ਕਾਂਡ 6 : ਰੰਗ ਵਿੱਚ ਭੰਗ



ਇਜ਼ਬਲ ਨਾਂ ਦੀ ਅੰਗਰੇਜ਼ ਕੁੜੀ ਸਾਡੇ ਸਕੂਲ ਦੀ ਇੱਕ ਹੋਰ ਹੌਟ ਪਰੌਪਟੀ  ਮੰਨੀ ਜਾਂਦੀ ਸੀ। ਗਰਮਾਂ-ਗਰਮਾਂ ਪਕੌੜਿਆਂ ਵਾਂਗ ਮੁੰਡਿਆਂ ਵਿੱਚ ਉਹਦੀ ਬਹੁਤ ਮੰਗ ਸੀ। ਉਹਦੀਆਂ ਅੱਖਾਂ ਪੂਰੀਆਂ ਨੀਲੀਆਂ ਸਨ, ਸਮੁੰਦਰ ਦੇ ਪਾਣੀ ਵਰਗੀਆਂ। ਮੇਮ ਹੋਣ ਕਾਰਨ ਜ਼ਾਹਰ ਹੈ ਉਹ ਰੰਗ ਦੀ ਗੋਰੀ ਸੀ। ਪਰ ਉਸਦੀ ਨਰਮ, ਮੁਲਾਇਮ ਚਮੜੀ ਮੌਸਚਰਾਈਜ਼ਰ ਕਰੀਮ  ਅਤੇ ਹਲਕਾ ਜਿਹਾ ਮੈਅਕੱਪ  ਕਰਨ ਨਾਲ ਹੋਰ ਵੀ ਲਿਸ਼ਕ ਜਾਂਦੀ ਸੀ। ਉਸਦੇ ਬੁੱਲ੍ਹਾਂ ’ਤੇ ਹਮੇਸ਼ਾ ਮੱਧਮ ਜਿਹੀ ਸੁਰਖੀ ਲੱਗੀ ਹੁੰਦੀ ਸੀ, ਜਿਸ ਕਰਕੇ ਉਹਦੇ ਲਬ ਕਾਫ਼ੀ ਆਕਰਸ਼ਿਕ ਦਿਖਾਈ ਦਿੰਦੇ ਹੁੰਦੇ ਸਨ। ਉਸਦੇ ਮੋਢਿਆਂ ਤੱਕ ਲੰਮੇ ਕੱਟੇ ਹੋਏ ਭਾਰੇ ਵਾਲਾਂ ਦਾ ਅਸਲ ਰੰਗ ਤਾਂ ਕੱਕਾ ਸੀ। ਪਰ ਉਹ ਹਰੇਕ ਮਹੀਨੇ ਉਨ੍ਹਾਂ ਨੂੰ ਨਵੇਂ ਹੇਅਰ ਕਲਰ  ਨਾਲ ਰੰਗ ਲਿਆ ਕਰਦੀ ਸੀ। ਜਿਸ ਵਜ੍ਹਾ ਨਾਲ ਇਜ਼ਬਲ ਦੀ ਦਿੱਖ ਹਰ ਮਹੀਨੇ ਪਹਿਲਾਂ ਨਾਲੋਂ ਨਿੱਖਰ ਆਇਆ ਕਰਦੀ ਸੀ। ਉਸਦੀ ਬੋਲ-ਬਾਣੀ ਵਿੱਚ ਐਨੀ ਮਿਠਾਸ ਹੁੰਦੀ ਸੀ ਕਿ ਸੁਣ ਕੇ ਜਾਪਦਾ ਹੁੰਦਾ ਸੀ ਗੋਇਆ ਬਾਗ ਵਿੱਚ ਕੋਈ ਕੋਇਲ ਗੀਤ ਗਾ ਰਹੀ ਹੋਵੇ। ਹਰ ਵਕਤ ਉਹਨੂੰ ਗੱਲਾਂ ਕਰਦੀ ਸੁਣਨ ਨੂੰ ਜੀਅ ਕਰਦਾ ਰਹਿੰਦਾ ਹੁੰਦਾ ਸੀ। ਉਹਦੇ ਸਡੌਲ ਪੱਟਾਂ ਦੀ ਬਣਤਰ ਸੋਹਣੀ ਹੋਣ ਕਰਕੇ ਉਹ ਅਕਸਰ ਉਨ੍ਹਾਂ ਨੂੰ ਨੰਗੇ ਰੱਖਣ ਲਈ ਮਿੰਨੀ ਸਕੱਰਟ  ਹੀ ਪਹਿਨਿਆ ਕਰਦੀ ਸੀ। ਉਹਦਾ ਦਰਮਿਆਨਾ ਜਿਹਾ ਸ਼ਰੀਰ ਸੀ। ਨਾ ਬਹੁਤੀ ਪਤਲੀ ਤੇ ਨਾ ਭਾਰੀ। ਨਾ ਹੀ ਲੰਮੀ ਤੇ ਨਾ ਹੀ ਮੱਧਰੀ ਸੀ। ਉਹਦਾ ਸਿਰ ਤੋਂ ਪੈਰਾਂ ਤੱਕ ਸਮੁੱਚਾ ਢਾਂਚਾ ਹੀ  ਦੇਖਣ ਨੂੰ ਬਹੁਤ ਕਾਮੁਕ ਪ੍ਰਭਾਵ ਦਿੰਦਾ ਹੁੰਦਾ ਸੀ। ਨਿਰਸੰਦੇਹ ਇਜ਼ਬਲ ਵੀ ਮੇਰੇ ਵਾਂਗ ਇੱਕ ਆਈਟਮ ਸੀ। ਮੇਰੇ ਖ਼ਿਆਲ ਅਨੁਸਾਰ ਸਾਡੇ ਸਕੂਲ ਦੀ ਸਭ ਤੋਂ ਸੁਨੱਖੀ ਕੁੜੀ ਸੀ। ਪਰ ਇਜ਼ਬਲ ਮੈਨੂੰ ਸਭ ਤੋਂ ਹੁਸੀਨ ਸਮਝਦੀ ਸੀ। ਇੱਕ ਦੋ ਵਾਰ ਤਾਂ ਉਹਨੇ ਮੈਨੂੰ ਆਪਣੇ ਮੂੰਹੋਂ ਵੀ ਕਿਹਾ ਸੀ, “ਹਾਏ ਨੀ ਸ਼ੈਜ਼ੀਆ ਰੱਬ ਨੇ ਤੈਨੂੰ ਰੱਜ ਕੇ ਰੂਪ ਦਿੱਤੈ। ਮੈਨੂੰ ਤੇਰੇ ਤੋਂ ਬੜੀ ਜਲਨ ਹੁੰਦੀ ਹੈ। ਜੇ ਤੂੰ ਨਾ ਹੁੰਦੀ ਤਾਂ ਮੈਂ ਇਸ ਸਕੂਲ ਦੀ ਸਭ ਤੋਂ ਸੋਹਣੀ ਕੁੜੀ ਹੋਣਾ ਸੀ।”

ਮੈਂ ਫੂਕ ’ਚ ਆਉਣ ਦੀ ਬਜਾਏ ਉਹਨੂੰ ਪੰਪ ਮਾਰ ਦਿੰਦੀ ਹੁੰਦੀ ਸੀ, “ਨਹੀਂ, ਅੜੀਏ ਐਵੇਂ ਤੈਨੂੰ ਭੁਲੇਖਾ ਹੀ ਐ। ਦੂਜੇ ਦੀ ਥਾਲੀ ’ਚ ਪਿਆ ਲੱਡੂ ਵੱਡਾ ਹੀ ਲੱਗਦਾ ਹੁੰਦੈ। ਤੂੰ ਕਿਹੜਾ ਘੱਟ ਐਂ? ਮੈਥੋਂ ਦੋ ਰੱਤੀਆਂ ਵੱਧ ਹੀ ਹੋਵੇਂਗੀ, ਘੱਟ ਨਹੀਂ। ਢਹਿ ਜਾਣੀਏ ਤੇਰਾ ਸ਼ਰੀਰ ਤਾਂ ਆਏਂ ਆ ਜਿਕੂੰ ਦੁੱਧ ’ਚ ਗੁਲਾਬ ਗੁਨ੍ਹਿਆ ਹੁੰਦੈ।”
“ਕਿੱਥੇ ? ਜੇ ਮੈਂ ਤੈਥੋਂ ਜ਼ਿਆਦਾ ਖ਼ੂਬਸੂਰਤ ਹੋਵਾਂ ਤਾਂ ਮੁੰਡੇ ਮੈਨੂੰ ਛੱਡ ਕੇ ਤੇਰੇ ਮਗਰ ਨਾ ਭੱਜਣ? ਤੂੰ ਤਾਂ ਮੈਨੂੰ ਰੋਲ ਕੇ ਰੱਖ ਦਿੰਦੀ ਐਂ।”
ਇਜ਼ਬਲ ਦੇ ਮੁੱਖੋਂ ਅਜਿਹਾ ਸੁਣ ਕੇ ਮੈਨੂੰ ਆਪਣੀ ਸੁੰਦਰਤਾ ਉੱਤੇ ਗੁਮਾਨ ਹੋ ਜਾਂਦਾ ਸੀ। ਵਾਕਈ  ਮੈਨੂੰ ਤੱਕ ਲੈਣ ਬਾਅਦ ਕੋਈ ਮੁੰਡਾ ਫਿਰ ਕਿਸੇ ਹੋਰ ਕੁੜੀ ਵੱਲ ਨਹੀਂ ਸੀ ਦੇਖਦਾ ਹੁੰਦਾ। ਇਜ਼ਬਲ ਮੇਰੀ ਕਾਫ਼ੀ ਵਧੀਆ ਸਹੇਲੀ ਸੀ। ਮੇਰੇ ਨਾਲੋਂ ਜ਼ਿਆਦਾ ਉਹ ਇਕਬਾਲ ਦੀ ਦੋਸਤ ਸੀ। ਤੀਜੀ-ਚੌਥੀ  ਜਮਾਤ ਵਿੱਚ ਉਸਦੀ ਇਕਬਾਲ ਨਾਲ ਅਸ਼ਨਾਈ ਵੀ ਹੁੰਦੀ ਸੀ। ਉਹ ਬਰੇਕ (ਰੀਸੈੱਸ) ਦੌਰਾਨ ਖੇਡ ਦੇ ਮੈਦਾਨ ਵਿੱਚ ਨਿਰਵਿਘਨ ਇੱਕ ਦੂਜੇ ਨੂੰ ਚੁੰਮਦੇ-ਚੱਟਦੇ ਰਹਿੰਦੇ ਹੁੰਦੇ ਸੀ। ਸ਼ਾਇਦ ਉਦੋਂ ਤੋਂ ਹੀ ਮੈਂ ਇਕਬਾਲ ਵਿੱਚ ਦਿਲਚਸਪੀ ਲੈਣ ਲੱਗੀ ਸੀ। ਮੇਰੇ ਮਨ ਵਿੱਚ ਇਹ ਭਾਵਨਾ ਆਉਂਦੀ ਹੁੰਦੀ ਸੀ ਕਿ ਜੇ ਉਹ ਇਕਬਾਲ ਨੂੰ ਚੁੰਮ ਸਕਦੀ ਹੈ ਤਾਂ ਮੈਂ ਕਿਉਂ ਨਹੀਂ? ਮੇਰੇ ਵਿੱਚ ਕਿਹੜੀ ਕਮੀ ਹੈ? ਇੰਝ ਮੈਂ ਵੀ ਇਕਬਾਲ ਨੂੰ ਪਿਆਰ ਕਰਨ ਲੱਗ ਗਈ ਸੀ। ਮੇਰਾ ਵੀ ਇਕਬਾਲ ਨਾਲ ਉਹ ਸਭ ਕਰਨ ਦਿਲ ਕਰਦਾ ਹੁੰਦਾ ਸੀ ਜੋ ਇਜ਼ਬਲ ਕਰਦੀ ਹੁੰਦੀ ਸੀ। ਦੋ ਤਿੰਨ ਵਰ੍ਹੇ ਬੜਾ ਧੂੰਆਂਧਾਰ ਇਸ਼ਕ ਚਲਣ ਬਾਅਦ ਫਿਰ ਇਜ਼ਬਲ ਅਤੇ ਇਕਬਾਲ ਦੀ ਕਿਸੇ ਗੱਲੋਂ ਅਣਬਣ ਹੋ ਗਈ ਸੀ। ਇਸ਼ਕ ਤਾਂ ਬੇਸ਼ੱਕ ਉਨ੍ਹਾਂ ਦਾ ਹੁਣ ਨਹੀਂ ਸੀ ਚੱਲਦਾ, ਪਰ ਫਿਰ ਵੀ ਇਜ਼ਬਲ ਦੀ ਇਕਬਾਲ ਨਾਲ ਅਜੇ ਵੀ ਅੱਛੀ-ਖਾਸੀ ਦੋਸਤੀ ਸੀ। ਇਜ਼ਬਲ ਦਾ ਜਨਮ ਦਿਨ ਨਜ਼ਦੀਕ ਆ ਰਿਹਾ ਸੀ। ਇਸ ਮੌਕਾ ’ਤੇ ਇਜ਼ਬਲ ਬੜੀ ਧਮਾਕੇਦਾਰ ਪਾਰਟੀ ਦੇ ਰਹੀ ਸੀ। ਉਸਨੇ ਮੈਨੂੰ ਆਪਣੀ ਪਾਰਟੀ ਵਿੱਚ ਆਮੰਤ੍ਰਿਤ ਕੀਤਾ ਹੋਇਆ ਸੀ।
ਬਿਮਾਰ ਹੋਣ ਬਾਅਦ ਇਕਬਾਲ ਕਿੱਧਰੇ ਇਜ਼ਬਲ ਨੂੰ ਟੱਕਰਿਆ ਸੀ। ਇਜ਼ਬਲ ਦੱਸਦੀ ਸੀ ਕਿ ਇਕਬਾਲ ਪਹਿਚਾਣਿਆ ਹੀ ਨਹੀਂ ਸੀ ਜਾਂਦਾ। ਸੁੱਕ ਕੇ ਤੀਲਾ ਬਣਿਆ ਹੋਇਆ। ਰੰਗੋਂ-ਬਦਰੰਗ ਹੋਇਆ ਪਿਆ ਸੀ। ਉਦੋਂ ਹੀ ਕਿਤੇ ਇਜ਼ਬਲ ਨੇ ਆਪਣੀ ਪਾਰਟੀ ਵਿੱਚ ਇਕਬਾਲ ਨੂੰ ਆਉਣ ਲਈ ਸੱਦਾ ਦੇ ਦਿੱਤਾ ਸੀ। ਜਦੋਂ ਮੈਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਇਉਂ ਪ੍ਰਤੀਤ ਹੋਇਆ ਜਿਵੇਂ ਪਰਵਰਦਿਗਾਰ ਨੇ ਮੇਰੀ ਫਰਿਆਦ ਸੁਣ ਲਈ ਹੋਵੇ। ਖਾਸਾ ਚਿਰ ਹੋ ਗਿਆ ਸੀ ਚਾਰਾਜੋਈ ਕਰਦਿਆਂ, ਮੈਨੂੰ ਇਕਬਾਲ ਦੇ ਦਰਸ਼ਨਾਂ ਦਾ ਇਹੋ ਇੱਕੋ-ਇੱਕ ਸਬੱਬ ਬਣਦਾ ਵਿਖਾਈ ਦਿੱਤਾ ਸੀ। ਮੈਨੂੰ ਯਕੀਨ ਸੀ ਕਿ ਇਕਬਾਲ ਉੱਥੇ ਪਹੁੰਚੇਗਾ ਤੇ ਮੈਂ ਉਸ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰ ਲਵਾਂਗੀ।
ਐਨ ਮੌਕੇ ’ਤੇ ਆ ਇਜ਼ਬਲ ਨੇ ਮੈਨੂੰ ਦੱਸਿਆ ਸੀ ਕਿ ਪਾਰਟੀ ਦਿਨੇ ਨਹੀਂ, ਰਾਤ ਨੂੰ ਹੈ। ਚੱਲੋ ਜੀ, ਮੇਰਾ ਜਾਣਾ ਤਾਂ ਉੱਥੇ ਹੀ ਰੱਦ ਹੋ ਗਿਆ ਸੀ। ਰਾਤ ਨੂੰ ਜਸ਼ਨ ਹੋਣ ਕਰਕੇ ਮੈਨੂੰ ਘਰਦਿਆਂ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲਣ ਦਾ ਤਾਂ ਸਿਫਰ ਪ੍ਰਤੀਸ਼ਤ ਚਾਨਸ ਵੀ ਨਹੀਂ ਸੀ। ਸਾਡੇ ਘਰ ਵਿੱਚ ਕੁੜੀਆਂ ਨੂੰ ਤਾਂ ਦੋ ਘੜੀ ਦਿਨੇ ਬਿਨਾਂ ਮਤਲਬ ਤੋਂ ਦੇਹਲੀਉਂ ਬਾਹਰ ਪੈਰ ਨਹੀਂ ਸੀ ਰੱਖਣ ਦਿੱਤਾ ਜਾਂਦਾ। ਰਾਤ ਨੂੰ ਬਾਹਰ ਕਿੱਥੇ ਨਿਕਲਣ ਦੇਣਾ ਸੀ? ਤੇ ਉਹ ਵੀ ਅੰਗਰੇਜ਼ ਕੁੜੀ ਦੀ ਸਾਲਗਿਰ੍ਹਾ ਦੀ ਪਾਰਟੀ ਤੇ? ਨੋ ਚਾਨਸ।  ਕਦਾਚਿੱਤ ਨਹੀਂ।
ਮੇਰਾ ਇਸ ਪਾਰਟੀ ਵਿੱਚ ਸ਼ਰੀਕ ਹੋਣਾ ਜ਼ਰੂਰੀ ਸੀ। ਸਾਰੀਆਂ ਸਹੇਲੀਆਂ ਮੈਨੂੰ ਤਾਂ ਪਹਿਲਾਂ ਹੀ ਪਾਰਟੀ-ਪੌਪਰ ਸਮਝਦੀਆਂ ਸਨ। ਮੈਂ ਅੱਗੇ ਵੀ ਉਨ੍ਹਾਂ ਨਾਲ ਕਦੇ ਕਿਸੇ ਪਾਰਟੀ-ਸ਼ਾਰਟੀ ਵਿੱਚ ਨਹੀਂ ਸੀ ਜਾਂਦੀ ਹੁੰਦੀ। ਇਸੇ ਕਰਕੇ ਅਕਸਰ ਮੇਰੀਆਂ ਸਹੇਲੀਆਂ ਮੈਨੂੰ ਮਿਸ ਬੋਰਿੰਗ  ਕਹਿ ਕੇ ਛੇੜਿਆ ਕਰਦੀਆਂ ਸਨ। ਇਸ ਪਾਰਟੀ ਵਿੱਚ ਨਾ ਜਾਣ ਨਾਲ ਸਭ ਨੂੰ ਮੇਰਾ ਮਜ਼ਾਕ ਉਡਾਉਣ ਦਾ ਇੱਕ ਹੋਰ ਅਵਸਰ ਮਿਲ ਜਾਣਾ ਸੀ। ਉੱਤੋਂ ਇਜ਼ਬਲ ਨੇ ਐਵੇਂ ਵਾਧੂ ਦੀ ਨਰਾਜ਼ ਹੋ ਜਾਣਾ ਸੀ। ਨਾਲੇ ਫਿਰ ਸਭ ਤੋਂ ਵੱਡੀ ਗੱਲ ਇਕਬਾਲ ਨੂੰ ਮਿਲਣ ਦੀ ਸਮੱਸਿਆ ਵੀ ਇਸੇ ਪਾਰਟੀ ਵਿੱਚ ਜਾਣ ਨਾਲ ਹੱਲ ਹੋਣੀ ਸੀ। 
ਇਨਸਾਨ ਉਦੋਂ ਹੀ ਉਂਗਲ ਟੇਢੀ ਕਰਦਾ ਹੈ ਜਦ ਸਿੱਧੀ ਉਂਗਲ ਨਾਲ ਘਿਉ ਨਾ ਨਿਕਲੇ। ਪਾਰਟੀ ਵਿੱਚ ਮੈਨੂੰ ਸ਼ਾਮਲ ਹੋਣ ਦੀ ਇਜਾਜ਼ਤ ਮਿਲਣੀ ਨਹੀਂ ਸੀ। ਜਿਸ ਕਰਕੇ ਮੈਂ  ਬਿਨਾਂ ਦੱਸੇ ਚੋਰੀ ਚਲੀ ਜਾਣ ਦਾ ਮਨ ਬਣਾ ਲਿਆ ਸੀ। ਉਸ ਵੇਲੇ ਮੇਰੀ ਪ੍ਰਾਥਮਿਕਤਾ ਸਿਰਫ਼ ਇਕਬਾਲ ਨੂੰ ਮਿਲਣ ਦੀ ਸੀ। ਪਾਰਟੀ ਵਾਲੀ ਸ਼ਾਮ ਮੈਂ ਨਹਾ-ਧੋਹ ਕੇ ਸਾਜਰੇ ਰੋਟੀ ਖਾਹ ਕੇ ਛੇਤੀ ਸੌਣ ਚਲੀ ਗਈ। ਅੰਮੀ ਨੇ ਸੌਣ ਵੇਲੇ ਦੀ ਇਬਾਦਤ ਯਾਨੀ ਕਿ ਨਮਾਜ਼-ਏ-ਖੁਫਤਨ (ਸਲਾਤੁਲਇਸ਼ਾ) ਵੀ ਅਦਾ ਕਰ ਲਿੱਤੀ ਸੀ। ਨੌ ਕੁ ਵਜੇ ਦੇ ਕਰੀਬ ਜਦੋਂ ਮੈਨੂੰ ਵਿਸ਼ਵਾਸ ਹੋ ਗਿਆ ਬਈ ਸਾਰੇ ਘਰਦੇ ਸਮਝ ਰਹੇ ਹਨ ਕਿ ਮੈਂ ਸੌਂ ਚੁੱਕੀ ਹਾਂ ਤਾਂ ਲੇਟ ਕੇ ਪਾਸੇ ਮਾਰਨ ਦੀ ਬਜਾਏ ਮੈਂ ਆਪਣੇ ਕੱਪੜੇ ਉਤਾਰੇ ਅਤੇ ਹੀਊਗੋ ਬੌਸ ਜਨਾਨਾਂ ਆਫਟਰ ਸ਼ੇਵ ਸਾਰੇ ਪਿੰਡੇ ’ਤੇ ਲਾਈ (ਲਾਈ ਨਾਲੋਂ ਮੱਲੀ ਜਾਂ ਧੱਪੀ ਕਹਿਣਾ ਜ਼ਿਆਦਾ ਉਚਿੱਤ ਰਹੇਗਾ) ਖਾਸ ਕਰ ਗਰਦਨ ਉੱਤੇ। ਮੈਂ ਅਲਮਾਰੀ ਖੋਲ੍ਹੀ ਤੇ ਸਾਰੇ ਸੂਟਾਂ ਵਿੱਚੋਂ ਸਭ ਤੋਂ ਸ਼ਾਨਦਾਰ ਸੂਟ ਕੱਢ ਕੇ ਪਹਿਨਿਆ। ਸਾਰੇ ਕੱਪੜਿਆਂ ’ਤੇ ਗੂਚੀ ਪਰਫਿਊਮ ਦਾ ਛਿੜਕਾ ਕੀਤਾ। ਮੇਰੇ ਅੰਗ-ਅੰਗ ਵਿੱਚੋਂ ਇਤਰ ਦੀਆਂ ਮਹਿਕਾਂ ਆ ਰਹੀਆਂ ਸਨ। ਜੂਅਲਰੀ ਬੌਕਸ  ਵਿੱਚੋਂ ਕੱਢ ਕੇ ਮੋਤੀਆਂ ਦੇ ਹਾਰ ਦਾ ਸੈੱਟ ਪਹਿਨਿਆ। ਤਿਆਰ ਹੋ ਕੇ ਮੈਂ ਕੁੱਝ ਦੇਰ ਬਾਕੀ ਸਭਨਾਂ ਜੀਅ ਦੇ ਸੌਂ ਜਾਣ ਦੀ ਉਡੀਕ ਵਿੱਚ ਵਿਡੀਉਗੇਮ ਖੇਡਣ ਬੈਠ ਗਈ ਸੀ। 
ਸਹੀ ਸਮਾਂ ਆਏ ਤੋਂ ਮੈਂ ਕਮਰੇ ਦੀ ਖਿੜਕੀ ਖੋਲ੍ਹੀ, ਜੋ ਕਿ ਸਾਡੇ ਘਰ ਦੇ ਪਿਛਲੇ ਪਾਸੇ ਵਾਲੇ ਬਗੀਚੇ ਵੱਲ ਨੂੰ ਖੁੱਲ੍ਹਦੀ ਸੀ। ਮੈਂ ਆਪਣੀ ਗਰਗਾਬੀ ਚੁੱਕ ਕੇ ਪਹਿਲਾਂ ਤਾਂ ਬਾਰੀ ਥਾਣੀਂ ਹੇਠਾਂ ਘਾਹ ਉੱਤੇ ਸੁੱਟ ਦਿੱਤੀ। ਫਿਰ ਮਲਕੜੇ-ਮਲਕੜੇ ਬੈੱਡਰੂਮ ਦੀ ਖਿੜਕੀ ਨਾਲ ਚਾਦਰ ਬੰਨ੍ਹੀ ਤੇ ਉਸ ਨਾਲ ਲਮਕ ਕੇ ਹੇਠਾਂ ਉਤਰ ਗਈ ਸੀ। ਇੰਝ ਪਿਛਲੇ ਦਰਵਾਜ਼ੇ ਤੋਂ ਹੁੰਦੀ ਹੋਈ ਮੈਂ ਘਰੋਂ ਬਾਹਰ ਨਿਕਲ ਗਈ ਸੀ। ਅਗਾਂਹ ਜਾ ਕੇ ਮੈਂ ਇੱਕ ਸਿੰਘ ਦੀ ਟੈਕਸੀ ਹੱਥ ਦੇ ਰੋਕੀ ਤੇ ਉਸ ਵਿੱਚ ਬੈਠ ਕੇ ਇਜ਼ਬਲ ਦੇ ਫਲੈਟ ਵਿੱਚ ਪਹੁੰਚ ਗਈ ਸੀ।
ਪਾਰਟੀ ਉੱਤੇ ਤਕਰੀਬਨ ਸਾਡਾ ਸਾਰਾ ਸਕੂਲ ਹੀ ਆਈਆ ਹੋਇਆ ਸੀ। ਪਰ ਉਹ ਨਹੀਂ ਸੀ ਆਇਆ, ਜਿਸ ਖਾਤਰ ਮੈਂ ਗਈ ਸੀ। ਮੈਨੂੰ ਹੋਰਾਂ ਨਾਲ ਕੀ ਵਾਸਤਾ ਸੀ। ਮੇਰਾ ਤਾਂ ਇਕਬਾਲ ਦੇ ਆਉਣ ਨਾਲ ਮਤਲਬ ਸੀ। ਸ਼ਾਇਦ ਉਹ ਦੇਰੀ ਨਾਲ ਆਵੇਗਾ, ਆਖ ਕੇ ਮੈਂ ਇਕਬਾਲ ਦਾ ਇੰਤਜ਼ਾਰ ਕਰਨ ਲੱਗ ਪਈ ਸੀ।
ਰਾਹ ਵੱਲ ਅੱਖੀਆਂ ਵਿਛਾਈ ਬੈਠੀ ਉਡੀਕਦੀ ਦੀ ਮੇਰੀ ਜਾਨ ਨਿਕਲਦੀ ਜਾ ਰਹੀ ਸੀ। ਜਦੋਂ ਮੇਰੇ ਸਬਰ ਦੀ ਇੰਤਹਾ ਹੋ ਗਈ ਤਾਂ  ਮੈਂ ਦਾਰੂ ਵਰਤਾਉਂਦੀ ਇਜ਼ਬਲ ਨੂੰ ਰੋਕ ਕੇ ਪੁੱਛਿਆ ਸੀ, “ਇਕਬਾਲ ਕਿੱਥੇ ਐ? ਆਉਣਾ ਨ੍ਹੀਂ ਉਹਨੇ?” 
“ਨਹੀਂ ਅਜੇ ਤੱਕ ਤਾਂ ਨ੍ਹੀਂ ਉਹ ਆਇਆ। ਕੀ ਪਤੈ।”
ਇਜ਼ਬਲ ਦਾ ਉੱਤਰ ਸੁਣ ਕੇ ਮੇਰਾ ਮੂੰਹ ਕਿਸੇ ਅਜ਼ੀਮ ਤੇ ਪ੍ਰਸਿਧ ਸ਼ਖਸੀਅਤ ਦੇ ਮਰਨ ਉਪਰੰਤ ਨੀਵੇਂ ਹੁੰਦੇ ਸਰਕਾਰੀ ਝੰਡੇ ਵਾਂਗ ਉਤਰ ਗਿਆ ਸੀ। ਮੇਰੇ ਚਿਹਰੇ ’ਤੇ ਚੜ੍ਹੀ ਮਾਯੂਸੀ ਦੀ ਝਾਲ ਦੇਖ ਕੇ ਇਜ਼ਬਲ ਨੇ ਅੱਖ ਦੱਬ ਕੇ ਕਿਹਾ ਸੀ, “ਹੋਰ ਬਥੇਰੇ ਮੁੰਡੇ ਆਏ ਹੋਏ ਆ। ਜਿਹੜੇ ਨੂੰ ਮਰਜ਼ੀ ਫੜ ਲੈ। ਤੈਨੂੰ ਤਾਂ ਕਿਸੇ ਨੇ ਨਾਂਹ ਨ੍ਹੀਂ ਕਰਨੀ।”
ਕਿਸੇ ਹੋਰ ਮੁੰਡੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਮੈਂ ਇਕਬਾਲ ਦੀ ਗੈਰਹਾਜ਼ਰੀ ਦਾ ਕਾਰਨ ਜਾਣਨ ਦੇ ਇਰਾਦੇ ਨਾਲ ਦੁਬਾਰਾ ਪੁੱਛਿਆ ਸੀ, “ਪਰ ਤੂੰ ਤਾਂ ਕਹਿੰਦੀ ਸੀ ਉਹ ਜ਼ਰੂਰ ਆਊ?”
“ਬਈ ਉਹ ਕਹਿੰਦਾ ਤਾਂ ਸੀ। ਹੋ ਸਕਦਾ ਹੈ ਉਹਦੀ ਸਿਹਤ ਨਾ ਠੀਕ ਹੋਵੇ। ਉਹ ਜ਼ਿਆਦਾ ਬਿਮਾਰ ਹੋਣ ਕਰਕੇ ਨਾ ਆਇਆ ਹੋਵੇ। -ਤੂੰ ਫਿਕਰ ਨਾ ਕਰ ਉਹਦਾ।” ਐਨਾ ਆਖ ਕੇ ਇਜ਼ਬਲ ਚਲੀ ਗਈ ਸੀ। 
ਮੈਂ ਆਪਣੇ ਚਿੱਤ ਵਿੱਚ ਸੋਚਣ ਲੱਗ ਪਈ ਸੀ ਕਿ ਜੇ ਇਕਬਾਲ ਠੀਕ ਨਹੀਂ। ਉਸਦੀ ਹਾਲਤ ਗੰਭੀਰ ਹੈ ਤੇ ਉਹ ਪਾਰਟੀ ਵਿੱਚ ਆਉਣ ਦੇ ਕਾਬਲ ਨਹੀਂ ਤਾਂ ਇਹ ਫਿਕਰ ਨਾ ਕਰਨ ਵਾਲੀ ਨਹੀਂ, ਸਗੋਂ ਮੇਰੇ ਲਈ ਹੋਰ ਵੀ ਜ਼ਿਆਦਾ ਫਿਕਰ ਕਰਨ ਵਾਲੀ ਗੱਲ ਹੈ। ਮੈਨੂੰ ਕੁੱਝ ਚੰਗਾ ਨਹੀਂ ਸੀ ਲੱਗਿਆ। ਜੀਅ ਕਰਦਾ ਸੀ ਉਸੇ ਵਕਤ ਉਥੋਂ ਘਰ ਨੂੰ ਮੁੜ ਜਾਵਾਂ। ਪਰ ਮਜਬੂਰਨ ਮੈਨੂੰ ਉੱਥੇ ਥੋੜ੍ਹਾ ਚਿਰ ਹੋਰ ਰੁਕਣਾ ਪੈਣਾ ਸੀ। ਨਹੀਂ ਤਾਂ ਇਜ਼ਬਲ ਨੂੰ ਸ਼ੱਕ ਹੋ ਜਾਣਾ ਸੀ ਕਿ ਮੈਂ ਇਕਬਾਲ ਦੀ ਖਾਤਰ ਉਹਦੇ ਘਰੇ ਗਈ ਸੀ। ਉਹਨੇ ਸਭ ਨੂੰ ਦੱਸ ਦੇਣਾ ਸੀ ਤੇ ਲੋਕਾਂ ਨੇ ਸਾਡੀਆਂ ਗੱਲਾਂ ਬਣਾਉਣ ਲੱਗ ਜਾਣਾ ਸੀ। ਜੋ ਜੰਗਲ ਦੀ ਅੱਗ ਵਾਂਗ ਥੋੜ੍ਹੇ ਦਿਨਾਂ ਵਿੱਚ ਹੀ ਸਾਰੇ ਸ਼ਹਿਰ ਵਿੱਚ ਫੈਲ ਜਾਣੀਆਂ ਸਨ ਤੇ ਇਉਂ ਸਾਡੇ ਪਰਿਵਾਰ ਨੂੰ ਪਤਾ ਲੱਗ ਜਾਣਾ ਸੀ। ਜੋ ਬਦਨਾਮੀ ਹੋਣੀ ਸੀ ਉਹ ਤਾਂ ਇੱਕ ਪਾਸੇ, ਸਾਡੇ ਇਸ਼ਕ ਦੀ ਸਾਰੀ ਖੇਡ ਚੌਪਟ ਹੋ ਜਾਣੀ ਸੀ। ਮੈਂ ਮਾੜੀ ਜਿਹੀ ਅਣਗਿਹਲੀ ਕਰਕੇ ਐਡਾ ਖਤਰਾ ਖੜ੍ਹਾ ਨਹੀਂ ਸੀ ਕਰ ਸਕਦੀ। ਇਸ ਲਈ ਮੈਂ ਪਾਰਟੀ ਵਿੱਚ ਨਾ ਚਾਹੁੰਦਿਆਂ ਹੋਇਆਂ ਵੀ ਰੁੱਕ ਗਈ ਸੀ। ਇਕਬਾਲ ਦੀ ਸ਼ਮੂਲੀਅਤ ਨਾ ਹੋਣ ਕਰਕੇ ਮੈਨੂੰ ਬਹੁਤ ਨਿਰਾਸ਼ਾ ਹੋਈ ਸੀ। ਸ਼ਾਇਦ ਇਕਬਾਲ ਸੱਚੀਂ ਬਿਮਾਰ ਸੀ। ਬਿਮਾਰੀ ਦੀ ਹਾਲਤ ਵਿੱਚ ਉਹ ਆ ਵੀ ਕਿਵੇਂ ਸਕਦਾ ਸੀ?  ਦੋ ਚਾਰ ਘੰਟੇ ਜਿੰਨੀ ਦੇਰ ਮੈਂ ਪਾਰਟੀ ਵਿੱਚ ਠਹਿਰੀ, ਉਨਾ ਚਿਰ ਬੁੱਝੀ-ਬੁੱਝੀ ਹੀ ਰਹੀ। ਇਕਬਾਲ ਬਿਨਾਂ ਪਾਰਟੀ ਦਾ ਲੁਤਫ ਮੈਨੂੰ ਕੀ ਆਉਣਾ ਸੀ?
ਕਈ ਮੁੰਡਿਆਂ ਨੇ ਆਪਣੇ ਨਾਲ ਮੈਨੂੰ ਨਚਾਉਣ ਦੀ ਪੇਸ਼ਕਸ਼ ਕਰੀ। ਪਰ ਮੈਂ ਕਿਸੇ ਦੀ ਵੀ ਕਬੂਲ ਨਾ ਕੀਤੀ। ਯਾਰ ਹੁੰਦਾ ਤਾਂ ਉਹਨੂੰ ਮਨਾਉਣ ਲਈ ਮੀਰਾ ਬਾਈ ਬਣ ਕੇ ਨੱਚਦੀ। ਪੈਰੀਂ ਝਾਂਜਰਾਂ ਜਾਂ ਘੁੰਗਰੂ ਬੰਨ੍ਹਦੀ। ਕੰਜਰੀਆਂ ਵਾਂਗੂੰ ਨੱਚ-ਨੱਚ ਬੌਰੀ ਹੋ ਜਾਂਦੀ। ਸਾਰੀ ਰਾਤ ਨੱਚ-ਨੱਚ ਧਰਤੀ ਪੱਟ ਦਿੰਦੀ।
ਕਿੰਨਾ ਕੁੱਝ ਸੋਚ ਰੱਖਿਆ ਸੀ ਮੈਂ ਕਿ ਇਕਬਾਲ ਨਾਲ ਮਿਲ ਕੇ ਸਭ ਸ਼ਿਕਵੇ ਗਿਲੇ ਮਿਟਾਵਾਂਗੀ। ਸਾਰੀਆਂ ਗਲਤਫਹਿਮੀਆਂ ਦੂਰ ਕਰਾਂਗੀ ਅਤੇ ਉਸਦੇ ਪਸ਼ਚਾਤ ਆਨੰਦ ਮਗਨ ਹੋ ਕੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਕੋਰਟ ਰੂਮ ਨਾਚ ਕਰਾਂਗੇ। ਮਧੁਰ, ਹਲਕੇ-ਫੁਲਕੇ ਅਤੇ ਧੀਮੀ ਚਾਲ ’ਤੇ ਵੱਜਦੇ ਸੰਗੀਤ ਦੀ ਧੁੰਨ ’ਤੇ ਨੱਚਾਂਗੇ। ਵੱਗਦੀ ਪਵਨ ਨਾਲ ਲਹਿ-ਲਹਰਾਉਂਦੀਆਂ ਫਸਲਾਂ ਵਾਂਗ ਸਾਡੇ ਸ਼ਰੀਰਾਂ ਦੇ ਉਪਰਲੇ ਭਾਗ ਹਿੱਲਣਗੇ। ਟਾਈਪਰਾਈਟਰ ਦੇ ਕੀ-ਬੋਰਡ ’ਤੇ ਚਲਦੀਆਂ ਕਿਸੇ ਟਾਈਪਿਸਟ ਦੀਆਂ ਉਂਗਲਾਂ ਵਾਂਗ ਅਸੀਂ ਧਰਤੀ ’ਤੇ ਆਪਣੇ ਪੈਰ ਚੁੱਕਾਂ ਅਤੇ ਰੱਖਾਂਗੇ। ਘੱਟ ਹਵਾ ਵਿੱਚ ਹੌਲੀ-ਹੌਲੀ ਘੁੰਮਦੇ ਵਿੰਡਮਿਲ ਦੇ ਪੱਖੇ ਦੀ ਤਰ੍ਹਾਂ ਅਸੀਂ ਆਪਣੇ ਸਥਾਨ ਉੱਤੇ ਖੜ੍ਹੇ-ਖੜੋਤੇ ਆਹਿਸਤਾ-ਆਹਿਸਤਾ ਗੋਲ-ਗੋਲ ਦਾਇਰੇ ਵਿੱਚ ਘੁੰਮਦੇ ਜਾਵਾਂਗੇ। ਸ਼ਾਮ ਗੁੜ੍ਹੀ ਹੁੰਦੀ ਜਾਵੇਗੀ। ਤਦ ਤੱਕ ਰੋਮਾਂਟਿਕ ਸੰਗੀਤ ਦੀ ਚਾਲ ਵਿੱਚ ਇਸ ਕਦਰ ਧੀਮਾਪਨ ਆ ਜਾਵੇਗਾ ਕਿ ਬੜੀ ਅਸਾਨੀ ਨਾਲ ਇਹ ਵੀ ਦੱਸਿਆ ਜਾ ਸਕੇਗਾ ਕਿ ਕਦੋਂ ਸੈਕਸੋਫੋਨ ਵਜਦਾ ਹੈ, ਕਦੋਂ ਪਿਆਨੋ ਤੇ ਕਿਹੜੀ ਬੰਸਰੀ ਦੀ ਆਵਾਜ਼ ਹੈ। ਅਤੇ ਇਉਂ ਹੋਰਾਂ ਸਾਜ਼ਾਂ ਦਾ ਕੰਨ ਨਿਖੇੜਾ ਕਰ ਸਕਣ ਦੇ ਕਾਬਲ ਹੋ ਜਾਣਗੇ। ਇੱਕ ਦੂਜੇ ਦੀਆਂ ਅੱਖਾਂ ਦੇ ਦਰਪਨ ਵਿੱਚੋਂ ਆਪੋ ਆਪਣਾ ਚਿਹਰਾ ਭਾਲਦੇ ਹੋਏ ਸਾਡੇ ਬੁੱਲ੍ਹ ਇੱਕ ਦੂਜੇ ਦੇ ਬੁੱਲ੍ਹਾਂ ਨਾਲ ਬੇਇਖਤਿਆਰ ਜੱਫੀਆਂ ਪਾ ਲੈਣਗੇ। ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਅਸੀਂ ਚੁੰਮਦੇ ਜਾਵਾਂਗੇ, ਮੌਸੀਕਾਰ ਵੱਲੋਂ ਕਿਸੇ ਸੁਰਬੱਧ ਕੀਤੇ ਹੋਏ ਗੀਤ ਵਾਂਗ ਜਿਸਦਾ ਇੱਕ ਵੀ ਸ਼ਬਦ ਬੇਸੁਰਾ ਅਰਥਾਤ ਸੁਰੋਂ ਬਾਹਰ ਅਤੇ ਬੇਲੋੜਾ ਨਹੀਂ ਹੁੰਦਾ। ਲੈਆਤਮਕ ਚੁੰਮਣ ਵਹਾਉ ਵਿੱਚ ਵਹਿ ਕੇ ਸਾਨੂੰ ਪਤਾ ਨਹੀਂ ਚੱਲੇਗਾ ਕਿ ਕਦੋਂ ਇਸ ਦੁਨੀਆਂ ਵਿੱਚੋਂ ਕਿਸੇ ਹੋਰ ਜਹਾਨ, ਕਿਸੇ ਹੋਰ ਧਰਤੀ, ਕਿਸੇ ਹੋਰ ਆਕਾਸ਼, ਕਿਸੇ ਹੋਰ ਪਤਾਲ, ਕਿਸੇ ਹੋਰ ਗ੍ਰਹਿ ਜਾਂ ਪੁਲਾੜ ਵਿੱਚ ਪਹੁੰਚ ਜਾਵਾਂਗੇ।
ਲੇਕਿਨ ਮੇਰੇ ਸਭ ਅਰਮਾਨ ਇਉਂ ਟੁੱਟ-ਫੁੱਟ ਗਏ ਸਨ ਜਿਵੇਂ ਤੁਫਾਨ ਵਿੱਚ ਗਰੀਬਾਂ ਦੀਆਂ ਝੁੱਗੀਆਂ ਉੱਡ ਜਾਂਦੀਆਂ ਹਨ ਜਾਂ ਪੰਛੀਆਂ ਦੇ ਆਲਣੇ ਤੀਲਾ-ਤੀਲਾ, ਕੱਖ-ਕਾਨਾ ਹੋ ਕੇ ਖਿਲਰ ਜਾਂਦੇ ਹਨ।
ਇਜ਼ਬਲ ਦੇ ਮਾਪਿਆਂ ਨੇ ਇਜ਼ਬਲ ਨੂੰ ਪੂਰੀ ਆਜ਼ਾਦੀ ਦੇ ਰੱਖੀ ਸੀ। ਉਨ੍ਹਾਂ ਨੇ ਆਖ ਦਿੱਤਾ ਸੀ, “ਧੀਏ ਅੱਜ ਤੇਰਾ ਸੋਲ੍ਹਵਾਂ ਜਨਮ ਦਿਨ ਹੈ। ਤੂੰ ਜੋ ਮਰਜ਼ੀ ਸਿਰ ਗਲੀਆਂ ਕਰ।” ਸੱਚੀਂ ਇਜ਼ਬਲ ਦੇ ਮਾਪਿਆਂ ਨੇ ਕੋਈ ਦਖਲਅੰਦਾਜ਼ੀ ਕਰੀ ਵੀ ਨਹੀਂ ਸੀ। ਇੱਕ ਪਾਸੇ ਇਨ੍ਹਾਂ ਗੋਰੇ ਲੋਕਾਂ ਦਾ ਮੋਕਲਾ ਨਜ਼ਰੀਆ ਜੋ ਬੱਚਿਆਂ ਨੂੰ ਇਉਂ ਪਾਰਟੀਆਂ ਕਰਨ ਦੀ ਖੁੱਲ੍ਹ ਦਿੰਦਾ ਸੀ। ਦੂਜੇ ਪਾਸੇ ਸਾਡੇ ਲੋਕਾਂ ਦੀਆਂ ਸੌੜੀਆਂ ਸੋਚਾਂ ਜੋ ਆਪਣੇ ਬੱਚਿਆਂ ਨੂੰ ਮਹਿਫਲਾਂ ਵਿੱਚ ਸ਼ਾਮਲ ਹੋਣ ’ਤੇ ਵੀ ਰੋਕ ਲਾਉਂਦੀਆਂ ਸਨ। ਬੱਚਿਆਂ ਨੂੰ ਖੁੱਲ੍ਹ ਦੇਣ ਦੇ ਵਿਚਾਰ ਦਾ ਇਹ ਵਸਤਰ ਅੰਗਰੇਜ਼ਾਂ ਦੇ ਮੇਚ ਤੇ ਸਾਡੇ ਦੇਸੀਆਂ ਦੇ ਬੇਮੇਚ ਹੋਣ ਬਾਰੇ ਸੋਚ ਕੇ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਸੀ।
ਇਜ਼ਬਲ ਨੇ ਯਾਰਾਂ ਦੋਸਤਾਂ ਲਈ ਦਾਰੂ ਦੀ ਛਬੀਲ ਲਾ ਦਿੱਤੀ ਸੀ। ਪਹਿਲਾਂ ਕੇਕ ਕੱਟਣ ਵੇਲੇ ਤੱਕ ਲੱਚਰ ਗਾਣੇ ਵੱਜਦੇ ਰਹੇ ਸਨ। ਫੇਰ ਇਜ਼ਬਲ ਦੇ ਕਮਰੇ ਵਿੱਚ ਲੁੱਚੀਆਂ ਫਿਲਮਾਂ ਸਾਰੀ ਰਾਤ ਚੱਲਦੀਆਂ ਰਹੀਆਂ ਸਨ। ਸ਼ਰਾਬੀ ਹੋਏ ਮੁੰਡੇ-ਕੁੜੀਆਂ ਫਿਲਮ ਚੋਂ ਦੇਖ-ਦੇਖ ਉਵੇਂ ਤਜਰਬੇ ਕਰਦੇ ਰਹੇ ਸਨ। ਮੈਂ ਤਾਂ ਉਸ ਸਾਰਾ ਕੁੱਝ ਦੇਖਣ ਤੋਂ ਪਹਿਲਾਂ ਹੀ ਭਰਿਆ ਮੇਲਾ ਛੱਡ ਕੇ ਆ ਗਈ ਸੀ। 
ਪਾਰਟੀ ਤੋਂ ਮੁੜਦਿਆਂ ਮੈਨੂੰ ਕਿਸੇ ਕੁੜੀ ਦਾ ਪਿਉ ਆਪਣੀ ਕਾਰ ਵਿੱਚ ਉਤਾਰ ਗਿਆ ਸੀ। ਮੈਂ ਆਪਣੇ ਘਰ ਤੋਂ ਥੋੜ੍ਹਾ ਉਰਾਂਹ ਹੀ ਉਤਰ ਗਈ ਸੀ। ਘਰ ਕੋਲ ਪਹੁੰਚ ਕੇ ਮੈਂ ਪਿਛਵਾੜਿਉਂ ਚੋਰੀ-ਚੋਰੀ ਜਿਹੜੇ ਰਾਹ ਗਈ ਸੀ ਉਸ ਥਾਣੀਂ ਉਵੇਂ ਉਸੇ ਚਾਦਰ ਨਾਲ ਲਟਕ ਕੇ ਉੱਪਰ ਆਪਣੇ ਕਮਰੇ ਵਿੱਚ  ਵਾਪਸ ਚੜ੍ਹ ਆਈ ਸੀ। ਹੇਠਾਂ ਉਤਰਨਾ ਤਾਂ ਬਹੁਤ ਸੁਖਾਲਾ ਸੀ। ਕਿਤੂੰ ਉੱਪਰ ਚੜ੍ਹਨ ਲੱਗੀ ਮੈਂ  ਅੰਤਾਂ ਦੀ ਔਖੀ ਹੋਈ ਸੀ ਤੇ ਰਗੜਾਂ ਵੱਜ ਕੇ ਮੇਰੀਆਂ ਕੂਹਣੀਆਂ ਵੀ ਛਿੱਲੀਆਂ ਗਈਆਂ ਸਨ। ਕੱਪੜੇ ਵੀ ਪਾਟ ਗਏ ਸਨ। ਬਹੁਤ ਸੋਹਣਾ ਗਰਮ ਸੂਟ ਸੀ ਉਹ ਮੇਰਾ ਜੀਹਦਾ ਸਤਿਆਨਾਸ ਵੱਜ ਗਿਆ ਸੀ। ਅਜੇ ਪਿਛਲੀ ਈਦ ਨੂੰ ਹੀ ਤਾਂ ਅੰਮੀ ਨੇ ਮੈਨੂੰ ਸਿਲਵਾ ਕੇ ਦਿੱਤਾ ਸੀ। ਇਹ ਤਾਂ ਭਲਾ ਹੋਵੇ ਮੇਰੇ ਮੋਟੇ ਕੱਪੜਿਆਂ ਦਾ ਜਿਨ੍ਹਾਂ ਦੇ ਹੋਣ ਨਾਲ ਮੇਰੇ ਬਹੁਤੀਆਂ ਸੱਟਾਂ ਨਹੀਂ ਵੱਜੀਆਂ ਤੇ ਨਾ ਹੀ ਜ਼ਖ਼ਮ ਹੋਏ ਸਨ। ਧਨ ਨੇ ਉਹ ਲੋਕ ਜੋ ਰੌਕ ਕਲਾਈਬਿੰਗ ਕਰਦੇ ਹਨ, ਐਡੇ ਉੱਚੇ-ਉੱਚੇ ਪਹਾੜਾਂ ’ਤੇ ਚੜ੍ਹਦੇ ਨੇ। ਮੇਰੀ ਤਾਂ ਦਸ-ਬਾਰਾਂ ਫੁੱਟ ਦੀ ਕੰਧ ਚੜ੍ਹਦੀ ਦੀ ਹੀ ਬਸ ਹੋ ਗਈ ਸੀ। ਕਮਰੇ ਵਿੱਚ ਪਹੁੰਚ ਕੇ ਮੈਂ ਤਾਂ ਸੁੱਖੀ-ਸਾਂਦੀ ਵਾਪਸ ਆ ਜਾਣ ਦਾ ਸ਼ੁਕਰ ਕੀਤਾ ਸੀ। ਜਿਹੜੀਆਂ ਮਾੜੀਆਂ-ਮੋਟੀਆਂ ਜਿਸਮਾਨੀ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਮੈਂ ਕੁੱਝ ਨਹੀਂ ਸੀ ਗੌਲਿਆ। ਝਰੀਟਾਂ ਜਿਹੀਆਂ ਹੀ ਸਨ।
ਮੂਹਰਲੇ ਦਿਨ ਸਕੂਲੋਂ ਆਈ ਨੂੰ ਅੰਮੀ ਚੁੱਲੇ ਵਾਂਗੂੰ  ਤਪੀ ਬੈਠੀ ਸੀ। ਮੈਂ ਹੈਰਾਨ ਸੀ ਕਿਉਂਕਿ ਸਵੇਰੇ ਸਕੂਲ ਜਾਣ ਲੱਗੀ ਮੈਂ ਅੰਮੀ ਨੂੰ ਚੰਗੀ ਭਲੀ ਛੱਡ ਕੇ ਗਈ ਸੀ। ਮਗਰੋਂ ਐਡੀ ਕਿਹੜੀ ਸਿਲਤ ਖੁੱਭ ਗਈ ਸੀ? ਕਮਰੇ ਵਿੱਚ ਮੈਂ ਤੇ ਅੰਮੀ ਇਕਲੀਆਂ ਸਾਂ। (ਮੇਰੇ ਭਰਾ ਬਾਹਰ ਖੇਡ ਰਹੇ ਸਨ। ਅੱਬਾ ਕੰਮ ਤੇ ਸਨ ਤੇ ਛੋਟੀਆਂ ਭੈਣ ਟੀ ਵੀ ’ਤੇ ਸੀ ਬੀ ਬੀ ਸੀ (ਛਹਲਿਦਰੲਨ’ਸ ਭਰਟਿਸਿਹ ਭਰੋੳਦਚੳਸਟਨਿਗ ਛੋਰਪੋਰੳਟੋਿਨ) ਦਾ ਪ੍ਰੋਗਰਾਮ ਬਲੂ ਪੀਟਰ ਦੇਖ ਰਹੀ ਸੀ। ਨਾਜ਼ੀਆ ਨਹਾ ਰਹੀ ਸੀ) ਅੰਮੀ ਦਾ ਮੂਡ ਇਸ ਤਰ੍ਹਾਂ ਉਦੋਂ ਹੋਇਆ ਕਰਦਾ ਸੀ ਜਦੋਂ ਉਹ ਆਪਣੀ ਫ਼ੈਕਟਰੀ ਵਾਲਿਆਂ ਨਾਲ ਝਗੜੀ ਹੁੰਦੀ ਸੀ। ਅੰਮੀ ਦੀ ਫ਼ੈਕਟਰੀ ਵਾਲੇ ਕਦੇ-ਕਦਾਈਂ ਅੰਮੀ ਦੀ ਤਨਖਾਹ ਜਾਂ ਕੀਤੇ ਕੰਮ ਦੇ ਹਿਸਾਬ-ਕਿਤਾਬ ਵਿੱਚ ਗੜਬੜ ਕਰ ਦਿੰਦੇ ਹੁੰਦੇ ਸਨ। ਉਹਨਾਂ ਨਾਲ ਕੀਤੀ ਮਗ਼ਜ਼ ਖਪਾਈ ਦੇ ਕਾਰਨ ਚੜ੍ਹਿਆਂ ਗੁੱਸਾ ਅਕਸਰ ਅੰਮੀ ਸਾਡੇ ਵਿੱਚੋਂ ਕਿਸੇ ਨਾਲ ਜਾਂ ਅੱਬਾ ਨਾਲ ਲੜ ਕੇ ਹੀ ਉਤਾਰਿਆ ਕਰਦੀ ਹੁੰਦੀ ਸੀ। ਮੈਂ ਅੰਮੀ ਨੂੰ ਮਖੌਲ ਨਾਲ ਆਖਿਆ ਸੀ, “ਕੀ ਗੱਲ ਅੱਜ ਟੈਂਮਰੇਚਰ ਹਾਈ  ਆ,  ਕੰਮ ਵਾਲਿਆਂ ਨਾਲ ਲੜਾਈ ਹੋ ਗਈ?”
ਅੰਮੀ ਮੈਨੂੰ ਸਿੱਧੀ ਹੀ ਪੈ ਨਿਕਲੀ ਸੀ, “ਚਲਾਕੀਆਂ ਨਾ ਕਰ। ਅੱਖ ਜਿੰਨੀ ਤੂੰ ਹੈਗੀ ਐਂ। ਹੁਣੇ ਤੋਂ ਆਹ ਕਰਤੂਤਾਂ? ਵੱਢਦੀ ਆਂ ਤੇਰੀਆਂ ਲੱਤਾਂ। ਮੈਨੂੰ ਸਭ ਪਤਾ ਲੱਗ ਗਿਐ, ਤੈਨੂੰ ਰਾਤ ਨੂੰ ਕਾਹਤੋਂ ਛੇਤੀ ਨੀਂਦਾਂ ਆਉਂਦੀਆਂ।” 
ਗੁੱਸੇ ਤਾਂ ਅੰਮੀ ਮੈਨੂੰ ਪਹਿਲਾਂ ਵੀ ਕਈ ਵਾਰ ਹੋਈ ਸੀ। ਪਰ ਉਸਦਾ ਐਨਾ ਭਿਆਨਕ ਰੂਪ ਮੈਂ ਪਹਿਲਾਂ ਕਦੀ ਨਹੀਂ ਸੀ ਦੇਖਿਆ, ਜਿੰਨਾ ਉਸ ਦਿਨ ਸੀ। ਮੇਰੇ ਰਾਤੀ ਬਾਹਰ ਰਹਿਣ ਦਾ ਉਸਨੂੰ ਕਿਸੇ ਤਰ੍ਹਾਂ ਪਤਾ ਚੱਲ ਚੁੱਕਿਆ ਸੀ।  ਕਿਵੇਂ? ਇਹ ਮੈਂ ਨਹੀਂ ਸੀ ਜਾਣਦੀ। ਛੱਲਣੀ ਹੋਏ ਸ਼ਰੀਰ ਦੀਆਂ ਰਗੜਾਂ ਤਾਂ ਮੈਂ ਲੁਕਾ ਲਈਆਂ ਸਨ। ਸ਼ਾਇਦ ਮੇਰੇ ਧੋਣ ਵਾਲੇ ਕੱਪੜੇ ਚੁੱਕਣ ਲੱਗੀ ਅੰਮੀ ਨੇ ਫਟੇ ਕੱਪੜੇ ਦੇਖ ਲਏ? ਜਾਂ ਹੋ ਸਕਦਾ ਹੈ ਰਾਤੀ ਕਿਸੇ ਕੰਮ, ਗੱਲ ਲਈ ਅੰਮੀ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਹੋਵੇ ਤੇ ਉਦੋਂ ਮੇਰਾ ਭੇਦ ਖੁੱਲ੍ਹ ਗਿਆ ਹੋਵੇ? ਅੱਧੀ ਰਾਤ ਨੂੰ ਤਹਾਜੁਦ ਦੀ ਨਮਾਜ਼ ਜਾਂ ਅੰਤਿਮ ਪਹਿਰ ਦੇ ਫੇਬੀਆਈ ਰਾਕੁਨਾ ਪੜ੍ਹਣ ਲਈ ਮੁਸੱਲਾਂ ਜਾਂ ਤਸਬੀ ਲੈਣ ਲਈ ਮੇਰੇ ਕਮਰੇ ਵਿੱਚ ਅੰਮੀ ਆ ਸਕਦੀ ਸੀ। ਮੈਂ ਇੱਕ ਪਲ ਵਿੱਚ ਕਈ ਕਿਆਫੇ ਲਾ ਗਈ ਸੀ। 
ਮੈਂ ਅਚੰਭਿਤ ਸੀ ਕਿ ਅੰਮੀ ਨੂੰ ਰਾਤ ਪਤਾ ਹੁੰਦਾ ਤਾਂ ਉਹਨੇ ਰਾਤ ਹੀ ਰੌਲਾ ਪਾ ਕੇ ਹੋ-ਹੱਲਾ ਕਰਨਾ ਸੀ ਜਾਂ ਸਵੇਰੇ ਹੰਗਾਮਾਂ ਖੜ੍ਹਾ ਕਰ ਦੇਣਾ ਸੀ ਤੇ ਮੈਨੂੰ ਸਕੂਲ ਜਾਣ ਤੋਂ ਵਰਜ ਦੇਣਾ ਸੀ। ਸਵੇਰੇ ਕਿੰਨੀ ਦੇਰ ਉਹਦੇ ਕੋਲ ਬੈਠੀ ਮੈਂ ਨਾਸ਼ਤਾ ਕਰਦੀ ਰਹੀ ਸੀ। ਉਦੋਂ ਅੰਮੀ ਚੁੱਪ ਕਿਵੇਂ ਰਹਿ ਸਕਦੀ ਸੀ? ਇਸ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕੀ ਅੰਮੀ ਨੂੰ ਸਵੇਰ ਤੱਕ ਕੋਈ ਸੂੰਹ ਨਹੀਂ ਸੀ ਮਿਲੀ। ਜੇ ਰਾਤ ਨਹੀਂ ਪਤਾ ਚੱਲ ਸਕਿਆ ਸੀ। ਸਵੇਰੇ ਨਹੀਂ ਜਾਣ ਸਕੀ ਸੀ। ਫਿਰ ਮਗਰੋਂ ਦਿਨੇ ਕੀ ਉਹਨੂੰ  ਟੈਲੀਵਿਜ਼ਨ ਦੀਆਂ ਖ਼ਬਰਾਂ ਚੋਂ ਪਤਾ ਲੱਗ ਸਕਦਾ ਸੀ? ਹੋਰ ਤਾਂ ਕੋਈ ਸਾਧਨ ਨਹੀਂ ਸੀ ਜਾਂ ਕਿਸੇ ਚੁਗਲੀ ਕਰੀ ਹੋ ਸਕਦੀ ਸੀ। ਮੇਰੀ ਕਿਸੇ ਸਹੇਲੀ ਜਾਂ ਕਿਸੇ ਮੁੰਡੇ ਨੇ ਫੋਨ ਕਰਕੇ ਅੰਮੀ ਨੂੰ ਚੁੱਕਿਆ ਹੋ ਸਕਦਾ ਸੀ। ਇੰਝ ਕਿਸਦੀ ਮਜਾਲ ਸੀ ਕਿ ਮੇਰੇ ਘਰ ਫੋਨ ਕਰਕੇ ਦੱਸਦਾ? ਨਾਲੇ ਫੇਰ ਸਭ ਇਹੀ ਸਮਝਦੇ ਸਨ ਕਿ ਮੈਂ ਮਾਪਿਆਂ ਦੀ ਰਜ਼ਾਮੰਦੀ ਨਾਲ ਗਈ ਸੀ। ਪਾਰਟੀ ਵਿੱਚ ਘਰਦਿਆਂ ਤੋਂ ਚੋਰੀ ਜਾਣ ਬਾਰੇ ਤਾਂ ਸਿਰਫ਼ ਤੇ ਸਿਰਫ਼ ਮੈਂ ਹੀ ਜਾਣਦੀ ਸੀ।
ਹਵਾਈ ਜਹਾਜ਼ਾਂ ਵਿੱਚ ਡਿਵੀਜ਼ਨ ਫਲਾਈਟ ਡੇਟਾ ਰਿਕਾਡਰ ਅਤੇ ਕੌਕਪਿੱਟ ਵਾਇਸ ਰਿਕਾਡਰ ਨਾਮਕ ਦੋ ਯੰਤਰ ਲੱਗੇ ਹੁੰਦੇ ਹਨ। ਇਹ ਮਸ਼ੀਨਾਂ ਧਾਤ ਦੇ ਇੱਕ ਮਜ਼ਬੂਤ ਕਾਲੇ ਡੱਬੇ ਵਿੱਚ ਬੰਦ ਹੁੰਦੀਆਂ ਹਨ, ਜਿਸ ਕਰਕੇ ਇਹਨਾਂ ਨੂੰ ਬਲੈਕ ਬੌਕਸ ਕਿਹਾ ਜਾਂਦਾ ਹੈ। ਇਹ ਡੱਬੇ ਤਾਪਰੌਧੀ ਹੁੰਦੇ ਹਨ ਅਤੇ ਹਜ਼ਾਰ ਡਿਗਰੀ ਸੈਲਸੀਅਸ ਤੋਂ ਵੀ ਵੱਧ ਗਰਮੀ ਸਹਿਣ ਕਰਨ ਦੇ ਸਮਰੱਥ ਹੁੰਦੇ ਹਨ। ਪਾਣੀ ਵਿੱਚ ਕਈ ਦਿਨਾਂ ਤੱਕ ਪਏ ਰਹਿਣ ਦੇ ਬਾਵਜੂਦ ਵੀ ਖਰਾਬ ਨਹੀਂ ਹੁੰਦੇ। ਫਲਾਈਟ ਡੇਟਾ ਮਸ਼ੀਨ ਦੀ ਜਾਣਕਾਰੀ ਇਕੱਤਰ ਕਰਨ ਵਾਲੀ ਰੀਲ ਛੇ ਹਜ਼ਾਰ ਫੁੱਟ ਲੰਬੀ ਹੁੰਦੀ ਹੈ ਤੇ ਉਹ ਪੰਚੀ ਘੰਟਿਆਂ ਦੇ ਅੰਕੜੇ ਅੰਕਿਤ ਕਰ ਸਕਣ ਦੇ ਯੋਗ ਹੁੰਦੀ ਹੈ। ਕੌਕਪਿੱਟ ਵਿੱਚ ਏਪ ਰਿਕਾਰਡ ( ਇੱਕ ਜਾਣਕਾਰੀ ਦੀ ਨਕਲ ਕਰਨ ਵਾਲੀ ਮਸ਼ੀਨ) ਹੁੰਦਾ ਹੈ। ਇਸ ਵਿੱਚ  ਪਾਇਲਟਾਂ ਵਿਚਕਾਰ ਹੋਣ ਵਾਲੀ ਗੱਲਬਾਤ ਭਰੀ ਜਾਂਦੀ ਰਹਿੰਦੀ ਹੈ।  ਜਦੋਂ ਜਹਾਜ਼ ਕਿਸੇ ਹਾਦਸੇ ਨਾਲ ਡਿੱਗ ਪੈਂਦਾ ਹੈ ਤਾਂ ਇਨ੍ਹਾਂ ਡੱਬਿਆਂ ਤੋਂ ਹੀ ਜਹਾਜ਼ ਦੀ ਦੁਰਘਟਨਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਂਦਾ ਹੈ। ਮੈਂ ਚਕ੍ਰਿਤ ਸੀ ਕਿ ਦਿਨੇ ਅੰਮੀ ਨੂੰ ਇਹੋ ਜਿਹਾ ਕਿਹੜਾ ਬਲੈਕ ਬੌਕਸ  ਥਿਆ ਗਿਆ ਸੀ? ਜਿਸ ਤੋਂ ਉਸਨੂੰ ਮੇਰੀਆਂ ਰਾਤ ਦੀਆਂ ਗਤੀਵਿਧੀਆਂ  ਦਾ ਗਿਆਨ ਹੋ ਗਿਆ ਸੀ।
ਮੈਂ ਇਹੋ ਕੁੱਝ ਸੋਚ ਰਹੀ ਸੀ ਤੇ ਅੰਮੀ ਵਾਰ-ਵਾਰ ਮੈਥੋਂ ਰਾਤ ਦੀ ਗੈਰ-ਹਾਜ਼ਰੀ ਸੰਬੰਧੀ ਪੁੱਛ ਰਹੀ  ਸੀ। ਅੰਮੀ ਨੇ ਦੱਸੇ ਬਿਨਾਂ ਖਹਿੜਾ ਨਹੀਂ ਸੀ ਛੱਡਣਾ। ਪਹਿਲਾਂ ਤਾਂ ਮੈਂ ਮਨ ਵਿੱਚ ਸੋਚਿਆ ਸੀ ਕਿ ਝੂਠ ਬੋਲ ਕੇ ਸਾਰੇ ਆਰੋਪ ਦਾ ਖੰਡਨ ਕਰ ਦੇਵਾਂ। ਫਿਰ ਦਿਮਾਗ ਵਿੱਚ ਆਇਆ ਕਿ ਲਿਉ ਟੌਲਸਟਾਏ ਨੇ ਲਿਖਿਆ ਹੈ, “ਝੂਠ ਦੇ ਰਸਤੇ ’ਤੇ ਅਸੀਂ ਚਾਹੇ ਜਿਤਨੀ ਦੂਰ ਮਰਜ਼ੀ ਜਾ ਚੁੱਕੇ ਹੋਈਏ, ਉਸ ਤੋਂ ਮੁੜ ਆਉਣਾ, ਉਸ ਪਰ ਚਲਦੇ ਰਹਿਣ ਨਾਲੋਂ ਚੰਗਾ ਹੈ।” ਸੱਚ ਲਈ ਹਰ ਚੀਜ਼ ਦੀ ਬਲੀ ਦਿੱਤੀ ਜਾ ਸਕਦੀ ਹੈ, ਪਰ ਸੱਚ ਦੀ ਬਲੀ ਕਿਸੇ ਚੀਜ਼ ਲਈ ਨਹੀਂ ਦਿੱਤੀ ਜਾ ਸਕਦੀ। ਇਸ ਲਈ ਮੈਨੂੰ ਆਪਣਾ ਮੂੰਹ ਖੋਲ੍ਹਣਾ ਪਿਆ ਸੀ। ਜੇ ਅੰਮੀ ਗੁੱਸੇ ਨਾਲ ਪੁੱਛਦੀ ਤਾਂ ਮੈਂ ਉੱਕਾ ਹੀ ਦੱਸਣਾ ਨਹੀਂ ਸੀ, ਪਿਆਰ ਨਾਲ ਪੁੱਛਿਆ  ਹੋਣ ਕਰਕੇ ਮੈਂ ਸਭ ਸੱਚ ਦੱਸ ਦਿੱਤਾ ਸੀ।  ਤੇ ਪੈਰਾਂ ਵਿੱਚ ਡਿੱਗ ਕੇ ਮੁਆਫ਼ੀ ਵੀ ਮੰਗੀ ਸੀ। ਅੰਮੀ ਨੇ ਮੈਨੂੰ ਮੁਆਫ਼ ਕਰ ਦਿੱਤਾ ਸੀ ਤੇ ਬਾਅਦ ਵਿੱਚ ਮੈਂ ਵੀ ਅੰਮੀ ਤੋਂ ਜਾਨਣਾ ਚਾਹਿਆ ਸੀ ਕਿ ਉਹਨੂੰ ਮੇਰੇ ਬਾਹਰ ਜਾਣ ਬਾਰੇ ਕਿਵੇਂ ਖ਼ਬਰ ਹੋਈ? ਮੇਰੇ ਲਗਾਏ ਹੋਏ ਅੰਦੇਸ਼ੇ ਉਦੋਂ ਗਲਤ ਸਾਬਤ ਹੋਏ ਜਦੋਂ ਅੰਮੀ ਨੇ ਆਪਣੇ ਸੂਚਨਾ ਸੂਤਰ ਬਾਰੇ ਦੱਸਿਆ ਸੀ। ਅੰਮੀ ਤੋਂ ਸੁਣ ਕੇ ਮੇਰਾ ਜੀਅ ਕਰੇ ਗੁਆਂਡੀਆਂ ਦੇ ਘਰ ਨੂੰ ਅੱਗ ਨਾਲ ਕੇ ਫੂਕ ਦੇਵਾਂ, ਜਿਨ੍ਹਾਂ ਦੀ ਨੀਗੋੜੀ ਬੁੜ੍ਹੀ ਨੇ ਤੜਕੇ-ਤੜਕੇ ਮੈਨੂੰ ਕਮਰੇ ਵਿੱਚ ਵੜਣ ਲੱਗਿਆਂ ਚਾਦਰ ਨਾਲ ਝੂਟਦੀ ਹੋਈ ਨੂੰ ਦੇਖ ਲਿਆ ਸੀ। ਸਾਡੇ ਬਗੀਚੇ ਦੀ ਵਾੜ ਛੋਟੀ ਹੈ ਤੇ ਗੁਆਂਡੀਆਂ ਦੀ ਰਸੋਈ ਵਿਚੋਂ ਮੇਰਾ ਬੈੱਡਰੂਮ ਸਪਸ਼ਟ ਦਿਸਦਾ ਹੈ। ਕਈ ਮਰਤਬਾ ਮੈਂ ਆਪਣੇ ਕਮਰੇ ਵਿੱਚੋਂ ਬੁੜ੍ਹੀ ਨੂੰ ਉਨ੍ਹਾਂ ਦੀ ਰਸੋਈ ਵਿੱਚ ਚਾਹ ਜਾਂ ਕੁੱਝ ਹੋਰ ਬਣਾਉਂਦੀ ਦੇਖਿਆ ਸੀ। ਸੁਣਿਆ ਸੀ ਉਹਨੂੰ ਚੱਜ ਨਾਲ ਦਿੱਸਦਾ ਵੀ ਨਹੀਂ ਸੀ। ਉਹਦੇ ਮੋਟੇ-ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲੱਗੀਆਂ ਹੋਈਆਂ ਸਨ। ਉਸ ਬੁੜ੍ਹੀ ਨੂੰ ਮੈਂ ਤਾਂ ਅੰਨ੍ਹੀ ਸਮਝਦੀ ਸੀ, ਉਹੀ ਜਾਸੂਸ ਸ਼ੈਲੇਖੋਮਸ ਬਣ ਗਈ ਸੀ। ਇਨ੍ਹਾਂ ਬੁੜ੍ਹੇ ਲੋਕਾਂ ਨੂੰ ਵੀ ਟੇਕ ਨਹੀਂ ਆਉਂਦੀ ਤੜਕੇ-ਤੜਕੇ ਸੌਣ ਦੇ ਵੇਲੇ ਪਤਾ ਨਹੀਂ ਕਿਉਂ ਉੱਠ ਕੇ ਤੁਰੇ ਫਿਰਦੇ ਰਹਿੰਦੇ ਹਨ।
ਅੰਮੀ ਨੇ ਉਦਣ ਮੈਨੂੰ ਕਿਹਾ ਤਾਂ ਕੁੱਝ ਨਾ। ਸਿਰਫ਼ ਮੈਥੋਂ ਵਾਅਦਾ ਲਿਆ ਕਿ ਅੱਗੋਂ ਤੋਂ ਮੈਂ  ਉਸ ਗਲਤੀ ਨੂੰ ਦੁਹਰਾਉਂਗੀ ਨਹੀਂ। ਮੈਂ ਵੀ  ਮੰਨ  ਗਈ ਸੀ ਕਿ ਜਿਸ ਗੱਲੋਂ ਉਹ ਮਨ੍ਹਾ ਕਰਨਗੇ ਮੈਂ ਨਹੀਂ ਕਰਾਂਗੀ। ਮੈਂ ਅੰਮੀ ਨੂੰ ਰੋਂਦਿਆਂ ਹੋਇਆਂ ਦੱਸਿਆ ਸੀ, ਮੈਂ ਇਸ ਲਈ ਨਹੀਂ ਪੁੱਛਿਆ ਸੀ ਕਿਉਂਕਿ ਮੈਨੂੰ ਡਰ ਸੀ ਕਿ ਤੁਸੀਂ ਪੁੱਛੇ ਤੇ ਮਨ੍ਹਾ ਕਰ ਦੇਣਾ ਸੀ।
ਅੰਮੀ ਰੋਹਬ ਨਾਲ ਪੇਸ਼ ਆਈ ਸੀ, “ਤੇਰੇ ਦੁਸ਼ਮਣ ਨਹੀਂ। ਜੋ ਕਰਦੇ, ਤੇਰੇ ਭਲੇ ਲਈ ਹੀ ਕਰਦੇ। ਹੁਣ ਛੱਡ ਦਿੱਤੈ। ਅੱਗੇ ਤੋਂ ਨਹੀਂ ਤੇਰੀ ਕੋਈ ਸ਼ਿਕਾਇਤ ਆਉਣੀ ਚਾਹੀਦੀ।”
“ਠੀਕ ਐ, ਨਹੀਂ ਆਉਂਦੀ ਅੰਮੀ ਜੀ।”
ਮੈਂ ਸਮਝਦੀ ਸੀ ਉੱਥੇ ਹੀ ਮਾਮਲਾ ਠੱਪ ਹੋ ਗਿਆ। ਅੰਮੀ ਨੇ ਜਿਹੜਾ ਝਿੜਕਣਾ ਸੀ, ਝਿੜਕ ਲਿਐ। ਪਰ ਮੈਨੂੰ ਕੀ ਪਤਾ ਸੀ ਅੰਮੀ ਦੀ ਚਲਾਕੀ ਦਾ। ਉਹਨੇ ਰਾਤ ਨੂੰ ਅੱਬੇ ਦੇ ਘਰੇ ਆਏ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ। ਮੈਂ ਆਪਣਾ ਜੁਰਮ ਸਵਿਕਾਰ ਕੇ ਗਲਤੀ ਕੀਤੀ ਸੀ। ਮੈਨੂੰ ਮੰਨਣਾ ਹੀ ਨਹੀਂ ਸੀ ਚਾਹੀਦਾ। ਸਾਫ਼ ਮੁੱਕਰ ਜਾਣਾ ਚਾਹੀਦਾ ਸੀ। ਬਥੇਰੇ ਤਰੀਕਿਆਂ ਨਾਲ ਅੰਮੀ ਦੇ ਅੱਖੀਂ ਘੱਟਾ ਪਾਇਆ ਜਾ ਸਕਦਾ ਸੀ। ਮੈਂ ਜਿਰਹਾ ਕਰ ਸਕਦੀ ਸੀ ਕਿ ਉਸ ਬੁੜ੍ਹੀ ਨੂੰ ਚੱਜ ਨਾਲ ਨਹੀਂ ਦਿਸਦਾ, ਉਹ ਝੂਠ ਬੋਲਦੀ ਸੀ ਜਾਂ ਉਹ ਬੁੜ੍ਹੀ ਸਠਿਆ ਗਈ ਹੈ। ਇਹ ਉਹਦੇ ਕਾਲਪਨਿਕ ਖ਼ਿਆਲ ਹਨ ਵਗੈਰਾ-ਵਗੈਰਾ।  ਕਈ ਦਲੀਲਾਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਸਨ। ਉਸ ਬੁੜ੍ਹੀ ਕੋਲ ਕੀ ਸਬੂਤ ਸੀ? ਮਰੇ ਤੇ ਮੁੱਕਰੇ ਦਾ ਕੀ ਵਸਾਹ ਹੈ? 
ਇੱਕ ਦਫ਼ਾ ਉਸ ਬੁੱਢੜੀ ਨੇ ਡਾਕਟਰ ਦੇ ਜਾਣਾ ਸੀ ਤੇ ਉਹਨੂੰ ਆਪਨੂੰ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਉਹਨੇ ਮੈਨੂੰ ਨਾਲ ਚੱਲਣ ਲਈ ਆਖਿਆ ਸੀ। ਉਦਣ ਮੀਂਹ ਪੈਂਦਾ ਸੀ ਤੇ ਟੈਲੀ ਉੱਤੇ ਆਸਟਰੇਲੀਆ ਦਾ ਧਾਰਾਵਾਹਿਕ ਨਾਟਕ ਨੇਬਰਜ਼ (ਨੇਬਰਜ਼ ਦਾ ਇੱਕ ਅਦਾਕਾਰ ਡੈਨ ਪੈਰਿਸ ਜੋ ਡਰਿਉ ਕਿਰਕ ਦਾ ਰੋਲ ਕਰਦਾ ਸੀ, ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਸੀ, ਜਿਸ ਉੱਤੇ ਪੂਰੀ ਡੁੱਲ੍ਹੀ ਹੋਈ ਹੋਣ ਕਰਕੇ ਮੈਂ ਉਸ ਸਿਲੀਸਲੇਵਾਰ ਨਾਟਕ ਦੀ ਇੱਕ ਵੀ ਕਿਸ਼ਤ ਖੁਝਾਉਂਦੀ ਨਹੀਂ ਸੀ ਹੁੰਦੀ ) ਆ ਰਿਹਾ ਸੀ ਮੈਂ ਜਾਣ ਤੋਂ ਕੋਰਾ ਜੁਆਬ ਦੇ ਦਿੱਤਾ। ਇਸ ਤੋਂ ਉਹ ਮੁਹਤਰਮਾ ਕਾਫ਼ੀ ਖਿੱਝ ਗਈ ਸੀ ਤੇ ਮੇਰੇ ਨਾਲ ਲੱਗਣ ਲੱਗ ਪਈ ਸੀ। ਮੈਂ ਅੰਮੀ ਨੂੰ ਇਸ ਘਟਨਾ ਬਾਰੇ ਦੱਸ ਕੇ ਯਕੀਨ ਦਵਾ ਸਕਦੀ ਸੀ ਕਿ ਮੈਥੋਂ ਬਦਲਾ ਲੈਣ ਲਈ ਉਸ ਬੁੜ੍ਹੀ ਨੇ ਝੂਠੀ ਗੱਲ ਬਣਾਈ ਸੀ। ਪਰ ਮੌਕੇ ’ਤੇ ਮੇਰੇ ਦਿਮਾਗ ਨੇ ਕੰਮ ਹੀ ਨਹੀਂ ਸੀ ਕੀਤਾ।
ਤਕੜੇ ਚਿਰ ਤੋਂ ਮੈਨੂੰ ਅੰਮੀ-ਅੱਬੂ ਦੀ ਘਸੁਰ-ਮੁਸਰ ਸੁਣਾਈ ਦੇ ਰਹੀ ਸੀ। ਅੰਮੀ ਦੇਰ ਰਾਤ ਤੱਕ ਮਸ਼ੀਨ ਚਲਾਉਣ ਦੀ ਬਜਾਏ ਸਾਜਰੇ ਹੀ ਸੌਣ ਚਲੀ ਗਈ ਸੀ। ਜੋ ਅਸਧਾਰਨ ਅਤੇ ਅਨੋਖੀ ਗੱਲ ਸੀ। ਮੈਨੂੰ ਦਾਲ ਵਿੱਚ ਕੁੱਝ ਕਾਲਾ ਨਜ਼ਰ ਆਇਆ ਸੀ। ਸ਼ੱਕ ਦੀ ਬਿਨਾਅ ’ਤੇ ਮੈਂ ਉੱਠ ਕੇ ਅੰਮੀ ਹੋਰਾਂ ਦਾ ਵਾਰਤਾਲਾਪ ਸੁਣਨ ਉਨ੍ਹਾਂ ਦੇ ਕਮਰੇ ਕੋਲ ਚਲੀ ਗਈ ਸੀ। ਮੇਰੇ ਜਾਣ ਤੋਂ ਪਹਿਲਾਂ ਜੋ ਗੱਲਾਂ ਹੋਈਆਂ ਸਨ ਉਨ੍ਹਾਂ ਬਾਰੇ ਤਾਂ ਮੈਨੂੰ ਬਿਲਕੁਲ ਨਹੀਂ ਪਤਾ। ਲੇਕਿਨ ਉਦੋਂ ਤੋਂ ਮੈਂ ਪੂਰੇ ਕੰਨ ਧਰ ਲਿੱਤੇ ਸਨ। ਦਰਵਾਜ਼ਾ ਚੰਗੀ ਤਰ੍ਹਾਂ ਬੰਦ ਹੋਣ ਕਰਕੇ ਸਪਸ਼ਟ ਤਾਂ ਨਹੀਂ ਸੀ ਸੁਣਦਾ। ਅੱਧ-ਪਚੱਧੀ ਗੱਲ ਸੁਣਾਈ ਦਿੰਦੀ ਸੀ। ਫਿਰ ਵੀ ਮੈਂ ਜੋ ਸੁਣਿਆ, ਉਹ ਮੇਰੇ ਲਈ ਸੰਸੇ ਦਾ ਕਾਰਣ ਬਣ ਗਿਆ ਸੀ। ਮੈਂ ਉਨ੍ਹਾਂ ਦੇ ਬੈੱਡਰੂਮ ਦੇ ਦਰਵਾਜ਼ੇ ਨਾਲ ਕੰਨ ਲਾ ਕੇ ਸਾਰਾ ਕੁੱਝ ਆਪ ਆਪਣੇ ਕੰਨੀਂ ਸੁਣਿਆ ਸੀ। 
“ਏਸ ਕੁੜੀ ਦੇ ਚਾਲੇ ਠੀਕ ਨ੍ਹੀਂ ਲੱਗਦੇ।” ਅੰਮੀ ਕਹਿ ਰਹੀ ਸੀ। 
ਅੱਬਾ ਚਿੰਤਤ ਹੋ ਉਠੇ ਸੀ, “ਕਿਉਂ, ਕੀ ਹੋਇਐ?”
“ਅਜੇ ਤਾਂ ਕੁੱਝ ਨ੍ਹੀਂ ਹੋਇਐ। ਸਿਆਣਾ ਬੰਦਾ ਉਹੀ ਆ ਜਿਹੜਾ ਹਨੇਰੀ ਆਈ ਤੋਂ ਅੰਦਾਜ਼ਾਂ ਲਾ ਲਵੇ ਬਈ ਮੀਂਹ ਵੀ ਪਊ ਤੇ ਭਿੱਜਣ ਵਾਲਾ ਸਮਾਨ ਅੱਗੋਂ ਈ ਸਾਂਭ ਜਾਵੇ।”
“ਅੱਬੂ, ਅੰਮੀ ਦੀ ਲਾਈ ਰਹੱਸਮਈ ਲੂਤੀ ਸੁਣ ਕੇ ਤੈਸ਼ ਵਿੱਚ ਆ ਗਏ, “ਤੂੰ ਦੱਸਦੀ ਨ੍ਹੀਂ। ਜ਼ਰੂਰ ਕੋਈ ਗੱਲ ਹੋਈ ਹੋਣੀ ਆ।”
“ਨਹੀਂ ਤੁਸੀਂ ਐਵੇਂ ਨਾ ਘਬਰਾਉ। ਜੋ ਮੈਂ ਤੁਹਾਨੂੰ ਦੱਸ ਚੁੱਕੀ ਆਂ ਉਦੂੰ ਵੱਧ ਕੁੱਝ ਨਹੀਂ ਹੋਇਆ। ਆਪਣੀ ਪਿਛਲੀ ਰੋਡ ’ਤੇ ਰਹਿੰਦੇ ਸਿੰਘਾਂ ਦੀ ਕੁੜੀ ਕਿਸੇ ਕਾਲੇ ਨਾਲ ਜਾ ਕੇ ਰਹਿਣ ਲੱਗ ਗਈ।”
“ਅੱਲਾਹ-ਅੱਲ੍ਹਾ-ਅੱਲ੍ਹਾ। ਅੱਲ੍ਹ-ਅਮਾਨ! ਕੀ ਗੁਜ਼ਰਦੀ ਹੋਊ ਬਿਚਾਰਿਆਂ ’ਤੇ? ਮੌਲਾ ਇਹੋ ਜਿਹਾ ਦਿਨ ਨਾ ਕਿਸੇ ਨੂੰ ਦਿਖਾਵੇ। ਆਪਣੇ ਕਿਸੇ ਨਿਆਣੇ ਨੇ ਜੇ ਇਹੋ ਜਿਹੀ ਗੱਲ ਕੀਤੀ ਮੈਂ ਤਾਂ ਗਾਟਾ ਵੱਢ ’ਦੂੰ। ਮੈਥੋਂ ਨਹੀਂ ਬਰਦਾਸ਼ਤ ਹੋਣੀ ਕੋਈ ਇਹੋ ਜਿਹੀ ਉੱਚੀ-ਨੀਵੀਂ ਗੱਲ। ਘੂਰ ਕੇ ਰੱਖਿਆ ਕਰ, ਇਹ ਵੀ ਇੱਜ਼ਤ ਲੈ ਕੇ ਆਪਣੇ ਘਰ ਚਲੀ ਜਾਏ। ਦੂਜੇ ਬੱਚੇ ਵੀ ਵਿਆਹੇ ਜਾਣ ’ਤੇ ਮੈਂ ਜਿੰਮੇਵਾਰੀਆਂ ਤੋਂ ਫਾਰਿਗ ਹੋ ਕੇ ਹੱਜ ਕਰ ਆਵਾਂ। ਬਸ ਇਹੀ ਆਰਜੂ ਹੈ ਮੇਰੀ। -ਮੈਂ ਤਾਂ ਕਹਿੰਨਾਂ ਬੰਦ ਕਰੋ ਸ਼ਾਜ਼ੀਆ ਦਾ ਬਾਹਰ ਜਾਣਾ।” ਅੱਬਾ ਖਾਸੇ ਭੜਕ ਗਏ ਸਨ।                                                       
ਅੰਮੀ ਸ਼ਾਂਤੀ ਦੀ ਦੇਵੀ ਆਇਰੀਨ ਵਾਂਗ ਬੋਲੀ ਸੀ, “ਨਾ ਖਾਨ ਸਾਹਿਬ ਹਰਗਿਜ਼ ਐਸਾ ਨਾ ਕਰਿਉ। ਬਰਾਬਰ ਦੇ ਧੀ ਪੁੱਤ ਨੂੰ ਧਮਕਾ ਕੇ ਨਹੀਂ, ਚਮਲ੍ਹਾ ਕੇ ਕੰਮ ਲਈਦੈ। ਪੰਚਤੰਤਰ ਵਿੱਚ ਲਿਖਿਐ, ‘ਲਾਲਯੇਤ ਪਚ ਵਰਸ਼ਾਣੀ ਤਾੜਯੇਤ। ਪ੍ਰਾਪਤੇ ਤੂ ਸ਼ੋਡਸੇ ਵਰਸ਼ੇ ਪੁੰਨ ਮਿੱਤਰਵਦਾਚਰੇਤ।’ ਯਾਨੀ ਕਿ ਬੱਚੇ ਨੂੰ ਪੰਜ ਸਾਲ ਤੱਕ ਪਿਆਰ ਕਰੋ, ਦਸ ਸਾਲ ਤੱਕ ਦੰਡ ਦੇਵੋ, ਸੋਲ੍ਹਾਂ ਸਾਲ ਤੱਕ ਸਿੱਖਿਆ ਦਿਵਾਉ ਅਤੇ ਫਿਰ ਸਾਰੀ ਉਮਰ ਮਿਤਰਤਾ ਭਰਿਆ ਵਿਵਹਾਰ ਕਰੋ। ਇਸ ਤਰ੍ਹਾਂ ਕਰਨ ਨਾਲ ਔਲਾਦ ਹਮੇਸ਼ਾ ਮਾਪਿਆਂ ਦੀ ਆਗਿਆ ਦਾ ਪਾਲਣ ਕਰਦੀ ਹੈ। -ਪਹਿਲਾਂ ਤੁਸੀਂ ਠੰਡੇ ਹੋਵੋ। ਗੁੱਸਾ ਜ਼ਬਾਨ ਨਾਲੋਂ ਪਹਿਲਾਂ ਸਾਡੇ ਦਿਮਾਗ ’ਤੇ ਹੱਲਾ ਬੋਲਦਾ ਹੈ। ਤੇ ਸਿੱਧਾ ਬੰਦੇ ਦੀ ਸਿਆਣਪ ਨੂੰ ਨਸ਼ਟ ਕਰ ਦਿੰਦਾ ਹੈ। ਬਜ਼ੁਰਗ ਕਹਿੰਦੇ ਹੁੰਦੇ ਨੇ, ਜੇਹੀ ਹਵਾ, ਤੇਹਾ ਉਹਲਾ ਕਰੋ। ਕੁੜੀ ਮੁਟਿਆਰ ਐ। ਜੇ ਮੇਰੀ ਮੰਨੋ ਕਿਉਂ ਨਾ ਆਪਾਂ ਇਹਦੇ ਹੱਥ ਪੀਲੇ ਕਰ ਦਈਏ?”
“ਤੂੰ ਤਾਂ ਬੇਗਮ ਮੇਰੇ ਦਿਲ ਦੀ ਗੱਲ ਕਰ ਦਿੱਤੀ। ਆਪਣੀ ਸ਼ਾਜ਼ੀਆ ਦੇ ਹਾਣ ਦੇ ਕਈ ਕਾਬਲ ਮੁੰਡੇ ਮੇਰੀ ਨਿਗਾਹ ਵਿੱਚ ਨੇ। ਹਨ ਵੀ ਸਾਰੇ ਆਪਣੀਆਂ ਰਿਸ਼ਤੇਦਾਰੀਆਂ ਵਿੱਚੋਂ ਹੀ। ਨਾਜ਼ੀਆ ਦੇ ਨਾਲ ਹੀ ਇਹਦਾ ਵੀ ਭਾਰ ਸਿਰੋਂ ਲਹਿ ਜਾਵੇ ਤਾਂ ਉਹਦੇ ਵਰਗੀ ਰੀਸ ਨ੍ਹੀਂ।”
  ਦੇਰ ਰਾਤ ਤੱਕ ਮੇਰੇ ਵਾਲਦਾਇਨ ਵਿਚਾਰ-ਵਟਾਦਰਾਂ ਅਤੇ ਸਲਾਹਾਂ-ਮਸ਼ਵਰੇ ਕਰਦੇ ਰਹੇ ਸਨ। ਅੰਮੀ ਤੋਂ ਪਹਿਲਾਂ ਇਜਾਜ਼ਤ ਨਾ ਮੰਗ ਕੇ ਮੈਂ ਚੰਗਾ ਹੀ ਕੀਤਾ ਸੀ। ਵਰਨਾ ਪੱਕਾ ਹੀ ਸੀ ਕਿ ਨਮਾਜ਼ ਬਖ਼ਸ਼ਾਉਣ ਗਈ ਦੇ ਮੇਰੇ ਰੋਜੇ ਗਲ ਪੈ ਜਾਣੇ ਸਨ। ਸੰਭਵ ਸੀ ਕਿ ਰਾਤ ਦੀ ਆਗਿਆ ਮੰਗਣ ਗਈ, ਮੈਂ ਦਿਨੇ ਬਾਹਰ ਨਿਕਲਣ ’ਤੇ ਵੀ ਪਾਬੰਧੀ ਲਵਾ ਬੈਠਦੀ। ਜਿਹੜਾ ਮਾੜਾ ਮੋਟਾ ਸੌਦਾ-ਪੱਤਾ (ਜਨਾਨਾ ਸਮਾਨ) ਖਰੀਦਣ ਦੇ ਬਹਾਨੇ ਕਦੇ-ਕਦਾਈਂ ਬਾਹਰ ਜਾਂਦੀ ਹੁੰਦੀ ਸੀ। ਖਾਸ ਕਰ ਉਸ ਰਾਤ ਤਾਂ ਉੱਕਾ ਹੀ ਨਹੀਂ ਸੀ ਬਾਹਰ ਜਾ ਸਕਣਾ। ਅੰਮੀ ਦੇ ਧਿਆਨ ਵਿੱਚ ਆ ਜਾਣਾ ਸੀ ਤੇ ਉਸਨੇ ਪੂਰੀ ਬਿੜਕ ਰੱਖਣੀ ਸੀ। ਕੋਈ ਨਾ ਕੋਈ ਪੱਜ ਬਣਾ ਕੇ ਬਿੰਦੇ ਝੱਟੇ ਆ ਮੇਰਾ ਬੂਹਾ ਠਕੋਰ ਲਿਆ ਕਰਨਾ ਸੀ। ਧੀ ਕਿੱਡੀ ਵੀ ਵੱਡੀ ਤੋਂ ਵੱਡੀ ਵੈਲਣ ਕਿਉਂ ਨਾ ਹੋਵੇ ਮਾਂ ਉਹਦੇ ਹਰ ਤਰ੍ਹਾਂ ਨਾਲ ਪੜ੍ਹਦੇ ਕੱਜਦੀ ਹੈ। ਬੁਰਕੇ ਵਾਂਗੂੰ ਢੱਕ ਲੈਂਦੀ ਹੈ। 
ਮੇਰੀ ਇੱਕ ਸਹੇਲੀ ਦੀ ਵੱਡੀ ਭੈਣ ਸੀ। ਉਹਦੇ ਮਾਪੇ ਤਾਂ ਕੰਮ ’ਤੇ ਚਲੇ ਜਾਂਦੇ ਹੁੰਦੇ ਸੀ। ਮਗਰੋਂ ਉਹ ਆਪਣੇ ਘਰ ਵਿੱਚ ਹੀ ਆਪਣੇ ਪ੍ਰੇਮੀ ਨਾਲ ਰੰਗ-ਰਲੀਆਂ ਮਨਾਇਆ ਕਰਦੀ ਸੀ। ਇੱਕ ਦਿਨ ਕਿਤੇ ਉਹਦੀ ਮਾਂ ਨੂੰ ਛੁੱਟੀ ਸੀ। ਪਰ ਅੱਗੇ ਵਾਲੇ ਕੰਮ ਦੇ ਵੇਲੇ ਮਾਂ ਸ਼ੌਪਿੰਗ  ਕਰਨ ਚਲੀ ਗਈ। ਕੁੜੀ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹਨੇ ਸਮਝਿਆ ਮਾਂ ਕੰਮ ’ਤੇ ਗਈ ਹੈ। ਪਿੱਛੋਂ ਅੱਗੇ ਕੁੜੀ ਨੇ ਆਪਣੇ ਆਸ਼ਕ ਨੂੰ ਫੋਨ ਕਰਕੇ ਘਰ ਬੁਲਾ ਲਿਆ। ਦੋਨੋਂ ਪ੍ਰੇਮੀ ਸੌਣ ਕਮਰੇ ਵਿੱਚ ਪਲੰਘ ’ਤੇ ਪਏ ਲਾਡ-ਪਿਆਰ ਕਰ ਰਹੇ ਸਨ ਕਿ ਉੱਤੋਂ ਦੀ ਮਾਂ ਆ ਧਮਕੀ। ਉਹ ਦੋਨੋਂ ਜਣੇ ਬੇਖ਼ਬਰ ਅਤੇ ਨੰਗੇ ਪਏ ਸਨ। ਕੁੜੀ ਨੇ ਹੇਠਾਂ ਵਿਛੀ ਚਾਦਰ ਓੜ ਕੇ ਆਪਣੇ ਆਪ ਨੂੰ ਢੱਕ ਲਿਆ ਤੇ ਉਹਦਾ ਮਿੱਤਰ ਉਵੇਂ ਕੁੜੀ ਦੀ ਮਾਂ ਦੇ ਸਾਹਮਣੇ ਲੱਤਾਂ ਜਿਹੀਆਂ ਘੁੱਟੀ ਖੜ੍ਹਾ ਰਿਹਾ। ਕੁੜੀ ਦੀ ਮਾਂ ਨੇ ਲਾਹ ਕੇ ਆਪਣੀ ਚੁੰਨੀ ਦਿੱਤੀ, “ਬਈ,  ਲੈ ਇਹਦੀ ਧੋਤੀ ਬੰਨ੍ਹ ਕੇ ਆਪਣਾ ਸਾਜ਼-ਓ-ਸਮਾਨ ਢੱਕ। ਇਹ ਕਿੱਡੀ ਵੱਡੀ ਗੱਲ ਸੀ, ਫੇਰ ਵੀ ਉਸ ਕੁੜੀ ਦੀ ਮਾਂ ਨੇ ਕਿਸੇ ਕੋਲ ਭਾਫ਼ ਨਹੀਂ ਸੀ ਕੱਢੀ।” ਮਗਰੋਂ ਉਸ ਕੁੜੀ ਨੇ ਹੀ ਆਪਣੀ ਛੋਟੀ ਭੈਣ ਨੂੰ ਦੱਸਿਆ ਸੀ ਜਿਸ ਤੋਂ ਮੈਨੂੰ ਪਤਾ ਲੱਗਿਆ ਸੀ। ਇੱਕ ਮੇਰੀ ਮਾਂ ਜੀਹਦੇ ਤੋਂ ਮਾੜੀ ਜਿਹੀ ਗੱਲ ਨਹੀਂ ਸੀ ਪਚਾ ਹੋਈ ਤੇ ਉਹਨੇ ਝੱਟ ਅੱਬੇ ਕੋਲ ਜਾ ਸ਼ਿਕਾਇਤ ਕਰੀ ਸੀ। 
ਮੇਰਾ ਛੋਟਾ ਭਰਾ ਸਲੀਮ ਇੱਕ ਵਾਰੀ ਕਿਸੇ ਦੁਕਾਨ ਤੋਂ ਚੋਰੀ ਕਰਦਾ ਫੜਿਆ ਗਿਆ ਸੀ। ਨਾਬਾਲਗ ਤੇ ਬੇਸਮਝ ਹੋਣ ਕਰਕੇ ਪੁਲੀਸ ਨੇ ਕਿਹਾ ਤਾਂ ਕੁੱਝ ਨਹੀਂ ਸੀ ਪਰ ਉਹਨੂੰ ਛੁਡਾਉਣ ਲਈ ਅੰਮੀ ਨੂੰ ਪੁਲੀਸ ਸਟੇਸ਼ਨ ਜਾਣਾ ਪਿਆ ਸੀ। ਅੰਮੀ ਨੇ ਉਹਦੀ ਕਰਤੂਤ ਦੀ ਤਾਂ ਅੱਬੇ ਦੇ ਕੰਨਾਂ ਵਿੱਚ ਭਿਣਕ ਵੀ ਨਹੀਂ ਸੀ ਪੈਣ ਦਿੱਤੀ ਤੇ ਮੇਰੀ ਮਾੜੀ ਜਿਹੀ ਗੱਲ (ਉਦੋਂ ਮੈਨੂੰ ਇਹ ਕੋਈ ਮਹੱਤਵਪੂਰਨ ਨਹੀਂ ਸੀ ਜਾਪੀ) ਦਾ ਹੀ ਗਲਾਕ ਬਣਾ ਕੇ ਤਬਸਰਾ ਕਰ ਦਿੱਤਾ ਸੀ। ਤੇ ਉਦਣ ਤੋਂ ਮੇਰੇ ਨਿਕਾਹ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਮਤਿਹਾਨਾਂ ਤੋਂ ਫੌਰਨ ਬਾਅਦ ਪਾਕਿਸਤਾਨ ਵਿੱਚ ਲਿਜਾ ਕੇ ਮੇਰੀ ਮੰਗਣੀ ਦਾ ਪ੍ਰੋਗਰਾਮ ਉਲੀਕ ਲਿਆ ਗਿਆ ਸੀ। 
ਉਸ ਦਿਨ ਤੋਂ ਬਆਦ ਮੈਨੂੰ ਇਉਂ ਮਹਿਸੂਸ ਹੁੰਦਾ ਰਹਿੰਦਾ ਸੀ ਜਿਵੇਂ ਪਾਕਿਸਤਾਨ ਪਹੁੰਚਦਿਆਂ ਹੀ ਮੇਰੇ ਮੂਹਰੇ ਮੁੰਡਿਆਂ ਦੀ ਲਾਈਨ ਖੜ੍ਹੀ ਕਰ ਦਿੱਤੀ ਜਾਵੇਗੀ। ਜਿਵੇਂ ਕੋਈ ਪੁਸ਼ਕਾਂ ਦੀ ਨੁਮਾਇਸ਼ ਹੁੰਦੀ ਹੈ ਉਵੇਂ ਆਖਿਆ ਜਾਵੇਗਾ, “ਜਿਹੜਾ ਪਸੰਦ ਹੈ, ਚੁੱਕ ਕੇ ਪਾ ਲੈ। ਮੈਂ ਰੈਡੀਮੇਡ ਨਹੀਂ, ਸਗੋਂ ਆਪਣੇ ਮੇਚੇ ਦਾ ਬਣਿਆ ਸੂਟ ਪਹਿਨਣਾ ਚਾਹੁੰਦੀ ਸਾਂ। ਐਸਾ ਸੂਟ ਜੋ ਮਹਿਜ਼ ਮੇਰੇ ਲਈ ਹੀ ਬਣਿਆ ਹੋਵੇ। ਬਣਿਆ-ਬਣਾਇਆ ਲੀੜਾ ਕਦੇ ਵੀ ਮੇਰੇ ਫਿੱਟ ਨਹੀਂ ਆਉਂਦੈ। ਜੇ ਇੱਕ ਸਾਇਜ਼ ਤੰਗ ਹੋਊ ਤਾਂ  ਉਸ ਤੋਂ ਅਗਲਾ ਜ਼ਿਆਦਾ ਖੁੱਲ੍ਹਾ ਨਿਕਲ ਜਾਂਦਾ ਹੈ। ਹੁਣ ਤੱਕ ਵੀ ਕੱਪੜਿਆਂ ਦੇ ਸਟੋਰਾਂ ਵਿੱਚ ਮੈਨੂੰ ਆਪਣੇ ਮੇਚੇ ਦਾ ਕੱਪੜਾ ਲੱਭਣ ਨੂੰ ਕਈ-ਕਈ ਘੰਟੇ ਲੱਗ ਜਾਂਦੇ ਹਨ ਤੇ ਫਿਰ ਵੀ ਸਹੀ ਆਕਾਰ ਦਾ ਨਹੀਂ ਮਿਲਦਾ। ਵੱਡਾ ਜਾਂ ਛੋਟਾ ਲਿਆਉਣਾ ਪੈਂਦਾ ਹੈ ਤੇ ਉਧੇੜ ਕੇ ਆਪ ਠੀਕ ਕਰਨਾ ਪੈਂਦਾ ਹੈ। ਇੱਕ ਇਕਬਾਲ ਹੀ ਸੀ ਜਿਸਨੂੰ ਦੇਖ ਕੇ ਮੈਨੂੰ ਲੱਗਦਾ ਕਿ ਉਹਨੂੰ ਰੱਬ ਨੇ ਮੇਰੀ ਪਿਛਲੇ ਜਨਮ ਦੀ ਸਾਈ ’ਤੇ ਬਣਾਇਆ ਹੋਵੇ। ਇਕਬਾਲ ਤੋਂ ਬਿਨਾਂ ਕਿਸੇ ਹੋਰ ਚੋਬਰ ਨੂੰ ਜੀਵਨ-ਸਾਥੀ ਦੇ ਰੂਪ ਵਿੱਚ ਸਵਿਕਾਰਨ ਦਾ ਖ਼ਿਆਲ ਵੀ ਮੇਰੇ ਦਿਮਾਗ ਵਿੱਚੋਂ ਇਉਂ ਤਿਲਕ ਕੇ ਨਿਕਲ ਜਾਂਦਾ ਹੁੰਦਾ ਸੀ ਜਿਵੇਂ ਢਿੱਲੇ ਅਲਾਸਟਿਕ ਵਾਲਾ ਪਜਾਮਾ ਲੱਕ ਤੋਂ ਢਿੱਲਕ ਜਾਂਦਾ ਹੈ। ਮੇਰਾ ਵਿਚਾਰ ਸੀ ਕਿ ਮੈਨੂੰ ਜੀਵਨ ਦਾ ਹਮਸਫ਼ਰ ਇਕਬਾਲ ਨਾਲੋਂ ਵਧੀਆ ਹੋਰ ਕੋਈ ਵੀ ਨਹੀਂ ਸੀ ਮਿਲ ਸਕਦਾ। ਇਹ ਗੱਲ ਮੈਂ ਗੱਲੀਂ-ਬਾਤੀਂ ਸੂਚਕ ਮਾਤਰ ਅੰਮੀ ਨੂੰ ਵੀ ਸੁਣਾ ਦਿੱਤੀ ਸੀ, “ਮੈਂ ਆਪ ਆਪਣੀ ਮਰਜ਼ੀ ਦੇ ਮੁੰਡੇ ਦੀ ਚੋਣ ਕਰੂੰ। ਮੈਂ ਨ੍ਹੀਂ ਆਪਣੇ ਕਿਸੇ ਕਜ਼ਨ-ਕੁਜ਼ਨ (ਛੋੁਸਨਿ) ਨਾਲ ਵਿਆਹ ਕਰਵਾਉਣੈ।”
ਮੇਰਾ ਖ਼ਿਆਲ ਸੀ ਇਹ ਸੁਣ ਕੇ ਅੰਮੀ ਆਖੇਗੀ ਕਿ, “ਅੱਛਾ ਜੇ ਤੇਰੀ ਨਜ਼ਰ ਵਿੱਚ ਕੋਈ ਹੋਰ ਮੁੰਡਾ ਹੈ ਤਾਂ ਦੱਸ?” ਪਰ ਨਹੀਂ। ਅੰਮੀ ਤਾਂ ਬਲਕਿ ਔਖੀ ਹੋ ਗਈ ਸੀ।
“ਕਿਉਂ, ਕਜ਼ਨਾਂ ਨੂੰ ਕੀ ਕੋਹੜ ਪਿਐ?”
ਮੈਂ ਅੰਮੀ ਨੂੰ ਭਖੀ ਹੋਈ ਦੇਖ ਕੇ ਡਰ ਗਈ ਸੀ ਤੇ ਦਲੀਲ ਦਿੱਤੀ, “ਡਾਕਟਰ ਕਹਿੰਦੇ ਨੇ ਇਉਂ ਨੇੜੇ ਦੀਆਂ ਸਕੀਰੀਆਂ ਵਿੱਚ ਵਿਆਹ ਕਰਵਾਉਣ ਵਾਲੇ ਮਾਪਿਆਂ ਦੇ ਬਲੱਡ ਗਰੁੱਪ  ਰਲਦੇ-ਮਿਲਦੇ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਤੋਂ ਰੋਗੀ ਸੰਤਾਨ ਪੈਦਾ ਹੁੰਦੀ ਹੈ।”
“ਠੀਕ ਹੈ, ਆਪਾਂ ਜਨੈਟਿਕ ਰਿਸਕ  ਨਹੀਂ ਲਵਾਂਗੇ। ਇਹ ਲਾਜ਼ਮੀ ਨਹੀਂ ਹੈ ਕਿ ਖਾਨਦਾਨ ਵਿੱਚ ਹੀ ਵਿਆਹ ਕਰਵਾਉਣਾ ਹੈ। ਹੋਰ ਮੁੰਡੇ ਥੋੜ੍ਹੇ ਨੇ?” ਅੰਮੀ ਨੇ ਲਚਕਦਾਰ ਜਿਹੀ ਗੱਲ ਕੀਤੀ ਸੀ।
“ਜੇ ਮੁੰਡਾ ਮੇਰੇ ਪਸੰਦ ਹੀ ਨਾ ਹੋਊ। ਤੁਸੀਂ ਕਿਵੇਂ ਉਹਦੇ ਨਾਲ ਮੇਰੀ ਸ਼ਾਦੀ ਕਰ ਸਕਦੇ ਹੋ?”
“ਤੈਨੂੰ ਪਹਿਲਾਂ ਦਿਖਾਵਾਂਗੇ। ਤੇਰੀ ਗੱਲਬਾਤ ਕਰਵਾਵਾਂਗੇ। ਘੜੇ ਵਾਂਗੂੰ ਪੂਰਾ ਠਕੋਰ ਕੇ ਵਰ ਲਵਾਂਗੇ ਆਪਣੀ ਧੀ ਰਾਣੀ ਲਈ। ਜੇ ਤੈਨੂੰ ਪਸੰਦ ਹੋਊ ਫੇਰ ਹੀ ਗੱਲ ਅੱਗੇ ਵਧੂਗੀ।”
“ਫ਼ਰਜ਼ ਕਰੋ ਤੁਹਾਡਾ ਦਿਖਾਇਆ ਹੋਇਆ ਮੁੰਡਾ ਮੈਂ ਨਾਮਨਜ਼ੂਰ ਕਰ ਦਿੱਤਾ, ਫਿਰ?” ਮੈਂ ਅੰਮੀ ਨੂੰ ਭਜਾਉਣਾ ਚਾਹੁੰਦੀ ਸੀ।
“ਫੇਰ ਤੈਨੂੰ ਹੋਰ ਕੋਈ ਦਿਖਾਵਾਂਗੇ।”
“ਜੇ ਉਹ ਵੀ ਨਾ ਜਚਿਆ?”
“ਇੱਕ ਤੋਂ ਬਾਅਦ ਇੱਕ, ਜਦ ਤੱਕ ਮੇਰੀ ਲਾਡੋ ਹਾਂ ਨਹੀਂ ਕਰਦੀ। ਮੁੰਡਿਆਂ ਦਾ ਘਾਟਾ ਨਹੀਂ। ਥੀਉਰੈਟਕਲੀ, ਪੂਰੀ ਦੁਨੀਆਂ ਵਿੱਚ ਇੱਕ ਔਰਤ ਦੇ ਹਿੱਸੇ ਔਸਤਨ ਪੰਜ ਮਰਦ ਆਉਂਦੇ ਹਨ। ਤੈਨੂੰ ਮੁੰਡਾ ਪਸੰਦ ਕਰਵਾ ਕੇ ਹੀ ਸਾਹ ਲਵਾਂਗੇ।”
ਮੈਂ ਆਪਣੇ ਦਿਮਾਗ ਵਿੱਚੋਂ ਕੱਢ ਕੇ ਇੱਕ ਹੋਰ ਦਿਵਿਆ ਅਸਤਰ ਚਲਾਇਆ ਸੀ, “ਪਰ ਪਾਕਿਸਤਾਨ ਦੇ ਮੁੰਡਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ?” 
“ਇੱਥੇ ਆ ਕੇ ਦੋ ਚਾਰ ਸਾਲ ਵਿੱਚ ਸਿੱਖ ਜਾਊ।”
“ਉੱਥੇ ਦੇ ਮੁੰਡੇ ਸੋਹਣੇ ਨ੍ਹੀਂ ਹੁੰਦੇ।” ਮੈਂ ਕੋਈ ਨਾ ਕੋਈ ਇਤਰਾਜ਼ ਖੜ੍ਹਾ ਕਰਕੇ ਆਪਣੀ ਗੱਲ ਮਨਵਾਉਣੀ ਚਾਹੁੰਦੀ ਸੀ।
“ਸੋਹਣੇ ਕਿਉਂ ਨਹੀਂ ਹੁੰਦੇ। ਆਪਣੀ ਨਾਜ਼ੀਆ ਦੇ ਮੰਗੇਤਰ ’ਚ ਕੀ ਕਮੀ ਐ? -ਤੈਂ ਅਜੇ ਦੇਖਿਆ ਈ ਕੀ ਐ? -ਕੁੜੀਏ ਕੰਨ ਖੋਲ੍ਹ ਕੇ ਸੁਣ ਲੈ, ਤੇਰਾ ਵਿਆਹ ਉੱਥੇ ਵਤਨ ਵਿੱਚ ਹੀ ਹੋਊਗਾ। ਹਾਂ, ਜ਼ਬਰਦਸਤੀ ਨਹੀਂ ਕਰਦੇ। ਤੇਰੀ ਤਸੱਲੀ ਕਰਾ ਕੇ ਤੇਰੀ ਰਜ਼ਾਮੰਦੀ ਨਾਲ ਕਰਾਂਗੇ। ਤੂੰ ਜੱਗੋ ਅਲਿਹਦੀ ਨਹੀਂ। ਨਾਜ਼ੀਆ ਤੇਰੀ ਹੀ ਭੈਣ ਐ। ਜੇ ਉਹਨੂੰ ਪਾਕਿਸਤਾਨ ਦਾ ਮੁੰਡਾ ਪਸੰਦ ਆ ਸਕਦੈ ਤਾਂ ਤੈਨੂੰ ਕਿਉਂ ਨਹੀਂ?” ਅੰਮੀ ਨੇ ਸਿਰੇ ਦੀ ਸੁਣਾ ਦਿੱਤੀ ਸੀ।
ਮੈਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹਣ ਦਾ ਅੰਮੀ ਵੱਲੋਂ ਕਰਿਆ ਦ੍ਰਿੜ ਨਿਸਚਾ ਦੇਖ ਕੇ ਮੈਂ ਖ਼ਾਮੋਸ਼ ਹੋ ਗਈ ਸੀ। ਮੈਂ ਭਾਂਪ ਗਈ ਸੀ ਕਿ ਅੰਮੀ ਨਾਲ ਫਜ਼ੂਲ ਦੀ ਬਹਿਸ ਕਰਨ ਦਾ ਕੋਈ ਲਾਭ ਨਹੀਂ ਹੋਣ ਲੱਗਾ। ਅੰਮੀ ਨੂੰ ਸਮਝਾਉਣਾ ਤਾਂ ਮੱਝ ਮੂਹਰੇ ਬੀਨ ਵਜਾਉਣ ਸਮਾਨ ਸੀ।  ਕੰਧਾਂ ਵਿੱਚ ਟੱਕਰਾਂ ਮਾਰ ਕੇ ਆਪਣਾ ਹੀ ਸਿਰ ਪਾੜਨ ਵਾਲੀ ਗੱਲ ਸੀ। ਬਾਬੇ ਨਾਨਕ ਨੇ ਵੀ ਕਿਹਾ ਹੈ, “ਜਿਥੈ ਬੋਲਣਿ ਹਾਰੀਐ ਤਿਥੇ ਚੰਗੀ ਚੁੱਪ।” ਇਸ ਲਈ ਮੈਂ ਜ਼ਬਾਨ ਰੋਕ ਕੇ ਦਿਮਾਗ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਮੈਂ ਉਸ ਸ਼ਾਦੀ ਰੂਪੀ ਜਾਲ ਨੂੰ ਕੱਟਣ ਦੀ ਤਰਕੀਬ ਸੋਚਣ ਲੱਗ ਗਈ ਸੀ, ਜੋ ਮੈਨੂੰ ਫਸਾਉਣ ਅਤੇ ਕੈਦ ਕਰਨ ਲਈ ਬੁਣਿਆ ਜਾ ਰਿਹਾ ਸੀ। ਮੈਂ ਵਿਆਹ ਦਾ ਜੋੜਾ ਅਤੇ ਬੰਧਨਾਂ ਦਾ ਬੁਰਕਾ ਐਡੀ ਛੇਤੀ ਨਹੀਂ ਸੀ ਪਹਿਨਣਾ ਚਾਹੁੰਦੀ। ਮੇਰੇ ਬੁੱਲ੍ਹ ਮੀਚਣ ਸਾਰ ਹੀ ਅੰਮੀ ਨੇ ਵੀ ਚੁੱਪ ਧਾਰ ਲਈ ਸੀ। ਚੁੱਪਚਾਪ ਸਾਹਮਣੇ ਬੈਠੀ ਅੰਮੀ ਦੀ ਨਜ਼ਰ ਵੀ ਮੈਨੂੰ ਨੇਜ਼ਿਆਂ ਵਾਂਗ ਖੁੱਭਦੀ ਅਤੇ ਚੁੱਭਦੀ ਪ੍ਰਤੀਤ ਹੋਈ ਸੀ। ਉਸ ਨਜ਼ਰ ਦੀਆਂ ਨੋਕਾਂ ਦੀ ਚੁੱਭਣ ਨੂੰ ਸਹਾਰ ਨਾ ਸਕਣ ਕਾਰਨ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ। ਮੈਂ ਪਛਤਾਅ ਰਹੀ ਸੀ ਕਿ ਇਜ਼ਬਲ ਦੀ ਪਾਰਟੀ ਵਿੱਚ ਕਿਉਂ ਗਈ। ਉਸਦੀ ਮਜਲਸ ਵਿੱਚ ਮੈਂ ਤਾਂ ਖੁਸ਼ੀਆਂ ਦੀ ਤਲਾਸ਼ ਵਿੱਚ ਗਈ ਸੀ, ਪਰ ਉੱਥੇ ਜਾਣ ਨਾਲ ਤਾਂ ਮੇਰੀ ਜ਼ਿੰਦਗੀ ਦੇ ਰੰਗ ਵਿੱਚ ਭੰਗ ਪੈ ਗਈ ਸੀ।


No comments:

Post a Comment