ਕਾਂਡ 9 : ਲੰਮੀ ਉਡਾਰੀ


ਇਸਟਰ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਸਨ। ਪਾਠਕ੍ਰਮ ਦੀ ਸਾਰੀ ਪੜ੍ਹਾਈ ਨਿਬੜ ਚੁੱਕੀ ਸੀ। ਛੁੱਟੀਆਂ ਤੋਂ ਪੇਸ਼ਤਰ ਸਟੱਡੀ ਲੀਵ  ਹੋ ਜਾਣੀ ਸੀ। ਜਿਸਦਾ ਮਤਲਬ ਸਕੂਲ ਨਹੀਂ ਸੀ ਜਾਣਾ, ਬਸ ਘਰੇ ਰਹਿ ਕੇ ਪੜ੍ਹਨਾ ਸੀ ਤੇ ਸਿਰਫ਼ ਜੂਨ ਦੇ ਮਹੀਨੇ ਵਿੱਚ ਇਮਤਿਹਾਨ ਦੇਣ ਹੀ ਸਕੂਲ ਜਾਣਾ ਸੀ। ਹਾਈ ਸਕੂਲ ਵਿਚਲਾ ਪੰਜਵਾਂ ਅਤੇ  ਅੰਤਮ ਵਰ੍ਹਾ ਹੋਣ ਕਰਕੇ ਇਹ ਸਾਲ ਬਹੁਤ ਮਹੱਤਵਪੂਰਣ ਸੀ। ਸ਼ੀਘਰ ਹੀ ਰਵੀਜ਼ਨ ਸੈਸ਼ਨ  ਸ਼ੁਰੂ ਹੋ ਜਾਣਾ ਸੀ। ਸਾਡੇ ਅਧਿਆਪਕਾਂ ਨੇ ਸਲਾਹ ਬਣਾਈ ਸੀ ਕਿ ਦੂਰ-ਦੂਰਾਡੇ ਜਾ ਕੇ ਦੋ-ਚੌਂਹ ਦਿਨਾਂ ਦੀ ਬਰੇਕ ਕਰ ਲੈਣ ਨਾਲ ਸਾਡਾ ਸਾਰਿਆਂ ਬੱਚਿਆਂ ਦਾ ਦਿਮਾਗ ਤਰੋ-ਤਾਜ਼ਾ ਅਤੇ ਖਾਲੀ ਹੋ ਜਾਵੇਗਾ ਤੇ ਇਸ ਤੋਂ ਬਾਅਦ ਡਟ ਕੇ ਇਮਤਿਹਾਨਾਂ ਦੀ ਤਿਆਰੀ ਕਰਨੀ ਕਾਫ਼ੀ ਲਾਭਦਾਇਕ ਰਹੇਗੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਕੂਲ ਵੱਲੋਂ ਮੇਰੀ ਜਮਾਤ ਦੇ ਮੁੰਡੇ ਕੁੜੀਆਂ ਨੂੰ ਇੱਕ ਹਫਤੇ ਲਈ ਫ਼ਰਾਂਸ ਲਿਜਾਣ ਦਾ ਚੌਖੇ ਚਿਰ ਪਹਿਲਾਂ ਦਾ ਮਨਸੂਬਾ ਬਣਾਇਆ ਹੋਇਆ ਸੀ। ਟਰਿੱਪ ’ਤੇ ਜਾਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਇੱਕੜ-ਦੁੱਕੜ ਵਿਦਿਆਰਥੀ, ਜਿਨ੍ਹਾਂ ਦੇ ਮਾਪੇ ਖਰਚ ਬਰਦਾਸ਼ਤ ਨਹੀਂ ਕਰ ਸਕਦੇ ਸਨ, ਉਹਨਾਂ ਤੋਂ ਛੁੱਟ ਬਾਕੀ ਸਭ ਜਾ ਰਹੇ ਸਨ। ਮੈਂ ਵੀ ਆਪਣਾ ਨਾਮ ਨਹੀਂ ਲਿਖਵਾਇਆ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਕੁੜੀ ਹੋਣ ਕਰਕੇ ਮੇਰੇ ਰੂੜ੍ਹੀਵਾਦੀ ਵਿਚਾਰਾਂ ਦੇ ਮਾਪੇ ਮੈਨੂੰ ਮੁੰਡਿਆਂ ਦੇ ਨਾਲ ਪਰਾਏ ਮੁਲਖ ਵਿੱਚ ਜਾਣ ਨਹੀਂ ਦੇਣਗੇ। ਉਂਝ ਮੈਨੂੰ ਘੁੰਮਣ ਫਿਰਨ ਦਾ ਕੋਈ ਬਹੁਤਾ ਸ਼ੌਂਕ ਵੀ ਨਹੀਂ ਸੀ।
  ਉੱਧਰ ਪਾਕਿਸਤਾਨ ਵਿੱਚ ਮੇਰੇ ਹੋਣ ਵਾਲੇ ਜੀਜਾ ਜੀ ਨੇ ਬੀ ਐਸ ਸੀ ਮੈਡੀਕਲ ਕਰ ਲਈ ਸੀ। ਡਿਗਰੀ ਲੈ ਲੈਣ ਬਾਅਦ ਅਸਲਮ
ਇੱਕਦਮ ਪੂਰੇ ਵਿਹਲੇ ਸਨ। ਉਹ ਨਾ ਤਾਂ ਅਗਾਂਹ ਪੜ੍ਹ ਸਕਦੇ ਸਨ ਅਤੇ ਨਾ ਹੀ ਕੋਈ ਕੋਰਸ ਕਰ ਸਕਦੇ ਸਨ, ਕਿਉਂਕਿ ਉਨ੍ਹਾਂ ਨੇ ਵਿਆਹ ਕਰਵਾ ਕੇ ਇੱਥੇ ਇੰਗਲੈਂਡ ਆ ਜਾਣਾ ਸੀ। ਇਸ ਲਈ ਪਾਕਿਸਤਾਨ ਵਿੱਚ ਕੀਤੇ ਹੋਏ ਕੋਰਸ ਇੱਥੇ ਕੋਈ ਬਹੁਤੇ ਫਾਇਦੇਮੰਦ ਸਾਬਤ ਨਹੀਂ ਹੁੰਦੇ। ਉਥੇ ਦੀ ਤਾਲੀਮ ਦੀ ਇੱਥੇ ਕੋਈ ਬਹੁਤੀ ਵੁਕਤ ਨਹੀਂ। ਫਿਰ ਦੂਜੇ ਹੱਥ ਨਾਜ਼ੀਆ ਦੀ ਵੀ ਇਹੀ ਇੱਛਾ ਸੀ ਕਿ ਉਸਦਾ ਸ਼ੌਹਰ ਵਲਾਇਤ ਦੀ ਕਿਸੇ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ  ਕਰੇ। ਇਸ ਵਜ੍ਹਾ ਕਰਕੇ ਨਾਜ਼ੀਆ ਦੇ ਸਾਹੁਰੇ, ਨਾਜ਼ੀਆ ਨੂੰ ਛੇਤੀ ਪਾਕਿਸਤਾਨ ਬੁਲਾ ਰਹੇ ਸਨ ਤਾਂ ਕਿ ਜਲਦ ਤੋਂ ਜਲਦ ਉਨ੍ਹਾਂ ਦਾ ਨਿਕਾਹ ਪੜ੍ਹਾ ਦਿੱਤਾ ਜਾਵੇ। ਪਾਕਿਸਤਾਨ ਜਾਣ ਅਤੇ ਖਾਸ ਕਰ ਨਿਕਾਹ ਦੇ ਨਾਮ ਨੂੰ ਨਾਜ਼ੀਆ ਤਾਂ ਪਹਿਲਾਂ ਹੀ ਲੀੜੇ ਲਾਹੀ ਫਿਰਦੀ ਸੀ। 
ਅੰਮੀ-ਅੱਬੂ ਵਿਆਹ ਵਿੱਚ ਐਡੀ ਕਾਹਲੀ ਕਰਨ ਦੇ ਹੱਕ  ਵਿੱਚ ਨਾ ਹੁੰਦੇ ਹੋਏ ਵੀ ਮੰਨ ਗਏ ਸਨ। ਉਹ ਵੀ ਕੁੜਮਾਂ  ਨੂੰ ਨਰਾਜ਼ ਨਹੀਂ ਸੀ ਕਰਨਾ ਚਾਹੁੰਦੇ। ਇਸ ਲਈ ਇਸਟਰ ਦੀਆਂ ਇਨ੍ਹਾਂ ਛੁੱਟੀਆਂ ’ਚ ਹੀ ਮੇਰੇ ਪਰਿਵਾਰ ਵੱਲੋਂ ਸਾਡੇ ਦੋਨਾਂ ਭੈਣਾਂ ਨੂੰ ਵਿਆਹ ਦੇਣ ਦੇ ਵਿਚਾਰ ਨਾਲ ਵੀਜ਼ੇ ਹਾਸਲ ਕਰ ਲਏ ਗਏ ਸਨ ਅਤੇ ਪਾਕਿਸਤਾਨ ਦੀਆਂ ਟਿਕਟਾਂ ਖਰੀਦ ਲਈਆਂ ਗਈਆਂ ਸਨ। 
ਕੋਸ਼ਿਸ਼ ਤਾਂ ਅੱਬਾ ਜੀ ਦੀ ਇਹੀ ਸੀ ਕਿ ਮੇਰੀ ਅਤੇ ਨਾਜ਼ੀਆ ਦੀ ਸ਼ਾਦੀ ਇਕੱਠੀਆਂ ਦੀ ਕਰ ਦਿੱਤੀ ਜਾਵੇ। ਪਹਿਲਾਂ ਕਿਉਂਕਿ ਨਾਜ਼ੀਆ ਦਾ ਵਿਆਹ ਸਾਲ ਕੁ ਅੜਕ ਕੇ ਕਰਨ ਦਾ ਇਰਾਦਾ ਸੀ। ਇਸ ਲਈ ਮੇਰੇ ਮਾਪੇ ਉਹਦੇ ਵਿਆਹ ਦੀ ਤਿਆਰੀ ਹੌਲੀ-ਹੌਲੀ ਕਰ ਰਹੇ ਸਨ। ਹੁਣ ਸਕੀਮ ਦੇ ਬਦਲ ਜਾਣ ਕਾਰਨ ਉਨ੍ਹਾਂ ਕੋਲ ਕੰਮ ਬਹੁਤੇ ਅਤੇ ਦਿਨ ਥੋੜ੍ਹੇ ਰਹਿ ਗਏ ਸਨ। ਇੱਥੋਂ ਦੀ ਖਰੀਦਾਰੀ। ਫਿਰ ਪਾਕਿਸਤਾਨ ਜਾ ਕੇ ਖਰੀਦੇ ਜਾਣ ਵਾਲੇ ਗਹਿਣੇ-ਕੱਪੜੇ ਤੋਂ ਇਲਾਵਾ ਢੇਰ ਸਾਰਾ ਸਮਾਨ ਅਤੇ ਹੋਰ ਸਾਰੇ ਬਾਕੀ ਦੇ ਪ੍ਰਬੰਧ ਕਰਨ ਵਾਲੇ ਵੀ ਪਏ ਸਨ। ਐਨ ਸਿਰੇ ਦਾ ਧੁੰਮਧਾਮ ਵਾਲਾ ਵਿਆਹ ਕਰਨ ਲਈ ਖੁੱਲ੍ਹੀ ਦੌਲਤ ਹੀ ਨਹੀਂ, ਖੁੱਲ੍ਹਾ ਸਮਾਂ ਵੀ ਚਾਹੀਦਾ ਹੈ। 
ਦੋ ਸਾਲ ਹੋ ਚੁੱਕੇ ਸਨ ਨਾਜ਼ੀਆ ਦੀ ਮੰਗਣੀ ਹੋਈ ਨੂੰ। ਅਜੇ ਤੱਕ ਸਾਰੇ ਇੰਤਜ਼ਾਮ ਨਹੀਂ ਸਨ ਹੋ ਸਕੇ। ਵਿਆਹਾਂ ਦੇ ਕੰਮ ਤਾਂ ਨਿਰੇ ਗਿੱਲੇ ਪੀਹਣ ਵਾਂਗ ਹੁੰਦੇ ਹਨ, ਮੁੱਕਣ ਵਿੱਚ ਹੀ ਨਹੀਂ ਆਉਂਦੇ। ਜਿੰਨਾ ਚਿਰ ਕਾਰਜ ਨੇਪਰੇ ਨਹੀਂ ਚੜ੍ਹ ਜਾਂਦਾ, ਓਨਾ ਚਿਰ ਬੰਦੇ ਨੂੰ ਹੱਥ-ਪੱਲਾ ਮਾਰਦੇ ਰਹਿਣਾ ਪੈਂਦਾ ਹੈ। ਕਦੇ ਆਹ ਖਰੀਦ। ਕਦੇ ਔਹ ਖਰੀਦ। ਇੱਕ ਕੰਮ ਕਰੀਦੈ, ਦੋ ਹੋਰ ਰਹਿ ਜਾਂਦੇ ਹਨ। ਇਹ ਤਾਂ ਵਿਆਹ ਹੋਏ ਤੋਂ ਬਾਅਦ ਹੀ ਸੁੱਖ ਦਾ ਸਾਹ ਅਤੇ ਅਰਾਮ ਆਉਂਦਾ ਹੈ। ਨਾਜ਼ੀਆ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਹੀ ਅੰਮੀ ਅਤੇ ਅੱਬੂ ਦੀ ਭੂਤਨੀ ਭੁੱਲੀ ਪਈ ਸੀ। ਮੇਰਾ ਤਾਂ ਕਰਨਾ ਵੀ ਸਭ ਕੁੱਝ ਨਵੇਂ ਸਿਰਿਉਂ ਸੀ। ਜੀਹਨੂੰ ਅੰਗਰੇਜ਼ੀ ਵਿੱਚ ਸਟਾਰਟਿੰਗ ਫਰੌਮ ਦਾ ਸਕਰੈਚ ਕਹਿੰਦੇ ਹਨ। ਯਾਨੀ ਕਿ ਮੁੰਡਾ ਦੇਖਣ ਤੋਂ ਲੈ ਕੇ ਦਾਜ-ਦਹੇਜ ਬਣਾਉਣ ਤੱਕ। 
ਅੱਬਾ ਨੂੰ ਵੀ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਸੀ ਕਿ ਉਹ ਐਨੇ ਥੋੜ੍ਹੇ ਸਮੇਂ ਵਿੱਚ ਸ਼ਾਇਦ ਮੇਰਾ ਵਿਆਹ ਨਾ ਕਰ ਸਕਣ। ਇਸ ਲਈ ਮੇਰੇ ਵਾਲਦਾਇਨ ਨੇ ਇਹ ਯੋਜਨਾ ਵੀ ਪਹਿਲਾਂ ਹੀ ਬਣਾ ਰੱਖੀ ਸੀ ਕਿ ਜੇਕਰ ਸਮੇਂ ਦੀ ਘਾਟ ਹੋਣ ਕਾਰਨ ਉਹ ਮੇਰਾ ਇਸ ਵਾਰ ਵਿਆਹ ਨਾ ਕਰ ਸਕੇ ਤਾਂ ਮੇਰੇ ਲਈ ਵਰ ਟੋਲ ਕੇ ਸਭ ਪੱਕ-ਠੱਕ ਕਰ ਦੇਣਗੇ ਜਾਂ ਮੰਗਣੀ ਵਰਗੀ ਕੋਈ ਛੋਟੀ-ਮੋਟੀ ਰਸਮ ਕਰ ਦੇਣਗੇ ਅਤੇ ਫਿਰ ਅਸੀਂ ਵਾਪਸ ਇੱਧਰ ਆ ਜਾਵਾਂਗੇ। ਮੈਂ ਇੱਥੇ ਆ ਕੇ ਨਾਲੇ ਤਾਂ ਆਪਣੀ ਪ੍ਰੀਖਿਆ ਦੇ ਲਵਾਂਗੀ ਤੇ ਨਾਲੇ ਅੱਬਾ ਹੋਰੀਂ ਮੇਰੇ ਵਿਆਹ ਦੀ ਤਿਆਰੀ ਕਰ ਲੈਣਗੇ। ਇਸ ਤੋਂ ਇਲਾਵਾ ਅਜੇ ਮੇਰੇ ਸੋਲ੍ਹਾਂ ਸਾਲਾਂ ਦੀ ਹੋਣ ਵਿੱਚ ਕੁੱਝ ਮਹੀਨੇ ਹੋਰ ਰਹਿੰਦੇ ਸਨ। ਕਾਗਜ਼ਾਂ ਅਨੁਸਾਰ ਵਿਆਹ ਲਈ ਯੋਗ ਕਹਿਲਾਉਣ ਲਈ ਮੇਰਾ ਸੋਲ੍ਹਾਂ ਵਰਸ਼ ਦੀ ਹੋਣਾ ਜ਼ਰੂਰੀ ਸੀ। ਇਮਤਿਹਾਨਾਂ ਤੋਂ ਬਾਅਦ ਦੁਬਾਰਾ ਜਾ ਕੇ ਵਿਆਹ ਕਰਨ ਨਾਲ ਇਹ ਕਾਨੂੰਨੀ ਅੜਚਣ ਵੀ ਦੂਰ ਹੁੰਦੀ ਸੀ। ਜਦ ਤੱਕ ਮੈਨੂੰ ਸੋਲ੍ਹਵਾਂ ਵਰ੍ਹਾ ਵੀ ਲੱਗ ਜਾਣਾ ਸੀ ਤੇ ਫਿਰ ਪਾਕਿਸਤਾਨ  ਜਾ ਕੇ ਮੇਰਾ ਫਾਹਾ ਵੱਢਣ ਵਿੱਚ ਕੋਈ ਰੋਕਾਵਟ ਨਹੀਂ ਸੀ ਪੈ ਸਕਦੀ। ਜੇ ਇਸ ਵਾਰ ਮੇਰਾ ਵਿਆਹ ਹੋ ਜਾਂਦਾ ਸੀ ਤਾਂ ਅੱਬਾ ਹੋਰਾਂ ਪੈਸੇ-ਪੂਸੇ ਦੇ ਕੇ ਮੇਰਾ ਵਿਆਹ ਕਚਹਿਰੀ ਵਿੱਚ ਰਜਿਸਟਰ ਕਰਵਾ ਦੇਣਾ ਸੀ। ਪਾਕਿਸਤਾਨ ’ਚ ਇਹ ਕੰਮ ਆਮ ਹੀ ਚਲਦੈ। ਸਭ ਸਰਕਾਰੇ-ਦਰਬਾਰੇ ਰਿਸ਼ਵਤ ਲੈਂਦੇ ਹਨ। ਤੇ ਉਮਰ-ਆਮਰ ਨੂੰ ਕੋਈ ਨਹੀਂ ਪੁੱਛਦਾ। ਅੱਖਾਂ ਮੀਚ ਕੇ ਵਿਆਹ ਦਰਜ ਕਰ ਦਿੰਦੇ ਹਨ। ਬਸ ਮੁੱਠੀ ਜਾਂ ਜੇਬ ਗਰਮ ਕਰੋ ਤੇ ਝੱਟ ਤੁਹਾਡੇ ਹੱਥ ’ਚ ਮੈਰਿਜ ਸਾਰਟੀਫੀਕੇਟ ਫੜਾ ਦੇਣਗੇ।
ਇਸਦਾ ਮੈਨੂੰ ਵੀ ਪੂਰਾ ਯਕੀਨ ਸੀ ਕਿ ਜੇ ਮੈਂ ਪਾਕਿਸਤਾਨ ਚਲੀ ਗਈ ਤਾਂ ਅੱਬਾ ਘੱਟੋ-ਘੱਟ ਮੇਰੀ ਸਗਾਈ ਤਾਂ ਜ਼ਰੂਰ ਕਰ ਦੇਣਗੇ। ਮੈਨੂੰ ਨਿਕਾਹ ਦੀਆਂ ਤਿਆਰੀਆਂ ਵਿੱਚੋਂ ਸ਼ਹਿਨਾਈਆਂ ਦੀ ਗੂੰਜ ਸਾਫ਼ ਸੁਣਾਈ ਦੇਣ ਲੱਗ ਪਈ ਸੀ। ਸਾਡੇ ਘਰੇ ਦਿਨ ਰਾਤ ਨਾਜ਼ੀਆ ਵੱਲੋਂ ਸੁਹਾਗ ਦੇ ਗੀਤ ਗੁਣਗਣਾਏ ਜਾ ਰਹੇ ਸਨ, “ਸਾਡਾ ਚਿੱੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉੱਡ ਵੇ ਜਾਣਾ। ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਵੇ ਜਾਣਾ।”
ਵਿਆਹ ਦੀ ਯਾਦ ਦਿਵਾਉਣ ਵਾਲੀ ਹਰ ਚੀਜ਼ ਮੇਰੇ ਦਿਲ ਉੱਤੇ ਛੁਰੀਆਂ ਬਣ ਕੇ ਚਲਦੀ ਸੀ, ਕਿਉਂਕਿ ਮੇਰੇ ਵਿਆਹ ਸੰਬੰਧੀ ਮੇਰੀ ਕੋਈ ਮਰਜ਼ੀ ਨਹੀਂ ਸੀ ਪੁੱਛੀ ਗਈ। ਮੈਂ ਇੰਝ ਹਲਾਲ ਨਹੀਂ ਸੀ ਹੋਣਾ ਚਾਹੁੰਦੀ। ਚਾਰਲਸ ਡਿਕਨਜ਼ ਨੇ ਇੱਕ ਥਾਂ ਲਿਖਿਆ ਹੈ, “ਜੇ ਮੌਕਾ ਗਵਾ ਲਿਆ ਤਾਂ ਸਮਝੋ ਸਫ਼ਲਤਾ ਗਵਾ ਲਈ।” ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਘਰਦਿਆਂ ਨੂੰ ਦੱਸੇ ਬਿਨਾਂ ਚੋਰੀ ਫ਼ਰਾਂਸ ਛੋਟੀਆਂ ਮਨਾਉਣ ਚਲੀ ਜਾਵਾਂਗੀ। ਇੱਧਰੋਂ ਮੇਰੇ ਮਾਪੇ ਮੈਨੂੰ ਭਾਲ-ਭੂਲ ਕੇ ਆਪੇ ਥੱਕ ਜਾਣਗੇ ਤੇ ਮੈਂ ਇਕਬਾਲ ਨਾਲ ਰਹਾਂਗੀ। ਘਰੋਂ ਭੱਜ ਕੇ ਆਸ਼ਕ ਨਾਲ ਇੱਕ ਪਹਿਲੀ ਰਾਤ ਰਹਿਣੀ ਹੀ ਜੋਖਮ ਭਰੀ ਹੁੰਦੀ ਹੈ। ਫਿਰ ਤਾਂ ਉਸ ਤੋਂ ਬਾਅਦ ਸਾਰੀਆਂ ਰਾਤਾਂ ਸਧਾਰਨ ਅਤੇ ਆਮ ਬਣ ਜਾਂਦੀਆਂ ਹਨ। ਪਾਕਿਸਤਾਨ ਜਾ ਕੇ ਕਿਸੇ ਅਜਨਬੀ ਨਾਲ ਵਿਆਹ ਕਰਵਾਉਣ ਨਾਲੋਂ ਮੈਨੂੰ ਇਕਬਾਲ ਨਾਲ ਦੌੜਣ ਦਾ ਖ਼ਤਰਾ ਉਠਾਉਣਾ ਹੀ ਭਵਿੱਖ ਲਈ ਲਾਭਕਾਰੀ ਲੱਗਿਆ ਸੀ। 
ਫ਼ਰਾਂਸ ਦੇ ਟਰਿੱਪ ’ਤੇ ਜਾਣ ਲਈ ਟਿਕਟ ਸਭ ਤੋਂ ਪਹਿਲਾਂ ਇਕਬਾਲ ਨੇ ਹੀ ਖਰੀਦੀ ਸੀ। ਇਉਂ ਮੈਨੂੰ ਇਕਬਾਲ ਦੇ ਫ਼ਰਾਂਸ ਜਾਣ ਬਾਰੇ ਪਹਿਲਾਂ ਤੋਂ ਹੀ ਗਿਆਨ ਸੀ। ਮੈਂ ਵੀ ਇਜ਼ਬਲ ਦੀ ਮਦਦ ਨਾਲ ਆਪਣੀ ਟਿਕਟ ਗੁਪਤ ਤੌਰ ’ਤੇ ਖਰੀਦ ਲਈ ਸੀ। ਇਜ਼ਬਲ ਨੂੰ ਵੀ ਮੈਂ ਇਸ ਬਾਰੇ ਕਿਸੇ ਕੋਲ ਜ਼ਿਕਰ ਨਾ ਕਰਨ ਲਈ ਪੱਕਾ ਕਰ ਦਿੱਤਾ ਸੀ।
  ਇਤਫਾਕਨ ਜਿਸ ਦਿਨ ਅਸੀਂ ਫ਼ਰਾਂਸ ਨੂੰ ਜਾਣਾ ਸੀ, ਉਸੇ ਦਿਨ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਜਹਾਜ਼ ਦੀ ਸ਼ਾਮ ਦੀ ਉਡਾਣ ਵਿੱਚ ਹੀ ਮੇਰੇ ਘਰਦਿਆਂ ਦੇ ਵੱਲੋਂ ਪਾਕਿਸਤਾਨ ਜਾਣ ਦੀ ਸੀਟ ਬੁੱਕ ਹੋਈ ਸੀ। ਸੀਟ ਜੇ ਕਿੱਧਰੇ ਇੱਕ ਦਿਨ ਵੀ ਉਦੂੰ ਅੱਗੋਂ ਦੀ ਕਰਵਾ ਦਿੰਦੇ, ਫਿਰ ਮੈਂ ਤਾਂ ਮਾਰੀ ਜਾਣਾ ਸੀ।
ਘਰੋਂ ਦੌੜਨ ਦਾ ਇਰਾਦਾ ਹੁੰਦੇ ਹੋਏ ਵੀ ਦਿਖਾਵੇ ਵਜੋਂ ਮੈਂ ਪਾਕਿਸਤਾਨ ਜਾਣ ਦੀਆਂ ਨਾਲੋਂ ਨਾਲ ਤਿਆਰੀਆਂ ਕਰੀ ਜਾ ਰਹੀ ਸੀ। ਮੈਂ ਕਿਸੇ ਨੂੰ ਵੀ ਆਪਣੀ ਯੋਜਨਾਂ ਦੀ ਭਿਣਕ ਨਹੀਂ ਸੀ ਪੈਣ ਦੇਣਾ ਚਾਹੁੰਦੀ। ਰਵਾਨਗੀ ਵਾਲੇ ਦਿਨ ਫਲਾਈਟ ਤਾਂ ਸ਼ਾਮ ਦੀ ਸੀ। ਸਵੇਰੇ ਤੋਂ ਹੀ ਸਾਡੇ ਘਰ ਦੇ ਸਾਰੇ ਜਣੇ ਭਾਰ ਤੋਲ-ਤੋਲ ਅਟੈਚੀ ਬੰਨ੍ਹਣ ਵਿੱਚ ਮਸਰੂਫ ਸਨ। ਫ਼ਰਾਂਸ ਨੂੰ ਜਾਣ ਵਾਸਤੇ ਡੋਬਰ ਤੱਕ ਲਿਜਾਣ ਲਈ ਕੋਚਾਂ ਸਾਡੇ ਸਕੂਲੋਂ ਸਵੇਰੇ ਪੂਰੇ ਨੌ ਵਜੇ ਚੱਲਣੀਆਂ ਸਨ।
ਐਨ ਮੌਕੇ ’ਤੇ ਆ ਕੇ ਮੈਂ ਸਹੇਲੀ ਨੂੰ ਮਿਲਣ ਦੇ ਬਹਾਨੇ ਘਰੋਂ ਨਿਕਲ ਗਈ ਸੀ। ਘਰਦਿਆਂ ਵੀ ਰੋਕਿਆ ਨਹੀਂ ਸੀ। ਉਨ੍ਹਾਂ ਨੂੰ ਵਿਚਲੀ ਗੱਲ ਦਾ ਗਿਆਨ ਨਹੀਂ ਸੀ। ਅੱਬਾ ਨੇ ਤਾਂ ਸਗੋਂ ਹੱਸ ਕੇ ਆਪ ਹੀ ਕਿਹਾ ਸੀ, “ਜਾਹ ਜਾ ਮਿਲਿਆ ਜੀਹਨੂੰ ਜੀਹਨੂੰ ਮਿਲਣੈ।” 
ਮੇਰਾ ਜੀਅ ਤਾਂ ਕਰਦਾ ਸੀ ਕਿ ਮੈਂ ਅੱਬਾ ਨਾਲ ਬਗਲਗੀਰ ਹੋਵਾਂ, ਅੰਮੀ ਅਤੇ ਸਾਰੇ ਭੈਣਾਂ ਭਰਾਵਾਂ ਨੂੰ ਗਲਵੱਕੜੀ ਪਾ ਕੇ ਮਿਲਾਂ। ਖ਼ੌਰੇ ਫਿਰ ਉਨ੍ਹਾਂ ਨਾਲ ਮੇਲੇ ਹੋਣੇ ਸਨ ਜਾਂ ਨਹੀਂ। ਚਾਹੁੰਦਿਆਂ ਹੋਇਆਂ ਵੀ ਮੈਂ ਐਸਾ ਨਹੀਂ ਸੀ ਕਰ ਸਕੀ।  ਮੈਂ ਦੁਨੀਆਂ ਦੇ ਸਭ ਤੋਂ ਸਖ਼ਤ ਪੱਥਰ ਗਰੇਨਾਈਟ ਵਾਂਗ ਆਪਣਾ ਦਿਲ ਕਰੜਾ ਕਰ ਲਿਆ ਸੀ। ਦਰੋਂ ਬਾਹਰ ਨਿਕਲਦਿਆਂ ਹੀ ਮੇਰੀ ਭੁੱਬ ਨਿਕਲ ਗਈ ਸੀ ਤੇ ਮੈਂ ਮੂੰਹ ਬੰਦ ਰੱਖਣ ਲਈ ਉੱਪਰ ਆਪਣਾ ਹੱਥ ਰੱਖ ਕੇ ਤੇਜ਼ੀ ਨਾਲ ਸਕੂਲ ਵੱਲ ਜਾਂਦੀ ਸੜਕ ਨੂੰ ਸਿੱਧੀ ਹੋ ਕੇ ਕਿਸੇ ਹੋਰ ਪਾਸੇ ਨੂੰ ਲੰਮੀ ਉਡਾਰੀ ਮਾਰ ਗਈ ਸੀ।
ਕਾਹਲੀ-ਕਾਹਲੀ ਦੌੜਦੀ ਹੋਈ ਮੈਂ ਸਕੂਲ ਪਹੁੰਚੀ ਸੀ। ਮੇਰੇ ਜਾਂਦੀ ਨੂੰ ਇੱਕ ਕੋਚ ਤਾਂ ਭਰ ਕੇ ਤੁਰ ਗਈ ਸੀ। ਦੂਜੀ ਖੜ੍ਹੀ ਸਿਰਫ਼ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਮੈਂ ਆਸਾ-ਪਾਸਾ ਦੇਖ ਕੇ ਚੜ੍ਹਨ ਦੀ ਕੀਤੀ ਸੀ ਤਾਂ ਕਿ ਕੋਚ ਛੇਤੀ ਤੋਂ ਛੇਤੀ ਤੁਰ ਪਵੇ। ਇਜ਼ਬਲ ਨੇ ਮੇਰੇ ਬੈਠਣ ਲਈ ਸੀਟ ਮੱਲੀ ਹੋਈ ਸੀ। ਮੈਂ ਉਸ ’ਤੇ ਜਾ ਕੇ ਬੈਠ ਗਈ ਸੀ। ਮੈਨੂੰ ਦੇਖ ਕੇ ਸਭ ਨੂੰ ਤਅੱਜਬ ਹੋਇਆ ਸੀ, “ਹੈਂ ਤੂੰ ਤਾਂ ਕਦੇ ਦੱਸਿਆ ਹੀ ਨਹੀਂ ਸੀ ਬਈ ਤੂੰ ਵੀ ਚੱਲ ਰਹੀ ਐਂ।
ਇਸ ਕਿਸਮ ਦੇ ਵਾਕਾਂ ਨਾਲ ਘੜੀ-ਮੁੜੀ ਕੋਈ ਨਾ ਕੋਈ ਮੁੰਡਾ ਮੇਰੇ ਨਾਲ ਆ ਗੱਲ ਛੇੜਦਾ। ਮੇਰੇ ਨਾਲ ਆ ਕੇ ਗੱਲੀਂ ਪੈਣ ਪਿੱਛੇ ਅਸਲ ਮਕਸਦ ਤਾਂ ਉਹਨਾਂ ਦਾ ਇਹ ਹੁੰਦਾ ਸੀ ਕਿ ਮੈਂ ਉੱਥੋਂ ਉੱਠ ਕੇ ਉਨ੍ਹਾਂ ਦੇ ਨਾਲ ਜਾ ਕੇ ਬੈਠਾਂ। ਮੈਂ ਵੀ ਬੇਸਮਝਿਆਂ ਵਰਗੀ ਅਦਾਕਾਰੀ ਕਰ ਦਿੰਦੀ ਹੁੰਦੀ ਸੀ। 
ਮੇਰੇ ਕੋਲ ਆਉਣ ਵਾਲਾ ਸੱਦਾ ਦਿੰਦਾ, “ਆਜਾ, ਔਥੇ ਚੱਲਦੇ ਆਂ? ਚੱਲ ਕੇ ਬੈਠਦੇ ਆਂ, ਮੇਰੇ ਨਾਲ ਵਾਲੀ ਸੀਟ ਖਾਲੀ ਹੀ ਪਈ ਆ।”
“ਨਹੀਂ ਇੱਥੇ ਹੀ ਠੀਕ ਆਂ। ਤੇਰੇ ਸਾਹਮਣੇ ਬੈਠੀ ਹੀ ਹਾਂ ਇੱਥੇ ਕਿਹੜਾ ਮੈਂ ਖੜ੍ਹੀ ਹਾਂ। ਤੈਨੂੰ ਬੈਠਣ ਦੀ ਲੋੜ ਐ। ਤੂੰ ਜਾ ਕੇ ਬਹਿ। ਕਿਤੇ ਮੇਰੇ ਸਿਰਹਾਣੇ ਖੜ੍ਹਾ- ਖੜ੍ਹਾ ਈ ਨਾ ਥੱਕ ’ਜੀਂ।” ਮੈਂ ਮੂਹਰਿਉਂ ਅਗਲੇ ਨੂੰ ਪੱਥਰ ਵਰਗਾ ਜੁਆਬ ਦਿੰਦੀ ਸੀ।
ਮੈਨੂੰ ਮੰਨਦੀ ਨਾ ਦੇਖ ਕੇ ਅੱਗੋਂ ਮੁੰਡੇ ਲਾਲਚ ਦਿੰਦੇ, “ਆ ਜਾ ਉੱਥੇ ਬਾਰੀ ਵਾਲੇ ਪਾਸੇ ਬੈਠਾਊਂ।”
“ਆਹੋ ਬਾਰੀ ਕੋਲੋਂ ਹਵਾ ਲਵਾ ਕੇ ਜੁਕਾਮ ਕਰਵਾਉਣੈ?” ਮੈਂ ਉੱਤੋਂ ਦੀ ਗੱਲ ਮਾਰਦੀ।
“ਨਹੀਂ ਮੈਂ ਤਾਂ ।”
“ਨਾ ਬਾਬਾ, ਬਖ਼ਸ਼ ਮੈਨੂੰ। ਮੈਂ ਤਾਂ ਏਥੇ ਹੀ ਠੀਕ ਆਂ।” ਮੈਂ ਹੱਥ ਬੰਨ੍ਹ ਕੇ ਅਗਲੇ ਨੂੰ ਪੁੱਠੇ ਪੈਂਰੀ ਤੋਰ ਦਿੰਦੀ।
ਪੰਦਰਾਂ-ਬੀਹਾਂ ਮਿੰਟਾਂ ਵਿੱਚ ਹੀ ਕੋਚ ਸ਼ਹਿਰੋਂ ਬਾਹਰ ਨਿਕਲ ਕੇ ਮੋਟਰਵੇਅ ’ਤੇ ਪੈ ਗਈ ਸੀ। ਭਾਵੇਂ ਮੈਂ ਆਪਣੇ ਘਰ ਤੋਂ ਕਾਫ਼ੀ ਦੂਰ ਨਿਕਲ ਆਈ ਸੀ।
ਦੁਪਹਿਰ ਤੱਕ ਮੈਂ ਆਪਣੇ ਸ਼ਹਿਰ ਤੋਂ ਦੂਰ ਨਿਕਲ ਚੁੱਕੀ ਸੀ। ਪਰ ਮੇਰਾ ਦਿਲ ਡਰ ਰਿਹਾ ਸੀ ਕਿ ਅੱਬਾ ਆ ਕੇ ਮੈਨੂੰ ਫੜ ਹੀ ਨਾ ਲੈਣ। ਅੱਬਾ ਕੋਲ ਕਾਲੇ ਰੰਗ ਦੀ ਡੈਟਸਨ ਕਾਰ ਸੀ। ਉਨ੍ਹਾਂ ਦਿਨਾਂ ਵਿੱਚ ਇੰਡੀਅਨ ਲੋਕ ਵੌਕਸਹਾਲ ਦੀ ਕੈਵਲੀਅਰ, ਮੌਂਡੇਉ ਜਾਂ ਫੋਰਡ ਦੀਆਂ ਐਸਕੋਰਟ, ਫੀਐਸਟਾਂ ਆਦਿ ਗੱਡੀਆਂ ਹੀ ਜ਼ਿਆਦਾ ਖਰੀਦਦੇ ਸਨ। ਗੋਰੇ ਲੋਕ ਰੋਵਰ ਦੀਆਂ ਬਣੀਆਂ ਗੱਡੀਆਂ ਤੇ ਸਾਡੇ ਪਾਕਿਸਤਾਨੀ ਹਾਂਡਾ, ਟੋਇਅਟਾ ਜਾਂ ਨੀਸਾਨ ਦੀਆਂ ਹੀ ਆਮ ਤੌਰ ’ਤੇ ਰੱਖਦੇ ਸਨ। ਸਾਡੇ ਲੋਕਾਂ ਵਿੱਚ ਨੀਸਾਨ ਦੀ ਡੈਟਸਨ ਕਾਰ ਐਨੀ ਪ੍ਰਚਲਤ ਹੋ ਚੁੱਕੀ ਸੀ ਕਿ ਗੋਰਿਆਂ ਨੇ ਤਾਂ ਲਤੀਫਾ ਵੀ ਘੜ ਲਿਆ ਸੀ ਅਖੇ, “ਅਖ਼ਬਾਰ ਦਾ ਇਸ਼ਤਿਆਰ, ਅਬਦੁਲ ਡਾਇਡ ਡੈਟਸਨ ਫੌਰ ਸੇਲ।” 
ਮੋਟਰਵੇਅ ’ਤੇ ਜਾਂਦੀ ਕੋਚ ਦੇ ਕੋਲ ਦੀ ਜਦ ਵੀ ਕੋਈ ਕਾਲੀ ਕਾਰ ਲੰਘਦੀ ਤਾਂ ਮੇਰਾ ਸੀਨਾ ਜ਼ੋਰਦਾਰ ਡੱਗਾ ਮਾਰਿਆਂ ਵੱਜਦੇ ਢੋਲ ਵਾਂਗ ਧੜਕਦਾ ਤੇ ਮੈਂ ਲੁੱਕਣ ਦੀ ਕੋਸ਼ਿਸ਼ ਵਿੱਚ ਨਾਲ ਬੈਠੀ ਇਜ਼ਬਲ ਦੇ ਵਿੱਚ ਨੂੰ ਵੜ ਜਾਂਦੀ ਸੀ। ਹਰ ਕਾਲੀ ਕਾਰ ਦੇਖ ਕੇ ਮੈਂ ਖ਼ੌਫਜ਼ਦਾ ਹੋ ਜਾਂਦੀ ਸੀ। ਭਾਵੇਂ ਉਹ ਕਾਰ ਤੱਕ ਕਿਸੇ ਹੋਰ ਮੇਕ ਜਾਂ ਮਾਡਲ ਦੀ ਹੀ ਕਿਉਂ ਨਾ ਹੁੰਦੀ। ਪਰ ਮੈਂ ਕਾਲਾ ਰੰਗ ਦੇਖ ਕੇ ਹੀ ਸਹਿਮ ਜਾਂਦੀ ਹੁੰਦੀ ਸੀ। ਪਰਛਾਵੇਂ ਵਾਂਗ ਡਰ ਮੇਰੇ ਨਾਲ ਚਿੰਬੜਿਆਂ ਹੋਇਆ ਸੀ।
ਡੋਬਰ ਜਾ ਕੇ ਲੱਗਦੀ ਕੋਚ ਨੂੰ ਦੁਪਹਿਰਾ ਹੋ ਗਿਆ ਸੀ। ਉੱਥੇ ਉਤਰਨਸਾਰ ਮੈਂ ਦੂਜੀ ਕੋਚ ਵੱਲ ਆਹੁਲੀ ਸੀ। ਸਾਰੇ ਨਿਆਣਿਆਂ ਦੇ ਉਤਰਨ ’ਤੇ ਹੀ ਮੈਨੂੰ ਪਤਾ ਲੱਗਿਆ ਸੀ ਕਿ ਇਕਬਾਲ ਆਇਆ ਹੀ ਨਹੀਂ ਸੀ। ਮੈਨੂੰ ਥਹਿੰ ਹੀ ਦਿਲ ਦਾ ਦੌਰਾ ਪੈਣ ਵਾਲਾ ਹੋ ਗਿਆ ਸੀ। ਪਰ ਮੈਂ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸਾਂਭੀ ਰੱਖਿਆ ਸੀ। ਮੈਨੂੰ ਰਹਿ-ਰਹਿ ਕੇ ਇਕਬਾਲ ’ਤੇ ਕਰੋਧ ਆ ਰਿਹਾ ਸੀ। ਕਿੰਨੀ ਡੰਡ ਪਾਉਂਦਾ ਫਿਰਦਾ ਹੁੰਦਾ ਸੀ, “ਫ਼ਰਾਂਸ ਜਾਣੈ। ਫ਼ਰਾਂਸ ਜਾਣੈ।” ਇਹ ਤਾਂ ਮੇਲਾ ਮੇਲਾ ਕਰਦੀ ਰਹੀ, ਮੇਲੇ ਵਾਲੇ ਦਿਨ ਘਰੇ ਰਹੀ ਵਾਲੀ ਗੱਲ ਹੋਈ ਸੀ। ਮੈਂ ਸਮਝਦੀ ਰਹੀ ਸੀ ਕਿ ਇਕਬਾਲ ਸ਼ਾਇਦ ਦੂਜੀ ਕੋਚ ਵਿੱਚ ਚਲਿਆ ਗਿਆ ਹੋਵੇਗਾ। ਸਕੂਲੋਂ ਇਸ ਕੋਚ ਵਿੱਚ ਸਵਾਰ ਹੋਣ ਲੱਗੀ ਦੇ ਦਿਮਾਗ ਵਿੱਚ ਵੀ ਨਹੀਂ ਸੀ ਆਇਆ। ਨਹੀਂ ਕਿਸੇ ਨੂੰ ਪੁੱਛ ਹੀ ਲੈਂਦੀ। ਪਰ ਫਿਰ ਵੀ ਕਿਹੜਾ ਪਿਛਾਂਹ ਪਰਤ ਸਕਦੀ ਸੀ। ਪਿੱਛੇ ਵੀ ਖ਼ਤਰੇ ਦੇ ਬਾਰੂਦ ਦੀਆਂ ਸੁਰੰਗਾਂ ਸਨ। ਮੈਨੂੰ ਇਕਬਾਲ ’ਤੇ ਬੇਤਹਾਸ਼ਾ ਗੁੱਸਾ ਆਇਆ ਸੀ। ਮੈਂ ਇਕਬਾਲ ਦੇ ਵਾਸਤੇ ਘਰ-ਬਾਰ, ਆਰ-ਪਰਿਵਾਰ ਸਦਾ ਲਈ ਛੱਡ ਆਈ ਸੀ। ਬਿਮਾਰ ਕੀ? ਚਾਹੇ ਉਹ ਫੱਟੜ ਹੁੰਦਾ, ਉਹਨੂੰ ਤਦ ਵੀ ਆਉਣਾ ਚਾਹੀਦਾ ਸੀ। ਪਰ ਉਸ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਉਸਦੀ ਖ਼ਾਤਰ ਕਿਹੜੇ-ਕਿਹੜੇ ਕਦਮ ਚੁੱਕ ਆਈ ਸੀ। ਸਭ ਕੁੱਝ ਤਾਂ ਮੈਂ ਇਕੱਲੀ ਨੇ ਇਸ਼ਕ ਵਿੱਚ ਅੰਨ੍ਹੀ ਹੋ ਕੇ ਆਪਣੇ ਆਪ ਕੀਤਾ ਸੀ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾਇਆ ਪਿਆ ਸੀ। ਮੇਰੀ ਹਾਲਤ ਉਸ ਤਪੀ ਵਰਗੀ ਸੀ, ਜੋ ਸਾਰੀ ਜ਼ਿੰਦਗੀ ਕਸ਼ਟ ਝੱਲ ਕੇ ਭਗਤੀ ਕਰਦਾ ਰਿਹਾ ਹੋਵੇ ਤੇ ਅਖ਼ੀਰ ਵਿੱਚ ਉਸਨੂੰ ਪਤਾ ਚੱਲੇ ਕਿ ਉਹ ਜਿਸ ਦੇਵਤੇ ਨੂੰ ਰਿਝਾਉਣ ਲਈ ਉਮਰ ਗਾਲ ਬੈਠਾ ਹੈ, ਉਹ ਦੇਵਤਾ ਤਾਂ ਹੈ ਹੀ ਨਹੀਂ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ? ਨਾ ਅੱਗੇ ਜਾਣ ਜੋਗੀ ਸੀ ਤੇ ਨਾ ਪਿੱਛੇ। ਜੇ ਮੂਹਰੇ ਖੂਹ ਸੀ ਤਾਂ ਪਿੱਛੇ ਖਾਈ ਸੀ। ਰੋਹੀ ਵਿੱਚ ਖੜ੍ਹੇ ਜੰਡ ਵਾਂਗ ਮੈਂ ਇਕੱਲੀ ਰਹਿ ਗਈ ਸੀ। ਬੇਆਸ ਅਤੇ ਬੇਸਹਾਰਾ। ਮਲਾਹੋਂ ਸੱਖਣੀ ਅਤੇ ਚੱਪੂਆਂ ਤੋਂ ਵਿਹੂਣੀ ਪਾਣੀ ਵਿਚਕਾਰ ਖੜ੍ਹੀ ਕਿਸ਼ਤੀ ਵਾਂਗ, ਜਿਸ ਨੂੰ ਪਾਣੀ ਦੀਆਂ ਲਹਿਰਾਂ ਆਪਣੇ ਨਾਲ ਵਹਾ ਕੇ ਜਿੱਧਰ ਮਰਜ਼ੀ ਲੈ ਜਾਣ। ਮੇਰਾ ਜੀਅ ਕਰਦਾ ਸੀ ਢਿੱਡ ’ਚ ਚਾਕੂ ਮਾਰ ਕੇ ਮੈਂ ਆਪਣੀ ਜ਼ਿੰਦਗੀ ਖ਼ਤਮ ਕਰ ਲਵਾਂ। 
ਇਜ਼ਬਲ ਨੂੰ ਮੇਰੇ ਦਿਲ ਦੀਆਂ ਰਮਜ਼ਾਂ ਦਾ ਭੇਤ ਸੀ। ਮੈਂ ਉਸ ਕੋਲ ਆਪਣਾ ਦਰਦ ਫਰੋਲ ਦਿੱਤਾ ਸੀ। ਦੁੱਖੜਾ ਦੱਸਦੀ ਹੋਈ ਮੈਂ ਡੁਸਕਣ ਲੱਗ ਪਈ ਸੀ। ਇਜ਼ਬਲ ਮੈਨੂੰ ਚੁੱਪ ਕਰਵਾਉਣ ਅਤੇ ਸਮਝਾਉਣ ਲੱਗ ਗਈ ਸੀ, “ਜੋ ਹੁੰਦਾ ਹੈ ਅੱਛਾ  ਹੀ ਹੁੰਦਾ ਹੈ। ਸਾਡੀ ਜ਼ਿੰਦਗੀ ਇੱਕ ਭਰੀ ਹੋਈ ਮਸ਼ੀਨਗੰਨ ਨਿਆਈਂ ਹੁੰਦੀ ਹੈ। ਜੀਹਦੇ ਵਿਚਲੀ ਸੰਭਾਵਨਾ ਰੂਪੀ ਇੱਕ ਗੋਲੀ ਚੱਲਣਸਾਰ ਹੀ ਨਵੀਂ ਗੋਲੀ ਆਪਣੇ ਆਪ ਚੈਂਬਰ ਵਿੱਚ ਆ ਜਾਂਦੀ ਹੈ। ਜੇ ਸਾਡੀ ਪਹਿਲੀ ਚਲਾਈ ਹੋਈ ਗੋਲੀ ਨਿਸ਼ਾਨੇ ਤੇ ਨਾ ਲੱਗੇ ਤਾਂ ਸਾਨੂੰ ਫਾਇਰ ਦੇ ਫੋਕੇ ਚਲੇ ਜਾਣ ਕਾਰਨ ਝੂਰਨਾ ਨਹੀਂ ਚਾਹੀਦਾ, ਸਗੋਂ ਆਪਣੇ ਨਿਸ਼ਾਨੇ ਨੂੰ ਦਾਗਣ ਲਈ ਤੁਰੰਤ ਘੋੜਾ ਨੱਪ ਕੇ ਅਗਲੀ ਗੋਲੀ ਚਲਾ ਦੇਣੀ ਚਾਹੀਦੀ ਹੈ।” 
ਮੈਂ ਇਜ਼ਬਲ ਦੇ ਵਿਚਾਰਾਂ ਨਾਲ ਸਹਿਮਤੀ ਰੱਖਦੀ ਸੀ। ਸਾਡੇ ਗੱਲਾਂ ਕਰਦੀਆਂ ਦੇ ਕੋਲ ਹੀ ਐਂਜਲਾ ਵੀ ਆ ਗਈ ਸੀ। ਅੱਧ-ਪਚੱਧੀ ਗੱਲ ਉਹਨੂੰ ਵੀ ਸੁਣ ਗਈ ਸੀ। ਉਹ ਆਪਣਾ ਮਸ਼ਵਰਾ ਦੇਣ ਲੱਗੀ ਸੀ, “ਮੈਂ ਤਾਂ ਕਹਿੰਦੀ ਆਂ ਸਭ ਕੁੱਝ ਭੁੱਲ-ਭੁੱਲਾ ਕੇ ਨਜ਼ਾਰੇ ਲੁੱਟ। ਐਸ਼ ਕਰ।”
ਮੈਂ ਸੁੰਨ ਹੋਈ ਖੜ੍ਹੀ ਸੀ। ਇਜ਼ਬਲ ਨੇ ਮੇਰਾ ਮੋਢਾ ਘੁੱਟ ਕੇ ਕਿਹਾ ਸੀ, “ਚਿੰਤਾ ਕਰਨ ਨਾਲ ਗ਼ਮ ਕਦੇ ਘੱਟ ਨਹੀਂ ਹੁੰਦੇ। ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂ। ਸਭ ਠੀਕ ਹੋ ਜਾਵੇਗਾ।”
“ਹੁਣ ਤਾਂ ਥੋਡਾ ਈ ਆਸਰੈ।” ਮੈਂ ਇਜ਼ਬਲ ਅਤੇ ਐਂਜਲਾ ਦੀ ਜੋਟੀ ਫੜ ਕੇ ਉਨ੍ਹਾਂ ਦੇ ਟੋਲੇ ਨਾਲ ਤੁਰ ਪਈ ਸੀ। ਉਦੋਂ ਮੈਨੂੰ ਇਹੀ ਦਰੁਸਤ ਲੱਗਿਆ ਸੀ। ਮੈਂ ਮਨ ਹੀ ਮਨ ਸੋਚਿਆ ਸੀ, “ਸੰਸਾ ਕਰਿਆਂ ਕੀ ਬਣਨੈ? ਜੋ  ਹੋਣਾ ਹੈ, ਉਹ ਤਾਂ ਹੋ ਕੇ ਹੀ ਰਹਿਣੈ।” ਮੈਨੂੰ ਭਗਵਤ ਗੀਤਾ ਦਾ ਸਾਰ ਚੇਤੇ ਆਇਆ ਸੀ, “ਜੋ ਹੋ ਗਿਆ ਹੈ ਅੱਛਾ ਹੈ। ਜੋ ਹੋ ਰਿਹਾ ਹੈ ਉਹ ਵੀ ਚੰਗਾ ਹੈ ਤੇ ਜੋ ਹੋਵੇਗਾ ਉਹ ਵੀ ਵਧੀਆ ਹੀ ਹੋਵੇਗਾ।” - ਬੀਤੇ ਲਈ ਬੇਲੋੜਾ ਕਾਸਤੋਂ ਝੂਰਨਾ? ਭਵਿੱਖ ਦੀ ਚਿੰਤਾ ਵੀ ਛੱਡਾਂ। ਵਰਤਮਾਨ ਚੱਲ ਰਿਹੈ। ਉਸਨੂੰ ਸੰਭਾਲਾਂ। ਮੈਂ ਇਸ ਕਿਸਮ ਦੇ ਵਿਚਾਰਾਂ ਨੂੰ ਵਿਚਾਰਦੀ ਹੋਈ ਅੱਗੇ ਵਧਦੀ ਗਈ ਸੀ। 
ਡੋਬਰ ਤੋਂ ਫ਼ਰਾਂਸ ਨੂੰ ਦੋ ਘੰਟੇ ਬਾਅਦ ਫ਼ੈਰੀ ਤੁਰਨੀ ਸੀ। ਸਭ ਨਿਆਣੇ ਸ਼ਰਾਰਤਾਂ ਕਰਦੇ ਇੱਧਰ-ਉੱਧਰ ਭੱਜਦੇ ਫਿਰਦੇ ਸਨ। ਪਚੰਨਵੇ ਬੱਚਿਆਂ ਵਿੱਚੋਂ ਮੈਂ ਇਕੱਲੀ ਹੀ ਪਾਕਿਸਤਾਨੀ ਕੁੜੀ ਸੀ। ਬਾਕੀ ਸਾਰੇ ਵਿਦਿਆਰਥੀ ਅੰਗਰੇਜ਼, ਹਬਸ਼ੀ ਜਾਂ ਹਿੰਦੁਸਤਾਨੀ ਮੁੰਡੇ-ਕੁੜੀਆਂ ਸਨ। ਹਾਂ, ਕੁੱਝ ਮੁਸਲਿਮ ਮੁੰਡੇ ਸਾਡੇ ਨਾਲ ਜ਼ਰੂਰ ਸਨ। ਪਰ ਮੁਸਲਿਮ ਕੁੜੀ ਕੋਈ ਮੈਥੋਂ ਛੁੱਟ ਹੋਰ ਨਹੀਂ ਸੀ। ਸਭਨਾਂ ਕੁੜੀਆਂ ਦੇ ਅੰਗਰੇਜ਼ੀ ਪਹਿਰਾਵੇ ਸਨ ਤੇ ਮੇਰੇ ਇਕੱਲੀ ਦੇ ਸਲਵਾਰ ਕਮੀਜ਼ ਅੜਾਏ ਹੋਏ ਸੀ। 
ਬਰਮਿੰਘਮ ਜਿੱਥੇ ਅਸੀਂ ਰਹਿੰਦੇ ਸੀ ਤੇ ਜਿੱਥੇ ਸਾਡਾ ਸਕੂਲ ਸੀ। ਉੱਥੇ ਪਾਕਿਸਤਾਨੀਆਂ ਅਤੇ ਭਾਰਤੀਆਂ ਦੀ ਕਾਫ਼ੀ ਸਾਰੀ ਵਸੋਂ ਹੋਣ ਕਰਕੇ ਕਦੇ ਮਹਿਸੂਸ ਨਹੀਂ ਸੀ ਹੋਇਆ। ਸਾਡੇ  ਸਕੂਲ ਦੀ ਵਰਦੀ ਚਿੱਟਾ ਬਲਾਊਜ਼ ਅਤੇ ਕਾਲੀ ਸਕੱਰਟ/ਪੈਂਟ ਹੁੰਦੀ ਸੀ। ਮੈਂ ਕਾਲੀ ਸਲਵਾਰ ਅਤੇ ਚਿੱਟੀ ਕਮੀਜ਼ ਪਹਿਨ ਕੇ ਚਲੀ ਜਾਂਦੀ ਹੁੰਦੀ ਸੀ। ਸਰਦੀਆਂ ਵਿੱਚ ਉਨ੍ਹਾਂ ਦੀ ਕੋਟੀ ਅਤੇ ਜੈਕਟ ਆਦਿ ਵਸਤਰ ਇਸ ਵਿੱਚ ਸ਼ਾਮਲ ਹੋ ਜਾਂਦੇ ਸਨ। ਮੈਂ ਹੀ ਨਹੀਂ ਬਾਕੀ ਸਾਰੀਆਂ ਮੁਸਲਿਮ ਕੁੜੀਆਂ ਇਹੀ ਪਹਿਰਾਵਾ ਧਾਰਨ ਕਰਕੇ ਸਕੂਲ ਆਇਆ ਕਰਦੀਆਂ ਸਨ। ਕਈਆਂ ਨੂੰ ਤਾਂ ਸੂਟ ਨਾਲ ਵਸਤਰਖੰਡ ਜਾਂ ਸਕਾਰਫ ਵਰਗਾ ਸਹੀਰੀ ਬੁਰਕਾ ਵੀ ਪਹਿਨਣਾ ਪੈਂਦਾ ਸੀ। ਪਹਿਲੇ-ਪਹਿਲ ਮੈਂ ਮਦਰੱਸੇ ਪੰਜਾਬੀ ਸੂਟ ਪਾ ਕੇ ਸਕੂਲ ਜਾਣ ਤੋਂ ਇਨਕਾਰ ਕੀਤਾ ਸੀ, “ਮੈਂ ਸੂਟ ਨਹੀਂ ਪਾਉਣੇ। ਵੈਸਟਰਨ ਕੱਪੜੇ ਪਾਊਂ।” 
ਅੰਮੀ ਨੇ ਮੈਨੂੰ ਸਮਝਾਇਆ ਸੀ, “ਨਾ ਧੀਏ ਜ਼ਮਾਨਾ ਖਰਾਬ ਹੈ।”
“ਜ਼ਮਾਨਾ ਉਨ੍ਹਾਂ ਲਈ ਖਰਾਬ ਹੈ, ਜੋ ਖੁਦ ਖਰਾਬ ਹੁੰਦੇ ਹਨ।”
“ਨਾ ਮੇਰੀ ਬੱਚੀ ਜ਼ਿੱਦ ਨਾ ਕਰ ਤੇ ਆਖੇ ਲੱਗ। ਆਪਣੀਆਂ ਔਰਤਾਂ ਸ਼ਰੀਰ ਦੀ ਨੁਮਾਇਸ਼ ਨਹੀਂ ਕਰਦੀਆਂ।”
“ਜੈਸਾ ਦੇਸ, ਵੈਸਾ ਭੇਸ।” ਮੈਂ ਅੜੀ ਕੀਤੀ ਸੀ। ਪਰ ਅੰਮੀ-ਅੱਬਾ ਨੇ ਮੇਰੀ ਇੱਕ ਨਹੀਂ ਸੀ ਸੁਣੀ।
“ਸਾਨੂੰ ਨਾ ਪੜ੍ਹਾ, ਅਸੀਂ ਤੈਨੂੰ ਜਣਿਐ। ਤੂੰ ਸਾਨੂੰ ਨ੍ਹੀਂ। ਤੈਨੂੰ ਇਹੀ ਵਸਤਰ ਪਾਉਣੇ ਪੈਣਗੇ। ਜੋ ਕਿਹੈ, ਉਹੀ ਕਰਨਾ ਪੈਣੈ।”
ਗੁੱਸੇ ਵਿੱਚ ਮੈਂ ਪਹਿਲੇ ਹੀ ਦਿਨ ਸਕੂਲ ਨਹੀਂ ਸੀ ਗਈ। ਪਰ ਫਿਰ ਜਦੋਂ ਮੈਂ ਦੇਖਿਆ ਸੀ ਕਿ ਮੇਰੀ ਭੈਣ ਨਾਜ਼ੀਆ ਵੀ ਸੂਟ ਪਾ ਕੇ ਹੀ ਜਾਂਦੀ ਹੈ ਤਾਂ ਮੈਂ ਅਗਲੇ ਦਿਨ ਸੂਟ ਪਾ ਲਿਆ ਸੀ। ਸਕੂਲ  ਵਿੱਚ ਤਾਂ ਸਾਰੀਆਂ ਹੀ ਮੁਸਲਿਮ ਕੁੜੀਆਂ ਦੇ ਸੂਟ ਪਾਏ ਹੋਏ ਦੇਖ ਕੇ ਮੈਂ ਸੂਟ ਪਾਉਣ ਲੱਗ ਗਈ ਸੀ। ਸਾਡੇ ਆਲੇ-ਦੁਆਲੇ ਸਭ ਦੇਸੀ ਲੋਕ ਹੀ ਰਹਿੰਦੇ ਸਨ। ਪਰ ਉਸ ਬੰਦਰਗਾਹ ਵਾਲਾ ਸਾਰਾ ਡੋਬਰ ਦਾ ਇਲਾਕਾ ਨਿਰੋਲ ਫਰੰਗੀਆਂ ਦਾ ਸੀ। ਸਭ ਗੋਰੇ-ਗੋਰੀਆਂ ਮੇਰੇ ਵੱਲ ਅਤੇ ਮੇਰੇ ਪਹਿਰਾਵੇ ਵੱਲ ਹੋਰ ਤਰ੍ਹਾਂ ਝਾਕਦੇ ਸੀ, ਯਾਨੀ ਮੈਂ ਚਿੱੜੀਆ ਘਰ ਤੋਂ ਛੁੱਟ ਕੇ ਆਇਆ ਕੋਈ ਅਦਭੁੱਤ ਜਾਨਵਰ ਹੋਵਾਂ ਜਾਂ ਕੋਈ ਏਲੀਅਨ (ਦੂਜੇ ਗ੍ਰਹਿ ਦਾ ਵਿਅਕਤੀ) ਜੋ ਗਲਤੀ ਨਾਲ ਇਸ ਧਰਤੀ ਉੱਤੇ ਆ ਗਿਆ ਹੋਵੇ। ਹਰ ਆਉਂਦਾ ਜਾਂਦਾ ਮੇਰੇ ਵੱਲ ਜ਼ਰੂਰ ਇਉਂ ਦੇਖ ਕੇ ਲੰਘਦਾ ਸੀ ਜਿਵੇਂ ਮੈਂ ਟਰੈਫਿਕ ਲਾਇਟ ਹੁੰਦੀ ਹਾਂ, ਜਿਸਨੂੰ ਸਭ ਨੇ ਕਾਨੂੰਨਨ ਤੱਕ ਕੇ ਲੰਘਣਾ ਹੁੰਦਾ ਹੈ। ਮੈਨੂੰ ਉਪਰੇ ਲੋਕਾਂ ਦਾ ਆਪਣੇ ਵੱਲ ਇੰਝ ਤੱਕਣਾ ਬੜਾ ਬੁਰਾ ਲੱਗ ਰਿਹਾ ਸੀ। ਲੋਹੜੇ ਦੀ ਸ਼ਰਮ ਆਉਂਦੀ ਸੀ ਮੈਨੂੰ। ਸਫ਼ਰ ਉੱਤੇ ਜਾਣ ਲਈ ਮੈਂ ਬਿਲਕੁਲ ਖਾਲੀ ਹੱਥ ਗਈ ਸੀ। ਮੇਰੇ ਕੋਲ ਕੋਈ ਉਵਰਕੋਟ ਵੀ ਨਹੀਂ ਸੀ ਜਿਸਨੂੰ ਪਹਿਨ ਕੇ ਮੈਂ ਆਪਣੀ ਸਲਵਾਰ ਕਮੀਜ਼ ਕੱਜ ਸਕਦੀ। ਮੈਂ ਘਬਰਾਈ ਪਈ ਸੀ। ਐਂਜਲਾ ਮੇਰੀ ਪਰੇਸ਼ਾਨੀ ਤਾੜ ਗਈ ਤੇ ਮੈਨੂੰ ਬਾਂਹ ਫੜ ਕੇ ਪਖਾਨੇ ਵਿੱਚ ਲੈ ਗਈ ਸੀ।
“ਲੈ ਮੇਰੇ ਕੱਪੜੇ ਪਾ ਲੈ। ਸਿਆਣਿਆਂ ਨੇ ਕਿਹੈ, ਖਾਈਏ ਮਨ ਭਾਉਂਦਾ ਤੇ ਪਹਿਨੀਏ ਜੱਗ ਭਾਉਂਦਾ।” ਐਂਜ਼ਲਾ ਨੇ ਬੈੱਗ ਵਿੱਚੋਂ ਕੱਢ ਕੇ ਇੱਕ ਜੋੜਾ ਆਪਣੇ ਕੱਪੜਿਆਂ ਦਾ ਮੈਨੂੰ ਦੇ ਦਿੱਤਾ ਸੀ।
ਐਂਜਲਾ ਤੋਂ ਉਹ ਕੱਪੜੇ ਫਟਾਫਟ ਫੜ ਕੇ ਮੈਂ ਆਪਣਾ ਸਲਵਾਰ ਕਮੀਜ਼ ਉਤਾਰ ਲਿਆ ਸੀ, “ਇਹਨੂੰ ਹੁਣ ਕੀ ਕਰਾਂ?” ਮੈਂ ਆਪਣੇ ਸਲਵਾਰ ਸੂਟ  ਨੂੰ ਤਹਿ ਮਾਰਦਿਆਂ ਐਂਜਲਾ ਨੂੰ ਪੁੱਛਿਆ ਸੀ।
“ਸਿੱਟ ਪਰੇ, ਇਹ ਹੁਣ ਕੀ ਕਰਨੈ ਆ ਤੈਂ?” ਮੈਂ ਆਪਣੇ ਕੱਪੜੇ ਕੂੜੇਦਾਨ ਵਿੱਚ ਸੁੱਟ ਕੇ ਉਹ ਮੰਗਵੇਂ ਲੀੜੇ ਪਹਿਨਣ ਲੱਗ ਪਈ ਸੀ । ਜਿਹੜੇ ਵਸਤਰ ਐਂਜਲਾ ਨੇ ਮੈਨੂੰ ਦਿੱਤੇ ਸਨ ਉਹ ਇੱਕ ਮਾਈਕਰੋ ਮਿੰਨੀ ਸਕੱਰਟ ਅਤੇ ਇੱਕ ਬੱਸਟੀਅਰ ਸੀ।
ਮੇਰਾ ਲੱਕ ਪਤਲਾ ਹੋਣ ਕਰਕੇ ਖੁੱਲ੍ਹੀ ਸਕੱਰਟ ਨਾਲ ਬੈੱਲਟ ਲਾ ਕੇ ਮੈਂ ਸਾਰ ਲਿਆ ਸੀ। ਪਰ ਤੰਗ ਜਿਹੇ ਬੱਸਟੀਅਰ ਵਿੱਚ ਮੇਰੀਆਂ ਮੱਲੀਆਂ ਛਾਤੀਆਂ ਦਾ ਸਮਾਅ ਸਕਣਾ ਮੁਮਕਿਨ ਨਹੀਂ ਸੀ। ਇਜ਼ਬਲ ਦੇ ਤਾਂ ਛੋਟੇ-ਛੋਟੇ ਉਭਾਰ ਸਨ। ਉਹਨੂੰ ਤਾਂ ਮੁੰਡਿਆ ਦਾ  ਧਿਆਨ ਖਿੱਚਣ ਲਈ, ਹਿੱਕ ਵੱਡੀ ਬਣਾਉਣ ਵਾਸਤੇ ਬਰ੍ਹਾ ਵਿੱਚ ਬਰੈੱਸਟ ਪੈੱਡ ਜਾਂ ਰੁਮਾਲ ਥੁੰਨਣਾ ਪੈਂਦਾ ਸੀ। ਲੇਕਿਨ ਮੇਰੇ ਭਰਵੇਂ ਸਤਨ ਤਾਂ ਬੁਰੀ ਤਰ੍ਹਾਂ ਘੁੱਟੇ ਪਏ ਸਨ। ਕੱਪੜੇ ਦਾ ਕਸ ਪੈਣ ਨਾਲ ਮੇਰੀ ਗੱਦਰ ਛਾਤੀ ਹੋਰ ਵੀ ਫੁੱਲ ਗਈ ਸੀ। ਛਾਤੀ ਔਰਤ ਦੇ ਜਿਸਮ ਦਾ ਸਭ ਤੋਂ ਵੱਧ ਕਾਮ ਉਕਸਾਉ ਅੰਗ ਹੁੰਦਾ ਹੈ। ਦਸ ਸਾਲਾਂ ਦੀ ਮੈਂ ਬਰ੍ਹਾ ਪਹਿਨਣ ਲੱਗ ਗਈ ਸੀ। ਬਾਰਾਂ ਵਰ੍ਹਿਆਂ ਦੀ ਦੇ ਹੀ ਮੇਰੀ ਅੰਗੀ ਦਾ ਬੱਤੀ ਸਾਈਜ਼ ਆਉਣ ਲੱਗ ਪਿਆ ਸੀ ਤੇ  ਉਦੋਂ ਛੱਤੀ ਡੀ ਡੀ ਆਉਂਦਾ ਸੀ।
ਪਖਾਨੇ ਦੇ ਵਿੱਚ ਲੱਗੇ ਵੱਡੇ-ਵੱਡੇ ਸ਼ੀਸ਼ਿਆਂ ਮੂਹਰੇ ਤੁਰ ਫਿਰ ਕੇ ਮੈਂ ਆਪਣੇ ਆਪਨੂੰ ਦੇਖਿਆ ਤਾਂ ਮੈਨੂੰ ਆਪਣੀ ਤੋਰ ਹੀ ਬਦਲੀ ਹੋਈ ਲੱਗੀ ਸੀ। ਉਦਣ ਪਹਿਲੀ ਵਾਰ ਮੈਂ ਅੰਗਰੇਜ਼ੀ ਪਹਿਰਾਵਾ ਪਹਿਨ ਕੇ ਦੇਖਿਆ ਸੀ। ਜਿਸਮ ਦੀ ਨੁਮਾਇਸ਼ ਕਰਨ ਵਾਲਾ ਪਹਿਰਾਵਾ ਆਪਣੇ ਪਹਿਨਿਆ ਹੋਇਆ ਮੈਨੂੰ ਬੜਾ ਅਜੀਬ ਲੱਗਿਆ ਸੀ। ਮੈਂ ਉਸ ਖਾਨਦਾਨ ਨਾਲ ਸੰਬੰਧ ਰੱਖਦੀ ਸੀ, ਜਿਸ ਦੀਆਂ ਔਰਤਾਂ ਬੁਰਕਾ-ਪਰੋਸ਼ ਹੋਇਆ ਕਰਦੀਆਂ ਸਨ। ਮੈਂ ਵੀ ਆਪਣੇ ਜਿਸਮ ਦੇ ਹਰ ਅੰਗ ਨੂੰ ਪੂਰੀ ਤਰ੍ਹਾਂ ਢਕ ਕੇ ਰੱਖਣ ਦੀ ਆਦੀ ਸੀ। ਪਹਿਨੀ ਹੋਈ ਪੁਸ਼ਾਕ ਦੀ ਮੰਗ ਅਨੁਸਾਰ ਆਪਣੀਆਂ ਦੋਨੋਂ ਘੁੱਟ ਕੇ ਗੂੰਦੀਆਂ ਗੁੱਤਾਂ ਵੀ ਮੈਨੂੰ ਖੋਲ੍ਹਣੀਆਂ ਪਈਆਂ ਸਨ। ਉਸ ਲਿਬਾਸ ਨਾਲ ਗੁੱਤਾਂ ਨਹੀਂ ਜਚਦੀਆਂ ਸਨ। ਆਪਣੇ ਵਾਲ ਖੋਲ੍ਹ ਕੇ ਮੈਂ ਪਿੱਠ ’ਤੇ ਲਟਕਾ ਲਏ ਸਨ। ਇਜ਼ਬਲ ਨੇ ਹੀ ਲਾਉਣ ਲਈ ਮੈਨੂੰ ਆਪਣੀ ਲਿਪਸਟਿਕ ਦੇ ਦਿੱਤੀ ਸੀ। ਹੋਰਾਂ ਕੁੜੀਆਂ ਵਾਂਗ ਮੈਂ ਸੁਰਖੀ ਨੂੰ ਆਮ ਨਹੀਂ ਸੀ ਵਰਤਦੀ। ਸਚਾਈ ਤਾਂ ਇਹ ਹੈ ਕਿ ਸੁਰਖੀ ਮੈਂ ਆਪਣੀ ਉਦੋਂ ਤੱਕ ਦੀ ਪੂਰੀ ਜ਼ਿੰਦਗੀ ਵਿੱਚ ਮਸਾਂ ਇੱਕ ਦੋ ਵਾਰ ਹੀ ਲਾ ਕੇ ਦੇਖੀ ਸੀ। ਮੈਨੂੰ ਬੁੱਲ੍ਹ ਰੰਗਣ ਦੀ ਇਜਾਜ਼ਤ ਨਹੀਂ ਸੀ ਤੇ ਨਾ ਹੀ ਲੋੜ। ਸੁਰਖੀ ਤੋਂ ਬਿਨਾਂ ਹੀ ਮੇਰੇ ਬੁੱਲ੍ਹਾਂ ਕਾਫ਼ੀ ਸੁਰਖ ਹੁੰਦੇ ਸਨ। ਅਕਸਰ ਮੇਰੇ ਹੋਠਾਂ ਦੀ ਲਾਲੀ ਤੱਕ ਕੇ ਲੋਕ ਮੈਨੂੰ ਸਵਾਲ ਕਰਿਆ ਕਰਦੇ ਹੁੰਦੇ ਸਨ, “ਕੀ ਤੂੰ ਲਿਪਸਟਿਕ ਲਾਈ ਹੈ?” ਮੈਂ, “ਨਹੀਂ” ਕਹਿੰਦੀ ਤਾਂ ਅਗਲੇ ਨੂੰ ਯਕੀਨ ਨਾ ਆਉਂਦਾ ਤੇ ਮੇਰੇ ਬੁੱਲ੍ਹਾਂ ’ਤੇ ਉਂਗਲ ਫੇਰ ਕੇ ਤਸੱਲੀ ਕੀਤੀ ਜਾਂਦੀ ਹੁੰਦੀ ਸੀ। 
ਉਸ ਵਕਤ ਮੇਰੇ ਬੁੱਲ੍ਹਾਂ ਦਾ ਰੰਗ ਫਿੱਕਾ ਹੋਇਆ ਪਿਆ ਸੀ। ਲਿਪਸਟਿਕ ਦੀ ਹਲਕੀ-ਹਲਕੀ ਪਰਤ ਚਾੜ੍ਹ ਕੇ ਮੈਂ ਆਪਣੇ ਰਸੀਲੇ ਹੋਠਾਂ ਨੂੰ ਪੂਰਾ ਲਾਲ ਕਰ ਲਿਆ ਸੀ, ਗੂੜਾ ਲਾਲ। ਸੁਰਖ, ਲਹੂ ਵਰਗੇ। ਕਾਮ ਦੇ ਪ੍ਰਤੀਕ ਲਾਲ ਰੰਗ ਦੀ ਸੁਰਖੀ ਲਗਾਉਣ ਨਾਲ ਮੇਰਾ ਫਿਕਰਾਂ ਨਾਲ ਸੜਿਆ, ਬੁੱਝਿਆ ਹੋਇਆ ਚਿਹਰਾ ਲਿਸ਼ਕ ਪਿਆ ਸੀ। ਉਨ੍ਹਾਂ ਸਾਰੀਆਂ ਜਣੀਆਂ ਨੇ ਰਲ ਕੇ ਮੈਨੂੰ ਇਉਂ ਤਿਆਰ ਕੀਤਾ, ਜਿਵੇਂ ਕੋਈ ਵੈਲੀ ਮੇਲੇ ਜਾਣ ਲਈ ਆਪਣੀ ਘੋੜੀ ਨੂੰ ਸ਼ਿੰਗਾਰਦਾ ਹੈ ਜਾਂ ਕੋਈ ਡਰਾਇਵਰ ਕਿਸੇ ਗਾਹਕ ਦੇ ਵਿਆਹ ’ਤੇ ਡੋਲੀ ਵਜੋਂ ਵਰਤੀ ਜਾਣ ਵਾਲੀ ਆਪਣੀ ਕਾਰ ਸਜਾਉਂਦਾ ਹੈ।
ਜ਼ੁਲਫ਼ਾਂ ਝਟਕਦੀ ਅਤੇ ਪੈਰ ਪਟਕਦੀ ਹੋਈ ਮੈਂ ਮਾਰੋ-ਮਾਰ ਕਰਦੀ ਟੌਇਲਿਟ ਵਿੱਚੋਂ ਬਾਹਰ ਨਿਕਲੀ ਸੀ ਤਾਂ ਮੁੰਡਿਆਂ ਨੇ ਦਿਲ ਫੜ ਲਏ ਸਨ। ਮੇਰਾ ਅੱਧਨੰਗਾ ਬਦਨ ਚਿੰਗਿਆੜੇ ਛੱਡ ਰਿਹਾ ਸੀ। ਮੇਰਾ ਜੀਅ ਕਰਦਾ ਸੀ ਕਿ ਪਹਿਨੇ ਹੋਏ ਉਹ ਢੇਡ ਕੁ ਲੀੜੇ ਵੀ ਉਤਾਰ ਕੇ ਸਿੱਟ ਦੇਵਾਂ ਤਾਂ ਕਿ ਮੈਨੂੰ ਦੇਖਣ ਵਾਲੇ ਸਾਰੇ ਮੁੰਡਿਆਂ ’ਤੇ ਬਿਜਲੀਆਂ ਡਿੱਗ ਪੈਣ। ਵੈਸੇ ਚੋਬਰਾਂ ਨੂੰ ਮਾਰ ਮੁਕਾਉਣ ਵਿੱਚ ਕਸਰ ਤਾਂ ਮੈਂ ਕੋਈ ਉਦੋਂ ਵੀ ਨਹੀਂ ਸੀ ਛੱਡੀ। ਮੈਨੂੰ ਇਸ ਰੂਪ ਵਿੱਚ ਦੇਖ ਕੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ।
“ਯੂ ਲੁੱਕ ਸਟੱਨਿੰਗ।… ਯੂ ਲੁੱਕ ਐਬਸਅਲੂਟਲੀ ਬਿਊਟੀਫੁੱਲ।… ਯੂ ਲੁੱਕ ਗੋਰਜ਼ੀਅਸ।… ਕੀ ਕਹਿਣੈ… ਨਹੀਂ ਰੀਸਾਂ ਬਹੁਤ ਸੋਹਣੀ ਲੱਗਦੀ ਐਂ…  ਕਮਾਲ ਕਰੀ ਜਾਨੀ ਐਂ… ਯੂ ਲੁੱਕ ਮੋਰ ਅਟਰੈਕਟਿਵ ਇੰਨ ਇੰਗਲੀਸ਼ ਕਲੋਥਜ਼।” ਹਰ ਕੋਈ ਮੈਨੂੰ ਇਹੋ ਕੁੱਝ ਆਖ ਰਿਹਾ ਸੀ। ਕਈ ਤਾਂ ਆਹਾਂ ਭਰਦੇ, “ਹਾਏ-ਹਾਏ” ਕਰਨ ਲੱਗ ਪਏ ਸਨ। ਬਹੁਤਿਆਂ ਨੇ ਤਾਂ ਪਾਣੀ ਵੀ ਨਹੀਂ ਸੀ ਮੰਗਿਆ। ਕੁੱਝ ਮਨਚਲੇ ਤਾਂ ਮੈਨੂੰ ਦੇਖ ਕੇ ਸੀਟੀਆਂ ਮਾਰਨ ਲੱਗ ਪਏ ਸਨ। ਮੈਂ ਆਪਣੇ ਹੁਸਨ ਦੇ ਗੁਮਾਨ ਵਿੱਚ ਉੱਡੀ ਫਿਰਦੀ ਸੀ। ਮੇਰੇ ਮੂਹਰੇ ਬਾਕੀ ਦੀਆਂ ਸਭ ਕੁੜੀਆਂ ਜ਼ੀਰੋ, ਬਿਲਕੁਲ ਸਿਫ਼ਰ ਹੋ ਗਈਆਂ ਸਨ। ਸਾਰੇ ਮੁੰਡੇ ਮੇਰੇ ਵੱਲ ਇਉਂ ਉੱਲਰ ਗਏ ਸਨ, ਜਿਵੇਂ ਉੱਥੇ ਮੇਰੇ ਸਿਵਾਏ ਕੋਈ ਹੋਰ ਕੁੜੀ ਸੀ ਹੀ ਨਹੀਂ। 
ਜਿਵੇਂ ਕਿਸੇ ਮਕਬੂਲ ਹਸਤੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਜੁੜ ਜਾਂਦੀ ਹੈ। ਇਉਂ ਮੁੰਡਿਆਂ ਦਾ ਹਜੂਮ ਮੇਰੇ ਇਰਧ-ਗਿਰਦ ਇਕੱਤਰ ਹੋਇਆ ਪਿਆਸੇ ਭੌਰਿਆਂ ਵਾਂਗ ਮੰਡਰਾ ਰਿਹਾ ਸੀ। ਹਰ ਕੋਈ ਮੇਰੇ ਨਾਲ ਛੇੜਖਾਨੀਆਂ ਕਰ ਰਿਹਾ ਸੀ।
ਬੇਸ਼ੱਕ ਹਰ ਹੁਸੀਨ ਮੁਟਿਆਰ ਦੀ ਹਸਰਤ ਹੁੰਦੀ ਹੈ ਕਿ ਮੁੰਡੇ ਉਸ ਉੱਤੇ  ਜ਼ਿੰਦ ਵਾਰਨ। ਰਾਹਾਂ ਵਿੱਚ ਨਜ਼ਰਾਂ ਵਿਛਾ ਕੇ ਉਸਦੇ ਇੰਤਜ਼ਾਰ ਦੀ ਧੁੱਪ ਵਿੱਚ ਸਦਾ ਸੁੱਕਣੇ ਪਏ ਰਿਹਾ ਕਰਨ। ਹਰ ਵਕਤ ਅਤੇ ਹਰ ਪਾਸੇ ਚਾਹੁਣ ਵਾਲਿਆਂ ਦਾ ਹੀ ਮਜਮਾਂ ਲੱਗਿਆ ਰਹੇ। ਪਰ ਕੋਈ ਵੀ ਕੁੜੀ ਮੁੰਡਿਆਂ ਨੂੰ ਇਸ ਕਦਰ ਤੱਕ ਮਗਰ ਨਹੀਂ ਲਾਉਣਾ ਚਾਹੁੰਦੀ ਹੁੰਦੀ ਕਿ ਮੁੰਡੇ ਉਸਦਾ ਜੀਣਾ ਹੀ ਦੁਭਰ ਕਰ ਦੇਣ। ਹੱਥ ਧੋ ਕੇ ਮੇਰੇ ਮਗਰ ਪਈ ਮੁੰਡੀਰ ਨੇ ਮੇਰੇ ਨੱਕ ਵਿੱਚ ਦਮ ਕੀਤਾ ਪਿਆ ਸੀ। ਮੈਨੂੰ ਬੇਹੁਦਾ ਅਤੇ ਅਸ਼ਲੀਲ ਫਬਤੀਆਂ ਕਸੀਆਂ ਜਾ ਰਹੀਆਂ ਸਨ। 
ਫ਼ੈਰੀ ਵਿੱਚ ਮੈਂ ਜਿੱਧਰ ਵੀ ਜਾਂਦੀ, ਉੱਧਰ ਹੀ ਮੇਰੇ ਮਗਰ ਪੂਰੀ ਦੀ ਪੂਰੀ ਹੇੜ ਆ ਜਾਂਦੀ। ਕੋਈ ਮੇਰਾ ਰਾਹ ਰੋਕ ਕੇ ਖੜ੍ਹ ਜਾਂਦਾ, ਮੇਰੇ ਨਾਲ ਆਪਣਾ ਆਪ ਟਕਰਾ ਕੇ ਗੁਜ਼ਰਦਾ ਜਾਂ ਕੋਲ ਦੀ ਲੰਘਣ ਲੱਗੀ ਦੇ ਮੇਰੇ ਕੋਈ ਚੁੰਢੀ-ਚਾਂਢੀ ਵੀ ਵੱਢ ਜਾਂਦਾ। ਮੁੰਡਿਆਂ ਨੇ ਡੋਬਰ ਤੋਂ ਫ਼ਰਾਂਸ ਪਹੁੰਚਣ ਤੱਕ ਮੇਰੀ ਜਾਨ ਸੂਲੀ ’ਤੇ ਟੰਗੀ ਰੱਖੀ ਸੀ। ਇੱਕ ਲਫੈਂਡ ਜਿਹੇ ਦੇ ਤਾਂ ਮੈਂ ਖਿੱਝ ਕੇ ਥੱਪੜ ਵੀ ਮਾਰਿਆ ਸੀ। ਇੱਕ ਮੁਸ਼ਟੰਡੇ ਤੋਂ ਖਹਿੜਾ ਛੁਡਾਉਂਦੀ ਸੀ ਤਾਂ ਦੂਜਾ ਆ ਜਾਂਦਾ ਸੀ। ਵਾਹੀਯਾਤ ਬਕਵਾਸ ਅਤੇ ਛੇੜਖਾਨੀਆਂ ਝੱਲਦੀ ਹੋਈ ਖਿੱਝ ਕੇ ਅੰਤ ਨੂੰ ਮੇਰਾ ਰੋਣਾ ਨਿਕਲ ਗਿਆ ਸੀ। 
ਮੈਨੂੰ ਤੰਗ ਹੋਈ ਦੇਖ ਕੇ ਐਂਜ਼ਲਾ ਨੇ ਆਪਣੇ ਭਰਾ ਮੈਕਸ ਨੂੰ ਮੇਰੀ ਮਦਦ ਲਈ ਆਖਿਆ ਸੀ, ਜੋ ਉਸ ਵਕਤ ਫ਼ੈਰੀ ਵਿੱਚ ਸਾਡੇ ਨਾਲ ਹੀ ਸਫ਼ਰ ਕਰ ਰਿਹਾ ਸੀ। ਉਹਦਾ ਭਰਾ ਸਾਡੇ ਸਕੂਲ ਵਿੱਚ ਤਾਂ ਨਹੀਂ ਪੜ੍ਹਦਾ ਸੀ।  ਵੱਡਾ ਸੀ। ਬੇਕਾਰ ਸੀ, ਕੰਮ ਤਲਾਸ਼ ਰਿਹਾ ਸੀ। ਵੈਸੇ ਮੈਨੂੰ ਐਂਜਲਾ ਨੇ ਦੱਸਿਆ ਸੀ ਕੰਮ ਤਾਂ ਉਹ ਕਰਦਾ ਸੀ। ਕਲੱਬਾਂ ਵਿੱਚ ਡਰੱਗਸ ਵੇਚਦਾ ਸੀ। ਰਾਤ-ਬਰਾਤੇ ਚੋਰੀਆਂ-ਚਕਾਰੀਆਂ ਕਰਦਾ ਸੀ। ਉਹ ਫ਼ਰਾਂਸ ਤੋਂ ਸਸਤੀ ਬੀਅਰ ਅਤੇ ਸਿਗਰਟਾਂ ਲਿਆ ਕੇ ਇੰਗਲੈਂਡ ਦੇ ਦੁਕਾਨਦਾਰਾਂ ਨੂੰ ਵੇਚ ਕੇ ਮੁਨਾਫਾ ਕੱਢ ਲੈਂਦਾ ਸੀ। ਇੰਝ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਉਹ ਆਪਣੇ ਨਸ਼ੇ-ਪੱਤੇ ਦਾ ਤੋਰਾ-ਤੋਰੀ ਫਿਰਦਾ ਸੀ। ਸੁਣਿਆ ਸੀ ਐਂਜਲਾ ਵਾਂਗ ਦੇਖਣ ਨੂੰ ਵੀ ਉਹ ਟਪੋਰੀ ਜਿਹਾ ਲੱਗਦਾ ਸੀ। ਬਦਮਾਸ਼ ਜਿਹਾ ਹੋਣ ਕਰਕੇ ਕੋਈ ਸ਼ਰੀਫ ਮੁੰਡਾ ਉਹਦੇ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਸੀ। ਇਉਂ ਮੈਕਸ ਦੇ ਦਬਕਣ ਨਾਲ ਜਾਂ ਉਹਦੇ ਮੂੰਹ ਲੱਗਣ ਦੇ ਡਰੋਂ ਮੈਨੂੰ ਛੋਕਰਿਆਂ ਤੋਂ ਛੁਟਕਾਰਾ ਮਿਲ ਗਿਆ ਸੀ। ਉਦੂੰ ਮਗਰੋਂ ਮੈਂ ਫ਼ੈਰੀ ਵਿੱਚ ਦੜੰਗੇ ਲਾਉਂਦੀ ਫਿਰਦੀ ਰਹੀ ਸੀ। ਅਸੀਂ ਸਭ ਸਖੀਆਂ ਬੇਪਰਵਾਹ ਹੋ ਕੇ ਘੁੰਮਦੀਆਂ ਰਹੀਆਂ ਸੀ। ਕਿਸੇ ਮੁੰਡੇ ਨੇ ਮੇਰੇ ਨਾਲ ਇੱਲਤ-ਫਿੱਲਤ ਨਹੀਂ ਕੀਤੀ ਸੀ। 
ਫ਼ਰਾਂਸ ਦੀ ਬੰਦਰਗਾਹ ਕੈਲੇ ’ਤੇ ਫ਼ੈਰੀਉਂ ਉਤਰਨਸਾਰ ਅਸੀਂ ਟੂਰਿਸਟ ਬੱਸਾਂ ਵਿੱਚ ਸਵਾਰ ਹੋ ਕੇ ਚੱਲ ਪਏ ਸੀ। ਫ਼ਰਾਂਸ ਪਹੁੰਚ ਕੇ ਦਿਨ ਛਿਪਣ ਤੱਕ ਜਿਹੜੇ ਤਿੰਨ ਚਾਰ ਘੰਟੇ ਸਾਡੇ ਕੋਲ ਸਨ, ਓਨਾ ਚਿਰ ਅਸੀਂ ਘੁੰਮਦੇ ਰਹੇ ਸੀ। ਰਾਤ ਨੂੰ ਅਸੀਂ ਹੋਟਲਾਂ ਦੀ ਬਜਾਏ ਫ਼ਰਾਂਸ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਾਤ ਕੱਟਣੀ ਸੀ। ਆਥਣੇ ਅਸੀਂ ਉਸ ਪਿੰਡ ਜਾ ਉੱਪੜੇ ਸੀ। ਯਾਤਰੀਆਂ ਦੇ ਠਹਿਰਣ ਲਈ ਉਸ ਪਿੰਡ ਵਿੱਚ ਇੱਕ ਖੁੱਲ੍ਹੇ ਜਿਹੇ ਮੈਦਾਨ ਵਿੱਚ ਪੱਕੇ ਹੀ ਕੈਂਪ ਲੱਗੇ ਹੋਏ ਸਨ। ਵਿਦਿਆਰਥੀ ਬਹੁਤੇ ਹੋਣ ਕਰਕੇ ਸਾਨੂੰ ਦੋ ਦੋ ਜਣਿਆਂ ਨੂੰ ਇੱਕ ਤੰਬੂ ਸਾਂਝਾ ਵਰਤਣ ਦੀ ਹਦਾਇਤ ਮਿਲੀ ਹੋਈ ਸੀ। ਮੈਂ ਅਤੇ ਐਂਜਲਾ ਨੇ ਇੱਕ ਵਧੀਆ ਜਿਹਾ ਤੰਬੂ ਮੱਲ ਲਿਆ ਸੀ।
ਮੈਕਸ ਨੇ ਵੀ ਸਾਡੇ ਵਾਲੇ ਤੰਬੂਆਂ ਕੋਲ ਹੀ ਤੰਬੂ ਕਿਰਾਏ ਉੱਤੇ ਲਿਆ ਹੋਇਆ ਸੀ। ਜਦੋਂ ਐਂਜ਼ਲਾ ਤੋਂ ਮੈਨੂੰ ਇਸਦਾ ਪਤਾ ਲੱਗਿਆ ਸੀ ਤਾਂ ਮੇਰੇ ਮਨ ਵਿੱਚ ਆਇਆ  ਸੀ ਕਿ ਕਿਉਂ ਨਾ ਮੈਂ ਮੈਕਸ ਦਾ ਸ਼ੁਕਰੀਆ ਹੀ ਅਦਾ ਕਰ ਆਵਾਂ। ਉਸਨੇ ਮੁੰਡਿਆਂ ਨੂੰ ਮੇਰੇ ਮਗਰੋਂ ਲਾਹ ਕੇ ਮੇਰੀ ਮਦਦ ਕੀਤੀ ਸੀ। ਨਹੀਂ ਤਾਂ ਫ਼ਰਾਂਸ ਦਾ ਭ੍ਰਮਣ ਕਰਦਿਆਂ ਮੈਨੂੰ ਨਾ ਹੀ ਅਜ਼ਾਦੀ ਤੇ ਨਾ ਹੀ ਆਨੰਦ ਮਹਿਸੂਸ ਹੋਣਾ ਸੀ। ਉਹ ਮੇਰੇ ਲਈ ਰੱਖਿਆ ਦੇ ਦੇਵਤੇ ਪੈਲੇਡੀਅਮ ਦਾ ਅਵਤਾਰ ਸਿੱਧ ਹੋਇਆ ਸੀ। ਇਸ ਲਈ ਮੈਕਸ ਨੂੰ ਭਾਲਦੀ ਹੋਈ ਮੈਂ ਉਸ ਕੋਲ ਚਲੀ ਗਈ ਸੀ। ਮੈਕਸ ਐਂਜ਼ਲਾ ਕਾਰਨ ਉਦੋਂ ਤੱਕ ਮੇਰੇ ਕਰੀਬ ਨਹੀਂ ਸੀ ਆਇਆ। ਫ਼ੈਰੀ ਵਿੱਚ ਵੀ  ਸਾਡੀ ਮੁਲਾਕਾਤ ਨਹੀਂ ਸੀ ਹੋ ਸਕੀ। ਮੈਨੂੰ ਆਪਣੇ ਤੰਬੂ ਮੂਹਰੇ ਖੜ੍ਹੀ ਦੇਖ ਕੇ ਉਹ ਦੇਖਦਾ ਹੀ ਰਹਿ ਗਿਆ ਸੀ। ਨਾ ਹਾਂ। ਨਾ ਹੂੰ। ਮਿੱਟੀ ਦੇ ਬਣੇ ਹੋਏ ਬੁੱਤ ਵਾਂਗ ਮੇਰੇ ਵੱਲ ਮੂੰਹ ਅੱਡੀ ਝਾਕੀ ਜਾ ਰਿਹਾ ਸੀ। ਮੈਕਸ ਦੀਆਂ ਅੱਖਾਂ ਇਸ ਕਦਰ ਖੁੱਲ੍ਹੀਆਂ ਹੋਈਆਂ ਸਨ ਕਿ ਜੇ ਉਹਦੇ ਡੇਲੇ ਬੁੜ੍ਹਕ ਕੇ ਬਾਹਰ ਡਿੱਗ ਪੈਂਦੇ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਸੀ ਹੋਣੀ। ਮੈਂ ਧੰਨਵਾਦ ਕਰਨ ਲਈ ਆਪ ਹੀ ਗੱਲ ਤੋਰੀ ਸੀ। ਫਿਰ ਮੈਕਸ ਨੇ ਮੈਨੂੰ ਗੱਲਾਂ ਵਿੱਚ ਲਾ ਕੇ ਰੁਕਣ ਲਈ ਬੇਨਤੀ ਕੀਤੀ ਸੀ। ਸ਼ਿਸ਼ਟਾਚਾਰ ਵਜੋਂ ਮੈਂ ਉਹਦੇ ਕੋਲ ਬੈਠ ਗਈ ਸੀ। 
ਮੈਕਸ ਨੂੰ ਪਹਿਲੀ ਨਜ਼ਰੇ ਦੇਖਣ ਬਾਅਦ ਸਾਡੇ ਦਰਮਿਆਨ ਕੋਈ ਕੈਮੀਸਟਰੀ ਹੋਣੀ ਤਾਂ ਦੂਰ ਦੀ ਗੱਲ ਸੀ। ਮੈਨੂੰ ਤਾਂ ਉਹ ਉੱਕਾ ਵੀ ਭਾਇਆ ਨਹੀਂ ਸੀ। ਉਹਦਾ ਸ਼ਰੀਰ ਪਾਣੀ ਪੀ ਕੇ ਆਫਰੇ ਝੋਟੇ ਵਰਗਾ ਸੀ। ਹੱਥਾਂ-ਬਾਹਾਂ ’ਤੇ ਟੈਟੂ। ਅੱਖ ਦੇ ਭਰਵੱਟੇ ਨੂੰ ਵਿੰਨ੍ਹ ਕੇ ਪਾਈ ਹੋਈ ਮੁੰਦਰ ਤਾਂ ਬਹੁਤ ਬੁਰੀ ਲੱਗਦੀ ਸੀ। ਸਿਰ ਸ਼ੇਵ ਕਰਕੇ ਘੋਨ-ਮੋਨ ਕੀਤਾ ਹੋਇਆ ਸੀ। ਇਹੋ ਜਿਹੇ ਸਕਿੰਨ ਹੈੱਡ ਗੋਰੇ ਆਮ ਕਰਕੇ ਨਸਲਵਾਦੀ ਹੁੰਦੇ ਹਨ। ਮੁੱਢ ਤੋਂ ਹੀ ਸਕਿੰਨਹੈੱਡਾਂ ਲਈ ਮੇਰੇ ਮਨ ਵਿੱਚ ਨਫ਼ਰਤ ਸੀ। 
ਇੱਕ ਵਾਰ ਕੀ ਹੋਇਆ, ਮੈਂ ਆਪਣੇ ਭਰਾਵਾਂ ਅਤੇ ਅੰਮੀ ਨਾਲ ਫੁੱਟਪਾਥ ’ਤੇ  ਜਾ ਰਹੀ ਸੀ। ਸਾਹਮਣਿਉਂ ਸਾਈਕਲਾਂ ’ਤੇ ਕੁੱਝ ਅਜਿਹੀ ਟਾਈਪ ਦੇ ਗੋਰੇ ਆ ਰਹੇ ਸਨ। ਜਦੋਂ ਉਹ ਕੋਲ ਆਏ ਤਾਂ ਸਾਰਿਆਂ ਨੇ ਸਾਡੇ ਮੂੰਹਾਂ ’ਤੇ ਥੁੱਕਿਆ ਅਤੇ ਪਾਕੀ ਆਖ ਕੇ ਸਾਨੂੰ ਗਾਲਾਂ ਕੱਢਦੇ ਹੋਏ ਭੱਜ ਗਏ ਸਨ। 
ਮੇਰੀ ਇੱਕ ਹੋਰ ਸਹੇਲੀ ਦੇ ਘਰ ਉੱਤੇ ਸਕਿੰਨ ਹੈੱਡ ਅੰਗਰੇਜ਼ ਸਪਰੇਅ ਕੈਨ ਵਾਲੇ ਰੰਗ ਨਾਲ ਰਾਤ ਨੂੰ ‘ਕਾਲਿਉ ਸਾਡੇ ਮੁਲਖ ਚੋਂ ਦਫ਼ਾ ਹੋ ਜਾਉ।’ ਲਿਖ ਗਏ ਸਨ।  
ਅੱਬਾ ਨਾਲ ਵੀ ਕਈ ਵਾਕੇ ਹੋ ਚੁੱਕੇ ਸਨ। ਅਜਿਹੇ ਫਰੰਗੀ ਪਹਿਲਾਂ ਟੈਕਸੀ ਕਰਕੇ ਲੈ ਜਾਂਦੇ ਅਤੇ ਫਿਰ ਕਿਰਾਇਆ ਦੇਣ ਦੀ ਬਜਾਏ ਉਤਰ ਕੇ ਭੱਜ ਜਾਂਦੇ ਸਨ। ਹਿੰਡ ਕਰਨ ਵੇਲੇ ਅਕਸਰ ਇਨ੍ਹਾਂ ਦੀ ਗਿਣਤੀ ਤਿੰਨ ਚਾਰ ਦੀ ਹੁੰਦੀ ਤੇ ਫਿਰ ਦੌੜਦੇ ਵੀ ਸਾਰੇ ਵੱਖ-ਵੱਖ ਦਿਸ਼ਾਵਾਂ ਵਿੱਚ ਖਿਲਰ ਕੇ ਤਾਂ ਕਿ ਇੱਕਲਾ-ਦੁੱਕਲਾ ਬੰਦਾ ਭੰਬਲ-ਭੂਸੇ ਵਿੱਚ ਪੈ ਜਾਵੇ। ਇਉਂ ਹੀ ਇੱਕ ਵਾਰ ਜਿੱਥੇ ਸਵਾਰੀਆਂ ਨੇ ਲਿਜਾਣ ਲਈ ਕਿਹਾ, ਅੱਬਾ ਨੇ ਉੱਥੇ ਗੱਡੀ ਲਿਜਾ ਲਾਈ। ਗੱਡੀ ਦੇ ਰੁਕਣਸਾਰ ਹੀ ਨਸਲਵਾਦੀ ਗੋਰੇ ਬਿਨਾਂ ਭਾੜਾ ਦਿੱਤੇ ਟਾਕੀਆਂ ਖੋਲ੍ਹ ਕੇ ਕਾਰ ਚੋਂ ਨਿਕਲ ਤੁਰੇ ਅਤੇ ਸਬ-ਵੇਅ (ਭੂਮੀਗਤ ਮਾਰਗ) ਵਿੱਚ ਉਤਰ ਕੇ ਕਿੱਧਰੇ ਗੁੰਮ ਹੋ ਗਏ ਸਨ। ਅੱਬਾ ਕਾਹਲੀ ਵਿੱਚ ਕਾਰ ਦੇ ਵਿੱਚੇ ਚਾਬੀ ਛੱਡ ਕੇ ਉਨ੍ਹਾਂ ਦੇ ਮਗਰ ਭੱਜ ਗਏ ਸਨ। ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੂੰ ਅੱਬਾ ਨੇ ਦਬੋਚ ਲਿਆ ਸੀ ਤੇ ਕੁੱਟ ਕੇ ਕਿਰਾਇਆ ਵਸੂਲ ਕੀਤਾ ਸੀ। ਪਰ ਜਦੋਂ ਵਾਪਸ ਆਏ ਸਨ ਤਾਂ ਟੈਕਸੀ ਜਿੱਥੇ ਛੱਡ ਕੇ ਗਏ ਸੀ, ਉੱਥੇ ਹੈ ਨਹੀਂ ਸੀ। ਉਨ੍ਹਾਂ ਦਾ ਕੋਈ ਸਾਥੀ ਲੈ ਕੇ ਉੱਡਣ ਛੂਹ ਹੋ ਗਿਆ ਸੀ, ਜੋ ਪਹਿਲਾਂ ਹੀ ਉੱਥੇ ਖੜ੍ਹਾ ਸੀ। 
ਇੱਕ ਹੋਰ ਘਟਨਾ ਵਿੱਚ ਇੰਝ ਹੋਇਆ ਸੀ ਕਿ ਕੁੱਝ ਗੋਰਿਆਂ ਨੇ ਅੱਬਾ ਦੀ ਟੈਕਸੀ ਕਿਰਾਏ ’ਤੇ ਕਰ ਲਿੱਤੀ ਸੀ। ਜਿੱਧਰ-ਜਿੱਧਰ ਉਹ ਕਹੀ ਜਾਣ ਅੱਬਾ ਉਨ੍ਹਾਂ ਨੂੰ ਉੱਧਰ-ਉੱਧਰ ਲਿਜਾਈ ਜਾਣ। ਇਉਂ ਸਵੇਰ ਤੋਂ ਤੁਰਿਆਂ ਆਥਣ ਹੋ ਗਿਆ ਤੇ ਉਹ ਅੱਬਾ ਨੂੰ ਇਕੋ ਸ਼ਹਿਰ ਵਿੱਚ ਉਨ੍ਹਾਂ ਹੀ ਸੜਕਾਂ ਉੱਤੇ ਵਾਰ-ਵਾਰ ਘੁੰਮਾਈ ਜਾਣ। ਅੱਕ ਕੇ ਅੱਬਾਂ ਨੇ ਉਨ੍ਹਾਂ ਨੂੰ ਟੈਕਸੀ ਰੋਕ ਕੇ ਪੁੱਛਿਆ ਕਿ ਉਨ੍ਹਾਂ ਨੇ ਅਸਲ ਵਿੱਚ ਜਾਣਾ ਕਿੱਥੇ ਹੈ? ਉਨ੍ਹਾਂ ਨੇ ਕੋਈ ਹੋਰ ਜਗ੍ਹਾ ਦੱਸੀ ਜੋ ਉੱਥੋਂ ਬਹੁਤ ਦੂਰ ਸੀ। ਅੱਬਾ ਨੇ ਆਖਿਆ ਕਿ ਪਹਿਲਾਂ ਉਹ ਪਿਛਲਾ ਭਾੜਾ ਚੁੱਕਤਾ ਕਰਨ ਤਾਂ ਉਹ ਉਨ੍ਹਾਂ ਨੂੰ ਅੱਗੇ ਹੋਰ ਕਿਤੇ ਲੈ ਕੇ ਜਾਣਗੇ। 
ਐਨੀ ਗੱਲੋਂ ਕਾਰ ਵਿੱਚ ਬੈਠਿਆਂ ਤਿੰਨ ਚੌਂਹ ਜਣਿਆਂ ਨੇ ਅੱਬਾ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ, “ਆਹ ਲੈ ਚੱਕ ਕਿਰਾਇਆ ਹਰਾਮਜ਼ਾਦਿਆ, ਹੋਰ ਚਾਹੀਦੈ?” ਉਹ ਅੱਬਾ ਨੂੰ ਬਹੁਤ ਦੇਰ ਤੱਕ ਕੁੱਟਦੇ ਰਹੇ ਸਨ। ਠੁੱਡੇ ਮਾਰ-ਮਾਰ ਉਨ੍ਹਾਂ ਨੇ ਅੱਬਾ ਦਾ ਨੱਕ-ਮੂੰਹ ਭੰਨ੍ਹ ਕੇ ਸਾਰਾ ਨਕਸ਼ਾ ਵਿਗਾੜ ਦਿੱਤਾ ਸੀ। ਮਹੀਨਾ ਭਰ ਅੱਬਾ ਪੱਟੀਆਂ ਕਰਵਾਈ ਮੰਜੇ ’ਤੇ ਪਏ ਰਹੇ ਸਨ। ਉਦੋਂ ਦੇ ਬੜੇ ਬੁਰੇ ਲੱਗਦੇ ਸਨ ਮੈਨੂੰ ਗੰਜੇ ਸਿਰਾਂ ਵਾਲੇ ਗੋਰੇ। ਪਹਿਲਾਂ ਤਾਂ ਮੈਂ ਮੈਕਸ ਕੋਲ ਬਹੁਤ ਸਹਿਮੀ ਖੜ੍ਹੀ ਸੀ। ਪਰ ਜਦੋਂ ਉਹ ਦੋਸਤਾਨਾ ਬਾਤਚੀਤ ਕਰਨ ਲੱਗ ਪਿਆ ਸੀ ਤਾਂ ਮੈਂ ਵੀ ਉਹਦੇ ਨਾਲ ਖੁੱਲ੍ਹ ਗਈ ਸੀ। ਮੈਨੂੰ ਉਸਦੀ ਗੱਲਬਾਤ ਵਿੱਚੋਂ ਬਿਲਕੁਲ ਵੀ ਨਸਲਵਾਦ ਦੀ ਬੂ ਨਹੀਂ ਸੀ ਆਈ। 
ਉੱਥੇ ਨੇੜੇ ਹੀ ਇੱਕ ਪੱਬ ਸੀ, ਜੋ ਸਾਨੂੰ ਉੱਥੇ ਬੈਠਿਆਂ ਨੂੰ ਹੀ ਦਿਸਦਾ ਸੀ। ਮੈਕਸ ਮੈਨੂੰ ਪੱਬ ਵੱਲ ਖਿੱਚਣ ਲੱਗਿਆ ਸੀ। ਮੈਂ ਮਾੜੀ ਮੋਟੀ ਮਨਾਹੀ ਕੀਤੀ ਸੀ। ਪਰ ਉਹ ਟਲਦਾ ਨਹੀਂ ਸੀ ਦਿੱਸਦਾ। ਮੈਂ ਸੋਚਿਆ ਸੀ ਕਿ ਜ਼ਿਆਦਾ ਜ਼ੋਰ ਲਾਉਂਦਾ ਹੈ ਤਾਂ ਸਾਥ ਦੇਣ ਲਈ ਨਾਲ ਚਲੀ ਚਲਦੀ ਹਾਂ।  ਉਹ ਬੀਅਰ ਪੀ ਲਊ ਤੇ ਮੈਂ ਕੋਕ ਜਾਂ ਜੂਸ ਆਦਿ ਕੁੱਝ ਲੈ ਲਵਾਂਗੀ। ਅਸੀਂ ਪੱਬ ਵਿੱਚ ਚਲੇ ਗਏ ਸੀ। ਮੈਕਸ ਮੈਥੋਂ ਪੁੱਛੇ ਬਿਨਾਂ ਵਿਸਕੀ ਦੇ ਡਬਲ ਸ਼ੌਟ (ਪਟਿਆਲੇ ਸ਼ਾਹੀ ਪੈੱਗ) ਪੁਆ ਲਿਆਇਆ ਸੀ। ਮੈਂ ਪੀਣ ਤੋਂ ਇਨਕਾਰ ਕਰ ਦਿੱਤਾ ਸੀ, “ਮੈਨੂੰ ਤਾਂ ਮਾਫ਼ ਕਰ।”
“ਕਿਉਂ?” 
ਮੈਂ ਇਕਬਾਲ ਤੋਂ ਸੁਣੀ ਹੋਈ ਗੱਲ ਸੁਣਾ ਦਿੱਤੀ ਸੀ, “ਗੁਰੂ ਅਮਰਦਾਸ  ਜੀ ਨੇ ਫ਼ਰਮਾਇਐ, ਜਿਤੁ ਪੀਤੈ ਮਤਿ ਦੂਰਿ ਹੋਇ ਬਰਲ ਪਵੈ ਵਿਚਿ ਆਇ। ਆਪਣਾ ਪਰਾਇਆ ਨਾ ਪਛਤਾਈ ਖਸਮਹੁ ਧਕੇ ਖਾਇ। ਜਿਤੁ ਪੀਤੈ ਖਸਮੁ ਵਿਸਰੈ ਦਰਗਾਹ ਮਿਲੈ ਸਜਾਇ। ਝੈਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ। -ਨਾ ਭਾਈ, ਮੈਂ ਨ੍ਹੀਂ ਕਦੇ ਪੀਤੀ।”
“ਕੋਈ ਨ੍ਹੀਂ। ਅੱਜ ਪੀ ਕੇ ਦੇਖ ਲੈ।”
ਬਰਟੈਂਡ ਰਸਲ ਕਹਿੰਦੈ, “ਸ਼ਰਾਬਨੋਸ਼ੀ ਇੱਕ ਆਰਜ਼ੀ ਆਤਮਹੱਤਿਆ ਹੈ। ਨਾ ਭਾਈ, ਆਪਾਂ ਨ੍ਹੀਂ। -ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ’ਤੇ ਦਰਜ਼ ਐ, -ਇਤੁ  ਮਦਿ ਪੀਤੈ ਨਾਨਕਾ ਬਹੁਤੈ ਖਟੀਅਹਿ ਬਿਕਾਰ।” ਮੈਂ ਨਾਂਹ-ਨੁੱਕਰ ਕੀਤੀ ਸੀ ਤਾਂ ਮੈਕਸ ਨੇ ਝਿੜਕਣ ਵਾਂਗ ਕਿਹਾ ਸੀ, “ਫੜ-ਫੜ। ਨਖਰੇ ਜਿਹੇ ਨਾ ਕਰ।” ਉਹਦੀ ਆਵਾਜ਼ ਵਿੱਚ ਕਾਫ਼ੀ ਰੋਹਬ ਸੀ। ਮੈਂ ਉਸ ਤੋਂ ਡਰਦੀ ਮਾਰੀ ਰੋਣ ਲੱਗ ਗਈ ਸੀ।
ਮੈਕਸ ਮੈਨੂੰ ਵਰਾਉਣ ਲੱਗ ਪਿਆ ਸੀ, “ਰੋਅ ਨਾ। ਚੁੱਪ ਕਰ ਜਾ। ਸੌਰੀ, ਗਲਤੀ ਹੋ ਗਈ।” 
ਜਹਾਜ਼ ਦੇ ਰੁੱਕਣ ਵਾਂਗ ਬੜੀ ਦੇਰ ਬਾਅਦ ਜਾ ਕੇ ਮੈਂ ਹੌਲੀ-ਹੌਲੀ ਚੁੱਪ ਹੋਈ ਸੀ। ਫਿਰ ਵੀ ਖਾਸੀ ਦੇਰ ਤੱਕ ਹਟਕੋਰੇ ਲੈਂਦੀ ਰਹੀ ਸੀ। ਮੇਰੇ ਚੁੱਪ ਹੁੰਦਿਆਂ ਹੀ ਮੈਕਸ ਮੁੜ ਉਹੀ ਪਹਿਲਾਂ ਵਾਲਾ ਰਾਗ ਅਲਾਪਣ ਲੱਗ  ਪਿਆ ਸੀ, “ਸਿਰਫ਼ ਇੱਕ ਘੁੱਟ ਭਰ ਲੈ? ਸਿਰਫ਼ ਇੱਕ ਘੁੱਟ?”
ਹੌਲੀ-ਹੌਲੀ ਉਹਦੀ ਆਵਾਜ਼ ਵਿੱਚੋਂ ਮੁੜ ਤੋਂ ਨਿਵੇਦਨੀ ਰੰਗ ਦਬਦਾ ਅਤੇ ਹੁਕਮਾਨਾ ਸੁਰ ਉਭਰਦਾ ਜਾ ਰਿਹਾ ਸੀ।
“ਪੀਂਦੀ ਐਂ ਕਿ ਨਹੀਂ?” ਉਹ ਗੁੱਸੇ ਨਾਲ ਕੜਕਿਆ ਸੀ।
  ਮੈਂ ਕੁੱਝ ਨਾ ਬੋਲੀ। ਮੈਨੂੰ ਡਰ ਸੀ ਕਿ ਇਸ ਵਾਰ ਜੇ ਮਨ੍ਹਾ ਕਰੂੰਗੀ ਤਾਂ ਕਿੱਧਰੇ ਮੈਕਸ ਮੈਨੂੰ ਕੁੱਟਣ ਹੀ ਨਾ ਲੱਗ ਜਾਵੇ। ਮੇਰੀਆਂ ਅੱਖਾਂ ਮੂਹਰੇ ਅੱਬਾ ਦਾ ਜ਼ਖ਼ਮੀ ਹੋਇਆਂ ਦਾ ਉਹੀ ਦ੍ਰਿਸ਼ ਰੂਪਮਾਨ ਹੋ ਗਿਆ ਸੀ। ਨੱਕ ਮੂੰਹ ਚੋਂ ਨਿਕਲ ਰਿਹਾ ਖੂਨ ਦੰਦ ਟੁੱਟੇ ਹੋਏ। ਮੈਕਸ ਮੇਰੇ ਵੱਲ ਅੱਖਾਂ ਕੱਢ ਕੇ ਦੇਖ ਰਿਹਾ ਸੀ। ਮੈਂ ਬਹੁਤ ਸਹਿਮ ਗਈ ਸੀ।
“ਸ਼ਰਾਬ ਈ ਐ! ਜ਼ਹਿਰ ਤਾਂ ਨਹੀਂ? ਦੇਖੀ ਜਾਊ। ਭਰ ਲੈਂਦੀ ਆਂ ਘੁੱਟ।” ਮੈਂ ਅਣਮੰਨੇ ਜਿਹੇ ਮਨ ਨਾਲ ਗਿਲਾਸ ਚੁੱਕ ਕੇ ਹਲਕ ਵਿੱਚ ਢੇਰੀ ਕਰ ਲਿਆ ਸੀ। ਮੈਨੂੰ ਇਉਂ ਲੱਗਿਆ ਸੀ ਜਿਵੇਂ ਅੰਦਰੋਂ ਮੇਰਾ ਕਾਲਜਾ ਛਿੱਲਿਆ ਗਿਆ ਹੋਵੇ। ਸਾਰਾ ਮੂੰਹ ਕੁੜੱਤਣ ਨਾਲ ਇਉਂ ਭਰ ਗਿਆ ਸੀ, ਜਿਵੇਂ ਮੈਂ ਕੌੜ ਤੁੱਮਾ ਚੱਭ ਲਿਆ ਹੁੰਦਾ ਹੈ। ਉਂਝ ਇੱਕ ਘੁੱਟ ਪੀ ਕੇ ਚੌਦਾਂ ਤਬਕ ਰੋਸ਼ਨ ਹੋ ਗਏ। ਸੱਤੇ ਪਰਦੇ ਖੁੱਲ੍ਹ ਗਏ ਜਾਪੇ। ਇੰਝ ਲੱਗਿਆ ਜਿਵੇਂ ਹਲਕ ਤੋਂ ਸਿੱਧੀ ਗਿੱਟਿਆਂ ਵਿੱਚ ਉਤਰ ਗਈ ਹੋਵੇ।
ਮੈਂ ਸਮਝਦੀ ਸੀ ਇੱਕ ਗਿਲਾਸ ਪੀਣ ਨਾਲ ਮੇਰਾ ਖਹਿੜਾ ਛੁੱਟ ਜਾਵੇਗਾ। ਪਰ ਕਿੱਥੇ? ਮੈਕਸ ਮੈਨੂੰ ਬਿਨਾਂ ਪੁੱਛੇ ਇੱਕ ਹੋਰ ਭਰਾ ਲਿਆਇਆ ਸੀ। ਮੈਂ ਉਹਨੂੰ ਟੱਲੀ ਵਾਂਗ ਟਣਕਦਾ ਜੁਆਬ ਦੇ ਦਿੱਤਾ ਸੀ, “ਤੂੰ ਇੱਕ ਘੁੱਟ ਪੀਣ ਲਈ ਕਿਹਾ ਸੀ। ਮੈਂ ਇੱਕ ਗਿਲਾਸ ਪੀ ਚੁੱਕੀ ਹਾਂ। ਹੁਣ ਨ੍ਹੀਂ।”
“ਥੋੜ੍ਹੀ ਜੀ ਹੋਰ ਪੀ ਲੈ? ਪੀਲਾ ਪੀਅ ਲੈ?”
“ਨਾ ਮੈਂ ਨ੍ਹੀਂ।” ਮੈਂ ਜ਼ੋਰ-ਜ਼ੋਰ ਦੀ ਸਿਰ ਮਾਰਿਆ ਸੀ। ਯੂਨਾਨ ਦੇ ਸ਼ਰਾਬੀ ਜਿਨ੍ਹਾਂ ਨੂੰ ਬੈਕਅਨਲ ਕਿਹਾ ਜਾਂਦਾ ਹੈ, ਉਹ ਮਦਰਾ ਦੇਵ ਬੈਕਸ ਨੂੰ ਲੀਬੇਸ਼ਨ ਯਾਨੀ ਕਿ ਸ਼ਰਾਬ ਦਾ ਚੜ੍ਹਾਵਾ ਚਾੜ੍ਹ ਕੇ ਉਸਦੀ ਉਪਸਨਾ ਕਰਦੇ ਹੋਏ ਡਿਥਿਰੈਮਬ ਨਾਮੀ ਗੀਤ ਗਾਉਂਦੇ ਹੁੰਦੇ ਹਨ। ਮੈਕਸ ਦੀ ਪੀ-ਪੀ ਵੀ ਮੈਨੂੰ ਡਿਥਿਰੈਮਬ ਤੋਂ ਘੱਟ ਨਹੀਂ ਸੀ ਲੱਗੀ। 
“ਬੱਚਿਆਂ ਆਲੀਆਂ ਆਦਤਾਂ ਛੱਡ। ਹੁਣ ਤੂੰ ਮੁਟਿਆਰ ਹੋ ਗਈ ਐਂ ਆਪਣੇ ਖ਼ਿਆਲਾਂ ਨੂੰ ਵੀ ਮੇਚਿਉਰ  (ਪ੍ਰੋੜ) ਕਰ।”
“ਮੈਨੂੰ ਨਿਆਣੀ ਹੀ ਰਹਿਣ ਦੇ। ਜਵਾਨੀ ਦੇ ਹੱਥ ਮੈਂ ਦੇਖ ਚੁੱਕੀ ਆਂ। ਟਰੇਲਰ  ’ਚ ਈ ਮੇਰਾ ਜਿਉਣਾ ਹਰਾਮ ਹੋ ਗਿਐ। ਅੱਗੇ ਜਾ ਕੇ ਫ਼ਿਲਮ ਚੱਲੀ ’ਤੇ ਪਤਾ ਨਹੀਂ ਕੀ ਹੋਊ?”
“ਹੁਣ ਤਾਂ ਤੂੰ ਪੀ ਕੇ ਦੇਖੀ ਹੀ ਹੈ। ਕੀ ਤੇਰੀ ਜਾਨ ਨਿਕਲਗੀ? ਆਹ ਪਿਆ ਗਿਲਾਸ, ਖਿੱਚਣ ਦੀ ਕਰ। ਜਿੱਥੇ ਇੱਕ ਪੀਤੈ, ਉਥੇ ਇੱਕ ਹੋਰ ਸਹੀ।”
ਮੈਂ ਬਿਨਾਂ ਕੁੱਝ ਆਖਿਆਂ ਮੂਹਰੇ ਪਏ ਗਿਲਾਸ ਨੂੰ ਦੇਖਦੀ ਰਹੀ ਸੀ। ਮੇਰਾ ਜ਼ਿਹਨ ਮੈਨੂੰ ਠੋਕਰ ਮਾਰ ਕੇ ਭਰਿਆ-ਭਰਾਇਆ ਗਿਲਾਸ ਡੋਲ ਦੇਣ ਬਾਰੇ ਆਖ ਰਿਹਾ ਸੀ। ਪਰ ਮੇਰੀ ਲਲਚਾਈ ਨਫ਼ਸ ਉਸਦਾ ਵਿਰੋਧ ਕਰ ਰਹੀ ਸੀ। 
“ਬਸ ਆਹੀ ਆਖ਼ਰੀ ਪੈੱਗ। ਫਿਰ ਹੋਰ ਲਈ ਨ੍ਹੀਂ ਤੈਨੂੰ ਕਹਿੰਦਾ।” ਮੈਕਸ ਨੇ ਬੜੇ ਇਸਰਾਰ ਨਾਲ ਕਿਹਾ ਸੀ। 
ਮੈਂ ਅੱਖਾਂ ਮੀਚ ਕੇ ਪੂਰੇ ਦਾ ਪੂਰਾ ਗਿਲਾਸ ਖਿੱਚ ਗਈ ਸੀ। ਫਿਰ ਉਸ ਤੋਂ ਬਾਅਦ ਇੱਕ ਹੋਰ ਹੋਰ ਤੇ ਹੋਰ। ਮੈਕਸ ਇਸੇ ਤਰ੍ਹਾਂ ਮੈਨੂੰ ਇੱਕ ਤੋਂ ਬਾਅਦ ਇੱਕ ਗਿਲਾਸ ਜ਼ਬਰਦਸਤੀ ਪਿਲਾਈ ਗਿਆ ਸੀ। ਧੱਕੇ ਨਾਲ ਸ਼ਰਾਬ ਪਿਲਾ ਕੇ ਸ਼ਰਾਬੀ ਕਰਨ ਵਿੱਚ ਮੈਨੂੰ ਉਹਦੀ ਕੋਈ ਚਾਲ ਨਜ਼ਰ ਆਈ ਸੀ। ਮੈਨੂੰ ਉਹਦੀ ਮੈਲੀ ਅੱਖ ਸਾਫ਼ ਦਿੱਸ ਰਹੀ ਸੀ। ਪੰਜ ਸੱਤ ਪੈੱਗ ਪੀਣ ਬਾਅਦ ਖ਼ੌਰੇ ਮੇਰੇ ਵਿੱਚ ਹਿੰਮਤ ਅਤੇ ਹੌਂਸਲਾ ਕਿੱਥੋਂ ਆਇਆ  ਸੀ ਜਾਂ ਸ਼ਾਇਦ ਇਹ ਸ਼ਰਾਬ ਦਾ ਅਸਰ ਸੀ ਕਿ ਮੈਂ ਮੈਕਸ ਨੂੰ ਟੁੱਟ ਕੇ ਪੈ ਗਈ ਸੀ, “ਮੈਥੋਂ ਨ੍ਹੀਂ ਹੋਰ-ਹੁਰ ਪੀ ਹੁੰਦੀ। ਪਰ੍ਹੇ ਕਰ ਲੈ। ਨਹੀਂ ਤੇਰੇ ਮੂੰਹ ’ਤੇ ਮਾਰੂੰ ਚੱਕ ਕੇ ਗਿਲਾਸ।” ਨਸ਼ੇ ਦੇ ਅਸਰ ਕਾਰਨ ਮੈਂ ਥਥਲਾ ਕੇ ਬੋਲੀ ਸੀ। 
ਮੈਨੂੰ ਗੁੱਸੇ ਵਿੱਚ ਆਈ ਦੇਖ ਕੇ ਮੈਕਸ ਦਬ ਗਿਆ ਸੀ। ਸਾਰੇ ਲੋਕ ਸਾਡੇ ਵੱਲ ਝਾਕਣ ਲੱਗ ਗਏ ਸਨ। ਮੈਂ ਮੌਕਾ ਸਾਂਭ ਕੇ ਉਥੋਂ ਦੌੜ ਪਈ ਸੀ। ਰਸਤੇ ਵਿੱਚ ਆਉਂਦੀ-ਆਉਂਦੀ ਨੂੰ ਮੈਨੂੰ ਘੁੰਮੇਰ ਜਿਹੀ ਆਉਣ ਲੱਗ ਪਈ ਸੀ। ਅੱਖਾਂ ਅੱਗੇ ਵੀ ਭੰਬੂ ਤਾਰੇ ਨੱਚ ਰਹੇ ਸਨ। ਸਿਰ ਚੱਕਰਾ ਰਿਹਾ ਸੀ। ਮੈਂ ਸਮਝ ਗਈ ਸੀ ਕਿ ਅਲਕੋਹਲ  ਦਾ ਨਸ਼ਾ ਮੇਰੇ ਉਤੇ ਹਾਵੀ ਹੋ ਰਿਹਾ ਸੀ। ਡਗਮਗਾਉਂਦੀ ਹੋਈ ਕਿਵੇਂ ਨਾ ਕਿਵੇਂ ਮੈਂ ਕੈਂਪ ਤੱਕ ਉਪੜੀ ਸੀ ਅਤੇ ਸਿੱਧੀ ਆਪਣੇ ਤੰਬੂ ਵਿੱਚ ਚਲੀ ਗਈ ਸੀ।
ਨਸ਼ੇ ਦੀ ਧਾਰ ਨੂੰ ਖੁੰਢਾ ਕਰਨ ਲਈ ਮੈਂ ਫ਼ੈਰੀ ਵਿੱਚੋਂ ਖਰੀਦੇ ਹੋਏ ਸੰਗਤਰੇ ਦੇ ਰਸ ਦੀ ਬੋਤਲ ਵਿੱਚੋਂ ਦੋ ਤਿੰਨ ਗਿਲਾਸ ਪੀਤੇ ਤੇ ਸਲੀਪਿੰਗ ਬੈੱਗ ਵਿੱਚ ਵੜ ਕੇ ਸੌਂ ਗਈ ਸੀ।


No comments:

Post a Comment