ਕਾਂਡ 11 : ਭੁੱਲ ’ਗੀ ਯਾਰ ਪੁਰਾਣਾ



ਜਿਵੇਂ ਸਾਉਣ ਦੀ ਲੱਗੀ ਹੋਈ ਝੜੀ ਵਿੱਚ ਹੁੰਦਾ ਹੈ। ਕਦੇ ਬਿਨਾਂ ਹਟਿਆਂ ਛਰਾਟੇਦਾਰ ਮੀਂਹ ਰਫ਼ਤਾਰ ਘਟਾ ਕੇ ਬੂੰਦਾ-ਬਾਂਦੀ ’ਤੇ ਆ ਜਾਂਦਾ ਹੈ ਤੇ ਕਦੇ ਬੂੰਦਾ-ਬਾਂਦੀ ਤੋਂ ਭੂਰ ਤੱਕ ਅਤੇ ਕਦੇ ਫਿਰ ਜ਼ੋਰ ਫੜ ਕੇ ਮੋਹਲੇਧਾਰ ਵਰਨ ਲੱਗ ਜਾਂਦਾ ਹੈ। ਉਵੇਂ ਹੀ ਮੈਂ ਰੋਈ ਜਾ ਰਹੀ ਸੀ। ਰੋਕਣ ਦੇ ਯਤਨ ਕਰਿਆਂ ਵੀ ਮੈਥੋਂ ਆਪਣੇ ਵਹਿੰਦੇ ਹੋਏ ਹੰਝੂ ਰੋਕ ਨਹੀਂ ਸੀ ਹੁੰਦੇ। ਮੇਰੇ ਟੈਂਟ ਵਿੱਚ ਮੇਰੇ ਕੋਲ ਬੈਠੀਆਂ ਮੇਰੀਆਂ ਸਹੇਲੀਆਂ ਐਂਜਲਾ ਅਤੇ ਇਜ਼ਬਲ ਮੈਨੂੰ ਜਿੰਨਾ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਸਨ, ਉਨ੍ਹਾਂ ਮੈਂ ਹੋਰ ਉੱਚੀ-ਉੱਚੀ ਰੋਣ ਲੱਗ ਜਾਂਦੀ ਸੀ। ਉਹ ਮੇਰੀ ਸਮੱਸਿਆ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖ ਰਹੀਆਂ ਸਨ ਤੇ ਮੈਂ ਆਪਣੇ ਤੋਂ। ਉਨ੍ਹਾਂ ਨਾਲੋਂ ਮੇਰੇ ਵਿਚਾਰ ਮੁਖਤਲਿਫ਼ ਸਨ। ਉਹ ਤਾਂ ਕੱਪੜਿਆਂ ਵਾਂਗ ਯਾਰ ਬਦਲਦੀਆਂ ਸਨ। ਕਿਸੇ ਮੁੰਡੇ ਨਾਲ ਸੌਂ ਲੈਣਾ, ਉਨ੍ਹਾਂ ਵਾਸਤੇ ਮਾਮੂਲੀ ਅਤੇ ਸਧਾਰਨ ਜਿਹੀ ਗੱਲ ਸੀ। ਲੇਕਿਨ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਸੀ। ਜਿਸ ਕੰਮ ਲਈ ਮੈਂ ਇਕਬਾਲ ਨੂੰ ਵੀ ਵਰਜ ਦਿੱਤਾ ਸੀ, ਉਹੀ ਕੰਮ ਮੈਂ ਮੈਕਸ ਨਾਲ ਬਿਨਾਂ ਕਿਸੇ ਉਜ਼ਰ ਦੇ ਕਰ ਗਈ ਸੀ। ਮੈਨੂੰ ਖੁਦ ਯਕੀਨ ਨਹੀਂ ਸੀ ਆਉਂਦਾ ਕਿ ਇਹ ਸਭ ਕਿਵੇਂ ਹੋ ਗਿਆ ਸੀ। ਇਕਬਾਲ ਨਾਲ ਸਰੀਰਕ ਸੰਬੰਧ ਬਣੇ ਹੁੰਦੇ ਤਾਂ ਹੋਰ ਗੱਲ ਸੀ। ਉਹ ਮੇਰੇ ਬਚਪਨ ਦਾ ਸਾਥੀ ਸੀ। ਉਹ ਮੇਰੇ ਖ਼ੁਆਬਾਂ ਅਤੇ ਖ਼ਿਆਲਾਂ ਵਿੱਚ ਵਸਿਆ ਹੋਇਆ ਸੀ। ਮੈਂ ਉਸਨੂੰ ਪਸੰਦ ਕਰਦੀ ਸੀ। ਮੈਂ ਉਸਨੂੰ ਚਾਹੁੰਦੀ, ਪਿਆਰ ਕਰਦੀ ਸੀ। ਉਸ ਉੱਤੇ ਮਰਦੀ ਸੀ। ਪਰ ਮੈਕਸ ਨੂੰ ਤਾਂ ਮੈਂ ਚੱਜ ਨਾਲ ਜਾਣਦੀ ਤੱਕ ਨਹੀਂ ਸੀ। ਜ਼ਿੰਦਗੀ ਵਿੱਚ ਪਹਿਲਾਂ ਕਦੇ ਮਿਲੀ ਵੀ ਨਹੀਂ ਸੀ ਤੇ ਨਾ ਅਗਾਂਹ ਕਿਸੇ ਮੁਲਾਕਾਤ ਹੋਣ ਦਾ ਪੱਕਾ ਭਰੋਸਾ ਸੀ। ਇਉਂ ਇੱਕ ਅੱਧੇ ਘੰਟੇ ਦੀ ਮਿਲਣੀ ਬਾਅਦ ਪਰਾਏ ਮਰਦ ਨੂੰ ਆਪਣਾ ਸਭ ਕੁੱਝ ਗੋਰੀਆਂ-ਕਾਲੀਆਂ ਤਾਂ ਸੌਂਪ ਦਿੰਦੀਆਂ ਹਨ ਪਰ ਏਸ਼ੀਅਨ ਕੁੜੀਆਂ ਤੇ ਖਾਸ ਕਰ ਮੇਰੇ ਵਰਗੀਆਂ ਸ਼ਰੀਫ ਅਤੇ ਇੱਜ਼ਤਦਾਰ ਘਰਾਣਿਆਂ ਦੀਆਂ ਤਾਂ ਹਰਗਿਜ਼ ਇਹੋ ਜਿਹੇ ਘਟੀਆ ਵੰਨ ਨਾਈਟ ਸਟੈਂਡ ਵਾਲੇ ਕੰਮ ਨਹੀਂ ਕਰਦੀਆਂ। 


ਇਜ਼ਬਲ ਆਪਣੇ ਲੰਮੇ ਕੱਦ-ਕਾਠ ਕਾਰਨ ਆਪਣੀ ਉਮਰ ਤੋਂ ਵਡੇਰੀ ਲੱਗਦੀ ਹੋਣ ਕਰਕੇ ਹਰ ਸਪਤਾਹ ਅੰਤ ਉੱਤੇ ਟਾਊਨ ਸੈਂਟਰ ਵਿੱਚ ਬਣੇ ਨਾਈਟ ਕਲੱਬਾਂ ਵਿੱਚ ਜਾਂਦੀ ਹੁੰਦੀ ਸੀ। ਉੱਥੋਂ ਹੀ ਉਹਨੂੰ ਨੱਚਦੀ ਹੋਈ ਨੂੰ ਕੋਈ ਨਾ ਕੋਈ ਮੁੰਡਾ ਪਸੰਦ ਕਰ ਲੈਂਦਾ। ਇਜ਼ਬਲ ਉਹਦੇ ਨਾਲ ਜਾ ਕੇ ਗੱਪ-ਸ਼ੱਪ ਮਾਰਨ ਲੱਗ ਜਾਂਦੀ, ਉਸ ਨਾਲ ਨੱਚਣ ਲੱਗ ਜਾਂਦੀ। ਮੁੰਡੇ ਤੋਂ ਬੀਅਰ ਸ਼ਰਾਬ ਪੀਂਦੀ। ਉਸਦੇ ਪੱਲਿਉਂ ਖਾਂਦੀ-ਪੀਂਦੀ। (ਇਸੇ ਲਈ ਇਜ਼ਬਲ ਦੇ ਘਰੇ ਤੋਹਫਿਆਂ ਅਤੇ ਕੱਪੜਿਆਂ ਦੇ ਭੰਡਾਰ ਲੱਗੇ ਪਏ ਸਨ) ਇਸ ਦੇ ਬਦਲੇ ਵਿੱਚ ਸਾਰੀ ਰਾਤ ਅਗਲੇ ਦਾ ਬਿਸਤਰਾ ਗਰਮ ਕਰਦੀ। ਅਗਲੇ ਦਿਨ ਤੂੰ ਕੌਣ? ਮੈਂ ਕੌਣ? ਦੋਨੋਂ ਇੱਕ ਦੂਸਰੇ ਲਈ ਅਜਨਬੀ ਬਣ ਜਾਂਦੇ ਤੇ ਬੀਤੀ ਰਾਤ ਵਾਲੀ ਘਟਨਾ ਨੂੰ ਵੰਨ ਨਾਈਟ ਸਟੈਂਡ ਆਖ ਕੇ ਵਿਸਾਰ ਦਿੰਦੇ। ਅਗਲੇ ਹਫਤੇ ਫਿਰ ਕੋਈ ਨਵਾਂ ਮੁੰਡਾ ਇਜ਼ਬਲ ਦਾ ਨਿਸ਼ਾਨਾ ਹੁੰਦਾ। ਐਂਜਲਾ ਵੀ ਇਵੇਂ ਹੀ ਕਰਦੀ ਸੀ। ਤੇ ਹੋਰ ਵੀ ਕਈ ਪੰਛਮੀ ਸੋਚ ਵਾਲੀਆਂ ਕੁੜੀਆਂ, ਜੀਹਨਾਂ ਵਿੱਚ ਗੋਰੀਆਂ ਅਤੇ ਕਾਲੀਆਂ ਤੋਂ ਸਿਵਾਏ ਕੁੱਝ ਏਸ਼ੀਅਨ ਕੁੜੀਆਂ ਵੀ ਹੁੰਦੀਆਂ ਸਨ।

ਇਜ਼ਬਲ ਦੀ ਭੈਣ ਲਿੱਲੀ ਵੀ ਇਸੇ ਤਰ੍ਹਾਂ ਦੀ ਸੀ। ਉਸਦਾ ਸਕੂਲ ਵਿੱਚ ਪੜ੍ਹਦੀ ਦਾ ਹੀ ਢਿੱਡ ਨਿਕਲ ਆਇਆ ਸੀ। ਫਿਰ ਲਿੱਲੀ ਦਾ ਆਸ਼ਕ ਉਹਨੂੰ ਗਰਭਵਤੀ ਅਵਸਥਾ ਵਿੱਚ ਛੱਡ ਕਿਸੇ ਹੋਰ ਨਾਲ ਰਹਿਣ ਲੱਗ ਪਿਆ ਸੀ। ਮੇਰੇ ਸੁਣਨ ਵਿੱਚ ਤਾਂ ਇਹ ਵੀ ਆਇਆ ਸੀ ਕਿ ਇਜ਼ਬਲ ਵੀ ਇੱਕ ਵਾਰ ਗਰਭਪਾਤ (ਇਕਬਾਲ ਤੋਂ ਨਹੀਂ, ਕਿਸੇ ਹੋਰ ਤੋਂ ਗਰਭ ਠਹਿਰੀਆ ਸੀ। ਇਕਬਾਲ ਇਜ਼ਬਲ ਨੂੰ ਛੱਡ ਕੇ ਰਜਨੀ ਨਾਲ ਫਸ ਗਿਆ ਸੀ ਤੇ ਇਜ਼ਬਲ ਨੇ ਕਿਸੇ ਹੋਰ ਅੰਗਰੇਜ਼ ਮੁੰਡੇ ਨਾਲ ਦੋਸਤੀ ਕਰ ਲਈ ਸੀ।) ਕਰਵਾ ਚੁੱਕੀ ਸੀ। ਕਿੱਧਰੇ ਮੇਰੇ ਵੀ ਕੁੱਝ ਨਾ ਹੋ ਜਾਏ, ਮੈਂ ਇਸ ਅਹਿਸਾਸ ਨਾਲ ਡਰ ਕੇ ਕੰਬ ਗਈ ਸੀ। ਭਾਵੇਂ ਇੱਕ ਰਾਤ ਵਿੱਚ ਤਾਂ ਕੋਈ ਬਹੁਤੀ ਤਬਦੀਲੀ ਨਹੀਂ ਆਉਂਦੀ। ਪਰ ਫਿਰ ਵੀ ਮੇਰੇ ਅੰਦਰ ਇਸ ਕਦਰ ਡਰ ਬੈਠ ਗਿਆ ਸੀ ਕਿ ਢਿੱਡ ਤੇ ਹੱਥ ਫੇਰਿਆਂ ਮੈਨੂੰ ਆਪਣਾ ਪੇਟ ਅੱਗੇ ਨਾਲੋਂ ਕੁੱਝ ਵਧਿਆ ਹੋਇਆ ਜਾਪਦਾ ਸੀ। ਮੈਨੂੰ ਵਹਿਮ ਹੋ ਗਿਆ ਸੀ ਕਿ ਜ਼ਰੂਰ ਕੁੱਝ ਨਾ ਕੁੱਝ ਹੋ ਗਿਆ ਹੋਵੇਗਾ। ਤਦੇ ਹੀ ਮੈਨੂੰ ਰੋਣਾ ਆ ਰਿਹਾ ਸੀ। ਮੇਰੇ ਹੰਝੂ ਰੁੱਕ ਨਹੀਂ ਸੀ ਰਹੇ। ਮੈਨੂੰ ਹਟਕੋਰੇ ਲੈ ਲੈ ਰੋਂਦੀ ਨੂੰ ਐਂਜਲਾ ਨੇ ਘੁਰਕਿਆ ਸੀ, “ਮੈਂ ਵੀ ਉਸ ਫਰੈਂਚ ਮੁੰਡੇ ਨਾਲ ਆਹੀ ਕੁੱਝ ਕਰਦੀ ਆਂ। -ਦੱਸ ਤੇਰੀ ਕੀ ਮਹਿੰਦੀ ਲਹਿ ਗਈ? ਕਿਉਂ ਡਾਟ ਪਾਇਆ ਹੋਇਐ?” 
ਕੋਈ ਉੱਤਰ ਦੇਣ ਦੀ ਬਜਾਏ ਮੈਂ ਰੋਣਾ ਜਾਰੀ ਰੱਖਿਆ ਸੀ।
“ਜੇ ਮੈਕਸ ਨੇ ਤੇਰੇ ਨਾਲ ਜ਼ਬਰਦਸਤੀ ਕੀਤੀ ਐ, ਜ਼ਬਰ-ਜਨਾਹ ਕੀਤੈ ਤਾਂ ਦੱਸ?” ਇਜ਼ਬਲ ਨੇ ਮੈਥੋਂ ਪੁੱਛਿਆ ਸੀ। 
ਮੈਂ ਹੁਬਕੀ-ਹੁਬਕੀ ਰੋਂਦਿਆਂ ਦੱਸਿਆ ਸੀ, “ਨਹੀਂ ਹੋਇਆ ਤਾਂ ਸਭ ਕੁੱਝ ਮੇਰੀ ਮਰਜ਼ੀ ਨਾਲ ਈ ਐ। ਪਰ ਮੈਂ ਇਹ ਸਭ ਕੁੱਝ ਨਹੀਂ ਸੀ ਕਰਨਾ ਚਾਹੁੰਦੀ।” 
“ਹੁਣ ਤਾਂ ਜੋ ਹੋ ਗਿਐ, ਸੋ ਹੋ ਗਿਐ।” ਐਂਜਲਾ ਨੇ ਮੈਨੂੰ ਝਿੜਕ ਮਾਰਨ ਵਾਂਗ ਕਿਹਾ ਸੀ।
“ਪਰ ਮੈਂ ਮੈਕਸ ਨੂੰ ਪਿਆਰ ਨਹੀਂ ਕਰਦੀ। ਮੈਂ ਇਕਬਾਲ…।” ਇਸ ਤੋਂ ਅੱਗੇ ਮੈਥੋਂ ਗੱਲ ਨਹੀਂ ਸੀ ਹੋਈ। ਮੈਂ ਜ਼ਾਰੋਜ਼ਾਰ ਰੋਣ ਲੱਗ ਪਈ ਸੀ ਤੇ ਸਭਨਾਂ ਨੂੰ ਆਖਿਆ ਸੀ ਕਿ ਮੈਨੂੰ ਉਸ ਵਕਤ ਤਨਹਾ ਛੱਡ ਦੇਣ। ਤੇ ਉਨ੍ਹਾਂ ਨੇ ਇੰਝ ਹੀ ਕੀਤਾ ਸੀ। ਮੈਨੂੰ ਇਕੱਲੀ ਛੱਡ ਕੇ ਚਲੀਆਂ ਗਈਆਂ ਸਨ।
ਉਨ੍ਹਾਂ ਤੋਂ ਬਾਅਦ ਮੈਕਸ ਮੇਰੇ ਕੋਲ ਆਇਆ ਸੀ। ਉਹ ਵੀ ਇਹੀ ਕਹਿੰਦਾ ਰਿਹਾ ਸੀ ਕਿ ਮੈਂ ਸਭ ਨੂੰ ਭੁੱਲ ਜਾਵਾਂ ਤੇ ਉਹਦੇ ਨਾਲ ਰਹਾਂ। ਉਹਦੇ ਨਾਲੋਂ ਵਧੀਆ ਖਸਮ ਮੈਨੂੰ ਹੋਰ ਕੋਈ ਨਹੀਂ ਮਿਲਣਾ। ਇਹ ਗੱਲ ਤਾਂ ਪੱਕੀ ਸੀ ਕਿ ਮੈਂ ਵਾਪਸ ਘਰ ਵੀ ਨਹੀਂ ਸੀ ਜਾ ਸਕਦੀ। ਮੇਰੇ ਅਤੇ ਮੇਰੇ ਮਾਪਿਆਂ ਵਿਚਾਲੇ ਐਨਾ ਪਾੜ ਪੈ ਗਿਆ ਸੀ, ਜੋ ਨਾ ਪੂਰਿਆ ਜਾ ਸਕਦਾ ਸੀ ਤੇ ਨਾ ਹੀ ਉਸ ਖੱਡ ਉੱਤੇ ਕੋਈ ਪੁੱਲ ਬਣਾਇਆ ਜਾ ਸਕਦਾ ਸੀ। ਇਸ ਲਈ ਮੈਨੂੰ ਆਪਣੇ ਠਹਿਰਣ ਲਈ ਕੋਈ ਨਾ ਕੋਈ ਟਿਕਾਣਾ ਤਾਂ ਲੱਭਣਾ ਹੀ ਪੈਣਾ ਸੀ। ਉਸ ਵਕਤ ਮੈਕਸ ਤੋਂ ਸਿਵਾਏ ਕੁੱਝ ਹੋਰ ਨਜ਼ਰ ਨਹੀਂ ਸੀ ਆ ਰਿਹਾ। ਉਦਣ ਤੋਂ ਬਾਅਦ ਮੈਂ ਮੈਕਸ ਨਾਲ ਉਹਦੇ ਹੀ ਟੈਂਟ ਵਿੱਚ ਰਹਿਣ ਲੱਗ ਪਈ ਸੀ। 
ਵੈਸੇ ਵੀ ਮੈਂ ਇਹ ਅੱਛੀ ਤਰ੍ਹਾਂ ਜਾਣ ਗਈ ਸੀ ਕਿ ਇਕਬਾਲ ਮੈਨੂੰ ਹੁਣ ਕਦੇ ਵੀ ਨਹੀਂ ਮਿਲੇਗਾ। ਕਿਉਂਕਿ ਮੈਂ ਉਹ ਨਹੀਂ ਸੀ ਰਹੀ ਜਿਸਨੂੰ ਇਕਬਾਲ ਨੇ ਚਾਹਿਆ ਸੀ। 
ਇਕਬਾਲ ਤੇ ਮੈਂ ਇੱਕ ਵਾਰੀ ਜਮਾਤ ਵਿੱਚ ਇੱਕੋ ਡੈੱਸਕ ਉੱਤੇ ਬੈਠੇ ਗੱਲਾਂ ਮਾਰ ਰਹੇ ਸੀ। ਮੈਂ ਉਹਨੂੰ ਸਰਸਰੀ ਪੁੱਛਿਆ ਸੀ, “ਤੈਨੂੰ ਮੇਰੀ ਕਿਹੜੀ ਚੀਜ਼ ਸੋਹਣੀ ਲੱਗਦੀ ਹੈ?”
“ਹਰ ਚੀਜ਼। ਤੇਰੀ ਸਾਦਗੀ ਤੇਰਾ ਸੁਹੱਪਣ ਤੇ ਸਭ ਤੋਂ ਵੱਧ ਤੇਰਾ ਦੇਸੀ ਪਹਿਰਾਵਾ।” ਇਕਬਾਲ ਨੇ ਸ਼ਾਇਰਾਨਾ ਲਹਿਜ਼ੇ ਵਿੱਚ ਦੱਸਿਆ ਸੀ। 
ਇਕਬਾਲ ਦੇ ਮੁੱਖੋਂ ਇਹ ਸੁਣ ਕੇ ਮੈਨੂੰ ਆਪਣੇ ਦੇਸੀ ਵਸਤਰਾਂ ਉੱਤੇ ਬੜਾ ਮਾਣ ਹੋਇਆ ਸੀ। ਮੇਰਾ ਜੀਅ ਕਰਦਾ ਸੀ ਉਸੇ ਵਕਤ ਘਰੇ ਜਾਵਾਂ ਤੇ ਆਪਣੇ ਸਾਰੇ ਪੰਜਾਬੀ ਸੂਟ ਚੁੱਕ ਲਿਆਵਾਂ ਤੇ ਫਿਰ ਵਾਰੀ-ਵਾਰੀ ਸਾਰੇ ਇਕਬਾਲ ਨੂੰ ਪਹਿਨ ਕੇ ਦਿਖਾਵਾਂ। ਇਕਬਾਲ ਨੂੰ  ਦੇਸੀ ਔਰਤਾਂ ਦੇ ਪਹਿਨੇ ਹੋਏ ਅੰਗਰੇਜ਼ੀ ਲਿਬਾਸ ਪਸੰਦ ਨਹੀਂ ਸਨ। ਉਹ ਮੇਰੇ ਸੂਟ-ਸਲਵਾਰ ਕਾਰਨ ਹੀ ਮੇਰੇ ਉੱਤੇ ਮੋਹਿਤ ਹੋਇਆ ਸੀ। ਉਸੇ ਸੂਟ-ਸਲਵਾਰ ਨੂੰ ਮੈਂ ਤਿਲਾਂਜ਼ਲੀ ਦੇ ਚੁੱਕੀ ਸੀ।
ਧਾਰਮਿਕ ਗੰ੍ਰਥਾਂ ਅਨੁਸਾਰ ਸਾਡਾ ਮਨੁੱਖੀ ਸ਼ਰੀਰ ਪੰਜ ਤੱਤਾਂ ਦੇ ਸੁਮੇਲ ਤੋਂ ਬਣਦਾ ਹੈ। ‘ਪੰਚ ਤੁਤ ਮਿਲਿ ਕਾਇਆ ਕੀਨੀ।’ ਭਗਤ ਕਬੀਰ ਨੇ ਕਿਹਾ ਹੈ ਤੇ ਜਿਸਦੀ ਪ੍ਰੋੜਤਾ ਸਿੱਖਾਂ ਦੇ ਨੌਵੇਂ ਗੁਰੂ ਨੇ ਵੀ ਆਪਣੀ ਬਾਣੀ ਵਿੱਚ ਕਰਦਿਆਂ ਲਿਖਿਆ ਹੈ, ‘ਪਾਂਚ ਤੱਤ ਕੋ ਤਨ ਰਚਿਓ।’ ਇਹ ਪੰਜ ਤੱਤ ਜਲ, ਅਗਨੀ, ਪਵਨ, ਪ੍ਰਿਥਵੀ ਅਤੇ ਅਕਾਸ਼ ਹੁੰਦੇ ਹਨ। ਪਾਣੀ ਦੀ ਰਹਿਤ ਸਭ ਨੂੰ ਸ਼ੁੱਧ ਅਤੇ ਸ਼ਾਂਤ ਕਰਨਾ ਹੁੰਦੀ ਹੈ। ਅੱਗ ਦਾ ਪ੍ਰਭਾਵ ਰੁੱਖਾ, ਮਿੱਸਾ, ਤਰ, ਖੁਸ਼ਕ ਜਿਹੋ ਜਿਹਾ ਮਿਲੇ, ਉਹ ਖਾਹ ਕੇ ਪ੍ਰਸੰਨ ਰਹਿਣਾ ਅਤੇ ਪ੍ਰਕਾਸ਼ ਵੰਡਣਾ ਹੁੰਦਾ ਹੈ। ਹਵਾ ਦਾ ਕਾਰਜ਼ ਸਭ ਨੂੰ ਸਮਾਨ ਸਪਰਸ਼ ਕਰਨਾ ਅਤੇ ਜੀਵਨ ਦੇਣਾ ਹੁੰਦਾ ਹੈ। ਧਰਤੀ ਦਾ ਕੰਮ ਧੀਰਜ ਧਾਰਨਾ ਅਤੇ ਸਭ ਨੂੰ ਨਿਵਾਸ ਦੇਣਾ ਹੁੰਦਾ ਹੈ। ਆਸਮਾਨ ਦਾ ਕਰਮ ਅਸੰਗ ਰਹਿਣਾ ਅਤੇ ਸਭ ਨੂੰ ਢੱਕਣਾ ਹੁੰਦਾ ਹੈ।  ਸੰਸਕ੍ਰਿਤਿ ਦੇ ਵਿਦਵਾਨਾਂ ਨੇ ਸ਼ਰੀਰਕ ਪੰਜਾਂ ਤੱਤਾਂ ਦੇ ਜੋ ਪੰਜ-ਪੰਜ ਗੁਣ ਸਵਿਕਾਰੇ ਹਨ, ਉਹ ਇਸ ਪ੍ਰਕਾਰ ਹਨ:- 
ਅੰਬਰ- ਕਾਮ, ਕ੍ਰੋਧ, ਲੱਜਾ, ਮੋਹ, ਲੋਭ
ਪਾਣੀ- ਵੀਰਯ, ਲਹੂ, ਮਿੰਜ, ਮਲ, ਮੂਤਰ।
ਮਿੱਟੀ- ਹੱਡ, ਮਾਸ, ਨਖ(ਨਹੁੰ), ਤਵਚਾ(ਚਮੜੀ), ਰੋਮ।
ਅੱਗ- ਨੀਂਦ, ਭੁੱਖ-ਪਿਆਸ, ਪਸੀਨਾ, ਆਲਸ, ਅਗਨ(ਤੜਫਣਾ, ਭੜਕਣਾ)।
ਹਵਾ- ਧਾਰਣ (ਫੜਨਾ), ਚਾਲਨ (ਧਕੇਲਣਾ), ਫੱਕਣਾ, ਸਮੇਟਣਾ, ਫੈਲਾਉਣਾ।
ਸਾਡੇ ਮਰਨ ਬਾਅਦ ਇਹ ਤੱਤ ਫਿਰ ਨਿੱਖੜ ਜਾਂਦੇ ਹਨ। ਸ਼ਰੀਰ ਆਤਮਾ ਦਾ ਜਾਮਾ ਹੁੰਦਾ ਹੈ। ਆਤਮਾ ਇੱਕ ਸ਼ਰੀਰ ਦੇ ਖ਼ਤਮ ਹੋਣ ਤੋਂ ਬਾਅਦ ਦੂਜੇ, ਦੂਜੇ ਤੋਂ ਮਗਰੋਂ ਤੀਜੇ ਵਿੱਚ ਪ੍ਰਵੇਸ਼ ਕਰਦੀ ਰਹਿੰਦੀ ਹੈ। ਬਿਲਕੁਲ ਉਵੇਂ ਜਿਵੇਂ ਅਸੀਂ ਮੈਲਾ ਹੋਣ ਜਾਂ ਫੱਟਣ ’ਤੇ ਇੱਕ ਕੱਪੜਾ ਉਤਾਰ ਕੇ ਦੂਜਾ ਚੋਲਾ ਪਹਿਨ ਲੈਂਦੇ ਹਾਂ। ਸ਼ਰੀਰ ਨਾਸਵਾਨ ਹੈ ਮਰ ਜਾਂਦਾ ਹੈ। ਪਰ ਆਤਮਾ ਅਮਰ ਹੈ। ਕਦੇ ਨਹੀਂ ਮਰਦੀ। ਹਰ ਇਨਸਾਨ ਦੀ ਆਤਮਾ ਪਵਿੱਤਰ ਹੁੰਦੀ ਹੈ। ਪਰ ਮੇਰੀ ਤਾਂ ਆਤਮਾ ਵੀ ਪਲੀਤ ਹੋ ਚੁੱਕੀ ਸੀ। ਮੈਕਸ ਨਾਲ ਸੰਬੰਧ ਬੇਸ਼ੱਕ ਅਣਜਾਣਪੁਣੇ ਵਿੱਚ ਹੀ ਬਣੇ ਸਨ, ਪਰ ਇਸ ਵਿੱਚ ਮੇਰਾ ਪੂਰਾ ਦੋਸ਼ ਸੀ। ਮੈਂ ਹੁਣ ਇਕਬਾਲ ਦੇ ਕਾਬਲ ਵੀ ਨਹੀਂ ਸੀ ਰਹੀ। ਬਿਲਕੁਲ ਬਦਲ ਗਈ ਸੀ। 
ਹੁਣ ਮੈਂ ਅੰਗਰੇਜ਼ ਕੁੜੀਆਂ ਵਰਗੀ ਅਯਾਸ਼ ਹੋ ਗਈ ਸੀ। ਜਿਸ ਸਿੱਧੀ-ਸਾਦੀ ਜਿਹੀ ਕੁੜੀ ਨੂੰ ਇਕਬਾਲ ਨੇ ਚਾਹਿਆ ਸੀ। ਯਕੀਨਨ ਉਹ ਮੇਰੇ ਵਿੱਚੋਂ ਮਨਫੀ ਹੋ ਗਈ ਸੀ। ਮੇਰਾ ਪਹਿਰਾਵਾ, ਚਾਲ-ਢਾਲ, ਸੋਚਣੀ ਸਾਰਾ ਕੁੱਝ ਬਦਲ ਗਿਆ ਸੀ। ਸਭ ਤੋਂ ਵੱਡੀ ਗੱਲ ਕਿ ਮੈਂ ਹੁਣ ਪਾਕ-ਪਵਿੱਤਰ ਵੀ ਨਹੀਂ ਸੀ ਰਹੀ। ਮੈਕਸ ਨੇ ਮੈਨੂੰ ਜੂਠੀ ਕਰ ਦਿੱਤਾ ਸੀ। ਵਰਤੀ ਜਾ ਚੁੱਕੀ ਸੀ। ਮੈਂ ਨਾਪਾਕ ਹੋ ਗਈ ਸੀ। ਭਿੱਟੀ ਗਈ ਸੀ। ਜਪਾਨੀਆਂ ਦੇ ਕਹਿਣ ਵਾਂਗ ਹੁਣ ਮੈਂ ਮੂਸਮੇਇ ਜਾਣੀ ਕੁਆਰੀ ਅਤੇ ਪਾਕ ਕੰਨਿਆ ਨਹੀਂ ਸੀ ਰਹੀ। ਕੁਵਾਰਾਪਨ ਇੱਕ ਨਿਆਮਤ ਹੁੰਦੀ ਹੈ, ਜੋ ਮੇਰੇ ਖ਼ਿਆਲ ਅਨੁਸਾਰ ਹਰ ਵਿਅਕਤੀ ਨੂੰ ਆਪਣੇ ਵਿਆਹੇ ਸਾਥੀ ਨੂੰ ਹੀ ਅਰਪਣ ਕੀਤੀ ਜਾਣੀ ਚਾਹੀਦੀ ਹੈ। ਤੇ ਮੈਂ ਮੂਰਖ ਉਹ ਵੱਡਮੁੱਲੀ ਚੀਜ਼ ਭੰਗ ਦੇ ਭਾੜੇ ਗਵਾ ਚੁੱਕੀ ਸੀ। 
ਮੇਰੇ ਕੋਲ ਮੈਕਸ ਦੇ ਲੜ ਲੱਗਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਮਾਪਿਆਂ ਨੂੰ ਆਪ ਤਿਆਗ ਆਈ ਸੀ ਤੇ ਇਕਬਾਲ ਦੀ ਪ੍ਰਾਪਤੀ ਨਹੀਂ ਸੀ ਹੋਈ। ਮੇਰੀ ਨਾਲ ਤਾਂ ਉਹ ਹੋਈ ਸੀ, ‘ਨਾ ਖੁਦਾ ਮਿਲਾ ਨਾ ਵਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ।’ 
ਜਦੋਂ ਸਾਡੇ ਕੋਲ ਆਪਣੀ ਮਨਪਸੰਦ ਚੀਜ਼ ਨਾ ਹੋਵੇ ਤਾਂ ਸਾਨੂੰ ਉਸੇ ਚੀਜ਼ ਨੂੰ ਪਸੰਦ ਕਰਨ ਲੱਗ ਪੈਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਉਪਲੱਬਧ ਹੋਵੇ। 
ਉਦੋਂ ਮੈਂ ਨਿੱਕੀ ਜਿਹੀ ਹੁੰਦੀ ਸੀ ਮੈਨੂੰ ਚੇਤਾ ਹੈ ਕਿ ਇੱਕ ਵਾਰ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੋਸ ਵਜੋਂ ਪੂਰੇ ਇੰਗਲੈਂਡ ਦੇ ਟਰੱਕ ਡਰਾਇਵਰਾਂ ਨੇ ਹੜਤਾਲ ਕਰ ਦਿੱਤੀ ਸੀ। ਤੇਲ ਕੰਪਨੀਆਂ ਦੇ ਦਰਾਂ ਮੂਹਰੇ ਟਰੱਕ ਖੜ੍ਹੇ ਕਰਕੇ ਧਰਨੇ ਲਾ ਦਿੱਤੇ ਸਨ। ਰਾਹ ਬੰਦ ਹੋਣ ਕਾਰਨ ਤੇਲ ਕੰਪਨੀਆਂ ਪੈਟਰੋਲ ਸਟੇਸ਼ਨਾਂ ਨੂੰ ਪੈਟਰੋਲ ਨਹੀਂ ਪਹੁੰਚਾ ਸਕੀਆਂ ਸਨ। ਸਾਰੇ ਦੇਸ਼ ਦੇ ਪੈਟਰੋਲ ਸਟੇਸ਼ਨਾਂ ਤੋਂ ਤੇਲ ਮੁੱਕ ਗਿਆ ਸੀ। ਅਨਲੈੱਡਡ ਤਾਂ ਬਿਲਕੁਲ ਹੀ ਨਹੀਂ ਸੀ ਮਿਲਦਾ। ਹੋਰ ਕਈ ਲੋਕਾਂ ਵਾਂਗ ਮੇਰੇ ਅੱਬਾ ਨੇ ਵੀ ਅਨਲੈੱਡਡ ਦੀ ਥਾਂ ਜੇ ਲੈੱਡਡ ਮਿਲ ਜਾਂਦਾ ਸੀ ਤਾਂ ਉਹੀ ਪਾ ਕੇ ਕੰਮ ਚਲਾਇਆ ਸੀ। ਜਿਨ੍ਹਾਂ ਬੰਦਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਾਰਾਂ ਵਿੱਚ ਅਨਲੈੱਡਡ ਹੀ ਪੈਂਦਾ ਹੈ ਤੇ ਉਸਦੀ ਥਾਂ ਉਹ ਫੋਰ ਸਟਾਰ ਜਾਂ ਲੈੱਡਡ ਆਦਿ ਕੋਈ ਹੋਰ ਨਹੀਂ ਪਾਉਣਗੇ। ਉਨ੍ਹਾਂ ਦੇ ਕਾਰਜ਼ ਤਾਂ ਬਹੁਤ ਪਹਿਲਾਂ ਹੀ ਖੜ੍ਹ ਗਏ ਸਨ। 
ਮੈਂ ਆਪਣੇ ਜੀਵਨ ਵਿੱਚ ਖੜੋਤ ਨਹੀਂ ਸੀ ਲਿਆਉਣਾ ਚਾਹੁੰਦੀ। ਇਸ ਲਈ ਮੈਂ ਮੈਕਸ ਨਾਲ ਹੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ ਸੀ। ਇਸ ਰਾਹ ਵੱਲ ਕਦਮ ਵਧਾਉਣ ਤੋਂ ਸਿਵਾਏ ਮੇਰੇ ਕੋਲ ਹੋਰ ਕੋਈ ਰਸਤਾ ਵੀ ਤਾਂ ਨਹੀਂ ਸੀ। ਅੰਗਰੇਜ਼ੀ ਦੀ ਇੱਕ ਅਖਾਣ ਹੈ, ‘ਪਾਸਟ ਇੱਜ਼ ਗੌਨ, ਫਿਊਚਰ ਇੱਜ਼ ਅੱਨਨੋਨ, ਪ੍ਰੈਜ਼ੰਟ ਇੱਜ਼ ਗਿਫ਼ਟ।’ ਅਰਥਾਤ ਭੂਤ ਕਾਲ ਗੁਜ਼ਰ ਗਿਐ, ਭਵਿੱਖ ਬੁਝਾਰਤ ਹੈ ਤੇ ਵਰਤਮਾਨ ਵਡਮੁੱਲਾ ਤੋਹਫਾ ਹੈ। ਇਸਦੀ ਸੰਭਾਲ ਕਰਨੀ ਚਾਹੀਦੀ ਹੈ। ਮੈਂ ਵੀ ਉਸ ਵੇਲੇ ਆਪਣੇ ਮੁਸਤਕਬਿਲ ਨੂੰ ਸਾਂਭ ਲੈਣਾ ਚਾਹੁੰਦੀ ਸੀ।  
ਮੈਨੂੰ ਫਰਾਂਸ ਬਿਲਕੁਲ ਵੀ ਭਾਇਆ ਨਹੀਂ ਸੀ। ਘੁੰਮਦਿਆਂ ਫਿਰਦਿਆਂ ਇਕਬਾਲ ਬਾਰੇ ਸੋਚ ਕੇ ਮੈਨੂੰ ਰੋਣਾ ਆ ਜਾਇਆ ਕਰਦਾ ਸੀ। ਕਿੰਨਾ ਪਿਆਰ ਕਰਦਾ ਸੀ ਉਹ ਮੈਨੂੰ। ਸਾਰਾ ਦਿਨ ਮੈਂ ਉਸਦੀ ਤਕਦੀਰ ਮੁਤੱਲਕ ਸੋਚਦੀ ਰਿਹਾ ਕਰਨਾ। ਲੇਕਿਨ ਰਾਤ ਨੂੰ ਮੈਕਸ ਕੋਲ ਆਉਂਦਿਆਂ ਹੀ ਮੈਨੂੰ ਸਭ ਕੁੱਝ ਭੁੱਲ ਜਾਂਦਾ ਹੁੰਦਾ ਸੀ। ਇੱਥੋਂ ਤੱਕ ਕਿ ਇਕਬਾਲ ਵੀ। 
ਹਿੰਦੂ ਮਿਥਿਹਾਸ ਵਿੱਚ ਇੱਕ ਕਥਾ ਆਉਂਦੀ ਹੈ ਕਿ ਕੇਰਾਂ ਸਰਸਵਤੀ ਦੇਵੀ ਉੱਤੇ ਮਾਰਕੰਡਾ ਰਿਸ਼ੀ ਮੋਹਿਤ ਹੋ ਗਿਆ। ਸਰਸਵਤੀ ਉਸਨੂੰ ਆਪਣੇ ਨੇੜੇ ਨਾ ਲੱਗਣ ਦਿਆ ਕਰੇ। ਸਰਸਵਤੀ ਜਿੱਥੇ ਜਾਇਆ ਕਰੇ, ਮਾਰਕੰਡਾ ਉਹਦੇ ਮਗਰ-ਮਗਰ ਰਿਹਾ ਕਰੇ। ਸਰਸਵਤੀ ਮਾਰਕੰਡੇ ਤੋਂ ਤੰਗ ਆ ਕੇ ਖਹਿੜਾ ਛੁਡਾਉਣਾ ਚਾਹੁੰਦੀ ਸੀ। ਇੱਕ ਦਿਨ ਸਰਸਵਤੀ ਨਹਾ ਰਹੀ ਸੀ। ਉਸਨੂੰ ਮਾਰਕੰਡਾ ਪਾਸੇ ਖੜ੍ਹ ਕੇ ਦੇਖਦਾ ਰਿਹਾ। ਜਦੋਂ ਸਰਸਵਤੀ ਨੇ ਦੇਖਿਆ ਕਿ ਮਾਰਕੰਡਾ ਸਾਹਮਣੇ ਖੜ੍ਹਾ ਹੈ ਤੇ ਜੇ ਉਹ ਪਾਣੀਉਂ ਬਾਹਰ ਨਿਕਲੀ ਤਾਂ ਉਹ ਉਸਨੂੰ ਨਿਰਵਸਤਰ ਦੇਖ ਕੇ ਇੱਲਤ-ਫਿੱਲਤ ਕਰੇਗਾ ਤਾਂ ਮਾਰਕੰਡੇ ਦੇ ਡਰੋਂ ਸਰਸਵਤੀ ਉੱਥੇ ਪਾਣੀ ਵਿੱਚ ਖੜ੍ਹੀ-ਖੜੋਤੀ ਹੀ ਨਦੀ ਬਣ ਗਈ। ਜਪ-ਤਪ ਕਰਕੇ ਮਾਰਕੰਡਾ ਵੀ ਦਰਿਆ ਬਣ ਗਿਆ ਤੇ ਸਰਸਵਤੀ ਨਦੀ ਦੇ ਕੋਲ-ਕੋਲ ਦੀ ਵਹਿਣ ਲੱਗ ਗਿਆ। ਸਰਸਵਤੀ ਉਸਨੂੰ ਝਕਾਨੀਆਂ ਦੇਣ ਲਈ ਕਦੇ ਦੋ ਮੀਲ ਧਰਤੀ ਦੇ ਉੱਤੋਂ ਦੀ ਵਗਦੀ ਤੇ ਕਦੇ ਇੱਕ ਮੀਲ ਧਰਤੀ ਦੇ ਹੇਠਾਂ ਦੀ। ਇੰਝ ਲੁੱਕਣ-ਮਿਚਾਈਆਂ ਖੇਡਦੀ ਹੋਈ ਸਰਸਵਤੀ ਇੱਕ ਜਗ੍ਹਾ ਜਾ ਕੇ ਬਿਲਕੁਲ ਗਾਇਬ ਹੋ ਗਈ। ਮਾਰਕੰਡਾ ਦਰਿਆ ਉਸਦੀ ਭਾਲ ਵਿੱਚ ਭਟਕਦਾ ਹੋਇਆ ਖ਼ਬਰ ਨਹੀਂ ਕਿੱਥੋਂ-ਕਿੱਥੋਂ ਵਹਿੰਦਾ ਹੈ। ਹਕੀਕਤ ਵਿੱਚ ਅੱਜ ਵੀ ਦੇਖੀਏ ਤਾਂ ਸ਼ਿਵਾਲਕ ਦੀਆਂ ਪਹਾੜੀਆਂ (ਸਿਰਮੌਰ) ਤੋਂ ਨਿਕਲ ਕੇ ਅੰਬਾਲੇ, ਪਟਿਆਲੇ, ਰਾਜਸਥਾਨ ਆਦਿ ਕਈ ਥਾਵਾਂ ਤੋਂ ਹੁੰਦੀ ਹੋਈ ਰੇਤੇ ਵਿੱਚ ਗੁਆਚਦੀ ਅਤੇ ਪ੍ਰਗਟ ਹੁੰਦੀ, ਰਣਕੱਛ ਨੇੜੇ ਸਮੁੰਦਰ ਵਿੱਚ ਜਾ ਮਿਲਣ ਵਾਲੀ ਸਰਸਵਤੀ ਨਦੀ ਇਲਾਹਾਬਾਦ ਜਿੱਥੇ ਤ੍ਰਿਵੈਣੀ ਬਣਦੀ ਹੈ, ਉੱਥੇ ਆ ਕੇ ਬਹੁਤ ਲੰਮੀ ਵਾਟ ਤੱਕ ਬਿਲਕੁਲ ਅਲੋਪ ਹੋ ਜਾਂਦੀ ਹੈ। ਮਾਰਕੰਡਾ ਦਰਿਆ ਨਾਹਨ ਰਾਜ ਦੇ ਬੜਾਬਠ  ਅਸਥਾਨ ਤੋਂ (ਜੋ ਕਟਾਸਨ ਦੁਰਗਾਮੰਦਿਰ ਦੇ ਹੇਠ ਹੈ) ਨਿਕਲਦਾ ਹੈ ਤੇ ਇਹ ਅੰਬਕਾਲੇ (ਅੰਬਾਲੇ) ਪਾਸ ਦੇ ਜਿਲ੍ਹੇ ਅੰਦਰ ਪ੍ਰਵੇਸ਼ ਕਰਦਾ ਹੈ। ਸਮੇਂ ਦੇ ਫੇਰ ਨਾਲ ਅਤੇ ਕੁੱਝ ਭੂਗੋਲਿਕ ਕਾਰਨਾਂ ਕਰਕੇ ਹੁਣ ਵੀ ਮਾਰਕੰਡਾ ਦਰਿਆ ਸਰਸਵਤੀ ਨਦੀ ਤੋਂ ਕੋਹਾਂ ਦੂਰ ਹੈ। ਮਾਰਕੰਡਾ ਦਰਿਆ ਅੱਧਿਉਂ ਵੱਧ ਤਾਂ ਸੁੱਕਿਆ ਹੋਇਆ ਹੀ ਹੈ। ਉਸਨੂੰ ਇਸ ਖਸਤਾ ਹਾਲਤ ਵਿੱਚ ਦੇਖ ਕੇ ਅੱਜ ਵੀ ਲੱਗਦਾ ਹੈ, ਜਿਵੇਂ ਉਹ ਸਰਸਵਤੀ ਦੀ ਭਾਲ ਵਿੱਚ ਭਟਕਦਾ ਫਿਰ ਰਿਹਾ ਹੋਵੇ। ਉਸਦੇ ਹਿਜ਼ਰ ਵਿੱਚ ਮਰਦਾ ਜਾ ਰਿਹਾ ਹੋਵੇ। ਇਕਬਾਲ ਉੱਤੇ ਮੈਨੂੰ ਬੜਾ ਤਰਸ ਆਉਂਦਾ। ਉਹ ਮੈਨੂੰ ਮਾਰਕੰਡੇ ਰਿਸ਼ੀ ਵਾਂਗ ਲੱਗਦਾ ਸੀ। 
ਜਿਹੜੇ ਪ੍ਰੇਮੀਆਂ ਦਾ ਮਿਲਾਪ ਨਾ ਹੋ ਸਕੇ ਉਨ੍ਹਾਂ ਦੀ ਰੂਹ ਭਟਕਦੀ ਰਹਿੰਦੀ ਹੈ। ਉਹ ਜੰਮਦੇ-ਮਰਦੇ ਰਹਿੰਦੇ ਹਨ।  ਜਦੋਂ ਤੱਕ ਉਹ ਵਸਲ ਹੰਢਾ ਕੇ ਇਕੱਠੇ ਨਹੀਂ ਮਰਦੇ, ਤੱਦ ਤੱਕ ਮੁੜ-ਮੁੜ  ਜੂਨ-ਦਰ-ਜੂਨ  ਜਨਮ  ਉਹ  ਲੈਂਦੇ  ਰਹਿੰਦੇ ਹਨ।  ਮੈਨੂੰ ਇਉਂ ਲੱਗਦਾ ਜਿਵੇਂ ਮੈਂ ਵੀ ਸਰਸਵਤੀ ਦਾ ਰੂਪ ਹੀ ਹੋਵਾਂ।
ਇੱਕ ਬੜੀ ਮਸ਼ਹੂਰ ਕਹਾਵਤ ਹੈ, ‘ਅੱਖੋਂ ਦੂਰ, ਦਿਲੋਂ ਦੂਰ।’ ਭਾਵ ਜਦੋਂ ਕੋਈ ਸਾਡੇ ਤੋਂ ਦੂਰ ਚਲਿਆ ਜਾਂਦਾ ਹੈ ਤਾਂ ਹੌਲੀ-ਹੌਲੀ ਅਸੀਂ ਉਸਨੂੰ ਭੁੱਲ ਜਾਂਦੇ ਹਾਂ। ਇਕਬਾਲ ਵੀ ਮੇਰੇ ਚਿੱਤ ਵਿੱਚੋਂ ਨਿਕਲਦਾ ਜਾ ਰਿਹਾ ਸੀ। ਮੈਂ ਤਨੋਂ-ਮਨੋਂ ਮੈਕਸ ਨਾਲ ਗੰਢੀ ਜਾ ਰਹੀ ਸੀ। ਜਿਵੇਂ ਚੱਲਦੀ ਹੋਈ ਰੇਲ ਗੱਡੀ ਇੱਕ ਸਟੇਸ਼ਨ ਤੋਂ ਦੂਰ ਤੇ ਦੂਜੇ ਦੇ ਨੇੜੇ ਹੁੰਦੀ ਜਾਂਦੀ ਹੈ। ਉਵੇਂ ਹੀ ਮੇਰੀ ਹਾਲਤ ਸੀ। ਮੈਂ ਇਕਬਾਲ ਤੋਂ ਦੂਰ ਤੇ ਮੈਕਸ ਦੇ ਕਰੀਬ ਆਉਂਦੀ ਜਾਂਦੀ ਸੀ। ਫਰਾਂਸ ਵਿੱਚ ਮੈਂ ਤੇ ਮੈਕਸ ਦਿਨੇ ਤਾਂ ਸਾਰਾ ਦਿਨ ਘੁੰਮਦੇ-ਘੰਮਾਉਂਦੇ ਰਿਹਾ ਕਰਦੇ ਸੀ ਤੇ ਰਾਤ ਨੂੰ ਸਾਰੀ-ਸਾਰੀ ਰਾਤ ਜਾਗਦੇ ਰਹਿ ਕੇ ਅਸੀਂ ਕਈ-ਕਈ ਵਾਰ ਸੱਜਰੇ ਵਿਆਹੇ ਜੋੜੀਆਂ ਵਾਂਗੂੰ ਸੈਕਸ ਕਰਦੇ ਰਿਹਾ ਕਰਨਾ। ਸ਼ਰੀਰਕ ਸੰਗਮ ਦੌਰਾਨ ਪਹਿਲੇ ਦੋ ਕੁ ਦਿਨ ਹੀ ਪੀੜ ਹੋਈ ਸੀ। ਤੁਰਦੀ ਹੋਈ ਤੋਂ ਡੋਲ ਪੈ ਕੇ ਹਿੱਲਣ ਨਾਲ ਗੁਪਤ ਅੰਗ ਤੇ ਕਦੇ-ਕਦੇ ਦਰਦ ਵੀ ਹੋਇਆ ਕਰਦਾ ਸੀ। ਪਰ ਫਿਰ ਬਾਅਦ ਵਿੱਚ ਸਭ ਠੀਕ ਹੋ ਗਿਆ ਸੀ ਤੇ ਮੈਨੂੰ ਆਨੰਦ ਆਉਣ ਲੱਗ ਗਿਆ ਸੀ। ਮੈਂ ਮੈਕਸ ਨੂੰ ਕਹਿ-ਕਹਿ ਕੇ ਸੰਭੋਗ ਕਰਵਾਉਂਦੀ ਹੁੰਦੀ ਸੀ। ਪੂਰੇ ਦੋ ਹਫਤੇ ਅਸੀਂ ਫਰਾਂਸ ਵਿੱਚ ਬਿਤਾਏ ਅਤੇ ਇਹਨਾਂ ਦੋ ਹਫਤਿਆਂ ਵਿੱਚ ਅਸੀਂ ਮੈਥੁਨ ’ਤੇ ਚੰਗਾ ਦੱਬ ਦਿੱਤਾ।  ਸ਼ਰੀਰਕ ਸਾਂਝ ਪੈਣ ਨਾਲ ਮੈਕਸ ਮੈਨੂੰ ਚੰਗਾ ਅਤੇ ਭੱਦਰ ਲੱਗਣ ਲੱਗ ਪਿਆ ਸੀ।
ਇੱਕ ਵਾਰ ਮੇਰੇ ਭਰਾ ਸਲੀਮ ਦੇ ਜਨਮ ਦਿਨ ਉੱਤੇ ਅਸੀਂ ਫੋਟੋਆਂ ਖਿੱਚੀਆਂ ਸਨ। ਜਦੋਂ ਫੋਟੋਆਂ ਵਾਲੀ ਰੀਲ ਧੁਆਈ ਤੇ ਫੋਟੋਆਂ ਆਈਆਂ ਤਾਂ ਉਨ੍ਹਾਂ ਵਿੱਚੋਂ ਇੱਕ ਵੀ ਚੱਜ ਦੀ ਫੋਟੋ ਨਹੀਂ ਸੀ ਆਈ। ਫੋਟੋਆਂ ਵਿੱਚ ਜਾਂ ਤਾਂ ਦੋ ਦੋ ਇਮੇਜਿਸ ਛਪੀਆਂ ਹੋਈਆਂ ਸਨ ਜਾਂ ਕਿਸੇ ਫੋਟੋ ’ਤੇ ਸਾਡੇ ਸਿਰ ਕਿਤੇ ਤੇ ਅੱਖਾਂ ਕਿਤੇ ਫਿਰਦੀਆਂ ਸਨ। ਅਸੀਂ ਲੈਬ ਵਾਲੇ ਤੋਂ ਫੋਟੋਆਂ ਦੇ ਖਰਾਬ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਫੋਟੋ ਖਿੱਚਣ ਤੋਂ ਪਹਿਲਾਂ ਅਸੀਂ ਕੈਮਰੇ ਨੂੰ ਸਹੀ ਤਰੀਕੇ ਨਾਲ ਫੋਕਸ ਨਹੀਂ ਸੀ ਕੀਤਾ। ਫੋਕਸ ਦਾ ਨੁਕਸ ਰਹਿ ਜਾਣ ਕਾਰਨ ਇਹ ਤਸਵੀਰਾਂ ਸਪਸ਼ਟ ਅਤੇ ਵਧੀਆ ਨਹੀਂ ਸਨ ਆਈਆਂ। ਫਿਰ ਅਸੀਂ ਕਿਸੇ ਫੋਟੋਗ੍ਰਾਫਰ ਕੋਲ ਕੈਮਰਾ ਲੈ ਕੇ ਗਏ ਤੇ ਉਸ ਤੋਂ ਲੈਨਜ਼ ਨੂੰ ਘੁਮਾ ਕੇ ਫੋਕਸ ਕਰਨ ਦੀ ਵਿਧੀ ਬਕਾਇਦਾ ਸਿੱਖੀ ਸੀ। ਉਸ ਤੋਂ ਪਹਿਲਾਂ ਗਲਤੀ ਅਸੀਂ ਇਹ ਕਰ ਰਹੇ ਸੀ ਕਿ ਕੈਮਰਾ ਵਸਤੂ ਦੇ ਬਹੁਤ ਕਰੀਬ ਲਿਜਾ ਕੇ ਫੋਟੋਆਂ ਖਿੱਚਦੇ ਹੁੰਦੇ ਸੀ। ਜਦ ਕਿ ਫੋਕਸ ਕਰਨ ਲਈ ਕੈਮਰਾ ਵਿਸ਼ਾ-ਵਸਤੂ ਤੋਂ ਇੱਕ ਖਾਸ ਅਤੇ ਨਿਰਧਾਰਤ ਦੂਰੀ ’ਤੇ ਹੋਣਾ ਚਾਹੀਦਾ ਹੈ। ਫਿਰ ਹੀ ਫੋਟੋ ਵਧੀਆ ਆਉਂਦੀ ਹੈ। ਉਸ ਤੋਂ ਬਾਅਦ ਸਾਡੀਆਂ ਫੋਟੋਆਂ ਕਦੇ ਵੀ ਖਰਾਬ ਨਹੀਂ ਸਨ ਹੋਈਆਂ। ਔਰਤ ਅਤੇ ਮਰਦ ਦੇ ਸੰਬੰਧਾਂ ਉੱਤੇ ਵੀ ਇਹੀ ਕੈਮਰੇ ਦੇ ਫੋਕਸ ਵਾਲਾ ਸਿਧਾਂਤ ਲਾਗੂ ਹੁੰਦਾ ਹੈ। ਜਿੰਨਾ ਚਿਰ ਤੱਕ ਔਰਤ ਮਰਦ ਵਿੱਚਕਾਰ ਲੋੜੀਂਦਾ ਫਾਸਲਾ ਹੈ। ਉਨਾ ਚਿਰ ਉਹ ਇੱਕ ਦੂਸਰੇ ਦਾ ਸਹੀ ਅਤੇ ਸਪਸ਼ਟ ਰੂਪ ਦੇਖ ਸਕਦੇ ਹਨ, ਗੁਣਾਂ-ਔਗੁਣਾਂ ਨੂੰ ਪਰਖ ਅਤੇ ਪੜਚੋਲ ਸਕਦੇ ਹਨ। ਪਰ ਜਦੋਂ ਦੂਰੀ ਮਿੱਟ ਜਾਵੇ। ਉਨ੍ਹਾਂ ਦੇ ਜਿਸਮ ਇੱਕ ਦੂਜੇ ਦੇ ਨਾਲ ਲੱਗ ਜਾਣ ਤਾਂ ਫਿਰ ਉਨ੍ਹਾਂ ਨੂੰ ਸਹੀ ਦਿਸਣੋਂ ਹੱਟ ਜਾਂਦਾ ਹੈ। ਉਨ੍ਹਾਂ ਨੂੰ ਇੱਕ ਦੂਜੇ ਦੀਆਂ ਬੁਰਾਈਆਂ ਨਜ਼ਰ ਨਹੀਂ ਆਉਂਦੀਆਂ। ਉਨ੍ਹਾਂ ਦੀਆਂ ਅੱਖਾਂ ਅੱਗੇ ਸਾਥੀ ਦੀ ਸਹੀ ਤਸਵੀਰ ਨਹੀਂ ਉੱਘੜਦੀ। ਮੇਰੇ ਅਤੇ ਮੈਕਸ ਦੇ ਸਰੀਰਕ ਸੰਬੰਧਾਂ ਨੇ ਵੀ ਆਪਣਾ ਰੰਗ ਦਿਖਾਇਆ ਸੀ। ਮੈਕਸ ਦੇ ਐਬਾਂ ਵੱਲੋਂ ਮੈਂ ਅੱਖਾਂ ਮੀਚ ਲਈਆਂ ਸਨ। ਮੈਨੂੰ ਉਸ ਦੀਆਂ ਬੁਰਾਈਆਂ ਵੀ ਅਛਾਈਆਂ ਹੀ ਪ੍ਰਤੀਤ ਹੁੰਦੀਆਂ ਸਨ। ਮੈਕਸ ਦੇ ਸ਼ਰੀਰ ਨਾਲ ਖਹਿੰਦਿਆਂ ਹੀ ਇਕਬਾਲ ਦੇ ਖ਼ਿਆਲ ਮੇਰੇ ਦਿਮਾਗ ਵਿੱਚੋਂ ਇਉਂ ਨਿਕਲ ਜਾਂਦੇ ਸਨ ਜਿਵੇਂ ਹਨੇਰੀ ਵਿੱਚ ਪੰਛੀਆਂ ਦੇ ਆਲਣੇ ਵਿੱਚੋਂ ਆਂਡਾ ਡਿੱਗ ਪੈਂਦਾ ਹੈ। ਤੇ ਉਸ ਟੁੱਟੇ ਹੋਏ ਆਂਡੇ ਵਿੱਚੋਂ ਬੱਚੇ ਨਿਕਲਣ ਦੀ ਸੰਭਾਵਨਾ ਸਦਾ ਲਈ ਖ਼ਤਮ ਹੋ ਜਾਂਦੀ ਹੈ। ਇੰਝ ਨਵੇਂ ਦੇ ਸੰਗ ਰਲ ਕੇ ਮੈਂ ਪੁਰਾਣੇ ਯਾਰ ਨੂੰ ਭੁੱਲਦੀ ਜਾ ਰਹੀ ਸੀ।
ਮੇਰੇ ਸਕੂਲ ਦੇ ਸਾਥੀ-ਸਾਥਣਾਂ ਮੈਨੂੰ ਲੱਭ ਰਹੇ ਹੁੰਦੇ ਤੇ ਮੈਂ ਮੈਕਸ ਦੇ ਟੈਂਟ ਵਿੱਚ ਲੁਕੀ ਹੁੰਦੀ ਸੀ। ਮੈਂ ਹਰ ਵੇਲੇ ਮੈਕਸ ਨਾਲ ਹੀ ਚਿੰਬੜੀ ਰਹਿੰਦੀ ਹੁੰਦੀ ਸੀ। ਮੈਂ ਮੈਕਸ ਨੂੰ ਜਾਨਣਾ ਅਤੇ ਮਾਨਣਾ ਔਰ ਉਸਨੂੰ ਆਪਣੇ ਤੋਂ ਵਾਕਫ ਕਰਵਾਉਣਾ ਚਾਹੁੰਦੀ ਸੀ। 
ਆਮ ਤੌਰ ’ਤੇ ਮੈਕਸ ਦਿਨ ਵੇਲੇ ਬਹੁਤੇ ਚਿਰ ਲਈ ਮੈਨੂੰ ਕੋਈ ਨਾ ਕੋਈ ਬਹਾਨਾ ਲਗਾ ਕੇ ਗਾਇਬ ਹੋ ਜਾਂਦਾ ਹੁੰਦਾ ਸੀ। ਉਹ ਕਿੱਥੇ ਜਾਂਦਾ ਹੁੰਦਾ ਸੀ? ਕੀ ਗੋਰਖ ਧੰਦਾ ਕਰਦਾ ਸੀ? ਮੈਨੂੰ ਕੁੱਝ ਨਹੀਂ ਸੀ ਪਤਾ। ਮੈਂ ਉਹਦੇ ਤੰਬੂ ਵਿੱਚ ਜਾ ਕੇ ਉਸਨੂੰ ਉਡੀਕਦੀ ਰਹਿੰਦੀ ਹੁੰਦੀ ਸੀ। ਕਦੇ-ਕਦੇ ਤਾਂ ਉਹ ਛੇਤੀ ਹੀ ਪਰਤ ਆਉਂਦਾ ਹੁੰਦਾ ਸੀ। ਪਰ ਕਈ-ਕਈ ਵਾਰ ਬੜੀ ਦੇਰ ਕਰ ਦਿੰਦਾ ਹੁੰਦਾ ਸੀ। ਮੈਂ ਉਹਦੇ ਇੰਤਜ਼ਾਰ ਵਿੱਚ ਤੜਫਦੀ ਰਹਿੰਦੀ ਹੁੰਦੀ ਸੀ। ਮੈਨੂੰ ਇਕਬਾਲ ਦਾ ਖ਼ਿਆਲ ਆ ਜਾਂਦਾ ਤੇ ਮੈਂ ਰੋਣ ਲੱਗ ਜਾਂਦੀ ਸੀ। ਜਾਂ ਆਪਣੇ ਸਾਥੀਆਂ ਨਾਲ ਕਿੱਧਰੇ ਘੁੰਮਣ ਚਲੀ ਜਾਇਆ ਕਰਦੀ ਸੀ।
ਮੈਕਸ ਜਦੋਂ ਵੀ ਬਾਹਰੋਂ ਆਉਂਦਾ ਤਾਂ ਉਹਦੇ ਮੋਡਿਆਂ ਵਿੱਚ ਫੌਜੀਆਂ ਦੇ ਪਿੱਠੂ ਵਰਗਾ ਇੱਕ ਭਾਰੀ-ਭਰਕਮ ਬੈੱਗ ਟੰਗਿਆ ਹੁੰਦਾ ਸੀ। ਉਸ ਵਿੱਚ ਕੀ ਪਾਇਆ ਹੁੰਦਾ ਸੀ? ਕੀ ਨਹੀਂ? ਮੈਂ ਨਹੀਂ ਸੀ ਜਾਣਦੀ ਅਤੇ ਨਾ ਹੀ ਮੈਂ ਕਦੇ ਉਸਨੂੰ ਇਸ ਬਾਬਤ ਪੁੱਛਿਆ ਸੀ ਅਤੇ ਨਾ ਹੀ ਉਸ ਬੈੱਗ ਨੂੰ ਫਰੋਲ ਕੇ ਦੇਖਿਆ ਸੀ। ਮੈਨੂੰ ਮੈਕਸ ਦੇ ਦੂਸਰੇ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਤਾਂ ਉਹਦੇ ਨਾਲ ਉਸ ਕ੍ਰੀੜਾ ਕਰਨ ਤੱਕ ਵਾਸਤਾ ਸੀ। 
ਅਸੀਂ ਪੂਰੇ ਫਰਾਂਸ ਵਿੱਚ ਘੁੰਮਦੇ ਰਹੇ ਸੀ। ਹਰ ਸ਼ਾਮ ਅਸੀਂ ਕਿਸੇ ਨਾ ਕਿਸੇ ਨਵੇਂ ਪਿੰਡ ਜਾਂ ਸ਼ਹਿਰ ਵਿੱਚ ਜਾ ਡੇਰਾ ਲਾਉਂਦੇ। ਇਉਂ ਦਿਨ ਬਦਲ ਜਾਂਦੇ ਸਨ। ਕੈਪਾਂ ਦੀ ਜਗ੍ਹਾ ਤਬਦੀਲ ਹੋ ਜਾਂਦੀ ਸੀ। ਟੈਂਟਾਂ ਵਿੱਚ ਪਰਿਵਰਤਨ ਆ ਜਾਂਦਾ ਸੀ। ਚਾਦਰ, ਦਰੀਆਂ, ਸਲੀਪਿੰਗ ਬੈੱਗ ਬਦਲ ਜਾਂਦੇ ਸਨ। ਪਰ ਉਨ੍ਹਾਂ ਵਿੱਚ ਪੈਣ ਵਾਲੇ ਅਸੀਂ ਦੋਨੋਂ ਨਾ ਬਦਲਦੇ। ਉਹੀ ਰਹਿੰਦੇ। ਉਹੀ ਮੈਂ ਅਤੇ ਉਹੀ ਮੈਕਸ।
ਅਕਸਰ ਮੈਂ ਬੀਤੇ ਵੇਲੇ ਨੂੰ ਕੋਸਦੀ ਰਹਿੰਦੀ ਹੁੰਦੀ ਸੀ। ਮੈਂ ਮੈਕਸ ਨਾਲ ਵੀ ਤਾਂ ਖੇਹ ਖਾਂਦੀ ਸੀ। ਜੇ ਇਕਬਾਲ ਨਾਲ ਸਭ ਕੁੱਝ ਕਰ ਲੈਂਦੀ ਤਾਂ ਉੱਥੇ ਮੈਕਸ ਦੀ ਥਾਂ ਮੇਰੇ ਨਾਲ ਇਕਬਾਲ ਨੇ ਹੋਣਾ ਸੀ। ਮੈਨੂੰ ਇਕਬਾਲ ਤਦ ਬੜਾ ਯਾਦ ਆਉਂਦਾ ਸੀ, ਜਦੋਂ ਮੈਕਸ ਪਰ੍ਹੇ ਹੁੰਦਾ। ਜਦੋਂ ਮੈਕਸ ਨਾਲ ਆ ਲੇਟਦਾ ਤਾਂ ਮੈਂ ਸਭ ਕੁੱਝ ਭੁੱਲ ਜਾਂਦੀ ਹੁੰਦੀ ਸੀ। ਮੈਨੂੰ ਆਪਣੀ ਪਹਿਚਾਣ ਵੀ ਯਾਦ ਨਹੀਂ ਸੀ ਰਹਿੰਦੀ। ਵਿਸਰ ਜਾਂਦਾ ਸੀ ਕਿ ਮੈਂ ਕੌਣ ਹਾਂ। ਹਰਦਮ ਕਾਮ ਦਾ ਨਸ਼ਾ ਮੇਰੇ ਉੱਤੇ ਹਾਵੀ ਹੋਇਆ ਰਹਿੰਦਾ ਸੀ। ਭੋਗ ਪਲਾਂ ਦੌਰਾਨ ਮੈਕਸ ਬਿਨਾਂ ਮੈਨੂੰ ਕੁੱਝ ਹੋਰ ਨਾ ਦਿਸਦਾ। ਮੈਂ ਅੰਨ੍ਹੀ ਹੋ ਜਾਂਦੀ ਸੀ। ਕੁੱਝ ਦੇਰ ਮੈਂ ਮੈਕਸ ਨੂੰ ਪਿਆਰ ਕਰਦਿਆਂ ਹਵਾ ਵਿੱਚ ਉਡਾਰੀਆਂ ਲਾਉਂਦੀ।  ਤੇ ਫੇਰ ਗੁੱਭ-ਗੁਬਾਰ ਨਿਕਲੇ ਤੇ ਮੈਨੂੰ ਉਹੀ ਘਟੀਆਪਨ ਦਾ ਅਹਿਸਾਸ, ਉਹੀ ਘਿਨਾਉਣੀਆਂ ਜਿਹੀਆਂ ਭਾਵਨਾਵਾਂ ਮੁੜ ਕੇ ਆਉਣ ਲੱਗ ਜਾਂਦੀਆਂ ਸਨ। ਮੈਨੂੰ ਮੈਕਸ ਵਿੱਚੋਂ ਮੁਸ਼ਕ ਅਤੇ ਆਪਣੇ ਜਿਸਮ ਵਿੱਚੋਂ ਸੜਿਆਂਧ ਜਿਹੀ ਆਉਣ ਲੱਗ ਜਾਂਦੀ ਹੁੰਦੀ ਸੀ। ਇੱਥੋਂ ਤੱਕ ਕੇ ਮੈਂ ਸ਼ੀਸ਼ਾ ਦੇਖਦੀ ਤਾਂ ਮੇਰਾ ਆਪਣਾ ਹੀ ਅਕਸ ਮੇਰੇ ਉੱਤੇ ਥੁੱਕਦਾ ਜਾਪਦਾ। ਮੇਰੇ ਅੰਦਰ ਬੈਠਾ ਕੋਈ ਮੈਨੂੰ ਫਿਟਕਾਰਦਾ। ਜਿਸ ਤੋਂ ਡਰ ਕੇ ਮੈਂ ਸ਼ੀਸ਼ਾ ਦੇਖਣਾ ਹੀ ਛੱਡ ਦਿੱਤਾ ਸੀ। ਅਜਿਹਾ ਕਿਉਂ ਹੁੰਦਾ ਸੀ, ਮੈਂ ਖੁਦ ਨਹੀਂ ਸੀ ਜਾਣਦੀ। ਇਉਂ ਲੱਗਦਾ ਸੀ ਜਿਵੇਂ ਮੈਨੂੰ ਪਾਗਲਪਨ ਦੇ ਦੌਰੇ ਪੈਂਦੇ ਹੁੰਦੇ ਸਨ। ਐਨੀ ਬੁਰੀ ਹਾਲਤ ਹੋਈ ਪਈ ਸੀ ਮੇਰੀ। ਇੱਕ ਮਿੰਟ ਲਈ ਵੀ ਅੱਖ ਨਹੀਂ ਸੀ ਲੱਗਦੀ, ਮੈਂ ਸਾਰੀ-ਸਾਰੀ ਰਾਤ ਤੜਫਦੀ ਰਹਿੰਦੀ। ਮੈਕਸ ਮੈਨੂੰ ਇਸ ਅਵਸਥਾ ਵਿੱਚ ਦੇਖਦਾ ਤਾਂ ਵਿਸਕੀ ਦੀ ਬੋਤਲ ਲਿਆ ਦਿੰਦਾ। ਸ਼ਰਾਬ ਪੀ ਕੇ ਮੈਨੂੰ ਕੋਈ ਸੁੱਧ-ਬੁੱਧ ਨਹੀਂ ਸੀ ਰਹਿੰਦੀ ਹੁੰਦੀ। ਹਾਂ, ਕੁੱਝ ਦੇਰ ਲਈ ਨੀਂਦ ਵੀ ਆ ਜਾਂਦੀ ਹੁੰਦੀ ਸੀ। ਨਸ਼ੇ ਵਿੱਚ ਮੈਨੂੰ ਕੁੱਝ ਪਤਾ ਨਹੀਂ ਸੀ ਲੱਗਦਾ ਹੁੰਦਾ ਕਿ ਕੀ ਕਰ ਰਹੀ ਹੁੰਦੀ ਸੀ। ਬਾਅਦ ਵਿੱਚ ਮੈਕਸ ਹੀ ਸੋਫੀ ਹੋਈ ਨੂੰ ਦੱਸਦਾ ਹੁੰਦਾ ਸੀ, “ਤੂੰ ਸ਼ਰਾਬੀ ਹੋ ਕੇ ਬੜਾ ਵਧੀਆ ਸੈਕਸ ਕਰਦੀ ਐਂ। ਹਰੇਕ ਤੀਵੀਂ ਨ੍ਹੀਂ ਇਉਂ ਕਰ ਸਕਦੀ। ਬਹੁਤੀਆਂ ਨੂੰ ਤਾਂ ਦੋ ਘੁੱਟਾਂ ਪੀਣ ਸਾਰ ਹੀ ਨੀਂਦ ਆ ਜਾਂਦੀ ਹੈ ਜਾਂ ਕਈ ਉੱਲਟੀਆਂ ਕਰਕੇ ਲੀੜੇ ਲਿਬੇੜਣ ਲੱਗ ਜਾਂਦੀਆਂ। ਪਰ ਤੈਨੂੰ ਤਾਂ ਜਿੰਨੀ ਮਰਜ਼ੀ ਪਿਲਾ ਦਈਏ, ਤੂੰ ਝੱਲ ਜਾਂਦੀ ਹੈਂ। ਬਈ ਧੰਨ ਦੀ ਤੀਵੀਂ ਐਂ ਤੂੰ।”
ਉਂਝ ਮੈਕਸ ਮੈਨੂੰ ਕਦੇ ਸੋਫੀ ਨਾ ਹੋਣ ਦਿੰਦਾ। ਹਰ ਵੇਲੇ ਸ਼ਰਾਬੀ ਕਰੀ ਰੱਖਦਾ। ਜਦੋਂ ਕੁ ਦੇਖਦਾ ਮੇਰੀ ਪੀਤੀ ਹੋਈ ਲਹਿ ਰਹੀ ਹੈ ਤਾਂ ਹੋਰ ਪਿਲਾ ਦਿੰਦਾ। ਤੜਕੇ ਉੱਠ ਕੇ ਮੈਂ ਨਿਰਨੇ ਕਾਲਜੇ ਦਾਰੂ ਪੀਣ ਗਿੱਝ ਗਈ ਸੀ। ਕਾਮ ਸ਼ਕਤੀ ਨੇ ਮੈਨੂੰ ਆਪਣੇ ਵਸ ਵਿੱਚ ਕਰ ਲਿਆ ਸੀ। ਮੈਨੂੰ ਜਿਣਸੀ ਸੰਬੰਧਾਂ ਦੇ ਸੁਆਦ ਅਤੇ ਆਨੰਦ ਮਾਨਣ ਦੀ ਆਦਤ ਪੈ ਗਈ ਸੀ। ਔਰਤ ਅਤੇ ਮਰਦ ਦੇ ਇਸ ਪ੍ਰਕਾਰ ਦੇ ਸਰੀਰਕ ਮਿਲਣ ਬਾਰੇ ਮੈਂ ਫਿਲਮਾਂ ਜਾਂ ਟੈਲੀਵਿਜ਼ਨ ਉੱਤੇ ਹੀ ਦੇਖਿਆ ਹੋਇਆ ਸੀ ਜਾਂ ਸਹੇਲੀਆਂ ਤੋਂ ਸੁਣਿਆ ਸੀ। ਪਰ ਹੁਣ ਖੁਦ ਇਹੋ ਜਿਹੇ ਤਜਰਬੇ ਆਪ ਕਰ ਰਹੀ ਸੀ। ਇਹੋ ਜਿਹੇ ਸੰਬੰਧਾਂ ਦੀ ਮੈਂ ਸਿਰਫ਼ ਇਕਬਾਲ ਨਾਲ ਹੀ ਕਲਪਣਾ ਕਰੀ ਹੋਈ ਸੀ। ਕਿਸੇ ਆਪਣੀ ਕੌਮ ਦੇ ਮਰਦ ਨਾਲ ਵੀ ਰਿਸ਼ਤਾ ਬਣਾਉਣ ਬਾਰੇ ਸੋਚਿਆ ਤੱਕ ਨਹੀਂ ਸੀ। ਲੇਕਿਨ ਕਿਸੇ ਅੰਗਰੇਜ਼ ਨੂੰ ਆਪਣਾ ਸਭ ਕੁੱਝ ਸੌਂਪ ਦੇਣ ਦਾ ਤਾਂ ਕਦੇ ਸੁਪਨਾ ਤੱਕ ਨਹੀਂ ਸੀ ਲਿਆ। ਪਰ ਫਿਰ ਵੀ ਮੈਂ ਲੁਤਫ ਲੈਣ ਲੱਗ ਪਈ ਸੀ। ਮੈਂ ਮੈਕਸ ਨੂੰ ਆਪਣੇ ਨਾਲ ਪਿਆ ਦੇਖਦੀ ਤਾਂ ਯਾਨੀ ਮੇਰਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ। ਜਿਵੇਂ ਸਵਿੱਚ ਦਾ ਬਟਨ ਦੱਬਣ ਨਾਲ ਕੋਈ ਮਸ਼ੀਨ ਕੰਮ ਕਰਦੀ ਖੜ੍ਹ ਜਾਂਦੀ ਹੈ। ਮੇਰੀਆਂ ਸਰੀਰਕ ਲੋੜਾਂ ਮੈਨੂੰ ਸੁੰਨ ਅਤੇ ਨਿਕੰਮੀ ਕਰ ਦਿੰਦੀਆਂ। ਤੇ ਮੈਂ ਮੈਕਸ ਨੂੰ ਆਪਣੇ ਵਿੱਚ ਡਬੋ ਲੈਂਦੀ ਜਾਂ ਆਪ ਉਸ ਵਿੱਚ ਗਰਕ ਜਾਂਦੀ। ਚਾਣਕਿਯ ਨੀਤੀ ਵਿੱਚ ਅਚਾਰੀਯ ਚਾਣਕਿਯ ਕਹਿੰਦਾ ਹੈ, “ਔਰਤਾਂ ਵਿੱਚ ਮਰਦਾਂ ਦੀ ਤੁਲਨਾ ਵਿੱਚ ਭੋਜਨ ਖਾਣ ਦੀ ਸਮਰੱਥਾ ਦੁਗਣੀ, ਸ਼ਰਮੀਲਾਪਨ ਚੌਗਣਾਂ, ਦਲੇਰੀ ਛੇ ਗੁਣਾਂ ਅਤੇ ਕਾਮੁਕਤਾ ਅੱਠ ਗੁਣਾਂ ਜ਼ਿਆਦਾ ਹੁੰਦੀ ਹੈ।” ਮੈਨੂੰ ਇਹ ਗੱਲ ਉਦੋਂ ਪੂਰੀ ਦਰੁਸਤ ਲੱਗਦੀ। ਜਦੋਂ ਮੈਕਸ ਤਾਂ ਛੇਤੀ ਹੀ ਹੱਥ ਖੜ੍ਹੇ ਕਰ ਦਿੰਦਾ ਤੇ ਮੇਰਾ ਦਿਲ ਹੋਰ ਮੁਹੱਬਤ ਕਰਨ ਨੂੰ ਕਰਦਾ ਰਹਿੰਦਾ। ਮੈਕਸ ਕੋਲੋਂ ਮੇਰੀ ਜਿਣਸੀ ਭੁੱਖ ਮਾਰ ਨਾ ਹੁੰਦੀ। ਮੈਨੂੰ ਰਜਾ ਨਾ ਹੁੰਦਾ। ਉਹ ਮੈਨੂੰ ਹੱਥ ਲਾਉਂਦਿਆਂ ਹੀ ਥੱਕ ਜਾਂਦਾ, ਥੱਕੇ ਹੋਏ ਸ਼ਿਕਾਰੀ ਕੁੱਤੇ ਵਾਂਗ ਮਾੜੀ ਜਿਹੀ ਵਰਜਸ਼ ਮਗਰੋਂ ਹੀ ਹੌਂਕਣ ਲੱਗ ਜਾਂਦਾ ਹੁੰਦਾ ਸੀ। ਮੇਰੇ ਦਿਲ ਖੋਲ੍ਹ ਕੇ ਪਿਆਰ ਕਰਨ ਦੇ ਅਰਮਾਨ ਅਧੂਰੇ ਹੀ ਰਹਿ ਜਾਂਦੇ ਸਨ। ਉਨ੍ਹਾਂ ਨੂੰ ਪੂਰਾ ਕਰਨ ਲਈ ਮੈਂ ਮੈਕਸ ਨਾਲ ਟੱਕਰਾਂ ਮਾਰਦੀ ਰਿਹਾ ਕਰਨਾ। ਇਉਂ ਨਾਲ ਨਾਲ ਘਸਰਦਿਆਂ ਮੈਂ ਮੈਕਸ ਦੇ ਨਾਲ ਜੁੜਦੀ ਉਸਦੇ ਕਰੀਬ ਹੁੰਦੀ ਜਾਂਦੀ ਸੀ। ਜਿਵੇਂ ਚੁੰਬਕ ਲੋਹੇ ਨੂੰ ਖਿਚਦਾ ਹੈ, ਉਵੇਂ ਮੈਂ ਕਾਮ ਦੇ ਮਿਕਨਾਤੀਸ ਨਾਲ ਉਸ ਵੱਲ ਧੱਕੀ ਜਾ ਰਹੀ ਸੀ।     

No comments:

Post a Comment