ਕਾਂਡ 12 : ਟੂਰ ਡੀ ਫ਼ਰਾਂਸ

ਇੱਕ ਦਿਨ ਮੈਕਸ ਮੈਨੂੰ ਸੁੱਤੀ ਪਈ ਨੂੰ ਛੱਡ ਕੇ ਬਿਨਾਂ ਕੁੱਝ ਪੁੱਛੇ ਦੱਸੇ ਕਿੱਧਰੇ ਚਲਾ ਗਿਆ ਸੀ। ਉਸਦੀ ਗੈਰਹਾਜ਼ਰੀ ਦੇ ਮਸਲੇ ਨੂੰ ਲੈ ਕੇ ਮੈਂ ਜਾਗਣ ਬਾਅਦ ਕਾਫ਼ੀ ਚਿਰ ਤੱਕ ਪਰੇਸ਼ਾਨ ਰਹੀ ਸੀ। ਫਿਰ ਮੈਂ ਆਪਣਾ ਧਿਆਨ ਹੋਰ ਪਾਸੇ ਉਲਝਾਉਣ ਲਈ ਖ਼ਿਆਲਾਂ ਦੀ ਦੁਨੀਆਂ ਵਿੱਚ ਗੁੰਮ ਹੋ ਗਈ ਸੀ। ਮੈਂ ਫ਼ਰਾਂਸ ਅਤੇ ਉੱਥੋਂ ਦੇ ਇਤਿਹਾਸ ਬਾਰੇ ਸੋਚਣ ਲੱਗ ਪਈ। ਉਸ ਦੇਸ਼ ਨੇ ਵੀ ਮੇਰੀ ਜ਼ਿੰਦਗੀ ਵਾਂਗ ਅਨੇਕਾਂ ਉਤਰਾ-ਚੜ੍ਹਾ ਦੇਖੇ ਸਨ। ਕਈ ਵਾਰ ਉਹ ਡਿੱਗਿਆ ਹੈ ਤੇ ਕਈ ਵਾਰ ਉੱਠਿਆ ਸੀ। 
1500 ਈਸਵੀ ਪੂਰਬ ਵਿੱਚ ਫ਼ਰਾਂਸ ਦੇ ਮੂਲਵਾਸੀਆਂ ਵਿੱਚ ਕੈਲਟਸ (ਸਕਾਟਲੈਂਡ, ਆਇਰਲੈਂਡ ਅਤੇ ਵੇਲਜ਼ ਦੇ ਲੋਕ) ਦਾ ਮਿਸ਼ਰਨ ਹੋਣਾ ਸ਼ੁਰੂ ਹੋ ਗਿਆ ਤੇ 50 ਸਾਲਾਂ ਵਿੱਚ ਉਨ੍ਹਾਂ ਨੇ ਫ਼ਰਾਂਸ ਵਿੱਚ ਆਪਣੀ ਅੱਛੀ ਖਾਸੀ ਧਾਕ ਜਮਾ ਲਈ ਸੀ। ਫਿਰ ਰੋਮਨ ਸੈਨਾ ਨੇ ਜੂਲੀਅਸ ਸੀਜ਼ਰ ਦੀ ਕਮਾਨ ਹੇਠ ਉਨ੍ਹਾਂ ਉੱਤੇ ਹੱਲਾ ਬੋਲ ਦਿੱਤਾ ਸੀ। ਪੰਜਵੀਂ ਸ਼ਤਾਬਦੀ ਵਿੱਚ ਜਰਮਨ ਸ਼ਾਸਕਾਂ ਵੱਲੋਂ ਰੋਮਨਾਂ ਦਾ ਰਾਜ ਖਤਮ ਕਰ ਦਿੱਤਾ ਗਿਆ। ਉਸ ਸਮੇਂ ਫ਼ਰਾਂਸ ਨੂੰ ਫਰੈਂਕਿਸ਼ਰਐਲਮ ਨਾਮ ਨਾਲ ਪੁਕਾਰਿਆ ਜਾਂਦਾ ਸੀ। 486 ਏ. ਡੀ. ਵਿੱਚ ਫ਼ਰਾਂਸ ਇਸਾਈ ਮਹਾਰਾਜਾ ਕਲੋਵਿਸ ਦੇ ਕਬਜ਼ੇ ਵਿੱਚ ਆ ਗਿਆ। 800 ਈਸਾ ਪਸ਼ਚਾਤ ਚਾਰਲਸ ਨੇ ਫ਼ਰਾਂਸ ਦੀ ਰਾਜ ਗੱਦੀ ਉੱਤੇ ਬੈਠ ਕੇ ਮੁਲਖ ਨੂੰ ਹਰ ਪੱਖੋਂ ਮਜ਼ਬੂਤ ਕੀਤਾ। ਉਸਦੀ ਮੌਤ ਉਪਰੰਤ ਰਾਜ ਖੇਰੂੰ-ਖੇਰੂੰ ਹੋ ਗਿਆ। 843 ਈਸਵੀ ਵਿੱਚ ਚਾਰਲਸ ਔਫ ਬੋਲਡ ਨੇ ਫ਼ਰਾਂਸ ਦੀ ਵਾਗ-ਡੋਰ ਸੰਭਾਲੀ, ਪਰ ਫ਼ਰਾਂਸ ਕਈ ਟੁੱਕੜਿਆਂ ਵਿੱਚ ਵੰਡਿਆ ਗਿਆ ਤੇ ਇਸਦੇ ਕੁੱਝ ਭਾਗ ਅੱਡੋਪਾਟੀ ਹੋ ਗਏ ਸਨ। ਦਸਵੀਂ ਸਦੀ ਵਿੱਚ ਨੋਰਸਮੈਨ ਅਤੇ ਉਸ ਤੋਂ ਉਪਰੰਤ ਹੱਗ ਕੈਪਟ ਦਾ ਫ਼ਰਾਂਸ ਵਿੱਚ ਸ਼ਾਸਨ ਰਿਹਾ , ਲੇਕਿਨ ਉਹ ਪੂਰੇ ਮੁਲਖ ਦੀ ਬਜਾਏ ਕੁੱਝ ਹਿੱਸਿਆ ਤੱਕ ਹੀ ਮਹਿਦੂਦ ਰਿਹਾ।1066 ਵਿਲੀਅਮ, ਡਿਊਕ ਔਫ ਨੌਰਮੈਂਡੀ ਨੇ ਫ਼ਰਾਂਸ ਨੂੰ ਮੱਲ ਕੇ ਚੰਮ ਦੀਆਂ ਚਲਾਈਆਂ। ਸੱਤਵੀਂ ਅਤੇ ਅੱਠਵੀਂ ਸਦੀ ਵਿੱਚ ਲੁਇਸ ਚੌਦਵੇਂ(1643-1715) ਨੇ ਕਲਾ  ਅਤੇ ਸਾਹਿਤ ਨੂੰ ਵੜਾਵਾ ਦੇ ਕੇ ਫ਼ਰਾਂਸ ਦਾ ਨਾਮ ਦੁਨੀਆਂ ਵਿੱਚ ਚਮਕਾਇਆ। 1792 ਵਿੱਚ ਲੋਕ ਰਾਜ ਦੀ  ਨੀਂਹ ਰੱਖੀ  ਗਈ ਸੀ, ਪਰ 1799 ਵਿੱਚ ਨਪੋਲੀਅਨ ਨੇ ਫ਼ਰਾਂਸ ਦਾ ਰਾਜ ਹੱਥਿਆ ਕੇ 1804 ਵਿੱਚ ਸ਼ਹਿਨਸ਼ਾਹੀ ਰਾਜ ਸਥਾਪਤ ਕਰ ਦਿੱਤਾ। ਜੋ ਕਿ ਉਸ ਤੋਂ ਪਿਛੋਂ ਲੁਇਸ ਨਪੋਲੀਅਨ ਨੇ ਸਾਂਭਿਆ ਤੇ ਉਸਤੋਂ  ਮਗਰੋਂ ਫਿਰ ਲੋਕ  ਸਰਕਾਰ ਸੱਤਾ ਵਿੱਚ ਆ ਗਈ। ਇੰਝ ਜਿਵੇਂ-ਜਿਵੇਂ ਫ਼ਰਾਂਸ ਦੇ ਹੁਕਮਰਾਨ ਬਦਲਦੇ ਗਏ ਤਿਵੇਂ-ਤਿਵੇਂ ਉਹ ਫ਼ਰਾਂਸ ਨੂੰ ਵੀ ਪ੍ਰਭਾਵਿਤ ਅਤੇ ਤਬਦੀਲ ਕਰਦੇ ਗਏ।  
ਜਿੰਨਾ ਚਿਰ ਅਸੀਂ ਫ਼ਰਾਂਸ ਵਿੱਚ ਰਹੇ, ਇੱਕ ਵੀ ਦਿਨ ਟਿਕ ਕੇ ਨਹੀਂ ਸੀ ਬੈਠੇ। ਰੋਜ਼ ਕੋਈ ਨਾ ਕੋਈ ਪਿੰਡ ਜਾਂ ਸ਼ਹਿਰ ਦੇਖਦੇ ਰਹਿੰਦੇ। ਇਸ ਤਰ੍ਹਾਂ ਅਸੀਂ ਕੁੱਝ ਦਿਨਾਂ ਵਿੱਚ ਹੀ ਫ਼ਰਾਂਸ ਦਾ ਬਹੁਤ ਸਾਰਾ ਹਿੱਸਾ ਗਾਹ ਮਾਰਿਆ ਸੀ। 
ਫ਼ਰਾਂਸ ਵਿੱਚ ਛੁੱਟੀਆਂ ਕੱਟਦਿਆਂ ਪੈਰਿਸ ਜਾਣ ਦੀ ਯੋਜਨਾ ਅਸੀਂ ਕਈ ਵਾਰ ਬਣਾਈ ਸੀ ਤੇ ਕਈ ਵਾਰ ਸਾਨੂੰ ਰੱਦ ਕਰਨੀ
ਪਈ ਸੀ। ਕਦੇ ਮੌਸਮ ਖਰਾਬ ਹੁੰਦਾ, ਕਦੇ ਸਾਡੇ ਕਿਸੇ ਅਧਿਆਪਕ ਦੀ ਸਿਹਤ ਨਾ ਠੀਕ ਹੁੰਦੀ ਅਤੇ ਕਦੇ ਸਾਡੀ ਟੂਰਿਸਟ ਬੱਸ ਵਿਗੜ ਗਈ ਹੁੰਦੀ। ਇੰਝ ਕਿਸੇ ਨਾ ਕਿਸੇ ਵਜ੍ਹਾ ਕਾਰਨ ਸਾਡਾ ਰਾਜਧਾਨੀ ਨੂੰ ਦੇਖਣ ਦਾ ਪ੍ਰੋਗਰਾਮ  ਮੁਲਤਵੀ ਹੋ ਜਾਂਦਾ ਸੀ।  ਬੰਦਾ ਫ਼ਰਾਂਸ ਆਵੇ ਤੇ ਪੈਰਿਸ ਨਾ ਦੇਖੇ ਤਾਂ ਯਾਤਰਾ ਸਫਲ ਨਹੀਂ ਮੰਨੀ ਜਾਂਦੀ। ਸਾਡੀਆਂ ਛੁੱਟੀਆਂ ਦੇ ਦੋ ਦਿਨ ਰਹਿੰਦੇ ਸਨ। ਸਾਡੇ ਅਧਿਆਪਕਾਂ ਨੇ ਮਨਸੂਬਾ ਇਹ ਬਣਾਇਆ ਸੀ ਕਿ ਪੈਰਿਸ ਵਿੱਚ ਦੋ ਦਿਨ ਬਿਤਾ ਕੇ ਅਸੀਂ ਉੱਥੋਂ ਹੀ ਵਾਪਸ ਜਾਣ ਲਈ ਕੈਲੇ ਨੂੰ ਚਾਲੇ ਪਾ ਦੇਵਾਂਗੇ।
ਨਿਯਤ ਦਿਹਾੜੇ ਸਾਡੀ ਸਵਾਰੀ ਲਈ  ਬੱਸ ਸ਼ੀਸ਼ੇ ਵਰਗੀਆਂ ਸੜਕਾਂ ’ਤੇ ਪੈਰਿਸ ਵੱਲ ਭੱਜੀ ਜਾ ਰਹੀ ਸੀ। ਨੌਰਮੈਂਡੀ ਤੋਂ ਚੱਲ ਕੇ ਕੁੱਝ ਘੰਟਿਆਂ ਬਾਅਦ ਹੀ ਅਸੀਂ ਪੈਰਿਸ ਪਹੁੰਚ ਗਏ ਸੀ। 
ਕਸ਼ਮੀਰ ਨੂੰ ਦੇਖ ਕੇ ਇੱਕ ਵਾਰ ਮੁਗਲ ਬਾਦਸ਼ਾਹ ਸ਼ਾਹਜਹਾਨ (ਅਬੂਅਲ ਮੁਜੱਫਰ ਸ਼ਹਾਬੁਦੀਨ ਸ਼ਾਹਜਹਾਨ) ਨੇ ਕਿਹਾ ਸੀ, “ਗਰ ਫਿਰਦੌਸੇ ਬਰੋ ਜਮੀਂ ਅਸਤ, ਅਮੀਂ ਅਸਤੋ ਅਮੀਂ ਅਸਤੋ।” ਯਾਨੀ ਕਿ ਜੇ ਕਿੱਧਰੇ ਧਰਤੀ ਉੱਤੇ ਸਵਰਗ ਹੈ ਤਾਂ ਉਹ ਇੱਥੇ ਹੀ ਹੈ, ਇੱਥੇ ਹੀ ਹੈ। ਕਸ਼ਮੀਰ ਤਾਂ ਮੈਂ ਤੱਕਿਆ ਨਹੀਂ। ਮਗਰ ਹਾਂ, ਮੈਂ ਇਹ ਦਾਵੇ ਨਾਲ ਕਹਿ ਸਕਦੀ ਹਾਂ ਕਿ ਜੇਕਰ ਸ਼ਾਹਜਹਾਨ ਫ਼ਰਾਂਸ ਦੇਖ ਲੈਂਦਾ ਤਾਂ ਉਹ ਫ਼ਰਾਂਸ ਬਾਰੇ ਵੀ ਉਹੀ ਕੁੱਝ ਆਖਦਾ ਜੋ ਉਸਨੇ ਕਸ਼ਮੀਰ ਦੇ ਸੰਦਰਭ ਵਿੱਚ ਕਿਹਾ ਸੀ। ਜਿਹੜਾ ਵੀ ਸ਼ਖ਼ਸ ਇੱਕ ਵਾਰ ਫ਼ਰਾਂਸ ਦੀ ਸੈਰ ਕਰ ਲੈਂਦਾ। ਉਹੀ ਆਖਦਾ, ਫ਼ਰਾਂਸ ਤਾਂ ਨਿਰਾ ਬਹਿਸ਼ਤ ਹੈ, ਬਹਿਸ਼ਤ। -ਖ਼ੂਬਸੂਰਤੀ ਦਾ ਦੂਜਾ ਨਾਮ। -ਕੁਦਰਤ ਦਾ ਸ਼ਾਹਕਾਰ। ਭਾਵੇਂ ਕਿ ਫ਼ਰਾਂਸ ਦੇ ਚੱਪੇ-ਚੱਪੇ ਚੋਂ ਸੁੰਦਰਤਾ ਝਲਕਦੀ ਹੈ। ਜ਼ੱਰੇ-ਜ਼ੱਰੇ ਚੋਂ ਸ਼ਬਾਬ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਪਰ ਫਿਰ ਵੀ ਫ਼ਰਾਂਸ ਦੀ ਰਾਜਧਾਨੀ ਪੈਰਿਸ ਦੀ ਹੋਰ ਹੀ ਗੱਲ ਹੈ। ਪੈਰਿਸ ਨੂੰ ਉਸਦੇ ਹੁਸਨ-ਓ-ਜਮਾਲ ਸਦਕਾ ਫ਼ਰਾਂਸ ਦਾ ਦਿਲ ਹੋਣ ਦਾ ਰੁਤਬਾ ਦਿੱਤਾ ਜਾਂਦਾ ਹੈ। ਮਤਲਬ ਕਿ ਮਹੱਤਵਪੂਰਨ ਅੰਗ ਪੁਕਾਰਿਆ ਜਾਂਦਾ ਹੈ। ਪੈਰਿਸ ਸ਼ਹਿਰ ਦੇ ਸੁਹੱਪਣ ਦਾ ਵਰਣਨ ਕਰਦਿਆਂ ਕਿਸੇ ਸ਼ਾਇਰ ਨੇ ਕਿਹਾ ਸੀ, “ਪੈਰਿਸ ਉਸ ਸੁੱਖੀ ਮੁਟਿਆਰ ਵਰਗਾ ਸ਼ਹਿਰ ਹੈ, ਜਿਸਦੇ ਸਿਲਕੀ ਵਾਲਾਂ ਵਿੱਚ ਗੁਲਾਬ ਗੁੰਦਿਆ ਹੋਵੇ।”
ਦੋ ਢਾਈ ਹਜ਼ਾਰ ਸਾਲ ਪੁਰਾਣਾ ਇਤਿਹਾਸ ਹੈ ਪੈਰਿਸ ਦਾ। ਈਸਾ ਤੋਂ ਪੰਜਾਹ ਪਚਵੰਜਾ ਵਰ੍ਹੇ ਪੂਰਬ ਤੱਕ ਸੇਨ ਦਰਿਆ ਦੇ ਕੰਢੇ ਇੱਕ ਟਾਪੂ ਉੱਤੇ ਮਛੇਰਿਆਂ ਦਾ ਇੱਕ ਕਬੀਲਾ ਵਸਦਾ ਹੁੰਦਾ ਸੀ। ਉਸ ਕਬੀਲੇ ਦਾ ਨਾਮ ਪੈਰਿਸ ਸੀ। ਜਿਸ ਤੋਂ ਉਸ ਧਰਤੀ ਦਾ ਨਾਮ ਪੈਰਿਸ ਪੈ ਗਿਆ। ਛੇਵੀਂ ਸਦੀ ਵਿੱਚ ਫ਼ਰਾਂਸ ਦੇ ਰਾਜਾ ਕਲੋਵਿਸ ਨੇ ਇਸਨੂੰ ਆਪਣੇ ਰਾਜ ਦੀ ਰਾਜਧਾਨੀ ਬਣਾ ਲਿਆ ਸੀ।
ਪੈਰਿਸ ਨੂੰ ਫੈਸ਼ਨ ਦੀ ਨਰਸਰੀ ਵੀ ਕਿਹਾ ਜਾਂਦਾ ਹੈ। ਸੰਸਾਰ ਦੇ ਮਸ਼ਹੂਰ ਡਰੈੱਸ ਡਿਜ਼ਾਇਨਰ ਆਪਣੇ ਬਣਾਏ ਹੋਏ ਹਰ ਨਵੇਂ ਤੋਂ ਨਵੇਂ ਫੈਸ਼ਨ ਦੇ ਵਸਤਰ ਮਾਡਲਾਂ ਨੂੰ ਪੁਵਾ ਕੇ ਸਭ ਤੋਂ ਪਹਿਲਾਂ ਪੈਰਿਸ ਦੇ ਫੈਸ਼ਨ ਸ਼ੋਆਂ ਵਿੱਚ ਹੀ ਪ੍ਰਦਰਸ਼ਿਤ ਕਰਦੇ ਹਨ। ਇਕਬਾਲ ਹੁੰਦਾ ਤਾਂ ਸ਼ਾਇਦ ਅਸੀਂ ਵੀ ਕੋਈ ਆਧੁਨਿਕ ਲਿਬਾਸ ਪਾ ਕੇ ਸਟੇਜ ’ਤੇ ਬਾਹਾਂ ਵਿੱਚ ਬਾਹਾਂ ਪਾਈ ਕੈਟਵਾਕ (ਬਿੱਲੀਚਾਲ ਸਿਰਫ਼ ਮੈਂ ਹੀ ਚੱਲਦੀ, ਉਹ ਸਧਾਰਨ ਮਰਦਾਨਾ ਮੜਕਣੀ ਤੋਰ ਤੁਰਦਾ) ਕਰਦੇ। 
ਫ਼ਰਾਂਸ ਵਿੱਚ ਗਹਿਣੇ, ਸੈਂਟਾਂ ਅਤੇ ਕੱਪੜਿਆਂ ਦੀਆਂ ਵੰਨਗੀਆਂ ਦਾ ਕੋਈ ਅੰਤ ਨਹੀਂ ਸੀ। ਲੇਕਿਨ ਮੈਂ ਕਿਸੇ ਚੀਜ਼ ਅੱਖ ਪੱਟ ਕੇ ਨਾ ਤੱਕਿਆ।  
ਸਾਰੀ ਦੁਨੀਆਂ ਵਿੱਚ ਪੈਰਿਸ ਦੇ ਕਲਾਕਾਰਾਂ ਦੀ ਨਕਲ ਕੀਤੀ ਜਾਂਦੀ ਹੈ। ਫ਼ਰਾਂਸ ਦੇ ਦੋ-ਤਿਹਾਈ ਕਲਾਕਾਰ ਅਤੇ ਲੇਖਕ ਪੈਰਿਸ ਵਿੱਚ ਹੀ ਰਹਿੰਦੇ ਹਨ। ਮੌਟਮਾਰਟਰੇ ਤਾਂ ਹੈ ਹੀ ਨਿਰੀ ਕਲਾਕਾਰਾਂ ਦੀ ਬਸਤੀ। ਮੇਰੀ ਤਾਂ ਉੱਥੇ ਜਾਣ ਨੂੰ ਵੀ ਵੱਢੀ ਰੂਹ ਨਾ ਕੀਤੀ।
ਕਿੰਨੀ ਰੀਝ ਸੀ ਮੇਰੇ ਅੰਦਰ ਲੋਰੇ ਅਜਾਇਬਘਰ ਵਿੱਚ ਪਈ ਲਿਉਨਾਰਡੋ-ਡਾ-ਵਿੰਸੀ ਦੀ ਬਣਾਈ ਵਿਸ਼ਵ ਪ੍ਰਸਿੱਧ ਮੋਨਾ ਲੀਜ਼ਾ ਵਾਲੀ ਤਸਵੀਰ ਨੂੰ ਦੇਖਣ ਦੀ। ਪਰ ਜਦੋਂ ਮੈਂ ਉਸ ਚਿੱਤਰ ਦੇ ਸਨਮੁੱਖ ਖੜ੍ਹੀ ਤਾਂ ਉਹ ਮੈਨੂੰ ਬਿਲਕੁਲ ਅਕਰਸ਼ਿਤ ਨਾ ਕਰ ਸਕਿਆ। ਫਟਾਫਟ ਮੈਂ ਉੱਥੋਂ ਅੱਗੇ ਵਧਣ ਦੀ ਕੀਤੀ। 
ਲੂਵਰ ਅਜਾਇਬ ਘਰ ਅਤੇ ਮਿਉਜ਼ੀ-ਡੇ-ਉਹਸੇ ਵਿੱਚ ਲੱਗੇ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਮਨ ਨੂੰ ਟੁੰਬ ਨਹੀਂ ਸੀ ਸਕੀ। 
ਕਾਮੇਡੀ ਫਰਾਂਸਿਸ ਪੈਰਿਸ ਥੀਏਟਰ ਵਿੱਚ ਚੱਲ ਰਹੇ ਫ਼ਰਾਂਸੀਸੀ ਨਾਟਕ ਮੈਨੂੰ ਕਿਰਕਰੇ, ਬੇਮਜ਼ਾ ਅਤੇ ਬੋਰਿੰਗ ਜਾਪੇ ਸਨ। 
ਦਿ ਓਪੇਰਾ ਡੀ ਲਾ ਬੈਸਿਲੇ, ਜਿਸ ਵਿੱਚ ਕਦੇ ਓਪੇਰੇ ਖੇਡੇ ਜਾਂਦੇ ਸਨ। ਜਦੋਂ ਅਸੀਂ ਗਏ ਤਾਂ ਉਦੋਂ ਉੱਥੇ ਡਾਂਸ ਪ੍ਰਤਿਯੋਗਤਾ ਹੋ ਰਹੀ ਸੀ। ਮੈਨੂੰ ਉਸਦਾ ਵੀ ਕੋਈ ਮਜ਼ਾ ਨਹੀਂ ਸੀ ਆਇਆ।
ਸੁਣਿਆ ਸੀ ਪੈਰਿਸ ਦੀਆਂ ਅਜ਼ੀਮ ਅਤੇ ਮਹੱਤਵਪੂਰਨ ਇਮਾਰਤਾਂ ਉੱਤੇ ਰਾਤ ਸਮੇਂ ਫਲੈੱਸ਼ ਲਾਈਟਾਂ ਦੀ ਤੇਜ਼ ਰੌਸ਼ਨੀ ਪਾਈ ਜਾਂਦੀ ਹੈ, ਜਿਸ ਨਾਲ ਜਗਮਗਾਉਂਦਾ ਹੋਇਆ ਸ਼ਹਿਰ ਰਾਤ ਨੂੰ ਦਿਨ ਨਾਲੋਂ ਵੀ ਜ਼ਿਆਦਾ ਮਨਮੋਹਕ ਨਜ਼ਰ ਆਉਂਦਾ ਹੈ। ਲੇਕਿਨ ਮੈਨੂੰ ਤਾਂ ਰਾਤੀ ਜਿੱਤ ਦੇ ਚਿੰਨ੍ਹ ਆਰਕ ਔਫ ਟਰੰਫ ਕੋਲ ਖੜ੍ਹੀ ਨੂੰ ਸਿਵਾਏ ਕਾਲਖ ਅਤੇ ਹਨੇਰੇ ਦੇ ਹੋਰ ਕੁੱਝ ਵੀ ਨਜ਼ਰ ਨਹੀਂ ਸੀ ਆਇਆ। 
1889 ਵਿੱਚ ਲੋਹੇ ਅਤੇ ਸਟੀਲ ਦੇ ਸੰਗਮ ਤੋਂ ਬਣਿਆ ਤਿੰਨ ਸੌ ਮੀਟਰ ਉੱਚਾ ਆਈਫਲ ਟਾਵਰ ਕਲਾ ਦਾ ਅਤਿਉਤਮ ਨਮੂਨਾ ਮੰਨਿਆ ਜਾਂਦਾ ਹੈ। ਗੁਸਟੇਵ ਆਈਫਲ ਨਾਮੀ ਇੰਜੀਨੀਅਰ ਦੁਆਰਾ ਡਿਜਾਈਨ ਕੀਤੇ ਇਸ ਆਈਫਲ ਟਾਵਰ ਨੂੰ ਦੇਖਣ ਸਾਲ ਵਿੱਚ ਤੀਹ ਲੱਖ ਤੋਂ ਵੱਧ ਲੋਕ ਆਉਂਦੇ ਹਨ। ਮੈਨੂੰ ਉਹ ਟਾਵਰ ਵੀ ਮਹਿਜ਼ ਲੋਹੇ ਦੇ ਖੰਭੇ ਤੋਂ ਵੱਧ ਕੁੱਝ ਨਹੀਂ ਸੀ ਜਾਪਿਆ।
  ਨਾ ਹੀ ਸੇਨ ਦਰਿਆ ਵਿੱਚ ਤੈਰਦੀਆਂ ਕਿਸ਼ਤੀ ਵਿੱਚ ਬੈਠਣ ਦਾ ਕੋਈ ਲੁਤਫ ਆਇਆ ਸੀ।
ਪੈਰਿਸ ਦੀ ਤਵਾਰੀਖ ਤੋਂ ਜਾਣੂ ਕਰਵਾਉਂਦੇ ਕਾਰਨਵੈਲੇ ਮਿਊਜ਼ੀਅਮ ਵਿੱਚ ਵੀ ਮੈਂ ਕੋਈ ਦਿਲਚਸਪੀ ਨਹੀਂ ਸੀ ਦਿਖਾਈ। ਇਸੇ ਤਰ੍ਹਾਂ ਯੂਨੀਵਰਸਿਟੀ ਔਫ ਪੈਰਿਸ, ਸਕੂਲ ਔਫ ਫਾਈਨ ਆਰਟਸ, ਸਪੇਨ ਦੇ ਪਾਬਲੋ ਪਿਕਾਸੋ ਦੀ ਕਲਾ ਕ੍ਰਿਤਾਂ ਵਾਲਾ ਪਿਕਾਸੋ ਮਿਊਜ਼ੀਅਮ, ਪਾਮਪੀਡੋ ਨੈਸ਼ਨਲ ਸੈਂਟਰ ਔਫ ਆਰਟ ਐਂਡ ਕਲਚਰ, ਨੈਸ਼ਨਲ ਮਿਊਜ਼ੀਅਮ ਔਫ ਮਾਡਰਨ ਆਰਟ, ਮਿਊਜ਼ੀਅਮ ਔਫ ਡੈਕੋਰੇਟਿਵ ਆਰਟ ਆਦਿ ਕੁੱਝ ਵੀ ਮੇਰੇ ਮਨ ਨੂੰ ਭਾਇਆ ਨਹੀਂ ਸੀ। 
ਪੈਰਿਸ ਦੀ ਸੰਘਣੀ ਅਬਾਦੀ ਅਤੇ ਭੀੜ-ਭੜੱਕਿਆਂ ਦੇ ਬਾਵਜੂਦ ਵੀ ਮੈਂ ਤਨਹਾ ਮਹਿਸੂਸ ਕਰਦੀ ਸੀ। ਪੁਰਾਤਨ ਯੂਨਾਨੀ ਅਤੇ ਰੋਮਨ ਤਰਜ਼ ਉੱਤੇ ਬਣੇ ਫ਼ਰਾਂਸ ਦੇ ਸੜਕਾਂ, ਚੌਰਾਹੇ ਅਤੇ ਭਵਨਾਂ ਵਿੱਚ ਇਕੱਲੀ ਘੁੰਮਦੀ ਹੋਈ ਮੈਂ ਐਨੀ ਜ਼ਿਆਦਾ ਬੇਜ਼ਾਰ ਹੋ ਗਈ ਸੀ ਕਿ ਮੇਰਾ ਜੀਅ ਕਰਦਾ ਸੀ ਕਿਹੜਾ ਵੇਲਾ ਹੋਵੇ ਮੈਂ ਉੱਥੋਂ ਨਿਕਲਾਂ। ਇੱਕ ਵਾਰ ਤਾਂ ਮੈਂ ਇਸ ਕਦਰ ਖਿੱਝ ਗਈ ਸੀ ਕਿ ਨਿਪੋਲੀਅਨ ਦੇ ਬੁੱਤ ਦੇ ਐਨ ਸਾਹਮਣੇ ਜਿਹੜਾ ਸੰਸਾਰ ਪ੍ਰਸਿੱਧ ਆਰਮੀ ਮਿਊਜ਼ੀਅਮ ਹੈ ਨਾ? ਚਿੱਤ ਕਰਦਾ ਸੀ ਉਸ ਵਿੱਚ ਪਏ ਆਹਲਾ ਅਤੇ ਮਾਰੂ ਇਤਿਹਾਸਕ ਹਥਿਆਰਾਂ ਨਾਲ ਆਪਣੇ ਆਪਨੂੰ ਖਤਮ ਕਰਕੇ ਖੁਦ ਵੀ ਇਤਿਹਾਸ ਹੋ ਜਾਵਾਂ। ਮੇਰੇ ਅੰਦਰੋਂ ਹਰਸ਼-ਓ-ਹੁਲਾਸ, ਉਤਸ਼ਾਹ, ਖੁਸ਼ੀ ਅਤੇ ਖੇੜਾ ਆਦਿਕ ਭਾਵਨਾਵਾਂ ਮਰ ਚੁੱਕੀਆਂ ਸਨ। ਮੇਰੀਆਂ ਹਸਰਤਾਂ ਮੁੱਕ ਗਈਆਂ ਸਨ। ਮੇਰਾ ਮੂਡ ਖਰਾਬ ਅਤੇ ਸੁਭਾਅ ਚਿੜਚੜਾ ਜਿਹਾ ਹੋ ਗਿਆ ਸੀ। ਮੇਰੇ ਇੰਝ ਉਖੜੇ-ਉਖੜੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਕਬਾਲ ਦੇ ਸਾਥ ਦਾ ਨਾ ਹੋਣਾ ਸੀ। ਉੱਤੋਂ ਮੈਕਸ ਦੀ ਗੈਰ ਹਾਜ਼ਰੀ ਨੇ ਸਥਿਤੀ ਨੂੰ ਹੋਰ ਗੰਭੀਰ ਅਤੇ ਬਦਤਰ ਬਣਾ ਦਿੱਤਾ ਸੀ। ਇੱਕ ਮੈਂ ਹੀ ਸੀ ਜੋ ਠੁੱਡੇ ਖਾਂਦੀ ਕੰਧਾਂ ਕੌਲਿਆਂ ਵਿੱਚ ਵੱਜਦੀ ਤੁਰੀ ਫਿਰਦੀ ਸੀ। ਬਾਕੀ ਸਾਰੇ ਮੁੰਡੇ ਕੁੜੀਆਂ ਤਾਂ ਮੁਸੱਰਤ ਨਾਲ ਮਤਵਾਲੇ ਹੋਏ ਟਹਿਕ-ਚਹਿਕ ਰਹੇ ਸਨ। ਹੱਲਾ-ਗੁੱਲਾ ਕਰ ਰਹੇ ਸਨ। ਸਭ ਨੂੰ ਟੂਰ ਡੀ ਫ਼ਰਾਂਸ ਯਾਨੀ ਕਿ ਫ਼ਰਾਂਸ ਦੀ ਸੈਰ ਕਰਨ ਦਾ ਵਿਆਹ ਜਿੰਨਾ ਚਾਅ ਚੜ੍ਹਿਆ ਹੋਇਆ ਸੀ। ਸਭ ਕੋਲ ਆਪੋ ਆਪਣੇ ਮਹਿਬੂਬ ਅਤੇ ਸੰਗੀ ਸਾਥੀ ਸਨ ਤੇ ਮੇਰੇ ਕੋਲ ਕੋਈ ਵੀ ਨਹੀਂ ਸੀ। ਮੇਰੀਆਂ ਸਾਰੀਆਂ ਸਹੇਲੀਆਂ ਕਥੀਡਰਲਾਂ ਵਿੱਚ ਮੋਮਬੱਤੀਆਂ ਜਲਾਉਣ ਗਈਆਂ ਹੋਈਆਂ ਸਨ। ਮਰਦ ਮਿੱਤਰ ਬਿਨਾਂ ਮੈਂ ਐਸ਼ ਕਰਦੀ ਵੀ ਤਾਂ ਕੀਹਦੇ ਨਾਲ ਕਰਦੀ? ਮੇਰੇ ਨਾਲ ਤਾਂ ਉਹ ਗੱਲ ਹੋਈ ਸੀ ਜਿਸਨੂੰ ਆਪਣੇ ਕਲਾਮ ਵਿੱਚ ਗੁਲਾਮ ਫ਼ਰੀਦ ਨੇ ਬਿਆਨ ਕੀਤਾ ਹੈ:-  
ਈਦ ਆਈ ਤੇ ਮੈਂਡਾ ਯਾਰ ਨਾ ਆਇਆ,
ਰੱਬਾ ਖੈਰ  ਹੋਵੇ ਉਹਦੇ ਦਮ ਦੀ।
ਹਾਰ ਸ਼ਿੰਗਾਰ ਮੈਨੂੰ ਚੰਗਾ ਨਹੀਂਓ ਲੱਗਦਾ,
ਤੇ ਕਿਸੇ ਚੀਜ਼ ’ਤੇ ਨਜ਼ਰ ਨਾ ਜੰਮਦੀ।
ਯਾਰਾਂ ਵਾਲੀਆਂ ਯਾਰਾਂ ਦੇ ਨਾਲ ਗਈਆਂ, 
ਅਸਾਂ ਰਾਤ ਗੁਜ਼ਾਰੀ ਏ ਗਮ ਦੀ।
ਗੁਲਾਮ ਫ਼ਰੀਦਾ ਮੈਨੂੰ ਗਲ ਨਾਲ ਲਾ ਲੈ,
ਨਹੀਂ ਤਾਂ ਈਦ ਕਿਸੇ ਨਹੀਂ ਕੰਮ ਦੀ। 
ਨਿਰਾਸ਼, ਮਾਯੂਸ ਅਤੇ ਦੁੱਖੀ ਹੋਈ ਇਕਬਾਲ ਦੀ ਯਾਦ ਨੂੰ ਭੁਲਾਉਣ ਲਈ ਮੈਂ ਆਪ ਹੀ ਅਪਣੇ ਮਨ ਨੂੰ ਸਮਝਾਉਣ ਅਤੇ ਦਿਲਜ਼ੋਈਆਂ  ਦੇਣ ਲੱਗ ਪਈ ਸੀ। ਪੂਰਾ ਇੱਕ ਦਿਨ ਅਤੇ ਇੱਕ ਰਾਤ ਪੈਰਿਸ ਵਿੱਚ ਗੁਜ਼ਾਰ ਕੇ ਅਸੀਂ ਫ਼ਰਾਂਸ ਦੀ ਬੰਦਰਗਾਹ ’ਤੇ ਆ ਗਏ ਸੀ। ਇੱਥੇ ਹੀ ਜਦੋਂ ਅਸੀਂ ਇੰਗਲੀਸ਼ ਚੈਨਲ ਪਾਰ ਕਰਨ ਲਈ ਫ਼ੈਰੀ ਵਿੱਚ ਸਵਾਰ ਹੋ ਰਹੇ ਸੀ ਤਾਂ ਮੈਕਸ ਵੀ ਸਾਡੇ ਨਾਲ ਆ ਰਲਿਆ ਸੀ। ਉਸਨੂੰ ਤੱਕ ਕੇ ਮੇਰਾ ਮੂਡ ਮੁੜ ਤੋਂ ਖੁਸ਼ਗਵਾਰ ਹੋ ਗਿਆ ਸੀ। 

No comments:

Post a Comment