
ਮੈਂ ਆਪਣੀ ਲੈਂਡਲੇਡੀ, ਵੀਵਿਆ ਨੂੰ ਪਹਿਲੀ ਦੀ ਪਹਿਲੀ ਕਿਰਾਇਆ ਦੇਈ ਜਾਂਦੀ ਸੀ। ਉਸ ਭਲੀ ਔਰਤ ਦਾ ਐਨਾ ਅਹਿਸਾਨ ਹੀ ਕਾਫ਼ੀ ਸੀ, ਜਿਹੜਾ ਉਸਨੇ ਰਹਿਣ ਲਈ ਸਾਨੂੰ ਰਿਆਇਤ ਵਿੱਚ ਜਗ੍ਹਾ ਦੇ ਦਿੱਤੀ ਸੀ। ਨਹੀਂ ਤਾਂ ਮਕਾਨਾਂ ਦੇ ਕਿਰਾਇਆਂ ਦਾ ਭਾਅ ਆਸਮਾਨ ’ਤੇ ਚੜ੍ਹਿਆ ਪਿਆ ਸੀ। ਪਤਾ ਨਹੀਂ ਸਾਨੂੰ ਕਿੱਥੇ-ਕਿੱਥੇ ਰੁਲਣਾ ਪੈਂਦਾ। ਫੁੱਟਪਾਥਾਂ, ਸਟੇਸ਼ਨਾਂ ਜਾਂ ਪਾਰਕਾਂ ਦੇ ਬੈਂਚਾਂ ’ਤੇ ਸੌਣੋਂ ਬਚ ਗਏ ਸੀ। ਮੈਂ ਤਾਂ ਵੀਵਿਆ ਦੀ ਐਨੀ ਗੱਲੋਂ ਸ਼ੁਕਰ ਗੁਜ਼ਾਰ ਸੀ ਕਿ ਉਸਨੇ ਸਾਨੂੰ ਸਿਰ ਛੁਪਾਉਣ ਨੂੰ ਛੱਤ ਬਖ਼ਸ਼ ਦਿੱਤੀ ਸੀ।
ਵੀਵਿਆ ਬੜੀ ਰਿਜ਼ਰਬ ਜਿਹੀ ਔਰਤ ਸੀ। ਸਦਾ ਆਪਣੇ ਆਪ ਵਿੱਚ ਗੁਆਚੀ ਜਿਹੀ ਰਹਿਣ ਵਾਲੀ। ਕਿਸੇ ਨਾਲ ਉਹ ਕੋਈ ਬਹੁਤਾ ਮੇਲ-ਜੋਲ ਨਹੀਂ ਸੀ ਵਧਾਉਂਦੀ ਹੁੰਦੀ। ਬਹੁਤ ਘੱਟ ਬਾਹਰ ਨਿਕਲਦੀ ਸੀ। ਆਮ ਤੌਰ ’ਤੇ ਉਹ ਆਪਣੇ ਘਰ ਵਿੱਚ ਹੀ ਰਹਿੰਦੀ ਸੀ। ਹੋਰ ਕੋਈ ਵੀ ਉਹਦੇ ਕੋਲ ਆਉਂਦਾ ਜਾਂ ਜਾਂਦਾ ਨਹੀਂ ਸੀ ਅਤੇ ਨਾ ਹੀ ਮੈਂ ਉਹਨੂੰ ਕਦੇ ਕਿਸੇ ਦੇ ਘਰ ਵੜਦੇ-ਨਿਕਲਦੇ ਦੇਖਿਆ ਸੀ। ਆਂਢ-ਗੁਆਂਢ ਨਾਲ ਉਹਦੀ ਬੋਲ-ਬਾਣੀ ਵੀ ਬਸ ਹੈਲੋ ਜਾਂ ਗੁੱਡਮੌਰਨਿੰਗ ਤੱਕ ਹੀ ਸੀਮਿਤ ਸੀ। ਹੋਰ ਕੋਈ ਵੀ ਵੀਵਿਆ ਬਾਰੇ ਕੁੱਝ ਨਹੀਂ ਸੀ ਜਾਣਦਾ। ਉਸਦੀ ਜ਼ਿੰਦਗੀ ਮੇਰੇ ਲਈ ਰਹੱਸ ਬਣੀ ਹੋਈ ਸੀ। ਮੈਂ ਉਸਦੇ ਅਤੀਤ ਬਾਰੇ ਜਾਣਨਾ ਚਾਹੁੰਦੀ ਸੀ। ਉਸਨੇ ਇਹ ਦੱਸ ਕੇ ਮੈਨੂੰ ਅੱਚਵੀ ਲਾ ਦਿੱਤੀ ਸੀ ਕਿ ਕਦੇ ਉਹ ਵੀ ਮੇਰੇ ਵਾਂਗੂੰ ਭੱਜ ਕੇ ਆਈ ਸੀ। ਉਹ ਕਿਸ ਨਾਲ ਉਧਲੀ ਸੀ? ਉਸਦਾ ਯਾਰ ਕਿੱਧਰ ਗਿਐ? ਉਹ ਕਿਹੋ ਜਿਹਾ ਸੀ? ਉਸ ਨਾਲ ਘਰੋਂ ਭੱਜਣ ਬਾਅਦ ਕੀ ਵਾਪਰਿਆ ਸੀ? ਉਸਦੀ ਜ਼ਿੰਦਗੀ ਵਿੱਚ ਕੀ ਪਰਿਵਰਤਨ ਆਇਆ? ਕੀ ਉਹ ਆਪਣੇ ਚੁੱਕੇ ਹੋਏ ਕਦਮ ਤੋਂ ਖੁਸ਼ ਸੀ? ਉਸਨੂੰ ਔਖਾ ਤਾਂ ਨਹੀਂ ਹੋਣਾ ਪਿਆ? ਅਜਿਹੇ ਅਨੇਕਾਂ ਪ੍ਰਸ਼ਨ ਮੇਰੇ ਮਨ ਵਿੱਚ ਧਮਾਲਾ ਪਾ ਰਹੇ ਸਨ ਤੇ ਮੈਂ ਇਨ੍ਹਾਂ ਸਾਰਿਆਂ ਦਾ ਜੁਆਬ ਜਾਨਣਾ ਚਾਹੁੰਦੀ ਸੀ।
ਵੀਵਿਆ ਨੂੰ ਘਰੋਂ ਭਗੌੜੀ ਹੋਣ ਦੀ ਕੀ ਵਿਪਤਾ ਆ ਪਈ ਸੀ? ਮੈਂ ਤਾਂ ਸਮਝਦੀ ਸੀ ਅਜਿਹਾ ਸਾਡੇ ਏਸ਼ੀਅਨਾਂ ਨੂੰ ਹੀ ਕਰਨਾ ਪੈਂਦਾ ਹੈ। ਅੰਗਰੇਜ਼ ਤਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ਦਾ ਵਰ ਚੁਣਨ ਦੀ ਇਜਾਜ਼ਤ ਦੇ ਦਿੰਦੇ ਹਨ। ਫਿਰ ਅੰਗਰੇਜ਼ਾਂ ਨੂੰ ਭੱਜਣ
ਦੀ ਕੀ ਲੋੜ ਹੈ? ਸਭ ਤੋਂ ਵੱਡੀ ਗੱਲ ਤਾਂ ਮੇਰਾ ਵੀਵਿਆ ਨਾਲ ਰੱਜ ਕੇ ਗੱਲਾਂ ਕਰਨ ਨੂੰ ਜੀਅ ਕਰਦਾ ਸੀ। ਮੇਰੇ ਕੋਲ ਕੋਈ ਗੱਲਾਂ ਕਰਨ ਵਾਲਾ ਨਹੀਂ ਸੀ। ਮੈਨੂੰ ਕੋਈ ਅਜਿਹਾ ਚਾਹੀਦਾ ਸੀ ਜਿਸ ਕੋਲ ਆਪਣੇ ਦਿਲ ਦੇ ਗੁੱਭ-ਗ਼ੁਬਾਰ ਕੱਢ ਸਕਦੀ। ਮੇਰੇ ਕੋਲ ਕੋਈ ਐਸੀ ਸਹੇਲੀ ਨਹੀਂ ਸੀ, ਜੀਹਦੇ ਅੱਗੇ ਮੈਂ ਆਪਣਾ ਅੰਦਰ ਖੋਲ੍ਹ ਸਕਦੀ। ਮੈਂ ਆਪਣਾ ਦੁੱਖ-ਸੁੱਖ ਕਿਸੇ ਨਾਲ ਸਾਂਝਾ ਨਹੀਂ ਸੀ ਕਰ ਸਕਦੀ। ਮੈਕਸ ਨਾਲ ਮੇਰਾ ਰਿਸ਼ਤਾ ਤਾਂ ਸਿਰਫ਼ ਸਰੀਰਕ ਸੰਬੰਧਾਂ ਤੱਕ ਹੀ ਮਹਿਦੂਦ ਸੀ। ਮੈਂ ਆਪਣੇ ਮਨ ਦੀ ਭੜਾਸ ਕੱਢਣਾ ਚਾਹੁੰਦੀ ਸੀ। ਹਰ ਵਾਰ ਦੀ ਤਰ੍ਹਾਂ ਉਦਣ ਵੀ ਮੈਂ ਵੀਵਿਆ ਪਹਿਲੀ ਤਾਰੀਖ ਹੋਣ ਕਰਕੇ ਨੂੰ ਕਿਰਾਇਆ ਦੇਣ ਗਈ ਸੀ। ਅੱਗੇ ਉਹ ਦਰਵਾਜ਼ਾ ਖੋਲ੍ਹਦੀ। ਮੈਂ ਕਿਰਾਇਆ ਦਿੰਦੀ ਤੇ ਤੁਰ ਪੈਂਦੀ। ਉਹ ਬੂਹਾ ਭੇੜ ਲਿਆ ਕਰਦੀ ਸੀ। ਇੰਝ ਮੈਂ ਦਰਾਂ ਚੋਂ ਹੀ ਮੁੜ ਆਉਂਦੀ ਹੁੰਦੀ ਸੀ। ਸਾਡੀ ਇੱਕ-ਦੂਜੇ ਨਾਲ ਕਦੇ ਕੋਈ ਗੱਲ ਨਹੀਂ ਸੀ ਹੋਈ। ਪਰ ਇਸ ਵਾਰ ਪਤਾ ਨਹੀਂ ਕਿਉਂ ਮੈਂ ਰੁੱਕ ਗਈ ਸੀ। ਵੀਵਿਆ ਦੇ ਉਹੀ ਕਾਲਾ ਚੋਲਾ ਪਹਿਨਿਆ ਹੋਇਆ ਸੀ। ਉਹ ਹਮੇਸ਼ਾ ਇਹੀ ਪਾ ਕੇ ਰੱਖਦੀ ਸੀ। ਗੋਇਆ ਉਹਦੇ ਕੋਲ ਉਸਦੇ ਸਿਵਾਏ ਹੋਰ ਕੋਈ ਕੱਪੜਾ ਸੀ ਹੀ ਨਹੀਂ। ਭਾਵੇਂ ਵੀਵਿਆ ਦਾ ਚੋਲਾ ਕੋਈ ਬਹੁਤਾ ਸੁੰਦਰ ਤਾਂ ਨਹੀਂ ਸੀ। ਪਰ ਫਿਰ ਵੀ ਐਵੇਂ ਹੀ ਗੱਲ ਸ਼ੁਰੂ ਕਰਨ ਦੇ ਬਹਾਨੇ ਵੱਜੋਂ ਮੈਂ ਉਸਦੀ ਸਰਾਹਨਾ ਕਰਦਿਆਂ ਕਹਿ ਦਿੱਤਾ ਸੀ, “ਤੁਹਾਡਾ ਗਾਉਨ ਬਹੁਤ ਸੋਹਣੈ?”
ਵੀਵਿਆ ਹੱਸ ਕੇ ਆਖਣ ਲੱਗੀ, “ਬਹੁਤਾ ਪਸੰਦ ਹੈ ਤਾਂ ਲਾਹ ਕੇ ਦੇਵਾਂ? ਤੂੰ ਪਾ ਲਵੀਂ।”
“ਜ਼ਰੂਰ ਪਾਉਂਦੀ ਜੇ ਮੇਰੇ ਮੇਚ ਆਉਂਦਾ ਤਾਂ।” ਮੈਂ ਉਸਦੇ ਵਿਅੰਗਮਈ ਵਾਰ ਨੂੰ ਖੁੰਡਾ ਕਰਨ ਲਈ ਕਿਹਾ ਸੀ।
“ਆਜਾ ਬਾਹਰ ਕਿਉਂ ਖੜ੍ਹੀ ਐਂ। ਅੰਦਰ ਲੰਘ ਆ?”
ਇਉਂ ਜਾਪਦਾ ਸੀ ਜਿਵੇਂ ਉਹ ਵੀ ਮੇਰੇ ਕੋਲ ਆਪਣਾ ਢਿੱਡ ਫਰੋਲਣਾ ਚਾਹੁੰਦੀ ਸੀ। ਅਸੀਂ ਅੰਦਰ ਚਲੀਆਂ ਗਈਆਂ। ਉਸੇ ਕਮਰੇ ਵਿੱਚ, ਜਿੱਥੇ ਉਹਨੇ ਸਾਨੂੰ ਪਹਿਲੀ ਵਾਰ ਬੈਠਾਇਆ ਸੀ। ਬੈਠਣ ਤੋਂ ਪਹਿਲਾਂ ਤਾਂ ਮੈਂ ਸੱਪ ਵਾਲੇ ਬਕਸੇ ਵੱਲ ਦੇਖਿਆ। ਸੱਪ ਉਸ ਵਿੱਚ ਤਾੜਿਆ ਹੋਇਆ ਸੀ। ਇਹ ਦੇਖ ਕੇ ਮੈਨੂੰ ਤਸੱਲੀ ਜਿਹੀ ਹੋਈ ਤੇ ਮੈਂ ਅਰਾਮ ਨਾਲ ਸੋਫੇ ਉੱਤੇ ਬੈਠ ਗਈ ਸੀ। ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਮਾਰਨ ਲੱਗ ਪਈਆਂ ਸੀ। ਮੈਂ ਉਸਦੇ ਗੁਜ਼ਰੇ ਜੀਵਨ ਨੂੰ ਕੁਰੇਦਣ ਲੱਗ ਪਈ ਸੀ। ਥੋੜ੍ਹੀ ਜਿਹੀ ਹਿਚਕਿਚਾਹਟ ਦੇ ਬਾਅਦ ਉਹ ਆਪਣੇ ਆਪ ਹੀ ਮੇਰੇ ਨਾਲ ਖੁੱਲ੍ਹ ਗਈ ਸੀ।
“ਸ਼ਾਜੀਆ, ਗੱਲ ਤਾਂ ਕੁੱਝ ਵੀ ਨਹੀਂ ਸੀ। ਮੈਂ ਅੱਲੜ ਜਿਹੀ ਹੁੰਦੀ ਸੀ ਤੇਰੇ ਵਾਂਗ। ਜੱਗ ਅਤੇ ਰੱਬ ਤੋਂ ਬੇਖ਼ਬਰ। ਬਚਪਨ ਦੀ ਕੁੰਜ ਉਤਾਰ ਕੇ ਜਵਾਨੀ ਦੀ ਨਵੀਂ ਖੱਲ ਪਹਿਨੀ ਫਿਰਦੀ ਸੀ। ਕਈਆਂ ਮੁੰਡਿਆਂ ਨੇ ਮੇਰੇ ਉੱਤੇ ਅੱਖ ਰੱਖੀ ਹੋਈ ਸੀ। ਪਰ ਮੇਰੇ ਹੀ ਕੋਈ ਨਿਗਾਹ ਹੇਠ ਨਹੀਂ ਸੀ ਆਉਂਦਾ ਹੁੰਦਾ। ਸਾਡੇ ਘਰ ਤੋਂ ਕੁੱਝ ਦੂਰੀ ’ਤੇ ਇੱਕ ਮਕਾਨ ਕਾਫ਼ੀ ਦੇਰ ਤੋਂ ਵਿਕਾਊ ਸੀ। ਉਸ ਵਿੱਚ ਇੱਕ ਪਰਿਵਾਰ ਆ ਕੇ ਰਹਿਣ ਲੱਗਿਆ, ਜਿਨ੍ਹਾਂ ਦਾ ਮੁੰਡਾ ਮੇਰੇ ਹਾਣ ਦਾ ਸੀ। ਕੈਵਿਨ ਨੂੰ ਪਹਿਲੀ ਨਜ਼ਰੇ ਦੇਖਦਿਆਂ ਹੀ ਮੈਂ ਉਹਨੂੰ ਤਨ-ਮਨ ਹਾਰ ਕੇ ਬੈਠ ਗਈ ਸੀ। ਤੁਰਦਾ-ਫਿਰਦਾ ਉਹ ਮੈਨੂੰ ਰੋਜ਼ ਟੱਕਰਦਾ ਹੁੰਦਾ ਸੀ। ਪਰ ਅਸੀਂ ਆਪਸ ਵਿੱਚ ਕਦੇ ਨਹੀਂ ਸੀ ਬੋਲੇ। ਮੈਂ ਮਨ ਹੀ ਮਨ ਉਹਨੂੰ ਚਾਹੁਣ ਲੱਗ ਗਈ ਸੀ। ਬੜੀ ਦੇਰ ਬਾਅਦ ਜਾ ਕੇ ਮੈਨੂੰ ਇਹ ਪਤਾ ਲੱਗਿਆ ਸੀ ਕਿ ਸਾਡਾ ਮਿਲਨ ਨਹੀਂ ਸੀ ਹੋ ਸਕਦਾ, ਕਿਉਂਕਿ ਸਾਡੇ ਧਰਮ ਵੱਖੋ-ਵੱਖਰੇ ਸਨ। ਕੈਵਿਨ ਕੈਥੋਲਿਕ ਸੰਪਰਦਾਏ ਦਾ ਸੀ ਤੇ ਮੈਂ ਪਰੋਟੈਸਟੈਂਟ ਸੀ। ਉਹਦੇ ਤੇ ਆਪਣੇ ਦਰਮਿਆਨ ਪਈਆਂ ਖੱਡਾਂ ਦੇਖ ਕੇ ਮੈਂ ਉਸਨੂੰ ਆਪਣੇ ਦਿਲ ਵਿੱਚੋਂ ਕੱਢ ਦੇਣਾ ਚਾਹਿਆ ਸੀ। ਲੇਕਿਨ ਅਜਿਹਾ ਕਰਨਾ ਐਨਾ ਸੌਖਾ ਨਹੀਂ ਸੀ। ਖਾਸ ਕਰ ਉਸ ਆਯੂ ਵਿੱਚ, ਜਦੋਂ ਕਦੇ ਵੀ ਗਲੀਆਂ-ਬਜ਼ਾਰਾਂ ਵਿੱਚ ਮੈਂ ਉਹਨੂੰ ਦਿਸਦੀ ਤਾਂ ਉਹ ਟਿਕਟਿਕੀ ਲਾ ਕੇ ਮੈਨੂੰ ਦੇਖਦਾ ਰਹਿੰਦਾ ਹੁੰਦਾ ਸੀ।”
ਵੀਵਿਆ ਨੇ ਸਾਹ ਲਿਆ ਤੇ ਫਿਰ ਕਿੱਸਾ ਬਿਆਨੀ ਜਾਰੀ ਕਰ ਦਿੱਤੀ ਸੀ, “ਮੇਰੇ ਪਿਉ ਦਾ ਸਕਰੈਪਯਾਰਡ ਹੁੰਦਾ ਸੀ। ਮੈਂ ਰੋਜ਼ ਦੁਪਹਿਰ ਨੂੰ ਡੈਡੀ ਦਾ ਖਾਣਾ ਲੈ ਕੇ ਜਾਂਦੀ ਹੁੰਦੀ ਸੀ। ਉਹ ੱਿਤ ਮੈਨੂੰ ਉਸ ਵੇਲੇ ਟੱਕਰਦਾ ਹੁੰਦਾ ਸੀ। ਇਉਂ ਹੀ ਇੱਕ ਦਿਨ ਮੈਂ ਖਾਣਾ ਫੜਾ ਕੇ ਆ ਰਹੀ ਸੀ। ਕੈਵਿਨ ਸੜਕ ਤੋਂ ਮੇਰੇ ਕੋਲ ਦੀ ਮੋਟਰਸਾਇਕਲ ’ਤੇ ਲੰਘਿਆ ਸੀ। ਉਹ ਕਾਫ਼ੀ ਦੂਰ ਤੱਕ ਮੇਰੇ ਵੱਲ ਪਿੱਛੇ ਮੁੜ-ਮੁੜ ਦੇਖਦਾ ਰਿਹਾ ਸੀ। ਜਦ ਤੱਕ ਉਹਦਾ ਮੋਟਰਸਾਇਕਲ ਮੈਨੂੰ ਦਿਸਦਾ ਰਿਹਾ ਸੀ ਮੈਂ ਉਹਨੂੰ ਦੇਖਦੀ ਆਪਣੇ ਰਾਹ ਚਲਦੀ ਗਈ ਸੀ। ਰਸਤੇ ਵਿੱਚ ਮੈਨੂੰ ਵਿਰਾਨ ਦਰੱਖਤਾਂ ਦੇ ਝੁੰਡ ਵਿੱਚੋਂ ਦੀ ਲੰਘਣਾ ਪੈਣਾ ਸੀ। ਮੈਂ ਦਰੱਖਤਾਂ ਦੇ ਜੰਗਲ ਵਿੱਚ ਵੜ ਗਈ ਸੀ। ਮੈਂ ਅਜੇ ਮਸਾਂ ਅੱਧ ਕੁ ਵਿੱਚ ਹੀ ਗਈ ਹੋਵਾਂਗੀ ਕਿ ਮੈਨੂੰ ਪੱਤਿਆਂ ਦੀ ਖੜਖੜ ਹੋਈ ਸੁਣੀ। ਮੈਨੂੰ ਇੰਝ ਲੱਗਿਆ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ। ਮੈਂ ਰੁੱਕ ਕੇ ਪਿੱਛੇ ਮੁੜ ਕੇ ਦੇਖਿਆ, ਉੱਥੇ ਕੋਈ ਵੀ ਨਹੀਂ ਸੀ। ਮੈਂ ਫਿਰ ਤੁਰੀ। ਫਿਰ ਕਿਸੇ ਦੇ ਉੱਥੇ ਹੋਣ ਦੀ ਮੈਨੂੰ ਬਿੜਕ ਆਈ ਸੀ। ਮੈਂ ਝਕਾਨੀ ਦੇਣ ਲਈ ਥੋੜ੍ਹਾ ਜਿਹਾ ਤੁਰ ਕੇ ਇੱਕਦਮ ਪਿੱਛੇ ਘੁੰਮ ਕੇ ਦੇਖਿਆ ਸੀ। ਸੱਚੀਂ ਕੋਈ ਮੇਰਾ ਪਿੱਛਾ ਕਰ ਰਿਹਾ ਸੀ। ਜਿਉਂ ਹੀ ਮੈਂ ਪਿੱਛੇ ਮੂੰਹ ਘੁਮਾਇਆ ਸੀ। ਉਹ ਝੱਟ ਦੇਣੇ ਦਰੱਖਤ ਉਹਲੇ ਲੁੱਕ ਗਿਆ ਸੀ। ਮੈਂ ਉਸਨੂੰ ਦੇਖ ਚੁੱਕੀ ਸੀ। ਉਹ ਵੀ ਜਾਣ ਗਿਆ ਸੀ ਕਿ ਮੈਂ ਉਸਨੂੰ ਦੇਖ ਲਿਆ ਹੈ। ਭਾਵੇਂ ਚਿਹਰਾ ਤਾਂ ਮੈਂ ਨਹੀਂ ਦੇਖਿਆ ਸੀ। ਲੇਕਿਨ ਉਸਦੇ ਚਮੜੇ ਦੇ ਕਾਲੇ ਵਸਤਰਾਂ ਤੋਂ ਮੈਂ ਸਿਆਣ ਲਿਆ ਸੀ ਕਿ ਇਹ ਉਹੀ ਮੇਰਾ ਮਹਿਬੂਬ ਸੀ। ਕਿਉਂਕਿ ਮੋਟਰਸਾਇਕਲ ਉੱਤੇ ਕੁੱਝ ਦੇਰ ਪਹਿਲਾਂ ਮੈਂ ਕੈਵਿਨ ਦੇ ਉਹੀ ਕੱਪੜੇ ਪਹਿਨੇ ਹੋਏ ਦੇਖੇ ਸਨ। ਮੈਂ ਜਾਣ ਬੁੱਝ ਕੇ ਅਣਜਾਣ ਬਣਦਿਆਂ ਪੁੱਛਿਆ ਸੀ, ਕੌਣ ਐ?”
“ਮੈਂ।” ਕੈਵਿਨ ਦਰੱਖਤ ਉਹਲਿਉਂ ਬਾਹਰ ਆ ਗਿਆ ਸੀ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ।
“ਜਾਣਦੀ ਐਂ ਨਾ ਕੌਣ ਹਾਂ ਮੈਂ?”
“ਕ… ਕੱਕ… ਕੀ ਚਾਹੀਦੈ?”
“ਤੂੰ ਸਿਰਫ਼ ਤੂੰ।” ਉਹ ਹੌਲੀ-ਹੌਲੀ ਮੇਰੇ ਕਰੀਬ ਆਉਣ ਲੱਗਿਆ ਸੀ। ਮੈਂ ਉੱਥੇ ਪਿਛਾਂਹ ਨੂੰ ਪਿਛਲਖੁਰੀ ਦੋ ਤਿੰਨ ਕਦਮ ਤੁਰ ਕੇ ਸਿੱਧੀ ਹੋ ਕੇ ਤੁਰਨ ਲੱਗੀ ਸੀ। ਉਹਦੀ ਪੈੜ ਚਾਪ ਤੋਂ ਹੀ ਮੈਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਉਹ ਮੇਰੇ ਨਾਲ ਰਲਣ ਲਈ ਤੇਜ਼ ਹੋ ਗਿਆ ਸੀ। ਮੈਂ ਭੱਜ ਪਈ ਸੀ। ਉਹ ਵੀ ਮੇਰੇ ਮਗਰ ਭੱਜਿਆ ਸੀ, “ਹੇ? ਰੁਕ? ਗੱਲ ਸੁਣੀਂ?”
“ਕਿਸੇ ਚੀਜ਼ ਨੇ ਮੇਰੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਸਨ। ਮੈਂ ਥਹਿੰ ਨੂੜੀ ਗਈ ਸੀ। ਮੈਥੋਂ ਉਲਾਂਘ ਵੀ ਨਹੀਂ ਪੱਟ ਹੋਈ ਸੀ। ਮੈਂ ਉੱਥੇ ਖੜ੍ਹੀ-ਖੜ੍ਹੀ ਨੇ ਹੀ ਪੁੱਛਿਆ ਸੀ, “ਹਾਂ ਛੇਤੀ-ਛੇਤੀ ਦੱਸ ਕੀ ਗੱਲ ਆ?”
“ਮੈਨੂੰ ਤੇਰੇ ਨਾਲ ਇਸ਼ਕ ਹੋ ਗਿਐ। ਮਰਿਆ ਪਿਆਂ ਮੈਂ ਤੇਰੇ ’ਤੇ। ਐਨਾ ਆਖ ਕੇ ਉਹਨੇ ਮੈਨੂੰ ਜੱਫੀ ਪਾ ਲਈ ਤੇ ਮੇਰੇ ਬੁੱਲ੍ਹਾਂ ਨੂੰ ਚੁੰਮਣ ਲਈ ਆਪਣੇ ਬੁੱਲ੍ਹ ਨਾਲ ਲਾ ਦਿੱਤੇ ਸਨ। ਮੈਂ ਰੋਸ ਵਜੋਂ ਇੱਕ ਪਾਸੇ ਨੂੰ ਮੂੰਹ ਫੇਰ ਲਿਆ ਸੀ। ਉਹ ਮੇਰੀਆਂ ਗੱਲ੍ਹਾਂ ’ਤੇ ਦੰਦੀਆਂ ਵੱਢਣ ਲੱਗ ਗਿਆ ਸੀ। ਮੈਨੂੰ ਉਸ ਪਾਸੋਂ ਇਹੋ ਜਿਹੀ ਹਿਮਾਕਤ ਦੀ ਰਤਾ ਵੀ ਆਸ ਨਹੀਂ ਸੀ। ਮੈਂ ਉਸ ਤੋਂ ਛੁੱਟ ਕੇ ਦੌੜੀ ਸੀ। ਉਹ ਮੇਰੇ ਮਗਰ ਲੱਗ ਤੁਰਿਆ ਸੀ। ਮੈਂ ਪੂਰੀ ਤੇਜ਼ ਦੌੜਦੀ ਗਈ ਸੀ। ਉਹ ਅੜਕ ਕੇ ਡਿੱਗ ਪਿਆ ਸੀ ਤੇ ਡਿੱਗਦਿਆਂ ਹੀ ਉਹਦੇ ਹੱਥ ਵਿੱਚ ਮੇਰੇ ਪੈਰ ਦਾ ਗਿੱਟਾ ਆ ਗਿਆ ਸੀ। ਉਹਦੇ ਪੈਰ ਧੂਹਣ ਨਾਲ ਭੱਜੀ ਜਾਂਦੀ, ਮੈਂ ਵੀ ਧੜੱਮ ਦੇਣੇ ਮੂੰਹ ਪਰਨੇ ਡਿੱਗ ਪਈ ਸੀ। ਉਹਦੀਆਂ ਅੱਖਾਂ ਵਿੱਚ ਇੱਕ ਵਹਿਸ਼ਤ ਸੀ। ਮੈਂ ਡਰ ਕੇ ਉਹਦੇ ਮੂਹਰੇ ਹੱਥ ਬੰਨ੍ਹੇ, ਰੋਈ, ਗਿੜਗਿੜਾਈ ਸੀ। ਉਹਨੇ ਮੇਰੇ ’ਤੇ ਕੋਈ ਰਹਿਮ ਨਹੀਂ ਸੀ ਕੀਤਾ। ਮੇਰੇ ਕੱਪੜੇ ਪਾੜ ਕੇ ਲੀਰੋ-ਲੀਰ ਕਰ ਦਿੱਤੇ ਸਨ ਤੇ…।”
“ਤੇ ਕੀ ਉਹਨੇ ਤੁਹਾਡਾ ਰੇਪ?” ਮੈਂ ਚੌਂਕ ਕੇ ਪੁੱਛਿਆ ਸੀ।
“ਹਾਂ ਆਪਣੀ ਹਵਸ ਬੁਝਾ ਕੇ ਉਹਨੇ ਕੱਪੜੇ ਪਾਏ ਤੇ ਪੈਂਟ ਵਿੱਚ ਸ਼ਰਟ ਨੂੰ ਥੁੰਨ੍ਹਦਾ ਹੋਇਆ ਤੁਰ ਪਿਆ ਸੀ। ਹਨੇਰਾ ਬਹੁਤ ਹੋ ਚੁੱਕਿਆ ਸੀ। ਮੈਂ ਲੰਗਾਰ ਹੋਏ ਆਪਣੇ ਲੀੜਿਆਂ ਨਾਲ ਵਾਪਸ ਘਰ ਆ ਗਈ ਸੀ। ਘਰੇ ਕੋਈ ਨਹੀਂ ਸੀ। ਮੈਂ ਨਹਾਤੀ-ਧੋਤੀ ਅਤੇ ਕੱਪੜੇ ਬਦਲ ਕੇ ਬਿਸਤਰੇ ਵਿੱਚ ਪੈ ਗਈ ਸੀ। ਉਦਣ ਨਾ ਹੀ ਮੈਂ ਕੁੱਝ ਖਾਧਾ ਸੀ ਤੇ ਨਾ ਹੀ ਪੀਤਾ ਸੀ। ਮੈਂ ਕਿਸੇ ਕੋਲ ਇਸ ਹਾਦਸੇ ਦੀ ਗੱਲ ਵੀ ਨਹੀਂ ਸੀ ਕੀਤੀ। ਨਾ ਹੀ ਪੁਲੀਸ ਨੂੰ ਇਤਲਾਹ ਦਿੱਤੀ ਸੀ। ਨਹੀਂ ਤਾਂ ਸਾਡੇ ਪਰਿਵਾਰਾਂ ਵਿਚਾਲੇ ਲੜਾਈ ਝਗੜਾ ਹੋ ਜਾਣਾ ਸੀ। ਸਾਡੇ ਮਜ਼੍ਹਬ ਦੇ ਲੋਕਾਂ ਵਿੱਚ ਖੂਨ-ਖਰਾਬਾ ਵੱਧ ਜਾਣਾ ਸੀ। ਮਨ ਨੂੰ ਇਹੀ ਸਮਝਾ ਲਿਆ ਸੀ ਕਿ ਮੈਂ ਕੈਵਿਨ ਦੇ ਨਾਲ ਰਜ਼ਾਮੰਦੀ ਨਾਲ ਕੀਤਾ ਸੀ ਪਰ ਅਜਿਹਾ ਕਰਦਿਆਂ ਮੈਂ ਅੰਦਰੋਂ ਮਰ ਗਈ ਸੀ।”
“ਉਸ ਤੋਂ ਬਾਅਦ ਮੈਂ ਅਕਸਰ ਆਪਣੇ ਕਮਰੇ ਵਿੱਚ ਹੀ ਪਈ ਰੋਂਦੀ ਰਹਿੰਦੀ ਹੁੰਦੀ ਸੀ। ਇੱਕ ਦਿਨ ਮੇਰੀ ਖਿੜਕੀ ਰਾਹੀਂ ਬਾਹਰੋਂ ਕਿਸੇ ਨੇ ਪੱਥਰ ਸੁੱਟਿਆ ਸੀ। ਪੱਥਰ ਦੇ ਨਾਲ ਇੱਕ ਕਾਗ਼ਜ਼ ਵੀ ਲਪੇਟਿਆ ਹੋਇਆ ਸੀ। ਮੈਂ ਉੱਠ ਕੇ ਬਾਹਰ ਦੇਖਿਆ ਤਾਂ ਕੈਵਿਨ ਖੜ੍ਹਾ ਸੀ। ਮੈਂ ਕਾਗ਼ਜ਼ ਚੁੱਕ ਕੇ ਪੜ੍ਹਿਆ। ਕੈਵਿਨ ਆਪਣੇ ਕੀਤੇ ’ਤੇ ਸ਼ਰਮਿੰਦਾ ਸੀ। ਮਾਅਫ਼ੀਨਾਮਾ ਲਿਖ ਕੇ ਭੇਜਿਆ ਸੀ ਉਸਨੇ। ਉਹਨੇ ਲਿਖਿਆ ਸੀ ਕਿ ਉਹ ਮੈਨੂੰ ਬਹੁਤ ਮੁਹੱਬਤ ਕਰਦਾ ਹੈ। ਬਦਲੇ ਵਿੱਚ ਮੈਥੋਂ ਉਹ ਪਿਆਰ ਦੀ ਆਸ ਰੱਖਦਾ ਹੈ। ਮੇਰੇ ਘਰਦੇ ਸਾਹਮਣੇ ਵਾਲੇ ਪਾਰਕ ਵਿੱਚ ਹਰ ਰੋਜ਼ ਸ਼ਾਮ ਤੋਂ ਰਾਤ ਤੱਕ ਮੈਨੂੰ ਉਡੀਕਿਆ ਕਰੇਗਾ।”
“ਮੈਂ ਸੋਚਿਆ ਸੀ ਕਿ ਸਾਡੇ ਲੋਕਾਂ ਵਿੱਚ ਫੈਲੀ ਧਰਮਾਂ ਅਤੇ ਮਜ਼੍ਹਬਾਂ ਦੀ ਨਫ਼ਰਤ ਨੂੰ ਮਾਰ ਕੇ ਕਬਰ ਵਿੱਚ ਦਫਨਾਉਣ ਲਈ ਸ਼ਾਇਦ ਸਾਡੀ ਮੁਹੱਬਤ ਹੀ ਪਹਿਲੀ ਇੱਟ ਸਾਬਤ ਹੋ ਜਾਵੇ? ਮੈਂ ਕੈਵਿਨ ਨੂੰ ਖਿੜਕੀ ਵਿੱਚੋਂ ਦੇਖਦੀ ਰਹਿੰਦੀ ਹੁੰਦੀ ਸੀ। ਉਹ ਮੀਂਹ, ਹਨੇਰੀ, ਧੁੱਪ, ਛਾਂ, ਕੁੱਝ ਨਹੀਂ ਸੀ ਦੇਖਦਾ ਹੁੰਦਾ। ਬਸ ਖੜ੍ਹਾ ਮੇਰਾ ਇੰਤਜ਼ਾਰ ਕਰਦਾ ਰਹਿੰਦਾ ਹੁੰਦਾ ਸੀ। ਇੱਕ ਦਿਨ ਮੈਂ ਆਪਣੇ ਆਪਨੂੰ ਰੋਕ ਨਹੀਂ ਸੀ ਸਕੀ ਤੇ ਦੌੜ ਕੇ ਉਹਦੀਆਂ ਬਾਹਾਂ ਵਿੱਚ ਜਾ ਡਿੱਗੀ ਸੀ। ਉਹਨੇ ਜੱਫੀ ਪਾ ਕੇ ਮੈਨੂੰ ਹਵਾਂ ਵਿੱਚ ਘੁੰਮਾ ਦਿੱਤਾ ਸੀ। ਮੇਰੇ ਪੈਰ ਧਰਤੀ ਤੋਂ ਚੁੱਕੇ ਗਏ ਸਨ। ਉਹ ਧੁਰੇ ਦੁਆਲੇ ਘੁੰਮਦੇ ਕਿਸੇ ਪੱਖੇ ਵਾਂਗ ਮੈਨੂੰ ਘੁੰਮਾਉਂਦਾ ਹੋਇਆ ਚੱਕੀ ਹੀ ਬਣ ਗਿਆ ਸੀ। ਉਹ ਵੀ ਖੁਸ਼ ਸੀ ਤੇ ਮੈਂ ਵੀ ਪ੍ਰਸੰਨ ਸਾਂ। ਜਦੋਂ ਥੱਕ ਕੇ ਉਹ ਮੈਨੂੰ ਘੁਮਾਉਣੋਂ ਰੁਕਿਆ ਤੇ ਉਹਨੇ ਮੈਨੂੰ ਛੱਡਿਆ ਤਾਂ ਮੈਨੂੰ ਘੁੰਮੇਰ ਆ ਗਈ ਸੀ। ਮੈਥੋਂ ਆਪਣੇ ਪੈਰਾਂ ਭਾਰ ਖੜ੍ਹਿਆ ਨਹੀਂ ਸੀ ਗਿਆ ਤੇ ਮੈਂ ਸ਼ਰਾਬੀਆਂ ਵਾਂਗ ਲੜਖੜਾ ਕੇ ਡਿੱਗ ਪਈ ਸੀ। ਮੇਰੇ ਅੰਦਰੋਂ ਉਹਦੇ ਪ੍ਰਤੀ ਸਾਰੀ ਨਫ਼ਰਤ ਮਰ ਗਈ ਸੀ ਤੇ ਉਹਨੂੰ ਐਨਾ ਪਿਆਰ ਕਰਨ ਲੱਗ ਗਈ ਸੀ। ਐਨਾ ਪਿਆਰ, ਜਿੰਨਾ ਕਿ ਮਾਵਾਂ ਆਪਣੇ ਪੁੱਤਾਂ ਨੂੰ ਕਰਦੀਆਂ ਹਨ। ਰੋਜ਼ ਸ਼ਾਮ ਨੂੰ ਮੈਂ ਕੈਵਿਨ ਨੂੰ ਉਨ੍ਹਾਂ ਲੱਕੜਾਂ ਦੇ ਜੰਗਲ ਵਿੱਚ ਸੱਦ ਲੈਂਦੀ ਹੁੰਦੀ ਸੀ। ਉਹ ਮੈਥੋਂ ਪਹਿਲਾਂ ਹੀ ਇਕਰਾਰ ਵਾਲੀ ਥਾਂ ’ਤੇ ਮੈਡਮ ਟੂਸੇਡ ਵਿੱਚ ਲੱਗੇ ਬੁੱਤਾਂ ਵਾਂਗ ਖੜ੍ਹਾ ਹੁੰਦਾ ਸੀ। ਉਹਨੂੰ ਮਿਲਣ ਜਾਣ ਵਿੱਚ ਮੈਂ ਵੀ ਕਦੇ ਦੇਰੀ ਨਹੀਂ ਸੀ ਕਰੀ। ਮੈਂ ਵੀ ਦੌੜ ਕੇ ਜਾਂਦੀ ਹੁੰਦੀ ਸੀ। ਮੈਥੋਂ ਵੀ ਸਬਰ ਨਹੀਂ ਸੀ ਕਰ ਹੁੰਦਾ। ਮੈਂ ਜਾਣਸਾਰ ਉਹਦੇ ਕੱਪੜੇ ਪਾੜ ਦਿੰਦੀ ਹੁੰਦੀ ਸੀ। ਤੇ ਅਸੀਂ ਘੰਟਿਆਂ ਬੱਧੀ ਇੱਕ-ਮਿੱਕ ਹੋਏ ਰਹਿੰਦੇ ਹੁੰਦੇ ਸੀ। ਇਸ ਕਦਰ ਮੈਂ ਉਹਦੇ ਪਿਆਰ ਵਿੱਚ ਪਾਗਲ ਹੋ ਗਈ ਸੀ।”
“ਇੱਧਰੋਂ ਸਾਡੀ ਮੁਹੱਬਤ ਤੇਜ਼ੀ ਫੜਦੀ ਜਾ ਰਹੀ ਸੀ, ਉੱਧਰੋਂ ਆਈ ਆਰ ਏ (ਇੱਕ ਦਹਿਸ਼ਤਗਰਦ ਜੰਥੇਬੰਦੀ) ਦੀਆਂ ਸਰਗਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਸਨ। ਆਏ ਦਿਨ ਬੰਬ, ਧੰਮਾਕੇ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨ। ਹਾਲਾਤ ਵਿਗੜਦੇ ਜਾ ਰਹੇ ਸਨ। ਜਦ ਕੈਥੋਲਿਕਾਂ ਦਾ ਨੁਕਸਾਨ ਹੋ ਜਾਂਦਾ ਤਾਂ ਉਹ ਸਮਝਦੇ ਕਿਸੇ ਪਰੋਟੈਸਟੈਂਟਾਂ ਨੇ ਇਹ ਕਾਰਾ ਕੀਤਾ ਹੋਵੇਗਾ। ਜਦੋਂ ਪਰੋਟੈਸਟੈਂਟਾਂ ਦੀ ਹਾਨੀ ਹੁੰਦੀ ਤਾਂ ਉਹ ਇਸਦੇ ਕਸੂਰਵਾਰ ਕੈਥੋਲਿਕਾਂ ਨੂੰ ਖ਼ਿਆਲ ਕਰਦੇ। ਦੋਨਾਂ ਧਰਮਾਂ ਦੇ ਲੋਕਾਂ ਵਿੱਚ ਆਪਸੀ ਤਨਾਉ ਵੱਧ ਗਿਆ ਸੀ। ਆਪਣੇ ਇਸ਼ਕ ਦਾ ਅੰਜ਼ਾਮ ਮੈਂ ਜਾਣਦੀ ਸੀ। ਸਾਡੇ ਇੱਕ ਦੂਜੇ ਦੇ ਜੀਵਨਸਾਥੀ ਬਣਨ ਵਿੱਚ ਨਾ ਕੈਵਿਨ ਦੇ ਪਰਿਵਾਰ ਨੇ ਮੰਨਣਾ ਸੀ ਤੇ ਨਾ ਮੇਰੇ ਨੇ। ਪਰਿਵਾਰ ਮੰਨ ਜਾਂਦੇ ਤਾਂ ਸਮਾਜ ਨੇ ਕੋਈ ਨਾ ਕੋਈ ਪੰਗਾ ਖੜ੍ਹਾ ਕਰ ਦੇਣਾ ਸੀ। ਇਸ ਲਈ ਅਸੀਂ ਫੈਸਲਾ ਕੀਤਾ ਸੀ ਕਿ ਭੱਜ ਕੇ ਕਿੱਧਰੇ ਦੂਰ ਚਲੇ ਜਾਇਏ।”
“ਬਸ ਕੈਵਿਨ ਦੇ ਨਾਲ ਭੱਜ ਕੇ ਪਹਿਲਾਂ ਮੈਂ ਇੰਗਲੈਂਡ ਚਲੀ ਗਈ ਸੀ। ਪਰ ਲੰਡਨ ਦੀ ਮਹਿੰਗਿਆਈ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ ਸਨ। ਮੈਂ ਕੁੱਝ ਦੇਰ ਪਿਕਾਡਿਲੀ ਦੇ ਕਲੱਬਾਂ ਵਿੱਚ ਸਟਰਿੱਪਰ (ਕੱਪੜੇ ਲਾਹ ਕੇ ਕਲੱਬਾਂ ਵਿੱਚ ਨੰਗੀ ਨੱਚਣ ਵਾਲੀ ਨਾਚੀ) ਬਣ ਕੇ ਪੌਂਡ ਕਮਾਏ। ਮੈਂ ਇਹ ਕੰਮ ਕਰਨਾ ਪਸੰਦ ਨਹੀਂ ਸੀ ਕਰਦੀ। ਤੇ ਇੱਕ ਦਿਨ ਅਸੀਂ ਟਰੇਨ ’ਚ ਬੈਠੇ ਤੇ ਇੱਥੇ ਸਕੌਟਲੈਂਡ ਵਿੱਚ ਆ ਗਏ।” ਵੀਵਿਆ ਆਪਣੀ ਜੀਵਨ ਕਥਾ ਦੱਸਣ ਬਾਅਦ ਖ਼ਾਮੋਸ਼ ਹੋਣ ਦੇ ਨਾਲ-ਨਾਲ ਅੰਤਾਂ ਦੀ ਉਦਾਸ ਵੀ ਹੋ ਗਈ ਸੀ।
ਸੰਨਾਟੇ ਨੂੰ ਤੋੜਨ ਲਈ ਮੈਂ ਸਾਹਮਣੇ ਮੇਜ਼ ’ਤੇ ਪਈ ਫੋਟੋ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਸੀ, “ਇਹ ਤੁਹਾਡੇ ਪਿਤਾ ਹਨ?”
“ਨਹੀਂ।”
“ਅਸੀਂ ਪਹਿਲੇ-ਪਹਿਲ ਇਸ ਬਾਬੇ ਕੋਲ ਆ ਕੇ ਠਹਿਰੇ ਸੀ। ਇਸ ਨਾਲ ਕੈਵਿਨ ਦੀ ਲੰਡਨ ਵਿੱਚ ਮੁਲਾਕਾਤ ਹੋਈ ਸੀ। ਮੈਨੂੰ ਇਹਨੇ ਕਲੱਬ ਵਿੱਚ ਨੱਚਦੀ ਹੋਈ ਨੂੰ ਦੇਖਿਆ ਸੀ। ਅਸੀਂ ਲੰਡਨ ਤੋਂ ਸਿੱਧੇ ਇਹਦੇ ਕੋਲ ਆਏ ਸੀ। ਸਾਨੂੰ ਬੜੇ ਸੁਆਦੀ ਪਕਵਾਨ ਬਣਾ ਕੇ ਖਵਾਏ ਸੀ ਇਸਨੇ। ਸਾਡੇ ਮੂਹਰੇ ਅਲਮਾਰੀਆਂ ਖੋਲ੍ਹ ਦਿੱਤੀਆਂ ਸਨ ਤੇ ਆਖਿਆ ਸੀ, ਜਿਹੜਾ ਮਰਜ਼ੀ ਜੂਸ ਪੀ ਲਉ, ਜਿਹੜੀ ਦਿਲ ਕਰਦੈ ਦਾਰੂ ਚੱਕੋ।”
ਕੈਵਿਨ ਨੇ ਦਾਰੂ ਲੈ ਲਿੱਤੀ ਸੀ ਤੇ ਮੈਨੂੰ ਉਹਨੇ ਸੰਗਤਰੇ ਦਾ ਜੂਸ ਪਾ ਦਿੱਤਾ ਸੀ। ਮੈਨੂੰ ਉਨ੍ਹਾਂ ਨੇ ਸ਼ਰਾਬ ਲਈ ਬਹੁਤ ਜ਼ੋਰ ਪਾਇਆ ਸੀ। ਪਰ ਮੈਂ ਨਈਂ ਸੀ ਮੰਨੀ। ਮੈਨੂੰ ਜੂਸ ਥੋੜ੍ਹਾ ਜਿਹਾ ਕੌੜਾ ਲੱਗਿਆ ਸੀ। ਪਰ ਫਿਰ ਮੈਂ ਇਹ ਸੋਚ ਕੇ ਪੀ ਗਈ ਸੀ ਕਿ ਸ਼ਾਇਦ ਉਹ ਜ਼ਿਆਦਾ ਖੱਟੇ ਸੰਗਤਰਿਆਂ ਦਾ ਹੋਵੇਗਾ। ਜੂਸ ਪੀਂਦਿਆਂ ਹੀ ਮੈਨੂੰ ਨੀਂਦ ਆਉਣ ਲੱਗ ਗਈ ਸੀ। ਅਸੀਂ ਸੌਂ ਗਏ ਸੀ। ਕੈਵਿਨ ਮੇਰੇ ਨਾਲ ਪਿਆ ਸੀ।
ਸੁਬ੍ਹਾ ਜਾਗੀ ਤਾਂ ਕੈਵਿਨ ਦੇ ਸਥਾਨ ’ਤੇ ਉਹ ਬੁੜ੍ਹਾ ਮੇਰੇ ਨਾਲ ਨੰਗਾ ਪਿਆ ਸੀ। ਮੇਰੇ ਤਨ ਉੱਤੇ ਵੀ ਕੋਈ ਵਸਤਰ ਨਹੀਂ ਸੀ। ਮੈਂ ਇਸ ਅਵਸਥਾ ਵਿੱਚ ਕਿਵੇਂ ਪਹੁੰਚੀ ਸੀ? ਇਸਦਾ ਮੈਨੂੰ ਕੋਈ ਪਤਾ ਨਹੀਂ ਸੀ। ਮੈਂ ਫਟਾਫਟ ਉੱਠੀ। ਬੁੱਢਾ ਵੀ ਜਾਗ ਗਿਆ ਸੀ। ਮੈਂ ਆਪਣੇ ਕੱਪੜੇ ਲੱਭਣ ਲੱਗੀ।
ਮੇਰੇ ਕੋਲ ਨੂੰ ਆਉਂਦਾ ਬੁੜ੍ਹਾ ਬੋਲਿਆ ਸੀ, “ਲੀੜੇ ਭਾਲਦੀ ਐਂ? -ਉਹ ਤੇਰਾ ਪ੍ਰੇਮੀ ਲੈ ਗਿਐ। ਉਨ੍ਹਾਂ ਨੂੰ ਵੇਚ ਕੇ ਰੇਲਗੱਡੀ ਦਾ ਟਿਕਟ ਖਰੀਦੂਗਾ।”
“ਮੈਨੂੰ ਬੁੱਢੇ ਨੇ ਹੀ ਦੱਸਿਆ ਸੀ ਕਿ ਨਸ਼ੇ ਦਾ ਸੇਵਨ ਕਰਨ ਵਿੱਚ ਮੇਰੀ ਰਜ਼ਾਮੰਦੀ ਨਾ ਹੋਣ ਕਰਕੇ ਕੈਵਿਨ ਨੇ ਮੈਨੂੰ ਜੂਸ ਵਿੱਚ ਪਾ ਕੇ ਕੁੱਝ ਦਿੱਤਾ ਸੀ।”
ਇਹ ਗੱਲ ਸੁਣ ਕੇ ਮੇਰੀ ਹੈਰਾਨਗੀ ਦੀ ਹੱਦ ਨਹੀਂ ਸੀ ਰਹੀ, “ਹੈਂ, ਉਹਨੇ ਐਨਾ ਘਟੀਆ ਤੇ ਘਿਨਾਉਣਾ ਕੰਮ ਕੀਤੈ? ਚਾਂਦੀ ਦੇ ਚੰਦ ਸਿੱਕਿਆਂ ਬਦਲੇ ਆਪਣੇ ਪਿਆਰ ਨੂੰ ਵੇਚ ਦਿੱਤਾ?”
“ਹਾਂ, ਕੁੜੀਏ ਦੌਲਤ ਵਿੱਚ ਬਹੁਤ ਤਾਕਤ ਹੁੰਦੀ ਹੈ। ਇਸ ਨਾਲ ਸਭ ਰਿਸ਼ਤੇ ਨਾਤੇ ਖਰੀਦੇ ਅਤੇ ਵੇਚੇ ਜਾ ਸਕਦੇ ਹਨ। ਅਰਸੁਤ ਨੇ ਕਿਹੈ, ‘ਮਨੁੱਖ ਇੱਕ ਰਾਜਨੀਤਕ ਪ੍ਰਾਣੀ ਹੈ।’ ਹਰ ਬੰਦਾ ਇਸ ਦੁਨੀਆਂ ਵਿੱਚ ਆਪਣੇ ਮਤਲਬ ਲਈ ਭੱਜਿਆ ਫਿਰਦਾ ਹੈ। ਜਦੋਂ ਇਨਸਾਨ ਦੀ ਸੋਚ ਵਿੱਚ ਸਿਆਸਤ ਘੁੱਸ ਜਾਵੇ ਤਾਂ ਉਹ ਕਿਸੇ ਦਾ ਮਿੱਤ ਨਹੀਂ ਰਹਿੰਦਾ। ਫਰਾਂਸ ਦੇ ਸ਼ਾਸਕ ਨਪੋਲੀਅਨ ਬੋਨਾਪਾਰਟ (1769-1821) ਨੇ ਤਾਂ ਇੱਥੋਂ ਤੱਕ ਕਹਿ ਦਿੱਤੈ, ‘ਸਿਆਸਦਾਨ ਕੋਲ ਦਿਲ ਨਹੀਂ ਸਿਰਫ਼ ਦਿਮਾਗ ਹੁੰਦਾ ਹੈ।’ ਇੱਕ ਹੋਰ ਕਿੱਸਾ ਸੁਣਾਉਂਦੀ ਹਾਂ ਮੈਂ ਤੈਨੂੰ। -ਸਾਡੇ ਗੁਆਂਢ ਇੱਕ ਗਰੀਬ ਆਦਮੀ ਰਹਿੰਦਾ ਸੀ। ਉਹਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਇੱਕ ਮੰਤਰੀ ਨੇ ਆਪ ਹੀ ਆਪਣੇ ਉੱਪਰ ਗੋਲੀ ਚਲਵਾਉਣ ਲਈ ਭਰੀ ਹੋਈ ਬੰਦੂਕ ਅਤੇ ਬਹੁਤ ਸਾਰਾ ਧਨ ਭੇਜ ਦਿੱਤਾ ਸੀ। ਮੰਤਰੀ ਨੇ ਆਦੇਸ਼ ਦਿੱਤਾ ਸੀ ਕਿ ਗਰੀਬ ਆਦਮੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰੇ। ਪਰ ਮਾਰੇ ਨਾ। ਗੋਲੀ ਕਿਤੇ ਆਸੇ ਪਾਸੇ ਮਾਰ ਦੇਵੇ। ਤਾਂ ਕਿ ਦਿਖਾਵੇ ਵਜੋਂ ਇਹ ਜਾਨਲੇਵਾ ਹਮਲਾ ਲੱਗੇ। ਉਸ ਗਰੀਬ ਆਦਮੀ ਵਿੱਚ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਸਮਰੱਥਾ ਨਹੀਂ ਸੀ। ਇਸ ਲਈ ਉਹ ਮੰਨ ਗਿਆ, ਇਹ ਡਰਾਮਾ ਕਰਨ ਲਈ। ਐ ਪੀ ਬੁੱਲਟ ਪਰੂਫ ਜੈਕਟ ਪਾ ਕੇ ਖੜ੍ਹਾ ਭਾਸ਼ਨ ਦੇ ਰਿਹਾ ਸੀ। ਗਰੀਬ ਨੇ ਹੁਕਮ ਵਜਾਉਂਦਿਆਂ ਗੋਲੀ ਚਲਾਈ। ਉਸਨੂੰ ਬਿਚਾਰੇ ਨੂੰ ਜੇਲ੍ਹ ਹੋ ਗਈ। ਮੰਤਰੀ ਇਹ ਆਖ ਕੇ ਪਬਲਸਿਟੀ ਲੈ ਗਿਆ ਕਿ ਉਸ ਉੱਪਰ ਗੋਲੀ ਵਿਰੋਧੀ ਦਲ ਨੇ ਚਲਾਈ ਸੀ। ਮੰਤਰੀ ਨੂੰ ਵੋਟਾਂ ਮਿਲ ਗਈਆਂ। ਗਰੀਬ ਦਾ ਮੂੰਹ ਪੌਂਡਾਂ ਨਾਲ ਬੰਦ ਕਰ ਦਿੱਤਾ ਗਿਆ। ਉਹ ਆਪਣੇ ਪਰਿਵਾਰ ਦਾ ਨੰਗ ਢੱਕਣ ਲਈ ਜੇਲ੍ਹ ਵਿੱਚ ਸੜਦਾ ਮਰ ਗਿਆ। ਸੋ ਦੌਲਤ ਖਾਤਰ ਇਨਸਾਨ ਕੁੱਝ ਵੀ ਕਰ ਸਕਦੈ।”
“ਕੈਵਿਨ ਬੁੜ੍ਹੇ ਨਾਲ ਮੇਰਾ ਸੌਦਾ ਕਰਕੇ ਭਾਰੀ ਰਕਮ ਬਟੋਰ ਕੇ ਲੈ ਗਿਆ ਸੀ। ਉਸ ਬੁੜ੍ਹੇ ਨਾਲ ਸੌਣ ਲਈ ਮੈਂ ਰਾਜ਼ੀ ਨਹੀਂ ਸੀ ਹੋਣਾ, ਇਸ ਲਈ ਕੈਵਿਨ ਨੇ ਮੇਰੇ ਜੂਸ ਵਿੱਚ ਰੌਲਫੀ (੍ਰੋੇਪਹਪਲੋਨ ਜਿਸਨੂੰ ਸੰਖੇਪ ਵਿੱਚ ੍ਰੋਡਇ ਵੀ ਕਿਹਾ ਜਾਂਦਾ ਹੈ।) ਨਾਮਕ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ। ਜੋ ਕਿ ੜੳਲੁਿਮ। ਨਾਲੋਂ ਦਸ ਗੁਣਾਂ ਜ਼ਿਆਦਾ ਤਾਕਤਵਰ ਹੁੰਦੀਆਂ ਹਨ। ਜਦੋਂ ਮੈਂ ਗੋਲੀਆਂ ਦੇ ਨਸ਼ੀਲੇ ਪ੍ਰਭਾਵ ਨਾਲ ਉਂਘਲਾਉਂਦੀ ਹੋਈ ਅਰਧ ਸੁੱਤੀ ਅਵਸਥਾ ਵਿੱਚ ਚਲੀ ਗਈ ਸੀ ਤਾਂ ਉਹ ਬੁੱਢਾ ਮੇਰੇ ਨਾਲ ਮਨਮਰਜ਼ੀਆਂ ਕਰਨ ਲੱਗ ਪਿਆ ਸੀ। ਮੈਂ ਤਾਂ ਬੇਸੁਰਤ ਹੋਈ ਪਈ ਰਹੀ ਸੀ। ਉਸਨੇ ਖ਼ੌਰੇ ਇੱਕ ਰਾਤ ਵਿੱਚ ਮੇਰੇ ਜਿਸਮ ਦਾ ਵਸਤਰ ਕਿੰਨੀ ਵਾਰ ਲਾਇਆ ਅਤੇ ਕਿੰਨੀ ਵਾਰ ਪਾਇਆ ਸੀ। ਹੋਸ਼ ਵਿੱਚ ਪਰਤਣ ਬਾਅਦ ਜਦੋਂ ਮੈਂ ਆਪਣੇ ਆਲੇ-ਦੁਆਲੇ ਤੋਂ ਜਾਣੂ ਹੋਈ ਤਾਂ ਮੈਂ ਆਪਣਾ ਰੋਣਾ ਰੋਕ ਨਾ ਸਕੀ। ਮੈਂ ਆਪਣੇ ਆਪਨੂੰ ਕਿਸੇ ਅਜਨਬੀ ਅਤੇ ਬਿਰਧ ਬੁੱਢੇ ਮੂਹਰੇ ਨਿਰਵਸਤਰ ਪਾ ਕੇ ਬਹੁਤ ਸ਼ਰਮਿੰਦੀ ਹੋਈ। ਮੈਨੂੰ ਉੱਚੀ-ਉੱਚੀ ਧਾਹੀਂ ਰੋਂਦੀ ਦੇਖ ਕੇ ਬਾਬਾ ਜੀ ਵਰਾਉਣ ਲੱਗ ਪਏ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਆਤਮਕਥਾ ਸੁਣਾਈ। ਉਹ ਬਹੁਤ ਸਿਆਣੇ ਅਤੇ ਨੇਕ ਇਨਸਾਨ ਸਨ। ਉਨ੍ਹਾਂ ਨੇ ਮੈਨੂੰ ਕਹਿ ਦਿੱਤਾ ਸੀ ਕਿ ਉਹ ਮੈਨੂੰ ਹਿਫਾਜ਼ਤ ਨਾਲ ਮੇਰੇ ਮਾਂ-ਬਾਪ ਕੋਲ ਛੱਡ ਆਉਣਗੇ। ਮੈਂ ਵੀ ਵਾਪਸ ਬੈੱਲਫਾਸਟ ( ਆਇਰਲੈਂਡ ) ਜਾਣ ਲਈ ਤਿਆਰ ਹੋ ਗਈ ਸੀ। ਪਰ ਐਨ ਉਸੇ ਵਕਤ ਮੈਨੂੰ ਫੂਡ ਪੋਇਜ਼ਨਿੰਗ ਹੋ ਗਈ ਸੀ। ਮੈਂ ਬੁੜ੍ਹੇ ਨੂੰ ਤੰਦਰੁਸਤ ਹੋਣ ਤੱਕ ਉੱਥੇ ਠਹਿਰਣ ਦੀ ਗੁਜ਼ਾਰਸ਼ ਕੀਤੀ ਸੀ। ਉਹ ਮੰਨ ਗਿਆ ਸੀ। ਮੈਨੂੰ ਉਲਟੀਆਂ ਟੱਟੀਆਂ ਲੱਗ ਗਈਆਂ। ਮੈਂ ਕਈ ਹਫਤੇ ਸਖ਼ਤ ਬਿਮਾਰ ਰਹੀ। ਉਹਨੇ ਮੇਰੀ ਸੇਵਾ ਕੀਤੀ। ਜਦੋਂ ਮੈਂ ਬਿਮਾਰ ਮੰਜੇ ’ਤੇ ਪਈ ਹੁੰਦੀ ਸੀ ਤਾਂ ਉਨ੍ਹਾਂ ਦਿਨਾਂ ਵਿੱਚ ਬਾਬੇ ਦੇ ਦਿਮਾਗ ਨੂੰ ਕਾਮ ਬਹੁਤ ਚੜ੍ਹਦਾ ਹੁੰਦਾ ਸੀ। ਉਹ ਦੋ ਦਿਨ ਤੋਂ ਵੱਧ ਜਨਾਨੀ ਬਿਨਾਂ ਨਹੀਂ ਸੀ ਰਹਿ ਸਕਦਾ ਹੁੰਦਾ। ਮੈਂ ਹੈਰਾਨ ਸੀ ਮੈਨੂੰ ਖ਼ੌਰੇ ਉਹਨੇ ਕਿਵੇਂ ਬਖ਼ਸ਼ ਦਿੱਤਾ ਸੀ। ਸ਼ਾਇਦ ਉਸਨੂੰ ਮੇਰੇ ’ਤੇ ਰਹਿਮ ਆ ਗਿਆ ਹੋਵੇਗਾ? ਮੈਨੂੰ ਵੀ ਉਸ ਉੱਪਰ ਉਦੋਂ ਬਹੁਤ ਤਰਸ ਆਇਆ ਸੀ, ਜਦੋਂ ਉਨ੍ਹਾਂ ਦਿਨਾਂ ਵਿੱਚ ਉਹਦੇ ਕੋਲ ਘਰੇ ਰੋਜ਼ ਕੋਈ ਨਾ ਕੋਈ ਵੇਸਵਾ ਆਉਂਦੀ ਹੁੰਦੀ ਸੀ। ਮੈਂ ਕਿਹਾ ਮਨਾ ਉਹਨੇ ਮੇਰਾ ਐਨਾ ਕੀਤਾ ਹੈ, ਮੈਂ ਕਿਉਂ ਨਾ ਉਹਦੀ ਬਣ ਜਾਵਾਂ? ਮੈਂ ਵੇਸਵਾ ਨੂੰ ਆਉਣੋਂ ਹਟਾ ਦਿੱਤਾ ਸੀ ਤੇ ਉਹਦੇ ਵਾਲੀ ਥਾਂ ਆਪ ਲੈ ਲਿੱਤੀ ਸੀ। ਇੰਝ ਮੈਂ ਬੁੜ੍ਹੇ ਦੇ ਬਿਸਤਰੇ ਦੀ ਜੀਨਤ ਬਣ ਗਈ ਸੀ। ਉਹ ਉਂਝ ਹੀ ਠਰਕੀ ਜਿਹਾ ਬਾਹਲਾ ਸੀ। ਪਰ ਹੁੰਦਾ-ਹਾਂਦਾ ਉਹਦੇ ਤੋਂ ਕੁੱਝ ਨਹੀਂ ਸੀ। ਮੈਨੂੰ ਹੱਥ ਮਗਰੋਂ ਲਾਉਂਦਾ ਸੀ ਤੇ ਢੇਰੀ ਪਹਿਲਾਂ ਢਾਹ ਲੈਂਦਾ ਸੀ। ਮੈਂ ਹੀ ਕਮਾਂਡ ਸੰਭਾਲ ਕੇ ਸਾਰਾ ਕੁਸ਼ ਕਰਦੀ ਹੁੰਦੀ ਸੀ।”
“ਉਂਝ ਉਹ ਬੁੜ੍ਹਾ ਬਹੁਤ ਪਿਆਰ ਕਰਦਾ ਸੀ ਮੈਨੂੰ ਮੇਰੀ ਮੂੰਹੋਂ ਨਿਕਲਣ ਤੋਂ ਪਹਿਲਾਂ ਹਰ ਖੁਹਾਇਸ਼ ਪੂਰੀ ਕਰ ਦਿੰਦਾ ਹੁੰਦਾ ਸੀ। ਮੇਰੇ ਉੱਤੇ ਧਨ ਲੁੱਟਾਉਣ ਦੀ ਤਾਂ ਜਿਵੇਂ ਉਹਨੂੰ ਖਬਤ ਹੀ ਸੀ। ਇੱਕ ਵਾਰ ਅਸੀਂ ਸ਼ੌਪਿੰਗ ਸੈਂਟਰ ਵਿੱਚ ਘੁੰਮਦੇ ਫਿਰਦੇ ਸੀ। ਮੈਨੂੰ ਇੱਕ ਪੁਸ਼ਾਕ ਪਸੰਦ ਆ ਗਈ। ਮੈਂ ਉਹਨੂੰ ਆਖ ਦਿੱਤਾ, “ਜਾਨੂੰ ਇਹ ਦੇਖੋ ਕਿੰਨੀ ਸੋਹਣੀ ਡਰੈੱਸ?”
“ਪਰ ਤੇਰੇ ਨਾਲੋਂ ਸੋਹਣੀ ਨ੍ਹੀਂ।”
“ਮੈਂ ਇਹ ਲੈ ਲਵਾਂ?”
“ਲੈ ਲਾ।ਕਹਿ ਕੇ ਉਹਨੇ ਮੈਨੂੰ ਆਪਣਾ ਬਟੂਆ ਫੜਾ ਦਿੱਤਾ ਸੀ।”
“ਉਹ ਪੁਸ਼ਾਕ ਘਰੇ ਲਿਆ ਕੇ ਉਸ ਸ਼ਾਮ ਮੈਂ ਰੀਝ ਨਾਲ ਕਈ ਘੰਟੇ ਖਰਚ ਕੇ ਤਿਆਰ ਹੋਈ। ਚਾਈਂ-ਚਾਈਂ ਮੈਂ ਉਸ ਪੁਸ਼ਾਕ ਨੂੰ ਪਹਿਨਿਆ ਤੇ ਉਹਦੇ ਕੋਲ ਜਾ ਕੇ ਪੁੱਛਿਆ, ਹੁਣ ਬੋਲੋ ਸਨਮ, ਮੈਂ ਕਿਹੋ ਜਿਹੀ ਲੱਗਦੀ ਆਂ?”
“ਆਫ਼ਰੀਨ ਆਫ਼ਰੀਨ। ਮੈਨੂੰ ਤਾਂ ਤੇਰੀ ਤਾਰੀਫ ਕਰਨ ਲਈ ਸ਼ਬਦ ਨ੍ਹੀਂ ਆਹੁੜਦੇ। ਬੜੀ ਫਬਦੀ ਆ ਇਹ ਡਰੈੱਸ ਤੇਰੇ। ਪਟਾਕਾ ਲੱਗਦੀ ਐਂ। ਨਿਰੀ ਪਟਾਕਾ। ਇਨ੍ਹਾਂ ਲੀੜਿਆਂ ’ਚ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐਂ। ਆ, ਛੇਤੀ ਕਰ ਇਹ ਕੱਪੜੇ ਲਾਹ ਦੇਹ। ਬੁੜ੍ਹੇ ਤੋਂ ਆਪਣੀ ਹਵਸ ਉੱਪਰ ਕਾਬੂ ਨਹੀਂ ਸੀ ਰੱਖ ਹੋਇਆ ਤੇ ਉਹ ਮੈਨੂੰ ਆ ਕੇ ਚਿੰਬੜ ਗਿਆ ਸੀ। ਮੈਂ ਉਸਨੂੰ ਆਲਿੰਗਨ ਵਿੱਚ ਲੈ ਕੇ ਉੱਥੇ ਹੀ ਸੋਫੇ ਵਿੱਚ ਖਭੋਣ ਲੱਗ ਪਈ ਸੀ। ਇੰਝ ਸਾਡਾ ਸਿਲਸਿਲਾ ਚੱਲ ਪਿਆ।”
“ਦਿਲ ਦਾ ਮਰੀਜ਼ ਹੋਣ ਕਰਕੇ ਬੁੜ੍ਹਾ ਕੁੱਝ ਰੋਜ਼ ਬਾਅਦ ਹੀ ਚਲ ਵਸਿਆ ’ਤੇ ਵਿਕਦੀ। ਸਾਰੀਆਂ ਭਗੌੜੀਆਂ ਹੋਈਆਂ ਕੁੜੀਆਂ ਮੇਰੇ ਵਾਂਗ ਖੁਸ਼ਕਿਸਮਤ ਨਹੀਂ ਹੁੰਦੀਆਂ। ਅਨੇਕਾਂ ਮੁੰਡੇ ਕੁੜੀਆਂ ਭੱਜ ਕੇ ਇੱਥੇ ਮੇਰੇ ਕੋਲ ਆਉਂਦੇ ਨੇ। ਮੈਂ ਤਾਂ ਸਭ ਨੂੰ ਇਹੀ ਰਾਏ ਦਿੰਦੀ ਹੁੰਦੀ ਹਾਂ ਕਿ ਵਾਪਸ ਮੁੜ ਜਾਉ। ਕੋਈ ਸਮਝੇ, ਨਾ ਸਮਝੇ ਅਗਲੇ ਦੀ ਮਰਜ਼ੀ।”
ਵੀਵਿਆ ਦੀ ਕਹਾਣੀ ਸੁਣ ਕੇ ਮੈਂ ਸੁੰਨ ਹੋ ਗਈ ਸੀ, “ਤੁਹਾਡੀ ਕਹਾਣੀ ਤਾਂ ਮੇਰੀ ਆਪਣੀ ਜ਼ਿੰਦਗੀ ਨਾਲ ਬਹੁਤ ਮੇਲ ਖਾਂਦੀ ਹੈ।”
“ਕਹਾਣੀਆਂ ਤਾਂ ਉਹੀ ਹੁੰਦੀਆਂ ਹਨ। ਬਸ ਪਾਤਰ ਬਦਲ ਜਾਂਦੇ ਹਨ। ਕੁੱਝ ਕੁ ਘਟਨਾਵਾਂ ਬਦਲ ਜਾਂਦੀਆਂ। ਸਮਾਂ ਅਤੇ ਸਥਾਨ ਬਦਲਦੇ ਰਹਿੰਦੇ ਹਨ।” ਉਹ ਜਿਵੇਂ ਕਿਸੇ ਅੰਨ੍ਹੇ ਖੂਹ ਵਿੱਚੋਂ ਬੋਲੀ ਸੀ।
ਵੀਵਿਆ ਨਾਲ ਕੀਤੀ ਗੱਲਬਾਤ ਮਗਰੋਂ ਮੇਰਾ ਦਿਲ ਬੈਠਦਾ ਜਾ ਰਿਹਾ ਸੀ। ਮੇਰੇ ਮਨ ਵਿੱਚ ਡਰ ਪੈਦਾ ਹੋ ਗਿਆ ਸੀ ਕਿ ਕਿਤੇ ਮੈਕਸ ਵੀ ਮੇਰੇ ਨਾਲ ਕੈਵਿਨ ਵਾਲੀ ਨਾ ਕਰੇ। ਮੇਰੇ ਜਿਸਮ ਨੂੰ ਵਰਤ ਕੇ ਜੀਅ ਭਰੇ ਤੋਂ ਮੈਨੂੰ ਕਿਸੇ ਹੱਥ ਵੇਚ ਨਾ ਦੇਵੇ। ਖ਼ੌਫਜ਼ਦਾ ਹੋਈ ਮੈਂ ਆਪਣਾ ਕੰਬਦਾ ਵਜੂਦ ਲੈ ਕੇ ਵੀਵਿਆ ਕੋਲੋਂ ਉੱਠ ਕੇ ਆਪਣੇ ਘਰ ਆ ਗਈ ਸੀ।

No comments:
Post a Comment