ਕਾਂਡ 8 : ਪ੍ਰੇਮ ਪੱਤਰ

ਮਾਯੂਸ ਹੋ ਕੇ ਮੈਨੂੰ ਆਪਣੀ ਜ਼ਿੰਦਗੀ ਨਾਲ ਇਸ ਕਦਰ ਨਫ਼ਰਤ ਹੋ ਗਈ ਸੀ ਕਿ ਮੇਰਾ ਜੀਅ ਕਰਦਾ ਸੀ ਮੈਂ ਮਰ ਜਾਵਾਂ। ਯਕੀਨ ਕਰੋਂ ਤਾਂ ਮੈਂ ਅਜਿਹਾ ਕਰਨ ਦਾ ਉਪਰਾਲਾ ਵੀ ਕੀਤਾ ਸੀ। ਅੰਮੀ ਕਦੇ ਕਦਾਈਂ ਡਿਪਰੈੱਸ਼ਨ ਅਤੇ ਨੀਂਦ ਦੀਆਂ ਜਿਹੜੀਆਂ ਗੋਲੀਆਂ ਖਾਂਦੀ ਹੁੰਦੀ ਸੀ, ਮੈਂ ਉਨ੍ਹਾਂ ਦੀ ਸ਼ੀਸ਼ੀ ਚੁੱਕ ਕੇ ਸਾਰੀ ਦੀ ਸਾਰੀ ਛਕਣ ਲੱਗੀ ਸੀ। ਗੋਲੀਆਂ ਖਾਹ ਕੇ ਆਤਮਹੱਤਿਆ ਕਰਨ ਤੋਂ ਪਹਿਲਾਂ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਕਰ ਜਾਵਾਂ। ਐਸਾ ਕਰਨ ਲਈ ਮੈਂ ਕਿਤਾਬਾਂ ਵਾਲੀ ਦੁਕਾਨ ਡੱਬਲਯੂ ਐੱਚ ਸਮਿੱਥ ਤੋਂ ਬੜੀ ਦੇਰ ਪਹਿਲਾਂ ਦਾ ਅੱਬਾ ਵਾਸਤੇ ਲਿਆਂਦਾ ਹੋਇਆ ਅਣਵਰਤਿਆ ਸਰਕਾਰ ਵੱਲੋਂ ਪ੍ਰਮਾਣਿਤ ਵਸੀਅਤਨਾਮਾ ਚੁੱਕਿਆ ਤੇ ਲਿਖ ਮਾਰਿਆ, 

ਵਸੀਅਤਨਾਮਾ
ਮੇਰੇ ਤਨ, ਮਨ ਅਤੇ ਧਨ, ਯਾਨੀ ਕਿ ਹਰ ਚੀਜ਼ ਦਾ ਮਾਲਕ ਅਤੇ ਹੱਕਦਾਰ ਸਿਰਫ਼ ਮੇਰਾ ਮਹਿਬੂਬ  ਇਕਬਾਲ ਸਿੰਘ ਹੈ।
ਮੈਂ ਸ਼ਾਜ਼ੀਆ ਖਾਨ ਆਪਣੇ ਪੂਰੇ ਹੋਸ਼-ਓ-ਹਵਾਸ ਵਿੱਚ ਬਿਨਾਂ ਕਿਸੇ ਕਿਸਮ ਦੇ ਦਬਾਅ ਜਾਂ ਮਜਬੂਰੀ ਦੇ ਇਹ ਤਸਦੀਕ ਕਰਦੀ ਹਾਂ ਕਿ ਉੱਪਰ ਦਿੱਤਾ ਗਿਆ ਵੇਰਵਾ ਮੇਰੀ ਜਾਣਕਾਰੀ ਮੁਤਾਬਕ ਬਿਲਕੁਲ ਸੱਚਾ ਅਤੇ ਸਹੀ ਹੈ।
ਦਸਤਖ਼ਤ

ਸ਼ਾਜ਼ੀਆ ਖਾਨ

ਇਹ ਸਨਦ ਲਿਖਣ ਬਾਅਦ ਮੈਨੂੰ ਆਪਣੀ ਮੂਰਖ਼ਤਾ ਉੱਤੇ ਹਾਸਾ ਆਇਆ। ਮੇਰੇ ਕੋਲ ਐਸਾ ਹੈ ਹੀ ਕੀ ਸੀ, ਜੋ ਮੈਂ ਇਕਬਾਲ
ਖਾਤਰ ਛੱਡ ਕੇ ਮਰਦੀ। ਧਨ ਮੇਰੇ ਕੋਲ ਕੋਈ ਨਹੀਂ ਸੀ। ਮਨ ਪਹਿਲਾਂ ਤੋਂ ਹੀ ਇਕਬਾਲ ਕੋਲ ਸੀ ਤੇ ਤਨ? ਤਨ, ਮੇਰੀ ਫੌਤ ਬਾਅਦ ਕਬਰ ਵਿੱਚ ਸਪੁਰਦ-ਏ-ਖਾਕ ਕਰ ਦਿੱਤਾ ਜਾਣਾ ਸੀ। ਇਕਬਾਲ ਨੂੰ ਤਾਂ ਕਿਸੇ ਨੇ ਮੇਰੀ ਲਾਸ਼ ਨੂੰ ਹੱਥ ਵੀ ਨਹੀਂ ਸੀ ਲਾਉਣ ਦੇਣਾ। ਮਿੱਟੀ ਵਿੱਚ ਦਫ਼ਨਾਈ ਹੋਈ ਮੇਰੀ ਮ੍ਰਿਤਕ ਦੇਹ ਨੇ ਵੀ ਸਮਾਂ ਪਾ ਕੇ ਇੱਕ ਦਿਨ ਮਿੱਟੀ ਬਣ ਜਾਣਾ ਸੀ।
ਮੇਰਾ ਜੋ ਕੁੱਝ ਵੀ ਸੀ, ਇਸ ਵਿੱਚ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਸੀ ਕਿ ਉਹ ਸਭ ਇਕਬਾਲ ਦੀ ਅਮਾਨਤ ਸੀ। ਮੈਨੂੰ ਵਸੀਅਤਨਾਮੇ ਜਾਂ ਐਲਾਨ ਕਰਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਸੀ। ਹੱਥਾਂ ਵਿੱਚ ਫੜੀ ਹਾਸੇ ਭਾਣੇ ਲਿਖੀ ਵਸੀਅਤ  ਵਾਲੀ ਚਿੱਟ ਨੂੰ ਫਿਰ ਤੋਂ ਪੜ੍ਹਦਿਆਂ ਮੈਨੂੰ ਇੱਕ ਸਕੀਮ ਆਹੁੜੀ ਕਿ ਕਿਉਂ ਨਾ ਮੈਂ ਇਕਬਾਲ ਨੂੰ ਇੱਕ ਚਿੱਠੀ ਲਿਖ ਕੇ ਉਸ ਵਿੱਚ ਆਪਣੀਆਂ ਸਾਰੀਆਂ ਭਾਵਨਾਵਾਂ ਪ੍ਰਗਟ ਕਰ ਦੇਵਾਂ। ਚਿਰਾਂ ਤੋਂ ਇਕਬਾਲ ਨਾਲ ਟੁੱਟੇ ਹੋਏ ਸੰਪਰਕ ਨੂੰ ਜੋੜਨ ਅਤੇ ਸੰਬੰਧਾਂ ਨੂੰ ਸੁਧਾਰਨ ਵਿੱਚ ਇਸ ਤੋਂ ਵਧੀਆ ਕੋਈ ਹੋਰ ਮਾਧਿਅਮ ਨਹੀਂ ਸੀ ਹੋ ਸਕਦਾ। ਇਸ ਲਈ ਮੈਂ ਚਿੱਠੀ ਲਿਖਣ ਦੀ ਪੱਕੀ ਠਾਣ ਲਈ ਸੀ। 
ਮੇਰਾ ਦਿਮਾਗ ਬਿਲਕੁਲ ਕੰਮ ਨਹੀਂ ਸੀ ਕਰ ਰਿਹਾ। ਇਕਬਾਲ ਨੂੰ ਮਿਲਣ ਦੇ ਸਭ ਹੀਲੇ-ਵਸੀਲੇ ਫੇਲ ਹੋ ਗਏ ਸਨ। ਮੈਨੂੰ ਕੁੱਝ ਵੀ ਨਹੀਂ ਸੀ ਸੁੱਝਦਾ ਤੇ ਨਾ ਹੀ ਕੋਈ ਰਾਹ ਦਿਸਦਾ ਸੀ। ਇਕਬਾਲ ਨਾਲ ਕੋਈ ਸੰਪਰਕ ਨਾ ਹੋ ਸਕਿਆ ਹੋਣ ਕਰਕੇ ਅਤੇ ਖੁਦ-ਬਾ-ਖੁਦ ਆਪਣੇ ਹੀ ਮਨ ਨੂੰ ਝੂਠੀਆਂ ਤਸੱਲੀਆਂ ਤੇ ਧਰਵਾਸੇ ਜਿਹੇ ਦੇਣ ਲਈ ਮੈਂ ਚਿੱਠੀ ਰਾਹੀਂ ਉਸ ਨਾਲ ਰਾਬਤਾ ਕਾਇਮ ਕਰਨ ਬਾਰੇ ਸੋਚਿਆ ਸੀ। ਮੈਂ ਉਸ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਨੂੰ ਪ੍ਰੇਮ-ਪੱਤਰ ਨਹੀਂ ਸੀ ਲਿਖੇ। ਇਸ ਲਈ ਮੈਨੂੰ ਉੱਕਾ ਹੀ ਗਿਆਨ ਨਹੀਂ ਸੀ ਕਿ ਲਵ ਲੈਟਰਜ਼  ਕਿਵੇਂ ਲਿਖੀਦੇ ਹੁੰਦੇ ਹਨ। ਖ਼ੈਰ, ਦੇਅਰਜ਼ ਫਰਸਟ ਟਾਈਮ ਫਾਰ ਐਵਰੀਥਿੰਗ ਆਖ ਕੇ ਮੈਂ ਕਾਗਜ਼ ਪੈੱਨ ਚੁੱਕਿਆ ਤੇ ਖ਼ਤ ਦਾ ਬਿਸਮਿਲਾਹ ਕਰ ਦਿੱਤਾ ਸੀ। 
ਸੋਚ ਵਿਚਾਰ ਕੇ ਇੱਕ ਦੋ ਸ਼ਬਦ ਲਿਖੇ ਸਨ, ਪਰ ਉਹ ਗੱਲ ਨਹੀਂ ਸੀ ਬਣੀ ਜੋ ਮੈਂ ਚਾਹੁੰਦੀ ਸੀ। ਮੈਂ ਵਰਕਾ ਪਾੜ ਦਿੱਤਾ ਸੀ। ਫਿਰ ਨਵਾਂ ਸ਼ੁਰੂ ਕੀਤਾ ਸੀ ਤੇ ਕੁੱਝ ਸੱਤਰਾਂ ਲਿਖੀਆਂ। ਪਰ ਉਸ ਵਿੱਚ ਮੇਰੀ ਲਿਖਾਈ ਕੋਈ ਬਹੁਤੀ ਵਧੀਆ ਨਹੀਂ ਸੀ। ਐਵੇਂ ਕੁੱਕੜਾਂ ਦੇ ਘਾਂਗੜੇ ਜਿਹੇ ਸਨ। ਉਹ ਵੀ ਮਰੋੜ-ਤਰੋੜ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ। ਮੁੜ ਤੋਂ ਹੋਰ ਨਵੇਂ ਕਾਗਜ਼ ਉੱਪਰ ਲਿਖਣ ਲੱਗ ਗਈ ਸੀ। ਫਿਰ ਉਸ ਵਿੱਚ ਵੀ ਕੋਈ ਗਲਤੀ ਹੋ ਗਈ ਸੀ ਤੇ ਮੈਂ ਉਹ ਵੀ ਗੁੱਛਾ-ਮੁੱਛਾ ਕਰਕੇ ਗੇਂਦ ਬਣਾ ਦਿੱਤੀ ਸੀ। ਨਵੇਂ ਸਿਰਿਉਂ ਹੋਰ ਲਿਖਣ ਲੱਗ ਪਈ ਸੀ। ਇੰਝ ਕਰਦੇ-ਕਰਦੇ ਮੇਰਾ ਲੈਟਰ-ਪੈੱਡ ਖਾਲੀ ਹੁੰਦਾ ਗਿਆ ਸੀ ਤੇ ਕੂੜੇਦਾਨ ਭਰਦਾ ਗਿਆ ਸੀ। ਐਵੇਂ ਸਮਾਂ ਬਰਬਾਦੀ ਅਤੇ ਕੋਈ ਪ੍ਰਾਪਤੀ ਨਾ ਹੁੰਦੀ ਦੇਖ ਕੇ ਮੈਂ ਆਪਣੇ ਆਪਨੂੰ ਝੰਜੋੜ ਕੇ ਆਪਣਾ ਮਨ-ਮਸਤਕ ਟਿਕਾਇਆ ਤੇ ਇਕਾਗਰਚਿੱਤ ਹੋ ਕੇ ਖੁਸ਼ਖ਼ਤ ਲਿਖਾਈ ਵਿੱਚ ਹੌਲੀ-ਹੌਲੀ ਪਾਇਲਟ ਪੈੱਨ ਨਾਲ ਪੱਤਰ ਲਿਖਣ ਲੱਗ ਪਈ ਸੀ।

ਸਥਾਨ: ਸੁੰਨੀ ਸੇਜ, ਖੁਆਬਗਾਹ
ਸਮਾਂ: ਤਾਰਿਆਂ ਭਰੀ ਅੱਧੀ ਰਾਤ
ਸਾਰੀ ਦੁਨੀਆਂ ਤੋਂ ਨਿਆਰੇ ਅਤੇ ਜਾਨੋਂ ਪਿਆਰੇ  ਇਕਬਾਲ, 
                               ਗਲਵੱਕੜੀ ਪਾ ਕੇ ਬੁੱਲ੍ਹਾਂ ਉੱਤੇ ਦਹਿਕਦਾ ਚੁੰਮਣ!
ਐ ਮੇਰੇ ਮਹਿਬੂਬ, ਉਮੀਦ ਹੈ ਤੁਹਾਡੀ ਸਿਹਤ ਪਹਿਲਾਂ ਨਾਲੋਂ ਕੁੱਝ ਬਿਹਤਰ ਹੋਵੇਗੀ। ਡੀਂਗਾ ਰਿਵਾਜ ਇਹ ਹੈ ਕਿ ਮੇਰਾ ਤਾਂ ਇੱਥੇ ਬਰੁਾ ਹਾਲ ਹੋਇਆ ਪਿਆ ਹੈ। ਤੁਹਾਡੇ ਵਿਛੋੜੇ ਵਿੱਚ ਮੈਂ ਇਉਂ ਭੁੱਜ ਰਹੀ ਹਾਂ, ਜਿਵੇਂ ਤੰਦੂਰ ਵਿੱਚ ਮੁਰਗਾ ਰੜ੍ਹਦਾ ਹੁੰਦਾ ਹੈ। ਉਦਣ ਦੇ ਪ੍ਰਯੋਗਸ਼ਾਲਾ ਵਿੱਚ ਹੋਏ ਹਾਦਸੇ ਲਈ ਮੈਂ ਤੁਹਾਡੇ ਤੋਂ ਪੈਰੀਂ ਪੈ ਕੇ ਮੁਆਫ਼ੀ ਮੰਗਦੀ ਹਾਂ। ਮੈਨੂੰ ਤੁਹਾਡੇ ਨਾਲ ਖਫ਼ਾ ਨਹੀਂ ਸੀ ਹੋਣਾ ਚਾਹੀਦਾ। ਤੁਹਾਨੂੰ ਝਿੜਕਣ ਦਾ ਤਾਂ ਮੈਨੂੰ ਬਿਲਕੁਲ ਹੀ ਕੋਈ ਹੱਕ ਨਹੀਂ ਸੀ। ਮੈਂ ਕੋਈ ਤੁਹਾਡੀ ਮਾਂ ਥੋੜ੍ਹਾ ਹਾਂ? ਨਾਲੇ ਹਰ ਗੱਲ ਪਿਆਰ ਨਾਲ ਸਮਝਾਈ ਜਾ ਸਕਦੀ ਹੈ। ਉਸ ਦਿਨ ਤਕਰਾਰ ਤਾਂ ਕਰਨਾ ਹੀ ਨਹੀਂ ਸੀ ਚਾਹੀਦਾ। ਫਿਰ ਤੁਸੀਂ ਵੀ ਤਾਂ ਕੋਈ ਮੂਰਖ ਜਾਂ ਪਾਗਲ ਨਹੀਂ ਹੋ। ਸਗੋਂ ਬਹੁਤ ਹੀ ਜ਼ਹੀਨ ਅਤੇ ਸਮਝਦਾਰ ਹੋ। ਤੁਸੀਂ ਤਾਂ ਪੰਡਤ ਗਰਸ਼ੀਨ, ਪਲੈਟੋ ਅਤੇ ਅਫਲਾਤੂਨ ਤੋਂ ਵੀ ਸਲਝੇ ਹੋਏ ਵਿਦਵਾਨ ਹੋ। ਮੈਂ ਤਾਂ ਕਹਾਂਗੀ, ਤੁਸੀਂ ਬ੍ਰਹਮਗਿਆਨੀ ਹੋ। ਜਿਸ ਬੌਧਿਕ ਅਤੇ ਵਿਚਾਰਕ ਪੱਧਰ ਤੱਕ ਤੁਹਾਡੀ ਰਸਾਈ ਹੈ, ਮੇਰਾ ਖ਼ਿਆਲ ਹੈ ਆਪਣੇ ਸਕੂਲ ਦਾ ਹੋਰ ਕੋਈ ਵੀ ਮੁੰਡਾ ਉੱਥੇ ਤੱਕ ਨਹੀਂ ਪਹੁੰਚ ਸਕਿਆ। ਜੇ ਮੈਂ ਤਰੀਕੇ ਨਾਲ ਆਪਣੀ ਗੱਲ ਕਰਦੀ ਤਾਂ ਤੁਸੀਂ ਸਭ ਸਮਝ ਜਾਣਾ ਸੀ। ਪਰ ਕੀ ਕਰਾਂ? ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਨਿਆਣ-ਮੱਤ ਹਾਂ ਤੇ ਮੌਕੇ ’ਤੇ ਸੋਚਦੀ ਨਹੀਂ ਹੁੰਦੀ ਕਿ ਮੈਂ ਕੀ ਕਹਿ ਰਹੀ ਹਾਂ। ਜੋ ਮੂੰਹ ਵਿੱਚ ਅਨਾਬ-ਸ਼ਨਾਬ ਆਵੇ, ਬਸ ਬਕ ਦਿੰਦੀ ਹਾਂ। ਸੱਚ ਜਾਣਿਓ ਉਦੇਂ ਪਿੱਛੋਂ ਮੈਂ ਬਹੁਤ ਪਛਤਾਈ। ਮੈਨੂੰ ਆਪਣੀ ਬਦਦਿਮਾਗੀ ਉੱਤੇ ਬਹੁਤ ਗੁੱਸਾ ਆਇਆ। ਮੇਰਾ ਜੀਅ ਕਰੇ ਆਪਣੀ ਬੂਥੀ, ਆਪਣੀਆਂ ਹੀ ਚਪੇੜਾਂ ਨਾਲ ਭੰਨ੍ਹ ਲਵਾਂ। ਅੱਲਾਹ ਕਸਮ! ਮੈਂ ਹੁਣ ਤੱਕ ਉਸ ਬੀਤੇ ਵੇਲੇ ਨੂੰ ਝੂਰ ਰਹੀ ਹਾਂ। ਉਦਣ ਤੋਂ ਲੈ ਕੇ ਅੱਜ ਤੱਕ ਮੈਂ ਇੱਕ ਵਾਰ ਵੀ ਹੱਸ ਕੇ ਨਹੀਂ ਦੇਖਿਆ। ਦਿਨ-ਰਾਤ ਉਦਾਸੀ ਮੈਨੂੰ ਘੇਰੀ ਰੱਖਦੀ ਹੈ। ਸਭ ਤੋਂ ਛੁੱਪ-ਛੁੱਪ ਕੇ ਹੁਣ ਤੱਕ ਮੈਂ ਐਨਾ ਰੋਈ ਹਾਂ, ਐਨਾ ਰੋਈ ਹਾਂ ਕਿ ਪੁੱਛੋ ਹੀ ਕੁੱਝ ਨਾ। 
ਉਹ ਅਕਰਮ ਰਾਹੀ ਦਾ ਗਾਣਾ ਹੈ ਨਾ, “ਦੁਨੀਆਂ ਤੋਂ ਲੁੱਕ-ਲੁੱਕ ਅਸੀਂ ਰੋਂਦੇ ਰਹੇ। ਤੇਰੀਆਂ ਜੁਦਾਈਆਂ ਵਾਲੇ ਦਾਗ ਧੋਂਦੇ ਰਹੇ।” ਐਨ ਉਹੀ ਕੈਫ਼ੀਅਤ ਮੇਰੀ ਹੈ। ਮੈਂ ਸਮਝਦੀ ਹਾਂ ਕਿ ਅੱਥਰੂ ਬਹਾਉਣਾ ਹੀ ਤੁਹਾਡੇ ਦਿਲ ਨੂੰ ਤੋੜਣ ਦਾ ਇਕੋ ਇੱਕ ਪਰਾਸਚਿਤ ਹੈ। ਕਿੰਨੀ ਦੇਰ ਹੋ ਗਈ ਹੈ, ਤੁਹਾਡੀ ਰੱਬ ਵਰਗੀ ਸੂਰਤ ਦੇਖਿਆਂ। ਤੁਸੀਂ ਤਾਂ ਸਕੂਲ ਆਉਣਾ ਤੇ ਮੁੱਖ ਦਿਖਾਉਣਾ ਹੀ ਛੱਡ ਦਿੱਤਾ ਹੈ। ਬਹਾਨੇ ਬਣਾਉਣਾ ਅਤੇ ਨਾਟਕ ਕਰਨੇ ਤਾਂ ਕੋਈ ਤੁਹਾਡੇ ਤੋਂ ਸਿਖੇ। ਤੁਸੀਂ ਡਾਕਟਰਾਂ, ਅਧਿਆਪਕਾਂ ਅਤੇ ਆਪਣੇ ਘਰਦਿਆਂ ਨੂੰ ਬੁੱਧੂ ਬਣਾ ਸਕਦੇ ਹੋ। ਪਰ ਮੇਰੇ ਅੱਖੀਂ ਘੱਟਾ ਨਹੀਂ ਪਾ ਸਕਦੇ। ਮੈਂ ਤੁਹਾਡੀ ਰਗ-ਰਗ ਤੋਂ ਵਾਕਫ਼ ਹਾਂ। ਮੈਂ ਜਾਣਦੀ ਹਾਂ ਕਿ ਤੁਸੀਂ ਮੈਥੋਂ ਟਲਦੇ ਹੋ। ਅਖੇ, ਬਿਮਾਰ ਹਾਂ। ਹੂੰ! ਵੱਡੇ ਮਰੀਜ਼ ਬਣਦੇ ਹੋ। ਜਨਾਬ ਅਸਲੀ ਰੋਗੀ ਤਾਂ ਅਸੀਂ ਹਾਂ, ਜਿਨ੍ਹਾਂ ਨੂੰ ਤੁਹਾਡੇ ਪ੍ਰੇਮ ਦਾ ਤਈਆ ਚੜ੍ਹਿਆ ਹੋਇਆ ਹੈ। ਸਾਡੀ ਮਰਜ਼-ਏ-ਇਸ਼ਕ ਦੇ ਮਾਰਿਆਂ ਦੀ ਤਾਂ ਉਹ ਅਵਸਥਾ ਜੀਹਦੇ ਬਾਰੇ ਬਾਬਾ ਬੁੱਲ੍ਹੇ ਸ਼ਾਹ ਨੇ ਕਿਹਾ ਹੈ, “ਬਹੁੜੀ ਵੇ ਤਬੀਬਾ ਮੈਂਡੀ ਜ਼ਿੰਦ ਗਈ ਆ, ਤੇਰੇ ਇਸ਼ਕ ਨਚਾਇਆ, ਥਈਆ-ਥਈਆ-ਥਈਆ।” 
ਤੁਹਾਡੇ ਪਿਆਰ ਦਾ ਕੱਥਕ ਕਰਦਿਆਂ ਮੇਰੇ ਪੈਰ ਦੁੱਖਣ ਲੱਗ ਗਏ ਹਨ। ਪਰ ਮੈਂ ਨੱਚਦੀ ਜਾਣਾ ਹੈ, ਹਟਣਾ ਨਹੀਂ। ਇਕਬਾਲ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਕਿ ਮੈਂ ਤੁਹਾਡੀ ਬਿਰਹਾ ਦੀ ਪੀੜ ਕਿੰਨੀ ਔਖੀ ਹੋ ਕੇ ਜਰ ਰਹੀ ਹਾਂ। ਕੀ ਮੇਰੇ ਛੋਟੇ ਜਿਹੇ ਗੁਨਾਹ ਦੀ ਐਨੀ ਵੱਡੀ ਸਜ਼ਾ ਜੋ ਮੈਂ ਹੁਣ ਤੱਕ ਭੁਗਤੀ ਹੈ ਉਹ ਕਾਫੀ ਨਹੀਂ? ਮੇਰਾ ਨਿਵੇਧਨ ਹੈ ਕਿ ਪਲੀਜ਼… ਪਲੀਜ਼… ਪਲੀਜ਼…  ਮੇਰੀ ਜਾਨ ਬਣ ਕੇ ਮੈਨੂੰ ਮਾਫ ਕਰ ਦੇਵੋ? 
ਮੈਂ ਜਾਣਦੀ ਹਾਂ ਕਿ ਮੇਰੇ ਹਜ਼ੂਰ ਬਹੁਤ ਦਿਆਲੂ, ਕ੍ਰਿਪਾਲੂ ਅਤੇ ਦਰਿਆ ਦਿਲ ਹਨ। ਇਸ ਲਈ ਆਸ ਰੱਖਦੀ ਹਾਂ ਕਿ ਤੁਸੀਂ ਮੈਨੂੰ ਨਾਦਾਨ ਜਾਣ ਕੇ ਖਿਮਾ ਬਖਸ਼ ਦੇਵੋਗੇ। ਇਕਬਾਲ ਤੁਹਾਡੇ ਚਰਨਾਂ ਵਿੱਚ ਸਾਰੀ ਉਮਰ ਲਈ ਇੱਕ ਇਹੀ ਬੇਨਤੀ ਹੈ ਕਿ ਮੈਨੂੰ ਆਪਣੇ ਹਿਜ਼ਰ ਵਿੱਚ ਨਾ ਤੜਫਾਇਉ ਅਤੇ ਸਦਾ ਆਪਣੇ ਅੰਗ-ਸੰਗ ਰੱਖਿਉ। ਮੈਂ ਤੁਹਾਡੇ ਕਦਮਾਂ ਦੀ ਦਾਸੀ ਬਣ ਕੇ ਰਹਾਂਗੀ। ਬਾਕੀ ਹੁਣ ਤੱਕ ਹੋਈਆਂ ਗੁਸਤਾਖੀਆਂ ਦੀ ਤੁਸੀਂ ਮੈਨੂੰ ਜੋ ਸਜ਼ਾ ਦੇਵੋਂਗੇ, ਮੈਂ ਉਹ ਖਿੜੇ ਮੱਥੇ ਕਬੂਲ ਕਰ ਲਵਾਂਗੀ। 
ਹਾਂ ਸੱਚ, ਸਨਮ ਇੱਕ ਤੁਹਾਡੇ ਨਾਲ ਵੀ ਗਿਲਾ ਹੈ। ਤੁਸੀਂ ਬਹੁਤ ਹੀ ਭਾਵੁਕ ਹੋ। ਝੱਲਿਆ, ਐਨੇ ਭਾਵੁਕ ਨਹੀਂ ਬਣੀਦਾ ਹੁੰਦਾ। ਸੁਣਿਐ, ਭਾਵੁਕ ਇੰਨਸਾਨਾਂ ਨੂੰ ਜ਼ਿੰਦਗੀ ਵਿੱਚ ਬੜੇ ਦੁੱਖ ਉਠਾਉਣੇ ਪੈਂਦੇ ਹਨ। ਮੈਂ ਵੀ ਕਿੰਨੀ ਸਿੱਧਰੀ ਹਾਂ। ਤੁਹਾਨੂੰ ਮੱਤਾਂ ਦੇਈ ਜਾਂਦੀ ਹਾਂ। ਆਪ ਮੈਂ ਕਿਹੜਾ ਘੱਟ ਹਾਂ? ਮੈਂ ਖੁਦ ਵੀ ਤਾਂ ਅੰਤਾਂ ਦੀ ਭਾਵੁਕ ਹਾਂ। ਸ਼ਾਇਦ ਮੁਹੱਬਤ ਕਰਨ ਵਾਲਾ ਹਰ ਦਿਲ ਹੀ ਇਸੇ ਕਿਸਮ ਦਾ ਹੁੰਦਾ ਹੈ। ਮਾੜਾ ਜਿਹਾ ਆਪਣੇ ਦਰਮਿਆਨ ਬੋਲ-ਬੁਲਾਰਾ ਕੀ ਹੋਇਆ ਤੁਸੀਂ ਤਾਂ ਮੂੰਹ ਫੁਲਾ ਕੇ ਘਰਨੂੰ ਭੱਜ ਗਏ। ਆਪਣਿਆਂ ਨਾਲ ਕਦੇ ਇੰਝ ਵੀ ਲੜ੍ਹੀਦੈ? ਇਉਂ ਰੰਨਾਂ ਵਾਂਗੂੰ ਰੁੱਸਣਾ ਤੁਸੀਂ ਕਿੱਥੋਂ ਸਿੱਖਿਐ?
ਇਕਬਾਲ ਤੁਹਾਡੇ ਉਸ ਦਿਨ ਰੁਖਸਤ ਹੋਣ ਵਾਲੇ ਪਲ ਤੋਂ ਲੈ ਕੇ ਹੁਣ ਤੱਕ ਗੁਜ਼ਾਰੀਆਂ ਘੜੀਆਂ ਦਾ ਲੇਖਾ-ਜੋਖਾ ਲਿਖਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁੱਝ ਹੋਰ ਸਾਂਝਾ ਕਰਨਾ ਚਾਹੁੰਦੀ ਹਾਂ। ਇਸ ਚਿੱਠੀ ਰਾਹੀਂ ਮੈਂ ਆਪਣੇ ਕੁੱਝ ਅਹਿਸਾਸਾਂ ਨੂੰ ਲਫਜ਼ਾਂ ਦਾ ਲਿਬਾਸ ਪਹਿਨਾ ਕੇ ਤੁਹਾਡੇ ਤੱਕ ਭੇਜ ਰਹੀ ਹਾਂ। ਜਿਉਂ ਹੀ ਕੋਈ ਕੁੜੀ ਬਚਪਨ ਦੀ ਤੰਗ ਪੁਸ਼ਾਕ ਉਤਾਰ ਕੇ ਜਵਾਨੀ ਦਾ ਖੁੱਲ੍ਹਾ ਚੋਲਾ ਪਹਿਨਦੀ ਹੈ ਤਾਂ ਉਸਦੀਆਂ ਅੱਖਾਂ ਜ਼ਰੂਰ ਕੋਈ ਨਾ ਕੋਈ ਖੁਆਬ ਬੁਣਦੀਆਂ ਹਨ। ਉਸਦੀ ਕਲਪਨਾ ਵਿੱਚ ਕੋਈ ਨਾ ਕੋਈ ਸ਼ਹਿਜ਼ਾਦਾ, ਕੋਈ ਹੀਰੋ ਵਸ ਜਾਂਦਾ ਹੈ। ਤੇ ਮੇਰੇ ਉਹ ‘ਹੀ ਮੈਨ’ ਤੁਸੀਂ ਓ! ਸਿਰਫ ਹੀ ਮੈਨ ਹੀ ਨਹੀਂ ਰੌਬਿਨ ਹੁੱਡ, ਰੈਂਬੋ, ਹਰਕੁਲੀਜ਼, ਟਾਰਜ਼ਨ, ਸੁਪਰਮੈਨ, ਸਪਾਇਡਰਮੈਨ ਸਭ ਕੁੱਝ ਤੁਸੀਂ ਹੋ। 
ਰੱਬ ਦੀ ਲੀਲਾ ਦੇਖੋ, ਸਾਰੀ ਦੁਨੀਆਂ ਮੇਰੇ ਪਿੱਛੇ ਲੱਗੀ ਹੋਈ ਹੈ। ਤੇ ਮੈਂ ਤੁਹਾਡੇ ਪਿੱਛੇ। ਤੁਸੀਂ ਤਾਂ ਜਾਣਦੇ ਹੋ ਕਿ ਮੈਂ ਤੁਹਾਡੇ ਸਿਵਾਏ ਕਿਸੇ ਹੋਰ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦੀ। ਤੁਹਾਡੀ ਗੱਲ ਹੋਰ ਐ। ਤੁਹਾਨੂੰ ਤਾਂ ਮੇਰਾ ਜੀਅ ਕਰਦੈ ਮੈਂ ਸੁਪਰਗਲੂ ਲਾ ਕੇ ਆਪਣੇ ਨਾਲ ਚਮੇੜ ਲਵਾਂ। ਤੁਹਾਨੂੰ ਦੇਖਦਿਆਂ ਹੀ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ। ਮੇਰੇ ਇੱਕਦਮ ਹੋਸ਼-ਹਵਾਸ ਉੱਡ ਜਾਂਦੇ ਹਨ। ਮੇਰਾ ਸ਼ਰੀਰ ਇਉਂ ਸੁੰਨ ਹੋ ਜਾਂਦਾ ਹੈ, ਜਿਵੇਂ ਹਾਏਡਰੋਕੋਰਟੀਸੋਨ ਦਾ ਟੀਕਾ ਲਾਏ ’ਤੇ ਹੁੰਦਾ ਹੈ। ਮੈਂ ਘਬਰਾ ਜਾਂਦੀ ਹਾਂ। ਤੁਹਾਡੇ ਸਨਮੁੱਖ ਆ ਕੇ ਮੇਰਾ ਦਿਲ ਧੜਕਣ ਨਹੀਂ, ਬਲਕਿ ਖੜਕਣ ਲੱਗ ਜਾਂਦਾ ਹੈ। ਤੁਸੀਂ ਕਿਉਂ ਮੈਨੂੰ ਏਨੇ ਚੰਗੇ ਲੱਗਦੇ ਹੋ? ਇਸ ਸਵਾਲ ਦਾ ਜੁਆਬ ਤਾਂ ਖੁਦ ਮੈਨੂੰ ਵੀ ਨਹੀਂ ਪਤਾ। ਤੁਹਾਨੂੰ ਦੇਖਦਿਆਂ ਹੀ ਮੈਨੂੰ ਅਹਿਸਾਸ ਹੋਣ ਲੱਗ ਪੈਂਦਾ ਹੈ ਕਿ ਮੇਰੀ ਰੂਹ ਦਾ ਹਾਣੀ ਲੱਭ ਪਿਆ ਹੈ। ਅੱਖਾਂ ਬੰਦ ਕਰਦਿਆਂ ਮੈਨੂੰ ਤੁਹਾਡੀ ਤਸਵੀਰ ਇਉਂ ਦਿਸਦੀ ਹੈ, ਜਿਵੇਂ ਰਾਤ ਦੇ ਹਨੇਰੇ ਵਿੱਚ ਜੁੰਗਨੂੰ। ਮੇਰੇ ਦਿਲ-ਓ-ਦਿਮਾਗ ’ਤੇ ਹਰ ਪਲ ਤੁਹਾਡੇ ਖਿਆਲਾਂ ਦੀ ਬੱਦਲੀ ਛਾਈ ਰਹਿੰਦੀ ਹੈ। 
ਤੁਸੀਂ ਵੀ ਮੇਰੇ ਸਿਵਾਏ ਕਿਸੇ ਹੋਰ ਕੁੜੀ ਵਿੱਚ ਦਿਲਚਸਪੀ ਨਹੀਂ ਸੀ ਲੈਂਦੇ ਹੁੰਦੇ। ਫਿਰ ਇੱਕ ਦਿਨ ਮੈਂ ਤੁਹਾਨੂੰ ਅਤੇ ਇਜ਼ਬਲ ਨੂੰ ਪਲੇਅ ਗਰਾਂਉਡ ਵਿੱਚ ਮੂੰਹ ਵਿੱਚ ਮੂੰਹ ਪਾਈ ਚੁੰਮਦਿਆਂ ਦੇਖਿਆ ਸੀ। ਮੇਰੇ ਹੱਥਾਂ ਦੇ ਤੋਤੇ ਉੱਡ ਗਏ ਸਨ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਹੀ ਨਹੀਂ ਸੀ ਆਇਆ। 
ਨਹੀਂ ਇਹ ਨਹੀਂ ਹੋ ਸਕਦਾ। ਮੈਂ ਆਪਣੇ ਸਿਰ ਨੂੰ ਝਟਕਿਆ ਸੀ। ਮੈਨੂੰ ਤੁਹਾਡੀ ਇਜ਼ਬਲ ਨਾਲ ਹੋਈ ਉਲਫਤ ਦੀ ਰਤਾ ਵੀ ਸੂਹ ਨਹੀਂ ਸੀ ਲੱਗੀ। ਕਦੋਂ, ਕਿਵੇਂ ਅਤੇ ਕਿਥੋਂ ਇਹ ਸਿਲਸਲਾ ਸ਼ੁਰੂ ਹੋਇਆ ਸੀ? ਕਿੰਨੀ ਦੇਰ ਤੋਂ ਤੁਹਾਡਾ ਘਾਲਾ-ਮਾਲਾ ਚੱਲ ਰਿਹਾ ਸੀ? ਮੈਂ ਉਸ ਬਾਰੇ ਕੁੱਝ ਨਹੀਂ ਸੀ ਜਾਣਦੀ। ਤੁਹਾਨੂੰ ਦੋਹਾਂ ਨੂੰ ਲਿਪਟਿਆ ਦੇਖ ਕੇ ਮੈਂ ਦੰਗ ਰਹਿ ਗਈ ਸੀ। ਮੈਨੂੰ ਇਜ਼ਬਲ ਨਾਲ ਬਹੁਤ ਜਲਨ ਹੋਈ ਸੀ। 
ਵੈਸੇ ਇਜ਼ਬਲ ਵੀ ਕੋਈ ਮਾੜੀ-ਮੋਟੀ ਸ਼ੈਅ ਨਹੀਂ ਹੈ। ਸੋਹਣੀ  ਤਾਂ ਹੈ ਹੀ, ਸ਼ਰੀਰ ਵੀ ਸਾਲੀ ਦਾ ਬੜਾ ਵਧੀਆ ਹੈ। ਪੂਰੀ ਫਿੱਟ ਹੈ। ਸੁਣਿਆ ਹੈ ਨਿੱਤ ਜਿੰਮ ਨੂੰ ਜਾਂਦੀ ਆ। ਅਰੌਬੀਕਸ ਕਲਾਸਾਂ ਵੀ ਜੁਆਇਨ ਕੀਤੀਆਂ ਹੋਈਆਂ ਨੇ ਉਹਨੇ ਤਾਂ।  ਤੁਹਾਡਾ ਉਹਦੇ ਨਾਲ ਜ਼ੋਰਾਂ-ਸ਼ੋਰਾਂ ਨਾਲ ਇਸ਼ਕ ਚੱਲ ਰਿਹਾ ਸੀ। ਇਸ ਲਈ ਮੈਂ ਤੁਹਾਡੇ ਤੋਂ ਦੂਰ ਰਹਿਣ ਦਾ ਯਤਨ ਕਰਦੀ। ਚਾਹੇ ਮੈਂ ਲੱਖ ਆਪਣੇ ਦਿਲ ਨੂੰ ਬਚਾਅ-ਬਚਾਅ ਰੱਖਦੀ। ਪਰ ਫੇਰ ਵੀ ਤੁਹਾਡੇ ਪਿਆਰ ਦੀਆਂ ਲਹਿਰਾਂ ਮੇਰੇ ਅੰਦਰ ਖਰੂਦ ਕਰਨ ਤੋਂ ਬਾਜ਼ ਨਾ ਆਉਂਦੀਆਂ। ਭਾਂਵੇਂ ਕਿ ਮੈਂ ਬੁੱਤਸ਼ਿਕਨ ਹਾਂ ਪਰ ਤੁਹਾਡੇ ਕਾਰਨ ਮੈਨੂੰ ਬੁੱਤਪ੍ਰਸਤ ਬਣਨਾ ਪੈ ਗਿਆ ਹੈ। ਮੈਂ ਆਪਣੇ ਹਿਰਦੇ ਦੇ ਮੰਦਰ ਵਿੱਚ ਤੁਹਾਡੀ ਮੂਰਤੀ ਸਥਾਪਤ ਕਰਕੇ ਮਨ ਹੀ ਮਨ ਤੁਹਾਨੂੰ ਪੂਜਦੀ ਰਹਿੰਦੀ ਹੁੰਦੀ ਸੀ। ਮੈਨੂੰ ਆਪਣੇ ਪਿਆਰ ਅਤੇ ਭਗਤੀ ਉੱਤੇ ਪੂਰਾ ਵਿਸ਼ਵਾਸ਼ ਸੀ। ਮੈਨੂੰ ਯਕੀਨ ਸੀ ਕਿ ਮੇਰੀ ਤਪੱਸਿਆ ਅਜਾਈਂ ਨਹੀਂ ਜਾਵੇਗੀ। ਇੱਕ ਨਾ ਇੱਕ ਦਿਨ ਤੁਹਾਡਾ ਅਤੇ ਮੇਰਾ ਮਿਲਨ ਹੋ ਕੇ ਰਹੇਗਾ। ਫੇਰ ਤੁਹਾਡੀ ਇਜ਼ਬਲ ਨਾਲ ਤੋੜ-ਵਿਛੋੜੀ ਹੋ ਗਈ ਸੀ। ਹੁਣ ਤੱਕ ਇਹ ਗੱਲ ਸਭ ਲਈ ਭੇਦ ਬਣੀ ਹੋਈ ਸੀ ਕਿ ਤੁਸੀਂ ਇਜ਼ਬਲ ਨਾਲੋਂ ਕਿਉਂ ਜੁਦਾ ਹੋਏ। ਤੁਸੀਂ ਤੇ ਉਹ ਤਾਂ ਇੱਕ-ਦੂਜੇ ਨਾਲ ਘਿਉ ਖਿਚੜੀ ਹੋਏ ਪਏ ਸੀ। ਇਹ ਰਹੱਸ ਤਾਂ ਮੈਨੂੰ ਇਜ਼ਬਲ ਦੀ ਭੈਣ ਲਿੱਲੀ ਤੋਂ ਹੀ ਪਤਾ ਲੱਗਿਆ ਸੀ। ਉਹਨਾਂ ਦੀ ਗਾਰਡਨ ਸ਼ੈੱਡ ਵਿੱਚ ਜਿਹੜਾ ਝੂਲਾ ਲੱਗਿਆ ਹੋਇਆ ਹੈ। ਸੁਣਿਆ ਹੈ ਤੁਸੀਂ ਤੇ ਇਜ਼ਬਲ ਉਹਦੇ ਉੱਤੇ ਬੈਠੇ ਝੂਲ ਰਹੇ ਸੀ। ਝੂਟੇ ਲੈਂਦਿਆਂ ਤੁਹਾਡਾ ਮੂਡ ਬਣ ਗਿਆ ਸੀ ਤੇ ਤੁਸੀਂ ਦੋਹੇਂ ਕੁੱਝ ਕਰਨ ਲੱਗੇ ਸੀ। ਉਂੱਤੋਂ ਦੀ ਇਜ਼ਬਲ ਦੀ ਵੱਡੀ ਭੈਣ ਆ ਗਈ ਸੀ। ਤੁਸੀਂ ਸਾਵਧਾਨ ਹੋ ਗਏ ਸੀ। ਸੱਚ ਕਿ ਝੂਠ? ਇਜ਼ਬਲ ਤੁਹਾਡੇ ਪੀਣ ਲਈ ਹੌਟ ਚੌਕਲੇਟ ਬਣਾਉਣ ਰਸੋਈ ’ਚ ਚਲੀ ਗਈ ਸੀ ਤੇ ਪਿੱਛੋਂ ਲਿੱਲੀ ਤੁਹਾਡੇ ਖਹਿੜੇ ਪੈ ਗਈ ਸੀ, “ਜੋ ਮੇਰੀ ਭੈਣ ਨਾਲ ਕਰਦਾ ਸੀ, ਮੇਰੇ ਨਾਲ ਵੀ ਉਹੀ ਕਰ।” 
ਉਹਨੇ ਤੁਹਾਡੇ ਪੱਟਾਂ ਵਿੱਚ ਸਿਰ ਰੱਖ ਕੇ ਲੇਟਦਿਆਂ ਆਪਣੇ ਗਲਮੇ ਵਿੱਚ ਫੜ੍ਹ ਕੇ ਤੁਹਾਡਾ ਹੱਥ ਪਵਾਉਣਾ ਚਾਹਿਆ ਸੀ ਤੇ ਤੁਸੀਂ ਪਰ੍ਹੇ ਹੋ ਗਏ ਸੀ। ਲਿੱਲੀ ਨੇ ਤੁਹਾਨੂੰ ਉਕਸਾਉਣ ਲਈ ਆਪਣੇ ਬਲਾਉਜ਼ ਦੇ ਸਾਰੇ ਬਟਨ ਖੋਲ੍ਹ ਲਿੱਤੇ ਸਨ। ਜਦ ਨੂੰ ਇਜ਼ਬਲ ਆ ਗਈ ਸੀ ਤੇ ਤੁਸੀਂ ਉਹਨੂੰ ਸਾਰੀ ਗੱਲ ਦੱਸ ਦਿੱਤੀ ਸੀ। ਲਿੱਲੀ ਇਜ਼ਬਲ ਸਾਹਮਣੇ ਆਪਣਾ ਪੈਂਤਰਾ ਬਦਲ ਗਈ ਸੀ। ਉਸਨੇ ਤੁਹਾਡੀ ਗੱਲ ਦਾ ਖੰਡਨ ਕਰਕੇ ਸਗੋਂ ਉਲਟਾ ਤੁਹਾਡੇ ਉੱਤੇ ਹੀ ਇਲਜ਼ਾਮ ਲਾ ਦਿੱਤਾ ਸੀ ਕਿ ਤੁਸੀਂ ਉਸ ਨਾਲ ਧੱਕਾ ਕਰਦੇ ਸੀ।ਤੁਸੀਂ ਉਸਦਾ ਰੇਪ ਕਰਨਾ ਚਾਹੁੰਦੇ ਸੀ। ਇਸ ਲਈ ਤੁਸੀਨ ਉਸਦੇ ਕਪੜੇ ਲਾਹੁਣ ਦਾ ਯਤਨ ਕੀਤਾ ਸੀ। ਪਰ ਇਜ਼ਬਲ ਪੂਰੀ ਚਤਰ ਸੀ। ਉਸਨੇ ਆਪਣੀ ਭੈਣ ਨੁੰ ਇਹ ਆਖ ਕੇ ਪੈਰਾਂ ਚੋਂ ਕੱਢ ਲਿਆ ਸੀ ਕਿ ਜੇ ਇਕਬਾਲ ਜਬਰ-ਜਨਾਹ ਕਰਨਾ ਚਾਹੁੰਦਾ ਸੀ ਤਾਂ ਉਸਨੇ ਆਪਣਾ ਵੀ ਕੋਈ ਨਾ ਕੋਈ ਕਪੜਾ ਜ਼ਰੂਰ ਖੋਲ੍ਹਿਆ ਹੋਣਾ ਸੀ।ਸਿਰਫ ਤੇਰੇ ਲੀੜਿਆਂ ਦੇ ਬੀੜੇ ਹੀ ਕਿਉਂ ਖੁੱਲ੍ਹੇ ਨੇ? ਇਸ ਤਰ੍ਹਾਂ ਲਿੱਲੀ ਤੋਂ ਇਜ਼ਬਲ ਦੀ ਦਲੀਲ ਨੇ ਸੱਚ ਉਗਲਵਾ ਦਿੱਤਾ ਸੀ।
ਦੋਨੇਂ ਭੈਣਾਂ ਤੁਹਾਡੇ ਸਾਹਮਣੇ ਗਾਲੋ-ਗਾਲੀ, ਛਿੱਤਰੋ-ਛਿਤਰੀ ਹੋ ਗਈਆਂ ਸਨ। ਬਿੱਲੀਆਂ ਵਾਂਗੂੰ ਲੜਦੀਆਂ ਹੋਈਆਂ ਨੇ ਇੱਕ-ਦੂਜੀ ਦਾ ਮੂੰਹ ਪਰਚਾਂਡਿਆਂ ਨਾਲ ਭਰ ਦਿੱਤਾ ਸੀ। ਮੁੜ ਕੇ ਉਹ ਇੱਕ ਦੂਜੀ ਨਾਲ ਬੋਲੀਆਂ ਨਹੀਂ ਸਨ। ਕਈ ਦਿਨਾਂ ਬਾਅਦ ਇਜ਼ਬਲ ਦੇ ਮਾਂ-ਪਿਉ ਨੇ ਵਿੱਚ ਪੈ ਕੇ ਉਹਨਾਂ ਦੋਹਾਂ ਭੈਣਾਂ ਦੀ ਸੰਧੀ ਕਰਵਾਈ ਸੀ ਤੇ ਇਜ਼ਬਲ ਉੱਤੇ ਤੁਹਾਨੂੰ ਨਾ ਮਿਲਣ ਦੀ ਸ਼ਰਤ ਲਾ ਦਿੱਤੀ ਸੀ। ਇੱਥੋਂ ਤੁਹਾਡਾ ਅਤੇ ਇਜ਼ਬਲ ਦਾ ਮੋੜ-ਮੜੀਆਂ ਹੋ ਗਿਆ ਸੀ। 
ਜਦੋਂ ਮੈਨੂੰ ਤੁਸੀਂ ਇਜ਼ਬਲ ਨਾਲੋਂ ਆਪਣੇ ਸੰਬੰਧ ਟੁੱਟਣ ਬਾਰੇ ਦੱਸਿਆ ਸੀ। ਮੇਰਾ ਤਾਂ ਜੀਅ ਕਰਦਾ ਸੀ ਮੈਂ ਲੱਡੂ ਵੰਡਾਂ। ਐਨੀ ਖੁਸ਼ੀ ਸੀ ਮੈਨੂੰ। ਕਿਉਂਕਿ ਮੈਨੂੰ ਤੁਹਾਡੇ ਵਰਗਾ ਹੀਰਾ ਮਿਲ ਜਾਣ ਦੀ ਆਸ ਬਣ ਗਈ ਸੀ। 
ਫਿਰ ਉਹ ਸਿਨਮੇ ਵਾਲੀ ਘਟਨਾ ਤਾਂ ਇੱਕਦਮ ਆਪਾਂ ਨੂੰ ਨੇੜੇ ਲੈ ਆਈ ਸੀ। ਜੇਕਰ ਮੈਂ ਬਿਮਾਰ ਨਾ ਹੋਈ ਹੁੰਦੀ ਤਾਂ ਆਪਾਂ ਕਦੋਂ ਦੇ ਇੱਕ ਹੋ ਗਏ ਹੁੰਦੇ। ਮੇਰਾ ਯਕੀਨ ਕਰਿਓ। ਮੈਨੂੰ ਆਪਣੇ ਹੁਸਨ ਦੀ ਸਹੁੰ ਹੈ, ਜਿੰਨਾ ਚਿਰ ਮੈਂ ਬਿਮਾਰ ਰਹੀ ਤੁਹਾਡੇ ਲਈ ਹੀ ਤੜਫਦੀ ਰਹੀ ਸੀ। ਇੱਥੋਂ ਤੱਕ ਕਿ ਕਈ ਵਾਰ ਤਾਂ ਮੈਂ ਤੁਹਾਡਾ ਨਾਮ ਲੈ ਕੇ ਮਾਸਟਰਬੇਟ ਵੀ ਕਰਦੀ ਹੁੰਦੀ ਸੀ। 
ਤੁਸੀਂ ਮੈਨੂੰ ਬੜੇ ਮੋਹ ਨਾਲ ਕਾਰਡ ਭੇਜਿਆ ਸੀ। ਉਸਨੂੰ ਪੜ੍ਹ ਕੇ ਮੈਨੂੰ ਉਸ ਵਿੱਚ ਅਨੂਠੀ ਖਿੱਚ ਦਿਖਾਈ ਦਿੱਤੀ ਸੀ। ਇੱਕ ਸ਼ਬਦਾਂ ਵਿੱਚ ਨਾ ਕੱਥਿਆ ਜਾਣ ਵਾਲਾ ਹੁਲਾਸਮਈ ਅਨੁਭਵ ਹੋਇਆ ਸੀ। ਇਉਂ ਲੱਗਿਆ ਸੀ ਜਿਵੇਂ ਪਰਵਦਗਾਰ ਨੇ ਮੇਰੀ ਛੋਟੀ ਜਿਹੀ ਝੋਲੀ ਵਿੱਚ ਅਸੰਖ ਖੁਸ਼ੀਆਂ ਢੇਰੀ ਕਰ ਦਿੱਤੀਆਂ ਹੋਣ। ਤੁਹਾਡੀਆਂ ਮਿਸ਼ਰੀਉਂ ਮਿੱਠੀਆਂ ਮਧੁਰ ਯਾਦਾਂ ਦੇ ਸਹਾਰੇ ਹੀ ਮੈਂ ਬਿਮਾਰੀ ਨਾਲ ਲੜ੍ਹਦੀ ਰਹੀ ਸੀ। ਮੈਨੂੰ ਤਾਂ ਮਸਾਂ ਉਹ ਦਿਨ ਆਇਆ ਸੀ ਜਿਦਣ ਮੈਂ ਰਾਜ਼ੀ ਹੋ ਕੇ ਸਕੂਲ ਪਰਤੀ ਸੀ। ਉਦਣ ਵੀ ਚੰਦਰੀ ਹੋਣੀ ਆਪਣੇ ਹੱਥ ਦਿਖਾਉਣੋਂ ਨਹੀਂ ਸੀ ਟਲੀ। ਤੁਸੀਂ ਨਰਾਜ਼ ਹੋ ਕੇ ਚਲੇ ਗਏ ਸੀ। ਮੁੜ ਕੇ ਤੁਹਾਡੇ ਨਾਲ ਮੇਰਾ ਅੱਜ ਤੱਕ ਸੰਪਰਕ ਨਹੀਂ ਹੋ ਸਕਿਆ। 
ਮੈਂ ਸੋਚਦੀ ਸੀ ਤੁਸੀਂ ਇਜ਼ਬਲ ਦੀ ਪਾਰਟੀ ’ਤੇ ਆਵੋਂਗੇ। ਸਪੈਸ਼ਲ ਤੁਹਾਡੇ ਦਰਸ਼ਨ ਕਰਨ ਲਈ ਮੈਂ ਤਲੀ ’ਤੇ ਜਾਨ ਧਰ ਕੇ ਉੱਥੇ ਗਈ ਸੀ। ਪਰ ਤੁਸੀਂ ਨਾ ਆਏ। ਸੋਹਣੀ ਝਨਾਅ ਤਰ ਕੇ ਜਾਂਦੀ ਹੁੰਦੀ ਸੀ ਤਾਂ ਅੱਗੋ ਮਹੀਵਾਲ ਵੀ ਉਹਨੂੰ ਉੱਡ ਕੇ ਮਿਲਦਾ ਹੁੰਦਾ ਸੀ। ਪਰ ਤੁਸੀਂ ਤਾਂ ਮਹੀਵਾਲ ਤੋਂ ਵੀ ਗਏ ਗੁਜ਼ਰੇ ਨਿਕਲੇ। ਜੇ ਪਾਰਟੀ ’ਤੇ ਆਉਂਦੇ ਤਾਂ ਮੈਂ ਤੁਹਾਡੇ ਸਾਰੇ ਉਲਾਂਭੇ ਲਾਹ ਦੇਣੇ ਸੀ। ਤੁਹਾਡੇ ਬਿਨਾਂ ਮੈਨੂੰ ਪਾਰਟੀ ਦਾ ਜਮਾਂ ਮਜ਼ਾ ਨ੍ਹੀਂ ਆਇਆ। ਜੇ ਤੁਸੀਂ ਉੱਥੇ ਹੁੰਦੇ ਤਾਂ ਆਪਾਂ ਪਾਰਟੀ ਵਿੱਚੋਂ ਖਿਸਕ ਕੇ ਕਿਤੇ ਹੋਰ ਵਗ ਜਾਂਦੇ।  ਤੁਹਾਡੀ ਕੀ ਸਲਾਹ ਹੈ, ਮੈਥੋਂ ਸਾਂਭ ਹੁੰਦੀ ਹੈ ਇਹ ਜਵਾਨੀ ਦੀ ਅੱਗ। ਆਪਣੇ ਹੀ ਜੋਬਨ ਦੀ ਧੂਣੀ ਵਿੱਚ ਮੈਂ ਆਪ ਹੀ ਭਸਮ ਹੁੰਦੀ ਜਾ ਰਹੀ ਹਾਂ। ਇਸ ਅੰਗਾਰਾਂ ਵਰਗੇ ਭੱਖਦੇ ਬੇਮਿਸਾਲ ਹੁਸਨ ਨੂੰ ਤੁਸੀਂ ਫੂਕਾ ਮਾਰ ਕੇ ਬੁਝਾਵੋਂ ਤਾਂ ਬੁਝਵੋਂ। ਵਰਨਾ ਇਹ ਤਾਂ ਜਲ-ਜਲ ਕੇ ਹੀ ਤਬਾਹ ਹੋ ਜਾਊਗਾ। 
ਹੁਣ ਤਾਂ ਬਸ ਮੈਨੂੰ ਬੇਸਬਰੀ ਨਾਲ ਉਸ ਪਲ ਦੀ ਉਡੀਕ ਹੈ ਜਦੋਂ ਤੁਸੀਂ ਮੇਰੇ ਰੂਬਰੂ ਹੋਵੋਂ। ਇਕਬਾਲ ਅਕਸਰ ਮੈਂ ਇਕੱਲੀ ਬੈਠ ਕੇ ਸੋਚਦੀ ਹੁੰਦੀ ਆਂ ਕਿ ਕਿੱਡੀ ਅਜੀਬ ਗੱਲ ਹੈ। ਸਾਡੇ ਇਰਦ-ਗਿਰਦ ਲੱਖਾਂ ਚਿਹਰਿਆਂ ਦੀ ਭੀੜ ਲੱਗੀ ਰਹਿੰਦੀ ਹੈ। ਪਰ ਪਤਾ ਨਹੀਂ ਕਿਉਂ ਕੋਈ ਇੱਕ ਚਿਹਰਾ ਸਾਨੂੰ ਕੁੱਝ ਜ਼ਿਆਦਾ ਹੀ ਚੰਗਾ ਲੱਗਣ ਲੱਗ ਜਾਂਦਾ ਹੈ ਤੇ ਸਾਡੇ ਧੁਰ ਅੰਦਰ ਉਤਰ ਜਾਂਦਾ ਹੈ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਹਾਨੂੰ ਐਨਾ ਜ਼ਿਆਦਾ ਚਾਹੁੰਣ ਲੱਗ ਜਾਵਾਂਗੀ। ਖੁਦ ਆਪਣੇ ਆਪ ਨੂੰ ਵੀ ਭੁੱਲੀ ਪਈ ਹਾਂ। ਮੈਥੋਂ ਤਾਂ ਇਬਾਦਤ ਵੀ ਨਹੀਂ ਕਰ ਹੁੰਦੀ। ਬੰਦਗੀ ਕਰਨ ਲਈ ਹੱਥ ਉੱਪਰ ਉਠਾਉਂਦੀ ਹਾਂ ਤਾਂ ਹੱਥਾਂ ਦੀਆਂ ਲਕੀਰਾਂ ਉੱਤੇ ਤੁਹਾਡਾ ਚਿਹਰਾ ਉੱਘੜ ਆਉਂਦਾ ਹੈ। ਅੱਖਾਂ ਬੰਦ ਕਰਦੀ ਹਾਂ ਤਾਂ ਵੀ ਤੁਸੀਂ ਦਿਸਣੋਂ ਨਹੀਂ ਹੱਟਦੇ। ਹਰ ਵੇਲੇ ਤੁਹਾਡੇ ਵਿੱਚ ਹੀ  ਸੂਰਤ ਰਹਿੰਦੀ ਹੈ। ਤੁਹਾਡੀ ਮੁਹੱਬਤ ਦਾ ਬੁਰਕਾ ਜਦੋਂ ਦਾ ਪਹਿਨਿਆ ਹੈ ਮੈਂ ਤਾਂ ਉਦੋਂ ਦੀ ਪਾਗਲ ਹੋਈ ਪਈ ਹਾਂ। ਇਸੇ ਬਹਾਨੇ ਮੈਂ ਤੁਹਾਨੂੰ ਆਪਣੀ ਦਿਵਾਨਗੀ ਦੇ ਕੁੱਝ ਵਾਕਿਆਤ ਦੱਸਦੀ ਹਾਂ। 
ਪਿੱਛਲੇ ਹਫਤੇ ਅੰਮੀ ਨੇ ਮੈਨੂੰ ਕੱਪੜੇ ਧੋਣ ਲਈ ਕਿਹਾ ਤੇ ਮੈਂ ਚੁੱਕ ਕੇ ਕਿਤਾਬਾਂ ਕਾਪੀਆਂ ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਰਿੜਕ ਦਿੱਤੀਆਂ। ਪੂਰੇ ਸਾਲ ਭਰ ਦੀ ਮਿਹਨਤ ਨਾਲ ਤਿਆਰ ਕੀਤਾ ਕੋਰਸ ਵਰਕ ਇੱਕ ਲਮਹੇ ਵਿੱਚ ਅਜ਼ਾਈ ਗੁਆ ਦਿੱਤਾ। 
ਇਹ ਤਾਂ ਕੁੱਝ ਵੀ ਨਹੀਂ ਹੋਰ ਸੁਣੋ। ਮੇਰੇ ਅੰਮੀ ਚਾਹ ਬਣਾ ਕੇ ਹਟੇ ਸਨ ਤੇ ਉੱਤੋਂ ਦੀ ਉਹਨਾਂ ਨੂੰ ਕਿਸੇ ਦਾ ਫੋਨ ਆ ਗਿਆ। ਅੰਮੀ ਆਪ ਤਾਂ ਫੋਨ ਸੁਣਨ ਲੱਗ ਗਏ ਅਤੇ ਉਹਨਾਂ ਨੇ ਚਾਹ ਕੱਪਾਂ ਵਿੱਚ ਪਾ ਕੇ ਵਰਤਾਉਣ ਦੀ ਮੇਰੀ ਡਿਊਟੀ ਲਾ ਦਿੱਤੀ। ਮੈਂ ਜਾਣਦੇ ਹੋ ਕੀ ਕੀਤਾ? ਸਾਰੇ ਟੱਬਰ ਦੀਆਂ ਜੁੱਤੀਆਂ ਡਾਇਨਿੰਗ ਟੇਬਲ ’ਤੇ ਚਿਣ ਕੇ ਚਾਹ ਨਾਲ ਭਰ ਦਿੱਤੀਆਂ। ਸਾਰੇ ਜੀਅ ਮੇਰੀ ਮੂਰਖਤਾ ਉੱਤੇ ਹੱਸੀ ਜਾਣ। ਮੈਂ ਕਹੀ ਜਾਵਾਂ, ਮਨਾ ਇਹਨਾਂ ਵਿੱਚ ਕੀ ਭੂਤ ਆ ਗਏ? ਸਾਰੇ ਕਮਲਿਆਂ ਵਾਂਗੂੰ ਦੰਦ ਕਿਉਂ ਕੱਢੀ ਜਾਂਦੇ ਹਨ? ਫੋਨ ਰੱਖ ਕੇ ਉੱਪਰ ਦੀ ਅੰਮੀ ਆ ਗਏ। ਮੇਰੀ ਕਰਤੂਤ ਦੇਖ ਕੇ ਉਹਨਾਂ ਨੇ ਮੱਥੇ ’ਤੇ ਹੱਥ ਮਾਰਿਆ। ਉਹ ਮੈਥੋਂ ਵੀ ’ਗਾਹਾਂ ਲੰਘ ਗਏ। ਮੇਰੀ ਬਜਾਏ ਆਪਣੇ ਆਪਨੂੰ ਹੀ ਗਾਲਾਂ ਕੱਢੀ ਜਾਣ। ਆਖੇ, ਫਿੱਟੇ ਮੂੰਹ ਤੇਰੇ ਜਣਨ ਵਾਲੀ ਦੇ। ਲੈ ਕਰ ਲੋ ਗੱਲ। ਮੈਨੂੰ ਤਾਂ ਲੱਗਦਾ ਹੈ ਮੇਰੇ ਇਸ਼ਕ ਦਾ ਅੰਮੀ ’ਤੇ ਵੀ ਅਸਰ ਹੋ ਗਿਐ। 
ਅੱਜ-ਕੱਲ੍ਹ ਮੈਨੂੰ ਆਪਣੀ ਕੋਈ ਵੀ ਸੁੱਧ-ਬੁੱਧ ਨਹੀਂ ਰਹਿੰਦੀ। ਕੱਲ੍ਹ ਰਾਤ ਦੀ ਗੱਲ ਹੈ। ਮੈਂ ਰੋਟੀ ਖਾਹ ਕੇ ਵੱਡੀ ਭੈਣ ਨਾਲ ਰਸੋਈ ਵਿੱਚ ਖੜ੍ਹੀ ਭਾਂਡੇ ਮਜਵਾਉਂਦੀ ਸੀ। ਖੜ੍ਹੀ-ਖੜ੍ਹੀ ਦੇ ਮੇਰੇ ਮੂੰਹ ਸਭੈਇਕੇ ਹੀ ਨਿਕਲ ਗਿਆ, “ਬਾਜੀ, ਲਿਆਉ ਫੇਰ। ਲੱਗੋ ਪਕਾਉਣ। ਆਪਾਂ ਰੋਟੀ-ਰੂਟੀ ਖਾਹ ਕੇ ਕੰਮ ਨਿਬੇੜੀਏ?”
“ਸ਼ਰਮ ਕਰ। ਹੁਣੇ-ਹੁਣੇ ਕੀ ਖਾਹ ਕੇ ਹਟੀ ਐਂ? ਤੇਰਾ ਦਿਮਾਗ ਟਿਕਾਣੇ ਐ?” ਮੇਰੀ ਭੈਣ ਜੀ ਨੇ ਮੈਨੂੰ ਘੁਰਕਿਆ ਸੀ।
ਮੈਂ ਹੈਰਾਨੀ ਨਾਲ ਆਪਣੀ ਭੈਣ ਵੱਲ ਦੇਖਿਆ ਸੀ, “ਹੈਂ ਖਾਹ ਲੀਂ?”
“ਹੋਰ ਕਿਤੇ ਨਹੀਂ? ਭੁੱਖ ਐ ਤਾਂ ਹੋਰ ਲਾਹ ਦਿੰਦੀ ਹਾਂ?”
ਮੈਂ ਉਂਗਲਾਂ ਖਭੋਅ ਕੇ ਆਪਣਾ ਮਿਹਦਾ ਮਹਿਸੂਸ ਕੀਤਾ। ਵਾਕਈ ਹੀ ਮੈਂ ਰੱਜੀ ਪਈ ਸੀ। ਬਲਕਿ ਇਹ ਕਹਿਣਾ ਜ਼ਿਆਦਾ ਦਰੁਸਤ ਰਹੇਗਾ ਕਿ ਮੈਂ ਆਫਰੀ ਪਈ ਸੀ। ਫੇਰ ਨਾਜੀਆ ਦੱਸਦੀ ਸੀ ਮੈਂ ਕੱਲ੍ਹ ਅੱਗੇ ਨਾਲੋਂ ਦੁੱਗਣੀ ਰੋਟੀ ਖਾਧੀ ਸੀ। ਹੁਣ ਤੁਸੀਂ ਆਪ ਹੀ ਮੇਰੀ ਅਵਸਥਾ ਦਾ ਅੰਦਾਜ਼ਾ ਲਗਾ ਲਵੋ। ‘ਗਾਲਿਬ ਤੇਰੇ ਇਸ਼ਕ ਨੇ ਨਿਕੰਮਾ ਕਰ ਦੀਆ, ਵਰਨਾ ਆਦਮੀ ਤੋਂ ਹਮ ਵੀ ਕਾਮ ਕੇ ਥੇ।’ ਜਦੋਂ ਤੁਹਾਡੀ ਯਾਦ ਆ ਜਾਂਦੀ ਹੈ ਤਾਂ ਮੇਰਾ ਸਾਰਾ ਸ਼ਰੀਰ ਪੈਰਾਲਾਈਜ਼ਡ, ਇੱਕਦਮ ਨਕਾਰਾ ਜਿਹਾ ਹੋ ਜਾਂਦਾ ਹੈ। ਕਿਸੇ ਵੀ ਅੰਗ ਨੂੰ ਹਿਲਾਉਣਾ ਮੇਰੇ ਵਸ ਦੀ ਗੱਲ ਨਹੀਂ ਰਹਿੰਦੀ। ਤੁਹਾਡੇ ਖਿਆਲਾਂ ਵਿੱਚ ਐਨੀ ਡੂੰਘੀ ਉਤਰ ਜਾਂਦੀ ਹਾਂ ਕਿ ਮੈਨੂੰ ਆਪਣੀ ਹੋਂਦ ਤੱਕ ਦਾ ਅਹਿਸਾਸ ਨਹੀਂ ਰਹਿੰਦਾ। ਕੀ ਤੁਹਾਨੂੰ ਵੀ ਇੰਝ ਹੀ ਯਾਦਾਂ ਦੇ ਸੰਸਾਰ ਵਿੱਚ ਵਿਚਰਨਾ ਪੈਂਦਾ ਹੈ?
ਮੈਂ ਤਾਂ ਚੰਗੀ ਤਰ੍ਹਾਂ ਮੁਹੱਬਤ ਲਫਜ਼ ਦੇ ਅਰਥਾਂ ਨੂੰ ਵੀ ਨਹੀਂ ਜਾਣਦੀ। ਏਕ ਆਗ ਸੀ ਹੈ ਸੀਨੇ ਮੇ ਲਗੀ ਹੂਈ, ਸ਼ਾਇਦ ਇਸੀ ਕਾ ਨਾਮ ਮੁਹੱਬਤ ਹੈ। ਯਾਰ ਕਿੰਨੀ ਅਨੋਖੀ ਖਿੱਚ ਹੈ ਪਿਆਰ ਦੀ। ਦਿਲ ਚਾਹੁੰਦਾ ਰਹਿੰਦਾ ਹੈ ਕਿ ਛੇਤੀ ਤੋਂ ਛੇਤੀ ਆਪਣੇ ਸਾਹਾਂ ਦੀ ਮਹਿਕ ਇੱਕ ਹੋ ਜਾਵੇ। ਤੁਹਾਡੇ ਬਾਰੇ ਸੋਚਦਿਆਂ ਹੀ ਰੂਹ ਨਸ਼ਿਆ ਉੱਠਦੀ ਹੈ। ਜਿਸ ਆਈਡਿਅਲ ਪਾਟਨਰ। ਭਾਵ ਕਿ ਜੀਵਨਸਾਥ ਲਈ ਜਿਸ ਕਿਸਮ ਦੇ ਪ੍ਰਤਿਭਾਵਾਨ ਵਿਅਕਤੀ ਦੀ ਮੈਂ ਕਲਪਨਾ ਕੀਤੀ ਸੀ, ਤੁਸੀਂ ਉਸ ਤੋਂ ਵੀ ਦੋ ਰਤੀਆਂ ਵੱਧ ਹੋ ਘੱਟ ਨਹੀਂ। ਤੁਸੀਂ ਤਾਂ ਨਿਰੇ ਗੁਣਾਂ ਦੀ ਗੁਥਲੀ ਹੋ। ਮੈਨੂੰ ਇਹ ਸਵਿਕਾਰਨ ਵਿੱਚ ਕੋਈ ਝਿਜਕ ਨਹੀਂ ਹੈ ਕਿ ਮੈਂ ਤੁਹਾਡੀਆਂ ਖੂਬੀਆਂ ਸਦਕਾ ਤੁਹਾਡੇ ’ਤੇ ਬੁਰੀ ਤਰ੍ਹਾਂ ਮਰਦੀ ਹਾਂ। 

ਇਕਬਾਲ ਇੱਕ ਪੁਰਾਣੀ ਕਥਾ ਹੈ, ਇੱਕ ਦਰਵੇਸ਼ ਹੁੰਦਾ ਸੀ। ਉਸਨੇ ਦਿਨ-ਰਾਤ ਰੱਬ ਦੀ ਬੜੀ ਭਗਤੀ ਕੀਤੀ। ਉਸਦੀ ਤਪੱਸਿਆ ਤੋਂ ਖੁਸ਼ ਹੋ ਕੇ ਇਸ਼ਵਰ ਪ੍ਰਗਟ ਹੋਇਆ ਤੇ ਉਸ ਦਰਵੇਸ਼ ਨੂੰ ਆਖਣ ਲੱਗਿਆ, “ਮੰਗ ਕੀ ਮੰਗਦੈਂ?”
ਕਹਿੰਦੇ ਨੇ ਦਰਵੇਸ਼ ਨੇ ‘ਮੁਹੱਬਤ’ ਮੰਗੀ।ਇਸ ਮੰਗ ਨੂੰ ਸੁਣ ਕੇ ਰੱਬ ਨੇ ਕਿਹਾ, “ਕਮਾਲ ਹੈ! ਮੈਂ ਤਾਂ ਸੋਚਦਾ ਸੀ ਤੂੰ ਮੈਨੂੰ ਮੰਗੇਗਾ?”
ਅੱਗੋਂ ਦਰਵੇਸ਼ ਨੇ ਜੁਆਬ ਦਿੱਤਾ, “ਹੇ ਮੇਰੇ ਮਾਲਕਾ, ਮੁਹੱਬਤ ਮੰਗ ਕੇ ਮੈਂ ਤੈਨੂੰ ਵੀ ਮੰਗ ਲਿਆ ਹੈ। ਮੁਹੱਬਤ ਦੇ ਵਿੱਚੇ ਹੀ ਸਾਰਾ ਕੁੱਝ ਆ ਜਾਂਦਾ ਹੈ।”
ਸੋ ਮੇਰੇ ਮਹਿਰਮ ਇਕਬਾਲ ਜੀ ਮਿਹਰਬਾਨੀ ਕਰਕੇ ਮੇਰੀ ਝੋਲੀ ਮੁਹੱਬਤ ਦੀ ਖੈਰਾਤ ਨਾਲ ਭਰ ਦੇਵੋ। ਮੇਰਾ ਵਾਰ ਵਾਰ ਇਹੀ ਕਹਿਣਾ ਹੈ ਕਿ ਮੈਨੂੰ ਸਿਰਫ, ਸਿਰਫ ਅਤੇ ਸਿਰਫ ਤੁਹਾਡੀ ਮੁਹੱਬਤ ਚਾਹੀਦੀ ਹੈ। ਇਸਦੇ ਬਦਲੇ ਮੈਂ ਹਰ ਕੀਮਤ ਉਤਾਰਨ ਲਈ ਤਿਆਰ ਹਾਂ।
ਇਕਬਾਲ ਜੀ ਜੋ ਕਿਤੇ ਆਪਾਂ ਇੱਕੋ ਧਰਮ ਵਿੱਚ ਜਨਮੇ ਹੁੰਦੇ ਤਾਂ ਗੱਲ ਹੋਰ ਸੀ। ਵੱਖੋ-ਵੱਖਰੇ ਧਰਮਾਂ ਅਤੇ ਦੇਸ਼ਾਂ ਨਾਲ ਸੰਬੰਧਤ ਹੋਣ ਕਰਕੇ ਆਪਣੇ ਵਿਆਹ ਦੇ ਰਸਤੇ ਵਿੱਚ ਅਨੇਕਾਂ ਅੜਚਣਾਂ ਹਨ। ਕੋਈ ਗੱਲ ਨਹੀਂ। ਮੈਨੂੰ ਹੁਣ ਕਿਸੇ ਦੀ ਪਰਵਾਹ ਨਹੀਂ ਹੈ। ‘ਮੈਂ ਨੱਚ ਕੇ ਯਾਰ ਮਨਾਉਣਾ ਨੀ ਚਾਹੇ ਲੋਗ ਬੋਲੀਆਂ ਬੋਲੇਂ’ਮੈਂ ਤੁਹਾਨੂੰ ਅਪਨਾਉਣ ਦਾ ਅਟਲ ਫੈਸਲਾ ਕਰ ਲਿਆ ਹੈ। ਇਸ਼ਕ ਦੇ ਰਾਹ ਚੱਲ ਹੀ ਪਏ ਹਾਂ ਤਾਂ ਪਿੱਛੇ ਕੀ ਹੱਟਣੈ? ਹੁਣ ਤਾਂ ਇੱਕ ਟੱਕ ਫੈਸਲਾ ਕਰ ਲਿਆ ਹੈ ਕਿ ‘ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਏ।’ ਮੇਰੇ ਅਤੇ ਤੁਹਾਡੇ ਘਰਦੇ ਜਾਂ ਸਮਾਜ਼ ਵਾਲੇ ਮੰਨਣ ਚਾਹੇ ਨਾ ਮੰਨਣ। ਮੈਂ ਹਰ ਹੀਲੇ ਤੁਹਾਡੀ ਹੋ ਕੇ ਰਹਿਣਾ ਹੈ। ਜਿਵੇਂ ਉਹ ਕਹਾਵਤ ਹੈ ਨਾ? ‘ਜਦ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੂਗਾ ਕਾਜ਼ੀ?’ ਪਹਿਲਾਂ-ਪਹਿਲਾਂ ਹੀ ਮਾੜਾ ਮੋਟਾ ਹੰਗਾਮਾ ਹੋਵੇਗਾ। ਫਿਰ ਆਪੇ ਹੌਲੀ-ਹੌਲੀ ਟਲ ਜਾਣਗੇ। ਮੈਂ ਤਾਂ ਚਾਹੁੰਦੀ ਹਾਂ ਕਿ ਹੀਰ-ਰਾਂਝੇ, ਸੱਸੀ-ਪੁਨੂੰ, ਸ਼ੀਰੀ-ਫਰਹਾਦ ਵਾਂਗ ਆਪਣੇ ਇਸ਼ਕ ਦੇ ਵੀ ਕਿੱਸੇ ਲਿੱਖੇ ਜਾਣ। ਆਪਣਾ ਇਸ਼ਕ ਵੀ ਦੁਨੀਆਂ ਲਈ ਇੱਕ ਮਿਸਾਲ ਬਣ ਜਾਵੇ। ਆਪਣੀ ਕੋਰਟ ਮੈਰਿਜ਼ ਤਾਂ ਜਦੋਂ ਹੋਊ ਉਦੋਂ ਦੇਖੀ ਜਾਊ। ਪਰ ਦਿਲੋਂ ਮੈਂ ਤੁਹਾਨੂੰ ਹੁਣੇ ਇਸੇ ਪਲ ਤੋਂ ਆਪਣਾ ਪਤੀ ਮੰਨਦੀ ਹਾਂ। ਮੈਂ ਸ਼ਾਜ਼ੀਆ ਖਾਨ ਖੁਦਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਐਲਾਨ ਕਰਦੀ ਹਾਂ ਕਿ ਤੁਸੀਂ ਇਕਬਾਲ ਜੀ ਮੈਨੂੰ ਕਬੂਲ! ਕਬੂਲ!! ਕਬੂਲ!!!
ਸ਼ਾਦੀ ਦੀ ਬਹੁਤ-ਬਹੁਤ ਮੁਬਾਰਕ ਹੋਵੇ ਤੁਹਾਨੂੰ ਮੇਰੇ ਸਿਰਤਾਜ਼! ਛੁਹਾਰੇ ਵੰਡੋ। ਵਲੀਮੇ ਦਾ ਇੰਤਜ਼ਾਮ ਕਰੋ। ਵਲੀਮਾ ਜਾਣੀ ਕਿ ਸਮੂਹਿਕ ਭੋਜ, ਵਿਆਹ ਦੀ ਖੁਸ਼ੀ ਵਿਚ ਦਿੱਤੀ ਗਈ ਪਾਰਟੀ, ਜ਼ਿਆਫਤ। ਸੁਹਾਗਰਾਤ ਅਤੇ ਹਨੀਮੂਨ ਮਨਾਉਣ ਦਾ ਪ੍ਰਬੰਧ ਕਰੋ। ਮੈਂ ਤਾਂ ਕਹਿੰਦੀ ਹਾਂ ਕਿਹੜਾ ਵੇਲਾ ਹੋਵੇ ਤੁਸੀਂ ਮੈਨੂੰ ਮਿਲੋ ਤਾਂ ਜੋ ਮੈਂ ਤੁਹਾਨੂੰ ਆਪਣੇ ਅੰਦਰ ਲਕੋ ਲਵਾਂ। ਚੋਰੀ ਦੇ ਰਿਵਾਲਵਰ ਵਾਂਗ। ਬਸ ਇਹੀ ਖੁਆਇਸ਼ ਹੈ ਕਿ ‘ਆਨ ਵਸੋ ਮੇਰੇ ਨੈਨਨ ਮੇਂ, ਮੈਂ ਪਲਕੇਂ ਮੂੰਦ ਲੂੰ। ਨਾ ਖੁਦ ਦੇਖੂੰ ਕਿਸੀ ਔਰ ਕੋ, ਨਾ ਤੁੱਝੇ ਦੇਖਨੇ ਦੂੰ।’ ਇਜ਼ਬਲ ਅਤੇ ਰਜਨੀ ਨੂੰ ਤਾਂ ਆਪਣੇ ਦਿਲ ਵਿਚੋਂ ਵਰਕਾ ਪਾੜ ਕੇ ਸਿੱਟ ਦੇਵੋ। ਹੁਣ ਅਮੀਰੀ-ਗਰੀਬੀ, ਖੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਚੰਗੀ-ਮੰਦੀ ਯਾਨੀ ਕਿ ਹਰ ਪ੍ਰਸਥਿਤੀ ਵਿੱਚ ਮੈਂ ਤੁਹਾਡੇ ਮੋਡੇ ਨਾਲ ਮੋਡਾ ਲਾ ਕੇ ਖੜ੍ਹਾਂਗੀ। ‘ਜਹਾਂ-ਜਹਾਂ ਤੁਮ ਹੋਂਗੇ, ਮੇਰਾ ਸਾਇਆ ਸਾਥ ਹੋਗਾ।’ ਜਾਂ ‘ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ। ਵੇ ਲੈ ’ਲੀ ਦੋ ਟਿਕਟਾਂ।’
ਦੇਰ ਨਾ ਕਰੋ। ਛੇਤੀ ਤੋਂ ਛੇਤੀ ਸਕੂਲ ਆਉਣ ਲੱਗੋ। ਹੁਣ ਤਾਂ ਫਰਾਂਸ਼ ਦੇ ਟਰਿੱਪ ਵਿੱਚ ਵੀ ਬਹੁਤ ਥੋੜ੍ਹੇ ਦਿਨ ਰਹਿੰਦੇ ਹਨ। ਖੁਸ਼ਖਬਰੀ ਦੱਸਾਂ? ਮੈਂ ਵੀ ਫਰਾਂਸ ਦੀ ਟਿਕਟ ਲੈ ਲਈ ਹੈ। ਘਰਦਿਆਂ ਨੂੰ ਆਪੇ ਮਨਾ ਲਵਾਂਗੀ ਭਾਂਵੇ ਭੁੱਖ ਹੜਤਾਲ ਹੀ ਨਾ ਕਰਨੀ ਪਵੇ। ਨਹੀਂ ਸਹਿਮਤੀ ਤੋਂ ਬਿਨਾਂ… ਖੈਰ ਇਹ ਚਿੰਤਾ ਤੁਸੀਂ ਮੇਰੇ ਵਾਸਤੇ ਰਹਿਣ ਦਿਉ ਮੈਂ ਜਿਵੇਂ ਮਰਜ਼ੀ ਕਰਾਂ।ਤੁਸੀਂ ਆਉ। ਆਪਾਂ ਦੋਨੋਂ ਖੁਸ਼ੀ-ਖੁਸ਼ੀ ਫਰਾਂਸ ਦੀ ਸੈਰ ਕਰਕੇ ਆਵਾਂਗੇ। ਆਪਣੀ ਮੁਹੱਬਤ ਦਾ ਜ਼ਸ਼ਨ ਮਨਾਵਾਂਗੇ। ਸ਼ੈਮਪੇਨ ਖੋਲ੍ਹਾਂਗੇ। ਜਾਨੂੰ, ਤੁਹਾਨੂੰ ਪਤੈ ਸ਼ੈਮਪੇਨ ਨੂੰ ਸ਼ੈਮਪੇਨ ਕਿਉਂ ਕਹਿੰਦੇ ਹਨ? ਜੇਕਰ ਮਾਲੂਮ ਹੈ ਤਾਂ ਠੀਕ ਹੈ। ਨਹੀਂ ਮੈਂ ਦੱਸ ਦਿੰਦੀ ਹਾਂ। ਫਰਾਂਸ ਵਿੱਚ ਇੱਕ ਸ਼ੈਮਪੇਨ ਨਾਮਕ ਕਸਬਾ ਐ। ਉੱਥੇ ਵਸਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਸ਼ਰਾਬ ਬਣਾਉਣਾ ਹੈ। ਉਸ ਜਗ੍ਹਾ ਬਣਨ ਵਾਲੀ ਵਾਈਨ ਦਾ ਨਾਮ ਪਿੰਡ ਦੇ ਨਾਉਂ ਤੋਂ ਸ਼ੈਮਪੇਨ ਪਿਆ ਹੈ। ਜਿਵੇਂ ਸ਼ੈਮਪੇਨ ਦੇ ਲੋਕ ਵਾਈਨ ਬਣਾਉਂਦੇ ਹਨ, ਜੇ ਕੋਈ ਦੁਨੀਆਂ ਦੇ ਹੋਰ ਕਿਸੇ ਵੀ ਕੋਨੇ ਵਿੱਚ ਬੈਠਾ ਵਿਅਕਤੀ ਇੰਨ-ਬਿੰਨ ਉਸੇ ਤਰ੍ਹਾਂ, ਉਸੇ ਵਿਧੀ ਰਾਹੀਂ, ਉਹੀ ਸਮਗਰੀ ਵਰਤ ਕੇ  ਵਾਈਨ ਬਣਾ ਵੀ ਲਵੇ ਤਾਂ ਵੀ ਉਸਨੂੰ ਸ਼ੈਮਪੇਨ ਨਹੀਂ ਕਿਹਾ ਜਾ ਸਕਦਾ। ਹੋਰ ਜੋ ਮਰਜ਼ੀ ਨਾਮ ਦੇ ਲਊ। ਸ਼ੈਮਪੇਨ ਨਾਮ ਰੱਖਣ ਲਈ ਜ਼ਰੂਰੀ ਹੈ ਕਿ ਵਾਈਨ ਫਰਾਂਸ ਦੇ ਉਸੇ ਕਸਬੇ ਵਿੱਚ ਹੀ ਬਣੀ ਹੋਈ ਹੋਵੇ। 
ਫਰਾਂਸ ਦੀ ਇੱਕ ਹੋਰ ਵੀ ਚੀਜ਼ ਮਸ਼ਹੂਰ ਹੈ। ਬੁੱਝੋ ਕਿਹੜੀ? ਮੈਨੂੰ ਪਤੈ ਤੁਸੀਂ ਕਹੋਂਗੇ ਫਰੈਂਚ ਡੋਰ ਜਾਂ ਫਰੈਂਚ ਵਿੰਡੋ। ਨਹੀਂ ਪਾਗਲ ਉਹ ਤਾਂ ਅਸੀਂ ਕਿਸੇ ਵੀ ਸਾਫ ਸ਼ੀਸ਼ੇ ਵਾਲੀ ਬਾਰ-ਬਾਰੀ ਨੂੰ ਕਹਿ ਸਕਦੇ ਹਾਂ। ਮੈਂ ਇਹਨਾਂ ਬੇਜ਼ਾਨ ਚੀਜ਼ਾਂ ਬਾਰੇ ਗੱਲ ਨਹੀਂ ਕਰਦੀ। ਮੇਰਾ ਇਸ਼ਾਰਾ ਤਾਂ ਕਿਸੇ ਹੋਰ ਪਾਸੇ ਹੈ। ਨਹੀਂ ਸਮਝੇ? ਬੁੱਧੂ ਰਾਮ… ਡੱਮ… ਮੋਟਾ ਦਿਮਾਗ… ਕਲਾਸਰੂਮ ਵਿੱਚ ਤਾਂ ਬੜੇ ਬਰੇਨ-ਬੌਕਸ  ਬਣਦੇ ਹੁੰਦਾ ਸੀ। ਚੱਲੋ ਮਿੱਟੀ ਦੇ ਮਾਧੋ ਜੀ, ਮੈਂ ਹੀ ਦੱਸ ਦਿੰਦੀ ਹਾਂ। ਫਰਾਂਸਸੀਸੀਆਂ ਦੇ ਚੁੰਮਣ ਬਹੁਤ ਚਰਚਿਤ ਹਨ। ‘ਫਰੈਂਚ ਕਿੱਸ’ ਨਾਮ ਦੀ ਇੱਕ ਫਿਲਮ ਵੀ ਬਣੀ ਹੋਈ ਹੈ। ਜਿਹੜੀ ਲੰਮੀ ਤੇ ਉਤੇਜਕ ਚੁੰਮੀ ਹੋਵੇ, ਉਹਨੂੰ ਫਰੈਂਚ ਕਿੱਸ ਕਹਿੰਦੇ ਹਨ। ਪੈਰਿਸ ਵਿੱਚ ਆਈਫਲ ਟਾਵਰ ਦੇ ਕੋਲ ਖੜ੍ਹਾ ਕੇ ਮੈਂ ਤੁਹਾਡੀ ਐਸੀ ਜ਼ਬਰਦਸਤ ਫਰੈਂਚ ਕਿੱਸ ਲਵਾਂਗੀ ਕਿ ਲੋਕੀ ਫਿਰ ਟਾਵਰ ਨੂੰ ਨਹੀਂ ਆਪਾਂ ਨੂੰ ਦੇਖਣਗੇ ਤੇ ਦੇਖਦੇ ਹੀ ਰਹਿ ਜਾਣਗੇ।ਤੁਹਾਡੀ ਅਤੇ ਮੇਰੀ ਜੋੜੀ ਦੁਨੀਆਂ ਦਾ ਅੱਠਵਾਂ ਅਜੂਬਾ ਬਣ ਜਾਵੇਗੀ। 
ਆਪਾਂ ਢੋਲ ਨਗਾਰੇ ਵਜਾ ਕੇ ਆਪਣੇ ਇਸ਼ਕ ਦੀ ਮੁਨਿਆਦੀ ਕਰਾ ਦੇਣੀ ਆ।ਸਜਣਾ ਤਕੜਾ ਹੋ ਕੇ ਆਈਂ। ਬਹਾਨੇ ਜਿਹੇ ਛੱਡ। ਇਕਬਾਲ ਸਾਹਿਬ, ਮੇਰੀਆਂ ਸਾਰੀਆਂ ਗੁਸਤਾਖੀਆਂ ਅਤੇ ਗਲਤੀਆਂ ਭੁਲਾ ਦੇਵੋ। ਮੇਰੇ ਸੁਹਾਗ, ਮੈਂ ਤੁਹਾਨੂੰ ਪਾਉਣ ਲਈ ਤਤਪਰ ਹਾਂ। ਮੇਰੇ ਮਨ ਅੰਦਰ ਤੁਹਾਨੂੰ ਸਪੁਰਨ ਰੂਪ ਵਿਚ ਸਮਰਪਿਤ ਹੋਣ ਦੀ ਲਿਲਕ ਲੱਗ ਗਈ ਹੈ।ਤੁਹਾਡੀ ਕਮੀਜ਼ ਦੇ ਬਟਨ ਤੁਸੀਂ ਤਾਂ ਜਾਣਦੇ ਹੀ ਹੋ ਕਿ ਚਿੱਠੀਆਂ ਚ ਬਹੁਤਾ ਕੁੱਝ ਨਹੀਂ ਲਿਖਿਆ ਜਾਂਦਾ ਹੁੰਦਾ। ਵੈਸੇ ਵੀ ਮੈਂ ਜੇ ਸਾਰੇ ਵਲਵਲਿਆਂ ਨੂੰ ਅੰਕਿਤ ਕਰਨ ਲੱਗਾ ਤਾਂ ਖੋਲ੍ਹ ਕੇ ਤੁਹਾਡੀ ਅਣਕੱਜੀ ਛਾਤੀ ਉੱਤੇ ਆਪਣੀ ਉਂਗਲੀ ਨਾਲ ਗੋਲ ਚੱਕਰ ਵਾਹੁਣ ਨੂੰ ਮੇਰਾ ਬੜਾ ਹੀ ਦਿਲ ਕਰਦਾ ਹੈ। ਜਦੋਂ ਤੁਸੀਂ ਮੇਰੇ ਕੋਲ ਲਿਬਾਸ ਰਹਿਤ ਹੋਵੋਗੇ ਤਾਂ ਦੇਖਿਉ ਲੀੜਾ-ਲੱਤਾ ਕੋਈ ਮੇਰੇ ਪਿੰਡੇ ਉੱਤੇ ਵੀ ਨਹੀਂ ਹੋਵੇਗਾ। ‘ਤੂੰ ਸਿਰਫ ਮੇਰਾ ਮਹਿਬੂਬ ਮੈਂ ਤੇਰੀ ਮਹਿਬੂਬਾ, ਤੁਝੇ ਚਾਹੇਗੀ ਬੜਾ ਖੂਬ ਯੇ ਤੇਰੀ ਮਹਿਬੂਬਾ।’ ਮੈਂ ਮੁਹੱਬਤ ਦੀ ਦੇਵੀ ਵੀਨਸ ਬਣਾਗੀ ਤੇ ਤੁਸੀਂ ਵੀ ਐਡੋਨਿਸ ਬਣ ਕੇ ਦਿਖਾਾਂ।
ਤੁਸੀਂ ਤਾਂ ਜਾਣਦੇ ਹੀ ਹੋ ਕਿ ਚਿੱਠੀਆਂ ’ਚ ਬਹੁਤਾ ਕੁੱਝ ਨਹੀਂ ਲਿਖਿਆ ਜਾਂਦਾ ਹੁੰਦਾ। ਵੈਸੇ ਵੀ ਮੈਂ ਜੇ ਸਾਰੇ ਵਲਵਲਿਆਂ ਨੂੰ ਅੰਕਿਤ ਕਰਨ ਲੱਗਾਂ ਤਾਂ ਸਫਿਆਂ ਦੇ ਸਫੇ ਭਰ ਜਾਣਗੇ। ਫਿਰ ਵੀ ਮੈਂ ਪੂਰੀ ਗੱਲ ਨਹੀਂ ਕਹਿ ਪਾਊਂਗੀ। ਮੈਨੂੰ ਆਪਣੇ ਭਾਵਾਂ ਨੂੰ ਵਿਅਕਤ ਕਰਨ ਲਈ ਸਮੁੰਦਰ ਦੀ ਸਿਆਹੀ ਤੇ ਧਰਤੀ ਦਾ ਕਾਗਜ਼ ਵੀ ਥੋੜ੍ਹਾ ਜਾਪਦਾ ਹੈ। ਰਾਤ ਕਾਫੀ ਹੋ ਗਈ ਹੈ। ਹੁਣ ਖਤ ਬੰਦ ਕਰਦੀ ਹਾਂ। ਬਾਕੀ ਗੱਲਾਂ ਮਿਲ ਕੇ ਕਰਾਂਗੇ। ਸੋ ਇਕ ਵਾਰ ਫਿਰ ਨਿਮਰਤਾ ਸਹਿਤ ਅਤੇ ਪੁਰ ਇਸਰਾਰ ਬੇਨਤੀ ਕਰਦੀ ਹਾਂ ਕਿ ਜਾਨੀ ਛੇਤੀ ਸਕੂਲ ਆਉਣ ਲੱਗੋ ਤਾਂ ਜੋ ਮੁਹੱਬਤ ਦਾ ਕਲਮਾ ਪੜ੍ਹ ਕੇ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਦੇ ਇਸ ਨਵੇਂ ਅਧਿਆਏ ਦੀ ਇਬਤਦਾ ਕਰੀਏ।
ਤੁਹਾਨੂੰ ਆਪਣੇ ਵਜੂਦ ਵਿੱਚ ਜ਼ਜਬ ਕਰਨ ਦੀ ਉਡੀਕ ਵਿੱਚ!

ਤੁਹਾਡੀ ਅਤੇ ਸਿਰਫ ਤੁਹਾਡੀ। 

ਸ਼ੈਜ਼

ਇੱਥੇ ਤੱਕ ਲਿਖਣ ਬਾਅਦ ਮੈਂ ਘੜੀ ਵੱਲ ਝਾਕੀ। ਸੁਬ੍ਹਾ ਦੇ ਪੰਜ ਵੱਜ ਚੁੱਕੇ ਸਨ। ਸਾਰੀ ਰਾਤ ਬੀਤ ਚੁੱਕੀ ਸੀ। ਮੈਂ ਦੁਬਾਰਾ ਲਿਖੀ ਹੋਈ ਪੂਰੀ ਚਿੱਠੀ ਪੜ੍ਹੀ। ਮੈਂ ਆਪਣੇ ਲਿਖੇ ਤੋਂ ਸੰਤੁਸ਼ਟ ਸੀ। ਤਕਰੀਬਨ ਲਿਖੀਆਂ ਜਾਣ ਵਾਲੀਆਂ ਮੈਂ ਸਾਰੀਆਂ ਗੱਲਾਂ ਉਸ ਵਿੱਚ ਕਰ ਦਿੱਤੀਆਂ ਸਨ।  ਤੈਅ ਮਾਰ ਕੇ ਮੈਂ ਲਿਫਾਫੇ ਤੇ ਪਰਮਿਊਮ ਛਿੜਕੀ, ਤਾਂ ਕਿ ਜਦੋਂ ਇਕਬਾਲ ਚਿੱਠੀ ਖੋਲ੍ਹੇ ਤਾਂ ਚਾਰੇ ਪਾਸੇ ਉਹਦੇ ਮਹਿਕਾਂ ਹੀ ਮਹਿਕਾਂ ਖਿੱਲਰ ਜਾਣ।  ਲਿਫਾਫਾ ਥੁੱਕ ਲਾ ਕੇ ਸੀਲ ਕਰਨ ਵੇਲੇ ਮੈਨੂੰ ਖਿਆਲ ਆਇਆ ਕਿ ਇਹ ਚਿੱਠੀ ਇਕਬਾਲ ਤੱਕ ਕਿਵੇਂ ਪਹੁੰਚੇਗੀ?
ਮੈਂ ਕਾਫੀ ਦੇਰ ਤੱਕ ਬੈਠੀ ਸੋਚਦੀ ਰਹੀ। ਪਰ ਮੈਨੂੰ ਇੱਕ ਵੀ ਐਸਾ ਭਰੋਸੇਯੋਗ ਨਾਮ ਨਾ ਅਹੁੜਿਆ, ਜਿਸ ਨੂੰ ਪੱਤਰਵਾਹਕ ਬਣਾਇਆ ਜਾ ਸਕਦਾ ਹੋਵੇ। ਪੁਰਾਣੇ ਵੇਲਿਆਂ ਵਿਚ ਲੋਕ ਕਬੂਤਰਾਂ ਦੇ ਪੈਰਾਂ ਵਿਚ ਰੁੱਕੇ ਬੰਨ੍ਹ ਕੇ ਖਤੋ-ਖਿਤਾਬਤ ਕਰਿਆ ਕਰਦੇ ਸਨ।ਕਾਸ਼ ਹੁਣ ਵੀ ਕਬੂਤਰ ਇਹ ਕੰਮ ਕਰਦੇ ਹੁੰਦੇ। ਇਕਬਾਲ ਕੋਲ ਤਾਂ ਵੈੱਬਸਾਇਟ ਵੀ ਨਹੀਂ ਸੀ। ਵਰਨਾ ਮੈਂ ਉਸਨੂੰ ਈ-ਮੇਲ ਕਰਕੇ ਮੈਂ ਆਪਣਾ ਮਸਲਾ ਹੱਲ ਕਰ ਸਕਦੀ ਸੀ।ਜਿਸ ਖਤ ਨੇ ਸਿਰਨਾਵੇਂ ਵਾਲੇ ਤੱਕ ਪਹੁੰਚਣਾ ਹੀ ਨਾ ਹੋਵੇ। ਉਸ ਖਤ ਦਾ ਕੀ ਫਾਇਦਾ? ਅਜਿਹਾ ਸੋਚ ਕੇ ਮੈਂ ਬੜੀ ਬੇਦਰਦੀ ਨਾਲ ਪੱਤਰ ਨੂੰ ਪਾੜ ਕੇ ਟੁੱਕੜੇ-ਟੁੱਕੜੇ ਕਰ ਦਿੱਤਾ। ਤੇ ਫੇਰ ਟੁੱਕੜਿਆਂ ਦੇ ਵੀ ਅੱਗੇ ਹੋਰ ਟੋਟੇ ਕੀਤੇ ਤੇ ਸਭ ਕੁੱਝ ਕੂੜੇਦਾਨ ਵਿੱਚ ਸੁੱਟਣ ਲੱਗੀ ਦਾ ਮੇਰਾ  ਰੋਣ ਨਿਕਲ ਗਿਆ। ਸਟੱਡੀਟੇਬਲ ਤੋਂ ਉੱਠ ਕੇ ਮੈਂ ਬੈੱਡ ’ਤੇ ਜਾ ਕੇ ਲੇਟ ਗਈ। ਆਪਣੇ ਉੱਤੇ ਰਜਾਈ ਤਾਣ ਕੇ ਸਿਰਹਾਣੇ ਹੇਠ ਮੂੰਹ ਛੁਪਾ ਕੇ ਡੁਸਕਣ ਅਤੇ ਹਟਕੋਰੇ ਲੈਣ ਲੱਗ ਗਈ ਸੀ ਮੈਂ।

ਵਸੀਅਤ

ਮੇਰੇ ਤਨ, ਮਨ ਅਤੇ ਧਨ, ਯਾਨੀ ਕਿ ਹਰ ਚੀਜ਼ ਦਾ ਮਾਲਕ ਅਤੇ ਹੱਕਦਾਰ ਸਿਰਫ ਇਕਬਾਲ ਸਿੰਘ ਹੈ।

ਮੈਂ ਸ਼ਹਿਨਾਜ਼ ਖਾਨ ਆਪਣੇ ਪੂਰੇ ਹੋਸ਼-ਓ-ਹਵਾਸ ਵਿੱਚ ਇਹ ਤਸਦੀਕ ਕਰਦੀ ਹਾਂ ਕਿ ਉਂੱਪਰ ਦਿੱਤਾ ਗਿਆ ਵੇਰਵਾ ਮੇਰੀ ਜਾਣਕਾਰੀ ਮੁਤਾਬਿਕ ਬਿਲਕੁੱਲ ਸੱਚਾ ਅਤੇ ਸਹੀ ਹੈ।

ਦਸਤਖਤ

ਸ਼ਹਿਨਾਜ਼ ਖਾਨ
ਬਗਾਵਤ 

No comments:

Post a Comment