ਕਾਂਡ 5 : ਬਿਰਹਾ ਤੂੰ ਸੁਲਤਾਨ

ਅਖ਼ੀਰ ਇੱਕ ਰੋਜ਼ ਮੇਰੀ ਅਰਜ਼ ਮਾਲਕ ਦੇ ਦਰਬਾਰ ਵਿੱਚ ਕਬੂਲੀ ਗਈ ਸੀ। ਬਿਮਾਰੀ ਤੋਂ ਮੈਨੂੰ ਛੁਟਕਾਰਾ ਮਿਲ ਹੀ ਗਿਆ। ਸਾਡੇ ਫੈਮਲੀ ਡਾਕਟਰ  ਦੀ ਸਰਜਰੀ  ਸ਼ਾਮ ਨੂੰ ਹੀ ਖੁੱਲ੍ਹਦੀ ਹੁੰਦੀ ਸੀ। ਆਥਣ ਨੂੰ ਮੈਂ ਡਾਕਟਰ ਤੋਂ ਫਿੱਟ ਨੋਟ  ਲੈ ਆਈ ਸੀ। ਪੂਰੀ ਜ਼ਿੰਦਗੀ ਵਿੱਚ ਮੈਂ ਜਿੰਨੀ ਵਾਰ ਘੜੀ ਦੇਖੀ ਹੈ, ਉਨੀ ਵਾਰ ਉਸ ਇੱਕ ਰਾਤ ਵਿੱਚ ਹੀ ਦੇਖੀ ਸੀ। ਬੜੀ ਬੇਸਬਰੀ ਵਿੱਚ ਮੈਂ ਉਹ ਰਾਤ ਲੰਘਾਈ ਸੀ। ਅੱਧੀ ਰਾਤ ਨੂੰ ਹੀ  ਮੈਂ ਨਹਾ-ਧੋਹ ਕੇ ਕੱਪੜੇ ਬਦਲ ਕੇ ਤਿਆਰ ਹੋ ਗਈ ਸੀ। ਨਿਰਧਾਰਤ ਸਮੇਂ ਤੋਂ ਬਹੁਤ ਪਹਿਲਾਂ, ਹਨੇਰੇ-ਹਨੇਰੇ ਹੀ ਘਰੋਂ ਸਕੂਲ ਲਈ ਰਵਾਨਾ ਹੋ ਗਈ ਸੀ। ਮੈਂ ਪੂਰੀ ਤਰ੍ਹਾਂ ਦਿਨ ਵੀ ਨਹੀਂ ਸੀ ਚੜ੍ਹਣ ਦਿੱਤਾ। 
ਲੰਮਾ ਅਰਸਾ ਬਿਮਾਰ ਰਹਿਣ ਬਾਅਦ ਮੈਂ ਪਹਿਲੇ ਦਿਨ ਸਕੂਲ ਪਰਤੀ ਸੀ। ਮੈਥੋਂ ਸਿਵਾਏ ਅਜੇ ਉੱਥੇ ਇੱਕ ਵੀ ਵਿਦਿਆਰਥੀ ਨਹੀਂ ਸੀ ਆਇਆ ਹੋਇਆ। ਸਕੂਲ ਵਿੱਚ ਕਾਂ ਪੈਂਦੇ ਸਨ। ਸਮਾਂ ਸੂਚੀ ਅਨੁਸਾਰ ਉਸ ਦਿਹਾੜੇ ਮੇਰਾ ਪਹਿਲਾਂ ਹੀ ਲੈਸਨ  ਵਿਗਿਆਨ ਦਾ ਸੀ। ਕਈ ਨਾਗ਼ੇ ਪੈਣ ਕਾਰਨ ਮੈਂ ਪੜ੍ਹਾਈ ਵਿੱਚ ਪੱਛੜੀ ਹੋਈ ਸੀ। ਨਿਰਸੰਦੇਹ ਬਾਕੀ ਵਿਦਆਰਥੀਆਂ ਦੇ ਨਾਲ ਰਲਣ ਲਈ ਮੈਨੂੰ ਦਿਨ ਰਾਤ ਇੱਕ ਕਰਨੀ ਪੈਣੀ ਸੀ। ਨੋਟਸ  ਤਾਂ ਮੈਂ ਕਿਸੇ ਦੀ ਨੋਟ-ਬੁੱਕ  ਉਧਾਰੀ ਮੰਗ ਕੇ ਘਰੇ ਵੀ ਨਕਲ ਕਰ ਸਕਦੀ ਸੀ। ਲੈਕਚਰ ਵੀ ਸਾਰੇ ਰਿਕਾਰਡ ਹੋ ਕੇ ਸਾਲ ਭਰ ਲਈ ਸਕੂਲ ਦੀ ਲਾਇਬਰੇਰੀ  ਵੀ ਜਮ੍ਹਾਂ ਰਹਿੰਦੇ ਸਨ, ਮੈਂ ਕਿਸੇ ਵੇਲੇ ਵੀ ਉੱਥੋਂ ਟੇਪ ਕੱਢਵਾ ਕੇ ਵਰਤ ਸਕਦੀ ਸੀ। ਪਰ ਐਕਪੈਰੀਮੈਂਟ (ਪ੍ਰਯੋਗ) ਮੈਨੂੰ ਕਲਾਸ ਰੂਮ ਵਿੱਚ ਹੀ ਕਰਨੇ ਪੈਣੇ ਸਨ। ਪੁਰਾਣੇ ਅਸਾਈਨਮੈਂਟ  ਫੁਰਤੀ ਨਾਲ ਨਿਪਟਾਉਣ ਬਾਰੇ ਸੋਚ ਕੇ ਸਵੇਰੇ ਸਾਜਰੇ ਸਕੂਲ ਲੱਗਣ ਤੋਂ ਪਹਿਲਾਂ ਹੀ ਮੈਂ ਲੈਬਾਰਟਰੀ
(ਪ੍ਰਯੋਗਸ਼ਾਲਾ) ਵਿੱਚ ਚਲੀ ਗਈ। ਅੱਗੋਂ ਜਾਂਦੀ ਨੂੰ ਇਕਬਾਲ ਬੈਠਾ ਆਪਣਾ ਪ੍ਰੈਕਟੀਕਲ ਦਾ ਕੰਮ ਨਿਬੇੜ ਰਿਹਾ ਸੀ। ਉਹਨੂੰ ਦੇਖ ਕੇ ਮੇਰਾ ਜ਼ਰਦ ਰੰਗ ਨਿੱਤਰੀ ਸ਼ਰਾਬ ਵਰਗੀ ਲਾਲੀ ਵਿੱਚ ਬਦਲ ਗਿਆ। ਮੈਨੂੰ ਤਾਂ ਖੁਸ਼ੀ ਹੋਣੀ ਹੀ ਸੀ, ਇਕਬਾਲ ਨੂੰ ਵੀ ਮੇਰਾ ਦਿਦਾਰ ਕਰ ਕੇ ਚਾਅ ਚੜ੍ਹ ਗਿਆ ਸੀ। ਹੈਲੋ-ਸ਼ੈਲੋ ਕਹਿਣ ਦੀ ਨਾਲੋਂ ਮੈਂ ਹੱਸਦੀ ਹੋਈ ਨੇ ਪਰਮਿੰਦਰ ਸੰਧੂ ਦੇ ਦਿਦਾਰ ਸੰਧੂ ਨਾਲ ਗਾਏ ਦੋਗਾਣੇ ਦੀ ਤੁਕ ਗੁਣਗੁਣਾ ਦਿੱਤੀ ਸੀ, “ਦਿਨ ਲੰਘੂਗਾ ਸੁਹਾਗਰਾਤ ਵਰਗਾ, ਵੇ ਉੱਠਦੀ ਦੀ ਨਜ਼ਰ ਪਿਐਂ।”
ਇਸਦੇ ਜੁਆਬ ਵਿੱਚ ਮੈਨੂੰ ਮੁਤਾਸਰ ਕਰਨ ਲਈ ਇਕਬਾਲ ਨੇ ਚਾਲੂ ਕਿਸਮ ਦੇ ਆਸ਼ਕਾਂ ਵਾਂਗ ਕੋਈ ਸ਼ਿਅਰ ਨਹੀਂ ਸੀ ਝਾੜਿਆ। ਘਟੀਆ ਦਰਜੇ ਦੀ ਤੁਕਬੰਦੀ ਕਰਨ ਦੀ ਬਜਾਏ ਉਹ ਮੇਰੇ ਵੱਲ ਦੇਖਦਾ ਹੋਇਆ ਮੁਸਕਰਾਉਂਦਾ ਰਿਹਾ ਸੀ। ਬਸ, ਮੈਨੂੰ ਪ੍ਰਭਾਵਿਤ ਕਰਨ ਲਈ ਤਾਂ ਉਹਦਾ ਮੁਸਕੁਰਾਉਣਾ ਹੀ ਕਾਫ਼ੀ ਸੀ। ਉਹਦੀਆਂ ਮੁਸਕੁਰਾਹਟਾਂ ਮੇਰਾ ਕਤਲ ਕਰੀ ਜਾ ਰਹੀਆਂ ਸਨ। ਮੈਂ ਟਿਕਟਕੀ ਲਾ ਕੇ ਬੜੀ ਨਿਰਖ ਨਾਲ ਇਕਬਾਲ ਦਾ ਚਿਹਰਾ ਦੇਖਣ ਲੱਗ ਗਈ ਸੀ। 
ਵੈਸੇ ਤਾਂ ਗੱਲ੍ਹਾਂ ਵਿੱਚ ਪੈਣ ਵਾਲੇ ਟੋਇਆਂ ਨੂੰ ਕੁੜੀਆਂ ਦੀ ਖ਼ੂਬਸੂਰਤੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਪਰ ਇਕਬਾਲ ਦੇ ਹੱਸਦੇ ਹੋਏ ਦੀਆਂ ਗੱਲ੍ਹਾਂ ਵਿੱਚ ਪੈਂਦੇ ਟੋਏ ਵੀ ਬਹੁਤ ਸੋਹਣੇ ਲੱਗਦੇ ਸਨ। ਸ਼ਾਇਦ ਇਸ ਮਨ ਲੁਭਾਉਣੀ ਮੁਸਕਰਾਹਟ ਅਤੇ ਖੁਸ਼ਮਿਜ਼ਾਜੀ ਸਦਕਾ ਹੀ ਇਕਬਾਲ ਸਾਡੇ ਸਕੂਲ ਦਾ ਸੈਕਸ ਸਿੰਬਲ  ਸੀ। ਮੈਂ ਖੜ੍ਹੀ-ਖੜ੍ਹੀ ਨੇ ਕਿਤਾਬਾਂ ਮੇਜ਼ ਉੱਤੇ ਰੱਖ ਦਿੱਤੀਆਂ। ਅਜੇ ਵੀ ਮੇਰੀ ਨਿਗਾਹ ਉਹਦੇ ਚਿਹਰੇ ’ਚ ਖੁੱਭੀ ਹੋਈ ਸੀ, “ਇਕਬਾਲ, ਤੈਨੂੰ ਪਤੈ? ਜਿਹੜੇ ਮੁੰਡੇ ਦੀਆਂ ਗੱਲ੍ਹਾਂ ਵਿੱਚ  ਡਿੰਪਲਸ  ਪੈਣ, ਉਹ ਆਪਣੀ ਸੱਸ ਨੂੰ ਬਹੁਤ ਪਿਆਰਾ ਹੁੰਦੈ।”
“ਸੱਸ ਦੀ ਤਾਂ ਖ਼ੈਰ ਆ, ਨਾ ਪਸੰਦ ਹੋਊ ਤਾਂ ਵੀ ਕਿਹੜਾ ਗੱਡਾ ਖੜ੍ਹਨ ਲੱਗਿਐ? ਸੱਸ ਦੀ ਕੁੜੀ ਨੂੰ ਪਿਆਰਾ ਲੱਗਣਾ ਚਾਹੀਦੈ। ਉਹ ਦੇ ਬਿਨਾਂ ਗੱਡੀ ਨ੍ਹੀਂ ਚੱਲਣੀ।”
“ਕੁੜੀ ਤਾਂ ਮਰੀ ਪਈ ਆ ਤੇਰੇ ’ਤੇ।” ਮੈਂ ਇਹ ਵਾਕ ਉਚਾਰ ਨਾ ਸਕੀ ਤੇ ਆਪਣੇ ਮੂੰਹ ਵਿੱਚ ਹੀ ਚੱਬ ਗਈ ਸੀ।
“ਸਰਕਾਰਾਂ ਖੜ੍ਹੇ ਪਿੰਡੋਂ ਆਈਆਂ, ਜਿਹੜਾ ਬੈਠਣ ਦਾ ਨਾਂ ਈ ਨਹੀਂ ਲੈ ਰਹੀਆਂ?” ਇਕਬਾਲ ਨੇ ਮੈਨੂੰ ਬੈਠ ਜਾਣ ਦਾ ਇਸ਼ਾਰਾ ਕੀਤਾ ਸੀ।
ਮੈਂ ਇਕਬਾਲ ਦੇ ਸਾਹਮਣੇ, ਸਟੂਲ ਉੱਤੇ ਬੈਠਦਿਆਂ ਕੁਹਣੀਆਂ ਮੇਜ਼ ’ਤੇ ਧਰ ਲਈਆਂ ਸਨ। ਇੱਕ ਹੱਥ ਦੇ ਪੰਜੇ ਵਿੱਚ ਦੂਸਰੇ ਦੀਆਂ ਉਂਗਲਾਂ ਫਸਾ ਕੇ ਪੁੱਲ ਜਿਹਾ ਬਣਾ ਲਿਆ ਅਤੇ ਉਨ੍ਹਾਂ ਉੱਪਰ ਆਪਣਾ ਚਿਹਰਾ ਟਿਕਾ ਲਿੱਤਾ ਸੀ। 
ਮੇਰੀ ਮਿਜ਼ਾਜਪੁਰਸ਼ੀ ਕਰਨ ਬਾਅਦ ਇਕਬਾਲ ਨੇ ਸੰਜੀਦਾ ਹੁੰਦਿਆਂ ਹੋਇਆਂ ਕਿਹਾ, “ਸ਼ੁਕਰ ਐ ਪ੍ਰਮਾਤਮਾ ਦਾ ਤੂੰ ਰਾਜ਼ੀ ਹੋ ’ਗੀ। ਤੇਰੇ ਛੇਤੀ ਤੰਦਰੁਸਤ ਹੋਣ ਦੀ ਮੈਂ ਸੁੱਖ-ਸੁੱਖੀ ਸੀ।”
“ਅੱਛਾ, ਤਾਂ ਇਹ ਤੇਰੀ ਸੁੱਖ ਦੇ ਦਿੱਤੇ ਹੋਏ ਦੁੱਖ ਨੇ? ਮਸਾਂ-ਮਸਾਂ ਮੈਂ ਬਿਮਾਰ ਹੋਈ ਸੀ। ਸੋਚਿਆ ਸੀ ਚਾਰ ਦਿਨ ਪੜ੍ਹਾਈ ਤੋਂ ਜਾਨ ਛੁੱਟੂ, ਰੈੱਸਟ  ਕਰਨ ਦੇ ਬਹਾਨੇ ਘਰੇ ਵਿਹਲੀ ਬਹਿ ਕੇ ਮਜ਼ੇ ਕਰੂੰਗੀ।  ਪਰ ਰੱਬ ਨੇ ਤੇਰੇ ਆਖੇ ਲੱਗ ਕੇ ਮੈਨੂੰ ਛੇਤੀ ਸਿਹਤਯਾਬ ਕਰ ਦਿੱਤੈ। -ਸਾਡੀ ਤਾਂ ਰਹਿ ’ਗੀ ਨਾ ਐਸ਼ ਵਿੱਚੇ ਈ?” ਮੈਂ ਪ੍ਰਸਿਧ ਗਾਇਕਾ ਸਲੀਨ ਡੀਓਨ ਵਰਗੀ ਆਪਣੀ ਮਿੱਠੀ ਆਵਾਜ਼ ਵਿੱਚ ਝੂਠਾ-ਮੁੱਠਾ ਖਫ਼ਾ ਹੋਈ।
“ਤੁਸੀਂ ਕਰੋਂ ਐਸ਼ ਤੇ ਅਸੀਂ ਹੋਈਏ ਮੈਸ਼ (ਦਲਿਆ ਜਾਣਾ), ਮਾਲਕੋ, ਇਹ ਕਿੱਥੋਂ ਦਾ ਇਨਸਾਫ਼ ਐ? -ਸ਼ਾਜ਼ੀਆ ਤੇਰੇ ਬਿਨਾਂ ਸਾਰਾ ਸਕੂਲ ਸੁੰਨਾ-ਸੁੰਨਾ ਲੱਗਦਾ ਸੀ। ਧਰਮ ’ਨਾ ਤੇਰੇ ਫਿਕਰ ’ਚ ਮੈਥੋਂ ਇੱਕ ਦਿਨ ਵੀ ਚੱਜ ਨਾਲ ਪੜ੍ਹ ਨਹੀਂ ਹੋਇਆ। ਕੋਈ ਕੰਮ ਕਰਨ ਨੂੰ ਰੂਹ ਨਹੀਂ ਸੀ ਕਰਦੀ ਹੁੰਦੀ। ਕੁੱਝ ਵੀ ਚੰਗਾ ਨਹੀਂ ਸੀ ਲੱਗਦਾ ਹੁੰਦਾ। ਇਹ ਜ਼ਿੰਦਗੀ  ਜ਼ਿੰਦਗੀ ਨਹੀਂ। ਬਲਕਿ ਇੱਕ ਸਰਾਪ ਜਿਹਾ ਲੱਗਦੀ ਹੁੰਦੀ ਸੀ।”
ਉਹਦੇ ਭਾਵੁਕਤਾ ਭਰੇ ਵਿਚਾਰ ਸੁਣ ਕੇ ਮੈਂ ਵੀ ਗੰਭੀਰ ਹੋਏ ਬਿਨਾਂ ਨਹੀਂ ਸੀ ਰਹਿ ਸਕੀ, “ਸੱਚ ਪੁੱਛੇਂ ਇਕਬਾਲ, ਜੁਦਾਈ ਤਾਂ ਤੇਰੀ ਮੇਰੇ ਤੋਂ ਵੀ ਝੱਲੀ ਨਹੀਂ ਗਈ। ਦਿਨ-ਰਾਤ ਮੰਜੇ ’ਤੇ ਪਈ ਤੈਨੂੰ ਦੇਖਣ ਲਈ ਤੜਫਦੀ ਰਹਿੰਦੀ ਹੁੰਦੀ ਸੀ। ਕਹਿੰਦੀ ਹੁੰਦੀ ਸੀ ਕਿਹੜਾ ਵੇਲਾ ਹੋਵੇ ਬੁਖਾਰ ਲਹੇ ਤੇ ਮੈਂ ਭੱਜ ਕੇ ਤੇਰੀਆਂ ਬਾਹਾਂ ਵਿੱਚ ਆ ਜਾਵਾਂ। ਬਹੁਤ ਤਿਉ ਆਉਂਦੈ ਤੇਰਾ ਮੈਨੂੰ। ਏਸੇ ਲਈ ਠੀਕ ਹੋਣਸਾਰ ਗੋਲੀ ਵਾਂਗੂੰ ਭੱਜੀ ਆਈ ਆਂ। ਨਹੀਂ, ਡਾਕਟਰ ਨੇ ਤਾਂ ਮੈਨੂੰ ਅਜੇ ਇੱਕ ਦੋ ਦਿਨ ਹੋਰ ਅਰਾਮ ਕਰਨ ਨੂੰ ਕਿਹਾ ਸੀ। ਘਰੇ ਬੈਠੀ ਦਾ ਧਿਆਨ ਹਰ ਵੇਲੇ ਤੇਰੇ ’ਚ ਰਹਿੰਦਾ ਸੀ। ਸਾਉਂਦੀ ਸੀ ਤਾਂ ਤੇਰੇ ਸੁਪਨੇ, ਜਾਗਦਿਆਂ ਤੇਰੇ ਖ਼ਿਆਲ। ਇਉਂ ਕੀਤਾ ਤੇਰੇ ਹਿਜਰ ਨੇ, ਸਾਡਾ ਜੀਣਾ ਮੁਹਾਲ।” ਮੇਰੇ  ਅੰਦਰੋਂ ਆਪ-ਮੁਹਾਰੇ ਕਵਿਤਾ ਫੁੱਟ ਨਿਕਲੀ ਸੀ।
ਇਕਬਾਲ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਕਿੰਨੀ ਦੇਰ ਤੱਕ ਚੁੱਪ-ਚਾਪ ਮੇਰੇ ਚਿਹਰੇ ਵੱਲ ਦੇਖਦਾ ਰਿਹਾ ਸੀ। ਮੈਂ ਸੰਗਦੀ ਨੇ ਨੀਵੀਂ ਪਾ ਲਈ, “ਆਏਂ ਘੂਰ-ਘੂਰ ਕੀ ਦੇਖਦੈਂ? ਕਦੇਂ ਕੋਈ ਕੁੜੀ ਨ੍ਹੀਂ ਦੇਖੀ?”
“ਕੁੜੀਆਂ ਤਾਂ ਬਹੁਤ ਦੇਖੀਆਂ ਨੇ ਪਰ ਐਡੀ ਸੋਹਣੀ ਤੇ ਪਿਆਰੀ ਕੁੜੀ ਪਹਿਲੀ ਵਾਰ ਦੇਖੀ ਐ। -ਸੱਚਮੁੱਚ ਤੂੰ ਬਹੁਤ ਖ਼ੂਬਸੂਰਤ ਐਂ। ਇੰਨ-ਬਿੰਨ ਮਿਸ ਵਰਲਡ  ਅਸ਼ਵਰੀਆ ਰਾਏ ਵਰਗੀ ਲੱਗਦੀ ਐਂ?”
ਮੈਂ ਨਜ਼ਰ ਉਤਾਂਹ ਚੁੱਕ ਕੇ ਤੱਕਿਆ, ਇਕਬਾਲ ਦੀਆਂ ਅੱਖਾਂ ਵਿੱਚੋਂ ਸਚਾਈ ਝਲਕਦੀ ਸੀ। ਤਾਰੀਫ ਸੁਣ ਕੇ ਮੇਰੇ ਮਨ ਵਿੱਚ ਗੁਦਗੁਦੀ ਜਿਹੀ ਹੋਈ ਤੇ ਧੰਨਵਾਦ ਕਰਨ ਲਈ ਮੈਂ ਵੀ ਉਹਨੂੰ ਆਪਣਾ ਨੱਕ ਸੁਕੇੜ ਕੇ ਕਿਹਾ ਸੀ, “ਘੱਟ ਤਾਂ ਤੂੰ ਵੀ ਨਹੀਂ। ਰਾਜ ਬੱਬਰ ਜਿਹਾ।” 
ਇਕਬਾਲ ਵੀ ਮੇਰੀ ਤਰ੍ਹਾਂ ਫਖਰੀਆ ਮੁਸਕਾਨ ਮੁਸਕਾਇਆ ਸੀ। ਉਹ ਜਾਣਦਾ ਸੀ ਕਿ ਰਾਜ ਬੱਬਰ ਮੈਨੂੰ ਸੋਹਣਾ ਬੜਾ ਲੱਗਦਾ ਹੁੰਦਾ ਸੀ। ਇਕਬਾਲ ਨੇ ਠੋਡੀ ਹੇਠੋਂ ਖਿੱਚ ਕੇ ਮੇਰੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਘੁੱਟ ਲਿੱਤੇ। ਮੈਂ ਆਪਣੀ ਥਾਂ ਤੋਂ ਉੱਠ ਕੇ ਮੇਜ਼ ਦੁਆਲਿਉਂ ਹੁੰਦੀ ਹੋਈ ਉਹਦੇ ਬਰਾਬਰ ਪਏ ਸਟੂਲ ’ਤੇ ਜਾ ਕੇ ਬੈਠ ਗਈ। ਖ਼ੌਰੇ ਉਦੋਂ ਮੇਰੇ ਮਨ ਵਿੱਚ  ਕੀ ਆਇਆ ਸੀ ਕਿ ਮੈਂ ਇਕਬਾਲ ਦਾ ਹੱਥ ਫੜ ਕੇ ਆਪਣੇ ਮਖਮਲੀ ਪੱਟ ’ਤੇ ਰਖਵਾ ਲਿਆ। ਮੈਂ ਚਾਹੁੰਦੀ ਸੀ ਜਿਸ ਜਗ੍ਹਾ ਮੈਂ ਹੱਥ ਰਖਵਾਇਆ ਸੀ, ਉੱਥੋਂ ਇਕਬਾਲ ਮੈਨੂੰ ਸਹਿਲਾਵੇ। ਨਹੀਂ ਸਹਿਲਾਵੇ ਨਾ, ਬਲਕਿ ਝਾਵੇਂ ਜਾਂ ਕੂਚੀ ਵਾਂਗੂੰ ਰਗੜ ਸਿੱਟੇ। ਸਾਰਾ ਮਾਸ ਖੁਰਚ ਦੇਵੇ। ਮੇਰਾ ਆਦੇਸ਼ ਮੰਨ ਕੇ ਇਕਬਾਲ ਨੇ ਉਸ ਹੱਥ ਨਾਲ ਮੇਰੇ ਪੱਟਾਂ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ ਤੇ ਦੂਜਾ ਹੱਥ ਮੇਰੇ ਮੋਢਿਆਂ ਤੋਂ ਦੀ ਬਗਲ ਕੇ ਜੱਫੀ ਵਿੱਚ ਲੈਂਦਿਆ ਜਿੰਨਾ ਮੈਨੂੰ ਆਪਣੇ ਕਰੀਬ ਖਿੱਚਿਆ, ਉਸ ਤੋਂ ਵੱਧ  ਮੈਂ ਉਹਦੇ ਨੇੜੇ ਹੋ ਗਈ ਸੀ।
ਇਕਬਾਲ ਮੇਰੇ ਪੱਟ ਨੂੰ ਹਲਕਾ-ਹਲਕਾ ਰਗੜਦਾ ਗਿਆ ਤੇ ਨਾਲ ਦੀ ਨਾਲ ਮੇਰੀ ਸਲਵਾਰ ਉੱਤੇ ਨੂੰ ਚੁੱਕਦਾ ਗਿਆ। ਹੌਲੀ-ਹੌਲੀ ਮੇਰੀ ਸਿਲਕੀ  ਸਲਵਾਰ ਦੀ ਮੂਹਰੀ ਗੋਡੇ ਤੱਕ ਆ ਗਈ ਤਾਂ ਉਹਨੇ ਖੁੱਲ੍ਹੇ ਪਹੁੰਚੇ ਵਿੱਚ ਹੱਥ ਪਾ ਕੇ ਸਲਵਾਰ ਦੀ ਪੂਰੀ ਲੱਤ ਮੇਰੀਆਂ ਜਾਘਾਂ ਕੋਲ ਇਕੱਠੀ ਕਰ ਦਿੱਤੀ ਸੀ। ਹਨੇਰੇ ਵਿੱਚ ਫਿਰਦੇ ਜੁੰਗਨੂੰਆਂ ਵਾਂਗ ਮੇਰਾ ਨਰਮ ਮੁਲਾਇਮ ਗੋਰਾ ਪੱਟ ਲਿਸ਼ਕ ਰਿਹਾ ਸੀ। ਨੰਗੇ ਪੱਟ ਨੂੰ ਇਕਬਾਲ ਨੇ ਮਾਲਸ਼ ਕਰਨ ਵਾਲਿਆਂ ਵਾਂਗ ਮਲਣਾ, ਸਹਿਲਾਉਣਾ ਅਤੇ ਘੁੱਟਣਾ ਸ਼ੁਰੂ ਕਰ ਦਿੱਤਾ। ਅਜੀਬ ਕਿਸਮ ਦੇ ਇੱਕ ਉਨਮਾਦ, ਇੱਕ ਨਸ਼ੇ ਜਿਹੇ ਦੀ ਪਰਤ ਮੇਰੇ ਉੱਪਰ ਚੜ੍ਹਦੀ ਜਾ ਰਹੀ ਸੀ। ਉਸ ਵਕਤ ਅਸੀਂ ਇਹ ਵੀ ਭੁੱਲ ਗਏ ਸੀ ਕਿ ਅਸੀਂ ਸਕੂਲ ਦੇ ਕਮਰੇ ਵਿੱਚ ਸਾਂ। ਕੁੱਝ ਵੀ ਯਾਦ ਨਹੀਂ ਸੀ ਰਿਹਾ। ਇਹ ਵੀ ਨਹੀਂ ਕਿ ਮੈਂ ਕੌਣ ਹਾਂ ਤੇ ਉਹ ਕੌਣ ਹੈ। ਮੈਨੂੰ ਇਉਂ ਲੱਗਦਾ ਸੀ ਜਿਵੇਂ ਮੇਰੇ ਸ਼ਰੀਰ ਵਿੱਚ ਕੁੱਝ ਵੀ ਮੇਰਾ ਨਹੀਂ ਹੁੰਦਾ।  ਸਭ ਕੁੱਝ ਉਹਦੀ ਅਮਾਨਤ ਹੋਵੇ ਤੇ ਉਹਦੇ ਜਿਸਮ ਉੱਤੇ ਸਿਰਫ਼ ਮੇਰਾ ਹੱਕ, ਮੇਰਾ ਅਧਿਕਾਰ ਹੋਵੇ। ਮੈਂ ਉਸਨੂੰ ਪ੍ਰਾਪਤ ਕਰਨ ਲਈ ਵਿਆਕੁਲ ਸੀ। ਉਹ ਮੇਰੀ ਪ੍ਰਾਪਤੀ ਲਈ ਉਤਾਵਲਾ ਸੀ। ਇੰਝ ਜਾਪਦਾ ਸੀ ਜਿਵੇਂ ਪਿਛਲੇ ਕਈ ਜਨਮਾਂ ਤੋਂ ਉਹਦਾ ਮੇਰੇ ਨਾਲ ਤਅੱਲਕ ਹੋਵੇ ਤੇ ਮੈਂ ਉਹਦੇ ਨਾਲ ਸੰਬੰਧਤ ਹੋਵਾਂ। ਮੈਂ ਆਪਣਾ ਪੋਟਾ-ਪੋਟਾ ਉਹਦੇ ਨਾਮ ਕਰ ਦਿੱਤਾ ਸੀ ਤੇ ਉਹਦੇ ਅੰਗ-ਅੰਗ ਉੱਤੇ ਮੈਨੂੰ ਆਪਣਾ ਨਾਮ ਉਕਰਿਆ ਹੋਇਆ ਦਿਖਾਈ ਦਿੰਦਾ ਸੀ। ਮੇਰੇ ਮਨ ਦੇ ਘੁੰਗਰੂ ਵੱਜਣ ਲੱਗ ਪਏ ਸਨ। ਮੈਂ ਸਰੂਰ ਜਿਹੇ ਵਿੱਚ ਆ ਕੇ ਅੱਖਾਂ ਬੰਦ ਕਰ ਲਈਆਂ ਸਨ। 
ਦੋ ਵੱਖੋ-ਵੱਖਰੇ ਕੈਮੀਕਲਾਂ (ਰਸਇਣਿਕ ਪਦਾਰਥ) ਨੂੰ ਮਿਲਾਉਣ ਤੇ ਹੋਣ ਵਾਲੇ ਐਕਸ਼ਨਾਂ-ਰਿਐਕਸ਼ਨਾਂ ਤੋਂ ਮੈਂ ਭਲੀ-ਭਾਂਤ ਜਾਣੂ ਸੀ। ਪਰ ਜਦੋਂ ਦੋ ਵਿਪਰੀਤ ਲਿੰਗੀ ਜੀਵ, ਵਿਸ਼ੇਸ਼ ਕਰ ਔਰਤ ਅਤੇ ਆਦਮੀ ਮਿਲਦੇ ਹਨ ਤਾਂ ਕੀ ਵਾਪਰਦਾ ਹੈ? ਮਨੁੱਖੀ ਸ਼ਰੀਰਾਂ ਦੇ ਅੰਦਰ ਕੀ ਤਬਦੀਲੀਆਂ ਹੁੰਦੀਆਂ ਹਨ? ਇਸ ਸਭ ਕਾਸੇ ਦਾ ਮੈਂ ਪਹਿਲੀ ਵਾਰ ਤਜਰਬਾ ਕਰ ਰਹੀ ਸੀ। ਉਸ ਵੇਲੇ ਸਾਡੇ ਦੋਨਾਂ ਦੀ ਇੱਕ ਦੂਜੇ ਦੇ ਬੁੱਲ੍ਹਾਂ ਤੋਂ ਦੂਰੀ ਪੂਰੀ ਇੱਕ ਗਿੱਠ ਸੀ। ਜੋ ਉਸੇ ਹੀ ਪਲ ਘਟਣ ਲੱਗ ਗਈ ਸੀ। ਕੁੱਝ-ਕੁੱਝ ਉਹ ਆਪਣਾ ਮੂੰਹ ਮੇਰੇ ਲਾਗੇ ਲਿਆਉਂਦਾ ਗਿਆ ਤੇ ਰਫ਼ਤਾ-ਰਫ਼ਤਾ ਮੈਂ ਆਪਣਾ ਉਹਦੇ ਨਜ਼ਦੀਕ ਉਦੋਂ ਤੱਕ ਲਿਜਾਂਦੀ ਗਈ, ਜਦ ਤੱਕ ਸਾਡੇ ਪਿਆਸੇ ਅਤੇ ਮਚਲਦੇ ਹੋਂਠ ਭਿੜਨ ਨਹੀਂ ਲੱਗ ਗਏ। ਕਾਮ ਦੇਵਤਾ ਕਿਉਪਿਡ ਤੀਰਾਂ ਦੀ ਵਰਖਾ ਕਰੀ ਜਾ ਰਿਹਾ ਸੀ। 
ਵੇਗ ਵਿਗੁੱਤੇ ਇਕਬਾਲ ਨੇ ਆਪਣੇ ਸਟੂਲ ਤੋਂ ਉੱਠ ਕੇ ਮੈਨੂੁੰ ਖੜ੍ਹੀ ਕਰ ਲਿਆ ਤੇ ਚੁੰਮਦਿਆਂ-ਚੁੰਮਦਿਆਂ ਸਟੱਡੀ ਟੈਬਲ ’ਤੇ ਆਪਣੇ ਨੀਚੇ ਲਿਟਾ ਲਿਆ। ਸਿਰ ਤੋਂ ਪੈਰਾਂ ਤੱਕ ਉਹਨੇ ਮੈਨੂੰ ਰਜਾਈ ਵਾਂਗ ਆਪਣੇ ਹੇਠ ਲਕੋਇਆ ਹੋਇਆ ਸੀ। ਉਹ ਭੁੱਖਿਆਂ ਦੀ ਤਰ੍ਹਾਂ ਮੈਨੂੰ ਇੰਝ ਚੂਸ ਰਿਹਾ ਸੀ, ਯਾਨੀ ਪਿਆਰ ਨਹੀਂ, ਬਲਕਿ ਮੇਰਾ ਬਲਾਤਕਾਰ ਕਰ ਰਿਹਾ ਹੋਵੇ। ਕਮਰੇ ਵਿੱਚ ਹੋਰ ਕੋਈ ਆਵਾਜ਼ ਨਹੀਂ ਸੀ ਸਿਵਾਏ ਸਾਡੇ ਸਾਹਾਂ ਅਤੇ ਚੁੰਮਣਾਂ ਦੇ ਪੁਚਾਕਿਆਂ ਤੋਂ। ਅਸੀਂ ਇੰਝ ਇੱਕ ਦੂਜੇ ਨੂੰ ਚਿੰਬੜੇ ਹੋਏ ਸੀ ਜਿਵੇਂ ਅੱਗ ਫੂਸ ਨੂੰ ਲੱਗਦੀ ਹੈ।
ਬਾਹਰ ਵੱਗਦੀ ਹਵਾ ਖੁੱਲ੍ਹੀਆਂ ਬਾਰੀਆਂ ਰਾਹੀਂ ਆਉਂਦੀ ਤਾਂ ਮੇਰੇ ਵਾਲ ਉੱਡ ਕੇ ਵਾਰ-ਵਾਰ ਮੇਰੇ ਹੀ ਮੂੰਹ ਵਿੱਚ ਪੈ ਜਾਂਦੇ। ਪਵਨ ਬਹੁਤ ਤੇਜ਼ ਹੋ ਗਈ ਸੀ। ਬਲਕਿ ਇਹ ਕਹਿਣਾ ਵਧੇਰੇ ਦਰੁਸਤ ਹੋਵੇਗਾ ਕਿ ਵਾਯੂ ਦੇਵੀ ਸਿਲਫ਼ ਦਾ ਪੂਰਾ ਟਿੱਲ ਲੱਗਿਆ ਪਿਆ ਸੀ। ਜਿਵੇਂ ਹਨੇਰੀ ਆ ਗਈ ਹੁੰਦੀ ਹੈ। ਸਾਨੂੰ ਕੋਈ ਪਰਵਾਹ ਨਹੀਂ ਸੀ। ਜੰਪਰ ਦੇ ਘੇਰੇ ਦੇ ਉੱਡ ਜਾਣ ਕਾਰਨ ਮੇਰਾ ਸਾਰਾ ਢਿੱਡ ਨੰਗਾ ਹੋ ਗਿਆ ਸੀ। ਮੇਰੀ ਕੁੜਤੀ ਵਿੱਚ ਸੰਨ੍ਹ ਲਾ ਕੇ ਵੜੇ ਹੋਏ ਇਕਬਾਲ ਦੇ ਹੱਥ ਮੇਰੇ ਜਿਸਮ ਨੂੰ ਇਉਂ ਟੋਹ ਰਹੇ ਸਨ, ਜਿਵੇਂ ਕੋਈ ਕਮਜ਼ੋਰ ਨਜ਼ਰ ਵਾਲਾ ਵਿਅਕਤੀ ਧਰਤੀ ’ਤੇ ਆਪਣੀ ਡਿੱਗ ਕੇ ਗੁਆਚੀ ਹੋਈ ਐਨਕ ਲੱਭ ਰਿਹਾ ਹੁੰਦਾ ਹੈ। ਉਹਦਾ ਅਜਿਹਾ ਕਰਨਾ ਮੈਨੂੰ ਬੜਾ ਚੰਗਾ ਲੱਗ ਰਿਹਾ ਸੀ। ਮੇਰੇ ਆਰੂਜ਼ ਬਰ੍ਹਾ ਤੋਂ ਖੋਹ ਕੇ ਇਕਬਾਲ ਦੇ ਬਲਵਾਨ ਹੱਥਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਸਨ। ਮੈਂ ਉਹਨੂੰ ਮੋਢਿਆਂ ਤੋਂ ਖਿੱਚ ਕੇ ਆਪਣੇ ਉੱਪਰ ਇਉਂ ਸਿੱਟਿਆ ਹੋਇਆ ਸੀ ਕਿ ਉਹ ਚਾਹੁਣ ਦੇ ਬਾਵਜੂਦ ਵੀ ਉੱਠ ਨਾ ਸਕੇ। ਮੇਜ਼ ’ਤੇ ਪਈ ਹੋਈ ਹੀ ਮੈਂ ਧੌਣ ਚੁੱਕ ਕੇ ਕਦੇ ਉਹਦੀ ਗਰਦਨ, ਕਦੇ ਛਾਤੀ ਤੇ ਕਦੇ ਠੋਡੀ ਨੂੰ ਚੁੰਮ ਲੈਂਦੀ। ਧੀਮੇ-ਧੀਮੇ ਚੱਖ ਵੱਢਦੀ। ਉਹਦਾ ਮੂੰਹ ਮੇਰੀ ਗਰਦਣ ਵਿੱਚ ਖੁੱਭਿਆ ਹੋਇਆ ਸੀ। ਯਕਾਯਕ ਇਕਬਾਲ ਨੇ ਬੂਟਾਂ ਦੇ ਤਸਮਿਆਂ ਨੂੰ ਖੋਲ੍ਹਣ ਵਾਂਗੂੰ ਮੇਰੇ ਨਾਲੇ ਦਾ ਇੱਕ ਸਿਰਾ ਪਕੜ ਕੇ ਖਿੱਚਦਿਆਂ ਇਕੋ ਝਟਕੇ ਵਿੱਚ ਮੇਰੀ ਸਲਵਾਰ  ਇੰਝ ਢਿੱਲੀ ਕਰ ਦਿੱਤੀ, ਜਿਵੇਂ ਹਨੇਰੀ ਆਈ ਤੋਂ ਅਰਲ ਨਾ ਲੱਗੀ ਹੋਣ ਕਰਕੇ ਭੇੜਿਆ ਹੋਇਆ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਨਾਲਾ ਖੁੱਲ੍ਹਦਿਆਂ ਹੀ ਉਹਨੇ ਮੇਰੀ ਸਲਵਾਰ ਮੇਰੇ ਗਿੱਟਿਆਂ ਵੱਲ ਸਰਕਾ ਦਿੱਤੀ ਸੀ। ਮੈਂ ਵੀ ਇਕਬਾਲ ਦੀ ਪੈਂਟ ਲਾਹੁਣ ਲਈ ਉਹਦੀ ਬੈੱਲਟ ਦੇ ਬੱਕਲ ’ਚ ਉਂਗਲਾਂ ਅੜਾਈਆਂ ਹੀ ਸਨ ਕਿ ਨਾ ਜਾਣੇ ਮੈਨੂੰ ਕਿੱਧਰੋਂ ਖ਼ਿਆਲ ਆ ਗਿਆ ਸੀ ਕਿ ਇਕਬਾਲ ਤਾਂ ਸਿੱਖਾਂ ਦਾ ਮੁੰਡਾ ਹੈ! ਮੇਰੇ ਅਚੇਤ ਵਿੱਚ ਬੈਠਾ ਹੋਇਆ ਇਹ ਭੈਅ ਛੜੱਪਾ ਮਾਰ ਕੇ ਉੱਠ ਖਲੋਇਆ ਸੀ। ਮੇਰੇ ਅੰਦਰਲੀ ਇਸਲਾਮੀ ਕੱਟੜਤਾ ਨੇ ਦਬਾਅ ਪਾ ਕੇ ਮੈਨੂੰ ਝੰਜੋੜ ਸੁੱਟਿਆ ਸੀ, “ਇਹ ਕਾਫ਼ਰ ਤਾਂ ਤੈਨੂੰ ਨਾਪਾਕ ਕਰਨ ਜਾ ਰਿਹਾ ਹੈ। ਕੁੱਝ ਹੋਸ਼ ਕਰ। ਨਹੀਂ ਤਾਂ ਅੱਲ੍ਹਾ ਦੀ ਮਾਰ ਪਊ ਤੈਨੂੰ।”
ਇਸ ਖ਼ੌਫ ਦੀ ਆਰੀ ਨੇ ਮੇਰੇ ਮਨ ਵਿੱਚ ਫੈਲਰਿਆ ਉਸਦੇ ਇਸ਼ਕ ਦਾ ਰੁੱਖ ਤਣੇ ਤੋਂ ਵੱਢ ਕੇ ਸੁੱਟ ਦਿੱਤਾ ਸੀ। ਬੈੱਲਟ ਨੂੰ ਉੱਥੇ ਹੀ ਅੱਧ-ਖੁੱਲ੍ਹੀ ਛੱਡ ਕੇ ਮੈਂ ਇਕਬਾਲ ਨੂੰ ਐਨੀ ਜ਼ੋਰ ਦੀ ਧੱਕਾ ਮਾਰ ਕੇ ਉੱਠੀ ਸੀ ਕਿ ਉਹ ਮੇਜ਼ ਤੋਂ ਹੇਠਾਂ ਡਿੱਗਦਾ-ਡਿੱਗਦਾ ਮਸਾਂ ਹੀ ਬਚਿਆ। ਖੜ੍ਹੀ ਹੋਣ ਸਾਰ ਪਹਿਲਾਂ ਤਾਂ ਮੈਂ ਪੈਰਾਂ ਵਿੱਚ ਗੁੱਛਾਂ-ਮੁੱਛਾਂ ਹੋਈ ਪਈ ਆਪਣੀ ਸਲਵਾਰ ਨੂੰ ਚੁੱਕ ਕੇ ਬੰਨ੍ਹਿਆ। ਸੁੱਤੇ ਦਿਮਾਗ ਨੂੰ ਜਗਾਉਣ ਲਈ ਸਿਰ ਨੂੰ ਝੁਣਕਿਆ। ਫਿਰ ਮੈਂ ਸੋਚਣ ਵਾਸਤੇ ਧਿਆਨ ਇਕਾਗਰ ਕਰਨ ਦੇ ਯਤਨ ਵਿੱਚ ਆਪਣਾ ਮੁਖੜਾ ਤਲੀਆਂ ਵਿੱਚ ਛੁਪਾ ਲਿਆ। ਉਂਗਲਾਂ ਦੇ ਸਿਰਿਆਂ ਨਾਲ ਮੀਚੀਆਂ ਹੋਈਆਂ ਸੁੱਕੀਆਂ ਅੱਖਾਂ ਦੱਬ ਕੇ ਪੂੰਝਣ ਬਾਅਦ , ਮੱਥੇ ’ਤੇ ਹੁੰਦੇ ਹੋਏ ਮੇਰੇ ਹੱਥ, ਵਾਲਾਂ ਨਾਲ ਘਿਸੜਦੇ, ਪਿਛਾਂਹ ਸਿਰ ਵੱਲ ਨੂੰ ਚਲੇ ਗਏ। ਹਵਾ ਥੰਮ੍ਹ ਗਈ ਸੀ। ਸਭ ਕੁੱਝ ਸ਼ਾਂਤ ਹੋ ਗਿਆ ਸੀ। 
“ਯਾਹ ਅੱਲਾਹ! ਇਹ ਮੈਂ ਕੀ ਅਨਰਥ ਕਰਨ ਲੱਗੀ ਸੀ?” ਮੇਰੇ ਅੰਦਰੋਂ ਕੋਈ ਆਵਾਜ਼ ਆਈ ਸੀ।
ਪੈਂਟ ਨੂੰ ਲੱਕ ਉੱਤੇ ਖਿੱਚਦਾ ਇਕਬਾਲ ਮੇਰੇ ਕੋਲ ਨੂੰ ਆਇਆ ਸੀ, “ਤੂੰ ਠੀਕ ਐਂ? ਕੀ ਹੋਇਐ?”
“ਖੁਦਾ ਦਾ ਸ਼ੁਕਰ ਐ, ਜੋ ਅਜੇ ਤਾਈਂ ਕੁੱਝ ਹੋਇਆ ਨ੍ਹੀਂ। -ਸੌਰੀ ਬਾਲੇ (ਮੈਂ ਪਿਆਰ ਨਾਲ ਉਸਨੂੰ ਬਾਲਾ ਹੀ ਕਹਿੰਦੀ ਹੁੰਦੀ ਸੀ) ਇਹ ਮਾਮਲਾ ਅੱਗੇ ਨਹੀਂ ਵੱਧ ਸਕਦਾ।”
“ਕਿਉਂ? ਮੈਂ ਪਸੰਦ ਨ੍ਹੀਂ ਤੈਨੂੰ?” ਇਕਬਾਲ ਨੇ ਮੇਰੇ ਲੱਕ ਦੁਆਲੇ ਬਾਹਾਂ ਪਾ ਕੇ ਮੈਨੂੰ ਆਪਣੇ ਨਾਲ ਧੂਹ ਕੇ ਜੋੜ ਲਿਆ ਸੀ।
ਇਸ ਵਾਰ ਪਰ੍ਹੇ ਧਕੇਲਣ ਦੀ ਬਜਾਏ ਮੈਂ ਆਪ ਉਹਦੀ ਛਾਤੀ ’ਤੇ ਇਉਂ ਸਿਰ ਧਰ ਦਿੱਤਾ ਜਿਵੇਂ ਕੋਈ ਭੂਤ-ਪ੍ਰੇਤ ਤੋਂ ਡਰਦਾ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਜਾ ਵੜਦਾ ਹੈ, “ਜੇ ਪਸੰਦ ਨਾ ਹੁੰਦਾ ਤਾਂ ਬਾਲੇ ਮੈਂ ਤੈਨੂੰ ਆਪਣੇ ਲੱਕ ਨੂੰ ਇਉਂ ਹੱਥ ਪਾਉਣ ਦੇ ਦਿੰਦੀ?”
“ਫਿਰ ਕੀ ਵਜ੍ਹਾ ਐ?”
ਆਪਣੀ ਮੁਹੱਬਤ ਪਰਵਾਨ ਨਹੀਂ ਚੜ੍ਹ ਸਕਦੀ। ਮੈਨੂੰ ਆਪਣੇ ਇਸ਼ਕ ਦਾ ਅੰਧਕਾਰਮਈ ਭਵਿੱਖ ਸਾਫ਼ ਨਜ਼ਰ ਆ ਰਿਹਾ ਸੀ।
“ਪਰ ਕਿਉਂ?”
“ਕਿਉਂਕਿ ਤੂੰ ਸਿੱਖ ਹੈਂ ਤੇ ਮੈਂ ਮੁਸਲਮਾਨ। ਆਪਣਾ ਦੀਨ ਇੱਕ ਨਹੀਂ।” 
“ਫਿਰ ਕੀ ਹੋਇਐ? ਸਾਰੇ ਇਨਸਾਨ ਇੱਕੋ ਜਿਹੇ ਹੁੰਦੇ ਨੇ। -ਮੁਸਲਮਾਨਾਂ ਦੇ ਘਰ ਜੰਮੇ ਅਤੇ ਹਿੰਦੂ ਜੁਲਾਹੇ ਦੇ ਪਲੇ ਭਗਤ ਕਬੀਰ ਜੀ ਨੇ ਫ਼ਰਮਾਇਆ ਹੈ, ਅਵਲਿ ਅਲੱਹ ਨੂਰ ਉਪਾਇਆ ਕੁਦਰਤਿ ਦੇ ਸਭ ਬੰਦੇ। ਏਕ ਨੂਰ ਤੇ ਸਭੁ ਜਗ ਉਪਜਿਆ ਕਉਨ ਭਲੇ ਕੋ ਮੰਦੇ।”
“ਹਾਂ, ਮੈਂ ਮੰਨਦੀ ਹਾਂ। ਕੁਰਾਨ-ਏ-ਪਾਕ ਵਿੱਚ ਵੀ ਲਿਖਿਆ ਹੈ ਕਿ ਸਾਰੇ ਮਜ਼੍ਹਬਾਂ ਨੂੰ ਮੰਨਣ ਵਾਲਿਆਂ ਦੇ ਦਿਲ ਇੱਕ ਹੁੰਦੇ ਹਨ, ਇਹ ਫ਼ਰਕ ਜੋ ਦਿਖਾਈ ਦਿੰਦੇ ਹਨ ਲੋਕਾਂ ਦੇ ਪੈਦਾ ਕੀਤੇ ਹੋਏ ਹਨ। ਮਜ਼੍ਹਬਾਂ ਦੇ ਨਹੀਂ। ਬਦਕਿਸਮਤੀ ਨਾਲ ਇਹ ਮਜ਼੍ਹਬਾਂ ਦਾ ਪਾਇਆ ਪਾੜਾ ਐਨਾ ਵਸੀਹ ਹੈ ਕਿ ਆਪਾਂ ਰੇਲ-ਗੱਡੀ ਦੀਆਂ ਲਾਇਨਾਂ ਵਾਗੂੰ ਇੱਕ ਮੁਕੱਰਰ ਵਿੱਥ ਤੇ ਮੀਲਾਂ ਤੱਕ ਸਮਾਨ-ਅੰਤਰ ਤਾਂ ਚੱਲ ਸਕਦੇ ਹਾਂ ਪਰ ਇਕੱਠੇ ਕਦੇ ਨਹੀਂ ਹੋ ਸਕਦੇ। -ਇਸ ਲਈ ਹੁਣ ਤੋਂ ਆਪਾਂ ਸਿਰਫ਼ ਅੱਗੇ ਵਾਂਗ ਦੋਸਤ ਹੀ ਰਹਾਂਗੇ, ਸਿਰਫ਼ ਦੋਸਤ! ਜੱਸਟ ਫਰੈਂਡਜ਼!  ਹੈਂ?” ਸਿਰਫ਼ ਦੋਸਤ ਸ਼ਬਦ ਨੂੰ ਹਾਈਲਾਈਟ  ਕਰਨ ਲਈ ਮੈਂ ਇਸਦੇ ਉਚਾਰਨ ਉੱਤੇ ਖਾਸ ਜ਼ੋਰ ਦੇ ਕੇ ਘੋਟਿਆ ਸੀ।
“ਮੁਸਲਮਾਨ ਵੀ ਤਾਂ ਸਿੱਖ ਕੁੜੀਆਂ ਲਈ ਫਿਰਦੇ ਨੇ? ਰਜਨੀ ਨਾਲ ਕਿਹੜਾ ਮੇਰਾ ਧਰਮ ਮਿਲਦੈ? ਉਹ ਵੀ ਪੰਡਤਾਂ ਦੀ ਕੁੜੀ ਆ। ਇੱਥੇ ਸਭ ਦਲੀ-ਮਲੀ, ਰਲੀ ਪਈ ਐ? ਜਾਤਾਂ ਅਤੇ ਮਜ਼੍ਹਬਾਂ ਦੀਆਂ ਖੋਖਲੀਆਂ ਬੰਦਸ਼ਾਂ ਨੂੰ ਆਪਣੀ ਪੀੜ੍ਹੀ ਕਦੋਂ ਪੁੱਛਦੀ ਹੈ?” 
ਮੈਂ ਇਕਬਾਲ ਨਾਲ ਜਿਰਹਾ ਕੀਤੀ ਸੀ, “ਤੂੰ ਰਜਨੀ ਦੀ ਮਿਸਾਲ ਦਿੱਤੀ ਹੈ, ਹਿੰਦੂ ਸਿੱਖ ਵਿੱਚ ਬਹੁਤਾ ਅੰਤਰ ਨਹੀਂ। ਇੱਕ ਸਿੱਖ ਮੁੰਡੇ ਨਾਲ ਮੁਸਲਮਾਨ ਕੁੜੀ ਦੇ ਮੇਲ ਨੂੰ ਸਾਡੇ ਮਜ਼੍ਹਬ ਦੇ ਤੁਅੱਸਬੀ ਲੋਕ ਧਰਤੀ ਅਤੇ ਅਸਮਾਨ ਵਾਂਗ ਕਦੇ ਨਹੀਂ ਮਿਲਣ ਦੇਣਗੇ।” 
ਇਕਬਾਲ ਨੇ ਬੜੀ ਹਲੀਮੀ ਨਾਲ ਕਿਹਾ ਸੀ, “ਜਦ ਮੀਆਂ-ਬੀਵੀ ਰਾਜ਼ੀ ਤਾਂ ਕੀ ਕਰੂਗਾ ਕਾਜ਼ੀ? ਕਦੋਂ ਤੋਂ ਤੂੰ ਧਾਰਮਿਕ ਹੋ ਗਈ? -ਧਰਮਾਂ-ਧੁਰਮਾਂ ਦੀ ਪਰਵਾਹ ਨਹੀਂ ਕਰੀਦੀ। ਕਾਰਲ ਮਾਰਕਸ ਨੇ ਇਨਟਰੋਡਕਸ਼ਨ ਟੂ ਕਰਿਟੀਕ ਔਫ ਹੀਗਲ ਵਿੱਚ ਲਿਖਿਆ ਹੈ, ਧਰਮ ਲੋਕਾਂ ਨੂੰ ਨਸ਼ਈ ਕਰਨ ਲਈ ਅਫ਼ੀਮ ਹੈ ਤੇ ਇਸਦਾ ਮਕਸਦ ਲੋਕਾਂ ਨੂੰ ਗੁਮਰਾਹ ਕਰੀ ਰੱਖਣਾ ਹੀ ਹੁੰਦਾ ਹੈ। -ਵੈਸੇ ਵੀ ਸਿੱਖ ਧਰਮ ਤਾਂ ਦੋ ਵੱਖੋ-ਵੱਖਰੇ ਧਰਮਾਂ ਨੂੰ ਮਿਲਾ ਕੇ ਇੱਕ ਕਰਨ ਲਈ ਹੀ ਹੋਂਦ ਵਿੱਚ ਆਇਆ ਸੀ। ਨਾਲੇ ਫਿਰ ਹੋ ਸਕਦੈ ਸਿੱਖ ਬਣਨ ਤੋਂ ਪਹਿਲਾਂ ਅਸੀਂ ਵੀ ਹਿੰਦੂ ਦੀ ਜਗ੍ਹਾ ਮੁਸਲਮਾਨ ਹੀ ਰਹੇ ਹੋਈਏ?”
“ਪਰ ਹੁਣ ਤਾਂ ਤੂੰ ਸਿੱਖ ਐਂ। ਤੇਰੇ ਨਾਮ ਨਾਲ ਸਿੰਘ ਦੀ ਥਾਂ ਜੇ ਮੁਹੰਮਦ ਜਾਂ ਅਹਿਮਦ ਲੱਗਦਾ ਹੁੰਦਾ ਤਾਂ ਗੱਲ ਹੋਰ ਸੀ। ਇਸ ਲਈ ਮੇਰਾ ਤਾਂ ਇਹੀ ਕਹਿਣਾ ਹੈ, ਤੱਤੇ ਘਾਹ ਇਹ ਆਪਣੇ ਦਰਮਿਆਨ ਜੋ ਕੁੱਝ ਹੋਇਆ ਐ, ਤੂੰ ਇਸਨੂੰ ਸੁਪਨੇ ਨਿਆਈਂ ਭੁੱਲ ਜਾਈਂ।” ਮੈਂ ਦਲੀਲਬਾਜ਼ੀ ਨਾਲ ਹੀ ਮਾਮਲਾ ਠੱਪ ਕਰ ਦੇਣਾ ਚਾਹੁੰਦੀ ਸੀ।
ਸ਼ੈਕਸਪੀਅਰ ਨੇ ਆਪਣੇ ਨਾਟਕ ਰੋਮੀਓ ਐਂਡ ਜੁਲੀਅਟ ਦੇ ਦੂਜੇ ਐਕਟ ਦੇ ਦੂਸਰੇ ਬਾਲਕੋਨੀ ਸੀਨ ਵਿੱਚ ਜੁਲੀਅਟ ਦੇ ਮੂੰਹੋਂ ਕਹਾਇਆ ਹੈ, ਵੱਟਸ ਇੰਨ ਏ ਨੇਮ? ਦੈਟ ਵਿਚ ਵੂਈ ਕਾਲ ਏ ਰੋਜ਼, ਬਾਏ ਐਨੀ ਅਦਰ ਨੇਮ ਵੁੱਡ ਸਮੈਲ ਐਜ਼ ਸਵੀਟ। ਅਰਥਾਤ ਨਾਮਾਂ ਵਿੱਚ ਕੀ ਰੱਖਿਆ ਐ? ਜੇ ਗੁਲਾਬ ਨੂੰ ਗੇਂਦਾ ਕਹਿ ਦਈਏ ਤਾਂ ਕੀ ਉਹਦੀ ਸੁਗੰਧੀ ਵਿੱਚ ਫ਼ਰਕ ਪੈ ਜਾਵੇਗਾ? ਜੇ ਪਾਣੀ ਨੂੰ ਪਾਣੀ ਦੀ ਬਜਾਏ ਜਲ, ਨੀਰ, ਵਾਟਰ  ਜਾਂ ਕੁੱਝ ਹੋਰ ਕਹੀਏ ਤਾਂ ਕੀ ਉਹ ਪਾਣੀ, ਪਾਣੀ ਨਹੀਂ ਰਹੇਗਾ ਕੁੱਝ ਹੋਰ ਹੋ ਜਾਏਗਾ? -ਵਿਆਹ ਤੋਂ ਬਾਅਦ ਅਕਸਰ ਔਰਤਾਂ ਦਾ ਗੋਤ ਬਦਲ ਜਾਂਦਾ ਹੈ। ਜੇ ਕਹੇਂ ਤਾਂ ਮੈਂ ਵੀ ਆਪਣਾ ਨਾਮ ਤਬਦੀਲ ਕਰਕੇ, ਜਿਹੜਾ ਤੂੰ ਆਖੇਂ ਉਹੀ ਗੋਤ ਜੋੜ ਲੈਂਦਾ ਹਾਂ?” ਇਕਬਾਲ ਮੇਰੇ ਮੂਹਰੇ ਦਿੱਲੀ ਦੇ ਕੁਤਬਮੀਨਾਰ ਵਾਂਗ ਡੱਟਿਆ ਖੜ੍ਹਾ ਸੀ।
“ਨਹੀਂ ਇੰਝ ਨਹੀਂ ਨਾ ਹੁੰਦਾ।”
ਇਕਬਾਲ ਕੁੱਝ ਦੇਰ ਚੁੱਪ ਰਹਿਣ ਪਿੱਛੋਂ ਬੋਲਿਆ ਸੀ, “ਹਿੰਦੁਸਤਾਨ ਵਿੱਚ ਪਰਾਗਰਾਜ ਸ਼ਹਿਰ ਆ। ਜੀਹਨੂੰ ਅੱਜ-ਕੱਲ੍ਹ ਇਲਾਹਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੇ ਅੱਡ-ਅੱਡ ਥਾਵਾਂ ਤੋਂ ਵਹਿ ਕੇ ਆਈਆਂ ਗੰਗਾ, ਯਮਨਾ ਅਤੇ ਸਰਸਵਤੀ ਨਾਂ ਦੀਆਂ ਤਿੰਨ ਨਦੀਆਂ ਮਿਲ ਕੇ ਇੱਕ ਬਣ ਜਾਂਦੀਆਂ ਹਨ। ਜੇ ਨਦੀਆਂ ਇੱਕ ਹੋ ਸਕਦੀਆਂ ਹਨ ਤਾਂ ਕੀ ਆਪਣਾ ਪਿਆਰ ਦੋ ਧਰਮਾਂ ਨੂੰ ਰਲਾ ਕੇ ਆਪਾਂ ਨੂੰ ਮਿਲਾ ਨਾ ਸਕੂ?”
“ਜਿਨ੍ਹਾਂ ਨਦੀਆਂ ਦੀ ਤੂੰ ਮਿਸਾਲ ਦਿੰਨੈਂ, ਠੀਕ ਹੈ ਉਹ ਇੱਕ ਵਾਰ  ਇਕੱਠੀਆਂ ਹੁੰਦੀਆਂ ਹਨ ਤੇ ਕੁੱਝ ਦੂਰ ਤੱਕ ਨਾਲ-ਨਾਲ ਵਹਿੰਦੀਆਂ ਹਨ। ਖਵਨੀ ਨਹੀਂ ਤੈਨੂੰ ਪਤੈ ਹੈ ਕਿ ਨਹੀਂ? ਸੰਗਮ ਵਾਲੇ ਸਥਾਨ ਤੋਂ ਅੱਗੇ ਜਾ ਕੇ ਯਮਨਾ ਫਿਰ ਇਕੱਲੀ ਰਹਿ ਜਾਂਦੀ ਹੈ। ਉਸ ਨਾਲੋਂ ਵਿਛੜ ਕੇ ਗੰਗਾ ਕਲਕੱਤੇ ਦੇ ਹੁਗਲੀ ਦਰਿਆ ਨਾਲ ਜਾ ਰਲਦੀ ਹੈ। -ਦੱਸ ਕੀ ਫਾਇਦਾ ਹੋਇਆ ਉਸ ਥੋੜ੍ਹ ਚਿਰੇ ਮਿਲਾਪ ਦਾ?” 
“ਮਿਲਣਾ ਤੇ ਵਿਛੜਨਾ ਤਾਂ ਪਿਆਰ ਦੀ ਰੀਤ ਐ, ਸ਼ੈਜ਼। ਪਰ ਅਖੀਰ ’ਤੇ ਜਾ ਕੇ ਉਹ ਨਦੀਆਂ ਇੱਕ ਵਾਰ ਫੇਰ ਸਦਾ ਲਈ ਹਿੰਦ ਮਹਾਂ ਸਾਗਰ ਵਿੱਚ ਇਕੱਠੀਆਂ ਵੀ ਤਾਂ ਹੋ ਜਾਂਦੀਆਂ ਹਨ।”
ਮੈਂ ਫਿਲਾਸਫੀ ਮਾਰੀ ਸੀ, “ਸਾਗਰ ਵਿੱਚ ਜਾ ਕੇ ਤਾਂ ਉਹਨਾਂ ਦਾ ਅੰਤ ਹੋ ਜਾਂਦੈ। ਉਹਨਾਂ ਦੀ ਹਸਤੀ ਹੀ ਮਿਟ ਜਾਂਦੀ ਹੈ। ਸਮੁੰਦਰ ਵਿੱਚ ਡਿੱਗੀਆਂ ਹੋਈਆਂ ਅਨੇਕਾਂ ਹੋਰ ਨਦੀਆਂ ਦੀ ਭੀੜ ਵਿੱਚ ਉਹ ਗੁਆਚ ਜਾਂਦੀਆਂ ਹਨ। ਉਸ ਮੇਲ ਦੀ ਤਾਂ ਕੋਈ ਹੋਂਦ ਹੀ ਨਹੀਂ ਹੁੰਦੀ। ਅਜਿਹਾ ਮਿਲਾਪ ਕਿਸ ਗਿਣਤੀ, ਜਿਸ ਦਾ ਅਹਿਸਾਸ ਵੀ ਨਾ ਹੋਵੇ?”
“ਗੂੜ-ਗਿਆਨ ਝਾੜਨ ਨੂੰ ਰਹਿਣ ਦੇ। -ਢੇਰੀਆਂ ਨਾ ਢਾਹ। -ਹੌਂਸਲਾ ਰੱਖ। -ਆਪਾਂ ਕੋਈ ਰਾਹ ਕੱਢ ਲਵਾਂਗੇ।” ਮੇਰੇ ਨਾਲੋਂ ਵੱਧ ਇਕਬਾਲ ਆਪਣੇ ਆਪ ਨੂੰ ਦਿਲਬਰੀਆਂ ਦੇ ਰਿਹਾ ਸੀ।
“ਇਹ ਸਮੱਸਿਆ ਉਹ ਪਹਾੜੀ ਹੈ ਜਿਸਨੂੰ ਕੱਟ ਕੇ ਰਸਤਾ ਬਣਾਉਣਾ, ਕਠਿਨ ਹੀ ਨਹੀਂ। ਬਲਕਿ ਅਸੰਭਵ ਹੈ, ਟੋਟਲੀ ਇਮਪੌਸੀਬਲ।”  ਮੇਰੇ ਅੰਦਰ ਵਗਦਾ ਨਿਰਾਸ਼ਾਂ ਦਾ ਦਰਿਆ ਕੰਡੇ ਤੋੜੀ ਜਾ ਰਿਹਾ ਸੀ।
ਹਿਟਲਰ ਨੇ ਕਿਹੈ, “ਨੱਥਿੰਗ ਇਜ਼ ਇਮਪੌਸੀਬਲ ਇੰਨ ਦਾ ਡੀਕਸ਼ਨਰੀ ਔਫ ਬਰੇਵ ਮੈਨ। ਮਤਲਬ ਬਹਾਦਰ ਦੇ ਸ਼ਬਦਕੋਸ਼ ਵਿੱਚ ਨਾਮੁਮਕਿਨ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ। ਆਸ਼ਕ ਤਾਂ ਪਹਾੜਾਂ ਨੂੰ ਚੀਰ ਕੇ ਨਹਿਰਾਂ ਕੱਢ ਦਿੰਦੇ ਨੇ। ਤੂੰ ਮਸਲੇ ਦੇ ਹੱਲ ਦੀ ਗੱਲ ਕਰਦੀ ਐਂ?”
ਮੈਂ ਇਕਬਾਲ ਅੱਗੇ ਪੂਰੇ ਦਾ ਪੂਰਾ ਮਨੋਵਿਸ਼ਲੇਸ਼ਨ ਕਰ ਦੇਣਾ ਚਾਹੁੰਦੀ ਸੀ, ਹੁਣ ਆਪਾਂ ਕੇਵਲ ਅੱਡ-ਅੱਡ ਧਰਮਾਂ ਨਾਲ ਹੀ ਸੰਬੰਧਤ ਨਹੀਂ ਹਾਂ, ਸਗੋਂ ਦੋ ਉਨ੍ਹਾਂ ਜੁਦਾ-ਜੁਦਾ ਦੇਸ਼ਾਂ ਨਾਲ ਵੀ ਤਅੱਲਕ ਰੱਖਦੇ ਹਾਂ ਜਿਨ੍ਹਾਂ ਦਾ ਕਿ ਆਪਸ ਵਿੱਚ ਹੱਢ ਕੁੱਤੇ ਵਾਲਾ ਵੈਰ ਹੈ। ਸ਼ੈਕਸਪੀਅਰ ਦੀ ਜੁਲੀਅਟ ਦੇ ਕਹਿਣ ਵਾਂਗੂੰ, ਮਾਈ ਔਨਲੀ ਲਵ ਸਪਰੰਗ ਫਰੌਮ ਮਾਈ ਔਨਲੀ ਹੇਟ।”
“ਉਨੀ ਸੌ ਸਨਤਾਲੀ ਨੂੰ ਹਿਜਰਤ ਕਰਕੇ ਭਾਰਤ  ਵਿੱਚ ਆ ਵਸਣ ਤੋਂ ਪਹਿਲਾਂ ਮੇਰੇ ਵਡੇਰੇ ਵੀ ਧਰਤੀ ਦੇ ਉਸ ਟੁੱਕੜੇ ਉੱਤੇ ਰਹਿੰਦੇ ਸੀ, ਜਿਸਨੂੰ ਅੱਜ ਪਾਕਿਸਤਾਨ ਆਖਿਆ ਜਾਂਦਾ ਹੈ। ਮੇਰਾ ਬਾਬਾ ਦੱਸਦਾ ਹੁੰਦਾ ਸੀ ਕਿ ਜ਼ਿਲ੍ਹਾ ਲਾਇਲਪੁਰ, ਜੀਹਨੂੰ ਹੁਣ ਫੈਸਲਾਬਾਦ ਕਹਿੰਦੇ ਆ, ਦੀ ਸਮੁੰਦਰੀ ਤਹਿਸੀਲ ਦਾ ਚੱਕ ਨੰਬਰ ਚਾਰ ਸੌ ਚੁਹੱਤਰ ਸਾਡਾ ਪਿੰਡ ਹੁੰਦਾ ਸੀ।” ਮੇਰੇ ਬਾਪ-ਦਾਦੇ ਹੋਰਾਂ ਦਾ ਬਚਪਨ ਉੱਥੇ ਹੀ ਬੀਤਿਆ ਸੀ।
ਮੈਂ ਉਹ ਤਰਕ ਇਕਬਾਲ ਦੇ ਸਾਹਮਣੇ ਰੱਖਿਆ ਸੀ, ਜਿਸਨੂੰ ਕਿ ਉਹ ਦੇਖ ਨਹੀਂ ਸੀ ਪਾ ਰਿਹਾ, ਇਹ ਨਾ ਭੁੱਲ ਕਿ ਵੰਡ ਵੇਲੇ ਤੁਹਾਨੂੰ ਲੋਕਾਂ ਨੂੰ ਉਸੇ ਪਿੰਡੋਂ ਉਵੇਂ ਕੱਢ ਦਿੱਤਾ ਗਿਆ ਸੀ ਜਿਵੇਂ ਕਿ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਨੂੰ ਉਜਾੜਿਆ ਗਿਆ ਸੀ। ਉਸ ਵੇਲੇ ਦੀਆਂ ਪਈਆਂ ਹੋਈਆਂ ਤਰੇੜਾਂ, ਰਹਿੰਦੀ ਦੁਨੀਆਂ ਤੱਕ ਨਹੀਂ ਪੁਰੀਆਂ ਜਾ ਸਕਦੀਆਂ।
“ਪਰ ਪੂਰਨ ਦੇ ਯਤਨ ਤਾਂ ਕਰੇ ਜਾ ਸਕਦੇ ਹਨ, ਕਿ ਨਹੀਂ? ਜੇ ਪੂਰਬੀ ਤੇ ਪੰਛਮੀ ਜਰਮਨ ਵਾਲੇ ਆਪਣੇ ਵਿਚਾਲਿਉਂ ਬਰਲਿਨ ਦੀ ਕੰਧ ਢਾਹ ਕੇ ਇਕੱਠੇ ਹੋ ਸਕਦੇ ਹਨ। ਦੋਵੇਂ ਯਮਨ ਏਕੀਕਰਨ ਕਰ ਸਕਦੇ ਹਨ। ਦੋਹੇਂ ਵੀਅਤਨਾਮ ਮੁੜ ਰਲ ਸਕਦੇ ਹਨ। ਇੰਗਲੈਂਡ ਅਤੇ ਆਇਰਲੈਂਡ ਜੱਫੀਆਂ ਪਾ ਕੇ ਜੁੜ ਸਕਦੇ ਹਨ। ਉਤਰੀ ਅਤੇ ਦੱਖਣੀ ਕੋਰੀਆ ਇੱਕ ਹੋਣ ਲਈ ਕਦਮ ਉਠਾ ਸਕਦੇ ਹਨ।  ਫਿਲਸਤੀਨੀਆਂ ਅਤੇ ਇਜ਼ਰਾਈਲੀਆਂ ਵਿੱਚਕਾਰ ਸੰਬੰਧਾਂ ਦਾ ਸੁਧਾਰ ਹੋ ਸਕਦਾ ਹੈ, ਤਾਂ ਕੀ ਸਾਡੇ ਮੁਲਖ ਲੋਹੇ ਦੀ ਇੱਕ ਕੰਡਿਆਲੀ ਤਾਰ ਨਹੀਂ ਪਾਸੇ ਕਰ ਸਕਦੇ? ਦੋਨੋਂ ਪਾਸਿਉਂ ਦਿਲੋਂ ਉੱਦਮ ਕੀਤੀ ਜਾਵੇ ਤਾਂ ਨਫ਼ਰਤ ਦੀਆਂ ਬਿਆਈਆਂ ਮੁਹੱਬਤ ਦੀ ਮੋਮ ਨਾਲ ਭਰੀਆਂ ਜਾ ਸਕਦੀਆਂ ਹਨ।” ਮੈਨੂੰ ਕੋਈ ਜੁਆਬ ਨਹੀਂ ਸੀ ਆਇਆ। ਕਾਫ਼ੀ ਦੇਰ ਤੱਕ ਅਸੀਂ ਦੋਨੋਂ ਖ਼ਾਮੋਸ਼ ਖੜ੍ਹੇ ਰਹੇ ਸੀ। ਮੈਂ ਇਕਬਾਲ ਦੀ ਛਾਤੀ ’ਤੇ ਸਿਰ ਰੱਖੀ ਉਸਦੀਆਂ ਧੜਕਣਾਂ ਦਾ ਰਾਗ ਸੁਣਦੀ ਰਹੀ। ਮੈਨੂੰ ਕੋਈ ਉੱਤਰ ਨਹੀਂ ਸੀ ਸੁੱਝ ਰਿਹਾ।
“ਆਪਾਂ ਨੂੰ ਰਿਲੀਜ਼ਸ ਸਟੱਡੀ  (ਧਾਰਮਿਕ ਸਿੱਖਿਆ)  ਵਿੱਚ ਪੜ੍ਹਾਇਆ ਗਿਆ ਸੀ ਕਿ ਜੇ ਕੋਈ ਗੈਰ ਮੁਸਲਿਮ, ਇਸਲਾਮ ਕਬੂਲ ਕਰ ਲਵੇ ਤਾਂ ਉਸਨੂੰ ਮੁਸਲਮਾਨ ਨਾਲ ਵਿਆਹ ਕਰਾਉਣ ਲਈ ਕੋਈ ਰੁਕਾਵਟ ਨਹੀਂ। -ਮੈਂ ਜੋ ਕਹੇਂ ਕਰਨ ਨੂੰ ਤਿਆਰ ਹਾਂ। ਦੇਖ ਮੈਨੂੰ ਤਾਂ ਕਲਮਾ ਵੀ ਯਾਦ ਐ। ਸੁਣਾਵਾਂ?- ਬਿਸਮਿਲਾ ਏ ਰਹਿਮਾਨੇ ਰਹੀਮ। ਲਾ ਇਲਾਹਾ। ਇੱਲ ਅੱਲਾਹ। ਇਲਾਹਾ ਹੂ ਮੁਹੰਮਦ ਓ ਅਰ ਰਸੂਲ ਅੱਲਾਹ।”
ਮੈਂ ਇਕਬਾਲ ਤੋਂ ਨਿਖੜ ਕੇ ਪਰ੍ਹੇ ਜਾਂਦੀ ਹੋਈ ਨੇ ਕਿਹਾ ਸੀ, “ਤੂੰ ਸਮਝਦਾ ਕਿਉਂ ਨਹੀਂ, ਬਾਲੇ। ਮੇਰੇ ਵਾਲਦਾਇਨ ਫਿਰ ਵੀ ਰਜ਼ਾਮੰਦ ਨਹੀਂ ਹੋਣਗੇ। ਕਿਉਂਕਿ ਮੇਰੀ ਮਾਸੀ ਨੇ ਇੱਕ ਸਿੱਖ ਨਾਲ ਵਿਆਹ ਕਰਵਾਇਆ ਸੀ। ਉਸ ਸਿੱਖ ਨੇ ਵਿਆਹ ਤੋਂ ਬਾਅਦ ਨਾ ਸਿਰਫ਼ ਆਪਣੇ ਹੀ ਕੇਸ ਰੱਖ ਲਏ ਸਨ। ਸਗੋਂ ਮੇਰੀ ਮਾਸੀ ਜੀ ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘਣੀ ਬਣਾ ਲਿਆ ਹੈ। ਸਾਡੇ ਸਮੁੱਚੇ ਖਾਨਦਾਨ ਨੇ ਉਨ੍ਹਾਂ ਨਾਲ ਬੋਲ-ਬਾਣੀ ਬੰਦ ਕਰੀ ਹੋਈ ਹੈ।”
ਇਕਬਾਲ ਨੂੰ ਤਾਂ  ਇਸ ਤੋਂ ਅੱਗੇ ਮੈਂ ਕੁੱਝ ਨਹੀਂ ਸੀ ਦੱਸਿਆ। ਪਰ ਮੈਂ ਜਾਣਦੀ ਸੀ ਕਿ ਮੇਰੀ ਮਾਸੀ-ਮਾਸੜ ਨੂੰ ਵਿਆਹ ਕਰਵਾਉਣ ਵਿੱਚ ਕਿੰਨੇ ਦੁੱਖ ਝੱਲਣੇ ਪਏ ਸਨ। ਉਨ੍ਹਾਂ ਦੀ ਸੜਕ ਦੇ ਖੜ੍ਹੀ ਕਾਰ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਕੋਈ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਤੋੜ ਕੇ ਭੱਜ ਜਾਂਦਾ ਹੁੰਦਾ ਸੀ। ਟੈਲੀਫੂਨ ਰਾਹੀਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਕੋਈ ਲੈਟਰ ਬੌਕਸ  ਰਾਹੀਂ ਉਨ੍ਹਾਂ ਦੇ ਘਰ ਵਿੱਚ ਪੈਟਰੋਲ ਬੰਬ ਸਿੱਟ ਕੇ ਭੱਜ ਜਾਂਦਾ ਹੁੰਦਾ ਸੀ। ਤੇ ਹੋਰ ਬਹੁਤ ਸਾਰੇ ਢੰਗ ਤਰੀਕੇ ਵਰਤ ਕੇ ਉਨ੍ਹਾਂ ਦਾ ਜੀਣਾ ਹਰਾਮ ਕਰ ਦਿੱਤਾ ਗਿਆ ਸੀ। ਇਸ ਸਭ ਕਾਰੇ ਕੌਣ ਕਰਦਾ ਸੀ? ਇਸਦਾ ਵੀ ਸਭ ਨੂੰ ਪਤਾ ਸੀ। ਮਾਸੜ ਦੇ ਮੂੰਹ ’ਤੇ ਤੇਜ਼ਾਬ ਛਿੜਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਸ਼ਾਇਦ ਮੈਂ ਐਨਾ ਬਲਿਦਾਨ ਦੇਣ ਲਈ ਤਿਆਰ ਨਹੀਂ ਸੀ। ਇਸ ਲਈ ਮੈਂ ਇਕਬਾਲ ਤੋਂ ਪੱਲਾ ਬਚਾਅ ਰਹੀ ਸੀ।
ਪਿਆਰ ਨਾਲ ਭਿੱਜੇ ਹੋਏ ਇਕਬਾਲ ਤੋਂ ਬਚਕਾਨਾ ਜਿਹੀ ਗੱਲ ਕਰੀ ਗਈ ਸੀ, “ਮੈਂ ਓਕਣ ਤੇਰੇ ਮਾਸੜ ਵਾਂਗ ਨਹੀਂ ਕਰਦਾ। ਚਾਹੇ ਤੇਰੇ ਮਾਪੇ ਵਕੀਲ ਦੇ ਜਾ ਕੇ ਮੇਰੇ ਕੋਲੋਂ ਲਿਖਤੀ ਇਕਰਾਰਾਮਾ ਲੈ ਲੈਣ?”
“ਨਹੀਂ-ਨਹੀਂ-ਨਹੀਂ, ਇਕਬਾਲ ਨਹੀਂ! ਤੇਰੇ ਪੰਥ ਦੇ ਲੋਕ ਚਰਖੜੀ ’ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਬੰਦ-ਬੰਦ ਕੱਟੇ ਗਏ, ਉਨ੍ਹਾਂ ਨੇ ਰੰਭੀਆਂ ਨਾਲ ਖੋਪਰੀਆਂ ਲਹਾਈਆਂ, ਜਮੂੰਰਾਂ ਨਾਲ ਨੋਚੇ ਗਏ, ਖੱਲਾਂ ਲੁਹਾਈਆਂ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਪੁਆਏ, ਨੀਹਾਂ ਵਿੱਚ ਚਿਣੇ ਗਏ, ਉਬਲਦੀਆਂ ਦੇਗਾਂ ਵਿੱਚ ਸਾੜੇ ਗਏ। ਪਰ ਉਨ੍ਹਾਂ ਅਡੋਲ ਸਿੱਖਾਂ ਨੇ ਸਿਦਕ ਨਹੀਂ ਹਾਰਿਆਂ ਤੇ ਅੰਤਮ ਸੁਆਸਾਂ ਤੱਕ ਇਹੀ ਨਾਅਰਾ ਲਾਉਂਦੇ ਰਹੇ, ਸਿਰ ਜਾਵੇ ਤਾਂ ਜਾਵੇ। ਮੇਰਾ ਸਿੱਖੀ ਸਿੱਦਕ ਨਾ ਜਾਵੇ। ਤੇ ਤੂੰ ਬਾਲੇ ਇੱਕ ਕੁੜੀ ਖਾਤਰ ਹੱਸ ਕੇ ਧਰਮ ਛੱਡਣ ਲਈ ਰਾਜ਼ੀ ਹੋ ਗਿਐਂ? -ਨਾ ਸੱਜਣਾ, ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਾ ਰੋਲ। ਮੈਂ ਪਾਪਾਂ ਦੀ ਭਾਗੀਦਾਰ ਨਹੀਂ ਬਣਨਾ ਚਾਹੁੰਦੀ ਸੀ।”
ਮੈਨੂੰ ਅਪਨਾਉਣ ਲਈ ਵੱਡੇ ਤੋਂ ਵੱਡਾ ਬਲਿਦਾਨ ਕਰਨ ਲਈ ਤਤਪਰ ਹੋਇਆ ਇਕਬਾਲ ਗਿੜਗਿੜਾਇਆ ਸੀ, “ਫਿਰ ਤੂੰ ਹੀ ਦੱਸ ਮੈਂ ਕੀ ਕਰਾਂ? ਮੈਂ ਤੇਰੇ ਲਈ ਕੁੱਝ ਵੀ ਕਰਨ ਨੂੰ ਤਿਆਰ ਹਾਂ।”
“ਖਾਹ ਮੇਰੀ ਕਸਮ? ਸਿਰ ’ਤੇ ਹੱਥ ਧਰ ਕੇ ਕਹਿ, ਜੋ ਕਹੂੰਗੀ ਉਹ ਮੰਨੇਗਾ?” ਮੈਂ ਇਕਬਾਲ ਦਾ ਹੱਥ ਆਪਣੇ ਸਿਰ ਉੱਤੇ ਰਖਾ ਕੇ ਕਿਹਾ, “ਮੈਨੂੰ ਭੁੱਲ ਜਾਹ। ਰਜਨੀ ਜਾਂ ਇਜ਼ਬਲ (ਇੱਕ ਬਹੁਤ ਹੀ ਸੁਨੱਖੀ ਅੰਗਰੇਜ਼ ਕੁੜੀ, ਜਿਸ ਨਾਲ ਕਦੇ ਇਕਬਾਲ ਦਾ ਇਸ਼ਕ ਚੱਲਿਆ ਸੀ।) ਨਾਲ ਵਿਆਹ ਕਰਵਾ ਲਵੀਂ। ਉਹ ਬਹੁਤ ਚੰਗੀਆਂ ਕੁੜੀਆਂ ਹਨ।”
ਇਕਬਾਲ ਨੇ ਮੇਰੇ ਸਿਰ ਉੱਤੋਂ ਇਉਂ ਝਟਕੇ ਨਾਲ ਆਪਣਾ ਹੱਥ ਖਿੱਚ ਲਿਆ ਜਿਵੇਂ ਉਸਨੂੰ ਸੇਕ ਲੱਗਿਆ ਹੋਵੇ। ਉਹ ਹਰ ਕੀਮਤ, ਹਰ ਸ਼ਰਤ ਸਵਿਕਾਰ ਕੇ ਮੈਨੂੰ ਆਪਣੀ ਸ਼ਰੀਕ-ਏ-ਹਿਯਾਤ ਬਣਾਉਣਾ ਚਾਹੁੰਦਾ ਸੀ। ਤਕੜੀ ਦੇਰ ਤੱਕ ਬਹਿਸਬਾਜ਼ੀ ਕਰਨ ਮਗਰੋਂ ਵੀ ਇਕਬਾਲ ਨਾ ਮੰਨਿਆਂ ਤੇ ਇੱਕ ਤੋਂ ਵੱਧ ਕੇ ਇੱਕ, ਚੜ੍ਹਦੀਆਂ ਦਲੀਲਾਂ ਦਿੰਦਾ ਗਿਆ ਤੇ ਮੈਂ ਉਨ੍ਹਾਂ ਨੂੰ ਭੰਨਦੀ ਗਈ। ਜੋਤਸ਼ੀ ਦੇ ਤੋਤੇ ਦੀ ਰੱਟ ਵਾਂਗੂੰ ਉਹਨੇ ਤਾਂ ਮੇਰੇ ਨਾਲ ਵਿਆਹ ਕਰਵਾਉਣ ਦੀ ਇਕੋ ਹੀ ਮੁਹਾਰਨੀ ਫੜੀ ਹੋਈ ਸੀ। ਇਕਬਾਲ ਨੂੰ ਨਿਆਣਿਆਂ ਵਾਂਗਰ ਹਿੰਡ ਕਰਦਾ ਦੇਖ ਕੇ ਮੈਂ ਖਿੱਝ ਗਈ ਤੇ ਗੁੱਸੇ ਵਿੱਚ ਮੈਥੋਂ ਉੱਚੀ ਸੁਰ ਵਿੱਚ ਵੱਧ-ਘੱਟ ਬੋਲ ਹੋ ਗਿਆ। ਅਸਲ ਵਿੱਚ ਗੁੱਸਾ ਤਾਂ ਮੈਨੂੰ ਆਪਣੇ ਆਪ ਉੱਤੇ ਆਇਆ ਸੀ। ਪਰ ਕੱਢ ਮੈਂ ਬਿਚਾਰੇ ਇਕਬਾਲ ਦੇ ਉੱਤੇ ਦਿੱਤਾ ਸੀ। ਚੰਦ ਲਮਹਾਤ ਪਿੱਛੋਂ ਹੀ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਇਕਬਾਲ ਨਾਲ ਇਉਂ ਗਰਮ ਹੋ ਕੇ ਪੇਸ਼ ਨਹੀਂ ਆਉਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਨੂੰ ਕੋਈ ਹੋਰ ਮੋੜ ਦਿੰਦੇ, ਜਦ ਨੂੰ ਸਕੂਲ ਦੀ ਘੰਟੀ ਵੱਜ ਗਈ ਸੀ ਤੇ ਜਮਾਤ ਦੇ ਬਾਹਰੋਂ ਆਉਂਦੀ ਪੈਰਾਂ ਦੀ ਖੜੱਪ-ਖੜੱਪ ਨੇ ਸਾਨੂੰ ਵਿਦਿਆਰਥੀਆਂ ਦੇ ਆਉਣ ਦੀ ਇਤਲਾਹ ਦੇ ਦਿੱਤੀ ਸੀ। ਅਸੀਂ ਆਪਣੇ ਲੀੜੇ ਲੋਟ ਕਰਕੇ ਇੱਕ ਦੂਜੇ ਤੋਂ ਪਰ੍ਹੇ-ਪਰ੍ਹੇ ਹੋ ਕੇ ਬੈਠ ਗਏ ਸੀ।
ਦੇਖਦਿਆਂ ਹੀ ਦੇਖਦਿਆਂ ਸਾਡੇ ਜਮਾਤੀਆਂ ਨਾਲ ਪ੍ਰਯੋਗਸ਼ਾਲਾ ਭਰ ਗਈ ਸੀ। ਸਾਡੇ ਅਧਿਆਪਕ ਨੇ ਆ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ। ਮੇਰਾ ਖ਼ਿਆਲ ਉਖੜਿਆ ਹੀ ਰਿਹਾ ਸੀ। ਦਿਮਾਗ ਵਿੱਚ ਵਿਚਾਰਾਂ ਦੀ ਜੰਗ ਚਲਦੀ ਰਹੀ ਸੀ। ਸੋਚ ਸਮਝ ਕੇ ਮੈਂ ਨਿਰਣਾ ਕਰ ਲਿਆ ਸੀ, ਇਕਬਾਲ ਨੂੰ ਆਪਣਾ ਤਨ ਅਤੇ ਮਨ ਸੌਂਪਣ ਦਾ। ਮੇਰੇ ਸੀਨੇ ਵਿੱਚ ਜੋ ਪਿਆਰ ਦਾ ਦਰੱਖਤ ਸੀ, ਜਿਸਦਾ ਤਣਾ ਵੱਢਿਆ ਜਾ ਚੁੱਕਿਆ ਸੀ। ਪਰ ਜੜ੍ਹਾਂ ਉਸ ਦੀਆਂ ਸਹੀ ਸਲਾਮਤ ਸਨ। ਉਹਨਾਂ ਜੜ੍ਹਾਂ ਤੋਂ ਖੁਰਾਕ ਮਿਲਦੀ ਰਹੀ ਹੋਣ ਕਰਕੇ ਉਹ ਤਣਾ ਫਿਰ ਫੁੱਟ ਕੇ ਹਰਾ ਹੋ ਗਿਆ ਸੀ। ਉਸ ਵਿੱਚੋਂ ਟਾਹਣੀਆਂ ਤੇ ਪੱਤੇ ਨਿਕਲਣ ਲੱਗ ਪਏ ਸਨ। ਮੈਨੂੰ ਲੈਸਨ ਦੇ ਮੁੱਕਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਮੈਂ ਚਿਤਵਿਆ ਹੋਇਆ ਸੀ ਪੀਰੀਅਡ ਦੇ ਅੰਤ ਵਿੱਚ ਇਕਬਾਲ ਨੂੰ ਪਾਸੇ ਲਿਜਾ ਕੇ ਦੱਸਾਂਗੀ ਬਈ ਮੈਂ ਉਹਦੇ ਨਾਲ ਹੀ ਖੜ੍ਹਾਂਗੀ ਤੇ ਉਹ ਮੈਨੂੰ ਕੁੱਝ ਦਿਨ ਸੋਚਣ ਦੀ ਮੁਹਲਤ ਦੇਵੇ ਤਾਂ ਜੋ ਮੈਂ ਆਪਣੇ ਆਪਨੂੰ ਦੁਨੀਆਂ ਨਾਲ ਜੁਝਣ ਲਈ (ਹਰ ਤਰ੍ਹਾਂ ਮਾਨਸਿਕ, ਸਰੀਰਕ ਅਤੇ ਆਰਥਿਕ ਤੌਰ ’ਤੇ) ਤਿਆਰ ਕਰ ਸਕਾਂ। 
ਇਕਬਾਲ ਬੜਾ ਜ਼ਹੀਨ ਸੀ। ਅਕਸਰ ਅਧਿਆਪਕਾਂ ਨੂੰ ਜ਼ਮਾਤਾਂ ਵਿੱਚ ਪੜ੍ਹਾਈ ਨਾਲ ਸੰਬੰਧਤ ਸੁਆਲ-ਜੁਆਬ ਅਤੇ ਬਹਿਸ-ਮੁਬਾਇਸਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਰਹਿੰਦਾ ਹੁੰਦਾ ਸੀ। ਇੱਕ ਵਾਰ ਉਸੇ ਸਾਇੰਸ ਦੇ ਲੈਸਨ ਵਿੱਚ ਅਸੀਂ ਕੋਈ ਪ੍ਰਯੋਗ ਕਰ ਰਹੇ ਸੀ। ਮੇਰੇ ਮੂਹਰੇ ਮੋਮਬੱਤੀ ਜਲ ਰਹੀ ਸੀ। ਜਲਦੀ ਹੋਈ ਮੋਮਬੱਤੀ ਨੂੰ ਦੇਖ ਕੇ ਮੇਰੇ ਮਨ ਵਿੱਚ ਇੱਕ ਪ੍ਰਸ਼ਨ ਉਭਰਿਆ। ਮੈਂ ਆਪਣੀ ਸ਼ੰਕਾਂ ਨਵਿਰਤੀ ਲਈ ਅਧਿਆਪਕ ਨੂੰ ਪੁੱਛ ਲਿਆ, “ਸਰ ਤੁਸੀਂ ਪੜ੍ਹਾਇਆ ਹੈ ਕਿ ਧਰਤੀ ਵਿੱਚ ਗਰੈਵਟੀ ਪਾਵਰ  ਹੁੰਦੀ ਹੈ। ਤੇ ਉਸ ਕਾਰਨ ਜੋ ਕੋਈ ਚੀਜ਼ ਵੀ ਅਸੀਂ ਹੱਥ ਚੋਂ ਛੱਡੀਏ ਉਹ ਧਰਤੀ ’ਤੇ ਡਿੱਗ ਪਵੇਗੀ। ਫਿਰ ਇਹ ਮੋਮਬੱਤੀ ਦੀ ਲਾਟ ਹੇਠਾਂ ਨੂੰ ਜਾਣ ਦੇ ਬਦਲੇ ਉੱਪਰ ਨੂੰ ਕਿਉਂ ਜਾਂਦੀ ਹੈ?”
ਸਾਡੇ ਅਧਿਆਪਕ ਨੂੰ ਵੀ ਇਸਦਾ ਸਹੀ ਉੱਤਰ ਨਹੀਂ ਸੀ ਪਤਾ। ਉਹਨੇ ਐਵੇਂ ਹੀ ਅਟਕਲ ਪੱਚੂ ਲਾ ਦਿੱਤਾ ਸੀ, “ਮੋਮਬੱਤੀ ਦੇ ਧਾਗੇ ਨੂੰ ਜਿੱਥੇ ਅੱਗ ਲੱਗੀ ਹੋਈ ਹੁੰਦੀ ਹੈ, ਉੱਥੇ ਧਾਗੇ ਦੇ ਚਾਰ-ਚੁਫੁੇਰੇ ਤਾਂ ਮੋਮ ਹੁੰਦੀ ਹੈ। ਲਾਟ ਥੱਲੇ ਕਿੱਧਰ ਤੇਰੇ ਨਾਨਕਿਆਂ ਨੂੰ ਜਾਵੇ? ਅੁੱਪਰ ਜਗ੍ਹਾ ਖਾਲੀ ਹੁੰਦੀ ਹੈ ਤਾਂ ਕਰਕੇ ਲਾਟ ਉੱਤੇ ਨੂੰ ਜਾਂਦੀ ਹੈ। -ਐਵੇਂ ਫਜ਼ੂਲ ਦੇ ਸਵਾਲ ਨਾ ਮੈਨੂੰ ਪੁੱਛਿਆ ਕਰੋ।”
ਭਾਵੇਂ ਅਧਿਆਪਕ ਦੀ ਦਿੱਤੀ ਹੋਈ ਸਫ਼ਾਈ ਮੈਨੂੰ ਪੂਰੀ ਤਸੱਲੀਬਖਸ਼ ਤਾਂ ਨਹੀਂ ਸੀ ਲੱਗੀ। ਪਰ ਝਿੜਕਾਂ ਦੇ ਡਰੋਂ ਮੈਂ ਚੁੱਪ ਕਰ ਗਈ ਸੀ। ਸਾਰੀ ਜਮਾਤ ਮੇਰੇ ’ਤੇ ਹੱਸਣ ਲੱਗ ਗਈ ਸੀ, ਸਿਵਾਏ ਇਕਬਾਲ ਤੋਂ। ਉਸ ਤੋਂ ਮੇਰੀ ਹੱਤਕ ਹੁੰਦੀ ਬਰਦਾਸ਼ਤ ਨਹੀਂ ਸੀ ਕਰ ਹੋਈ ਤੇ ਉਹ ਚੁੱਪ ਨਹੀਂ ਸੀ ਬੈਠਿਆ, “ਸਰ ਸਾਜ਼ੀਆ ਦਾ ਸਵਾਲ ਫਜ਼ੂਲ ਨਹੀਂ ਬਲਕਿ ਬੜਾ ਵਾਜਬ ਹੈ?”
“ਇਕਬਾਲ ਸਿਆਂ, ਉਹ ਕਿਵੇਂ?”
“ਦੋਖੋ ਸਰ, ਤੁਸੀਂ ਇਹ ਕਹਿ ਰਹੇ ਹੋ ਕਿ ਹੇਠਾਂ ਜਗ੍ਹਾ ਨਾ ਹੋਣ ਕਰਕੇ ਲਾਟ ਉੱਪਰ ਖਾਲੀ ਥਾਂ ਵੱਲ ਜਾਂਦੀ ਹੈ। -ਠੀਕ?”
“ਠੀਕ।” ਅਧਿਆਪਕ ਨੇ ਇਕਬਾਲ ਦੀ ਗੱਲ ਵਿੱਚ ਦਿਲਚਸਪੀ ਦਿਖਾਉਂਦਿਆਂ ਹੁੰਗਾਰਾ ਭਰਿਆ ਸੀ।
“ਇਸ ਦਾ ਮਤਲਬ ਤਾਂ ਇਹ ਹੋਇਆ ਬਈ ਜੇ ਮੋਮਬੱਤੀ ਨੂੰ ਮੂਧੀ ਕਰ ਦੇਈਏ, ਫਿਰ ਲਾਟ ਹੇਠਾਂ ਨੂੰ ਜਾਊ।” ਐਨਾ ਆਖ ਕੇ ਇਕਬਾਲ ਨੇ ਮੇਰੀ ਜਲਦੀ ਹੋਈ ਮੋਮਬੱਤੀ ਚੁੱਕ ਕੇ ਉੱਲਟੀ ਕਰ ਦਿੱਤੀ ਸੀ। ਮੋਮਬੱਤੀ ਦੀ ਲੋਅ ਫੇਰ ਵੀ ਉੱਪਰ ਵੱਲ ਜਾ ਰਹੀ ਸੀ। ਇਕਬਾਲ ਨੇ ਅਧਿਆਪਕ ਨੂੰ ਪ੍ਰਸ਼ਨ ਕੀਤਾ ਸੀ, “ਹੁਣ ਬੋਲੋ ਸਰ, ਲਾਟ ਤਾਂ ਅਜੇ ਵੀ ਉਤਾਂਹ ਨੂੰ ਹੀ ਜਾ ਰਹੀ ਹੈ?”
ਸਾਡੇ ਅਧਿਆਪਕ ਨੂੰ ਤਾਂ ਭਾਜੜਾਂ ਪੈ ਗਈਆਂ। ਕੋਈ ਗੱਲ ਨਾ ਆਵੇ। ਤੇ ਅੰਤ ਨੂੰ ਉਸਨੇ ਆਪ ਹੀ ਸਵਿਕਾਰ ਕਰ ਲਿਆ, “ਬਈ ਮੈਨੂੰ ਨ੍ਹੀਂ ਏਹਦੇ ਕਾਰਨ ਦਾ ਪਤਾ।”
“ਫੇਰ ਇਉਂ ਕਹੋ ਨਾ ਸਰ, ਤੁਹਾਨੂੰ ਪਤਾ ਨਹੀਂ। ਇੰਝ ਕਿਉਂ ਕਹਿੰਦੇ ਹੋ ਕਿ ਸ਼ਾਜੀਆ ਸਵਾਲ ਫਜ਼ੂਲ ਹੈ?”
ਅਧਿਆਪਕ ਇਕਬਾਲ ਦੀ ਇਹ ਗੱਲ ਸੁਣ ਕੇ ਖਿੱਝ ਗਿਆ ਸੀ, “ਤੈਨੂੰ ਬਾਹਲਾ ਪਤੈ ਤਾਂ ਤੂੰ ਦੱਸ ਦੇ।”
“ਲਉ ਮੈਂ ਦੱਸ ਦਿੰਦਾ ਹਾਂ, ਸਰ। ਇਹਦੇ ਵਿੱਚ ਕੀ ਮੁਸ਼ਕਲ ਹੈ? ਬੜੀ ਸਰਲ ਤੇ ਸਿੱਧੀ ਜਿਹੀ ਵਜ੍ਹਾ ਹੈ। ਅੱਗ ਵਿਚਲੀ ਗੈਸ ਹਵਾ ਵਿਚਲੀਆਂ ਤਮਾਮ ਗੈਸਾਂ ਨਾਲੋਂ ਹਲਕੀ ਹੁੰਦੀ ਹੈ। ਇਸ ਲਈ ਉਹ ਉਨ੍ਹਾਂ ਉੱਪਰ ਤੈਰ ਕੇ ਉੱਡ ਜਾਂਦੀ ਹੈ। ਜਿਸ ਕਰਕੇ ਅੱਗ ਹਮੇਸ਼ਾ ਉੱਪਰ ਨੂੰ ਜਾਂਦੀ ਹੈ।”
ਇਕਬਾਲ ਦਾ ਵਜ਼ਨਦਾਰ ਜੁਆਬ ਸੁਣ ਕੇ ਸਾਰੀ ਜਮਾਤ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਹਰ ਸਮੇਂ ਐਨੀਆਂ ਅਕਲਮੰਦ ਗੱਲਾਂ ਕਰਦੇ ਰਹਿਣਵਾਲੇ ਇਕਬਾਲ ਨੂੰ ਉਸ ਦਿਨ ਪਤਾ ਨਹੀਂ ਕੀ ਹੋ ਗਿਆ ਸੀ। ਉਹ ਇਉਂ ਗੁੰਮ ਹੋ ਗਿਆ ਸੀ ਜਿਵੇਂ ਉਹਨੂੰ ਸੱਪ ਸੁੰਘ ਗਿਆ ਹੁੰਦਾ ਹੈ। ਅਸਲ ਵਿੱਚ ਤਾਂ ਮੈਨੂੰ  ਉਸਦੀ ਖ਼ਾਮੋਸ਼ੀ ਦਾ ਕਾਰਨ ਪਤਾ ਹੀ ਸੀ। ਪ੍ਰੋ: ਮੋਹਨ ਸਿੰਘ ਨੇ ਸਾਵੇ ਪੱਤਰ ਕਿਤਾਬ ਵਿਚਲੀ ਇੱਕ ਕਵਿਤਾ ਵਿੱਚ ਲਿਖਿਆ ਸੀ, “ਲੱਕੜੀ ਟੁੱਟਿਆਂ ਕਿੜ-ਕਿੜ ਹੋਵੇ। ਸ਼ੀਸ਼ਾ ਟੁੱਟਿਆਂ ਤੜ-ਤੜ। ਲੋਹਾ ਟੁੱਟਿਆਂ ਕੜ-ਕੜ ਹੋਵੇ। ਪੱਥਰ ਟੁੱਟਿਆਂ ਖੜ ਖੜ। ਲੱਖ ਸਾਬਾ ਆਸ਼ਕ ਦੇ ਦਿਲ ਨੂੰ, ਸ਼ਾਲਾ ਰਹੇ ਸਲਾਮਤ। ਜਿਸਦੇ ਟੁੱਟਿਆਂ ਵਾਜ਼ ਨਾ ਨਿਕਲੇ, ਨਾ ਕਿੜ ਕਿੜ ਨਾ ਕੜ ਕੜ।”  
ਸੱਚ ਜਦੋਂ ਆਸ਼ਕ ਦਾ ਦਿਲ ਟੁੱਟਦਾ ਹੈ ਤਾਂ ਆਵਾਜ਼ ਨਹੀਂ ਹੁੰਦੀ। ਮਹਿਜ਼ ਟੁੱਟ-ਭੱਜ ਹੀ ਹੁੰਦੀ ਹੈ ਤੇ ਕੀਚਰਾਂ ਖਿੰਡੀਆਂ ਹੀ ਦਿਖਾਈ ਦਿੰਦੀਆਂ ਹਨ। ਤੇ ਉਨ੍ਹਾਂ ਕੀਚਰਾਂ ਨੂੰ ਸਿਰਫ਼ ਉਹੀ ਦੇਖ ਸਕਦਾ ਹੈ ਜਿਸ ਕੋਲ ਮੁਹੱਬਤ ਭਰਿਆ ਦਿਲ ਹੋਵੇ, ਹਰ ਕੋਈ ਨਹੀਂ। ਇਕਬਾਲ ਦਾ ਟੁੱਟਿਆ ਹੋਇਆ ਦਿਲ ਵੀ ਕੇਵਲ ਮੈਂ ਹੀ ਦੇਖ ਸਕਦੀ ਸੀ। ਪਰ ਮਜਬੂਰੀ ਵਿੱਚ ਉਦੋਂ ਮੌਕੇ ’ਤੇ ਮੈਂ ਉਸ ਲਈ ਕੁੱਝ ਨਹੀਂ ਸੀ ਕਰ ਸਕਦੀ। ਇਕਬਾਲ ਦੀ ਚੁੱਪ ਸਾਡੇ ਅਧਿਆਪਕ ਨੇ ਵੀ ਤਾੜ ਲਈ ਸੀ ਤੇ ਉਸ ਤੋਂ ਪੁੱਛਿਆ ਸੀ, “ਇਕਬਾਲ, ਤੇਰਾ ਕੁੱਝ ਦੁੱਖਦੈ?”
“ਹਾਂ ਸਰ, ਮੇਰੇ ਢਿੱਡ ਵਿੱਚ ਬਹੁਤ ਦਰਦ ਹੋ ਰਿਹਾ ਹੈ। -ਕੀ ਮੈਂ ਘਰ ਜਾ ਸਕਦਾਂ?” ਇਕਬਾਲ ਨੇ ਆਪਣੇ ਪੇਟ ’ਤੇ ਹੱਥ ਰੱਖ ਕੇ ਦਰਦ ਦਾ ਡਰਾਮਾ ਜਿਹਾ ਕਰਦਿਆਂ ਕਿਹਾ ਸੀ।
“ਜ਼ਰੂਰ ਰਾਤ ਕਰੀਆਂ-ਕੁਰੀਆਂ ਰੱਜ ਕੇ ਖਾਧੀਆਂ ਹੋਣੀਆਂ, ਹੈਂ?” ਅੰਗਰੇਜ਼ ਅਧਿਆਪਕ ਨੂੰ ਵਿਅੰਗ ਕਸਣ ਦਾ ਇਹ ਮਸਾਂ ਮੌਕਾ ਮਿਲਿਆ ਸੀ।
ਸਾਡਾ ਅਧਿਆਪਕ ਜਾਣਦਾ ਸੀ ਕਿ ਇਕਬਾਲ ਪੜ੍ਹਾਈ ਚੋਰ ਨਹੀਂ ਸੀ, ਅਵੱਸ਼ ਉਸਦੇ ਪੀੜ ਹੁੰਦੀ ਹੋਵੇਗੀ। ਕਿਉਂਕਿ ਉਹ ਪਹਿਲਾਂ ਕਦੇ ਵੀ ਬਹਾਨਾ ਬਣਾ ਕੇ ਪੜ੍ਹਾਈ ਤੋਂ ਨਹੀਂ ਸੀ ਭੱਜਿਆ। ਇਸ ਲਈ ਅਧਿਆਪਕ ਨੇ ਉਸਨੂੰ ਜਾਣ ਦੀ ਆਗਿਆ ਦੇ ਦਿੱਤੀ ਸੀ। ਇਹ ਗੱਲ ਇਕੱਲੀ ਮੈਂ ਹੀ ਜਾਣਦੀ ਸੀ ਕਿ ਇਕਬਾਲ ਝੂਠ ਬੋਲ ਕੇ ਗਿਆ ਸੀ। ਮੇਰੇ ਸਾਹਮਣੇ ਦੀ ਇਕਬਾਲ ਭਰੀਆਂ ਅੱਖਾਂ ਲੈ ਕੇ ਬਾਹਰ ਨਿਕਲ ਗਿਆ ਸੀ। ਉਸਦਾ ਹਿਰਦਾ ਵੀ ਰੋਅ ਰਿਹਾ ਸੀ। ਆਤਮਾ ਵਿਲਕ ਰਹੀ ਸੀ। ਧਾਹਾਂ ਮਾਰ ਰਹੀ ਸੀ। ਮੈਂ ਜਮਾਤ  ਵਿੱਚੋਂ ਅਚਾਨਕ ਉੱਠ ਕੇ ਉਸਦੇ ਪਿੱਛੇ ਨਹੀਂ ਸੀ ਜਾ ਸਕਦੀ। ਮੇਰਾ ਅਜਿਹਾ ਕਰਨ ਨਾਲ ਲੱਖਾਂ ਉਂਗਲੀਆਂ ਸਾਡੇ ਵੱਲ ਖੜ੍ਹੀਆਂ ਹੋ ਜਾਣੀਆਂ ਸਨ। ਇਸ ਲਈ  ਮੈਂ ਦੜ ਵੱਟ ਕੇ ਬੈਠੀ ਰਹੀ ਸੀ। 
ਅਗਲੇ ਦਿਨ ਮੈਂ ਸਕੂਲ ਆਉਣ ਲਈ ਸਾਜਰੇ ਮੂੰਹ ਝਾਖਰੇ ਆ ਕੇ ਇਕਬਾਲ ਦੇ ਰਾਹ ਵਿੱਚ ਖੜ੍ਹੀ ਰਹੀ ਸੀ। ਪਰ ਉਹ ਆਇਆ ਨਾ। ਫਿਰ ਉਸ ਤੋਂ ਅਗਲੇ ਦਿਨ ਵੀ ਉਹ ਨਾ ਬਹੁੜਿਆ ਤੇ ਉਸ ਤੋਂ ਅਗਲੇ ਦਿਨ ਕਈ ਦਿਨ ਲੰਘ ਗਏ। ਇਕਬਾਲ ਦਾ ਸਿਕਨੈਸ ਸਾਰਟੀਫੀਕੇਟ ਹੀ ਸਕੂਲ ਪਹੁੰਚਦਾ ਰਿਹਾ ਸੀ। ਸਾਰਾ ਸਕੂਲ ਜਾਣਦਾ ਸੀ ਕਿ ਉਹ ਬਿਮਾਰ ਹੈ। ਪਰ ਕਿਹੜੀ ਬਿਮਾਰੀ ਹੈ? ਇਸਦਾ ਕਿਸੇ ਨੂੰ ਥਹੁ-ਪਤਾ ਨਹੀਂ ਸੀ। ਮੈਂ ਸਭ ਜਾਣਦੀ , ਸਮਝਦੀ ਸੀ। ਉਸਦੀ ਬਿਮਾਰੀ ਦਾ ਕਾਰਨ ਵੀ ਤੇ ਨਿਵਾਰਨ ਵੀ। ਸੂਫ਼ੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਦੇ ਕਹਿਣ ਵਾਂਗ, “ਆਸ਼ਕ ਦਾ ਕੀ ਮਾਰਨਾ ਬੁੱਲ੍ਹਿਆ, ਜਿਹੜਾ ਝਿੜਕ ਦਿੱਤੀ ਮਰ ਜਾਵੇ।” ਮੇਰਾ ਇਕਬਾਲ ਵੀ ਬਾਕੀ ਆਸ਼ਕਾਂ ਵਾਂਗ ਬੜਾ ਕੋਮਲ ਅਤੇ ਜਜ਼ਬਾਤੀ ਨਿਕਲਿਆ ਸੀ। ਨਿੱਕੀ ਜਿਹੀ ਗੱਲ ਨੂੰ ਐਵੇਂ ਝੱਲਾ ਦਿਲ ’ਤੇ ਲਾ ਗਿਆ ਸੀ। 
  ਦਿਨ-ਬ-ਦਿਨ ਇਕਬਾਲ ਨੂੰ ਜੀਵਨ-ਸਾਥੀ ਬਣਾਉਣ ਦਾ ਇਰਾਦਾ ਮੇਰੇ ਅੰਦਰ ਪੱਕਾ ਹੁੰਦਾ ਜਾ ਰਿਹਾ ਸੀ। ਲੇਕਿਨ ਇਕਬਾਲ ਨਾਲ ਮੁਲਾਕਤ ਹੀ ਨਹੀਂ ਸੀ ਹੋ ਰਹੀ। ਉਸ ਨਾਲ ਸੰਪਰਕ ਕਰਨ ਵਿੱਚ ਉਹੀ ਸਮੱਸਿਆ ਮੈਨੂੰ ਦਰਪੇਸ਼ ਆ ਰਹੀ ਸੀ, ਜਿਸਦਾ ਕਿ ਮੇਰੇ ਨਾਲ ਰਾਬਤਾ ਕਾਇਮ ਕਰਨ ਵਿੱਚ ਇਕਬਾਲ ਨੂੰ ਸਾਹਮਣਾ ਕਰਨਾ ਪਿਆ ਸੀ। ਪਹਿਲੀ ਗੱਲ ਤਾਂ ਮੇਰੇ ਕੋਲ ਇਕਬਾਲ ਦਾ ਫੋਨ ਨੰਬਰ ਸੀ ਹੀ ਨਹੀਂ। ਜੇ ਹੁੰਦਾ ਵੀ, ਤਾਂ ਵੀ ਮੈਂ ਉਸਨੂੰ ਫੋਨ ਨਹੀਂ ਸੀ ਕਰ ਸਕਦੀ, ਕਿਉਂਕਿ ਇੱਕ ਵਾਰ ਇਜ਼ਬਲ ਨੇ ਇਕਬਾਲ ਦੇ ਘਰ ਫੋਨ ਕੀਤਾ ਸੀ ਤੇ ਇਕਬਾਲ ਦੇ ਪਿਤਾ ਨੇ ਫੋਨ ਚੁੱਕ ਲਿਆ ਸੀ। ਫੋਨ ਕਰਨ ਦਾ ਮਕਸਦ ਪੁੱਛਣ ’ਤੇ ਇਜ਼ਬਲ ਨੇ ਇਕਬਾਲ ਦੇ ਪਿਤਾ ਨੂੰ ਦੱਸ ਦਿੱਤਾ ਸੀ ਕਿ ਉਹ ਇਕਬਾਲ ਦੀ ਮਾਸ਼ੂਕ ਹੈ। ਇਸ ਤੇ ਇਕਬਾਲ ਨੂੰ ਉਹਦੇ ਮਾਤਾ-ਪਿਤਾ ਤੋਂ ਕਾਫ਼ੀ ਝਿੜਕਾਂ ਪਈਆਂ ਸਨ। ਸਾਰੇ ਏਸ਼ੀਅਨ ਮਾਪੇ ਆਪਣੇ ਨਿਆਣਿਆਂ ਨੂੰ ਇੰਝ ਹੀ ਕਹਿੰਦੇ ਹਨ, “ਥੋਨੂੰ ਸਕੂਲੇ ਪੜ੍ਹਨ ਭੇਜੀਦਾ ਹੈ ਕਿ ਯਾਰੀਆਂ ਲਾਉਣ?” 
ਇਕਬਾਲ ਸਕੂਲ ਆ ਕੇ ਇਜ਼ਬਲ ਨੂੰ ਗੁੱਸੇ ਹੋਇਆ ਸੀ। ਤਦੇ ਹੀ ਇਕਬਾਲ ਨੇ ਰਜਨੀ ਨੂੰ ਘਰੇ ਫੋਨ ਕਰਨ ਤੋਂ ਮਨ੍ਹਾ ਕਰ ਰੱਖਿਆ ਸੀ। ਫੋਨ ਕਰਕੇ ਮੈਂ ਇਕਬਾਲ ਅਤੇ ਆਪਣੇ ਲਈ ਕੋਈ ਬਿਖੇੜਾ ਖੜ੍ਹਾ ਨਹੀਂ ਸੀ ਕਰਨਾ ਚਾਹੁੰਦੀ। ਉਹ ਮੁੰਡਾ ਹੋਣ ਕਾਰਨ ਮੇਰੇ ਘਰ ਨਹੀਂ ਸੀ ਆ ਸਕਦਾ, ਮੈਂ ਕੁੜੀ ਹੋਣ ਕਾਰਨ ਉਸਦੇ ਘਰ ਨਹੀਂ ਸੀ ਜਾ ਸਕਦੀ। ਮੁਹੱਬਤ ਦੇ ਜਵਾਨ ਹੋਣ ਲਈ ਸ਼ੁਰੂਆਤੀ ਦਿਨਾਂ ਵਿੱਚ ਦੋਨਾਂ ਪ੍ਰੇਮੀਆਂ ਦਾ ਨਿਰੰਤਰ ਤਾਲਮੇਲ  ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। 
ਮੰਨਿਆ ਇਕਬਾਲ ਮੇਰੇ ਨਾਲ ਖਫ਼ਾ ਸੀ। ਫਿਰ ਕੀ ਹੋਇਐ? ਉਹਨੂੰ ਸਕੂਲ ਤਾਂ ਆਉਣਾ ਚਾਹੀਦਾ ਸੀ। ਉਹ ਆਪਣੀ ਪੜ੍ਹਾਈ ਦਾ ਨੁਕਸਾਨ ਕਰਕੇ ਆਪਣੀ ਜ਼ਿੰਦਗੀ ਆਪਣਾ ਭਵਿੱਖ ਕਿਉਂ ਖਰਾਬ ਕਰ ਰਿਹਾ ਸੀ? ਮੈਨੂੰ ਸਮਝ ਨਹੀਂ ਸੀ ਆਉਂਦੀ। ਕਿਸੇ ਮੁੰਡੇ ਹੱਥ ਮੈਂ ਤਾਂ ਉਹਨੂੰ ਸ਼ੁਭ ਇਛਾਵਾਂ ਦਾ ਕਾਰਡ ਵੀ ਨਹੀਂ ਸੀ ਭੇਜ ਸਕਦੀ। ਸਭ ਮੁੰਡੇ ਮੇਰੇ ਇਕਬਾਲ ਨਾਲ ਬੋਲਣ-ਚੱਲਣ ਤੋਂ ਸੜਦੇ ਹੁੰਦੇ ਸਨ। ਮੈਥੋਂ ਸਿਵਾਏ ਹੋਰ ਵੀ ਕਈ ਸੋਹਣੀਆਂ-ਸੋਹਣੀਆਂ ਕੁੜੀਆਂ ਇਕਬਾਲ ਦੀਆਂ ਦਿਵਾਨੀਆਂ ਸਨ, ਜਿਸ ਕਰਕੇ ਤਕਰੀਬਨ ਸਾਰੇ ਮੁੰਡੇ ਹੀ ਉਸ ਤੋਂ ਖਾਰ ਖਾਂਦੇ ਸਨ। ਉਸ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਲੋਕਲ ਰੇਡੀਉ ਦੇ ਫ਼ਰਮਾਇਸ਼ੀ ਨਗ਼ਮਿਆਂ ਦੇ ਪ੍ਰੋਗਰਾਮ ਵਿੱਚ ਮੈਂ ਆਪਣਾ ਨਾਮ ਅਤੇ ਪਤਾ ਗੁਪਤ ਰੱਖ ਕੇ ਰੋਜ਼ ਇਕਬਾਲ ਦੇ ਨਾਮ ਗੀਤ ਲਵਾਉਂਦੀ ਹੁੰਦੀ ਸੀ। ਮੈਥੋਂ ਇਕਬਾਲ ਦੀ ਜੁਦਾਈ ਝੱਲ ਨਹੀਂ ਸੀ ਹੁੰਦੀ। ਕਿਸੇ ਪਿਆਰੇ ਦਾ ਵਿਛੋੜਾ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਇਸੇ ਲਈ ਪੀਰਾਂ-ਫਕੀਰਾਂ ਨੇ ਬਿਰਹਾ ਨੂੰ ਬੜੀ ਮਾਣਤਾ ਦਿੱਤੀ ਹੈ। ਸ਼ੇਖ ਫ਼ਰੀਦ ਨੇ ਆਖਿਆ ਹੈ, 
“ਬਿਹਰਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ।
ਫਰੀਦਾ ਜਿਤੁ ਤਲਿ ਬਿਰਹੁ ਨ ਊਪਜੈ ਸੋ ਤਨੁ ਜਾਣ ਮਸਾਨ।।”
ਮੇਰਾ ਤਨ ਤਾਂ ਬਿਰਹਾ ਦੇ ਜਜ਼ਬੇ ਨਾਲ ਓਤਪੋਤ ਹੋਇਆ ਪਿਆ ਸੀ। ਉਂਝ ਮੈਂ ਇੱਕ ਗੱਲੋਂ ਖੁਸ਼ ਵੀ ਸੀ, ਕਿਉਂਕਿ ਵਿਛੋੜੇ ਦੀ ਕੁਠਾਲੀ ਵਿੱਚ ਸੜ ਕੇ ਹੀ ਮੁਹੱਬਤ ਦਾ ਕੁੰਦਨ ਨਿਖਰਦਾ ਹੈ। 
ਮੈਂ ਇਕਬਾਲ ਬਾਰੇ ਸੋਚ-ਸੋਚ ਕੇ ਪਾਗਲ ਹੋਈ ਪਈ ਸੀ। ਮੈਂ ਤਾਂ ਇੱਥੋਂ ਤੱਕ ਧਾਰ ਲਈ ਸੀ ਕਿ ਜੀਦਣ ਇਕਬਾਲ ਸਕੂਲ ਆਇਆ ਮੈਂ ਉਹਨੂੰ ਆਪਣੀ ਬਾਂਹ ਫੜਾ ਕੇ ਕਹੂੰਗੀ,  “ਚੱਲ ਮੈਂ ਤੇਰੇ ਨਾਲ ਚੱਲਦੀ ਆਂ। ਜਿੱਥੇ ਮਰਜ਼ੀ ਲੈ ਚੱਲ। ਦੂਰ ਪਰ੍ਹੇ ਇਸ ਦੁਨੀਆਂ ਤੋਂ ਨਿਵੇਕਲੀ ਜਿਹੀ ਥਾਂ, ਜਿੱਥੇ ਤੇਰੇ ਅਤੇ ਮੇਰੇ ਬਿਨਾਂ ਹੋਰ ਕੋਈ ਨਾ ਹੋਵੇ। ਚਾਰੋ-ਪਹਿਰ ਮੈਂ ਸੋਹਣਿਆ, ’ਕੱਲੀ ਨੂੰ ਲੈ ਜਾ ਕਿਤੇ ਦੂਰ ਵਾਲਾ ਅਮਰਜੋਤ ਤੇ ਚਮਕੀਲੇ ਦਾ ਗਾਇਆ ਗੀਤ ਗਾਉਂਦੀ ਰਿਹਾ ਕਰਨਾ। ਇਕਬਾਲ ਦੇ ਵਿਯੋਗ ਵਿੱਚ ਮੇਰੀ ਜਾਨ ਮੁੱਠੀਆਂ ਵਿੱਚ ਆਈ ਪਈ ਸੀ। ਮੇਰੇ ਦਿਲ ਵਿੱਚੋਂ ਉਸਨੂੰ ਮਿਲਣ ਦੀ ਆਸ ਉੱਬਲ-ਉਂੱਬਲ ਬਾਹਰ ਡਿੱਗ ਰਹੀ ਸੀ। ਮੈਥੋਂ ਬਿਲਕੁਲ ਸਬਰ ਨਹੀਂ ਸੀ ਕਰ ਹੁੰਦਾ। ਉਸ ਵੇਲੇ ਮੈਂ ਦੋ ਗੱਲਾਂ ਹੀ ਲੋਚਦੀ ਹੁੰਦੀ ਸੀ, ਇੱਕ ਤਾਂ ਇਹ ਸੀ ਕਿ ਇਕਬਾਲ ਮੇਰੀਆਂ ਬਾਹਾਂ ਵਿੱਚ ਆ ਜਾਵੇ ਜਾਂ ਮੈਂ ਮੌਤ ਦੀ ਆਗੋਸ਼ ਵਿੱਚ ਚਲੀ ਜਾਵਾਂ। ਸੋਚ-ਸੋਚ ਮੇਰੀਆਂ ਪੁੜਪੜੀਆਂ ਦੁੱਖਣ ਲੱਗ ਜਾਇਆ ਕਰਦੀਆਂ ਸਨ। ਲੇਕਿਨ ਉਸਨੂੰ ਮਿਲਣ ਦੀ ਕੋਈ ਬਣਤ ਨਹੀਂ ਸੀ ਬਣੀ ਰਹੀ। ਅਲਬੱਤਾ ਮੇਰੀਆਂ ਕੋਸ਼ਿਸ਼ਾਂ ਜਾਰੀ ਸਨ।


No comments:

Post a Comment