ਲੈਣਗੇ। ਉਨ੍ਹਾਂ ਨੇ ਤਾਂ ਦੇਖਣਸਾਰ ਗਲ ਘੁੱਟ ਕੇ ਮੈਨੂੰ ਥਹਿੰ ਹੀ ਮਾਰਨ ਵਿੱਚ ਢਿੱਲ ਵੀ ਨਹੀਂ ਸੀ ਕਰਨੀ। ਇਸ ਵਜ੍ਹਾ ਕਰਕੇ ਮੈਂ ਆਪਣੇ ਜੱਦੀ ਸ਼ਹਿਰ ਬਰਮਿੰਘਮ ਪਰਤਣਾ ਨਹੀਂ ਸੀ ਚਾਹੁੰਦੀ। 
ਮੈਕਸ ਮੀਂਹ ਦੀ ਬਾਛੜ ਵਾਂਗ ਮੇਰੀ ਵਾਂਗ ਮੇਰੀ ਜ਼ਿੰਦਗੀ ਵਿੱਚ ਆ ਡਿੱਗਿਆ ਸੀ। ਜਿਵੇਂ ਬਾਰਸ਼ ਦੀਆਂ ਬੂੰਦਾਂ ਜਦੋਂ ਤਪੀ ਹੋਈ
ਧਰਤੀ ਉੱਤੇ ਆ ਕੇ ਡਿੱਗਦੀਆਂ ਹਨ ਤਾਂ ਰੇਤ ਦੇ ਖੁਸ਼ਕ ਕਣ ਉਨ੍ਹਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਇਉਂ ਹੀ ਮੈਂ ਵੀ ਮੈਕਸ ਨੂੰ ਆਪਣੇ ਜੀਵਨ ਵਿੱਚ ਸਮੋਅ ਲਿਆ ਸੀ।
ਸੋਚ-ਵਿਚਾਰ ਅਤੇ ਇਜ਼ਬਲ ਦੀ ਰਹਿਨੁਮਾਈ ਨਾਲ ਮੈਂ ਅਤੇ ਮੈਕਸ ਨੇ ਇਕੱਠਿਆਂ ਰਹਿਣ ਦਾ ਇਰਾਦਾ ਕਰ ਲਿਆ ਸੀ। ਮੈਂ ਮੈਕਸ ਨੂੰ ਸੁਝਾਅ ਦਿੱਤਾ ਸੀ ਕਿ ਕੁੱਝ ਦੇਰ ਲਈ ਬਰਮਿੰਘਮ ਦੀ ਬਜਾਏ ਅਸੀਂ ਕਿਸੇ ਹੋਰ ਸ਼ਹਿਰ ਵਿੱਚ ਜਾ ਵਸੀਏ। ਮੈਕਸ ਫੌਰਨ ਮੰਨ ਗਿਆ ਸੀ। ਬਰਮਿੰਘਮ ਵਿੱਚ ਉਹਦੀਆਂ ਕਿਹੜੀਆਂ ਜਾਗੀਰਾਂ ਜਾਂ ਹਵੇਲੀਆਂ ਸਨ,  ਜਿਨ੍ਹਾਂ ਨੂੰ ਛੱਡਣ ਦਾ ਉਹਨੂੰ ਦੁੱਖ ਹੋਣਾ ਸੀ? ਕਾਉਂਸਲ ਵੱਲੋਂ ਮਿਲੇ ਫਲੈਟ ਵਿੱਚ ਉਹ ਰਹਿੰਦਾ ਹੁੰਦਾ ਸੀ। ਜੋ ਦੁਬਾਰਾ ਕਿਸੇ ਵੀ ਹੋਰ ਸ਼ਹਿਰ ਵਿੱਚ ਲਿਆ ਜਾ ਸਕਦਾ ਸੀ। 
ਉੱਥੋਂ ਡੋਬਰ ਤੋਂ ਹੀ ਕਿਸੇ ਪਾਸੇ ਖਿਸਕ ਜਾਣ ਦੀ ਜੁਗਤ ਲੜਾ ਕੇ ਮੈਕਸ ਖਾਣ-ਪੀਣ ਲਈ ਕੁੱਝ ਲੈਣ ਕੈਫ਼ੇ ਨੂੰ ਚਲਿਆ ਗਿਆ ਤੇ ਮੈਂ ਪਖਾਨੇ ਵੱਲ ਨੂੰ ਇਹ ਦੇਖਣ ਚਲੀ ਗਈ ਕਿ ਕੀ ਮੇਰੇ ਉਹ ਵਸਤਰ ਜੋ ਮੈਂ ਜਾਣ ਲੱਗੀ ਸਿੱਟ ਕੇ ਗਈ ਸੀ, ਅਜੇ ਵੀ ਉੱਥੇ ਕੂੜੇਦਾਨ ਵਿੱਚ ਪਏ ਹਨ ਜਾਂ ਨਹੀਂ? 
ਕੂੜੇਦਾਨ ਪੂਰਾ ਕੂੜੇ ਨਾਲ ਭਰਿਆ ਪਿਆ ਸੀ। ਮੈਂ ਫਰੋਲਣ ਲੱਗ ਗਈ। ਉਸ ਵਿਚਲਾ ਸਾਰਾ ਗੰਦ-ਮੰਦ ਮੈਂ ਆਪਣੇ ਹੱਥਾਂ ਨਾਲ ਬਾਹਰ ਕੱਢ ਕੇ ਸਿੱਟਿਆ, ਪੀਰੀਅਡਸ ਆਇਆਂ ਤੋਂ ਕੱਛੀਆਂ ਵਿੱਚ ਲਾਏ ਜਾਣ ਵਾਲੇ ਪੈਂਟੀ ਪੈੱਡਸ ਖੂਨ ਨਾਲ ਲਿੱਬੜੇ ਹੋਏ ਉਸ ਵਿੱਚ ਪਏ ਸਨ, ਵਰਤੇ ਹੋਏ ਮਰਦਾਨਾ ਅਤੇ ਜਨਾਨਾ ਨਿਰੋਧ, ਨਾਪੀਆਂ ਆਦਿ ਹੋਰ ਬੜਾ ਕੁੱਝ ਸੀ। ਮੈਂ ਸਾਰਾ ਕੂੜੇਦਾਨ ਮੂਧਾ ਕਰਕੇ ਖਾਲੀ ਕਰ ਲਿਆ ਸੀ। ਪਰ ਮੈਨੂੰ ਆਪਣੇ ਕੱਪੜੇ ਨਹੀਂ ਸਨ ਥਿਆਏ। ਆਪਣੀ ਮੂਰਖਤਾ ਉੱਤੇ ਮੈਂ ਆਪਣੇ ਆਪ ਹੀ ਹੱਸੀ ਸੀ। “ਤੇਰੀ ਕੀ ਸਲਾਹ ਹੈ, ਹਫਤੇ ਦੇ ਤੇਰੇ ਵਸਤਰ ਇੱਥੇ ਹੀ ਪਏ ਰਹਿਣੇ ਸੀ?” ਮੇਰੇ ਅੰਦਰੋਂ ਹੀ ਕੋਈ ਆਵਾਜ਼ ਆਈ ਸੀ। ਹੋ ਸਕਦਾ ਹੈ ਕੋਈ ਲੋੜਮੰਦ ਚੁੱਕ ਕੇ ਲੈ ਗਿਆ ਹੋਵੇ ਜਾਂ ਜਮਾਦਾਰ ਕੂੜੇ ਨਾਲ ਲੈ ਗਏ ਹੋਣਗੇ?
ਫਰਸ਼ ਉੱਤੇ ਉਵੇਂ ਕੂੜਾ-ਕਰਕਟ ਬਿਖਰਿਆ ਛੱਡ ਕੇ ਮੈਂ ਹੱਥ ਧੋਤੇ ’ਤੇ ਬਾਹਰ ਆ ਗਈ ਸੀ। ਮੈਨੂੰ ਪਛਤਾਵਾ ਅਤੇ ਹੇਰਵਾਂ ਹੋਣ ਲੱਗ ਪਿਆ ਸੀ। ਉਹ ਦੇਸੀ ਕੱਪੜੇ ਮੈਨੂੰ ਸੁੱਟਣੇ ਨਹੀਂ ਸੀ ਚਾਹੀਦੇ। ਤਹਿ ਮਾਰ ਕੇ ਨਾਲ ਹੀ ਰੱਖ ਲੈਣੇ ਚਾਹੀਦੇ ਸਨ। ਕਦੇ ਅਣਸਰਦੇ ਨੂੰ ਕੰਮ ਆ ਜਾਂਦੇ।
ਮੇਰੇ ਵਾਪਸ ਆਉਂਦੀ ਨੂੰ ਸਾਰੀਆਂ ਕੁੜੀਆਂ ਚਭਲ-ਚਭਲ ਕਨਟੌਕੀ ਫਰਾਈ ਚਿਕਨ ਵਾਲਿਆਂ ਦਿਉ ਲਿਆਂਦੀਆਂ ਹੋਈਆਂ ਮੁਰਗੇ ਦੀਆਂ ਲੱਤਾਂ ਚੱਬ ਰਹੀਆਂ ਸਨ। ਉਨ੍ਹਾਂ ਨੇ ਮੇਰਾ ਹਿੱਸਾ ਮੇਰੇ ਹਵਾਲੇ ਕੀਤਾ, ਮੈਂ ਉਵੇਂ ਹੀ ਉਨ੍ਹਾਂ ਨੂੰ ਮੋੜ ਦਿੱਤਾ ਸੀ। 
“ਇਹ ਤਾਂ ਹਲਾਲ ਮੀਟ ਭਾਲਦੀ ਹੋਣੀ ਐ।” ਵਿੱਚੋਂ ਇੱਕ ਨੇ ਟਿੱਚਰ ਕਰੀ ਸੀ। 
“ਨਹੀਂ ਇਹ ਗੱਲ ਨ੍ਹੀਂ। ਮੈਨੂੰ ਭੁੱਖ ਨਹੀਂ।” ਮੈਂ ਆਪਣੀ ਸਫ਼ਾਈ ਪੇਸ਼ ਕੀਤੀ ਸੀ। ਮੇਰਾ ਕੁੱਝ ਵੀ ਖਾਣ ਨੂੰ ਦਿਲ ਨਹੀਂ ਸੀ ਕਰਦਾ। ਸਿਰ ਦਰਦ ਕਰ ਰਿਹਾ ਸੀ। ਮੈਂ ਆਪਣੀ ਇੱਕ ਅਧਿਆਪਿਕਾ ਤੋਂ ਪੈਰਾਸੀਟਾਮੋਲ ਦੀਆਂ ਦੋ ਗੋਲੀਆਂ ਮੰਗ ਕੇ ਲਈਆਂ ਤੇ ਕੌਫ਼ੀ ਦੇ ਕੱਪ ਨਾਲ ਅੰਦਰ ਸਿੱਟ ਲਿੱਤੀਆਂ ਸਨ। ਗੱਲਬਾਤ ਦੌਰਾਨ ਮੈਕਸ ਵੀ ਉੱਤੋਂ ਦੀ ਆ ਗਿਆ ਸੀ। ਉਹ ਬਹੁਤ ਖੁਸ਼ ਜਾਪ ਰਿਹਾ ਸੀ, “ਬਣਗੀ ਗੱਲ।”
“ਕਿਹੜੀ ਗੱਲ?” ਮੈਂ ਉਤਸੁਕ ਹੁੰਦਿਆਂ ਪੁੱਛਿਆ ਸੀ।
“ਕੈਫ਼ੇ ’ਚ ਮੈਨੂੰ ਇੱਕ ਡਰਾਇਵਰ ਬਾਈ ਟੱਕਰਿਐ। ਉਹ ਸਕੌਟਲੈਂਡ ਨੂੰ ਜਾ ਰਿਹੈ। ਜੇ ਤੇਰਾ ਇਰਾਦਾ ਹੈ ਤਾਂ ਆਪਾਂ ਉੱਧਰ ਨੂੰ ਨਿਕਲ ਜਾਂਦੇ ਹਾਂ। ਕੁੱਝ ਦਿਨ ਉੱਥੇ ਰਹਾਂਗੇ ਤੇ ਫਿਰ ਮਾਮਲਾ ਠੰਡਾ ਪਏ ਤੋਂ ਮਿਡਲੈਂਡ ਨੇੜੇ ਕਿਤੇ ਆ ਜਾਵਾਂਗੇ।” 
ਮੈਕਸ ਦਾ ਸੁਝਾਅ ਮਾੜਾ ਨਹੀਂ ਸੀ। ਇੰਗਲੈਂਡ ਤੋਂ ਬਾਹਰ ਸਕੌਟਲੈਂਡ ਸਾਡੇ ਲਈ ਹੋਰ ਵੀ ਵਧੇਰੇ ਸੁਰੱਖਿਅਤਾ ਸੀ। ਨਿੱਕੀ ਹੁੰਦੀ ਦੀ ਮੇਰੀ ਬੜੀ ਰੂਹ ਕਰਦੀ ਹੁੰਦੀ ਸੀ ਸਕੌਟਲੈਂਡ ਨੂੰ ਦੇਖਣ ਦੀ। ਪਰ ਕਦੇ ਇਹ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਘਰੋਂ ਭੱਜ ਕੇ ਜਾਵਾਂਗੀ। ਮੈਨੂੰ ਸਕੌਟਲੈਂਡ ਦੇਖਣ ਦਾ ਬੜਾ ਚਾਅ ਸੀ। ਮੈਂ ਫੌਰਨ ਮੈਕਸ ਨੂੰ ਆਪਣੀ ਰਜ਼ਾਮੰਦੀ ਦੇ ਦਿੱਤੀ ਸੀ। ਉਸ ਡਰਾਇਵਰ ਦਾ ਟਰੱਕ ਤਿਆਰ ਖੜ੍ਹਾ ਸੀ।  ਅਸੀਂ ਡਰਾਇਵਰ ਤੋਂ ਮਿੰਨਤ ਕਰਕੇ ਲਿਫਟ ਮੰਗੀ ਸੀ। ਉਹ ਮਾੜੀ ਮੋਟੀ ਨਾਂਹ-ਨੁੱਕਰ ਮਗਰੋਂ ਮੰਨ ਗਿਆ ਸੀ, “ਠੀਕ ਐ। ਆਉ, ਚੜ੍ਹ ਜੋ।”
ਸਾਡੇ ਕੋਲ ਕੋਈ ਖਾਸ ਸਮਾਨ ਨਹੀਂ ਸੀ। ਥੋੜ੍ਹੇ-ਥੋੜ੍ਹੇ ਕੱਪੜੇ ਮੈਂ ਐਂਜਲਾ ਹੋਰਾਂ ਤੋਂ ਮੰਗ ਲਿੱਤੇ ਸਨ। ਵਿਦਾਇਗੀ ਲੈਣ ਲਈ ਇੱਕ ਦੋ ਜੋ ਗੂੜੀਆਂ ਸਹੇਲੀਆਂ ਸਨ, ਉਨ੍ਹਾਂ ਨੂੰ ਗਲੇ ਮਿਲੀ ਸੀ। ਮੇਰੀਆਂ ਅੱਖਾਂ ਭਰ ਆਈਆਂ ਸਨ। ਅਧਿਆਪਕਾਂ ਅਤੇ ਬਾਕੀ ਸਾਰੇ ਵਿਦਿਆਰਥੀਆਂ ਤੋਂ ਲੁੱਕ-ਛਿਪ ਕੇ ਪਹਿਲਾਂ ਮੈਂ ਜਾ ਕੇ ਟਰੱਕ ਵਿੱਚ ਬੈਠ ਗਈ ਸੀ ਤੇ ਫਿਰ ਮੇਰੇ ਮਗਰੇ ਹੀ ਮੈਕਸ ਆ ਗਿਆ ਸੀ। ਜਦੇ ਹੀ ਡਰਾਇਵਰ ਆ ਗਿਆ ਤੇ ਉਹਨੇ ਸਟਾਰਟ ਕਰਨਸਾਰ ਟਰੱਕ ਮੋਟਰਵੇਅ ਦੀ ਸਲਿੱਪ ਰੋਡ ਵੱਲ ਸਿੱਧਾ ਕਰ ਦਿੱਤਾ ਸੀ। ਹੋਰ ਕਿਸੇ ਨੂੰ ਵੀ ਸਾਡੇ ਟਰੱਕ ਵਿੱਚ ਰਫੂ-ਚੱਕਰ ਹੋ ਜਾਣ ਬਾਰੇ ਇਲਮ ਨਹੀਂ ਸੀ ਹੋਇਆ। ਮੋਟਰਵੇਅ ਦੀ ਪਹਿਲੀ ਕਤਾਰ ਵਿੱਚ ਪ੍ਰਵੇਸ਼ ਕਰਨ ਬਾਅਦ ਡਰਾਇਵਰ ਨੇ ਕਿੱਲੀ ਦੱਬ ਦਿੱਤੀ ਸੀ। ਫਿਰ ਅਸੀਂ ਪਿੱਛੇ ਮੁੜ ਕੇ ਕਿੱਥੇ ਦੇਖਣਾ ਸੀ? 
ਡਰਾਇਵਰ ਸਾਡੇ ਨਾਲ ਗੱਲਾਂ ਕਰਨ ਲੱਗ ਪਿਆ ਸੀ। ਉਹਨੇ ਦੱਸਿਆ ਸੀ ਕਿ ਉਹਦਾ ਆਪਣਾ ਟਰੱਕ ਖਰਾਬ ਹੋ ਗਿਆ ਸੀ ਤੇ ਉਹ ਦੋ ਤਿੰਨ ਦਿਨ ਤੋਂ ਉੱਥੇ ਫਸਿਆ ਹੋਇਆ ਸੀ। ਹੁਣ ਨਵਾਂ ਟਰੱਕ ਮੰਗਾ ਕੇ ਉਹ ਟਰੇਲਰ ਵਾਪਸ ਲੈ ਕੇ ਜਾ ਰਿਹਾ ਸੀ। ਮੈਨੂੰ ਹੈਰਾਨੀ ਹੋਈ ਸੀ ਕਿ ਛੋਟਾ ਜਿਹਾ ਟਰੱਕ ਦਾ ਮੂੰਹ ਹੀ ਕਿੱਡਾ ਵੱਡਾ ਟਰੇਲਰ ਖਿੱਚੀ ਜਾ ਰਿਹਾ ਸੀ। ਮੈਨੂੰ ਆਪਣੇ ਹੀ ਖ਼ਿਆਲਾਂ ਵਿੱਚ ਰੁੜੀ ਹੋਈ ਨੂੰ ਔਰਤ ਟਰੇਲਰ ਤੇ ਮਰਦ ਟਰੱਕ ਜਾਪਿਆ ਸੀ। ਮਰਦ ਨੂੰ ਜਨਮ ਦੇਣ ਵਾਲੀ ਔਰਤ ਭਾਵੇਂ ਸਦਾ ਹੀ ਮਰਦ ਤੋਂ ਮਹਾਨ ਹੁੰਦੀ ਹੈ। ਪਰ ਇਸ ਟਰੇਲਰ ਵਾਂਗ ਔਰਤ ਕਿੱਡੀ ਵੱਡੀ ਤੇ ਭਾਰੀ ਕਿਉਂ ਨਾ ਹੋਵੇ। ਉਹ ਇਕੱਲੀ ਆਪਣੇ ਆਪ ਕੁੱਝ ਨਹੀਂ ਕਰ ਸਕਦੀ। ਉਸਨੂੰ ਚੱਲਣ ਲਈ ਮਰਦ ਰੂਪੀ ਟਰੱਕ ਚਾਹੀਦਾ ਹੈ। ਅਜਿਹੀਆਂ ਸੋਚਾਂ ਵਿੱਚ ਧੁੱਸੜੀ ਹੋਈ ਮੈਂ ਖ਼ਾਮੋਸ਼ੀ ਦੇ ਆਲਮ ਵਿੱਚ ਸੀ। ਮੈਕਸ ਡਰਾਇਵਰ ਨਾਲ ਗੱਲਾਂ ਕਰੀ ਜਾ ਰਿਹਾ ਸੀ। ਫਿਰ ਅਚਾਨਕ ਮੈਕਸ ਦਾ ਧਿਆਨ ਮੇਰੇ ਵੱਲ ਆ ਗਿਆ, ਮੈਂ ਉਦੋਂ ਬਾਰੀ ਰਾਹੀਂ ਬਾਹਰ ਟਿਕਟਕੀ ਬੰਨ੍ਹੀ ਦੇਖ ਰਹੀ ਸੀ।
“ਬੋਰ ਤਾਂ ਨ੍ਹੀਂ ਹੋ ਰਹੀ?”
“ਹੈਂ? ਕੀ? ਨਹੀਂ-ਨਹੀਂ।” ਮੈਕਸ ਦੇ ਪ੍ਰਸ਼ਨ ਨਾਲ ਮੇਰਾ ਧਿਆਨ ਉੱਖੜ ਗਿਆ ਸੀ। ਮੈਂ ਠੰਡ ਨਾਲ ਧੁੜਧੜੀ ਲਈ ਸੀ।
“ਠੰਡ ਲੱਗਦੀ ਆ ਤਾਂ ਭਾਈ ਬਾਰੀ ਬੰਦ ਕਰ ਲੋ। ਮੈਂ ਇੱਧਰੋਂ ਹੀਟ ਲਾ ਦਿੰਦਾਂ।” ਡਰਾਇਵਰ ਵੀ ਕੰਬਣੀ ਜਿਹੀ ਲੈ ਕੇ ਬੋਲਿਆ ਸੀ।
ਮੈਂ ਬਾਰੀ ਦਾ ਸ਼ੀਸ਼ਾ ਉਤਾਂਹ ਚਾੜ੍ਹ ਦਿੱਤਾ। ਡਰਾਇਵਰ ਨੇ ਏਅਰਫੈੱਨ ਦਾ ਬਟਨ ਗਰਮ ਅਵਸਥਾ ਵਿੱਚ ਕਰਕੇ ਹੀਟਰ ਚਾਲੂ ਕਰ ਦਿੱਤਾ ਸੀ ਤੇ ਮੈਨੂੰ ਤਸੱਲੀ ਦਿੰਦਿਆਂ ਕਿਹਾ ਸੀ, “ਲੈ ਹੁਣ ਬਿੰਦ ਵਿੱਚ ਦੀ ਹੀ ਨਿੱਘ ਹੋ ਜਾਣੈ।” 
“ਆਏਂ ਨ੍ਹੀਂ ਇਹਦਾ ਕੁੱਝ ਬਣਨਾ। ਇਹਨੂੰ ਤਾਂ ਮੈਂ ਨਿੱਘੀ ਕਰਦੈਂ।” ਮੈਕਸ ਮੇਰੇ ਕੋਲ ਨੂੰ ਘਿਸੜਿਆ ਅਤੇ ਮੇਰੇ ਬਲਾਊਜ਼ ਦੇ ਕਾਲਰਾਂ ਤੋਂ ਫੜ ਕੇ ਮੈਨੂੰ ਚੁੰਮਣ ਲੱਗ ਗਿਆ ਸੀ।  ਟਰੱਕ ਮੀਲ ਪੱਥਰਾਂ ਨੂੰ ਪਿੱਛੇ ਛੱਡਦਾ ਜਾ ਰਿਹਾ ਸੀ। ਕਾਫ਼ੀ ਦੇਰ ਤੱਕ ਅਸੀਂ ਇੱਕ ਦੂਸਰੇ ਨੂੰ ਚੁੰਮਦੇ ਰਹੇ ਸੀ। ਮੇਰੀ ਢੂਹੀ ਤੋਂ ਸਰਕਦੇ ਹੋਏ ਮੈਕਸ ਦੇ ਹੱਥ ਮੇਰੀ ਛਾਤੀ ’ਤੇ ਆ ਪਹੁੰਚੇ ਸਨ। ਮੈਂ ਉਤੇਜਤ ਹੁੰਦੀ ਜਾ ਰਹੀ ਸੀ। ਉਸਦੇ ਬੁੱਲ੍ਹ ਮੇਰੀ ਗਰਦਣ ਨੂੰ ਇੰਝ ਖੁਰਚਣ ਲੱਗ ਪਏ ਸਨ ਜਿਵੇਂ ਸੁਹਾਗਾ ਖੇਤ ਵਿੱਚ ਮਿੱਟੀ ’ਤੇ ਫਿਰਦਾ ਹੁੰਦਾ ਹੈ। ਬਲਾਊਜ਼ ਦੇ ਬਾਹਰੋਂ ਫੜ ਕੇ ਮੇਰੀ ਛਾਤੀ ਘੁੱਟਦੇ ਹੋਏ ਮੈਕਸ ਨੇ ਮੇਰਾ ਇੱਕ ਬਟਨ ਖੋਲ੍ਹ ਲਿਆ ਤੇ ਅੰਦਰ ਹੱਥ ਪਾ ਕੇ ਮੇਰਾ ਨੰਗਾ ਆਰੂਜ ਪਕੜ ਕੇ ਬਾਹਰ ਕੱਢ ਲਿਆ ਸੀ। (ਉਦਣ ਮੈਂ ਬਰ੍ਹਾ ਨਹੀਂ ਸੀ ਪਹਿਨੀ।) ਮੈਂ ਬਲਾਊਜ਼ ਦਾ  ਪੱਲਾ ਖਿੱਚ ਕੇ ਪਹਿਲਾਂ ਤਾਂ ਆਪਣੀ ਛਾਤੀ ਨੂੰ ਢੱਕਿਆ ਸੀ ਤੇ ਫਿਰ ਮੈਕਸ ਦਾ ਹੱਥ ਰੋਕ ਲਿਆ ਸੀ, “ਕੀ ਕਰਦੈਂ? ਉਹ ਡਰਾਇਵਰ ਦੇਖ ਰਿਹੈ! ਭਾਵੇਂ ਮੈਂ ਬੜੀ ਹੀ ਧੀਮੀ ਆਵਾਜ਼ ਵਿੱਚ ਮੈਕਸ ਦੇ ਕੰਨਾਂ ਵਿੱਚ ਫੁਸਫੁਸਾਈ ਸੀ, ਪਰ ਤਾਂ ਵੀ ਡਰਾਇਵਰ ਨੂੰ ਮੇਰੀ ਕਹੀ ਗੱਲ ਸੁਣ ਗਈ ਸੀ। 
ਡਰਾਇਵਰ ਨੇ ਮੈਨੂੰ ਛੇੜਿਆ ਸੀ, “ਮੇਰੀ ਚਿੰਤਾ ਨਾ ਕਰੋ। ਮੈਂ ਨ੍ਹੀਂ ਕੁੱਝ ਦੇਖਦਾ। ਕਹੋਂ ਤਾਂ ਅੱਖਾਂ ਮੀਚ ਲੈਂਦਾਂ?”
“ਨਾ ਬਾਬਾ ਅੱਖਾਂ ਨਾ ਮੀਚੀਂ। ਆਪਦਾ ਟਰੱਕ ਤਾਂ ਭੰਨਾਏਂਗਾ ਹੀ ਨਾਲ ਸਾਡਾ ਵੀ ਕੂੰਡਾ ਕਰਕੇ ਰੱਖ ਦੇਵੇਂਗਾ।” ਮੈਂਕਸ ਉਹਨੂੰ ਮਸਖਰੀ ਵਿੱਚ ਉੱਤਰ ਦੇਣ ਬਾਅਦ ਫਿਰ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਸੀ। ਡਰਾਇਵਰ ਸੜਕ ਵੱਲ ਘੱਟ ਤੇ ਸਾਡੇ ਵੱਲ ਬਹੁਤਾ ਦੇਖ ਰਿਹਾ ਸੀ। 
“ਕੀ ਕਰੀ ਜਾਂਨੈ। ਸ਼ਰਮ ਨ੍ਹੀਂ ਆਉਂਦੀ? ਹਟ।”
ਮੇਰੀ ਰੋਕ-ਟੋਕ ਨੂੰ ਤਾੜਦਾ ਹੋਇਆ ਡਰਾਇਵਰ  ਬੋਲਿਆ ਸੀ, “ਕਾਕਾ ਇਹ ਕੁੜੀ ਠੀਕ ਕਹਿੰਦੀ ਐ। ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ। - ਭਾਈ ਆਹੀ ਕੰਮ ਕਰਨੇ ਆ ਤਾਂ ਇੰਝ ਕਰੋ, ਪਿੱਛੇ ਮੇਰੇ ਸਲੀਪਿੰਗ  ਕੰਪਾਰਟਮੈਂਟ ਵਿੱਚ ਚਲੇ ਜਾਉ।”
ਜਿੱਥੇ ਅਸੀਂ ਬੈਠੇ ਸੀ, ਉੱਥੇ ਸਾਡੀਆਂ ਸੀਟਾਂ ਦੇ ਪਿੱਛੇ ਡਰਾਇਵਰ ਦੇ ਲੇਟ ਕੇ ਅਰਾਮ ਕਰਨ ਲਈ ਵਿਸ਼ੇਸ਼ ਬਿਸਤਰਾ ਲੱਗਿਆ ਹੋਇਆ ਸੀ। ਇਸਨੂੰ ਬੈਠਣ ਲਈ ਸੀਟ ਵੀ ਬਣਾਇਆ ਜਾ ਸਕਦੀ ਸੀ ਤੇ ਲੇਟਣ ਲਈ ਮੰਜਾ ਵੀ। ਅਸੀਂ ਉੱਥੇ ਪੈ ਕੇ ਪਰਦਾ ਤਾਣ ਦਿੱਤਾ ਤਾਂ ਕਿ ਡਰਾਇਵਰ ਸਾਡੀਆਂ ਸਰਗਰਮੀਆਂ ਨੂੰ ਨਾ ਜਾਣ ਸਕੇ। ਮੈਕਸ ਦਾ ਸ਼ਰੀਰ ਮੇਰੇ ਜਿਸਮ ਵਿੱਚ ਉਲਝ ਗਿਆ ਸੀ। ਮੇਰੇ ਉੱਪਰ ਪਿਆ ਮੈਕਸ ਇੰਜਣ ਵਾਂਗ ਧੁੱਕ-ਧੁੱਕ ਚੱਲਣ ਲੱਗ ਗਿਆ ਸੀ। ਮੇਰਾ ਧੜ ਹਲੋਰਿਆਂ ਨਾਲ ਜ਼ੋਰ-ਜ਼ੋਰ ਦੀ ਹਿੱਲਣ ਲੱਗ ਪਿਆ ਸੀ। ਮੇਰੀ ਉਸ ਕਿਰਿਆ ਵਿੱਚ ਐਨਾ ਕੁ ਯੋਗਦਾਨ ਸੀ ਕਿ ਮੈਂ ਮੂੰਹ ਬੰਦ ਕਰਕੇ ਲੇਟੀ ਰਹੀ ਅਤੇ ਵਿਰੋਧਤਾ ਨਹੀਂ ਕੀਤੀ ਸੀ। ਹੋਰ ਮੇਰਾ ਕੋਈ ਸਹਿਯੋਗ ਨਹੀਂ ਸੀ। ਮੈਂ ਮੁਰਦਿਆਂ ਦੀ ਤਰ੍ਹਾਂ ਲਾਸ਼ ਬਣ ਕੇ ਪਈ ਰਹੀ ਸੀ ਤੇ ਫਿਰ ਥੱਕ ਹੰਭ ਕੇ ਮੈਕਸ ਵੀ ਮੇਰੇ ਨਾਲ ਪਿਆ ਲਾਸ਼ ਬਣ ਗਿਆ ਸੀ। 

***

“ਓ ਸ਼ਿੱਟ!” ਟਰੱਕ ਚਲਾਈ ਜਾ ਰਿਹਾ ਡਰਾਇਵਰ ਅਚਾਨਕ ਬੁਲੰਦ ਆਵਾਜ਼ ਵਿੱਚ ਚਿਲਾਇਆ ਸੀ। 
“ਕੀ ਹੋ ਗਿਐ?” ਮੈਕਸ ਨੇ ਉੱਠ ਕੇ ਮੂਹਰੇ ਜਾਂਦਿਆਂ ਪੁੱਛਿਆ ਸੀ।
“ਯਾਅਰ, ਸਾਲਾ ਜੰਕਸ਼ਨ ਲੰਘ ਗਿਐ। ਇੱਥੋਂ ਮੁੜਨਾ ਸੀ। ਮੋਟਰਵੇਅ ਤੋਂ ਤਾਂ ਰਿਵਰਸ ਵੀ ਨਹੀਂ ਕਰ ਸਕਦੇ।”
  “ਚੱਲ ਅਗਲੇ ਤੋਂ ਪਿੱਛੇ ਨੂੰ ਮੁੜ ਆਈਂ। ਕਿੰਨੀ ਕੁ ਦੂਰ ਐ ਅਗਲੀ ਐਗਜ਼ਿਟ (ਮੋਟਰਵੇਅ ਦਾ ਨਿਕਾਸ ਮਾਰਗ)?”
“ਇਵੇਂ ਹੀ ਕਰਾਂਗੇ। ਹੁਣ ਤਾਂ ਅੱਠ ਨੌ ਮੀਲ ਵਾਟ ਪਉਗੀ ਘੱਟੋ-ਘੱਟ।” ਲੰਮੀ ਵਾਟ ਤੈਅ ਕਰਕੇ ਆਇਆ ਹੋਣ ਕਾਰਨ ਡਰਾਇਵਰ ਪਰੇਸ਼ਾਨ ਹੋ ਗਿਆ ਸੀ।
ਮੈਂ ਵੀ ਆਪਣੇ ਖਿੰਡੇ ਹੋਏ ਵਾਲ ਸੁਆਰੇ ਕੇ ਕੱਪੜੇ ਲੋਟ ਕੀਤੇ (ਲੱਕ ਤੋਂ ਉੱਪਰ ਚੜ੍ਹੀ ਸਕੱਰਟ ਨੂੰ ਖਿੱਚ ਕੇ ਪੱਟਾਂ ’ਤੇ ਕੀਤਾ ਸੀ।) ਤੇ ਮੈਕਸ ਕੋਲ ਮੂਹਰੇ ਆ ਕੇ ਬੈਠ ਗਈ ਸੀ। ਮੈਂ ਸੋਚਣ ਲੱਗ ਪਈ ਸੀ ਕਿ ਘਰੋਂ ਭੱਜੀਆਂ ਹੋਈਆਂ ਕੁੜੀਆਂ ਦੀ ਜ਼ਿੰਦਗੀ ਵੀ ਮੋਟਰਵੇਅ ਦੇ ਟਰੈਫ਼ਿਕ ਵਾਂਗ ਹੁੰਦੀ ਹੈ। ਬੜੀ ਤੇਜ਼ ਚਲਦੀ ਹੈ ਤੇ ਇਸ ਕਾਹਲੀ ਵਿੱਚ ਹੀ ਉਹ ਜੰਕਸ਼ਨ ਨਿਕਲ ਜਾਂਦੇ ਹਨ, ਜਿਨ੍ਹਾਂ ਉੱਤੇ ਮੁੜਨਾ ਹੁੰਦਾ ਹੈ। ਫਿਰ ਖੁੰਝੇ ਹੋਏ ਜੰਕਸ਼ਨਾਂ  ਤੋਂ ਪਿੱਛੇ ਵੀ ਨਹੀਂ ਮੁੜਿਆ ਜਾਂਦਾ। ਮੇਰੇ ਨਾਲ ਵੀ ਤਾਂ ਅਜਿਹਾ ਹਾਦਸਾ ਹੀ ਵਾਪਰਿਆ ਸੀ। ਇੰਝ ਮੈਂ ਆਪਣੀ ਜ਼ਿੰਦਗੀ ਦੇ ਉਤਰਾਵਾਂ ਅਤੇ ਚੜ੍ਹਾਵਾਂ ਬਾਰੇ ਚਿੱਤਵ ਹੀ ਰਹੀ ਸੀ ਕਿ ਐਨੇ ਨੂੰ ਅਗਲਾ ਜੰਕਸ਼ਨ ਆ ਗਿਆ ਸੀ। ਮੋਟਰਵੇਅ ਤੋਂ ਉਤਰ ਕੇ ਅਸੀਂ ਸ਼ਹਿਰ ਵੱਲ ਨੂੰ ਮੁੜ ਗਏ ਸੀ।
   ਡਰਾਇਵਰ ਸਾਨੂੰ ਗਲਾਸਗੋ ਸ਼ਹਿਰ ਦੇ ਇੱਕ ਪੈਟਰੋਲ ਸਟੇਸ਼ਨ ’ਤੇ ਉਤਾਰ ਕੇ ਅੱਗੇ ਚਲਿਆ ਗਿਆ ਸੀ। ਸਾਨੂੰ ਦੋਨਾਂ ਨੂੰ ਬੜੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਅਸੀਂ ਸਟੇਸ਼ਨ ਦੀ ਦੁਕਾਨ ਵੱਲ ਸੈਂਡਵਿੱਚ ਲੈਣ ਤੁਰ ਪਏ ਸੀ। ਮੈਕਸ ਟੌਇਲਿਟ ਨੂੰ ਚਲਿਆ ਗਿਆ ਸੀ ਤੇ ਮੈਂ ਦੁਕਾਨ ਅੰਦਰ ਖਾਣ ਲਈ ਸੈਂਡਵਿੱਚ ਲੈਣ ਚਲੀ ਗਈ ਸੀ। ਮੈਂ ਉਹਦੇ ਲਈ ਮੁਰਗੇ ਵਾਲਾ ਤੇ ਆਪਣੇ ਲਈ ਸਲਾਦੀ ਸੈਂਡਵਿਚ ਲੈ ਲਿਆ ਸੀ ਅਤੇ ਨਾਲ ਹੀ ਕੁੱਝ ਚੌਕਲੇਟਾਂ ਵੀ। ਇਹ ਸਭ ਨਿੱਕ-ਸੁੱਕ ਲੈ ਕੇ ਮੈਂ ਦੁਕਾਨ ਦੇ ਬਾਹਰ ਖੜ੍ਹੀ ਮੈਕਸ ਨੂੰ ਉਡੀਕ ਰਹੀ ਸੀ। 
ਦਸ ਮਿੰਟ ਹੋ  ਗਏ ਸਨ, ਉਹ ਟੌਇਲਿਟ ਅੰਦਰ ਜਾ ਕੇ ਯਾਨੀ ਸੌਂ ਗਿਆ ਸੀ। ਮੁੜਿਆ ਹੀ ਨਹੀਂ ਸੀ। ਉਹਨੂੰ ਉਡੀਕ-ਉਡੀਕ ਮੈਂ ਆਪਣੀ ਡਬਲਰੋਟੀ ਖਾਣ ਲੱਗ ਪਈ ਸੀ। ਖਾਂਦਿਆਂ-ਖਾਂਦਿਆਂ ਮੇਰੀ ਨਿਗਾਹ ਦੁਕਾਨ ਦੇ ਸ਼ੀਸ਼ਿਆਂ ’ਤੇ ਜਾ ਪਈ ਸੀ। ਉੱਥੇ ਇਸ਼ਤਿਆਰ ਬੋਰਡ ਲੱਗਿਆ ਹੋਇਆ ਸੀ। ਮੈਂ ਉਹਦੇ ਤੋਂ ਇਸ਼ਤਿਆਰ ਪੜ੍ਹਣ ਲੱਗ ਪਈ ਸੀ। ਕੁੱਤੇ, ਬਿੱਲੀ ਤੋਂ ਲੈ ਕੇ ਫਰਿੱਜ਼ ਤੱਕ ਹਰ ਚੀਜ਼ ਵਿੱਕ ਰਹੀ ਸੀ। ਇੱਕ ਇਸ਼ਤਿਆਰ ਤੇ ਲਿਖਿਆ ਸੀ, ‘ਕੰਪਲੀਟ ਵਰਕ ਔਫ ਸ਼ੈਕਸਪੀਅਰ ਫੌਰ 50 ਪੈਂਨਸ।’ 
ਇਹ ਪੜ੍ਹ ਕੇ ਮੈਨੂੰ ਬੜਾ ਅਚੰਭਾ ਲੱਗਿਆ ਸੀ। ਸ਼ੈਕਸਪੀਅਰ ਦੀਆਂ ਸਮੁੱਚੀਆਂ ਰਚਨਾਵਾਂ ਦਾ ਸੰਗ੍ਰਹਿ ਸਿਰਫ਼ ਪੰਜਾਹ ਪੈਨੀਆਂ ਵਿੱਚ? ਜੇ ਇੰਗਲੈਂਡ ਦੇ ਐਡੇ ਵੱਡੇ ਲੇਖਕ ਦੀਆਂ ਰਚਨਾਵਾਂ ਦਾ ਇਹ ਹਾਲ ਹੈ ਤਾਂ ਛੋਟੇ ਮੋਟੇ ਲਿਖਾਰੀਆਂ ਦਾ ਕੀ ਹਸ਼ਰ ਹੁੰਦਾ ਹੋਊ? ਮੈਂ ਮਨ ਵਿੱਚ ਸੋਚਿਆ ਸੀ। ਅੰਗਰੇਜ਼ੀ ਦੀ ਜੀ ਸੀ ਐਸ ਈ ਦੇ ਕੋਰਸ ਵਿੱਚ ਸਾਨੂੰ ਸ਼ੈਕਸਪੀਅਰ ਦਾ ਨਾਟਕ ਮੈਕਬੈੱਥ ਲੱਗਿਆ ਹੋਇਆ ਸੀ। ਮੈਕਬੈੱਥ ਦੀ ਕਿਤਾਬ ਮੇਰੇ ਕੋਲੋਂ ਗੁਆਚ ਗਈ ਸੀ ਤੇ ਮੈਨੂੰ ਉਸਦਾ ਹਰਜ਼ਾਨਾ ਸਕੂਲ ਨੂੰ ਭਰਨਾ ਪਿਆ ਸੀ। ਅਧਿਆਪਕ ਨੇ ਜਦੋਂ ਮੈਥੋਂ ਜੁਰਮਾਨੇ ਦੀ ਰਕਮ ਦੇ ਦਸ ਪੌਂਡ ਮੰਗੇ ਸਨ ਤਾਂ ਮੈਨੂੰ ਇੱਕ ਛੋਟੀ ਜਿਹੀ ਕਿਤਾਬ ਦੀ ਕੀਮਤ ਦਸ ਪੌਂਡ ਬਹੁਤ ਜ਼ਿਆਦਾ ਲੱਗੀ ਸੀ। ਮੈਂ ਆਪਣੀ ਅਧਿਆਪਿਕਾ ਨੂੰ ਭੱਜ ਕੇ ਪਈ ਸੀ, “ਮਿਸ ਦਸ ਪੌਂਡ? ਹੋਰ ਨਾ ਕੁਸ਼ ਕਹਿ ਦਿਉ? ਭੋਰਾ ਕੁ ਕਿਤਾਬ ਤਾਂ ਸੀਗੀ।”
“ਹਾਂ, ਦਸ ਪੌਂਡ। ਇਹ ਨਾ ਭੁੱਲ ਉਹ ਸ਼ੈਕਸਪੀਅਰ ਦੀ ਕਿਤਾਬ ਸੀ। ਇਹ ਤਾਂ ਅਜੇ ਫਿਰ ਸਸਤੀ ਹੈ ਕਿਉਂਕਿ ਕਿਤਾਬ ਪੁਰਾਣੀ ਹੋ ਗਈ ਸੀ ਤੇ ਸਕੂਲ ਨੂੰ ਬਹੁਤੀਆਂ ਕਾਪੀਆਂ ਖਰੀਦਣ ਸਦਕਾ ਰਿਆਇਤ ਮਿਲੀ ਸੀ। ਅਸਲ ਕੀਮਤ ਤਾਂ ਤੀਹ ਪੌਂਡ ਸੀ। ਨਾਲੇ ਕਿਤਾਬ ਦਾ ਅਕਾਰ ਨ੍ਹੀਂ ਦੇਖੀਦਾ ਹੁੰਦਾ।  ਸਗੋਂ ਇਹ ਦੇਖੀਦੈ ਕਿ ਉਸ ਵਿੱਚ ਲਿਖਿਆ ਕੀ ਹੈ? ਜਿਹੜੇ ਵੱਡੇ-ਵੱਡੇ ਗੰ੍ਰਥ ਹੁੰਦੇ ਹਨ, ਉਨ੍ਹਾਂ ਵਿੱਚੋਂ ਕਈ ਤਾਂ ਪਾਣੀ ਪਾ ਕੇ ਹੀ ਵਧਾਏ ਹੋਏ ਹੁੰਦੇ ਹਨ। ਅਜਿਹੇ ਗੰ੍ਰਥਾਂ ਨੂੰ ਤਾਂ ਕੋਈ ਪੜ੍ਹਦਾ ਹੀ ਨਹੀਂ। ਇਹ ਤਾਂ ਛੋਟੇ-ਛੋਟੇ ਪੈਫਲਿੱਟ, ਲੀਫਲੈੱਟ ਹੀ ਹੁੰਦੇ ਹਨ ਜੋ ਹਰ ਇਨਸਾਨ ਦੇ ਹੱਥਾਂ ਵਿੱਚ ਜਾਂਦੇ ਹਨ ਤੇ ਜਿਨ੍ਹਾਂ ਨੂੰ ਪੜ੍ਹ ਕੇ ਇੰਨਕਲਾਬ ਆਉਂਦਾ ਹੈ। ਰਹੀ ਗੱਲ ਕੀਮਤ ਦੀ ਉਹ ਤਾਂ ਕਦਰ ਅਤੇ ਲੋੜ ’ਤੇ ਮੁਨਹਸਰ ਕਰਦਾ ਹੈ। ਜਿਸਨੂੰ ਚੀਜ਼ ਦੀ ਜ਼ਰੂਰਤ ਅਤੇ ਕਦਰ ਹੋਵੇ, ਉਹ ਉਸ ਸ਼ੈਅ ਦੀ ਹਰ ਕੀਮਤ ਉਤਾਰ ਦਿੰਦਾ ਹੈ। ਜਿਸਨੂੰ ਕਦਰ ਨਾ ਹੋਵੇ ਉਹ ਮੁਫ਼ਤ ਵੀ ਨਹੀਂ ਲੈਂਦਾ।”
ਕਿੱਡਾ ਵੱਡਾ ਯਥਾਰਥ ਕਿੰਨੀ ਸਹਿਜਤਾ ਨਾਲ ਮੇਰੀ ਅਧਿਆਪਕਾ ਨੇ ਮੇਰੇ ਮੂਹਰੇ ਰੱਖ ਦਿੱਤਾ ਸੀ। ਮੈਂ ਵੀ ਇੱਕ ਵਾਰ ਸ਼ਹਿਜ਼ਾਦੀ ਡਾਇਆਨਾ ਸੰਬੰਧੀ ਕਿਤਾਬ  ਬੀਹ ਪੌਂਡ ਦੀ ਖਰੀਦੀ ਸੀ। ਕਿਤਾਬਾਂ ਵਾਕਈ ਬਹੁਤ ਮਹਿੰਗੀਆਂ-ਮਹਿੰਗੀਆਂ ਹੁੰਦੀਆਂ ਹਨ। ਇਸ ਲਈ ਉਦੋਂ ਮੈਨੂੰ ਸ਼ੈਕਸਪੀਅਰ ਦੀਆਂ ਸਮੁੱਚੀਆਂ ਕ੍ਰਿਤਾਂ ਪੰਜਾਹਾਂ ਪੈਨੀਆਂ ਵਿੱਚ ਵਿਕਦੀਆਂ ਦੇਖ ਕੇ ਯਕੀਨ ਨਹੀਂ ਸੀ ਆਇਆ। ਆਪਣੀ ਸ਼ੱਕ ਕੱਢਣ ਲਈ ਮੈਂ ਦੁਕਾਨ ਵਾਲੇ ਨੂੰ ਪੁੱਛਿਆ ਸੀ, “ਇਹ ਕੀਮਤ ਸਹੀ ਹੈ?” 
ਉਹਨੇ ਚੁੱਕ ਕੇ ਇੱਕ ਮੋਟੀ ਸਾਰੀ ਕਿਤਾਬ ਮੇਰੇ ਮੂਹਰੇ ਧਰ ਦਿੱਤੀ ਸੀ, “ਚੁੱਕ, ਕੱਢ ਪੰਜਾਹ ਪੈਨੀਆਂ।” 
ਮੈਂ ਕਿਤਾਬ ਫਰੋਲ ਕੇ ਦੇਖੀ। ਸੱਚੀਂ ਉਸ ਵਿੱਚ ਸ਼ੈਕਸਪੀਅਰ ਦੀਆਂ ਸਾਰੀਆਂ ਰਚਨਾਵਾਂ ਸਨ। ਮੈਂ ਉਹ ਕੀ ਕਰਨੀ ਸੀ? ਮੈਨੂੰ ਤਾਂ ਰੋਟੀ ਦੀ ਚਿੰਤਾ ਸੀ। ਪੁਸਤਕ ਮੈਂ ਚੁੱਭਣੀ ਸੀ? ਇਸ ਲਈ ਦੁਕਾਨਦਾਰ ਤੋਂ ਉਹਦਾ ਵਕਤ ਬਰਬਾਦ ਕਰਨ ਲਈ ਮਾਫ਼ੀ ਮੰਗ ਕੇ ਮੈਂ  ਬਾਹਰ ਆ ਗਈ ਸੀ। ਦੁਬਾਰਾ ਇਸ਼ਤਿਆਰਾਂ ’ਤੇ ਨਿਗਾਹ ਮਾਰੀ ਸੀ। ਉੱਥੇ ਹੀ ਇੱਕ ਕਿਰਾਏ ਲਈ ਖਾਲੀ ਮਕਾਨ ਦਾ ਇਸ਼ਤਿਆਰ ਵੀ ਲੱਗਿਆ ਹੋਇਆ ਸੀ। ਉਸਨੂੰ ਪੜ੍ਹਨ ਬਾਅਦ ਮੈਂ ਮੈਕਸ ਦਾ ਰਾਹ ਦੇਖਦੀ ਪਖਾਨਿਆਂ ਵੱਲ ਚਲੀ  ਗਈ ਸੀ। 
ਮੈਕਸ ਨੇ ਹੱਦੋਂ ਵੱਧ ਦੇਰੀ ਲਾ ਦਿੱਤੀ ਸੀ। ਉਹ ਅਜੇ ਤੱਕ ਬਾਹਰ ਨਹੀਂ ਸੀ ਨਿਕਲਿਆ। ਪੁਰਸ਼ਾਂ ਦੀ ਟੌਇਲਿਟ ਵਿੱਚ ਮੈਂ ਨਾਰੀ ਹੋਣ ਕਰਕੇ ਜਾ ਵੀ ਨਹੀਂ ਸੀ ਸਕਦੀ। ਟੌਇਲਿਟ ਮੂਹਰੇ ਖੜ੍ਹੀ ਨੇ ਮੈਂ ਇੱਕ ਬੰਦੇ ਨੂੰ ਅੰਦਰ ਜਾਣ ਲੱਗੇ ਨੂੰ ਕਿਹਾ, “ਹਰੇ ਕੋਟ ਵਾਲਾ ਮੇਰਾ ਬੋਏਫਰੈਂਡ ਅੰਦਰ ਗਿਆ ਹੈ। ਉਹਨੂੰ ਬਾਹਰ ਛੇਤੀ ਭੇਜ ਦੇਵੀਂ।” ਉਹ ਬੰਦਾ ਅੰਦਰ ਜਾਣਸਾਰ ਮੁੜ ਆਇਆ ਤੇ  ਕਹਿੰਦਾ, “ਅੰਦਰ ਤਾਂ ਕੋਈ ਨਹੀਂ ਹੈ।” 
ਮੇਰਾ ਤਾਂ ਇੱਕਦਮ ਸਾਹ ਸੁੱਕ ਗਿਆ ਸੀ। ਡਾਢੀ ਘਬਰਾ ਗਈ ਸੀ ਮੈਂ। ਮੈਕਸ ਬਿਨਾਂ ਦੱਸਿਆਂ ਕਿੱਧਰ ਜਾ ਸਕਦਾ ਸੀ? ਜਦ ਨੂੰ ਕਿਤੇ ਮੈਕਸ ਵੀ ਆ ਗਿਆ। ਮਸਾਂ ਮੇਰੇ ਸਾਹ ’ਚ ਸਾਹ ਪਿਆ ਸੀ। ਮੈਂ ਤਾਂ ਡਰ ਹੀ ਗਈ ਸੀ ਕਿ ਕਿਤੇ ਉਹ ਚੱਕਮਾ ਦੇ ਕੇ ਹੀ ਨਾ ਭੱਜ ਗਿਆ ਹੋਵੇ। ਮੈਂ ਗੁੱਸੇ ਵਿੱਚ ਉਸ ਬੰਦੇ ਨੂੰ ਪੁੱਛਿਆ ਸੀ, “ਆਹ ਕਿੱਥੋਂ ਆ ਗਿਐ?”
  “ਅਗਾਹਾਂ ਹੋਣੈ, ਮੈਂ ਅੰਦਰ ਵੜ ਕੇ ਨਹੀਂ ਸੀ ਦੇਖਿਆ।” ਉਹ ਭਾਈ ਕੱਚਾ ਜਿਹਾ ਹੋ ਗਿਆ ਸੀ। 
ਮੈਂ ਉਹਨੂੰ, “ਥੈਂਕਸ ਫਾਰ ਨਥਿੰਗ।” ਆਖ ਕੇ ਤੁਰਦਾ ਕੀਤਾ ਸੀ। ਦਰਅਸਲ ਉਹ ਮੈਨੂੰ ਏਸ਼ੀਅਨ ਹੋਣ ਕਰਕੇ ਸਮਝਦਾ ਸੀ ਕਿ ਮੇਰਾ ਬੋਏ ਫਰੈਂਡ ਵੀ ਕੋਈ ਏਸ਼ੀਅਨ ਹੀ ਹੋਵੇਗਾ। 
ਮੈਂ ਮੈਕਸ ਨੂੰ ਉਹ ਘਰਵਾਲਾ ਇਸ਼ਤਿਆਰ ਦਿਖਾਇਆ ਸੀ। ਮੈਕਸ ਨੇ ਦਿਲਚਸਪੀ ਦਿਖਾਉਂਦਿਆ ਕਿਹਾ ਸੀ, “ਸੰਪਰਕ ਕਰਕੇ ਦੇਖਦੇ ਆਂ।” ਅਸੀਂ ਉਹ ਨੰਬਰ ਨੋਟ ਕਰਕੇ ਫੋਨ ਕੀਤਾ ਸੀ। ਕਿਸੇ ਬੁੱਢੀ ਜਿਹੀ ਔਰਤ ਨੇ ਚੁੱਕਿਆ ਸੀ। ਮੈਕਸ ਨੂੰ ਉਸਦੇ ਸਕੌਟਿਸ਼ ਉਚਾਰਨ ਦੀ ਸਮਝ ਨਹੀਂ ਸੀ ਆਈ। ਉਹਨੇ ਮੈਨੂੰ ਫੋਨ ਫੜਾ ਦਿੱਤਾ ਸੀ। ਮੈਂ ਉਸ ਔਰਤ ਨੂੰ ਆਪਣਾ ਮਕਸਦ ਦੱਸਿਆ ਸੀ ਕਿ ਸਾਨੂੰ ਰਹਿਣ ਵਾਸਤੇ ਜਗ੍ਹਾ ਦੀ ਤਲਾਸ਼ ਹੈ। 
“ਅੱਛਾ, ਕੈਅ ਜੀਅ ਨੇ ਤੁਹਾਡੇ ਪਰਿਵਾਰ ਵਿੱਚ?”
“ਮੈਂ ਤੇ ਮੇਰਾ ਬੋਏਫਰੈਂਡ। ਬਸ ਦੋ ਹੀ।”
“ਠੀਕ ਐ। -ਮਗਰੋਂ ਰੌਲਾ ਪੈਣ ਨਾਲੋਂ ਇੱਕ ਗੱਲ ਮੈਂ ਪਹਿਲਾਂ ਦੱਸ ਦਿਆਂ, ਮੈਂ ਹਿਸਾਬ-ਕਿਤਾਬ ਦੇ ਮਾਮਲੇ ਵਿੱਚ ਮੈਂ ਬੜੀ ਕੋਰੀ ਹਾਂ। ਸੌ ਪੌਂਡ ਪੇਸ਼ਗੀ ਲਵਾਂਗੀ। ਜੋ ਤੁਹਾਨੂੰ ਮਕਾਨ ਛੱਡਣ ਵੇਲੇ ਮੋੜ ਦਿੱਤੇ ਜਾਣਗੇ। ਜੇਕਰ ਮਕਾਨ ਦਾ ਕੋਈ ਨੁਕਸਾਨ ਨਾ ਕੀਤਾ ਤਾਂ ਮੈਂ ਉਹ ਪੇਸ਼ਗੀ ਦੀ ਰਕਮ ਜ਼ਬਤ ਕਰ ਲੈਣੀ ਹੈ। ਨੁਕਸਾਨ ਤੋਂ ਮੇਰਾ ਮਤਲਬ ਐ, ਰੰਗ ਡੋਲਿਆ, ਕਾਰਪੈੱਟ ਸਾੜੀ, ਪਲੱਸਤਰ ਉਖਾੜਿਆ ਜਾਂ ਤੁਹਾਡੇ ਨਿਆਣਿਆਂ ਨੇ ਵਾਲ ਪੇਪਰ ’ਤੇ ਲਕੀਰਾਂ ਮਾਰੀਆਂ ਹੋਈਆਂ ਵਗੈਰਾ- ਵਗੈਰਾ।”
“ਜੀ ਮੈਂ ਅਰਜ਼ ਕੀਤੈ ਨਾ ਕਿ ਸਾਡੇ ਕੋਈ ਬੱਚਾ ਨਹੀਂ ਹੈ।”
  “ਓ ਹਾਂ। ਇਹ ਤਾਂ ਬਹੁਤ ਚੰਗੀ ਗੱਲ ਐ। -ਹਰ ਮਹੀਨੇ ਅਡਵਾਂਸ ਪਹਿਲੀ ਦੀ ਪਹਿਲੀ ਕਿਰਾਇਆ ਲਿਆ ਕਰਾਂਗੀ। ਕੋਈ ਬਹਾਨੇਬਾਜ਼ੀ ਨਹੀਂ ਚੱਲੇਗੀ। ਇੱਕ ਦਿਨ ਵੀ ਲੇਟ ਕਰਿਆ ਤਾਂ ਭਾਂਡਾ-ਟੀਂਡਾ ਚੁੱਕ ਕੇ ਬਾਹਰ ਮਾਰਾਂਗੀ।”
ਉਸ ਔਰਤ ਨੇ ਮੈਨੂੰ ਐਡਰੈੱਸ ਲਿਖਾ ਦਿੱਤਾ ਤੇ ਕਿਹਾ ਸੀ, “ਜਦੋਂ ਮਰਜ਼ੀ ਆ ਜਾਣਾ।”
ਫੋਨ ਉੱਤੇ ਉਸ ਔਰਤ ਨਾਲ ਹੋਈ ਸਾਰੀ ਗੱਲ ਮੈਂ ਮੈਕਸ ਨੂੰ ਦੱਸੀ ਸੀ। ਮੈਕਸ ਕੁੱਝ ਜਰਕ ਗਿਆ ਸੀ, “ਛੱਡ ਪਰ੍ਹੇ ਕੋਈ ਹੋਰ ਥਾਂ ਦੇਖਦੇ ਆਂ। ਕਿੱਥੋਂ ਦੇਵਾਂਗੇ ਐਨੇ ਪੌਂਡ?”
“ਕੋਈ ਨ੍ਹੀਂ ਮੇਰੇ ਕੋਲ ਹੈਗੇ ਨੇ। ਮੈਂ ਦੇ ਦੇਊਂ।”
“ਠੀਕ ਆ, ਚੱਲ ਫੇਰ।”
ਅਸੀਂ ਫੌਰਨ ਟੈਕਸੀ ਕਰਕੇ ਉਸ ਦਿੱਤੇ ਹੋਏ ਪਤੇ ਤੇ ਲੈਂਡਲੇਡੀ ਕੋਲ ਚਲੇ ਗਏ ਸੀ। 
ਇੱਕ ਮੋਟੀ ਗੋਰੀ ਔਰਤ ਘਰੇ ਇਕੱਲੀ ਸੀ। ਉਹਦੇ ਦੋਨਾਂ ਹੱਥਾਂ ਦੀਆਂ ਸਾਰੀਆਂ ਉਂਗਲਾਂ ਮੁੰਦਰੀਆਂ ਨਾਲ ਭਰੀਆਂ ਹੋਈਆਂ ਸਨ। ਇੱਥੋਂ ਤੱਕ ਕੇ ਅੰਗੂਠੇ ਵੀ। ਰੰਗ-ਬਰੰਗੇ ਨਗਾਂ ਵਾਲੀਆਂ ਛਾਪਾਂ। ਉਹਦੇ ਗਲ ਵਿੱਚ ਕੌਡੀਆਂ ਵਾਲੀ ਲੰਬੀ ਅਤੇ ਦੇਖਣ ਨੂੰ ਹੀ ਭਾਰੀ ਜਾਪਦੀ ਮਾਲਾ ਸੀ। ਤੇੜ ਫਕੀਰਾਂ ਵਾਂਗ ਕਾਲੇ ਰੰਗ ਦਾ ਚੋਲਾ ਸੀ। ਮੈਂ ਫੈਸਲਾ ਨਹੀਂ ਸੀ ਕਰ ਪਾਈ ਕਿ ਉਹ ਕੀ ਸੀ? ਨਾਇਟੀ, ਫਰਾਕ ਜਾਂ ਲੌਂਗ ਡਰੈੱਸ। ਸਾਨੂੰ ਬੂਹਾ ਖੋਲ੍ਹ ਕੇ ਦੇਖਣਸਾਰ ਪਹਿਲੀ ਗੱਲ ਉਸ ਔਰਤ ਨੇ ਇਹੀ ਕਹੀ ਸੀ, “ਘਰੋਂ ਭੱਜ ਕੇ ਆਏ ਹੋ?”
ਮੈਂ ਡਰ ਗਈ ਸੀ। ਮੇਰਾ ਚਿਹਰਾ ਫੱਕ ਹੋ ਗਿਆ ਸੀ। ਮੇਰਾ ਜੀਅ ਕਰਦਾ ਸੀ ਉਦੋਂ ਹੀ ਉੱਥੋਂ ਭੱਜ ਲਵਾਂ।
“ਡਰੋਂ ਨਹੀਂ, ਅੰਦਰ ਆਉ।” ਉਹਨੇ ਮੇਰਾ ਸਹਿਮ ਤਾੜ ਕੇ ਕਿਹਾ ਸੀ।
“ਤੁਹਾਨੂੰ ਕਿਵੇਂ ਪਤਾ ਲੱਗਿਐ ਕਿ ਅਸੀਂ ਘਰੋਂ…?”
ਉਹਨੇ ਮੈਨੂੰ ਵਿਚਾਲਿਉਂ ਟੋਕ ਦਿੱਤਾ ਸੀ, “ਇਹ ਵਾਲ ਧੁੱਪੇ ਹੀ ਚਿੱਟੇ ਨਹੀਂ ਕੀਤੇ। ਉਮਰਾਂ ਦਾ ਤਜਰਬਾ ਐ। ਮੈਂ ਵੀ ਕਦੇ ਤੇਰੇ ਵਾਂਗ ਭੱਜ ਕੇ ਆਈ ਸੀ। ਮੈਂ ਆਪਣੇ ਇਲਾਕੇ ਦੀ ਸਭ ਤੋਂ ਸ਼ਰੀਫ ਕੁੜੀ ਮੰਨੀ ਜਾਂਦੀ ਹੁੰਦੀ ਸੀ। ਹੂੰ!” ਬੋਲਦੀ-ਬੋਲਦੀ ਉਹ ਅਚਾਨਕ ਰੁੱਕ ਗਈ ਸੀ। ਮੈਂ ਉਹਦੇ ਚਿਹਰੇ ’ਤੇ ਉੱਭਰਦੇ ਹਾਵਾਂ-ਭਾਵਾਂ ਨੂੰ ਤਾੜ ਰਹੀ ਸੀ ਕਿ ਸਾਹਮਣੇ ਜਿੱਥੇ ਉਹ ਬੈਠੀ ਸੀ, ਉਹਦੇ ਮਗਰ ਟਾਂਡ ਉੱਤੇ ਇੱਕ ਸੱਪ ਰੀਂਗਦਾ ਹੋਇਆ ਜਾ ਰਿਹਾ ਸੀ। ਜਿਉਂ ਹੀ ਮੇਰੀ ਨਿਗਾਹ ਸੱਪ ਉੱਤੇ ਪਈ, ਮੇਰੇ ਮੂੰਹੋਂ ਆਪ ਮੂਹਾਰੇ ਚੀਕ ਨਿਕਲ ਗਈ ਸੀ, “ਆਹ…ਹ।”
“ਕੀ ਹੋਇਐ?” ਮੈਕਸ ਅਤੇ ਲੈਂਡਲੇਡੀ ਨੇ ਇੱਕਠਿਆਂ ਮੈਨੂੰ ਸੁਆਲ ਕੀਤਾ ਸੀ। 
“ਔਹ।” ਮੈਂ ਸੱਪ ਵੱਲ ਉਂਗਲ ਕਰਕੇ ਇਸ਼ਾਰਾ ਕੀਤਾ ਸੀ। ਸੱਪ ਨੂੰ ਦੇਖਦਿਆਂ ਹੀ ਡਰ ਕੇ ਮੈਕਸ ਵੀ ਸੋਫੇ ’ਤੇ ਚੜ੍ਹ ਕੇ ਖੜ੍ਹਾ ਹੋ ਗਿਆ ਸੀ। ਮੈਕਸ ਦੀ ਇਹ ਹਰਕਤ ਦੇਖ ਕੇ ਲੈਂਡ ਲੇਡੀ ਉੱਚੀ-ਉੱਚੀ ਹੱਸਣ ਲੱਗ ਗਈ ਸੀ। ਪਰ ਉਹ ਖੜ੍ਹੀ ਨਹੀਂ ਸੀ ਹੋਈ। ਸਗੋਂ ਆਪਣੇ ਸਥਾਨ ’ਤੇ ਉਵੇਂ ਹੀ ਅਹਿਲ ਬੈਠੀ ਰਹੀ ਸੀ। 
“ਤੁਹਾਡੇ ਮਗਰ ਸੱਪ ਐ।”
“ਜਾਣਦੀ ਆਂ।”
“ਫੱਫਾ…ਫੱਫ।” ਡਰਦੇ ਮਾਰੇ ਮੈਕਸ ਤੋਂ ਗੱਲ ਹੀ ਨਹੀਂ ਸੀ ਹੋ ਰਹੀ।
“ਆਸ਼ਕਾ ਬੜਾ ਡਰਪੋਕ ਨਿਕਲਿਐਂ ਤੂੰ ਤਾਂ ਕੁੜੀਏ ਕਿਸ ਜਾਨਵਰ ਨਾਲ ਉੱਠ ਕੇ ਤੁਰ ਪਈ ਐਂ? ਤੇਰੀ ਹਿਫਾਜ਼ਤ ਇਹ ਕੀ ਕਰੂ? ਇਹਦੇ ਤੋਂ ਤਾਂ ਆਪਣਾ ਆਪ ਨਹੀਂ ਸਾਂਭ ਹੁੰਦਾ। ਡੋਲੋਰਸ ਇਬਾਰੂਹੀ ਦਾ ਕਥਨ ਐ, ਬੁਜ਼ਦਿਲ ਦੀ ਸੁਹਾਗਣ ਬਣਨ ਨਾਲੋਂ ਬਹਾਦਰ ਦੀ ਵਿਧਵਾ ਬਣਨਾ ਕਈ ਗੁਣਾਂ ਚੰਗੈ।”
ਸੱਚੀਂ ਮੈਕਸ ਮਹਾਂ ਡਰਪੋਕ ਸੀ। ਬਹਾਦਰ ਤਾਂ ਇਕਬਾਲ ਹੁੰਦਾ ਸੀ। ਐਨ ਉਸੇ ਮੌਕੇ ਮੈਨੂੰ ਇਕਬਾਲ ਚੇਤੇ ਆ ਗਿਆ ਸੀ। ਇੱਕ ਵਾਰ ਕੀ ਹੋਇਆ ਕਿ ਸਾਡੇ ਸਕੂਲ ਵਿੱਚ ਤਿੰਨ ਹਬਸ਼ੀ ਲੁਟੇਰੇ ਆ ਗਏ ਸਨ। ਉਦੋਂ ਸਾਡੇ ਸਕੂਲ ਵਿੱਚ ਸਿਰਫ਼ ਸਕਿਉਰਟੀ ਗਾਰਡ ਹੀ ਹੁੰਦਾ ਸੀ। ਅਜੇ ਕੈਮਰੇ ਨਹੀਂ ਸਨ ਲੱਗੇ। ਇੰਡੀਅਨ ਅਤੇ ਸਾਡੀਆਂ ਪਾਕਿਸਤਾਨੀ ਕੁੜੀਆਂ ਸੋਨੇ ਦੀਆਂ ਸੰਗਲੀਆਂ-ਮੁੰਦਰੀਆਂ ਮਨਾਹੀ ਹੋਣ ਦੇ ਬਾਵਜੂਦ ਵੀ ਪਹਿਨ ਕੇ ਸਕੂਲ ਆ ਜਾਂਦੀਆਂ ਹੁੰਦੀਆਂ ਸਨ। ਕਾਲੇ ਉਹ ਸੋਨਾ ਖੋਹਣ ਆਏ ਸਨ। ਸਰਾਫਾਂ ਬਜ਼ਾਰ ਦੇ ਸੁਨਿਆਰੇ ਹੀ ਲੁੱਟੇਰਿਆਂ ਨੂੰ ਅਜਿਹਾ ਕੁੱਝ ਕਰਨ ਲਈ ਉਕਸਾਉਂਦੇ ਰਹਿੰਦੇ ਹੁੰਦੇ ਸਨ ਤਾਂ ਕਿ ਉਹ ਲੁੱਟ ਦਾ ਮਾਲ ਉਹਨਾਂ ਨੂੰ ਕੌਡੀਆਂ ਦੇ ਭਾਅ ਵੇਚ ਦੇਣ ਤੇ ਫਿਰ ਸੁਨਿਆਰੇ ਉਸੇ ਨੂੰ ਪਾਲਿਸ਼ ਕਰਕੇ ਨਵੇਂ ਦੇ ਭਾਅ ਗਾਹਕਾਂ ਨੂੰ ਮੁੜ ਵੇਚ ਦਿੰਦੇ ਹੁੰਦੇ ਸੀ। ਕਾਲਿਆਂ ਨੇ ਇੱਕ ਵਾਢਿਉਂ ਸਭ ਕੁੜੀਆਂ ਦੇ ਗਹਿਣੇ ਲਹਾ ਲਏ ਸਨ। ਉਨ੍ਹਾਂ ਕੋਲ ਚਾਕੂ ਸੀ ਜਿਸ ਤੋਂ ਡਰਦਾ ਸਕਿਉਰਟੀਗਾਰਡ ਵੀ ਉਨ੍ਹਾਂ ਦੇ ਨੇੜੇ ਨਹੀਂ ਸੀ ਲੱਗਿਆ। ਇਕਬਾਲ ਬੜਾ ਦਲੇਰ ਨਿਕਲਿਆ ਸੀ। ਉਹ ਇੱਕ ਕਾਲੇ ’ਤੇ ਝਪਟ ਪਿਆ ਸੀ। ਕਾਲੇ ਨੂੰ ਉਸਨੇ ਭੁੰਜੇ ਸਿੱਟ ਲਿਆ ਸੀ। ਇਕਬਾਲ ਦੀ ਰੀਸ ਨਾਲ ਸਾਰੇ ਨਿਆਣੇ ਬਾਕੀ ਕਾਲਿਆਂ ਨੂੰ ਚਿੰਬੜ ਗਏ ਸਨ। ਜਦ ਨੂੰ ਪੁਲੀਸ ਆ ਗਈ ਸੀ ਤੇ ਸਾਰੇ ਕਾਲੇ ਪੁਲੀਸ ਨੇ ਫੜ ਲਏ ਸਨ।  ਸਭ ਨੇ ਇਕਬਾਲ ਨੂੰ ਉਸਦੀ ਦਲੇਰੀ ਅਤੇ ਬਹਾਦਰੀ ਤੋਂ ਖੁਸ਼ ਹੋ ਕੇ ਸ਼ਾਬਾਸ਼ ਦਿੱਤੀ ਸੀ, ਕਿਉਂਕਿ ਉਸ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਸੀ ਕੀਤੀ। ਜੇ ਉਹ ਪਹਿਲ ਨਾ ਕਰਦਾ ਤਾਂ ਕਾਲਿਆਂ ਨੇ ਕਿੱਥੇ ਗਿਰਫਤਾਰ ਹੋਣਾ ਸੀ। ਮੈਂ ਜਦੋਂ ਇਕਬਾਲ ਨਾਲ ਇਸ ਵਿਸ਼ੇ ’ਤੇ ਗੱਲ ਕੀਤੀ ਸੀ ਤਾਂ ਉਹ ਹੱਸ ਕੇ ਕਹਿਣ ਲੱਗਿਆ ਸੀ, “ਜਾਨ ਤਾਂ ਉਨ੍ਹਾਂ ਕਾਲਿਆਂ ਨੂੰ ਵੀ ਆਪਣੀ ਪਿਆਰੀ ਸੀ। ਮੌਤ ਤਾਂ ਇੱਕ ਦਿਨ ਸਭ ’ਤੇ ਆ ਕੇ ਰਹਿਣੀ ਹੈ। ਫਿਰ ਐਵੇਂ ਫਜ਼ੂਲ ਵਿੱਚ ਕਿਉਂ ਡਰੀ ਜਾਣਾ। ਮੌਤ ਦੌੜ ਕੇ ਉਨ੍ਹਾਂ ਕੋਲ ਆਉਂਦੀ ਹੈ ਜੋ ਮੌਤ ਤੋਂ ਭੱਜਦੇ ਹਨ ਅਤੇ ਜੋ ਮੌਤ ਵੱਲ ਭੱਜਣ, ਮੌਤ ਉਨ੍ਹਾਂ ਤੋਂ ਦੂਰ ਨੱਠਦੀ ਹੈ।”
ਮੈਂ ਲੈਂਡਲੇਡੀ ਨੂੰ ਮੁਖਾਤਿਬ ਹੋਈ ਸੀ,  “ਤੁਹਾਨੂੰ ਕੋਈ ਫਿਕਰ ਨਹੀਂ ਹੈ? ਉਠੋ, ਜੇ ਸੱਪ ਤੁਹਾਨੂੰ ਡੰਗ ਲਵੇ?”
“ਇਹ ਕੁੱਝ ਨਹੀਂ ਕਹਿੰਦਾ। ਮੇਰਾ ਪਾਲਤੂ ਹੈ।”
“ਪਾਲਤੂ?” ਮੈਂ ਹੈਰਾਨੀ ਨਾਲ ਪੁੱਛਿਆ ਸੀ। 
“ਸੱਪ ਵੀ ਪਾਲਤੂ ਹੁੰਦੇ ਨੇ? ਬਈ ਪਹਿਲੀ ਵਾਰੀ  ਸੁਣਿਐ।” ਮੈਕਸ ਨੇ ਕੁੱਝ ਸੰਭਲਦਿਆਂ ਕਿਹਾ ਸੀ।
“ਹਾਂ ਕਿਉਂ ਨਹੀਂ ਹੁੰਦੇ? ਜੇ ਸ਼ੇਰ ਹੋ ਸਕਦੇ ਹਨ ਤੇ ਬਾਕੀ ਹੋਰ ਜੰਗਲੀ ਜਾਨਵਰਾਂ ਨੂੰ ਲੋਕੀ ਪਾਲ ਸਕਦੇ ਹਨ ਤਾਂ ਸੱਪਾਂ ਨੂੰ ਕਿਉਂ ਨਹੀਂ? ਪੂਰਬੀ ਦੇਸ਼ਾਂ ਵਿੱਚ ਤਾਂ ਹਜ਼ਾਰਾਂ ਸਾਲ ਤੋਂ ਕੁੱਜਿਆਂ ਵਿੱਚ ਸੱਪ ਪਾਲ ਕੇ ਸਪੇਰੇ ਆਪਣੇ ਘਰਾਂ ਵਿੱਚ ਰੱਖਦੇ ਆਏ ਨੇ। ਡਰੋ ਨਹੀਂ। ਤੁਸੀਂ ਇਤਮਿਨਾਨ ਨਾਲ ਆਪਣੇ ਥਾਂ ’ਤੇ ਬੈਠੋ।”
ਲੈਂਡਲੇਡੀ ਨੇ ਫੜ ਕੇ ਸੱਪ ਨੂੰ  ਆਪਣੀ ਬੁੱਕਲ ਵਿੱਚ ਬੈਠਾ ਲਿਆ ਸੀ ਤੇ ਉਹਦੀ ਕੂਲੀ-ਕੂਲੀ ਅਤੇ ਤਿਲਕਵੀਂ ਚਮੜੀ ’ਤੇ ਹੱਥ ਫਿਰ ਕੇ ਉਸਨੂੰ ਇੰਝ ਪਿਆਰ ਨਾਲ ਪਲੋਸਣ ਲੱਗ ਗਈ ਸੀ, ਜਿਵੇਂ ਕੋਈ ਮਾਂ ਆਪਣੇ ਪੁੱਤ ਦਾ ਸਿਰ ਪਲੋਸਦੀ ਹੈ।
“ਅੱਛਾ ਤਾਂ ਇਹ ਜ਼ਹਿਰੀਲਾ  ਨਹੀਂ ਹੋਣੈ? ਕੀ ਤੁਹਾਨੂੰ ਰਤਾ ਵੀ ਡਰ ਨਹੀਂ ਲੱਗਦਾ?”
  “ਕੀ ਤੈਨੂੰ ਆਪਣੇ ਇਸ ਬੋਏਫਰੈਂਡ ਤੋਂ ਡਰ ਲੱਗਦੈ?”
“ਨਹੀਂ ਇਸ ਤੋਂ ਮੈਨੂੰ ਡਰ ਕਿਉਂ ਲੱਗੇ? ਇਹ ਬੰਦਾ ਹੈ ਕੋਈ ਜਹਿਰੀਲਾ ਜਾਨਵਰ ਥੋੜ੍ਹੈ?”
“ਕੁੜੀਏ ਮਰਦ ਨਾਲੋਂ ਜਹਿਰੀਲਾ ਹੋਰ ਕੋਈ ਜਾਨਵਰ ਨਹੀਂ ਹੁੰਦਾ।”
“ਫਿਰ ਵੀ ਜਾਨ-ਲੇਵਾ ਜਨੌਰ ਤੋਂ ਭੈਅ ਤਾਂ ਆਉਂਦਾ ਈ ਐ?”
“ਨਹੀਂ ਬਿਲਕੁਲ ਨਹੀਂ। ਟੀਕਾ ਲਵਾ ਕੇ ਮੈਂ ਇਹਦੇ ਦੰਦ ਖੱਟੇ ਕਰਵਾਉਂਦੀ ਰਹਿੰਦੀ ਹਾਂ। ਸੱਪਾਂ ਨਾਲ ਖੇਡਣ ਦਾ ਸ਼ੌਕ ਹੋਵੇ ਤਾਂ ਉਨ੍ਹਾਂ ਦੀ ਜ਼ਹਿਰ ਕੱਢਣੀ ਵੀ ਆਉਣੀ ਚਾਹੀਦੀ ਹੈ।”
ਮੈਂ ਉਹਦੇ ਤੇ ਆਪਣੇ ਗਿਆਨ ਦਾ ਰੋਹਬ ਪਾਉਣਾ ਚਾਹਿਆ ਸੀ, “ਹਾਂ ਮੈਂ ਟੈਲੀਵਿਜ਼ਨ ’ਚ ਦੇਖਿਆ ਸੀ। ਸੱਪ ਤੋਂ ਕੱਪੜੇ ਉੱਤੇ ਡੰਗ ਮਰਵਾਇਆ ਜਾਂਦੈ। ਉਹਦੀ ਕੱਪੜੇ ਵਿੱਚ ਜੀਭ ਫਸ ਜਾਂਦੀ ਹੈ ਤੇ ਇੰਝ ਉਹਦੇ ਵਿੱਚੋਂ ਸਾਰਾ ਜ਼ਹਿਰ ਨਿਚੋੜ ਦਿੰਦੇ ਹਨ। ਸਦਾ ਲਈ ਉਹ ਹਾਰਮਲੈੱਸ ਹੋ ਜਾਂਦੈ। ਠੀਕ?” 
“ਗਲਤ ਸਦਾ ਲਈ ਨਹੀਂ, ਥੋੜ੍ਹੇ ਅਰਸੇ ਲਈ। ਕੁੱਝ ਦੇਰ ਬਾਅਦ ਆਪਣੇ ਆਪ ਫਿਰ ਜ਼ਹਿਰ ਬਣਨ ਲੱਗ ਜਾਂਦੈ ਤੇ ਸੱਪ ਫਿਰ ਖ਼ਤਰਨਾਕ ਹੋ ਜਾਂਦੈ। ਕਿਹੜੇ ਸੱਪ ਵਿੱਚ ਜ਼ਹਿਰ ਬਣਨ ਨੂੰ ਕਿੰਨਾ ਵਕਤ ਲੱਗਦਾ ਹੈ ਇਹ ਸੱਪ ਦੀ ਕਿਸਮ ’ਤੇ ਨਿਰਭਰ ਕਰਦਾ ਹੈ।” 
ਉਹਨੇ ਉੱਠ ਕੇ ਮੇਜ਼ ਹੇਠੋਂ ਦੁੱਧ ਨਾਲ ਭਰੀ ਹੋਈ ਪਲੇਟ ਕੱਢੀ ਸੀ। ਸੱਪ ਨੂੰ ਮੇਜ਼ ’ਤੇ ਖੁੱਲ੍ਹਾ ਛੱਡ ਦਿੱਤਾ ਸੀ। ਸੱਪ ਦੁੱਧ ਪੀਣ ਲੱਗ ਗਿਆ ਸੀ। ਜਦੋਂ ਉਹ ਦੁੱਧ ਪੀਣੋਂ ਹੱਟਿਆ ਤਾਂ ਫਿਰ ਉਹਨੇ ਸੱਪ ਨੂੰ ਸ਼ੀਸ਼ੇ ਦੇ ਬਕਸੇ ਵਿੱਚ ਪਾ ਦਿੱਤਾ ਸੀ, “ਮੈਂ ਆਪਣੀਆਂ ਹੀ ਗੱਲਾਂ ਛੇੜ ਕੇ ਬੈਠ ਗਈ ਸੀ, ਤੁਹਾਡੀ ਤਾਂ ਸੁਣੀ ਹੀ ਨਹੀਂ। ਹਾਂ ਦੱਸੋ ਕੀ ਕੰਮ ਸੀ?” 
“ਜੀ ਅਸੀਂ ਇਸ਼ਤਿਆਰ ਦੇਖਿਆ ਸੀ।” ਮੈਕਸ ਨੇ ਉਸ ਨੂੰ ਯਾਦ ਕਰਵਾਇਆ ਸੀ।
“ਓ ਅੱਛਾ-ਅੱਛਾ।” ਉਸ ਨੇ ਉੱਠ ਕੇ ਚਾਬੀ ਚੁੱਕੀ ਤੇ ਸਾਨੂੰ ਲੈ ਕੇ ਤੁਰ ਪਈ ਸੀ। ਜਿੱਥੇ ਉਹ ਰਹਿੰਦੀ ਸੀ ਉੱਥੇ ਸਾਹਮਣੇ ਹੀ ਉਹਦਾ ਇੱਕ ਹੋਰ ਘਰ ਸੀ। ਜੋ ਉਸਨੇ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕਿਰਾਏ ’ਤੇ ਦੇਣ ਲਈ ਹੀ ਰਖਿਆ ਸੀ। ਵੱਡੇ ਸਾਰੇ ਮਕਾਨ ਵਿੱਚ ਕਈ ਕਮਰੇ ਸਨ। ਜਿਹੜਾ ਕਮਰਾ ਉਹਨੇ ਸਾਨੂੰ ਦਿਖਾਇਆ, ਉਹ ਸੀ ਤਾਂ ਛੋਟਾ। ਪਰ ਸਾਡੇ ਲਈ ਕਾਫ਼ੀ ਸੀ। ਅਸੀਂ ਕਿਹੜਾ ਉੱਥੇ ਘੋੜੇ ਬੰਨ੍ਹਣੇ ਸਨ? ਕਿਰਾਇਆ ਵੀ ਸੂਤ ਹੀ ਸੀ। ਰਸੋਈ ਅਤੇ ਬਾਥਰੂਮ ਸਾਨੂੰ ਦੂਜੇ ਕਿਰਾਏਦਾਰਾਂ ਨਾਲ ਰਲ ਕੇ ਵਰਤਣੇ ਪੈਣੇ ਸਨ।  ਬਾਕੀ ਸਾਰੇ  ਕਮਰੇ ਕਿਰਾਏ ’ਤੇ ਚੜ੍ਹੇ ਹੋਏ ਸਨ।  ਸਾਰਾ ਘਰ ਦਿਖਾਉਣ ਬਾਅਦ ਉਹਨੇ ਸਾਨੂੰ ਪੁੱਛਿਆ, “ਕਿਵੇਂ ਲੱਗਿਐ?”
“ਸਾਨੂੰ ਪਸੰਦ ਹੈ।” ਮੈਂ ਅਤੇ ਮੈਕਸ ਨੇ ਇਕੱਠਿਆਂ ਜੁਆਬ ਦਿੱਤਾ ਸੀ। ਮੈਂ ਆਪਣੀ ਜੇਬ ਵਿੱਚੋਂ ਨੋਟ ਕੱਢਣ ਲੱਗ ਪਈ ਸੀ। 
“ਨਹੀਂ, ਨਹੀਂ। ਰਹਿਣ ਦਿਉ। ਇਨ੍ਹਾਂ ਦੀ ਤੁਹਾਨੂੰ ਅਜੇ ਜ਼ਰੂਰਤ ਪਵੇਗੀ। ਛੱਡੋ ਤੁਹਾਡੇ ਤੋਂ ਅਡਵਾਂਸ ਨਹੀਂ ਲੈਂਦੀ। ਕਿਰਾਇਆ ਵੀ ਮਹੀਨਾ ਪੂਰਾ ਹੋਏ ਤਾਂ ਦੇ ਦਿਆ ਕਰਨਾ। ਕੰਮ ਧੰਦਾ ਲੱਭ ਕੇ ਸੈਟਲ ਹੋ ਜਾਉ। ਕਿਰਾਇਆ ਕਿਤੇ ਭੱਜਿਆ ਨਹੀਂ ਚੱਲਿਆ  ਆ ਜਾਏਗਾ। ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸੰਗਿਉ ਨਾ।” 
ਕਮਰੇ ਦੀ ਚਾਬੀ ਸਾਡੇ ਹਵਾਲੇ ਕਰਕੇ ਉਹ ਚਲੀ ਗਈ ਸੀ। ਇਸ ਤਰ੍ਹਾਂ ਸਿਰ ਛੁਪਾਉਣ ਲਈ ਇੱਕ ਕਮਰਾ ਸਾਨੂੰ ਦੋਨਾਂ ਨੂੰ ਮਿਲ ਗਿਆ ਸੀ। ਖਰਚੇ ਲਈ ਕੁੱਝ ਕੈਸ਼ ਮੈਕਸ ਕੋਲ ਸੀ, ਕਾਫ਼ੀ ਸਾਰੀ ਨਕਦੀ ਮੈਂ ਘਰੋਂ ਲੈ ਕੇ ਭੱਜੀ ਸੀ। ਬਾਕੀ ਕੁੱਝ ਅਸੀਂ ਮੰਗ-ਤੰਗ ਲਏ ਸਨ। ਡੋਬਰ ਤੋਂ ਤੁਰਨ ਵੇਲੇ ਸਹੇਲੀਆਂ ਤੋਂ ਇਜ਼ਬਲ ਨੇ ਇਕੱਠੇ ਕਰ ਕੇ ਦਿੱਤੇ ਸਨ। ਪਾਕਿਸਤਾਨ ਲਿਜਾਣ ਵਾਸਤੇ ਮਿਲਿਆ ਹੋਇਆ ਸਾਰਾ ਰੋਕੜਾਂ ਮੈਂ ਲੈ ਆਈ ਸੀ। ਤੇ ਕੁੱਝ ਟਰੈਵਲਰ ਚੈੱਕ ਜੋ ਮੇਰੇ ਨਾਂ ’ਤੇ ਅੱਬਾ ਨੇ ਬਣਾ ਕੇ ਦਿੱਤੇ ਸਨ। ਉਹ ਮੈਂ ਪੈਰਿਸ ਤੋਂ ਕੈਸ਼ ਕਰਵਾ ਲਏ ਸਨ। ਸਾਰੇ ਪੌਂਡ ਇੱਕ ਥਾਂ ਇਕੱਠੇ ਕਰਕੇ ਮੈਂ ਸਿਰਹਾਣੇ ਦੇ ਗਿਲਾਫ ਵਿੱਚ ਲਕੋ ਕੇ ਰੱਖਣ ਲੱਗੀ ਸੀ ਤਾਂ ਮੈਕਸ ਨੇ ਇੱਕ ਨੋਟਾਂ ਨਾਲ ਭਰਿਆ ਹੋਇਆ ਲਿਫਾਫਾ ਮੇਰੇ ਵੱਲ ਵਧਾਇਆ ਸੀ, “ਲੈ ਇਹ ਵੀ ਰੱਖ ਲੈ।”
ਮੈਂ ਲਿਫਾਫਾ ਮੈਕਸ ਤੋਂ ਫੜ ਲਿਆ ਸੀ। ਉਸ ਉੱਤੇ ਮਾਰਕਰ ਨਾਲ 5000 ਲਿਖਿਆ ਹੋਇਆ ਸੀ। ਮੈਂ ਮੋਟਾ ਸਾਰਾ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਉਹ ਨੋਟਾਂ ਨਾਲ ਭਰਿਆ ਪਿਆ ਸੀ। ਮੈਂ ਕੱਢ ਕੇ ਗਿਣੇ। ਉਸ ਵਿੱਚ ਪੂਰੇ ਪੰਜ ਹਜ਼ਾਰ ਪੌਂਡ ਸਨ। ਮੈਂ ਮੈਕਸ ਤੋਂ ਪੜਤਾਲ ਕਰੀ ਸੀ, “ਉਹ ਨਾਵਾਂ ਕਿੱਥੋਂ ਆਇਆ ਹੈ?” 
ਮੈਕਸ ਨੇ ਮੈਨੂੰ ਝਿਜਕਦਿਆਂ ਦੱਸਿਆ ਸੀ, “ਜਿਹੜਾ ਟਰੱਕ ਡਰਾਇਵਰ ਆਪਾਂ ਨੂੰ ਛੱਡ ਕੇ ਗਿਆ ਸੀ।  ਮੈਂ ਉਹਦੀ ਹੀ ਜੇਬ ਸਾਫ਼ ਕਰ ਦਿੱਤੀ ਸੀ। ਇੱਕ ਜਗ੍ਹਾ ਕੈਫ਼ੇ ’ਤੇ ਰੁੱਕ ਕੇ ਜਦੋਂ ਅਸੀਂ ਦੋਨੋਂ ਪਖਾਨੇ ਗਏ ਸੀ, ਉਦੋਂ ਉਹਦੀ ਜੈਕਟ ਦੀ ਜੇਬ ਵਿੱਚੋਂ ਸਿਗਰਟਾਂ ਦੀ ਡੱਬੀ ਚੋਰੀ ਕਰਨ ਲੱਗੇ ਦੇ ਮੇਰੇ ਹੱਥ ਇਹ ਲਿਫਾਫਾ ਲੱਗ ਗਿਆ ਸੀ। ਮੈਂ ਕਿਹਾ ਚਲੋ ਆਪਣੇ ਕੰਮ ਆਊ।” 
“ਨਹੀਂ ਮੈਕਸ ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਉਹ ਵੀ ਬਿਚਾਰਾ ਗਰੀਬ ਹੋਣੈ। ਦੇਖ ਆਪਾਂ ਨੂੰ ਉਹ ਮੁਫ਼ਤੀ ਕਿੱਡੀ ਦੂਰੋਂ ਇੱਥੇ ਤੱਕ ਲੈ ਕੇ ਆਇਆ ਸੀ। ਐਡੇ ਅਹਿਸਾਨਫ਼ਰਾਮੋਸ਼ ਨਹੀਂ ਬਣੀਦੈ।” ਮੈਂ ਮੈਕਸ ਦੀ ਕਾਫ਼ੀ ਝਾੜ ਪਾਈ ਸੀ।  ਡਰਾਇਵਰ ਦਾ ਸਿਰਨਾਵਾਂ ਨਾ ਹੋਣ ਕਰਕੇ ਉਸ ਧਨ ਨੂੰ ਰੱਖਣ ਤੋਂ ਸਿਵਾਏ ਅਸੀਂ ਕੁੱਝ ਹੋਰ ਨਹੀਂ ਸੀ ਕਰ ਸਕਦੇ। ਇੰਝ ਧਨ ਦੀ ਦੇਵੀ ਲਕਸ਼ਮੀ ਸਾਡੇ ’ਤੇ ਪੂਰੀ ਮਿਹਰਬਾਨ ਸੀ।

***

ਵਾਰੋ-ਵਾਰੀ ਮੈਂ ਤੇ ਮੈਕਸ ਨਹਾਤੇ ਤੇ ਤਿਆਰ ਹੋ ਕੇ ਸਰਕਾਰੀ ਭੱਤਿਆਂ ਲਈ ਅਰਜ਼ੀਆਂ ਦੇਣ ਚਲੇ ਗਏ ਸੀ। 
ਇਸ ਪ੍ਰਕਾਰ ਮੈਂ ਆਪਣੀ ਜ਼ਿੰਦਗੀ ਦੀ ਨਵੇਂ ਸਿਰਿਉਂ ਇਬਤਦਾ ਕਰ ਲਈ ਸੀ।
ਕੁੱਝ ਜ਼ਰੂਰੀ ਵਰਤੋਂ ਦੀਆਂ ਵਸਤਾਂ ਖਰੀਦਣ ਮਗਰੋਂ ਸਾਰਾ ਦਿਨ ਗਲੀਆਂ-ਬਜ਼ਾਰਾਂ ਵਿੱਚ ਮਟਰਗਸ਼ਤੀ ਕਰਨ ਬਾਅਦ ਆਥਣ ਨੂੰ ਘਰ ਆ ਗਏ ਸੀ। 
  ਸਭ ਤੋਂ ਵੱਡੀ ਸਮੱਸਿਆ ਕਿਤੇ ਰਹਿਣ ਦੀ ਸੀ। ਟਿਕਾਣਾ ਮਿਲ ਜਾਣ ਕਾਰਨ ਉਹ ਬੋਝ ਵੀ ਲਹਿ ਗਿਆ ਸੀ। ਖਰਚੇ ਲਈ ਧਨ ਵੀ ਅਜੇ ਸਾਡੇ ਕੋਲ ਸੀ। ਮੈਕਸ ਦੇ ਅਤੇ ਮੇਰੇ ਇਕੱਠੇ ਕਰਕੇ ਅਸੀਂ ਸਾਰੇ ਨੋਟ ਫਰਸ਼ ’ਤੇ ਢੇਰੀ ਕਰ ਲਏ ਸਨ। ਤਕਰੀਬਨ ਅੱਠ-ਦਸ ਹਜ਼ਾਰ ਪੌਂਡ ਹੋਵੇਗਾ। ਐਨੀ ਸਾਰੀ ਰਕਮ ਮੈਂ ਅਤੇ ਮੈਕਸ ਦੋਨਾਂ ਨੇ ਇਕੱਠੀ ਪਹਿਲੀ ਵਾਰ ਦੇਖੀ ਸੀ। ਮੈਕਸ ਨੇ ਨੋਟਾਂ ਦੀਆਂ ਛੋਟੀਆਂ-ਛੋਟੀਆਂ ਥਈਆਂ ਬਣਾ ਕੇ ਚਾਦਰ ਉੱਤੇ ਚਿਣ ਦਿੱਤੀਆਂ ਸਨ, “ਦੇਖੀਂ ਹੁਣ ਮੈਂ ਤੈਨੂੰ ਆਪਣੀ ਰਾਣੀ ਬਣਾ ਕੇ ਰੱਖੂੰ।” 
ਪੂਰੇ ਕੁਈਨ ਸਾਈਜ਼ ਪਲੰਘ ’ਤੇ ਨੋਟ ਹੀ ਨੋਟ ਵਿਛੇ ਹੋਏ ਸਨ। ਮੈਕਸ ਨੇ ਮੈਨੂੰ ਉਨ੍ਹਾਂ ਦੇ ਉੱਪਰ ਲੇਟ ਜਾਣ ਦਾ ਇਸ਼ਾਰਾ ਕੀਤਾ ਸੀ। ਮੈਂ  ਥੋੜ੍ਹਾ ਜਿਹਾ ਝਿਜਕੀ ਸੀ। ਮੈਕਸ ਨੇ ਬਾਹਾਂ ਉੱਤੇ ਚੁੱਕ ਕੇ ਮੈਨੂੰ ਮੰਜੇ ਦੇ ਉੱਤੇ ਬਿਠਾ ਦਿੱਤਾ ਸੀ। ਮੈਨੂੰ ਬੜਾ ਚੰਗਾ ਲੱਗ ਰਿਹਾ ਸੀ। ਮੈਂ ਸ਼ਰੀਰ ਢਿੱਲਾ ਛੱਡ ਕੇ ਲੇਟ ਗਈ ਸੀ। ਮੇਰੇ ਹੇਠ ਨੋਟਾਂ ਦੀ ਚਾਦਰ ਵਿੱਛੀ ਹੋਈ ਸੀ। ਇੰਝ ਆਪਣੀ ਤੀਵੀਂ ਦਾ ਸਨਮਾਨ ਤਾਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੇ ਵੀ ਨਹੀਂ ਕਰਿਆ ਹੋਣਾ। ਤੇ ਨਾ ਹੀ ਮਾਈਕ ਟਾਈਸਨ ਵਰਗੇ ਮੁੱਕੇਬਾਜ਼ਾਂ ਨੇ ਜੋ ਲੱਖਾਂ ਕਰੋੜਾਂ ਪੌਂਡ ਕਮਾਉਂਦੇ ਹਨ। ਅਮੀਰ ਤੋਂ ਅਮੀਰ ਵੀ ਆਪਣੀਆਂ ਇਸਤਰੀਆਂ ’ਤੇ ਇੰਝ ਇਸ ਕਦਰ ਦੌਲਤ ਨਹੀਂ ਵਾਰਦੇ। ਮੈਨੂੰ ਬੜਾ ਚੰਗਾ ਲੱਗ ਰਿਹਾ ਸੀ। ਲੱਗਦਾ ਹੀ ਨਹੀਂ ਸੀ ਕਿ ਉਹ ਸਭ ਕੁੱਝ ਹਕੀਕਤਨ ਵਾਪਰ ਰਿਹਾ ਸੀ, ਯਾਨੀ ਮੈਂ ਕਿਸੇ ਸੁਪਨਦੇਸ਼ ਵਿੱਚ ਵਿਚਰ ਰਹੀ ਸੀ।
ਮੈਕਸ ਮੇਰੀ ਪੈਂਦ ਖੜ੍ਹਾ ਸੀ, “ਤੂੰ ਵੀ ਆ ਨਾ ? ਮੈਂ ਬਾਹਾਂ ਉਲਾਰ ਕੇ ਆਪਣੀ ਆਵਾਜ਼ ਵਿੱਚ ਕਾਮ ਤਰਸੇਵਾਂ ਭਰਦਿਆਂ ਕਿਹਾ ਸੀ।” 
ਆਹੀਸਤਾ-ਆਹੀਸਤਾ ਮੈਕਸ ਆਪਣੇ ਕੱਪੜੇ ਲਾਹੁਣ ਲੱਗ ਗਿਆ ਸੀ ਤੇ ਮੈਂ ਕਾਹਲੀ-ਕਾਹਲੀ ਆਪਣੇ। ਮੈਕਸ ਦੇ ਬਿਸਤਰੇ ’ਤੇ ਆਉਂਦਿਆਂ ਹੀ ਅਸੀਂ ਭੋਗ ਵਿੱਚ ਇੰਝ ਲੀਨ ਹੋ ਗਏ ਸੀ, ਜਿਵੇਂ ਇਕਾਗਰਚਿੱਤ ਹੋ ਕੇ ਸਾਧੂ ਸਮਾਧੀ ਵਿੱਚ ਗੁੰਮ ਹੋ ਜਾਂਦੇ ਹਨ।  ਸਾਡਾ ਵੱਜਦਾ ਹੋਇਆ ਦੇਹੀ ਨਾਦ ਜਿਉਂ-ਜਿਉਂ ਉੱਚਾ ਹੁੰਦਾ ਜਾ ਰਿਹਾ ਸੀ, ਤਿਉਂ-ਤਿਉਂ ਸਾਡੇ ਹੇਠ ਵਿਛੀ ਨੋਟਾਂ ਦੀ ਚਾਦਰ ਇਕੱਠੀ ਹੁੰਦੀ ਜਾ ਰਹੀ ਸੀ।

No comments:

Post a Comment