ਕਾਂਡ 3 :ਹੁਸਨ, ਜਵਾਨੀ ਤੇ ਇਸ਼ਕ

ਮੈਨੂੰ ਨਿੱਕੀ ਹੁੰਦੀ ਨੂੰ ਤੱਕ ਕੇ ਲੋਕੀ ਕਹਿੰਦੇ ਹੁੰਦੇ ਸੀ ਕਿ ਮੈਂ ਦਿਨੋਂ-ਦਿਨ ਅਮਰਵੇਲ ਵਾਂਗੂੰ ਵਧਦੀ ਜਾਂਦੀ ਹਾਂ। ਮੈਂ ਪੂਰੇ ਪੰਦਰਾਂ ਸਾਲ ਅਤੇ ਛੇ ਮਹੀਨੇ ਦੀ ਹੋ ਗਈ ਸੀ। ਇਹ ਇਤਨੇ ਵਰ੍ਹੇ ਗੁਜ਼ਰਦਿਆਂ ਦਾ ਅਹਿਸਾਸ ਹੀ ਨਹੀਂ ਸੀ ਹੋਇਆ। ਯਾਨੀ ਪਲਕ ਝਪਕਦਿਆਂ ਹੀ ਬੀਤ ਗਏ ਸਨ। ਪੰਦਰਾਂ ਵਰ੍ਹੇ, ਵਰ੍ਹੇ ਤਾਂ ਜਾਪਦੇ ਹੀ ਨਹੀਂ ਸਨ। ਇਉਂ ਲੱਗਦਾ ਸੀ ਜਿਵੇਂ ਪੰਦਰਾਂ ਸੈਕਿੰਡ ਹੋਣ। ਮੈਂ ਅੱਲੜ ਤੇ ਅਣਭੋਲ ਜਿਹੀ ਸਾਂ। ਮੇਰੇ ਚਿਹਰੇ ਤੋਂ ਮਾਸੂਮੀਅਤ ਹੀ ਮਾਸੂਮੀਅਤ ਝਲਕਦੀ ਹੁੰਦੀ ਸੀ। ਮੇਰੇ ਬਦਨ ਨੇ ਬਚਪਨ ਨੂੰ ਰੁਖ਼ਸਤ ਕਰਕੇ ਜਵਾਨੀ ਦਾ ਇਸਤਕਬਾਲ ਅਜੇ ਸੱਜਰਾ-ਸੱਜਰਾ ਹੀ ਕੀਤਾ ਸੀ। ਯੌਵਨ ਕਿਸਨੂੰ ਕਹਿੰਦੇ ਹਨ? ਇਸਦਾ ਮੈਨੂੰ ਨਹੀਂ ਸੀ ਪਤਾ। ਹਾਂ, ਐਨਾ ਕੁ ਜਾਣਦੀ ਹਾਂ ਕਿ ਉਦੋਂ ਸੂਰਜ ਨੂੰ ਦੇਖ ਕੇ ਮੇਰਾ ਜੀਅ ਕਰਿਆ ਕਰਦਾ ਸੀ ਕਿ ਫੜ ਕੇ ਸਾਬਤਾ ਨਿਗਲ ਜਾਵਾਂ। ਨਹਾਉਣ ਜਾਂ ਕੱਪੜੇ ਬਦਲਣ ਲੱਗੀ ਨੇ ਲੀੜੇ ਲਾਹੁਣੇ ਤਾਂ ਪਿੰਡੇ ਨੇ ਭਾਫਾਂ ਛੱਡਣ ਲੱਗ ਜਾਣਾ। ਸਾਰੇ ਸ਼ਰੀਰ ਚੋਂ ਸੇਕ ਨਿਲਕਣਾ। ਅੰਗ-ਅੰਗ ਨੇ ਭੜਾਸ ਛੱਡਣੀ। ਆਪਣੇ ਅੰਦਰ ਧੁਖਦੀ ਧੂਣੀ ਨੂੰ ਬੁਝਾਉਣ ਲਈ ਮੇਰਾ ਬਰਫ਼ ਦੇ ਪਹਾੜ ਉੱਤੇ ਲਿਟਣ ਨੂੰ ਜੀਅ ਚਾਹੁੰਣਾ। ਬਿੰਦੇ-ਬਿੰਦੇ ਪਾਣੀ ਪੀਣਾ, ਬਹੁਤ ਪਿਆਸ ਲੱਗਣੀ। ਚਿੱਤ ਵਿੱਚ ਆਉਣਾ ਕਿ ਕੋਈ ਬਹੁਤ ਵੱਡਾ ਸਮੁੰਦਰ ਹੋਵੇ। ਕੋਈ ਮਹਾਂਸਾਗਰ। ਤੇ ਉਹਨੂੰ ਮੈਂ ਇੱਕੋ ਘੁੱਟ ਵਿੱਚ ਪੀ ਜਾਵਾਂ ਤਾਂ ਜੋ ਮੇਰੀ ਧਿਆਹ ਬੁੱਝ ਸਕੇ। ਭੜਕਣਾ, ਇੱਕ ਪਿਆਸ ਜਿਹੀ ਹਰ ਵੇਲੇ ਲੱਗੀ ਰਹਿੰਦੀ ਹੁੰਦੀ ਸੀ। ਸ਼ਾਇਦ ਇਸ ਅੱਗ ਦਾ ਨਾਮ ਹੀ ਜਵਾਨੀ ਹੋਵੇਗਾ।
ਮੇਰੇ ਹੱਡ-ਪੈਰ ਵਧਣ ਲੱਗ ਪਏ ਸਨ। ਅੱਜ ਕੁੜਤੀ ਸਵਾਉਂਦੀ। ਕੱਲ੍ਹ ਨੂੰ ਤੰਗ ਹੋ ਜਾਂਦੀ। ਭੀੜੇ ਹੋ ਕੇ ਨਿਸਦਿਨ ਮੇਰੇ ਵਸਤਰ ਛਿਜਦੇ ਰਹਿੰਦੇ। ਭਾਵੇਂ ਚਿਹਰੇ ਦੀ ਰੰਗਤ ਪਹਿਲਾਂ ਨਾਲੋਂ ਵਧੇਰੇ ਲਾਲੀ ਫੜ ਗਈ ਸੀ। ਪਰ ਫੇਰ ਵੀ ਮੂੰਹ ਦੇਖਣ ਨੂੰ ਲਿੱਸਾ ਨਜ਼ਰ ਆਉਣ ਲੱਗ ਪਿਆ ਸੀ। ਪੇਟ ਵਿੱਚ ਨੂੰ ਵੜਦਾ ਜਾਂਦਾ ਸੀ ਤੇ ਛਾਤੀਆਂ ਬਾਹਰ ਨੂੰ ਨਿਕਲਦੀਆਂ ਆਉਂਦੀਆਂ ਸਨ। ਮੇਰੇ ਜਿਸਮ ਦੀ ਬਾਹਰੀ ਦਿੱਖ ਨੇ ਇਸ ਤਰ੍ਹਾਂ ਮੇਰੇ ਜਵਾਨ ਹੋਣ ਦਾ ਢੰਡੋਰਾ ਪਿਟਣਾ ਸ਼ੁਰੂ ਕਰ ਦਿੱਤਾ ਸੀ ਤੇ ਅੰਦਰੋਂ। ਹਾਂ, ਅੰਦਰੋਂ ਵੀ ਕਦੋਂ ਦਾ ਐਲਾਨ
ਹੋ ਚੁੱਕਿਆ ਸੀ। ਜਦੋਂ ਮੇਰੀ ਉਮਰ ਤੇਰ੍ਹਾਂ ਸਾਲਾਂ ਦੀ ਸੀ। ਮੈਂ ਸਕੂਲ ’ਚ ਕੁੜੀਆਂ ਨਾਲ ਖੇਡ ਰਹੀ ਸੀ ਕਿ ਮੇਰੀ ਸਹੇਲੀ ਰਜਨੀ  ਮੇਰੇ ਕੋਲ ਆ ਕੇ ਮੇਰੇ ਕੰਨ ਵਿੱਚ ਕਹਿਣ ਲੱਗੀ, “ਨੀ ਸ਼ਾਜ਼ੀਆ ਤੈਨੂੰ ਕੱਪੜੇ ਆਏ ਹੋਏ ਨੇ?”
“ਕੱਪੜੇ? ਕਿਹੜੇ ਕੱਪੜੇ? ਕਿੱਥੋਂ? ਕੀਹਦੇ ਕੋਲ ਆਏ ਨੇ?” ਮੈਂ ਹੈਰਾਨ ਹੁੰਦਿਆਂ ਪੁੱਛਿਆ ਸੀ।
“ਉਹ ਕੱਪੜੇ ਨ੍ਹੀਂ ਮੇਰਾ ਮਤਲਬ ਐ ਤੈਨੂੰ ਮਹਾਂਵਾਰੀ ਯਾਨੀ ਮੈੱਨਸਟਰੁਅਲ ਪੀਰੀਅਡਸ ਆਏ ਹੋਏ ਨੇ। ਝਾਕ ਤੇਰੀ ਸਲਵਾਰ ਦੀ ਝੋਲੀ ਲਹੂ ਨਾਲ ਲਿਬੜੀ ਪਈ ਆ।”
ਮੈਂ ਆਪਣੀ ਸਲਵਾਰ ਦੀ ਝੋਲੀ ਦੇ ਵਲਾਂ ਨੂੰ ਫਰੋਲ ਕੇ ਦੇਖਿਆ ਤਾਂ ਉਹ ਖੂਨ ਨਾਲ ਭਿੱਜੀ ਪਈ ਸੀ। ਆਪਣੇ ਹੀ ਜਿਸਮ ਵਿੱਚੋਂ ਵਹਿੰਦੇ ਖੂਨ ਤੋਂ ਮੈਂ ਬੇਖ਼ਬਰ ਸੀ। ਮੈਨੂੰ ਤਾਂ ਭੱਜਣ ਦੇ ਟੌਇਲਿਟ ਵੱਲ। ਰਜਨੀ ਮੇਰੇ ਨਾਲ-ਨਾਲ। ਐਨਾ ਸ਼ੁਕਰ ਕਿਸੇ ਹੋਰ ਨੇ ਨਹੀਂ ਸੀ ਸਾਨੂੰ ਦੇਖਿਆ। ਮੈਨੂੰ ਮਾਸਿਕ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਮੈਨੂੰ ਕੱਝ ਦੱਸਿਆ ਸੀ। ਮੈਂ ਘਬਰਾ ਗਈ ਸੀ ਕਿ ਮੇਰੇ ਬਿਨਾਂ ਕਿਸੇ ਸੱਟ-ਫੇਟ ਤੋਂ ਲਹੂ ਕਿਉਂ ਨਿਕਲਣ ਲੱਗ ਗਿਆ ਹੈ? ਮੈਂ ਪਖਾਨੇ ਵਿੱਚ ਖੜ੍ਹੀ ਰੋਈ ਜਾ ਰਹੀ ਸੀ, “ਹਾਏ ਅੰਮੀ! ਆਹ ਕੀ ਹੋ ਗਿਐ? ਰਜਨੀ ਨੀ ਅੜੀਏ, ਹੁਣ ਕੀ ਹੋਊ?”
“ਅੱਛਾ, ਤਾਂ ਇਹਦਾ ਮਤਲਬ ਤੇਰੇ ਪਹਿਲੀ ਵਾਰ ਹੋਇਐ? -ਚਿੰਤਾ ਨਾ ਕਰ ਸਾਰੀਆਂ ਤੀਵੀਂਆਂ ਦੇ ਆਈਂ ਹਰ ਮਹੀਨੇ ਖੂਨ ਨਿਕਲਦਾ ਹੁੰਦੈ। - ਅੱਜਕੱਲ੍ਹ ਤਾਂ ਮੇਰੇ ਵੀ ਆਏ ਹੋਏ ਨੇ। ਆਹ ਦੇਖ ਦਿਖਾਵਾਂ।” ਐਨਾ ਆਖ ਕੇ ਰਜਨੀ ਨੇ ਆਪਣੀ ਪੈਂਟ ਦਾ ਬਟਨ ਤੇ ਜਿੱਪ ਖੋਲ੍ਹੀ ਅਤੇ ਕੱਛੀ ਸਣੇ ਪਤਲੂਨ ਹੇਠਾਂ ਕਰਕੇ ਦਿਖਾਈ। ਉਸਦੇ ਵਿੱਚ ਆਲਵੇਜ਼ ਦਾ ਪੈੱਡ ਲਹੂ ਨਾਲ ਲਥਪਥ ਹੋਇਆ ਪਿਆ ਸੀ। ਉਹ ਲਿਬੜਿਆ ਪੈੱਡ ਕੱਢ ਕੇ ਰਜਨੀ ਨੇ ਕੂੜੇਦਾਨ ਵਿੱਚ ਸਿੱਟ ਦਿੱਤਾ ਤੇ ਆਪਣੀ ਜੇਬ ਵਿੱਚੋਂ ਕੱਢ ਕੇ ਨਵਾਂ ਉਹਦੀ ਜਗ੍ਹਾ ਧਰ ਕੇ ਕੱਛੀ ਪਹਿਨ ਲਿੱਤੀ। ਇੱਕ ਪੈੱਡ ਉਹਨੇ ਮੈਨੂੰ ਦੇ ਦਿੱਤਾ ਤੇ ਉਹ ਮੈਂ ਆਪਣੀ ਕੱਛੀ ਵਿੱਚ ਟਿਕਾ ਕੇ ਕੱਛੀ ਚਾੜੀ ਤੇ ਸਲਵਾਰ ਉਤਾਂਹ ਖਿੱਚ  ਕੇ ਆਪਣਾ ਨਾਲਾ ਬੰਨ੍ਹ ਲਿਆ।
ਟੂਟੀ ’ਤੇ ਹੱਥ ਧੋਂਹਦੀ ਹੋਈ ਰਜਨੀ ਮੈਨੂੰ ਸਮਝਾਉਣ ਲੱਗ ਪਈ, “ਬਸ ਤਿੰਨ-ਚਾਰ ਦਿਨ ਇਹ ਖੂਨ ਤੁਪਕਾ-ਤੁਪਕਾ ਕਰਕੇ ਨਿਕਲਦਾ ਹੁੰਦੈ। ਪਹਿਲੇ ਦੋ ਦਿਨ ਤੇਜ਼ ਹੁੰਦਾ ਤੇ ਫੇਰ ਹੌਲੀ ਹੁੰਦਾ ਜਾਂਦਾ ਹੈ।”
“ਅੱਛਾ ਤਾਂ ਇਹ ਹਰ ਮਹੀਨੇ ਇੰਝ ਹੋਇਆ ਕਰੂ?” ਮੈਂ ਬੁਰੀ ਤਰ੍ਹਾਂ ਡਰੀ ਪਈ ਸੀ। 
“ਹਾਂ, ਔਰਤ ਨੂੰ ਬੱਚਾ ਜਨਣ ਦੇ ਸਮਰੱਥ ਬਣਾਉਣ ਵਾਲੇ ਆਂਡੇ ਜੋ ਕੁੱਖ ਵਿੱਚ ਪੈਦਾ ਹੁੰਦੇ ਹਨ। ਉਹ ਮਹੀਨੇ ਬਾਅਦ ਨਵੇਂ ਬਣਦੇ ਰਹਿੰਦੇ ਹਨ ਤੇ ਪੁਰਾਣੇ ਆਪਣੀ ਮਿਆਦ ਪੂਰੀ ਕਰਕੇ ਆਪੇ ਫੁੱਟਦੇ ਰਹਿੰਦੇ ਹਨ। ਉਹ ਆਂਡੇ ਖੂਨ ਦੇ ਬਣੇ ਹੁੰਦੇ ਹਨ, ਜਿਨ੍ਹਾਂ ਕਰਕੇ ਅੰਦਰੋਂ ਉਹ ਨਸ਼ਟ ਹੋਏ ਆਂਡਿਆਂ ਦਾ ਲਹੂ ਵਹਿ ਕੇ ਯੋਨੀ ਰਾਹੀਂ ਬਾਹਰ ਨਿਕਲ ਆਉਂਦਾ ਹੈ। ਇਸੇ ਨੂੰ ਮਾਸਿਕ ਧਰਮ ਕਿਹਾ ਜਾਂਦਾ ਹੈ।”
“ਹਾਂਅ! ਤਾਂ ਹੀ-ਤਾਂ ਹੀ, ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੈਂ ਕਿਹਾ ਪਤਾ ਨਹੀਂ ਕੀ ਹੋਇਐ। -ਫੇਰ ਇਸ ਰਕਤ ਵਹਾ ਨੂੰ ਕੱਪੜੇ ਆਉਣਾ ਕਿਉਂ ਕਹਿੰਦੇ ਨੇ?”
ਰਜਨੀ ਆਪਣੀ ਜਨਰਲ ਨੌਲਿਜ ਦੀ ਮੇਰੇ ਉੱਤੇ ਧਾਕ ਜਮਾਉਣ ਲਈ ਚੌੜ ਵਿੱਚ ਆ ਕੇ ਦੱਸਣ ਲੱਗ ਪਈ ਸੀ, “ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਅਜੇ ਪੈੱਡ ਈਜ਼ਾਦ ਨਹੀਂ ਸੀ ਹੋਏ। ਬੁੜ੍ਹੀਆਂ ਕੱਪੜੇ ਖਰਾਬ ਹੋਣ ਤੋਂ ਬਚਾਉਣ ਲਈ ਲੀਰਾਂ ਜਾਂ ਕੋਈ ਕੱਪੜਾ ਸਲਵਾਰ ਵਿੱਚ ਧਰ ਲੈਂਦੀਆਂ ਹੁੰਦੀਆਂ ਸੀ। ਸਿਆਣੀ ਇਸਤਰੀ ਨਿਆਣੀਆਂ ਨੂੰ ਲਿਆ ਕੇ ਉਹ ਕੱਪੜਾ ਦੇ ਦਿੰਦੀ ਹੁੰਦੀ ਸੀ, ਜਿਸ ਕਰਕੇ ਪੀਰੀਅਡਸ ਨੂੰ ਕੱਪੜੇ ਆਉਣਾ ਪੁਕਾਰਿਆ ਜਾਣ ਲੱਗ ਪਿਆ ਸੀ। -ਜਿਵੇਂ ਤੂੰ ਕੱਪੜੇ ਆਉਣ ਦੇ ਅਰਥ ਤੋਂ ਅਣਜਾਣ ਸੀ। ਉਵੇਂ ਹੀ ਕਈ ਹੋਰ ਵੀ ਤੇਰੇ ਵਰਗੇ ਹੁੰਦੇ ਹਨ। ਤੈਨੂੰ ਮੈਂ ਇੱਕ ਲਤੀਫ਼ਾ ਸੁਣਾਉਂਦੀ ਆਂ। ਇੱਕ ਵਾਰ ਕਿਸੇ ਬੁੱਧੂ ਜਿਹੇ ਬੰਦੇ ਦਾ ਵਿਆਹ ਹੋਇਆ ਤਾਂ ਸੁਹਾਗਰਾਤ ਨੂੰ  ਉਹਦੀ ਘਰਵਾਲੀ ਕਹਿਣ ਲੱਗੀ ਬਈ ਮੈਨੂੰ  ਹੱਥ ਨਾ ਲਾਇਉ। ਨਹੀਂ ਥੋਨੂੰ ਖੂਨ ਦੀ ਹੋਲੀ ਖੇਡਣੀ ਪਊ, ਮੈਨੂੰ ਕੱਪੜੇ ਆਏ ਹੋਏ ਨੇ। ਉਸ ਮੂਰਖ ਬੰਦੇ ਨੂੰ ਇਹਦਾ ਮਤਲਬ ਨਹੀਂ ਸੀ ਪਤਾ। ਸਵੇਰ ਨੂੰ ਉਹ ਆਪਣੀ ਮਾਂ ਨੂੰ ਪੁੱਛਣ ਲੱਗ ਪਿਆ ਅਖੇ, ਬੀਬੀ ਰਾਤ ਗਲਾਬੋ ਕਹਿੰਦੀ ਸੀ ਮੈਨੂੰ ਕੱਪੜੇ ਆਏ ਨੇ। ਕੋਈ ਮੇਰੇ ਲਈ ਝੱਗਾ-ਝੁੱਗਾ ਵੀ ਆਇਐ ਕਿ ਨਹੀਂ? ਉਹਦੀ ਮਾਂ ਤਾਂ ਸ਼ਰਮਸਾਰ ਜਿਹੀ ਹੋ ਕੇ ਉੱਥੋਂ ਉੱਠ ਕੇ ਭੱਜ’ਲੀ।”
“ਜਾਹ ਨੀ ਰਜਨੀ, ਤੂੰ ਵੀ ਸਿਰੇ ਈ ਲਾ ਦਿੰਦੀ ਐਂ।- ਸੱਚੀਂ ਅਗਿਆਨਤਾ ਵਿੱਚ ਕਈ ਵਾਰ ਬੰਦਾ ਆਪੇ ਹੀ ਆਪਣਾ ਮੌਜੂ ਬਣਾ ਲੈਂਦਾ ਹੈ।” ਮੈਂ ਹਾਸੇ ਨਾਲ ਰਜਨੀ ਦੇ ਧੱਫਾ ਮਾਰਦਿਆਂ ਕਿਹਾ ਸੀ। 
ਕੁਦਰਤ ਨੇ ਤਾਂ ਮੈਨੂੰ ਪਹਿਲਾਂ ਹੀ ਜਵਾਨੀ ਦਾ ਤਾਜ ਪਹਿਨਾ ਦਿੱਤਾ ਸੀ। ਉਂਝ ਤਾਂ ਜੋਬਨ ਫੁੱਟਣ ਸਮੇਂ ਹਰ ਕੁੜੀ ਨਿੱਖਰ ਆਉਂਦੀ ਹੈ। ਮੇਰੀਆਂ ਦੂਜੀਆਂ ਭੈਣਾਂ ਵੀ ਘੱਟ ਨਹੀਂ ਸਨ। ਪਰ ਮੈਂ ਕੁੱਝ ਜ਼ਿਆਦਾ ਹੀ ਸੋਹਣੀ ਬਣ ਗਈ ਸੀ। ਹੱਥ ਲਾਇਆਂ ਮੈਲੀ ਹੁੰਦੀ ਸੀ। ਹਰ ਪਾਸੇ ਮੇਰੀ ਖ਼ੂਬਸੂਰਤੀ ਦੀ ਹੀ ਚਰਚਾ ਹੋਇਆ ਕਰਦੀ ਸੀ। ਪੱਤਣਾਂ ’ਤੇ ਖੜ੍ਹ ਕੇ ਪਾਣੀਆਂ ਨੂੰ ਅੱਗ ਲਾ ਦੇਣ ਵਾਲਾ ਹੁਸਨ ਬਖ਼ਸ਼ਿਆ ਸੀ ਖੁਦਾਬੰਦ  ਕਰੀਮ ਨੇ ਮੈਨੂੰ। ਵੈਸੇ ਆਪਣੀ ਸੁੰਦਰਤਾ ਦਾ ਗਿਆਨ ਤਾਂ ਮੈਨੂੰ ਬਹੁਤ ਪਹਿਲਾਂ ਹੋ ਗਿਆ ਸੀ। ਪਹਿਲੀ ਵਾਰ ਉਦੋਂ ਹੁਸੀਨ ਹੋਣ ਅਹਿਸਾਸ ਹੋਇਆ ਸੀ, ਜਦੋਂ ਮੈਂ ਦਸਾਂ ਸਾਲਾਂ ਦੀ ਸੀ। ਮੇਰੇ ਵਿਰੋਧੀ ਲਿੰਗ ਨੇ ਯਕਾਯਕ ਮੇਰੇ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਜਿਨ੍ਹਾਂ ਕੁੜੀਆਂ ਨਾਲ ਮੈਂ ਘੁੰਮਦੀ ਫਿਰਦੀ ਹੁੰਦੀ ਸੀ। ਉਨ੍ਹਾਂ ਦੀ ਬਜਾਏ ਮੁੰਡੇ ਮੇਰੀ ਪ੍ਰਕਰਮਾ ਕਰਦੇ ਨਾ ਥੱਕਦੇ। ਥੋੜ੍ਹੀ ਜਿਹੀ ਹੋਰ ਵੱਡੀ ਹੋਈ ਤਾਂ ਮੈਂ ਭੇਤ ਪਾ ਲਿਆ ਸੀ ਕਿ ਈਸ਼ਵਰ ਨੇ ਮੈਨੂੰ ਸੁਹੱਪਣ ਦੇ ਵਰਦਾਨ ਨਾਲ ਨਿਵਾਜਿਆ ਹੈ। ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਵਾਉਣ ਵਾਲਾ ਬਿਰਧ ਟਰੈਫ਼ਿਕ ਕੰਟੋਲਰ, ਜਿਸਨੂੰ ਅਸੀਂ ਲੌਲੀ ਪੌਪ ਮੈਨ ਸੱਦਦੇ ਹੁੰਦੇ ਸੀ। ਉਸ ਤੋਂ ਮਸਾਂ ਤੁਰ ਹੁੰਦਾ ਸੀ। ਪਰ ਮੈਨੂੰ ਸੜਕ ਪਾਰ ਕਰਨ ਦੇ ਲਈ ਖੜ੍ਹੀ ਦੇਖ ਕੇ ਲੰਗ ਮਾਰਦਾ ਹੋਇਆ ਉਹ ਭੱਜ ਕੇ ਮੇਰੇ ਵੱਲ ਆਉਂਦਾ। ਕਰੀਬ ਆਈ ਦਾ ਮੇਰਾ ਹੱਥ ਫੜ ਕੇ ਮੈਨੂੰ ਸੜਕ ਦੇ ਦੂਜੇ ਵੰਨੇ ਛੱਡ ਕੇ ਆਉਂਦਾ ਹੁੰਦਾ ਸੀ।  
ਕਈ ਠਰਕੀ ਅਧਿਆਪਕ ਵੀ ਆਨੇ-ਬਹਾਨੇ ਮੇਰੀ ਢੂਹੀ ਪਲੋਸਣ ਜਾਂ ਕਿਵੇਂ ਨਾ ਕਿਵੇਂ ਮੇਰੇ ਸ਼ਰੀਰ ਨੂੰ ਛੂਹਣ ਦੀ ਅਕਸਰ ਕੋਸ਼ਿਸ ਕਰਦੇ ਰਿਹਾ ਕਰਦੇ ਸਨ। ਹੋਮ ਵਰਕ  ਨਾ ਕਰਨ ’ਤੇ ਮੈਨੂੰ ਕੁੱਝ ਨਹੀਂ ਸੀ ਕਹਿੰਦੇ ਹੁੰਦੇ। ਬਸ ਹੱਸ ਕੇ ਛੱਡ ਦਿੰਦੇ ਹੁੰਦੇ ਸੀ। ਜਦਕਿ ਬਾਕੀ ਕੁੜੀਆਂ ਦੇ ਪੂਰੇ ਕੰਨ ਖਿੱਚਦੇ ਹੁੰਦੇ ਸੀ। 
ਅੱਛਾ ਚਲੋ ਸੁਣੋਂ ਇੱਕ ਆਈਸਕਰੀਮ ਵੇਚਣ ਵਾਲੇ ਦਾ ਕਿੱਸਾ ਸੁਣਾਉਂਦੀ ਹਾਂ। ਗਰਮੀਆਂ ਵਿੱਚ ਵੈਨਾਂ ਲਈ  ਆਈਸਕਰੀਮ ਵੇਚਣ ਵਾਲੇ ਸੜਕਾਂ ’ਤੇ ਫਿਰਦੇ ਹੁੰਦੇ ਹਨ ਨਾ? ’ਕੇਰਾਂ ਇੱਕ ਕੁਲਫ਼ੀਆਂ ਵੇਚਣ ਵਾਲੇ ਭਾਈ ਨੇ ਮੈਨੂੰ ਦਰਾਂ ਵਿੱਚ ਖੜ੍ਹੀ ਨੂੰ ਦੇਖ ਲਿਆ। ਉਦਣ ਤੋਂ ਉਹਨੇ ਤਾਂ ਸਾਡੇ ਘਰ ਮੂਹਰੇ ਪੱਕਾ ਡੇਰਾ ਹੀ ਲਾ ਲਿਆ। ਉਹਨੇ ਰੋਜ਼ ਹੀ ਆ ਕੇ ਸਾਡੇ ਦਰਾਂ ਮੂਹਰੇ ਵੈਨ ਖੜ੍ਹਾਅ ਲਿਆ ਕਰਨੀ ਤੇ ਸਾਡੇ ਘਰ ਵੱਲ ਝਾਕਦਾ ਰਿਹਾ ਕਰਨਾ। ਖੇਡਣ ਜਾਂ ਕਿਸੇ ਹੋਰ ਕੰਮ ਜਦੋਂ ਵੀ ਮੈਂ ਬਾਹਰ ਨਿਕਲਣਾ ਤਾਂ ਉਹਨੇ ਮੇਰੇ ਉੱਤੋਂ ਅੱਖ ਚੁੱਕਿਆ ਹੀ ਨਾ ਕਰਨੀ। ਉਹਨੂੰ ਕੁਲਫ਼ੀਆਂ ਵੇਚਣੀਆਂ ਭੁੱਲ ਜਾਇਆ ਕਰਨੀਆਂ। ਖੜ੍ਹ ਖੜ੍ਹ ਕੇ ਲੋਕਾਂ ਨੇ ਬਿਨਾਂ ਕੁੱਝ ਲਿਤਿਆਂ, ਉਹਨੂੰ ਗਾਲਾਂ ਦਿੰਦੇ ਮੁੜ ਜਾਇਆ ਕਰਨਾ।  ਬੜੇ ਤਮਾਸ਼ੇ ਹੋਣੇ। ਇੰਝ ਹੀ ਇੱਕ ਦਿਨ ਉਹ ਸਾਡੇ ਘਰ ਕੋਲ ਵੈਨ ਲਈ ਖੜ੍ਹਾ ਸੀ। ਮੇਰਾ ਆਈਸਕਰੀਮ ਖਾਣ ਨੂੰ ਜੀਅ ਕਰਿਆ। ਮੈਂ ਅੰਮੀ ਤੋਂ ਭਾਨ  ਲੈ ਕੇ ਆਈਸਕਰੀਮ ਲੈਣ ਚਲੀ ਗਈ। ਸਾਡੇ ਗੁਆਡੀਆਂ ਦੀ ਕੁੜੀ ਮਿੱਕੀ, ਮੈਥੋਂ ਪਹਿਲਾਂ ਉਹਦੇ ਤੋਂ ਆਈਸਕਰੀਮ ਲੈਣ ਗਈ ਹੋਈ ਸੀ। ਉਹਨੂੰ ਛੱਡ ਕੇ ਭਾਈ ਨੇ ਮੈਨੂੰ ਪੁੱਛਿਆ, “ਆਈਏ…ਆਈਏ ਹਾਂ ਜੀ, ਫ਼ਰਮਾਈਏ, ਕੀ ਲਿਆਈਏ?”
ਮੈਥੋਂ ਮੂਹਰੇ ਹੋਣ ਕਰਕੇ ਮਿੱਕੀ ਬੋਲ ਪਈ, “ਮੇਰੀ ਵਾਰੀ ਆ। ਪਹਿਲਾਂ ਮੈਨੂੰ ਦੇਹ। ਇਹ ਮੈਥੋਂ ਪਿੱਛੋਂ ਆਈ ਹੈ।”
“ਠੀਕ ਆ ਬਾਹਲੀਏ ਕਾਹਲੀਏ ਪਹਿਲਾਂ ਤੈਨੂੰ ਈ ਦਫ਼ਾ ਕਰਦਾਂ।“ ਭਾਈ ਦਾ ਮੂੰਹ ਭੁੰਨੇ ਹੋਏ ਬੈਂਗਣ ਵਰਗਾ ਹੋ ਗਿਆ ਸੀ। ਉਹਦੀ ਆਈਸਕਰੀਮ ਇੱਕ ਵੱਡੇ ਸਾਰੇ ਢੋਲ ਜਿਹੇ ਵਿੱਚ ਭਰੀ ਹੋਈ ਸੀ ਤੇ ਉਸ ਡਰੰਮ ਦੇ ਥੱਲੇ ਕੋਲ ਇੱਕ ਟੂਟੀ ਲੱਗੀ ਹੋਈ ਸੀ, ਜਿਸਦਾ ਬਟਨ ਦੱਬਿਆਂ ਆਈਸਕਰੀਮ ਬਾਹਰ ਨਿਕਲਦੀ ਹੁੰਦੀ ਸੀ। ਮਿੱਕੀ ਨੂੰ ਉਹ ਥੋੜ੍ਹੀ ਜਿਹੀ ਆਈਸਕਰੀਮ ਪਾ ਕੇ ਹਟ ਗਿਆ। ਮਿੱਕੀ ਨੇ ਉਹਨੂੰ ਅਨੁਰੋਧ ਕੀਤਾ, “ਭਾਈ, ਕਿਉਂ ਕੰਜੂਸੀ ਜਿਹੀ ਕਰਦੈਂ? ਭੋਰਾ ਕੁ ਹੋਰ ਪਾ ਦੇ?”
ਉਹ ਭਾਈ ਮਿੱਕੀ ਨੂੰ ਗੁੱਲੀ ਵਾਂਗੂੰ ਬੁੜ੍ਹਕ ਕੇ ਪਿਆ, “ਮਾਇਆ ਲਿਆ ਫੇਰ ਹੋਰ। ਪੌਂਡ ਦਾ ਤਾਂ ਆਹੀ ਕੁਛ ਆਉਂਦੈ।”
  “ਰੋਕੜਾ ਤਾਂ ਹੋਰ ਹੈਨੀ।”
“ਚੱਲ ਫੁੱਟ ਇੱਥੋਂ ਫੇਰ। ਆਈਸਕ੍ਰੀਮ ਵੀ ਹੋਰ ਹੈਨ੍ਹੀਂ।”
ਮਿੱਕੀ ਬਿਚਾਰੀ ਥੋੜ੍ਹੀ ਜਿਹੀ ਆਈਸਕਰੀਮ ਲੈ ਕੇ ਆਪਣੇ ਰਾਹ ਪੈ ਗਈ। ਜਦੋਂ ਮੇਰੀ ਵਾਰੀ ਆਈ। ਮੈਨੂੰ ਦੇਖਣ ਸਾਰ ਹੀ ਭਾਈ ਨੇ ਮੇਰੇ ’ਤੇ ਨਿਗਾਹ ਕਿੱਲ ਵਾਂਗੂੰ ਗੱਡ ਲਈ। ਆਈਸਕ੍ਰੀਮ ਵਾਲੇ ਦੀ ਆਈਬੋਲਿੰਗ ਤਾੜ ਕੇ ਮੈਂ ਸ਼ਰਮ ਦੀ ਮਾਰੀ ਨੇ ਨੀਵੀਂ ਪਾ  ਕੇ ਪੈਨੀਆਂ ਉਹਦੇ ਵੱਲ ਵਧਾਈਆਂ, “ਲੈ ਭਾਈ ਪੰਜਾਹ ਪੈਨੀਆਂ।” “ਪਹਿਲਾਂ ਆਈਸਕਰੀਮ ਤਾਂ ਲੈ ਲੋ। ਪੈਨੀਆਂ ਵੀ ਆ ਜਾਣਗੀਆਂ। ਕਿਹੜਾ ਭੱਜੀਆਂ ਜਾਂਦੀਆਂ ਨੇ, ਮਾਲਕੋ?”
ਉਹ ਆਈਸਕਰੀਮ ਪਾਉਣ ਲੱਗ ਗਿਆ। ਕੋਨ ਟੂਟੀ ਦੇ ਹੇਠਾਂ ਕਰਕੇ ਆਈਸਕਰੀਮ ਭਰਦਾ ਹੋਇਆ ਵੀ ਉਹ ਮੇਰੇ ਵੱਲ ਹੀ ਝਾਕੀ ਜਾਂਦਾ ਸੀ। ਮੈਂ ਧਰਤੀ ’ਤੇ ਟਿਕੀਆਂ ਹੋਈਆਂ ਆਪਣੀਆਂ ਅੱਖਾਂ ਉੱਚੀਆਂ ਨਾ ਚੁੱਕੀਆਂ। ਪੰਜ ਸੱਤ ਮਿੰਟ ਬੀਤ ਜਾਣ ਬਾਅਦ ਵੀ ਜਦ ਉਹਨੇ ਮੈਨੂੰ ਆਈਸਕਰੀਮ ਨਾ ਫੜਾਈ ਤਾਂ ਮੈਂ ਸਿਰ ਉਤਾਂਹ ਚੁੱਕ ਕੇ ਦੇਖਿਆ, “ਭਾ…ਅ…ਈ!” ਇੱਕਦਮ ਮੇਰੇ ਮੂੰਹੋਂ ਉੱਚੀ ਦੇਣੇ ਚੀਕ ਨਿਕਲੀ ਤਾਂ ਉਹ ਵੀ ਭਮੰਤਰ ਗਿਆ। ਆਈਸਕਰੀਮ ਕੋਨ ਵਿੱਚ ਤਾਂ ਪਈ ਹੀ ਨਹੀਂ ਸੀ। ਹੋਇਆ ਇੰਝ ਸੀ ਕਿ ਕੋਨ ਫੜ ਕੇ ਭਾਈ ਨੇ ਟੂਟੀ ਖੋਲ੍ਹੀ ਤੇ ਦੇਖਣ ਲੱਗ ਗਿਆ ਮੇਰੇ ਵੱਲ। ਉਹਨੇ ਟੂਟੀ ਦਾ ਬਟਨ ਦੱਬੀ ਰੱਖਿਆ ਤੇ ਧਿਆਨ ਦਿੱਤਾ ਨਾ ਕਿ ਆਈਸਕਰੀਮ ਕਿੱਥੇ ਡਿੱਗਦੀ ਹੈ। ਕੋਨ ਦੀ ਬਜਾਏ ਸਾਰੀ ਆਈਸਕਰੀਮ ਭੁੰਜੇ ਉਹਦੀ ਵੈਨ ਵਿੱਚ ਹੀ ਉਹਦੇ ਪੈਰਾਂ ਉੱਤੇ ਡੁੱਲਦੀ ਰਹੀ ਸੀ। ਕਿਉਂਕਿ ਉਹਨੇ ਬਟਨ ਤੋਂ ਹੱਥ ਨਹੀਂ ਸੀ ਚੁੱਕਿਆ, ਇਸ ਲਈ ਉਹਦਾ ਸਾਰਾ ਡਰੰਮ ਖਾਲੀ ਹੋ ਗਿਆ ਸੀ।
ਡੁੱਲ੍ਹੀ ਹੋਈ ਆਈਸਕਰੀਮ ਦੇਖ ਕੇ ਉਹ ਆਸੇ-ਪਾਸੇ ਦੇਖੇ ਬਈ ਕੋਈ ਹੋਰ ਤਾਂ ਨਹੀਂ ਦੇਖ ਰਿਹਾ। ਉਹਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ ਤੇ ਕੀ ਨਾ। ਮੈਂ ਵੀ ਦੰਦ ਕੱਢਣ ਲੱਗ ਗਈ। ਮੈਥੋਂ ਤਾਂ ਰੋਕਿਆਂ ਵੀ ਆਪਣਾ ਹਾਸਾ ਨਾ ਰੁਕੇ। ਉਹ ਬਿਚਾਰਾ ਕੱਚਾ ਜਿਹਾ ਹੋਇਆ ਖੜਿਆ ਨਹੀਂ। ਵੈਨ ਭਜਾ ਕੇ ਉਹਨੇ ਤਾਂ ਉੱਥੋਂ ਉੱਡਣ ਦੀ  ਕੀਤੀ। ਉਸ ਦਿਨ ਤੋਂ ਪਿਛੋਂ ਮੁੜ ਕੇ ਨਹੀਂ ਉਹ ਕਦੇ ਸਾਡੀ ਗਲੀ ’ਚ ਆਇਆ। 
ਔਲਮਰੌਕ ਰੋਡ ਹੁੰਦੀ, ਲੇਡੀਪੂਲ ਰੋਡ ਜਾਂ ਸਟੈੱਟਫਰਡ ਰੋਡ, ਜਿੱਥੋਂ ਵੀ ਮੈਂ ਲੰਘਦੀ ਹੁੰਦੀ ਸੀ, ਲੋਕੀ ਆਪਣੇ ਕੰਮ-ਧੰਦੇ ਛੱਡ ਕੇ ਮੈਨੂੰ ਦੇਖਣ ਬੈਠ ਜਾਂਦੇ ਹੁੰਦੇ ਸੀ। ਇਕ ਵਾਰ ਮੈਂ ਸਟੈੱਟਫਰਡ ਰੋਡ ਦੇ ਕਿਨਾਰੇ ਫੁੱਟਪਾਥ ’ਤੇ ਜਾ ਰਹੀ ਸੀ। ਇੱਕ ਕਾਰ ਵਾਲੇ ਨੌਜਵਾਨ ਦੀ ਨਿਗਾਹ ਮੇਰੇ ’ਤੇ ਪੈ ਗਈ ਤੇ ਉਹ ਮੇਰੇ ਵੱਲ ਤੱਕਣ ਲੱਗ ਗਿਆ। ਮੇਰੇ ਕੋਲ ਦੀ ਲੰਘਦੇ ਹੋਏ ਨੇ ਉਹਨੇ ਮੇਰਾ ਧਿਆਨ ਖਿੱਚਣ ਲਈ ਕਾਰ ਦੀ ਟੇਪ ਉੱਚੀ ਕਰ ਦਿੱਤੀ। ਐਵੇਂ ਹੀ ਬਿਨਾਂ ਮਤਲਬ ਮੈਨੂੰ ਉਸਦੀ ਇਸ ਹਰਕਤ ਉੱਤੇ ਹਾਸਾ ਆ ਗਿਆ। ਮੈਨੂੰ ਮੁਸਕਰਾਉਂਦੀ ਦੇਖ ਕੇ ਉਹਨੂੰ ਤਾਂ ਲੋਹੜੇ ਦਾ ਚਾਅ ਚੜ੍ਹ ਗਿਆ। ਉਹਨੇ ਸਮਝਿਆ ਹੋਣਾ ਪੱਟ ਲਈ ਕਬੂਤਰੀ। ਉਹ ਕਦੇ ਸੜਕ ’ਤੇ ਮੂਹਰੇ ਨੂੰ ਚਲਾ ਜਾਇਆ ਕਰੇ ਤੇ ਥੋੜ੍ਹਾ ਅੱਗੇ ਜਾ ਕੇ ਗੱਡੀ ਮੋੜ ਕੇ ਪਿਛਾਂਹ ਨੂੰ ਲੈ ਆਇਆ ਕਰੇ। ਪਿਛਾਂਹ  ਤੋਂ ਮੋੜ ਕੇ ਫੇਰ ਮੁਹਰ ਨੂੰ ਆ ਜਾਇਆ ਕਰੇ। ਮੈਂ ਆਪਣੇ ਰਾਹ ਤੁਰਦੀ ਗਈ। ਅੱਗੇ ਚੌਂਕ ਦੀਆਂ ਟਰੈਫ਼ਿਕ ਲਾਈਟਾਂ ’ਤੇ ਲਾਲ ਬੱਤੀ ਹੋਈ ਹੋਈ ਸੀ। ਕਾਰ ਵਾਲੇ ਦੀ ਗੱਡੀ ਚਲਾਉਂਦੇ ਦੀ ਨਿਗਾਹ ਮੇਰੇ ’ਚ ਸੀ। ਉਹਨੇ ਅੱਗੇ ਦੇਖਿਆ ਨਾ ਤੇ ਧੈੜ ਦੇਣੇ ਖੜ੍ਹੀਆਂ ਗੱਡੀਆਂ ’ਚ ਮਾਰ ਕੇ ਆਪਣੀ ਸਾਰੀ ਕਾਰ ਭੰਨਾ ਲਈ । ਮੈਂ ਉੱਥੇ ਭਰੇ ਬਜ਼ਾਰ ਵਿੱਚ ਸੜਕ ’ਤੇ ਹੀ ਉੱਚੀ-ਉੱਚੀ ਹੱਸਣੋਂ ਨਾ ਹਟੀ। ਮੈਂ ਕਿਹਾ, “ਆਸ਼ਕਾ ਹੋਰ ਕਰ ਅੱਖਾਂ ਤੱਤੀਆਂ। ਹੁਣ ਕਾਰ ਮਕੈਨਿਕਾਂ ਦੀਆਂ ਜੇਬਾਂ ਗਰਮ ਹੋਣਗੀਆਂ।” ਮੇਰੇ ਟਿੱਚਰ ਕਰਨ ’ਤੇ ਉਹ ਬੇਚਾਰਾ ਜਿੱਚ ਹੋ ਗਿਆ ਸੀ। 
ਨਿੱਕੀ ਹੁੰਦੀ ਨੇ ਮੈਂ ਇੱਕ ਪੰਜਾਬੀ ਲੋਕ ਗੀਤ ਸੁਣਿਆ ਕਰਨਾ, ‘ਟੁੱਟ ਪੈਣੇ ਦਰਜੀ ਨੇ ਮੇਰੀ ਰੱਖਲੀ ਝੱਗੇ ਚੋਂ ਟਾਕੀ।’ ਮੈਨੂੰ ਤਅੱਜਬ ਹੋਣਾ ਕਿ ਦਰਜੀ ਨੇ ਟਾਕੀ ਰੱਖ ਕੇ ਕੀ ਕਰਨੈ? ਇਸ ਗੱਲ ਦੀ ਮੈਨੂੰ ਉਦੋਂ ਸਮਝ ਆਈ ਜਦੋਂ ਅੰਮੀ ਨੇ ਪਾਕਿਸਤਾਨ ਤੋਂ ਆਏ ਕਿਸੇ ਜਵਾਨ ਦਰਜੀ ਤੋਂ ਮੇਰਾ ਸੂਟ ਸਿਲਵਾਇਆ। ਉਸ ਦਰਜੀ ਨੇ ਮੇਰੇ ਸੂਟ ਵਿੱਚ ਕੱਪੜਾ ਰੱਖ ਕੇ ਉਸਦੇ ਰੁਮਾਲ ਬਣਾ ਬਣਾ ਕੇ ਉਨ੍ਹਾਂ ਸਭਨਾ ਮੁੰਡਿਆਂ ਨੂੰ ਵੇਚ ਦਿੱਤੇ ਸਨ, ਜੋ ਮੇਰੇ ’ਤੇ ਆਸ਼ਕ ਸਨ।
ਈਦ ਦੇ ਦਿਨਾਂ ਵਿੱਚ ਸਖੀਆਂ ਸਹੇਲੀਆਂ ਨਾਲ ਰਲ, ਪੂਰਾ ਪਹਿਨ-ਪਚਰ ਕੇ ਜਦੋਂ ਮੈਂ ਸਿਟੀ ਸੈਂਟਰ ਗੇੜਾ-ਸ਼ੇੜਾ ਦੇਣ ਜਾਇਆ ਕਰਨਾ ਤਾਂ ਗੋਰੀਆਂ ਵੀ ਮੈਨੂੰ ਦੇਖ ਕੇ ਮੱਚ ਜਾਂਦੀਆਂ ਹੁੰਦੀਆਂ ਸੀ, ਕਿਉਂਕਿ ਮੁੰਡੇ-ਖੁੰਡੇ ਸਾਰੇ ਮੇਰੇ ਤੋਂ ਅੱਖ ਚੁੱਕਦੇ ਹੀ ਨਹੀਂ ਸਨ ਹੁੰਦੇ। ਉਹ ਬਿਚਾਰੀਆਂ ਸੈਕਸੀ ਡਰੈੱਸਾਂ ਪਾ ਪਾ  ਜਾਣ ਕੇ ਅੰਗ ਪ੍ਰਦਰਸ਼ਨ ਕਰਿਆ ਕਰਦੀਆਂ ਸਨ ਤਾਂ ਕਿ ਚੋਬਰ ਉਨ੍ਹਾਂ ਦੇ ਮਗਰ ਲੱਗਣ। ਸਾਦੇ ਜਿਹੇ ਪੰਜਾਬੀ ਸੂਟ ਵਿੱਚ ਮੇਰਾ ਸਾਰਾ ਬਦਨ ਲੁਕਿਆ ਹੋਇਆ ਹੋਣ ਦੇ ਬਾਵਜੂਦ ਵੀ ਮੁੰਡਿਆਂ ਦੀ ਹੇੜ ਮੇਰੇ ਮਗਰ ਹੀ ਲੱਗ ਤੁਰਦੀ ਹੁੰਦੀ ਸੀ। ਅਜਿਹੀਆਂ ਨੰਗੇਜ਼ਵਾਦੀ ਮੁਟਿਆਰਾਂ ਨੂੰ ਦੇਖ ਕੇ ਮੈਂ ਸੋਚਦੀ ਹੁੰਦੀ ਸੀ ਕਿ ਸਮੇਂ ਦੇ ਬਦਲਣ ਨਾਲ ਲੋਕਾਂ ਦੀ ਸੋਚ ਵਿੱਚ ਕਿਸ ਕਦਰ ਤਬਦੀਲੀ ਆ ਜਾਂਦੀ  ਹੈ।  ਦੁਆਪਰ ਯੁੱਗ ਵਿੱਚ ਪਾਡਵਾਂ ਵੱਲੋਂ ਜੂਏ ਵਿੱਚ ਹਾਰੀ ਹੋਈ ਦਰੋਪਦੀ ਦਾ ਦਰਯੋਧਨ ਦੀ ਭਰੀ ਸਭਾ ਵਿੱਚ ਚੀਰ ਹਰਣ ਕੀਤਾ ਗਿਆ ਸੀ। ਦਰਯੋਧਨ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਦਰੋਪਦੀ ਨੂੰ ਸਭ ਦੇ ਸਾਹਮਣੇ ਨੰਗੀ ਕਰਕੇ ਜਲੀਲ ਕਰਨਾ ਚਾਹੁੰਦਾ ਸੀ ਤੇ ਦਰੋਪਦੀ ਨੇ ਆਪਣੀ ਲਾਜ ਬਚਾਉਣ ਲਈ ਕ੍ਰਿਸ਼ਨ ਭਗਵਾਨ ਨੂੰ ਪੁਕਾਰਿਆ ਸੀ। ਕ੍ਰਿਸ਼ਨ ਨੇ ਆਪਣੀ ਲੀਲਾ ਨਾਲ ਦਰੋਪਦੀ ਦੀ ਸਾੜੀ ਐਨੀ ਲੰਬੀ ਕਰ ਦਿੱਤੀ ਸੀ ਕਿ ਦਰਯੋਧਨ ਦਾ ਭਰਾ ਦੁਸ਼ਾਸ਼ਨ ਉਸਨੂੰ ਲਾਹੁੰਦਾ-ਲਾਹੁੰਦਾ ਥੱਕ ਗਿਆ, ਪਰ ਸਾੜੀ ਅੱਗੇ ਦੀ ਅੱਗੇ ਹੋਰ ਵਧੀ ਗਈ ਤੇ ਮੁੱਕੀ ਹੀ ਨਾ। ਇੱਕ ਉਹ ਵੇਲਾ ਸੀ ਜਦੋਂ ਔਰਤ ਦਾ ਨੰਗਾ ਹੋਣਾ ਘਟੀਆ ਖ਼ਿਆਲ ਕੀਤਾ ਜਾਂਦਾ ਸੀ ਤੇ ਇੱਕ ਇਹ ਕਲਯੁੱਗ ਦਾ ਸਮਾਂ ਹੈ ਜਦੋਂ ਇਸਤਰੀਆਂ ਖੁਦ-ਬਾ-ਖੁਦ ਆਪਣੇ ਕੱਪੜੇ ਉਤਾਰ ਕੇ ਨਗਨ ਹੋਣ ’ਤੇ ਤੁਲੀਆਂ ਹੋਈਆਂ ਹਨ। ਅਜੋਕੇ ਯੁੱਗ ਵਿੱਚ ਔਰਤਾਂ ਦਾ ਆਪਣੇ ਜਿਸਮ ਦੀ ਨੁਮਾਇਸ਼ ਕਰਨਾ ਫੈਸ਼ਨ ਬਣ ਗਿਆ ਹੈ। ਇੰਗਲੈਂਡ ਤੇ ਹੋਰ ਸਾਰੇ ਪੰਛਮੀ ਦੇਸ਼ਾਂ ਵਿੱਚ ਜਗ੍ਹਾ-ਜਗ੍ਹਾ ਐਸੇ ਕਲੱਬ ਬਣੇ ਹੋਏ ਹਨ, ਜਿੱਥੇ ਅੱਯਾਸ਼ ਮਰਦਾਂ ਮੂਹਰੇ ਔਰਤਾਂ ਆਪਣੇ ਵਸਤਰ ਉਤਾਰ ਕੇ ਅਲਫ ਨੰਗੀਆਂ ਨੱਚਦੀਆਂ ਹਨ। ਇਸ ਕਿਸਮ ਦੀਆਂ ਨਾਚੀਆਂ ਨੂੰ ਸਟਰਿਪਟੀਜ਼ ਆਖਿਆ ਜਾਂਦਾ ਹੈ। 
ਉਪਗ੍ਰਿਹ ’ਤੇ ਚੱਲਣ ਵਾਲੇ ਬਾਲਗਾਂ ਦੇ ਇੱਕ ਚੈਨਲ ਵਿੱਚ ਤਾਂ ਮੈਂ ਇੱਥੋਂ ਤੱਕ ਦੇਖਿਆ ਹੈ ਕਿ ਨਿਊਜ਼ ਰੀਡਰ ਖ਼ਬਰਾਂ ਪੜ੍ਹਨ ਆਉਂਦੀ ਹੈ ਤੇ ਜਿਉਂ-ਜਿਉਂ ਖ਼ਬਰਾਂ ਪੜ੍ਹਦੀ ਜਾਂਦੀ ਹੈ ਤਿਉਂ-ਤਿਉਂ ਇੱਕ-ਇੱਕ ਕਰਕੇ ਆਪਣੇ ਸ਼ਰੀਰ ਤੋਂ ਕੱਪੜੇ ਉਤਾਰਦੀ ਜਾਂਦੀ ਹੈ। ਖ਼ਬਰਾਂ ਦੇ ਅੰਤ ਤੱਕ ਮੌਸਮ ਦਾ ਹਾਲ ਦੱਸਣ ਵੇਲੇ ਉਸਦੇ ਤਨ ਉੱਤੇ ਇੱਕ ਵੀ ਲੀੜਾ ਨਹੀਂ ਹੁੰਦਾ ਤੇ ਇਸ ਅਵਸਥਾ ਵਿੱਚ ਉਹ ਦੱਸਦੀ ਹੁੰਦੀ ਹੈ, “ਬਾਰਸ਼ ਹੋਵੇਗੀ, ਬਰਫ਼ ਪਵੇਗੀ, ਤਾਪਮਾਨ -16/-17 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਅਰਥਾਤ ਬਹੁਤ ਜ਼ਿਆਦਾ ਠੰਡ ਹੋ ਜਾਵੇਗੀ। ਮੇਰਾ ਨਿਊਜ਼ ਰੀਡਰ ਨੂੰ ਇੰਝ ਆਖਦੀ ਹੋਈ ਦੇਖ ਕੇ ਜੀਅ ਕਰੇ ਕਿ ਉਹਨੂੰ ਸਵਾਰ ਕੇ ਪੁੱਛਾਂ ਬਈ ਜੇ ਐਨੀ ਸਰਦੀ ਹੋ ਜਾਣੀ ਹੈ ਤਾਂ ਹਰਾਂਬੜੇ ਤੂੰ ਕਿਉਂ ਲੀੜੇ ਲਾਹੀ ਖੜ੍ਹੀ ਐ? ਬਿਮਾਰ ਹੋਣੈ ਤੈਂ ਐਕਸਪੋਜ਼ ਕਰਕੇ? ਕਿ ਤੇਰੇ ’ਚ ਬਹੁਤੀ ਗਰਮੀ ਹੈ? 
ਦਰਅਸਲ ਉਹ ਵੀ ਕੀ ਕਰਨ? ਉਨ੍ਹਾਂ ਦਾ ਤਾਂ ਧੰਦਾ ਹੈ। ਠਰਕੀ ਲੋਕ ਉਨ੍ਹਾਂ ਅਣਕੱਜੀਆਂ ਤੀਵੀਆਂ ਦੇ ਸ਼ਰੀਰਾਂ ਨੂੰ ਦੇਖ ਕੇ ਆਪਣਾ ਮਨਪ੍ਰਚਾਵਾ ਕਰਦੇ ਹਨ। ਟੀਵੀ ਚੈਨਲਾਂ ਵਾਲੇ ਨੋਟ ਕਮਾਉਂਦੇ ਹਨ ਤੇ ਇਹੋ ਜਿਹੀਆਂ ਕੁੜੀਆਂ ਆਪਣੀ ਜ਼ਿਹਨੀ ਅਯਾਸ਼ੀ ਪੂਰੀ ਕਰਦੀਆਂ ਹਨ। 
ਇਸੇ ਕਿਸਮ ਦੇ ਵਿਚਾਰਾਂ ਵਾਲੀ ਹਿੰਦੀ ਫ਼ਿਲਮਾਂ ਦੀ ਇੱਕ ਐਕਟਰੈੱਸ ਮਮਤਾ ਕੁਲਕਰਨੀ ਨੂੰ ਕਿਸੇ ਪੱਤਰਕਾਰ ਨੇ ਇੰਟਰਵਿਊ ਵਿੱਚ ਸਵਾਲ ਪੁੱਛਿਆ, “ਤੁਸੀਂ ਅੰਗ ਪ੍ਰਦਰਸ਼ਨ ਕਰਨ ਲੱਗੇ ਜ਼ਰਾ ਵੀ ਪ੍ਰਹੇਜ਼ ਕਿਉਂ ਨਹੀਂ ਕਰਦੇ?” ਤਾਂ ਜੁਆਬ ਵਿੱਚ ਮਮਤਾ ਆਖਣ ਲੱਗੀ, “ਅਗਰ ਰੱਬ ਨੇ ਮੈਨੂੰ ਖ਼ੂਬਸੂਰਤ ਸ਼ਰੀਰ ਦਿੱਤਾ ਹੈ ਤਾਂ ਮੈਂ ਉਹ ਲੋਕਾਂ ਨੂੰ ਕਿਉਂ ਨਾ ਦਿਖਾਵਾਂ? ਇਸ ਵਿੱਚ ਹਰਜ਼ ਹੀ ਕੀ ਹੈ?” ਕਹਿੰਦੇ ਨੇ ਫਿਰ ਉਹਨੂੰ ਪੱਤਰਕਾਰ ਨੇ ਮੁੜਵਾਂ ਉੱਤਰ ਦਿੱਤਾ ਕਿ, “ਫੇਰ ਅੱਧੇ ਕੱਪੜੇ ਕਿਉਂ ਲਾਹੁੰਦੀ ਐਂ? ਸਾਰੇ ਹੀ ਲਾਹ ਲਿਆ ਕਰ ਤਾਂ ਕਿ ਲੋਕ ਰੱਜ ਕੇ ਤੇਰੇ ਪੂਰੇ ਜਿਸਮ ਦੀ ਖ਼ੂਬਸੂਰਤੀ ਮਾਣ ਸਕਿਆ ਕਰਨ।” 
ਗੱਲ ਵੀ ਅੱਗਲੇ ਦੀ ਸਹੀ ਸੀ। ਬਈ ਸਟਾਰਡੱਸਟ ਮੈਗ਼ਜ਼ੀਨ ਦੇ ਕਵਰ ਲਈ ਸਿਰਫ਼ ਟੌਪਲੈੱਸ ਹੋ ਕੇ ਫੋਟੋਆਂ ਖਿਚਵਾ ਕੇ ਲੋਕਾਂ ਨੂੰ ਤੜਫਾਉਂਦੀ ਕਿਉਂ ਹੈ? ਹੇਠਲੇ ਕੱਪੜੇ ਵੀ ਉਤਾਰ ਕੇ ਸਾਰੇ ਆਪਣੇ ਸਾਰੇ ਐਸਿਟਸ ਦਿਖਾ ਦਿਆ ਕਰ ਤਾਂ ਕਿ ਅਗਲੇ ਸਾਰੇ ਜਿਸਮ ਦੀ ਸੁੰਦਰਤਾ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਇਆ ਕਰਨ। 
ਮੇਰੇ ਖ਼ਿਆਲ ਅਨੁਸਾਰ ਇਹ ਧਾਰਨਾ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ ਕਿ ਵਸਤਰ ਉਤਾਰ ਕੇ ਹੀ ਬਦਨ ਦੀ ਖ਼ੂਬਸੂਰਤੀ ਦਿਖਾਈ ਜਾ ਸਕਦੀ ਹੈ। ਸੁੰਦਰਤਾ ਤਾਂ ਕੱਪੜੇ ਪਹਿਨਿਆਂ ਤੋਂ ਵੀ ਗੁੱਝੀ ਨਹੀਂ ਰਹਿੰਦੀ। ਆਪ ਮੁਹਾਰੇ ਉਜਾਗਰ ਹੋ ਜਾਂਦੀ ਹੈ। ਸਗੋਂ ਕੱਪੜੇ ਤਾਂ ਉਨ੍ਹਾਂ ਜਿਸਮਾਨੀ ਅੰਗਾਂ ਨੂੰ ਵੀ ਸੋਹਣੇ ਬਣਾ ਕੇ ਪੇਸ਼ ਕਰਦੇ ਹਨ ਜੋ ਅਸਲ ਵਿੱਚ ਸੁੰਦਰ ਨਹੀਂ ਹੁੰਦੇ। ਵਸਤਰ ਉਤਾਰਿਆਂ ਤਾਂ ਸ਼ਰੀਰ ਦੀ ਕਰੂਪਤਾ ਅਤੇ ਕੋਹਜ ਹੀ ਪ੍ਰਗਟ ਹੁੰਦਾ ਹੈ। ਮਹਾਨ ਦਾਨਸ਼ਵਰ ਖਲੀਲ ਜ਼ਿਬਰਾਨ ਵੀ ਇਸਦੀ ਪ੍ਰੋੜਤਾ ਕਰਦਾ ਹੋਇਆ ਕਹਿੰਦਾ ਹੈ, “ਕੱਪੜੇ ਉਹ ਕੁੱਝ ਨਹੀਂ ਲਕੋਂਦੇ ਜੋ ਸੁੰਦਰ ਹੁੰਦਾ ਹੈ। ਬਲਕਿ ਉਹ ਢੱਕਦੇ ਹਨ ਜੋ ਸੁੰਦਰ ਨਹੀਂ ਹੁੰਦਾ।”  
ਬਹਰਹਾਲ ਮੈਂ ਆਪਣੇ ਨਾਲ ਦੀਆਂ ਕੁੜੀਆਂ ਬਾਰੇ ਦੱਸ ਰਹੀ ਸੀ। ਬੱਸ ਵਿੱਚ ਜਿਸ ਸੀਟ ਉੱਤੇ ਮੈਂ ਬੈਠਦੀ ਹੁੰਦੀ ਸੀ, ਉਸਦੇ ਆਸੇ-ਪਾਸੇ ਵਾਲੀਆਂ ਸੀਟਾਂ ’ਤੇ ਨੱਢੇ ਛਾਉਣੀ ਪਾ ਕੇ ਬੈਠ ਜਾਂਦੇ ਹੁੰਦੇ ਸੀ। ਸਾਡੇ ਮੁਹੱਲੇ ਵਿੱਚ ਮੁੰਡਿਆਂ ਦੇ ਗਸ਼ਤੀ ਟੋਲੇ ਆਮ ਹੀ ਭਾਉਂਦੇ ਫਿਰਦੇ ਰਿਹਾ ਕਰਦੇ ਸਨ। ਮੁੰਡੇ ਮੱਖੀਆਂ ਵਾਂਗੂੰ ਮੇਰੇ ਆਲੇ ਦੁਆਲੇ ਭਿਣਕਦੇ ਹੁੰਦੇ ਸਨ।
ਦੁਨੀਆਂ ਦਾ ਮਹਾਨ ਵਿਗਿਆਨੀ ਨਿਊਟਨ, ਇੱਕ ਦਿਨ ਬਾਗ ਵਿੱਚ ਬੈਠਾ ਸੀ। ਉਹਨੇ ਦੇਖਿਆ ਦਰੱਖਤ ਤੋਂ ਟੁੱਟ ਕੇ ਇੱਕ ਸੇਬ ਹੇਠਾਂ ਡਿੱਗਿਆ। ਇਹ ਦੇਖ ਕੇ ਨਿਊਟਨ ਨੂੰ ਹੈਰਾਨੀ ਹੋਈ, ਬਈ ਸੇਬ ਹੇਠਾਂ ਕਿਉਂ ਡਿੱਗਿਐ? ਉੱਪਰ ਕਿਉਂ ਨਹੀਂ ਗਿਆ? ਉਹਨੇ ਇਸ ਉੱਤੇ ਬੜੀ ਖੋਜ ਕੀਤੀ ਤੇ ਪਤਾ ਲਾਇਆ ਕਿ ਧਰਤੀ ਵਿੱਚ ਗੁਰੂਤਾ ਆਕਰਨ ਬਲ ਹੁੰਦਾ ਹੈ ਜਿਸ ਕਰਕੇ ਧਰਤੀ ਹਰ ਵਸਤੂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਮੈਂ ਕਹਿੰਦੀ ਹਾਂ ਇਹ ਗਰੂਰਤਾ ਖਿੱਚ ਧਰਤੀ ਵਿੱਚ ਹੀ ਨਹੀਂ ਹੁੰਦੀ, ਸਗੋਂ ਹਰ ਖ਼ੂਬਸੂਰਤ ਸ਼ੈਅ ਵਿੱਚ ਹੁੰਦੀ ਹੈ। ਕਿੰਨੀਆਂ ਵੀ ਕਹਿੰਦੀਆਂ ਕਹਾਉਂਦੀਆਂ ਕੁੜੀਆਂ ਦਾ ਟੋਲਾ ਮੇਰੇ ਇਰਦ-ਗਿਰਦ ਝੁਰਮਟ ਪਾਈ ਕਿਉਂ ਨਾ ਖੜ੍ਹਾ ਹੁੰਦਾ। ਮੁੰਡਿਆਂ ਦੀ ਨਿਗਾਹ ਮੇਰੇ ’ਤੇ ਆ ਕੇ ਖੜਦੀ ਤੇ ਮੇਰੇ ਉੱਤੇ ਹੀ ਜੰਮ ਜਾਂਦੀ। ਮੈਨੂੰ ਕੁੜੀਆਂ ਛੇੜਦੀਆਂ ਹੁੰਦੀਆਂ ਸਨ, “ਨੀ ਸ਼ਾਜ਼ੀਆ ਤੇਰੇ ’ਚ ਤਾਂ ਪ੍ਰਿਥਵੀ ਨਾਲੋਂ ਵੀ ਜ਼ਿਆਦਾ ਗੁਰੂਤਾ ਖਿੱਚ ਹੈ।”
“ਸੱਚ! ਇਸਲਾਮਿਕ ਔਰਤਾਂ ਅਤੇ ਇਮਾਰਤਾਂ, ਦੋਨਾਂ ਦੀਆਂ ਸੁੰਦਰਤਾ ਦੀ ਕੋਈ ਰੀਸ ਨਹੀਂ ਕਰ ਸਕਦਾ।” ਕੋਈ ਹੋਰ ਜਣੀ ਕਹਿੰਦੀ। 
ਅੰਗਰੇਜ਼ ਸਹੇਲੀਆਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੁੰਦਾ ਸੀ। ਹੋਰ ਕੁੜੀਆਂ ਖ਼ੂਬਸੂਰਤ ਬਣਨ ਲਈ ਸੌ-ਸੌ ਪਾਉਡਰ, ਕਰੀਮਾਂ ਲਾਉਂਦੀਆਂ ਹੁੰਦੀਆਂ ਸਨ, ਮੈਂ ਕਦੇ ਕੁੱਝ ਨਹੀਂ ਸੀ ਮਲਿਆ। ਰੱਬ ਨੇ ਹੀ ਮੈਨੂੰ ਹੁਸਨ  ਦੀ ਦਾਤ ਨਾਲ ਲੱਦ ਦਿੱਤਾ ਸੀ। ਐਸਾ ਕੋਈ ਵੀ ਚੋਬਰ ਮੇਰੇ ਖ਼ਿਆਲ ਵਿੱਚ ਨਹੀਂ ਆਉਂਦਾ ਹੈ, ਜਿਹੜਾ ਮੇਰੇ ਉੱਤੇ ਨਹੀਂ ਸੀ ਮਰਦਾ। ਜਮਾਤ ਵਿੱਚ ਲਿਖਦੀ ਹੋਈ ਦੀ ਜੇ ਕਿੱਧਰੇ ਪੈੱਨਸਲ ਦਾ ਸਿੱਕਾ ਮਾੜਾ ਜਿਹਾ ਭੁਰ ਜਾਣਾ ਤਾਂ ਸਾਰੇ ਮੁੰਡੇ ਆਪਣੀਆਂ ਘੜੀਆਂ-ਘੜਾਈਆਂ ਪੈੱਨਸਲਾਂ ਮੈਨੂੰ ਪੇਸ਼ ਕਰ ਦਿੰਦੇ ਹੁੰਦੇ ਸੀ। ਹਰ ਕੋਈ ਮੇਰੇ ਕੰਮ ਆਉਣ ਦੇ ਮੌਕੇ ਤਲਾਸ਼ਦਾ ਰਹਿੰਦਾ ਹੁੰਦਾ ਸੀ। ਮੈਨੂੰ ਬੜਾ ਚੰਗਾ ਲੱਗਣਾ। ਇੰਝ ਮਹਿਸੂਸ ਹੋਣਾ ਜਿਵੇਂ ਮੈਂ ਕੋਈ ਰਾਜਕੁਮਾਰੀ ਹੋਵਾਂ। ਕਈ ਕੁੜੀਆਂ ਮੇਰੀ ਤਕਦੀਰ ਤੋਂ ਸੜਦੀਆਂ ਹੁੰਦੀਆਂ ਸਨ। 
ਇੱਕ ਅੰਗਰੇਜ਼ ਕੁੜੀ, ਐਂਜ਼ਲਾ ਮੇਰੀ ਕਲਾਸ-ਫੈਲੋ ਹੁੰਦੀ ਸੀ। ਉਹ ਜਮੀਕਣ ਮੁੰਡੇ ਸਟੈਨ ਨਾਲ ਮੁਲਾਜੇਦਾਰੀ ਪਾਉਣੀ ਚਾਹੁੰਦੀ ਸੀ। ਪਰ ਸਟੈਨ ਮੇਰੇ ’ਤੇ ਆਸ਼ਕ ਹੋਇਆ ਸਮਝਦਾ ਸੀ ਸ਼ਾਇਦ ਮੈਂ ਉਹਦੇ ਨਾਲ ਫਸ ਜਾਊਂਗੀ। ਇਹ ਜਿਹੜੇ ਨੀਗਰੋ ਲੋਕ ਹੁੰਦੇ ਹਨ, ਨਾ? ਇਨ੍ਹਾਂ ਨੂੰ ਆਪਣੇ ਬਾਰੇ ਖ਼ੁਸ਼ਫਹਿਮੀ ਹੁੰਦੀ ਹੈ। ਬਈ ਇਹ ਬਹੁਤ ਧਮਾਕੇਦਾਰ ਹੁੰਦੇ ਹਨ। ਜਦ ਕਿ ਹਕੀਕਤ ਵਿੱਚ ਅਜਿਹਾ ਕੁੱਝ ਵੀ ਨਹੀਂ ਹੁੰਦਾ। ਇਹ ਮਹਿਜ਼ ਇੱਕ ਭਰਮ ਹੀ ਹੁੰਦਾ ਹੈ। ਜਿਸਦੇ ਕਿ ਬਹੁਤੇ ਲੋਕ (ਆਮ ਤੌਰ ’ਤੇ ਵਧੇਰੇ ਔਰਤਾਂ, ਜਿਨ੍ਹਾਂ ਚੋਂ ਬਹੁਤੀਆਂ ਤਾਂ ਅੰਗਰੇਜ਼ ਅਤੇ ਕੁੱਝ ਕੁ ਏਸ਼ੀਅਨ ਕੁੜੀਆਂ ਵੀ) ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਨੂੰ ਪੁੱਛੇ, ਬਈ  ਜੇ ਕਾਲਿਆਂ ਵਿੱਚ ਐਨੀ ਹੀ ਰੜਕ ਹੁੰਦੀ ਹੈ ਤਾਂ ਕਾਲੀਆਂ, ਗੋਰਿਆਂ ਜਾਂ ਏਸ਼ੀਅਨਾਂ  ਕੋਲ ਫੇਰ ਕਾਸ ਨੂੰ ਜਾਂਦੀਆਂ ਹੁੰਦੀਆਂ ਹਨ? ਸਾਡੇ ਸਾਹਮਣੇ ਘਰ ਵਿੱਚ ਅਫਰੀਕਣ ਕਾਲੇ ਨਾਲ ਇੱਕ ਐਫਰੋਕੈਰੀਬੀਅਨ ਕਾਲੀ ਰਹਿੰਦੀ ਹੁੰਦੀ ਸੀ। ਸਵੇਰੇ ਨੂੰ ਕਾਲੇ ਨੇ ਜਦੋਂ ਕੰਮ ’ਤੇ ਚਲਿਆ ਜਾਣਾ ਤਾਂ ਮਗਰੋਂ ਕਾਲੀ ਕੋਲ ਇੱਕ ਗੋਰੇ ਨੇ ਆ ਜਾਣਾ। ਸਾਰਾ ਦਿਨ ਗੋਰੇ ਨੇ ਉੱਥੇ ਰਹਿਣਾ ਅਤੇ ਸ਼ਾਮ ਨੂੰ ਕਾਲੇ ਦੇ ਆਉਂਣ ਤੋਂ ਅੱਗੋਂ-ਅੱਗੋਂ ਚਲਿਆ ਜਾਣਾ। ਡੇਢ ਦੋ ਸਾਲ ਤੋਂ ਮੈਂ ਆਹੀ ਕੁੱਝ ਹੁੰਦਾ ਦੇਖਦੀ ਸੀ। ਫੇਰ ਇੱਕ ਦਿਨ ਨਿਊਜ਼ ਏਜੰਟ ਦਿਉਂ ਅਖ਼ਬਾਰ ਲਿਆਉਂਦੀ ਹੋਈ ਉਹ ਕਾਲੀ ਸੈਂਡਰਾ ਮੈਨੂੰ ਟੱਕਰ ਗਈ। ਘਰ ਵੱਲ ਨੂੰ ਤੁਰੀ ਆਉਂਦੀ ਨੇ ਮੈਂ ਉਹਨੂੰ ਛੇੜ ਲਿਆ। ਲੱਗ ਪਈ ਉਹ  ਦੱਸਣ, “ਮੈਂ ਤਾਂ ਇਸ ਅਫਰੀਕਣ ਹਾਥੀ ਨਾਲ ਭੁਲੇਖੇ ’ਚ ਫਸ ਗਈ। ਮੈਂ ਸਮਝਦੀ ਸੀ, ਕਿੱਡਾ ਸਾਰਾ ਕੋਠੇ ਜਿੱਡਾ ਹੈ। ਮੈਨੂੰ ਖੁਸ਼ ਰੱਖਿਆ ਕਰੂ। ਪਰ ਕਾਹਨੂੰ? ਵਿਆਹ ਤੋਂ ਮਗਰੋਂ ਦੋ ਤਿੰਨ ਮਹੀਨੇ ਬੜੀ ਔਖੀ ਹੋ ਕੇ ਸਾਰਿਆ। ਫੇਰ ਗੋਰਾ ਬੋਏਫਰੈਂਡ ਮਿਲਿਆ ਤਾਂ ਕਿਤੇ ਜਾ ਕੇ ਸੁਖਾਲੀ ਹੋਈ। ਨਹੀਂ ਇਹ ਤਾਂ ਨਿਰਾ ਥੋਥਾ ਮਾਲ ਮੇਰੇ ਪੱਲੇ ਪੈ ਗਿਆ ਸੀ। ਸਾਰੀ ਉਮਰ ਸ਼ਰੀਰਕ ਭੁੱਖ ਮਿਟਾਉਣ ਵੱਲੋਂ ਤਰਸਦੀ ਮਰ ਜਾਂਦੀ।”
“ਵਿਆਹ ਤੋਂ ਪਹਿਲਾਂ ਨ੍ਹੀਂ ਸੀ ਪਤਾ?” ਮੈਂ ਸੈਂਡਰਾ ਨੂੰ ਵਿੱਚੋਂ ਟੋਕਿਆ ਸੀ।
“ਨਾ ਪਹਿਲਾਂ ਤਾਂ ਐਵੇਂ…। ਮੈਂ ਸਮਝਦੀ ਸੀ ਵਿਆਹ ਮਗਰੋਂ ਇਕੱਠਾ ਹੀ ਸਰਪਰਾਈਜ਼  ਦੇਊ। ਲੈ, ਕਰ ਲਉ ਘਿਉ ਨੂੰ ਭਾਂਡਾ।  ਚੱਕ ਲਉ। ਦੇ ਦਿੱਤਾ ਸਰਪਰਾਈਜ਼। -ਗੁੱਡੀ, ਤੈਨੂੰ ਪਤੈ ਹਾਥੀ ਦੇ ਜਿਹੜੇ ਦੰਦ ਦਿਸਦੇ ਹੁੰਦੇ ਆ ਵੱਡੇ-ਵੱਡੇ ਉਹ ਤਾਂ ਦਿਖਾਵੇ ਲਈ ਹੀ ਹੁੰਦੇ ਨੇ। ਖਾਣ ਵਾਲੇ ਅਸਲੀ ਦੰਦ ਤਾਂ ਹੋਰ ਹੁੰਦੇ ਨੇ ਛੋਟੇ-ਛੋਟੇ।  ਸੋਈ ਇਹਦਾ ਹਾਲ ਐ।”
“ਤੈਨੂੰ ਡਰ ਨ੍ਹੀਂ ਲੱਗਦਾ? ਜੇ ਕਿਸੇ ਨੇ ਤੇਰੇ ਭਾਲੂ ਰਾਮ ਨੂੰ ਤੁਹਾਡੇ ਅਫੇਅਰ ਬਾਰੇ ਦੱਸ ਦਿੱਤਾ। ਫੇਰ?” ਮੈਂ ਆਪਣੀ ਸ਼ੰਕਾ ਵਿਅਕਤ ਕੀਤੀ ਸੀ।
“ਫੇਰ ਕੀ? ਮੈਂ ਕਿਹੜਾ ਡਰਦੀ ਆਂ? -ਤੈਨੂੰ ਮੈਂ ਦੱਸਦੀ ਹਾਂ, ਇੱਕ ਵਾਰੀ ਸਾਨੂੰ, ਮੇਰਾ ਮਤਲਬ ਮੈਨੂੰ ਤੇ ਮੇਰੇ ਆਸ਼ਕ ਨੂੰ ਲੇਟਿਆਂ ਨੂੰ ਕਿਤੇ ਸ਼ਾਮ ਨੂੰ ਨੀਂਦ ਆ ਗਈ। ਸਾਡੀ ਅੱਖ ਨਾ ਖੁੱਲ੍ਹੀ ਤੇ ਉੱਤੋਂ ਦੀ ਮੇਰਾ ਘਰਵਾਲਾ ਕੰਮ ਤੋਂ ਹਟ ਕੇ ਆ ਗਿਆ। ਸਾਨੂੰ ਘਰਵਾਲੇ ਨੇ ਬੈੱਡਰੂਮ ਵਿੱਚ ਇਕੱਠੇ ਪਿਆਂ ਨੂੰ ਫੜ ਲਿਆ। ਪਹਿਲਾਂ ਤਾਂ ਸਾਨੂੰ ਮਾਰਨ ਨੂੰ ਆਇਆ। ਅਸੀਂ ਦੋਨਾਂ ਜਣਿਆਂ ਨੇ ਫੜ ਕੇ ਕਾਬੂ ਕਰ ਲਿਆ। ਫੇਰ ਰੋਣ ਲੱਗ ਪਿਆ। ਮੈਨੂੰ ਕਹਿੰਦਾ, ਕੀ ਐ ਇਹਦੇ ’ਚ ਜੋ ਮੇਰੇ ਕੋਲ ਨਹੀਂ? ਮੈਂ ਵੀ ਸਿੱਧਾ ਹੀ ਕਹਿਤਾ ਜਕੀ-ਜੁਕੀ ਨ੍ਹੀਂ। ਬਸ ਜਦੇ ਈ ਪੈ ਗਏ ਪਿੱਸੂ। ਬੋਲਿਆ ਨ੍ਹੀਂ। ਉਹਨੂੰ ਵੀ ਆਪਣੀ ਕਮਜ਼ੋਰੀ ਦਾ ਪਤਾ ਸੀ। ਕੋਲ ਤਾਂ ਕੁਸ਼ ਹੈ ਨ੍ਹੀਂ ਸੀ। ਸਾਲਾ ਨਾਮਰਦ। ਸਾਰੀ ਰਾਤ ਮੇਰੇ ਕੋਲ ਰੋਂਦਾ ਰਿਹਾ। ਕਹਿੰਦਾ, ‘ਮੈਨੂੰ ਛੱਡ ਕੇ ਨਾ ਜਾਈਂ।’ ਵਿਆਹ ਕਰਵਾਇਆ ਸੀ। ਘਰਵਾਲਾ ਸੀ ਮੇਰਾ ਫੇਰ ਵੀ। ਮੈਨੂੰ ਵੀ ਤਰਸ ਜਿਹਾ ਆ ਗਿਆ ਇਹਦੇ ਤੇ। ਤਾਂ ਹੀ ਇਹਦੇ ਨਾਲ ਰਹੀ ਜਾਂਦੀ ਆਂ। ਨਹੀਂ, ਮੈਂ ਤਾਂ ਇੱਕ ਦਿਨ ਨ੍ਹੀਂ ਸੀ ਕੱਟਦੀ ਇਹੋ ਜਿਹੇ ਦੇ। ਨਾਲੇ ਫੇਰ ਮੇਰਾ ਯਾਰ  ਉਹ ਗੋਰਾ ਵੀ ਵਿਆਹਿਆ ਹੋਇਐ।” ਸੈਂਡਰਾ ਨੇ ਹੌਂਕਾ ਜਿਹਾ ਲਿਆ। 
ਦੱਸਣਾ ਤਾਂ ਉਹ ਬੜਾ ਕੁੱਝ ਚਾਹੁੰਦੀ ਸੀ। ਪਰ ਜਦ ਨੂੰ ਸਾਡਾ ਘਰ ਆ ਗਿਆ ਸੀ। ਮੈਂ ਸੈਂਡਰਾ ਨੂੰ ਅਲਵਿਦਾ ਕਹਿ ਕੇ ਸੜਕ ਪਾਰ ਕਰ ਗਈ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਅੱਬਾ ਮੈਨੂੰ ਉਹਦੇ ਨਾਲ ਗੱਲਾਂ ਕਰਦੀ ਨੂੰ ਦੇਖ ਲੈਂਦੇ। ਕਿਉਂਕਿ ਸਾਰੇ ਮੁਹੱਲੇ ਵਿੱਚ ਉਹਦੀ ਬਦਚਲਣੀ ਦੇ ਕਿੱਸੇ ਮਸ਼ਹੂਰ ਸਨ। ਸਾਨੂੰ ਸਭ ਨੂੰ ਅੱਬਾ ਨੇ ਸੈਂਡਰਾ ਨਾਲ ਬੋਲਣ-ਚੱਲਣ ਤੋਂ ਮਨ੍ਹਾ ਕਰਿਆ ਹੋਇਆ ਸੀ। ਅੱਬਾ ਦਾ ਖ਼ਿਆਲ ਸੀ ਕਿ ਇੱਕ ਗੰਦੀ ਮੈਸ ਪੂਛ ਮਾਰ ਕੇ ਦੂਜੀਆਂ ਨੂੰ ਵੀ ਲਿਬੇੜ ਦਿੰਦੀ ਹੈ। ਕਬੀਰ ਜੀ ਨੇ ਵੀ ਫ਼ਰਮਾਇਆ ਹੈ, ‘ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲ ਖਾਇ।’ ਬੁਰੇ ਤੋਂ ਪਰ੍ਹੇ ਰਹਿਣ ਨਾਲ ਹੀ ਇੱਜ਼ਤਦਾਰ, ਬਦਨਾਮੀ ਤੋਂ ਬਚ ਸਕਦਾ ਹੈ। ਸੈਂਡਰਾ ਜਿਹੀ ਚਰਿੱਤਰਹੀਨ ਤੀਵੀਂ ਨਾਲ ਕੋਈ ਕਿੰਨੀ ਵੀ ਭਲੀ ਜਨਾਨੀ ਕਿਉਂ ਨਾ ਫਿਰਦੀ ਹੋਵੇ ਤਾਂ ਵੀ ਉਹਨੂੰ ਲੋਕ ਬਦਕਾਰ ਹੀ ਸਮਝਣ ਲੱਗ ਜਾਂਦੇ ਹਨ। ਇਸਦੇ ਮੁਤੱਲਕ  ਕਾਰਵੈਨਟੀਜ ਨੇ ਤਾਂ ਇੱਥੋਂ ਤੱਕ ਕਿਹਾ ਹੈ, ‘ਤੁਸੀਂ ਮੈਨੂੰ ਆਪਣੀ ਸੰਗਤ ਦੱਸੋ, ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਤੁਹਾਡਾ ਇਖਲਾਕ ਕਿਹੋ ਜਿਹਾ ਹੈ।’ ਸੈਂਡਰਾ ਨਾਲ ਮੇਲ-ਜੋਲ ਰੱਖਣ ਤੋਂ ਹਟਾਉਣ ਵਾਲੇ ਅੱਬਾ ਦੇ ਵਿਚਾਰ ਨਾਲ ਮੈਂ ਵੀ ਸਹਿਮਤ ਸੀ। ਮਾੜੀ ਸੰਗਤ ਦਾ ਬੰਦੇ ’ਤੇ ਜ਼ਰੂਰ ਅਸਰ ਪੈਂਦਾ ਹੈ। ਚਾਹੇ ਥੋੜ੍ਹਾ-ਬਹੁਤਾ ਹੀ ਪਵੇ। ਮੈਂ ਤਾਂ ਆਪ ਉਸ ਤੋਂ ਦੂਰ ਹੀ ਰਹਿੰਦੀ ਸੀ। ਇਹ ਤਾਂ ਅਚਾਨਕ ਇਤਫਾਕ ਨਾਲ ਮੁਲਾਕਾਤ ਹੋ ਗਈ ਸੀ। ਨਹੀਂ ਮੈਂ ਕਿੱਥੇ  ਮਿਲਣਾ ਸੀ ਸੈਂਡਰਾ ਨੂੰ।
ਇਸਦੇ ਇਲਾਵਾ ਹੋਰ ਵੀ ਮੇਰੀਆਂ ਸਹਿਪਾਠਣਾਂ ਜਿਨ੍ਹਾਂ ਦੇ ਹਬਸ਼ੀਆਂ ਨਾਲ ਸਰੀਰਕ ਸੰਬੰਧ ਰਹਿ ਚੁੱਕੇ ਸਨ। ਉਹ ਵੀ ਸਭ ਆਪਣੇ ਕਾਮੁਕ ਤਜਰਬਿਆਂ ਬਾਰੇ ਜ਼ਿਕਰ ਕਰਦੀਆਂ।ਸੈਂਡਰਾ ਨੇ ਜੋ ਕਿਹਾ ਸੀ ਮੈਂ ਉਹਦੇ ਨਾਲ ਪੂਰੀ ਸੌ ਫੀਸਦੀ ਸਹਿਮਤ ਸੀ।
ਖ਼ੈਰ, ਮੈਂ ਸਟੈਨ ਦੀ ਗੱਲ ਦੱਸ ਰਹੀ ਸੀ। ਸਟੈਨ ਐਨਾ ਲਾਖਾ ਤੇ ਕਰੂਪ ਸੀ ਕਿ ਮੈਨੂੰ ਕੱਚੇ ਦੁੱਧ ਵਰਗੀ ਨੂੰ ਤਾਂ ਉੁਹਦੀ ਕਾਲੇ-ਭੂਤ ਦੀ ਸ਼ਕਲ ਤੋਂ ਹੀ ਐਲਰਜ਼ੀ ਸੀ। ਉਹ ਨਿਰਾ ਸੜਕ ’ਤੇ ਪਾਉਣ ਵਾਲੀ ਲੁੱਕ ਦਾ ਡਰੰਮ ਲੱਗਦਾ ਸੀ। ਕਈ ਕੁੜੀਆਂ ਵੀ ਉਹਨੂੰ ਉਹਦੇ ਕਾਲੇ ਰੰਗ ਕਰਕੇ ਡੀਜਲ ਕਹਿ ਕੇ ਹੀ ਛੇੜਦੀਆਂ ਹੁੰਦੀਆਂ ਸਨ। ਬੁੱਲ੍ਹੜ ਜਿਹੇ ਦੀ ਉਹਦੀ ਬੁੱਥੀ ਇਉਂ ਸੀ ਜਿਵੇਂ ਰੱਬ ਨੇ ਮੁਹਾਂਦਰਾ ਬਣਾ ਕੇ ਮਗਰੋਂ ਨੱਕ ਉੱਤੇ ਫਿਉਣ ਲਈ ਮੁੱਕੀ ਮਾਰ ਦਿੱਤੀ ਹੋਵੇ। ਨੱਭਲ ਜਿਹਾ। ਮੈਨੂੰ ਤਾਂ ਉਹਦੇ ਲੰਗੂਰ ਜਿਹੇ ਬਾਰੇ ਸੋਚ ਕੇ ਹੀ ਉਲਟੀ ਆਉਣ ਲੱਗ ਜਾਂਦੀ ਹੈ। 
ਇੱਕ ਦਿਨ ਜਮਾਤ ਵਿੱਚ ਮੇਰੇ ਨਾਲ ਡੈਸਕ ’ਤੇ ਬੈਠੀ ਹੋਈ ਐਂਜ਼ਲਾ ਕਹਿਣ ਲੱਗੀ, “ਅੜੀਏ, ਮੈਥੋਂ ਤਾਂ ਸਟੈਨ ਨਹੀਂ ਪੱਟ ਹੁੰਦਾ। ਚੱਲ ਤੂੰ ਹੀ ਅੜਾ ਲੈ ਉਹਦੇ ਨਾਲ ਕੁੰਡੀ? ਡੁੱਲ੍ਹਿਆ ਫਿਰਦੈ ਉਹ ਤੇਰੇ ’ਤੇ ਤਾਂ?”
“ਕਿੱਥੇ ਮੈਂ ਚੋਟੀ ਦੀ ਹੁਸੀਨ, ਮੁਸਲਮਾਨਣੀ ਤੇ ਕਿੱਥੇ ਉਹ ਚਿੱਬ-ਖੜਿਬਾ ਜਿਹਾ ਹਬਸ਼ੀ? ਕਾਲਾ ਕਲੂਟਾ ਬੈਂਗਣ ਲੂਟਾ। ਹੂੰ! ਮੂੰਹ ਨਾ ਮੱਥਾ, ਕਾਲਾ ਜਿੰਨ ਪਹਾੜੋਂ ਲੱਥਾ। ਮੇਰੀ ਤਾਂ ਉਹਨੂੰ ਜੁੱਤੀ ਨਾ ਸਿਆਣੇ। ਤੇਰੀ ਇਹ ਕਹਿਣ ਦੀ ਜੁਰਅੱਤ ਕਿਵੇਂ ਪਈ? ਖ਼ਬਰਦਾਰ! ਅੱਗੇ ਤੋਂ ਨਾ ਮੈਨੂੰ ਇਹੋ-ਜਿਹੀ ਗੱਲ ਕਹੀਂ! ਪਹਿਲਾਂ ਤੋਲੋ, ਫੇਰ ਬੋਲੋ।” ਮੈਂ ਐਂਜ਼ਲਾ ਦੀ ਅੱਛੀ ਖਾਸੀ ਲਾਹ-ਪਾਹ ਕੀਤੀ ਸੀ।
“ਤੂੰ ਫਸਦੀ ਨਹੀਂ ਤੇ ਮੈਨੂੰ ਉਹ ਫਸਾਉਂਦਾ ਨਹੀਂ। ਬਿੱਲੋ, ਅਸੀਂ ਗਰੀਬਾਂ ਨੇ ਤਾਂ ਤੈਨੂੰ ਜੱਫੀਆਂ ਪਾ ਕੇ ਹੀ ਸਾਰ ਲਿਆ ਕਰਨੈ।”
ਐਂਜ਼ਲਾ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਸੀ। ਹੋਰ ਵੀ ਕਈ ਕੁੜੀਆਂ ਮੈਨੂੰ ਧੱਕੇ ਨਾਲ ਫੜ ਕੇ ਚੁੰਮ ਲੈਂਦੀਆਂ ਹੁੰਦੀਆਂ ਸਨ। ਉਹਨਾਂ ਨੇ ਕਹਿਣਾ, “ਨੀ ਮਰਜਾਣੀਏ, ਸਾਨੂੰ ਤਾਂ ਤੂੰ ਸੋਹਣੀ ਹੀ ਬਹੁਤ ਲੱਗਦੀ ਏਂ। ਇੱਥੋਂ ਤੁਸੀਂ ਅੰਦਾਜ਼ਾ ਲਗਾ ਲਉ ਕਿ ਮੁੰਡਿਆਂ ਦਾ ਕੀ ਹਾਲ ਹੁੰਦਾ ਹੋਵੇਗਾ।” 
ਰਜਨੀ ਨਾਮੀ ਇੱਕ ਇੰਡੀਅਨ ਕੁੜੀ ਮੇਰੀ ਸਹੇਲੀ ਸੀ। ਉਹ ਸਾਡੀ ਜਮਾਤ ਦੇ ਮੁੰਡੇ ਇਕਬਾਲ ਨਾਲ ਫਿਰਦੀ ਹੁੰਦੀ ਸੀ। ਰਜਨੀ ਲਾਲਿਆਂ ਦੀ ਕੁੜੀ ਸੀ ਤੇ ਇਕਬਾਲ ਸਿੱਖਾਂ ਦਾ ਮੁੰਡਾ ਸੀ। ਇਕਬਾਲ ਵੀ ਮੇਰੇ ’ਤੇ ਟਰਾਈਆਂ ਮਾਰਦਾ ਹੁੰਦਾ ਸੀ। ਪਸੰਦ ਤਾਂ ਮੈਂ ਵੀ ਉਹਨੂੰ ਬਹੁਤ ਕਰਦੀ ਹੁੰਦੀ ਸੀ। ਦਰਮਿਆਨਾ ਕੱਦ, ਕਣਕ ਵੰਨਾ ਰੰਗ, ਤਿੱਖੇ ਨੈਣ-ਨਕਸ਼, ਪੂਰਾ ਹਾਰਟ ਥਰੋਬ  ਸੀ। ਬਿਲਕੁਲ ਮੇਰੇ ਪਸੰਦੀਦਾ ਨਿਕਾਹ ਫ਼ਿਲਮ ਵਾਲੇ ਭਾਰਤੀ ਐਕਟਰ, ਰਾਜ ਬੱਬਰ ਵਰਗਾ ਸੀ। ਕਈ ਵਾਰ ਤਾਂ ਮੈਂ ਉਹਨੂੰ ਰਾਜ ਬੱਬਰ ਕਹਿ ਕੇ ਹੀ ਬੁਲਾਉਂਦੀ ਹੁੰਦੀ ਸੀ। ਮੇਰੀ ਤਾਂ ਉਹਨੂੰ ਦੇਖਦਿਆਂ ਹੀ ਸਿਟੀ-ਪਿਟੀ ਗੁੰਮ ਹੋ ਜਾਇਆ ਕਰਦੀ ਸੀ। ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਜਾਂਦਾ ਹੁੰਦਾ ਸੀ। ਇਉਂ  ਲੱਗਦਾ ਹੁੰਦਾ ਸੀ ਜਿਵੇਂ ਮੇਰੇ ਵਾਸਤੇ ਹੀ ਉਹ ਇਸ ਦੁਨੀਆਂ ਵਿੱਚ ਆਇਆ ਸੀ। ਅਨੇਕਾਂ ਹੀ ਸੋਹਣੇ-ਸੋਹਣੇ ਮੁੰਡੇ ਸਨ। ਹੋਰ ਕਿਸੇ ਨੂੰ ਦੇਖ ਕੇ ਉਵੇਂ ਕਦੇ ਨਹੀਂ ਸੀ ਫੀਲ  ਹੋਇਆ ਜਿਵੇਂ ਉਸਨੂੰ ਤੱਕ ਕੇ ਹੁੰਦਾ ਸੀ। ਉਹ ਮੈਨੂੰ ਸਾਰੇ ਜੱਗ ਤੋਂ ਸੋਹਣਾ ਲੱਗਦਾ ਹੁੰਦਾ ਸੀ। 
  ਔਰਤ ਹੋਣਾ ਵੀ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ ਤੇ ਖ਼ੂਬਸੂਰਤ ਔਰਤ ਹੋਣਾ ਮਹਾਨ ਪ੍ਰਾਪਤੀ ਹੈ। ਨਾਜ਼-ਨੱਖਰੇ ਕਰਨ ਦੇ ਅਧਿਕਾਰ ਕੇਵਲ ਹੁਸੀਨ ਔਰਤ ਨੂੰ ਹੀ ਪ੍ਰਾਪਤ ਹੁੰਦੇ ਹਨ। ਮੈਂ ਵੀ ਉਹਨਾਂ ਖੁਸ਼ਕਿਸਮਤ ਔਰਤਾਂ ਵਿੱਚੋਂ ਇੱਕ ਸੀ ਜਿਸ ਕੋਲ ਖ਼ੂਬਸੂਰਤੀ ਦਾ ਬੋਨਸ ਸੀ। ਨੱਖਰੇ ਮੈਂ ਵੀ ਘੱਟ ਨਹੀਂ ਸੀ ਕਰਦੀ ਹੁੰਦੀ। ਮੁੰਡਿਆਂ ਨੂੰ ਉਂਗਲਾਂ ਉੱਤੇ ਨਚਾ ਕੇ ਮੈਨੂੰ ਬੜਾ ਮਜ਼ਾ ਆਉਂਦਾ ਹੁੰਦਾ ਸੀ। ਪਰ ਹਾਏ! ਇੱਕ ਇਕਬਾਲ ਸੀ ਜਿਸਨੂੰ ਦੇਖ ਕੇ ਮੈਨੂੰ ਸਭ ਕੁੱਝ ਵਿਸਰ ਜਾਂਦਾ ਹੁੰਦਾ ਸੀ। ਸਗੋਂ ਮੈਂ ਉਹਦਿਆਂ ਹੱਥਾਂ ਦੀ ਕਠਪੁਤਲੀ ਬਣਨ ਨੂੰ ਤਿਆਰ ਹੋ ਜਾਂਦੀ ਹੁੰਦੀ ਸੀ। 
ਜਿਵੇਂ ਕੋਈ ਚੀਜ਼ ਅਸੀਂ ਉੱਪਰ ਅਸਮਾਨ ਵੱਲ ਸਿੱਟੀਈਏ ਤੇ ਉਹ ਧਰਤੀ ਦੀ ਗੁਰੂਤਾ ਖਿੱਚ ਸ਼ਕਤੀ ਕਾਰਨ ਫਿਰ ਹੇਠਾਂ ਆ ਡਿੱਗਦੀ ਹੈ, ਇਸੇ ਤਰ੍ਹਾਂ ਜਦੋਂ ਵੀ ਮੈਂ ਇਕਬਾਲ ਦੀ ਮੁਹੱਬਤ ਨੂੰ ਆਪਣੇ ਦਿਲ ਵਿੱਚ ਧਰਦੀ ਤਾਂ ਇੱਕ ਭਿਆਨਕ ਡਰ ਉਸਨੂੰ ਖਿੱਚ ਕੇ ਬਾਹਰ ਕੱਢ ਦਿੰਦਾ। ਤੇ ਉਹ ਡਰ ਸੀ ਮੇਰੇ ਅਤੇ ਇਕਬਾਲ ਦੇ ਇੱਕ ਹੋਣ ਵਿਚਾਲੇ ਆਉਣ ਵਾਲੀਆਂ ਮੁਸ਼ਕਲਾਂ। ਮੈਂ ਮੁਸਲਮਾਨ ਅਤੇ ਉਹ ਸਿੱਖ ਸੀ। ਸਾਡੇ ਦਰਮਿਆਨ ਮਜ਼੍ਹਬ ਦਾ ਮਜ਼ਬੂਤ ਬੈਰੀਅਰ  ਖੜ੍ਹਾ ਸੀ। ਜੋ ਸਾਡੇ ਮਿਲਨ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਸੀ। ਅਸੀਂ ਸਟਾਰਕਰੌਸਡ ਲਵਰ ਸੀ। 
ਇਕਬਾਲ ਮੈਨੂੰ ਟਿਕਾਉਣ ਲਈ ਅਕਸਰ ਕੋਸ਼ਿਸ਼ ਕਰਦਾ ਰਹਿੰਦਾ ਹੁੰਦਾ ਸੀ। ਪਰ ਮੈਂ ਹੀ ਨਹੀਂ ਸੀ ਮੰਨਦੀ ਹੁੰਦੀ। ਦਿਲੋਂ ਤਾਂ ਮੈਂ ਉਹਨੂੰ ਬਹੁਤ ਚਾਹੁੰਦੀ ਸੀ। ਪਰ ਸਹੇਲੀ ਦਾ ਆਸ਼ਕ ਹੋਣ ਕਰਕੇ ਆਪਣੇ ਆਪ ਨੂੰ ਰੋਕ ਲੈਂਦੀ ਹੁੰਦੀ ਸੀ। ਭਾਵੇਂ ਇੰਝ ਆਪਣੇ ਜਜ਼ਬਿਆਂ ਨੂੰ ਬੰਨ੍ਹ ਮਾਰ ਕੇ ਰੱਖਣਾ ਮੇਰੇ ਲਈ ਬਹੁਤ ਹੀ ਦੁਖਦਾਈ ਅਤੇ ਕਠਿਨ ਕਾਰਜ਼ ਹੁੰਦਾ ਸੀ। ਕਿਉਂਕਿ ਕਿਸੇ ਨੂੰ ਮੁਹੱਬਤ ਨਾ ਕਰਨਾ, ਮੁਹੱਬਤ ਕਰਨ ਨਾਲੋਂ ਵੀ ਕਈ ਗੁਣਾਂ ਔਖਾ ਹੈ। ਪਰ ਮੈਂ ਫਿਰ ਵੀ ਕਿਵੇਂ ਨਾ ਕਿਵੇਂ ਆਪਣੇ ਅਰਮਾਨਾਂ ਨੂੰ ਦਬਾ ਲੈਂਦੀ ਹੁੰਦੀ ਸੀ। ਅਜਿਹਾ ਕਰਨ ਪਿੱਛੇ ਵੀ ਮੇਰੀ ਮਜਬੂਰੀ ਸੀ। ਇਕਬਾਲ ਨੂੰ ਫਾਹ ਕੇ ਮੈਂ ਰਜਨੀ ਨੂੰ ਗਵਾਉਣਾ ਨਹੀਂ ਸੀ ਚਾਹੁੰਦੀ। ਇਕਬਾਲ ਮੇਰੀ ਖਾਤਰ ਰਜਨੀ ਨੂੰ ਛੱਡਣ ਲਈ ਵੀ ਤਿਆਰ ਸੀ। ਵੈਸੇ ਵੀ ਉਹ ਦੋਨੋਂ ਇੱਕ ਦੂਜੇ ਦੇ ਜੱਗ ਵਿਖਾਵੇ ਲਈ ਹੀ ਪ੍ਰੇਮੀ ਸਨ। ਅਸਲ ਵਿੱਚ ਉਹਨਾਂ ਦਾ ਕੋਈ ਪਿਆਰ-ਪਿਉਰ ਨਹੀਂ ਸੀ। ਇੰਗਲੈਂਡ ਦੇ ਕਾਫ਼ੀ ਸਾਰੇ ਜੁਆਨ ਹੋ ਰਹੇ ਮੁੰਡੇ ਕੁੜੀਆਂ ਇਸੇ ਤਰ੍ਹਾਂ ਕਰਦੇ ਹਨ। ਇੱਥੋਂ ਦਾ ਮਾਹੌਲ ਹੀ ਇਸ ਪ੍ਰਕਾਰ ਦਾ ਹੈ। ਜੇ ਮੁੰਡੇ ਕੋਲ ਗਰਲ-ਫਰੈਂਡ ਜਾਂ ਕੁੜੀ ਕੋਲ ਬੋਏਫਰੈਂਡ ਨਾ ਹੋਵੇ ਤਾਂ ਫ਼ਰੀ ਸੁਸਾਇਟੀ ਨਾਲ ਸੰਬੰਧਤ ਅਤੇ ਆਖੌਤੀ ਆਜ਼ਾਦ ਖ਼ਿਆਲ ਲੋਕ ਇਹ ਸਮਝਣ ਲੱਗ ਜਾਂਦੇ ਹਨ ਕਿ ਜ਼ਰੂਰ ਇਸ ਵਿਅਕਤੀ (ਮੁੰਡੇ ਜਾਂ ਕੁੜੀ) ਵਿੱਚ ਕੋਈ ਕਮੀ-ਪੇਸ਼ੀ ਹੋਵੇਗੀ, ਜਿਹੜੀ ਇਸਦੀ ਕਿਸੇ ਨਾਲ ਰਿਲੇਸ਼ਨਸ਼ਿੱਪ  ਨਹੀਂ ਹੈ। ਇਸ ਲਈ ਬਹੁਤੇ ਮੁੰਡੇ-ਕੁੜੀਆਂ ਕੰਮ ਚਲਾਉਣ ਲਈ ਐਵੇਂ ਹੀ ਕੋਈ ਸਾਥੀ ਅੜਕਾ ਲੈਂਦੇ ਹਨ ਤੇ ਇੱਕ ਦੂਜੇ ਨਾਲ ਉਦੋਂ ਤੱਕ ਇਸ਼ਕ ਦਾ ਨਾਟਕ ਕਰਦੇ ਰਹਿੰਦੇ ਹਨ, ਜਦੋਂ ਤੱਕ ਅਸਲੀ ਇਸ਼ਕ ਕਰਨ ਯੋਗ ਕੋਈ ਸਾਥੀ ਨਹੀਂ ਮਿਲ ਜਾਂਦਾ। ਇਕਬਾਲ ਅਤੇ ਰਜਨੀ ਮਿੱਤਰਤਾਂ ਦਾ ਢੌਂਗ ਕਰ ਰਹੇ ਸਨ, ਇਸ ਅਸਲੀਅਤ ਨੂੰ ਜਾਣਦੀ ਹੋਣ ਦੇ ਬਾਵਜੂਦ ਵੀ ਮੈਂ ਇਕਬਾਲ ਤੇ ਰਜਨੀ ਵਿਚਕਾਰ ਪਾੜ ਨਹੀਂ ਸੀ ਪਾਉਣਾ ਚਾਹੁੰਦੀ। 
ਨਾਲੇ ਸਭ ਨਾਲੋਂ ਅਹਿਮ ਸੀ ਕਿ ਮੈਂ ਇਕਬਾਲ ਨੂੰ ਸਵਿਕਾਰਨ ਜਾਂ ਅਸਵਿਕਾਰਨ ਦੇ ਵਿਚਾਰ ਨੂੰ ਕੋਈ ਫੈਸਲਾਕੁੰਨ ਅਤੇ ਸਪਸ਼ਟ ਰੂਪ ਨਹੀਂ ਸੀ ਦੇ ਸਕੀ। ਘੜੀ ਦੇ ਪੇਂਡੂਲਮ ਵਾਂਗ ਮੇਰੀ ਸੋਚ ਇੱਕ ਜਗ੍ਹਾ ਨਹੀਂ ਸੀ ਟਿਕਦੀ ਹੁੰਦੀ। ਕਦੇ ਇੱਕ ਪਾਸੇ ਤੇ ਕਦੇ ਦੂਜੇ ਪਾਸੇ ਹੋ ਜਾਂਦੀ ਹੁੰਦੀ ਸੀ।
ਉਦੋਂ ਕੁ ਭਾਰਤੀ ਨਿਰਦੇਸ਼ਕ ਜੇ ਪੀ ਦੱਤਾ ਨੇ ਸੰਨ 1971 ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਵਿਚਾਲੇ ਰੇਗਿਸਤਾਨੀ ਲੁੰਗੀਵਾਲਾ ਸੈਕਟਰ ਵਿੱਚ ਹੋਈ ਲੜਾਈ ਉੱਤੇ ਅਧਾਰਤ ਫ਼ਿਲਮ ਬਾਰਡਰ ਬਣਾਈ ਸੀ। ਇਸ ਵਿੱਚ ਦਿਖਾਇਆ ਗਿਆ ਸੀ ਕਿ ਪੰਜਾਬ ਬਟਾਲੀਅਨ ਦੇ ਦੋ ਸੌ ਜੁਆਨ, ਛੇ ਹਜ਼ਾਰ ਵੈਰੀਆਂ ਦੀ ਪਲਟਨ ਨੂੰ ਬਿਨਾਂ ਹਵਾਈ ਸੈਨਾ ਦੀ ਮਦਦ ਦੇ ਪੂਰੀ ਰਾਤ ਬਾਰਡਰ (ਸਰਹੱਦ) ਟੱਪਣੋਂ ਰੋਕੀ ਰੱਖਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤੇ ਫੌਜੀ ਵਤਨ ਦੀ ਇੱਜ਼ਤ-ਆਬਰੂ ਦੀ ਰੱਖਿਆ ਕਰਦੇ ਹੋਏ ਹੱਸ-ਹੱਸ ਸ਼ਹਾਦਤ ਦੇ ਜਾਮ ਪੀ ਜਾਂਦੇ ਹਨ। ਪਰ ਕਿਸੇ ਹਾਲ ’ਤੇ ਵੀ ਉਹ ਦੁਸ਼ਮਣ ਦੇ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੰਦੇ। ਬਾਰਡਰ ਵਿਚ ਪਾਕਿਸਤਾਨੀ ਸੈਨਾ ਨੂੰ ਕਿਉਂਕਿ ਖਲਨਾਇਕੀ ਭੂਮਿਕਾ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਲਈ ਬਰਤਾਨੀਆਂ ਵਿੱਚ ਵਸਦੇ ਪਾਕਿਸਤਾਨੀਆਂ ਨੂੰ ਇਹ ਫ਼ਿਲਮ ਬੜੀ ਚੁਭੀ। ਖਾਸ ਕਰ ਉਹ ਸੀਨ ਜਿਸ ਵਿੱਚ ਮੇਜਰ ਕੁਲਦੀਪ ਸਿੰਘ ਦੇ ਰੋਲ ਵਿੱਚ ਸੰਨੀ ਦਿਉਲ ਪਾਕਿਸਤਾਨੀ ਫੌਜ ਨੂੰ ਗਾਲਾਂ ਕੱਢ ਰਿਹਾ ਹੁੰਦਾ ਹੈ। ਕੁੱਝ ਪਾਕਿਸਤਾਨੀ ਜਨੂੰਨੀਆਂ ਅਤੇ ਕੱਟੜਪੰਥੀਆਂ ਨੇ ਜਿੱਥੇ ਕਿਤੇ ਵੀ ਇਸ ਫ਼ਿਲਮ ਦੀਆਂ ਵਿਡੀਉ ਕਾਪੀਆਂ ਮੌਜ਼ੂਦ ਸਨ, ਉਨ੍ਹਾਂ ਦੁਕਾਨਾਂ ਨੂੰ ਜਲਾਇਆ ਅਤੇ ਦੰਗੇ-ਫਸਾਦ ਕਰ ਕੇ ਸਿਨਮੇ ਬੰਦ ਕਰਵਾ ਕੇ ਫ਼ਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਦਾ ਅਸਫਲ ਯਤਨ ਕੀਤਾ ਸੀ। ਸਿਨਮੇ ਅਤੇ ਵਿਡੀਉ ਲਾਇਬਰੇਰੀਆਂ ਜ਼ਿਆਦਾ ਤਰ ਇੰਡੀਅਨਾਂ ਦੀਆਂ ਸਨ। ਇਉਂ ਉਦੋਂ ਦੋਨੋਂ ਭਾਈਚਾਰਿਆਂ ਵਿਚਕਾਰ ਤਨਾਉ ਕਾਫ਼ੀ ਵੱਧ ਗਿਆ ਸੀ।
ਜਦੇ ਹੀ  ਭਾਰਤ ਨੇ ਰਾਜਸਥਾਨ ਸੂਬੇ ਦੇ ਇਲਾਕੇ ਪੁਖਰਾਨ ਵਿੱਚ ਆਪਣੇ ਪ੍ਰਮਾਣੂ ਬੰਬ ਦਾ ਪ੍ਰੀਖਣ ਕੀਤਾ ਤੇ ਜੁਆਬ ਵਿੱਚ ਪਾਕਿਸਤਾਨ ਨੇ ਵੀ ਆਪਣੇ ਬੰਬ ਟੈਸਟ ਕਰ ਦਿੱਤੇ। ਜਿਸ ਨਾਲ ਦੋਨਾਂ ਦੇਸ਼ਾਂ ਵਿੱਚ ਯੁੱਧ ਹੋਣ ਦੇ ਆਸਾਰ ਸਾਫ਼ ਨਜ਼ਰ ਆਉਣ ਲੱਗ ਪਏ ਸਨ।
ਇਸ ਉਪਰੰਤ ਭਾਰਤ ਨੇ ਦੋਸਤੀ ਦਾ ਹੱਥ ਵਧਾਇਆ ਤੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਬੱਸ ਸਰਵਿਸ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ, ਜਿਸਨੂੰ ਪਾਕਿਸਤਾਨ ਸਰਕਾਰ ਨੇ ਭਰਵਾਂ ਹੁੰਗਾਰਾ ਦਿੱਤਾ।  ਦੋਨਾਂ ਦੇਸ਼ਾਂ ਦੇ ਸੰਬੰਧ ਸੁਧਰਨ ਦੀ ਹਰੇਕ ਨੂੰ ਆਸ ਪੈਦਾ ਹੋ ਗਈ ਸੀ। ਭਾਰਤ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਖੁਦ ਸਵਾਰ ਹੋ ਕੇ ਪਹਿਲੀ ਬੱਸ ਲਾਹੌਰ ਵਿੱਚ ਲੈ ਕੇ ਆਇਆ ਤਾਂ ਐਨ ਮੌਕੇ ’ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਏ ਐਸ ਦੁਆਰਾ ਖਰੀਦੇ ਹੋਏ ਭਾੜੇ ਦੇ ਟੱਟੂ, ਅੱਤਵਾਦੀਆਂ ਵੱਲੋਂ ਕਸ਼ਮੀਰ ਉੱਪਰ ਕਬਜ਼ਾ ਕਰਨ ਦੇ ਇਰਾਦੇ ਨਾਲ ਕਾਰਗਿਲ ਦੇ ਖੇਤਰ ਵਿੱਚ ਜੰਗ ਛੇੜ ਲਈ ਗਈ। ਭਾਰਤੀ ਸੈਨਿਕਾਂ ਨੇ ਆਪਣੀਆਂ ਜਾਨਾਂ ’ਤੇ ਖੇਡ ਕੇ ਨਾ ਸਿਰਫ਼ ਦੁਸ਼ਮਣ ਦੇ ਦੰਦ ਖੱਟੇ ਕਰ ਕੇ ਆਪਣੀ ਬਹਾਦਰੀ ਦਾ ਸਿੱਕਾ ਮਨਵਾਇਆ। ਬਲਕਿ ਪਾਕਿਸਤਾਨ ਨੂੰ ਕੋਝੀਆਂ ਅਤੇ ਖੜਯੰਤਰੀ ਚਾਲਾਂ ਚੱਲਣ ਤੋਂ ਬਾਜ਼ ਆਉਣ ਲਈ ਤਾੜਨਾ ਵੀ ਕੀਤੀ। ਇਸ ਮੌਕੇ ’ਤੇ ਪਾਕਿਸਤਾਨ ਦਾ ਹਮਾਇਤੀ ਅਮਰੀਕਾ ਦੇਸ਼ ਵੀ ਭਾਰਤ ਦੇ ਹੱਕ ਵਿੱਚ ਬੋਲਿਆ। ਜਿਸ ਨਾਲ ਪਾਕਿਸਤਾਨੀਆਂ ਦਾ ਭਾਰਤੀਆਂ ਪ੍ਰਤਿ ਵਿਦਰੋਹ ਹੋਰ ਵੀ ਭੜਕ ਗਿਆ ਸੀ ਅਤੇ ਉਹ ਜ਼ਖ਼ਮੀ ਸੱਪਣੀ ਵਾਂਗ ਅੰਦਰ ਹੀ ਅੰਦਰ ਵਿੱਸ ਘੋਲਣ ਲੱਗ ਪਏ ਸਨ।
ਉਸ ਦੌਰ ਵਿੱਚ ਪਾਕਿਸਤਾਨੀਆਂ ਅਤੇ ਭਾਰਤੀਆਂ ਵਿਚਕਾਰ ਦੂਰੀ ਵਧਾਉਣ ਵਿੱਚ ਇੱਕ ਹੋਰ ਮਸਲਾ ਵੀ ਬਾਇਸ ਬਣਿਆ ਸੀ। ਉਹ ਹੋਇਆ ਇਹ ਸੀ ਕਿ ਕੁੱਝ ਮੁਸਲਮਾਨ ਮੁੰਡਿਆਂ ਵੱਲੋਂ ਸਿੱਖ ਕੁੜੀਆਂ ਨੂੰ ਵਰਗ ਲਾ ਕੇ ਘਰਾਂ ਤੋਂ ਭਜਾਉਣ, ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਧਾਰਨ ਕਰਵਾਉਣ ਅਤੇ ਖੇਹ-ਖਰਾਬ ਕਰਨ ਦੀਆਂ ਅਨੇਕਾਂ ਵਾਰਦਾਤਾਂ ਮੁਲਖ ਦੇ ਵੱਖ-ਵੱਖ ਹਿੱਸਿਆਂ ਵਿੱਚ ਘਟ ਰਹੀਆਂ ਸਨ। ਇਸ ਮਾਮਲੇ ਨੂੰ ਲੈ ਕੇ ਉਨ੍ਹੀਂ ਦਿਨੀਂ ਸਲੋਹ ਵਿਖੇ ਮੁਸਲਮਾਨ ਅਤੇ ਸਿੱਖ ਮੁੰਡਿਆਂ ਦੇ ਧੜਿਆਂ ਦਰਮਿਆਨ ਕਈ ਗਹਿਗੱਜਵੀਆਂ ਝੜਪਾਂ ਵੀ ਹੋਈਆਂ ਸਨ। ਛੁਰੇ, ਕਿਰਪਾਨਾਂ ਤੋਂ ਲੈ ਕੇ ਗੋਲੀਆਂ ਤੱਕ ਚੱਲੀਆਂ ਸਨ। ਹਾਲਾਤ ਐਨੇ ਜ਼ਿਆਦਾ ਵਿਗੜ ਗਏ ਸਨ ਕਿ ਸਥਿਤੀ ’ਤੇ ਪੂਰਨ ਨਿਯਤਰਣ ਪਾਉਣ ਲਈ ਸਲੋਹ ਦੀ ਪੁਲੀਸ ਨੂੰ ਸਖ਼ਤ ਰਵਈਆ ਅਖਤਿਆਰ ਕਰਨ ਦੇ ਨਾਲ-ਨਾਲ ਆਪਣੀ ਮਦਦ ਲਈ ਲੰਡਨ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਤੋਂ ਵਾਧੂ ਫੋਰਸ ਵੀ ਮੰਗਾਉਣੀ ਪਈ ਸੀ। ਫਿਰ ਬਾਅਦ ਵਿੱਚ ਅੰਗਰੇਜ਼ ਅਮਨਦੂਤਾਂ ਨੇ ਵਿੱਚ ਪੈ ਕੇ ਇਸ ਮਜ਼੍ਹਬਪ੍ਰਸਤੀ ਦੀ ਅੱਗ ਨੂੰ ਕੁੱਝ ਸ਼ਾਂਤ ਕੀਤਾ ਸੀ।
ਸਿੱਖ ਕੌਮ ਦੀਆਂ ਅੱਖਾਂ ਵਿੱਚ ਮੁਸਲਮਾਨ ਤਿਣ ਵਾਂਗ ਰੜਕਦੇ ਸਨ, ਕਿਉਂਕਿ ਮੁਸਲਮਾਨ ਹੁਕਮਰਾਨਾਂ ਨੇ ਉਨ੍ਹਾਂ ’ਤੇ ਅਨੇਕਾਂ ਜ਼ੁਲਮ ਹੀ ਨਹੀਂ ਢਾਹੇ ਸਨ, ਸਗੋਂ ਉਹਨਾਂ ਦੇ ਗੁਰੂਆਂ ਨੂੰ ਸ਼ਹੀਦ ਵੀ ਕੀਤਾ ਸੀ। ਇਹ ਸਦੀਆਂ ਪੁਰਾਣੀ ਵਾਰਤਾ ਸਿੱਖ ਕੌਮ ਦੇ ਚੇਤੇ ਵਿੱਚ ਅੱਜੇ ਵੀ ਸੱਜਰੀ ਸੀ।
  ਮੁਸਲਮਾਨਾਂ ਦੇ ਦਿਲਾਂ ਵਿੱਚ ਸਿੱਖਾਂ ਪ੍ਰਤਿ ਉਸਰੀ ਹੋਈ ਨਫ਼ਰਤ ਦੀ ਕੰਧ ਦੇ ਨਿੱਤ ਨਵੇਂ ਰਦੇ ਚਿਣੇ ਜਾ ਰਹੇ ਸਨ। ਇਹ ਕਾਫ਼ਰ ਲੋਕ ਉਹਨਾਂ ਨੂੰ ਬਿਲਕੁਲ ਨਹੀਂ ਸਨ ਭਾਉਂਦੇ।
ਆਲੇ-ਦੁਆਲੇ ਘਟਨ ਵਾਲੀਆਂ ਅਜਿਹੀਆਂ ਅਣਗਿਣਤ ਅਣਸੁਖਾਵੀਂਆਂ ਘਟਨਾਵਾਂ ਬਾਰੇ ਜਾਨਣ ਬਾਅਦ ਮੈਂ ਇਕਬਾਲ ਵੱਲ ਵੱਧਦੇ ਆਪਣੇ ਕਦਮਾਂ ਨੂੰ ਮੈਂ ਰੋਕ ਲੈਂਦੀ। ਪਰ ਉਹ ਚੰਦਰਾ ਮੇਰੇ ਕਰੀਬ ਆਉਂਦਾ ਜਾਂਦਾ। ਨਾ ਹੀ ਇਕਬਾਲ ਤੋਂ ਆਪਣਾ ਦਿਲ ਕਾਬੂ ਰੱਖ ਹੁੰਦਾ ਸੀ ਤੇ ਨਾ ਹੀ ਮੈਥੋਂ ਆਪਣਾ । ਜਿਵੇਂ ਕੰਧ  ਵਿੱਚ ਕੋਈ ਗੇਂਦ ਜਿੰਨੀ ਜ਼ੋਰ ਨਾਲ ਮਾਰੀਏ ਉਨੀ ਹੀ ਰਫ਼ਤਾਰ ਨਾਲ ਉਹ ਵਾਪਸ ਆ ਜਾਂਦੀ ਹੈ, ਉਵੇਂ ਹੀ ਇਕਬਾਲ ਦੇ ਖ਼ਿਆਲਾਂ ਨੂੰ ਜਿਤਨਾ ਵੀ ਮੈਂ ਆਪਣੇ ਦਿਮਾਗ ਵਿੱਚੋਂ ਕੱਢਣ ਦਾ ਯਤਨ ਕਰਦੀ, ਉਤਨੇ ਹੀ ਉਹ ਜ਼ਿਆਦਾ ਆਉਂਦੇ ਸਨ। ਅਲਬੱਤਾ, ਜਿਵੇਂ-ਤਿਵੇਂ ਦਿਨ ਸੁੱਖ-ਸਾਂਦ ਨਾਲ  ਹਾਈਵੇਅ  ਦੀ ਫਾਸਟ ਲੇਨ  ਵਿੱਚ ਚਲਦੇ ਟਰੈਫ਼ਿਕ ਵਾਂਗ ਲੰਘੀ ਜਾ ਰਹੇ ਸਨ।



No comments:

Post a Comment