ਇੱਕ ਅਰਬੀ ਦੀ ਲੋਕ ਕਥਾ ਹੈ। ਮੈਂ ਬੜੀ ਦੇਰ ਪਹਿਲਾਂ ਨਿੱਕੀ ਹੁੰਦੀ ਨੇ ਸੁਣੀ ਸੀ। ਕੋਈ ਵਪਾਰੀ ਹੁੰਦਾ ਸੀ। ਉਸਦੀ ਪਤਨੀ ਮਰੀ ਹੋਈ ਸੀ ਅਤੇ ਉਸਦੀਆਂ ਤਿੰਨ ਧੀਆਂ ਸਨ। ਉਹ ਪ੍ਰਦੇਸ ਵਿੱਚ ਵਪਾਰ ਕਰਨ ਲਈ ਜਾਣ ਲੱਗਿਆ ਤਾਂ ਉਸਨੇ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਉਹ ਪ੍ਰਦੇਸੋਂ ਵਾਪਸ ਆਉਂਦਾ ਹੋਇਆ ਉਨ੍ਹਾਂ ਲਈ ਕੀ ਤੋਹਫਾ ਲਿਆਵੇ? ਵੱਡੀ ਲੜਕੀ ਨੇ ਉਹ ਗਹਿਣਾ ਮੰਗਿਆ, ਜੋ ਬਹੁਤ ਸੋਹਣਾ ਹੋਵੇ ਤੇ ਜਿਸਦੀ ਚਮਕ ਕਦੇ ਵੀ ਮੱਧਮ ਨਾ ਪਵੇ। ਵਿਚਕਾਰਲੀ ਨੇ ਉਸ ਖ਼ੂਬਸੂਰਤ ਫੁੱਲ ਐਮਰੈਂਥ ਨੂੰ ਲਿਆਉਣ ਦੀ ਇੱਛਾ ਜ਼ਾਹਰ ਕੀਤੀ ਜੋ ਕਦੇ ਵੀ ਮੁਰਝਾਉਂਦਾ ਨਾ ਹੋਵੇ। ਸਭ ਤੋਂ ਛੋਟੀ ਨੇ ਉਸ ਅਤਿਅੰਤ ਸੁੰਦਰ ਪੁਸ਼ਾਕ ਦੀ ਮੰਗ ਕੀਤੀ ਜੋ ਕਦੇ ਵੀ ਮੈਲੀ ਨਾ ਹੁੰਦੀ ਹੋਵੇ।
ਵਪਾਰੀ ਨੇ ਆਪਣੀਆਂ ਪੁੱਤਰੀਆਂ ਦੀਆਂ ਫ਼ਰਮਾਇਸ਼ਾਂ ਨੋਟ ਕਰ ਲਈਆਂ ਅਤੇ ਆਪਣੀ ਯਾਤਰਾ ਨੂੰ ਨਿਕਲ ਗਿਆ। ਬਿਗਾਨੇ ਦੇਸ਼ ਵਿੱਚ ਦੋ ਤਿੰਨ ਵਰ੍ਹੇ ਰਹਿਣ ਬਾਅਦ ਜਦੋਂ ਵਪਾਰੀ ਖੱਟ-ਕਮਾ ਕੇ ਆਪਣੇ ਘਰ ਨੂੰ ਪਰਤਣ ਲੱਗਾ ਤਾਂ ਉਸਨੇ ਆਪਣੀ ਵੱਡੀ ਪੁੱਤਰੀ ਲਈ ਕੀਮਤੀ ਗਹਿਣਾ ਖਰੀਦਿਆ। ਗਹਿਣਾ ਖਰੀਦ ਕੇ ਕੁੱਝ ਦੂਰ ਹੀ ਗਿਆ ਸੀ ਕਿ ਡਾਕੂਆਂ ਨੇ ਉਸਨੂੰ ਲੁੱਟ ਲਿਆ।
ਫਿਰ ਉਸਨੇ ਇੱਕ ਬਾਗ ਵਿੱਚੋਂ ਉਹ ਸਦਾਬਹਾਰ ਫੁੱਲ ਖਰੀਦਿਆ। ਉਹ ਵੀ ਵਪਾਰੀ ਤੋਂ ਸੰਭਾਲ ਨਾ ਹੋਇਆ ਤੇ ਰਸਤੇ ਵਿੱਚ ਹੀ ਸਫ਼ਰ ਦੌਰਾਨ ਕਿੱਧਰੇ ਗੁਆਚ ਗਿਆ। ਵਪਾਰੀ ਨੂੰ ਬੜਾ ਦੁੱਖ ਹੋਇਆ ਕਿ ਹੁਣ ਉਹ ਆਪਦੀਆਂ ਪੁੱਤਰੀਆਂ ਦੇ ਮਨਪਸੰਦ ਉਪਹਾਰ ਨਹੀਂ ਲਿਜਾ ਸਕੇਗਾ। ਫਿਰ ਵਪਾਰੀ ਨੂੰ ਆਪਣੀ ਤੀਸਰੀ ਪੁੱਤਰੀ ਦਾ ਖ਼ਿਆਲ ਆਇਆ ਤੇ ਉਸਨੇ ਮਨ ਵਿੱਚ ਪੱਕੀ ਧਾਰ ਲਈ ਸੀ ਕਿ ਘੱਟੋ-ਘੱਟ ਛੋਟੀ ਪੁੱਤਰੀ ਵਾਸਤੇ ਉਹ ਉਸਦਾ ਤੋਹਫਾ ਲੈ ਕੇ ਜ਼ਰੂਰ ਜਾਵੇਗਾ। ਚੋਲੇ ਦੀ ਭਾਲ ਵਿੱਚ ਵਪਾਰੀ ਨੇ ਪਿੰਡਾਂ-ਸ਼ਹਿਰਾਂ ਤੋਂ ਲੈ ਜੰਗਲ-ਬੇਲਿਆਂ ਤੱਕ ਹਰ ਥਾਂ ਦੀ ਖਾਕ ਛਾਣ ਮਾਰੀ। ਪਰ ਉਸਨੂੰ ਉਹੇ ਜਿਹਾ ਕੋਈ ਚੋਲਾ ਨਾ ਮਿਲਿਆ ਜਿਹੋ ਜਿਹਾ ਉਸਦੀ ਪੁੱਤਰੀ
ਨੇ ਮੰਗਿਆ ਸੀ। ਆਖ਼ੀਰ ਵਿੱਚ ਵਪਾਰੀ ਚੋਲੇ ਦੀ ਤਲਾਸ਼ ਕਰਦਾ ਹੋਇਆ ਇੱਕ ਮਹਿਲ ਵਿੱਚ ਆ ਗਿਆ। ਉਸ ਜਗ੍ਹਾ ਵਪਾਰੀ ਨੂੰ ਉਹ ਨਾਯਾਬ ਚੋਲਾ ਇੱਕ ਕਿੱਲੀ ਉੱਤੇ ਲਟਕਦਾ ਹੋਇਆ ਦਿਖਾਈ ਦਿੱਤਾ, ਜਿਸਦੀ ਉਸਨੂੰ ਲੋੜ ਸੀ। ਉੱਥੇ ਆਸ-ਪਾਸ ਕੋਈ ਨਹੀਂ ਸੀ। ਸਾਰਾ ਮਹਿਲ ਸੁੰਨਮਸਾਨ ਅਤੇ ਵਿਰਾਨ ਪਿਆ ਸੀ। ਵਪਾਰੀ ਜਦੋਂ ਚੋਲਾ ਚੁੱਕਣ ਲੱਗਿਆ ਤਾਂ ਕਿਸੇ ਨੇ ਪਿਛਿਉਂ ਆਵਾਜ਼ ਮਾਰ ਕੇ ਉਸਨੂੰ ਰੋਕ ਦਿੱਤਾ।
“ਖ਼ਬਰਦਾਰ! ਜੇ ਮੇਰੇ ਚੋਲੇ ਨੂੰ ਛੇੜਿਐ ਤਾਂ।” ਇਹ ਇੱਕ ਬੜੀ ਹੀ ਰੋਹਬਦਾਰ ਆਵਾਜ਼ ਸੀ।
ਵਪਾਰੀ ਨੇ ਪਿੱਠ ਘੁੰਮਾ ਕੇ ਉੱਧਰ ਦੇਖਿਆ, ਜਿੱਧਰੋਂ ਆਵਾਜ਼ ਆਈ ਸੀ। ਉਹ ਕੋਈ ਅਦਭੁੱਤ ਜਿਹਾ ਜਾਨਵਰ ਸੀ। ਸਿਰ ਤੋਂ ਪੈਰਾਂ ਤੱਕ ਕਾਲਾ ਅਤੇ ਕਰੂਪ। ਉਸਦਾ ਸ਼ਰੀਰ ਮਨੁੱਖਾਂ ਵਰਗਾ ਸੀ। ਪੈਰ ਪੰਛੀਆਂ ਵਰਗੇ ਸਨ। ਬਾਹਾਂ ਦੀ ਥਾਂ ਖੰਭ ਸਨ। ਸਾਰੇ ਸ਼ਰੀਰ ’ਤੇ ਜੱਤ ਸੀ ਅਤੇ ਇੱਕ ਲੰਭੀ ਸਾਰੀ ਪੂਛ ਵਾਲਾ ਉਹ ਬਹੁਤ ਹੀ ਡਰਾਉਣਾ ਜਿਹਾ ਜੀਵ ਸੀ।
ਵਪਾਰੀ ਨੇ ਉਸ ਤਰ੍ਹਾਂ ਦਾ ਖੌਫ਼ਨਾਕ ਜਨੌਰ ਪਹਿਲਾਂ ਨਾ ਕਦੀ ਸੁਣਿਆ ਸੀ ਅਤੇ ਨਾ ਹੀ ਕਦੇ ਦੇਖਿਆ ਸੀ। ਵਪਾਰੀ ਨੇ ਨਿਮਰਤਾ ਸਹਿਤ ਉਸ ਤੋਂ ਚੋਲਾ ਚੁੱਕਣ ਦੀ ਇਜਾਜ਼ਤ ਮੰਗੀ।
ਉਸ ਨਰ-ਪਸ਼ੂ ਨੇ ਥੋੜ੍ਹੀ ਦੇਰ ਕੁੱਝ ਸੋਚਿਆ ਅਤੇ ਫਿਰ ਸ਼ਰਤ ਲਗਾਉਂਦਿਆਂ ਕਿਹਾ, “ਜੇ ਤੂੰ ਆਪਣੀ ਜਾਨ ਦੇ ਦੇਵੇਂ ਤਾਂ ਮੈਂ ਤੈਨੂੰ ਚੋਲਾ ਦੇ ਸਕਦਾ ਹਾਂ?”
ਵਪਾਰੀ ਨੂੰ ਚੋਲੇ ਦੀ ਸਖ਼ਤ ਅਵਸ਼ੱਕਤਾ ਸੀ, ਇਸ ਲਈ ਉਸਨੇ ਸ਼ਰਤ ਨੂੰ ਸਵਿਕਾਰ ਲਿਆ, “ਠੀਕ ਹੈ ਮੈਨੂੰ ਇੱਕ ਵਾਰ ਘਰ ਜਾ ਲੈਣ ਦੇਹ ਤਾਂ ਜੋ ਮੈਂ ਚੋਲਾ ਆਪਣੀ ਪੁੱਤਰੀ ਨੂੰ ਦੇ ਆਵਾਂ। ਫਿਰ ਤੂੰ ਮੇਰੀ ਜਾਨ ਲੈ ਲਵੀਂ?”
ਨਰ-ਪਸ਼ੂ ਮੰਨ ਗਿਆ ਤੇ ਉਸਨੇ ਵਪਾਰੀ ਦੇ ਆਪਣੇ ਦੇਸ਼ ਜਾ ਕੇ ਮੁੜ ਆਉਣ ਉੱਤੇ ਖਰਚ ਆਉਣ ਵਾਲੇ ਸਮੇਂ ਦਾ ਅਨੁਮਾਨ ਲਾ ਕੇ ਇੱਕ ਦਿਨ ਮੁਕੱਰਰ ਕਰ ਦਿੱਤਾ ਤੇ ਵਪਾਰੀ ਨੂੰ ਉਸ ਮਿਥੇ ਦਿਹਾੜੇ ਤੋਂ ਅੱਗੋਂ-ਅੱਗੋਂ ਪਰਤ ਆਉਣ ਦੀ ਤਾਕੀਦ ਕਰ ਦਿੱਤੀ। ਛੇਤੀ ਮੁੜਣ ਦੇ ਵਾਅਦੇ ਨਾਲ ਵਪਾਰੀ ਚੋਲਾ ਅਤੇ ਹੋਰ ਮਾਲ-ਅਸਬਾਬ ਲੈ ਕੇ ਆਪਣੇ ਦੇਸ਼ ਪਰਤ ਆਇਆ। ਘਰ ਆ ਕੇ ਵਪਾਰੀ ਨੇ ਆਪਣੀਆਂ ਪੁੱਤਰੀਆਂ ਨੂੰ ਉਨ੍ਹਾਂ ਲਈ ਲਿਆਂਦੇ ਉਪਹਾਰ ਅਤੇ ਕਮਾਇਆ ਹੋਇਆ ਧਨ ਦਿੱਤਾ। ਉਸ ਮਗਰੋਂ ਵਪਾਰੀ ਨੇ ਆਪਣੀਆਂ ਸਾਰੀਆਂ ਲੜਕੀਆਂ ਨੂੰ ਬੈਠਾ ਕੇ ਵਿਥਿਆ ਸੁਣਾਉਂਦਿਆਂ ਮੁੜ ਨਰ-ਪਸ਼ੂ ਕੋਲ ਆਉਣ ਦੀ ਆਗਿਆ ਮੰਗੀ। ਬਾਪ ਦੀ ਇਹ ਗੱਲ ਸੁਣ ਕੇ ਸਾਰੀਆਂ ਕੁੜੀਆਂ ਰੋਣ ਲੱਗ ਗਈਆਂ। ਪਰ ਛੋਟੀ ਪੁੱਤਰੀ ਨੇ ਤੁਰਨ ਲੱਗੇ ਆਪਣੇ ਪਿਤਾ ਨੂੰ ਰੋਕ ਲਿਆ, “ਪਿਤਾ ਜੀ, ਚੋਲਾ ਮੈਂ ਮੰਗਵਾਇਆ ਸੀ। ਇਸ ਲਈ ਤੁਹਾਡੀ ਜਗ੍ਹਾ ਮੈਂ ਬਲੀ ਦੇਵਾਂਗੀ। ਨਾਲੇ ਫਿਰ ਮੇਰੀਆਂ ਭੈਣਾਂ ਨੂੰ ਵੀ ਤੁਹਾਡੀ ਲੋੜ੍ਹ ਹੈ।”
ਵਪਾਰੀ ਪਹਿਲਾਂ ਤਾਂ ਸਹਿਮਤ ਨਾ ਹੋਇਆ। ਲੇਕਿਨ ਲੜਕੀ ਨੇ ਜ਼ਿੱਦ ਕਰਕੇ ਬਾਪ ਨੂੰ ਰਜ਼ਾਮੰਦ ਕਰ ਲਿਆ ਤੇ ਉਹ ਆਪ ਉਸ ਮਹਿਲ ਵੱਲ ਚੱਲ ਪਈ। ਮਹਿਲ ਵਿੱਚ ਪਹੁੰਚ ਕੇ ਲੜਕੀ ਨੇ ਨਰ-ਪਸ਼ੂ ਨੂੰ ਆਪਣੇ ਆਉਣ ਦਾ ਮਨੋਰਥ ਦੱਸ ਦਿੱਤਾ। ਨਰ-ਪਸ਼ੂ ਨੂੰ ਸੁੰਦਰ ਲੜਕੀ ਉੱਤੇ ਤਰਸ ਆ ਗਿਆ। ਉਸਨੇ ਲੜਕੀ ਦੀ ਹੱਤਿਆ ਨਾ ਕੀਤੀ। ਸਗੋਂ ਉਹਦੀ ਸੇਵਾ ਕਰਨ ਲੱਗਾ। ਉਸਨੂੰ ਨਿੱਤ ਸੁਆਦੀ-ਸੁਆਦੀ ਭੋਜਨ ਪਕਾ ਕੇ ਖਵਾਉਂਦਾ। ਪਹਿਨਣ ਲਈ ਕੀਮਤੀ ਪੁਸ਼ਾਕਾਂ ਅਤੇ ਗਹਿਣੇ ਲਿਆ ਕੇ ਦਿੰਦਾ। ਨਰ-ਪਸ਼ੂ ਮਨ ਹੀ ਮਨ ਲੜਕੀ ਨੂੰ ਪਿਆਰ ਕਰਨ ਲੱਗ ਪਿਆ ਸੀ। ਉਹ ਲੜਕੀ ਵੀ ਨਰ-ਪਸ਼ੂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਉਸ ਤੋਂ ਭੈਅ ਖਾਹ ਕੇ ਦੂਰ ਨਹੀਂ ਸੀ ਰਹਿੰਦੀ। ਬਲਕਿ ਨਰ-ਪਸ਼ੂ ਨਾਲ ਸਾਰਾ ਦਿਨ ਮਹਿਲ ਦੇ ਬਾਗੀਚਿਆਂ ਵਿੱਚ ਘੁੰਮਦੀ ਰਹਿੰਦੀ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ। ਸ਼ੱਬ-ਓ-ਦਿਨ ਉਹ ਇਕੱਠੇ ਇੱਕ-ਦੂਜੇ ਦੇ ਨਾਲ ਰਹਿੰਦੇ। ਇਕੱਠੇ ਰਹਿੰਦਿਆਂ ਉਨ੍ਹਾਂ ਦਾ ਮੋਹ-ਪਿਆਰ ਵਧਦਾ ਗਿਆ।
ਕਦੇ-ਕਦੇ ਨਰ-ਪਸ਼ੂ ਬਹੁਤ ਉਦਾਸ ਹੋ ਜਾਂਦਾ ਤੇ ਚੁੱਪ ਕਰਕੇ ਹੰਝੂ ਵਹਾਉਂਦਾ ਰਹਿੰਦਾ। ਸੁੰਦਰੀ ਰੋਣ ਦਾ ਕਾਰਨ ਪੁੱਛਦੀ ਪਰ ਉਹ ਕੁੱਝ ਨਾ ਦੱਸਦਾ। ਫਿਰ ਇੱਕ ਦਿਨ ਨਰ-ਪਸ਼ੂ ਨੇ ਸੁੰਦਰੀ ਦੇ ਸਾਹਮਣੇ ਹੀ ਮਹਿਲ ਦੀ ਕੰਧ ਤੋਂ ਛਾਲ ਮਾਰ ਕੇ ਆਤਮਘਾਤ ਕਰ ਲਿਆ। ਉਸਦੇ ਮਰਨ ਨਾਲ ਲੜਕੀ ਬਹੁਤ ਰੋਈ। ਉਸਦੀ ਲਾਸ਼ ਨਾਲ ਚਿੰਬੜ ਕੇ ਵੈਣ ਪਾਉਂਦਿਆਂ ਕਹਿਣ ਲੱਗੀ, “ਹੇ ਮੇਰੇ ਪਿਆਰੇ ਨਰ-ਪਸ਼ੂ, ਮੈਨੂੰ ਇਕੱਲੀ ਛੱਡ ਕੇ ਤੂੰ ਕਿੱਥੇ ਚਲਾ ਗਿਐਂ? ਮੈਂ ਤੇਰੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ। ਮੈਂ ਵੀ ਤੇਰੇ ਵਿਛੋੜੇ ਵਿੱਚ ਮਰ ਜਾਵਾਂਗੀ।”
ਐਨਾ ਆਖਣ ਬਾਅਦ ਲੜਕੀ ਦੀਆਂ ਅੱਖਾਂ ਵਿੱਚੋਂ ਇੱਕ ਅੱਥਰੂ ਟੱਪਕ ਕੇ ਨਰ-ਪਸ਼ੂ ਦੇ ਸ਼ਰੀਰ ਉੱਤੇ ਚੋਇਆ। ਉਸ ਅਥਰੂ ਦੇ ਡਿੱਗਦਿਆਂ ਹੀ ਨਰ-ਪਸ਼ੂ ਦੇ ਸਰੀਰ ਵਿੱਚ ਹਰਕਤ ਆ ਗਈ ਤੇ ਹੌਲੀ-ਹੌਲੀ ਉਹਦਾ ਕਰੂਪ ਸ਼ਰੀਰ ਇੱਕ ਖ਼ੂਬਸੂਰਤ ਸ਼ਹਿਜ਼ਾਦੇ ਵਿੱਚ ਤਬਦੀਲ ਹੋ ਗਿਆ। ਲੜਕੀ ਚਕ੍ਰਿਤ ਹੋਈ, ਇਹ ਕੌਤਕ ਦੇਖਦੀ ਰਹਿ ਗਈ। ਉਹ ਜਿਉਂਦਾ ਜਾਗਦਾ ਸ਼ਹਿਜ਼ਾਦਾ ਉੱਠ ਕੇ ਖੜ੍ਹਾ ਹੋਇਆ ਤੇ ਲੜਕੀ ਨੂੰ ਆਪਣੀ ਸਾਰੀ ਕਹਾਣੀ ਸੁਣਾਉਣ ਲੱਗਿਆ ਕਿ ਅਸਲ ਵਿੱਚ ਉਹ ਉਸ ਮਹਿਲ ਦਾ ਵਾਰਿਸ ਰਾਜਕੁਮਾਰ ਸੀ। ਇੱਕ ਜਾਦੂਗਰਨੀ ਨੇ ਮਾਇਆ ਨਾਲ ਉਸਨੂੰ ਨਰ-ਪਸ਼ੂ ਬਣਾ ਦਿੱਤਾ ਸੀ ਤੇ ਉਹ ਬੀਹ ਸਾਲਾਂ ਤੋਂ ਇਹੀ ਜੂਨ ਭੋਗ ਰਿਹਾ ਸੀ। ਕਿਸੇ ਦੀ ਬਲੀ ਦੇਣ ਨਾਲ ਹੀ ਉਸਦਾ ਉਧਾਰ ਹੋ ਸਕਣਾ ਸੀ। ਐਨੇ ਵਰ੍ਹੇ ਕੋਈ ਬਲੀ ਦੇਣ ਵਾਲਾ ਉਸਨੂੰ ਨਹੀਂ ਸੀ ਮਿਲਿਆ। ਉਸ ਲੜਕੀ ਨੂੰ ਦੇਖਣਸਾਰ ਉਹ ਉਸ ਉੱਤੇ ਮੋਹਿਤ ਹੋ ਕੇ ਪਿਆਰ ਕਰਨ ਲੱਗ ਗਿਆ ਸੀ। ਇਸ ਲਈ ਨਰ-ਪਸ਼ੂ ਲੜਕੀ ਦਾ ਕਤਲ ਨਹੀਂ ਸੀ ਕਰ ਸਕਿਆ ਤੇ ਉਸਨੇ ਆਪਣੀ ਜਾਨ ਦੇ ਦਿੱਤੀ ਸੀ। ਲੜਕੀ ਦੇ ਪਿਆਰ ਦੀ ਸ਼ਕਤੀ ਨੇ ਹੀ ਮੁੜ ਉਸਨੂੰ ਜ਼ਿੰਦਾ ਕਰਕੇ ਅਸਲੀ ਰੂਪ ਵਿੱਚ ਲੈ ਆਂਦਾ ਸੀ। ਉਸ ਤੋਂ ਬਾਅਦ ਉਸ ਲੜਕੀ ਅਤੇ ਰਾਜਕੁਮਾਰ ਨੇ ਵਿਆਹ ਕਰਵਾ ਲਿਆ ਸੀ ਅਤੇ ਉਹ ਬਾਕੀ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਸਨ।
ਇਸ ਉਪਰੋਕਤ ਕਹਾਣੀ ਤੋਂ ਮੈਂ ਇਹੀ ਸਿੱਖਿਆ ਲਈ ਸੀ ਕਿ ਪਿਆਰ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਉਹ ਮਰੇ ਹੋਏ ਨੂੰ ਜੀਵਤ ਕਰ ਸਕਦਾ ਹੈ ਅਤੇ ਜਾਨਵਰ ਤੋਂ ਇਨਸਾਨ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ। ਧੰਨੇ ਭਗਤ ਦੇ ਪ੍ਰੇਮ ਨੇ ਪੱਥਰ ਤੋਂ ਭਗਵਾਨ ਬਣਾ ਦਿੱਤਾ ਸੀ। ਮੈਂ ਵੀ ਸੋਚਦੀ ਸੀ ਕਿ ਆਪਣੇ ਪਿਆਰ ਦੀ ਸ਼ਕਤੀ ਨਾਲ ਮੈਕਸ ਨੂੰ ਸੁਧਾਰ ਕੇ ਵਧੀਆ ਇਨਸਾਨ, ਇੱਕ ਚੰਗਾ ਨਾਗਰਿਕ ਅਤੇ ਆਦਰਸ਼ ਸਾਥੀ ਬਣਾ ਲਵਾਂਗੀ। ਪਰ ਇਹ ਮੇਰਾ ਮਹਿਜ਼ ਵਹਿਮ ਸੀ। ਮੈਕਸ ਤਾਂ ਪੂਰਾ ਕੁੱਤੇ ਦੀ ਪੂਛ ਸੀ, ਜਿਹੜੀ ਬਾਰਾਂ ਸਾਲ ਨਲੀ ਵਿੱਚ ਰੱਖਣ ਦੇ ਬਾਅਦ ਵੀ ਸਿੱਧੀ ਨਹੀਂ ਸੀ ਹੋਈ। ਵਿੰਗੀ ਦੀ ਵਿੰਗੀ ਹੀ ਰਹੀ ਸੀ। ਮੈਂ ਪੂਰਾ ਜ਼ੋਰ ਲਾ ਕੇ ਹੰਭ ਚੁੱਕੀ ਸੀ। ਮੈਕਸ ਨੇ ਆਪਣੀਆਂ ਬੁਰੀਆਂ ਆਦਤਾਂ ਨਹੀਂ ਸਨ ਛੱਡੀਆਂ।
ਪਹਿਲੇ-ਪਹਿਲ ਕਿਉਂਕਿ ਸਾਡਾ ਹੱਥ ਤੰਗ ਸੀ। ਮੈਂ ਆਪ ਹੀ ਮੈਕਸ ਨੂੰ ਗਲਤ ਅਤੇ ਗੈਰ-ਕਾਨੂੰਨੀ ਧੰਦੇ ਕਰਨ ਤੋਂ ਨਹੀਂ ਸੀ ਵਰਜਿਆ। ਲੇਕਿਨ ਹੁਣ ਮੈਂ ਮੈਕਸ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਦੇਖਣਾ ਚਾਹੁੰਦੀ ਸੀ। ਇਹਦੇ ਬਿਨਾਂ ਮੇਰਾ ਹੋਰ ਕੌਣ ਸੀ? ਮੈਂ ਨਹੀਂ ਚਾਹੁੰਦੀ ਸੀ ਕਿ ਇਹਨੂੰ ਕੁੱਝ ਹੋਵੇ।
ਕੁੱਝ ਅਰਸਾ ਪਹਿਲਾਂ ਚੋਰਾਂ ਦੀ ਚੋਰੀ ਦੇ ਮਾਲ ਦਾ ਵਟਵਾਰਾ ਕਰਨ ਪਿੱਛੇ ਲੜਾਈ ਹੋ ਗਈ ਸੀ। ਪੱਬ ਵਿੱਚ ਛੁਰੇ ਚੱਲੇ ਤੇ ਇੱਕ ਬੰਦਾ ਮਰ ਗਿਆ ਸੀ। ਮੈਂ ਨਹੀਂ ਸੀ ਚਾਹੁੰਦੀ ਮੇਰੇ ਨਾਲ ਵੀ ਅਜਿਹਾ ਹੋਵੇ। ਕੋਈ ਮੈਕਸ ਨੂੰ ਮਾਰ ਦੇਵੇ ਜਾਂ ਮੈਕਸ ਕਿਸੇ ਨੂੰ ਮਾਰ ਕੇ ਉਮਰ ਕੈਦ ਕੱਟਣ ਚਲਾ ਜਾਵੇ। ਮਾੜੀ ਮੋਟੀ ਲੁੱਟ-ਖੋਹ ਦੇ ਦੋਸ਼ ਵਿੱਚ ਤਾਂ ਇਹ ਕਈ ਵਾਰ ਇੱਕ-ਇੱਕ ਦੋ ਦੋ ਦਿਨ ਵਾਸਤੇ ਜੇਲ੍ਹ੍ਹ ਜਾ ਚੁੱਕਿਆ ਸੀ। ਇੱਥੇ ਮੈਨੂੰ ਇਹਦੇ ਮਗਰੋਂ ਇੱਕ ਰਾਤ ਕੱਟਣੀ ਵੀ ਮੁਹਾਲ ਹੋ ਜਾਂਦੀ ਸੀ। ਮੈਨੂੰ ਘਰ ਬੈਠੀ ਨੂੰ ਇਹਦਾ ਹੀ ਫਿਕਰ ਰਹਿੰਦਾ ਕਿ ਇਹਨੂੰ ਪਤਾ ਨਹੀਂ ਖਾਣ ਨੂੰ ਕੁੱਝ ਮਿਲਿਆ ਹੋਊ ਜਾਂ ਨਹੀਂ? ਪੈਣ ਨੂੰ ਮੰਜਾ ਕਿਹੋ ਜਿਹਾ ਹੋਵੇਗਾ? ਪੁਲੀਸ ਵਾਲਿਆਂ ਨੇ ਠੰਡ ਤੋਂ ਕੰਬਲ ਵੀ ਦਿੱਤਾ ਹੋਊ? ਜਦ ਕਦੀ ਵੀ ਇਹ ਹਵਾਲਾਤ ਵਿੱਚ ਹੁੰਦਾ ਤਾਂ ਸਾਰੀ-ਸਾਰੀ ਰਾਤ ਮੈਂ ਚਿੰਤਾ ਕਰਦਿਆਂ ਹੀ ਕੱਟਦੀ।
ਜਿਵੇਂ ਕਹਿੰਦੇ ਹੁੰਦੇ ਹਨ, ਬਦ ਨਾਲੋਂ ਬਦਨਾਮ ਬੁਰਾ। ਇੱਕ ਵਾਰ ਦੀ ਗੱਲ ਹੈ। ਸਾਡੇ ਨਜ਼ਦੀਕ ਹੀ ਕਿਸੇ ਦੇ ਚੋਰੀ ਹੋ ਗਈ। ਮੈਕਸ ਨੂੰ ਤਾਂ ਉਸ ਬਾਰੇ ਪਤਾ ਵੀ ਨਹੀਂ ਸੀ। ਚੋਰੀ ਇਹਨੇ ਕੀ ਕਰਨੀ ਸੀ? ਸਾਡੇ ਘਰੇ ਪੁਲੀਸ ਦੀ ਧਾੜ ਆ ਗਈ। ਇਹਨੂੰ ਤਾਂ ਲਿਜਾਣਾ ਹੀ ਸੀ। ਉਹ ਨਾਲ ਹੀ ਮੈਨੂੰ ਵੀ ਫੜ ਕੇ ਲੈ ਗਏ। ਕੜਾਕੇ ਦੀ ਸਰਦੀ ਵਿੱਚ ਪੁਲੀਸ ਸਟੇਸ਼ਨ ’ਤੇ ਮੇਰੇ ਸਾਰੇ ਕੱਪੜੇ ਲਹਾ ਕੇ ਤਲਾਸ਼ੀ ਲਈ ਗਈ। ਫਿਰ ਬਿਨਾਂ ਕੁੱਝ ਪੁੱਛਿਆਂ-ਦੱਸਿਆਂ ਜੇਲ੍ਹ੍ਹ-ਕੋਠੜੀ ਵਿੱਚ ਡੱਕ ਦਿੱਤਾ ਗਿਆ ਸੀ। ਛੋਟੀ ਜਿਹੀ ਸੈੱਲ ਵਿੱਚ ਬਾਹਰੋਂ ਰੋਸ਼ਨੀ ਅੰਦਰ ਆਉਣ ਲਈ ਕੋਈ ਛੋਟੀ-ਮੋਟੀ ਮੋਰੀ ਤੱਕ ਨਹੀਂ ਸੀ। ਉਦਣ ਸਾਰੇ ਦਿਨ ਦਾ ਬਦਕਿਸਮਤੀ ਨਾਲ ਮੈਂ ਕੁੱਝ ਖਾਧਾ ਵੀ ਨਹੀਂ ਸੀ। ਭੁੱਖੀ-ਭਾਣੀ ਦੇ ਢਿੱਡ ਵਿੱਚ ਕੜਵੱਲਾਂ ਪੈ ਰਹੀਆਂ ਸਨ। ਮੈਂ ਪੀਣ ਲਈ ਕੌਫ਼ੀ ਦਾ ਕੱਪ ਮੰਗਿਆ ਤਾਂ ਮੈਨੂੰ ਏਸ਼ੀਅਨ ਹੋਣ ਕਰਕੇ ਨਸਲਵਾਦੀ ਗੋਰੇ ਸਿਪਾਹੀ ਨੇ ਕੌਫ਼ੀ ਵਿੱਚ ਮੇਰੇ ਸਾਹਮਣੇ ਆਪਣਾ ਥੁੱਕ ਸਿੱਟ ਕੇ ਫੜਾਇਆ ਸੀ। ਮੇਰਾ ਜੀਅ ਕਰਦਾ ਸੀ ਦਫੇ ਹੋਣੇ ਦੇ ਉਹਦੇ ਮੂੰਹ ’ਤੇ ਹੀ ਡੋਲ ਦੇਵਾਂ। ਮੈਥੋਂ ਉਹਲੇ ਹੋ ਕੇ ਉਹਨੇ ਥੁੱਕਿਆ ਹੁੰਦਾ ਤਾਂ ਗੱਲ ਹੋਰ ਸੀ। ਸਾਹਮਣੇ ਉਹਨੂੰ ਇਹ ਕਾਰਾ ਕਰਦੇ ਨੂੰ ਦੇਖ ਕੇ ਮੇਰੇ ਉਹ ਕੌਫ਼ੀ ਪੀਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਪਰ ਫਿਰ ਵੀ ਨਾ ਜਾਣੇ ਕਿਉਂ ਮੈਂ ਉਹ ਕੌਫ਼ੀ ਦਾ ਕੱਪ ਫੜ ਕੇ ਰੱਖ ਲਿਆ ਸੀ। ਉਵੇਂ ਫਾਕਾਕਸ਼ੀ ਵਿੱਚ ਰਾਤ ਕੱਟੀ। ਹਰ ਵਾਰ ਜਦੋਂ ਉਸ ਕੱਪ ਵੱਲ ਦੇਖਦੀ ਤਾਂ ਮੇਰਾ ਅੰਦਰ ਕਰੋਧ ਨਾਲ ਭਰ ਜਾਂਦਾ। ਮੇਰਾ ਜੀਅ ਚਾਹੁੰਦਾ ਮੈਂ ਉਸ ਕਮੀਨੇ ਸਿਪਾਹੀ ਦੇ ਗੋਲੀ ਮਾਰਾਂ ਜਾਂ ਆਪ ਕੰਧ ਵਿੱਚ ਸਿਰ ਮਾਰ ਕੇ ਮਰ ਜਾਵਾਂ। ਇਵੇਂ ਹੀ ਪੁਲੀਸ ਦੇ ਸਤਾਏ ਹੋਏ ਅਨੇਕਾਂ ਕੈਦੀਆਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਟੈਲੀਵਿਜ਼ਨ ਦੀਆਂ ਖ਼ਬਰਾਂ ਵਿੱਚ ਦਿਖਾਇਆ ਸੀ ਕਿ ਇੱਕ ਕੈਦੀ ਆਪਣੀ ਜ਼ੀਨ ਦੀ ਪੈਂਟ ਦਾ ਫਾਹਾ ਬਣਾ ਕੇ ਕੋਠੜੀ ਦੀ ਛੱਤ ਨਾਲ ਲਟਕ ਕੇ ਮਰ ਗਿਆ ਸੀ। ਜੇ ਕਿਤੇ ਉਸ ਕੈਦੀ ਕੋਲ ਜ਼ੀਨ ਦੀ ਪੈਂਟ ਨਾ ਹੁੰਦੀ, ਕੋਈ ਪਤਲਾ ਪਜਾਮਾ-ਪਜੂਮਾ ਹੁੰਦਾ ਤਾਂ ਕਦੇ ਵੀ ਉਹਦਾ ਗਲ ਨਹੀਂ ਸੀ ਘੁੱਟਿਆ ਜਾਣਾ। ਸਗੋਂ ਪਤਲੇ ਪਜਾਮੇ ਨੇ ਭਾਰ ਨਾਲ ਪਾਟ ਜਾਣਾ ਸੀ। ਇੰਝ ਸਾਡੇ ਕੱਪੜੇ ਹੀ ਕਈ ਵਾਰੀ ਸਾਡੀ ਜਾਨ ਲੈਣ ਦਾ ਕਾਰਨ ਬਣ ਜਾਂਦੇ ਹਨ। ਪਰ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਕਿ ਕੱਪੜੇ ਸਾਡੀ ਜਾਨ ਦੇ ਦੁਸ਼ਮਣ ਹੁੰਦੇ ਹਨ। ਕਈ ਵਾਰੀ ਵਸਤਰ ਜਾਨ ਬਚਾਉਂਦੇ ਵੀ ਹਨ। ਮੈਂ ਇੱਕ ਸਾਖੀ ਸੁਣਾਉਂਦੀ ਹਾਂ। ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਹੋਇਆ ਸੀ। ਬਾਹਰੋਂ ਸਿੱਖ ਸੰਗਤ ਦੇ ਜ਼ੋਰ ਪਾਉਣ ’ਤੇ ਬਾਦਸ਼ਾਹ ਨੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਗੁਰੂ ਹਰਗੋਬਿੰਦ ਜੀ ਜ਼ਿੱਦ ’ਤੇ ਅੜ ਗਏ ਕਿ ਉਹ ਤਾਂ ਜੇਲ੍ਹ੍ਹ ਵਿੱਚੋਂ ਬਾਹਰ ਜਾਣਗੇ, ਜੇ ਉਨ੍ਹਾਂ ਨਾਲ ਕੈਦ ਕੱਟ ਰਹੇ ਬਵੰਜਾ ਪਹਾੜੀ ਰਾਜਿਆਂ ਨੂੰ ਵੀ ਮੁਕਤ ਕੀਤਾ ਜਾਵੇਗਾ। ਜਹਾਂਗੀਰ ਮੰਨ ਗਿਆ, ਪਰ ਉਹਨੇ ਇੱਕ ਸ਼ਰਤ ਰੱਖੀ ਕਿ ਜਿਹੜਾ-ਜਿਹੜਾ ਰਾਜਾ ਗੁਰੂ ਜੀ ਦਾ ਚੋਗਾ ਫੜ ਕੇ ਲੰਘ ਜਾਵੇਗਾ, ਉਹ ਉਸਨੂੰ ਛੱਡ ਦੇਵੇਗਾ। ਬਾਕੀਆਂ ਨੂੰ ਜੇਲ੍ਹ੍ਹ ਵਿੱਚ ਹੀ ਰਹਿਣਾ ਪਵੇਗਾ। ਕਹਿੰਦੇ ਨੇ ਮਲਕਾ ਨੂਰਜਹਾਂ ਦੇ ਆਖਣ ’ਤੇ ਗੁਰੂ ਦੇ ਕਿਸੇ ਸ਼ਰਧਾਲੂ ਸਿੱਖ ਨੇ ਐਸਾ ਚੋਲਾ ਤਿਆਰ ਕੀਤਾ, ਜਿਸ ਦੀਆਂ ਬਵੰਜਾ ਕਲੀਆਂ ਸਨ। ਉਹ ਵਸਤਰ ਪਹਿਨ ਕੇ ਨੌਵੇਂ ਗੁਰੂ ਜੇਲ੍ਹ੍ਹ ਚੋਂ ਬਾਹਰ ਆਏ ਤੇ ਇਉਂ ਉਹਨਾਂ ਦਾ ਲੜ ਫੜ ਕੇ ਸਾਰੇ ਦੇ ਸਾਰੇ ਕੈਦੀ ਆਜ਼ਾਦ ਹੋ ਗਏ।
ਮੈਂ ਹੁਣ ਆਪਣੀ ਗੱਲ ਵੱਲ ਪਰਤਾਂ। ਉਸ ਰੋਜ਼ ਮੈਂ ਸਾਰੀ ਰਾਤ ਠਾਣੇ ਵਿੱਚ ਹੀ ਬੀਤਾਈ ਸੀ। ਜੇ ਚਾਹੁੰਦੇ ਤਾਂ ਉਸ ਦਿਨ ਪੁਲੀਸ ਵਾਲੇ ਸਾਨੂੰ ਪੁੱਛ-ਪੜਤਾਲ ਕਰਕੇ ਰਾਤ ਨੂੰ ਹੀ ਰਿਹਾਅ ਕਰ ਸਕਦੇ ਸੀ। ਪਰ ਉਹ ਜਾਣ ਕੇ ਵਕੀਲ ਬਲਾਉਣ ਵਿੱਚ ਦੇਰੀ ਕਰਦੇ ਰਹੇ ਸਨ। ਸਵੇਰੇ ਸਾਡੇ ਵਕੀਲ ਆਏ ਤੋਂ ਇੰਟਰਵਿਉ ਕਰਕੇ ਸਾਨੂੰ ਛੱਡਿਆ ਗਿਆ। ਅਦਾਲਤ ਵਿੱਚ ਮੁਕੱਦਮਾ ਚੱਲਿਆ। ਸਬੂਤ ਨਾ ਮਲਣ ’ਤੇ ਅਸੀਂ ਕੇਸ ਵਿੱਚੋਂ ਬਰੀ ਤਾਂ ਹੋ ਗਏ ਸੀ। ਪਰ ਪੇਸ਼ੀਆਂ ਭੁਗਤਦਿਆਂ ਖੱਜਲ-ਖਰਾਬ ਬਹੁਤ ਹੋਏ ਸੀ।
ਇੰਡੋਨੇਸੀਆ ਦੇ ਬਾਲੀ ਪ੍ਰਾਂਤ ਵਿੱਚ ਵਸਦੇ ਲੋਕਾਂ ਵਿੱਚ ਗੇਰਿੰਗ ਸਿੰਗ ਨਾਮੀ ਇੱਕ ਜਾਦੂਈ ਕੱਪੜਾ ਬੜਾ ਮਕਬੂਲ ਹੈ। ਖੂਨ ਨਾਲ ਰੰਗੇ ਇਸ ਕਾਲੇ ਅਤੇ ਸਫੈਦ ਕੱਪੜੇ ਨੂੰ ਭੂਤਾਂ-ਪਰੇਤਾਂ ਵਸ ਕਰਨ ਲਈ ਵਰਤਿਆ ਜਾਂਦਾ ਹੈ। ਕਾਸ਼ ਮੇਰੇ ਕੋਲ ਵੀ ਗੇਰਿੰਗ ਸਿੰਗ ਹੁੰਦਾ ਤੇ ਮੈਂ ਮੈਕਸ ਬਲਾ ਨੂੰ ਕਾਬੂ ਕਰ ਲੈਂਦੀ।
ਕਦੇ ਕਦੇ ਸੋਚਦੀ ਕੋਈ ਮਾਇਆਵੀ ਮੈਨੂੰ ਮੈਕਸ ਵਰਗੇ ਅੜੀਅਲ ਨੂੰ ਨੱਥ ਪਾਈ ਰੱਖਣ ਵਾਲਾ ਵਸੀਕਰਨ ਮੰਤਰ ਹੀ ਸਿਖਾ ਜਾਵੇ।
ਮੈਂ ਮੈਕਸ ਨੂੰ ਆਪਣੇ ਆਪ ਵਿੱਚ ਉਲਝਾਈ ਰੱਖਣ ਦੇ ਹਰ ਮੁਮਕਿਨ ਅਤੇ ਨਾਮੁਮਕਿਨ ਯਤਨ ਨਿਰੰਤਰ ਕਰਦੀ ਰਹਿੰਦੀ ਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਉਹ ਮੇਰੇ ਹੁਸਨ ਨਾਲ ਹੀ ਹਰ ਵੇਲੇ ਮਸਤ ਰਹੇ। ਇਉਂ ਜਿਵੇਂ ਨਿਆਣਾ ਖਿਡਾਉਣੇ ਨਾਲ ਪਰਚਿਆ ਰਹਿੰਦਾ ਹੈ। ਇਸ ਲਈ ਮੈਂ ਹਰ ਸਮੇਂ ਉਸ ਉਂੱਤੇ ਆਪਣੀਆਂ ਅਦਾਵਾਂ ਦੇ ਜਾਲ ਸੁੱਟਦੀ ਰਹਿੰਦੀ ਹੁੰਦੀ ਸੀ, ਮੈਂ ਨਹੀਂ ਚਾਹੁੰਦੀ ਸੀ ਕਿ ਉਹਦਾ ਧਿਆਨ ਮੇਰੇ ਵਿੱਚੋਂ ਉੱਖੜ ਕੇ ਕਿਸੇ ਹੋਰ ਪਾਸੇ ਲੱਗੇ। ਮੇਰੀ ਜ਼ਿੰਦਗੀ ਦੀ ਛੱਤ ਉਸਦੇ ਸਾਥ ਦੇ ਥੰਮ੍ਹਲੇ ਦੇ ਆਸਰੇ ਹੀ ਖੜ੍ਹੀ ਸੀ। ਜੇਕਰ ਉਹ ਥਮ੍ਹਲਾ ਵਿਚਾਲਿਉਂ ਨਿਕਲ ਜਾਂਦਾ ਤਾਂ ਸਭ ਕੁੱਝ ਧੜੱਮ ਕਰਕੇ ਹੇਠਾਂ ਡਿੱਗ ਪੈਣਾ ਸੀ। ਮੈਂ ਔਖੀ ਹੁੰਦੀ ਚਾਹੇ ਸੌਖੀ, ਬਿਮਾਰ ਹੁੰਦੀ ਚਾਹੇ ਰਾਜ਼ੀ, ਰੁੱਸੀ ਹੁੰਦੀ ਚਾਹੇ ਮੰਨੀ, ਦੁੱਖੀ ਹੁੰਦੀ ਚਾਹੇ ਸੁੱਖੀ ਖੁਦ ਮੈਂ ਜਿਹੋ-ਜਿਹੀ ਵੀ ਮਰਜ਼ੀ ਅਵਸਥਾ ਵਿੱਚ ਹੁੰਦੀ, ਮੈਂ ਮੈਕਸ ਨੂੰ ਸੈਕਸ ਵੱਲੋਂ ਕਦੇ ਨਹੀਂ ਸੀ ਤਰਸਾਇਆ। ਵਿਰੋਧੀ ਲਿੰਗਕ ਜੀਵ ਨੂੰ ਆਪਣੇ ਨਾਲ ਬੰਨ੍ਹੀ ਰੱਖਣ ਲਈ ਕਾਮ ਤੋਂ ਵੱਡਾ ਤੇ ਮਜ਼ਬੂਤ ਹੋਰ ਕੋਈ ਸੰਗਲ ਨਹੀਂ ਹੁੰਦਾ। ਮੈਂ ਵੀ ਮੈਕਸ ਨੂੰ ਆਪਣੇ ਨਾਲ ਉਮਰ ਭਰ ਲਈ ਨੂੜੀ ਰੱਖਣਾ ਚਾਹੁੰਦੀ ਸੀ। ਮੈਂ ਆਪ ਤਕਲੀਫ ਹੰਢਾ ਕੇ ਮੈਕਸ ਨੂੰ ਪੂਰਾ ਗ੍ਰਹਿਸਥ ਸੁੱਖ ਅਤੇ ਆਨੰਦ ਪ੍ਰਦਾਨ ਕਰਦੀ ਸੀ। ਪਰ ਫਿਰ ਵੀ ਕਈ ਵਾਰ ਉਹ ਮੈਥੋਂ ਨਰਾਜ਼ ਹੋ ਕੇ ਜਾਂ ਤਾਂ ਅੱਡ ਪੈ ਜਾਂਦਾ ਸੀ। ਨਹੀਂ ਸਿਰਹਾਣਿਉਂ ਉੱਠ ਕੇ ਪੈਂਦ ’ਤੇ ਲੇਟ ਜਾਂਦਾ ਸੀ। ਕਈ-ਕਈ ਘੰਟੇ ਅਸੀਂ ਨਾ ਕੁੱਝ ਬੋਲਦੇ-ਚਲਦੇ। ਬਸ ਇਉਂ ਪਏ ਰਹਿੰਦੇ, ਜਿਵੇਂ ਡੱਬੇ ਵਿੱਚ ਜੁੱਤੀਆਂ ਦਾ ਜੋੜਾ ਪਿਆ ਹੁੰਦਾ ਹੈ। ਮੈਕਸ ਤਾਂ ਕਦੇ ਢੈਲਾ ਨਹੀਂ ਸੀ ਪੈਂਦਾ। ਮੈਂ ਆਪ ਹੀ ਨਿਵ ਜਾਂਦੀ ਹੁੰਦੀ ਸੀ। ਭਾਵੇਂ ਤਕਰਾਰ ਵਿੱਚ ਸਾਰੀ ਗਲਤੀ ਮੈਕਸ ਦੀ ਹੀ ਕਿਉਂ ਨਾ ਹੁੰਦੀ। ਫਿਰ ਵੀ ਝਗੜਾ ਖਤਮ ਕਰਨ ਲਈ ਮੈਂ ਬੇਕਸੁਰੀ ਹੁੰਦੀ ਹੋਈ ਵੀ ਉਸਤੋਂ ਮਾਫ਼ੀਆਂ ਮੰਗ ਕੇ ਉਸਨੂੰ ਮਨ੍ਹਾ ਲੈਂਦੀ ਹੁੰਦੀ ਸੀ। ਮੈਂ ਮੈਕਸ ਨੂੰ ਆਪਣੇ ਨਾਲੋਂ ਟੁੱਟਣ ਨਹੀਂ ਸੀ ਦੇਣਾ ਚਾਹੁੰਦੀ। ਮੇਰੀ ਇੱਛਾ ਸੀ ਕਿ ਉਹ ਮੇਰੇ ਨਾਲ ਹੀ ਚਿਪਕਿਆ ਰਿਹਾ ਕਰੇ ਤਾਂ ਜੋ ਕਿਵੇਂ ਨਾ ਕਿਵੇਂ ਅਸੀਂ ਜੀਵਨ-ਸਾਥ ਲਈ ਜੁੜੇ ਰਹੀਏ। ਭਾਵੇਂ ਮੈਂ ਆਪ ਕੋਈ ਬਹੁਤ ਵੱਡੀ ਗੁਣਵੰਤੀ ਨਹੀਂ ਸੀ। ਪਰ ਮੈਕਸ ਵਿੱਚ ਮੈਥੋਂ ਕਈ ਗੁਣਾਂ ਵੱਧ ਔਗੁਣ ਸਨ। ਕਈ ਨੁਕਸ ਤਾਂ ਉਸ ਵਿੱਚ ਐਸੇ ਸਨ, ਜੋ ਮੈਨੂੰ ਮੂਲ ਨਹੀਂ ਸਨ ਭਾਉਂਦੇ ਮੈਨੂੰ ਬਿਲਕੁਲ ਗਵਾਰਾ ਨਹੀਂ ਸਨ। ਲੇਕਿਨ ਫਿਰ ਵੀ ਮੈਂ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਕੇ ਬਰਦਾਸ਼ਤ ਕਰ ਜਾਂਦੀ ਸੀ। ਦੜ੍ਹ ਵੱਟ ਕੇ ਜਰ ਜਾਂਦੀ ਸੀ। ਮੈਨੂੰ ਆਸ ਸੀ ਜਾਂ ਕਹਿ ਲਉ ਭਰਮ ਸੀ ਕਿ ਇੱਕ ਦਿਨ ਮੈਕਸ ਦੀਆਂ ਸਾਰੀਆਂ ਖਾਮੀਆਂ-ਖੂਬੀਆਂ ਵਿੱਚ ਬਦਲ ਜਾਣਗੀਆਂ। ਉਹ ਸਾਰੀਆਂ ਬੁਰਾਈਆਂ ਦਾ ਤਿਆਗ ਕਰਕੇ ਚੰਗਿਆਈਆਂ ਨੂੰ ਧਾਰਨ ਕਰ ਲਵੇਗਾ। ਕਹਿੰਦੇ ਨੇ ਮਿੱਟੀ ਦੀਆਂ ਖਾਨਾਂ ਵਿੱਚ ਪਏ ਪੱਥਰ ਪਹਿਲਾਂ ਕੋਲਾ ਹੀ ਹੁੰਦੇ ਹਨ। ਤੇ ਫਿਰ ਸਮਾਂ ਪਾ ਕੇ ਉਹ ਆਪਣਾ ਰੂਪ ਪਰਤਾ ਲੈਂਦੇ ਹਨ ਅਤੇ ਹੀਰੇ ਵਿੱਚ ਤਬਦੀਲ ਹੋ ਜਾਂਦੇ ਹਨ। ਮੈਂ ਵੀ ਇਹੀ ਉਮੀਦ ਲਾਈ ਹੋਈ ਸੀ ਕਿ ਮੈਕਸ ਵੀ ਇੱਕ ਦਿਨ ਕਾਲੇ ਕੋਲੇ ਤੋਂ ਚਿੱਟੇ ਚਮਕਦੇ ਹੀਰੇ ਵਿੱਚ ਬਦਲ ਜਾਵੇਗਾ। ਤੇ ਮੈਂ ਉਸ ਭਾਗਾਂ ਭਰੇ ਦਿਹਾੜੇ ਨੂੰ ਬੜੀ ਬੇਸਬਰੀ ਨਾਲ ਉਡੀਕਦੀ ਸੀ।
ਕਿਹੜੇ-ਕਿਹੜੇ ਦੁੱਖ ਨਹੀਂ ਝੱਲੇ ਸੀ ਮੈਂ ਮੈਕਸ ਦੀ ਖਾਤਰ। ਲੇਕਿਨ ਇਹਦੇ ਕੁੱਝ ਯਾਦ-ਚਿੱਤ ਨਹੀਂ ਹੈ। ਕਦੇ ਇਹਨੇ ਮੇਰਾ ਪਿਆਰ ਨਾਲ ਬਹਿ ਕੇ ਹਾਲ-ਚਾਲ ਨਹੀਂ ਪੁੱਛਿਆ। ਕਦੇ ਕਿਸੇ ਕੰਮ-ਧੰਦੇ ਵਿੱਚ ਮੇਰਾ ਹੱਥ ਨਹੀਂ ਵਟਾਇਆ। ਮੈਂ ਇਕੱਲੀ ਨੇ ਹੀ ਮਿਹਨਤ ਨਾਲ ਆਪਣਾ ਘਰ ਖਰੀਦਿਆ ਹੈ। ਜ਼ਰੂਰਤ ਦੀ ਹਰ ਚੀਜ਼ ਆਪ ਆਪਣੀ ਹਿੰਮਤ ਨਾਲ ਬਣਾਈ ਹੈ। ਇਹਦੇ ਆਸਰੇ ਰਹਿੰਦੀ ਤਾਂ ਭੁੱਖੀ ਮਰਦੀ। ਇਹ ਤਾਂ ਮੈਨੂੰ ਸੜਕਾਂ ’ਤੇ ਨੰਗੀ ਕਰਕੇ ਫੇਰਦਾ। ਇੱਕ ਗਿੱਠ ਲੀਰ ਤੱਕ ਮੁੱਲ ਲੈ ਕੇ ਦੇਣ ਦੇ ਕਾਬਲ ਨਹੀਂ ਇਹ। ਦੱਸੋ ਏਹਦੂੰ ਨਿਕੰਮਾ ਬੰਦਾ ਵੀ ਕੋਈ ਹੋਊ? ਇਹਨੂੰ ਮੈਂ ਪੰਜਾਹ ਵਾਰੀ ਪਿੱਟ ਹਟੀ ਹਾਂ, ਭੈੜੇ ਕੰਮ ਛੱਡ ਦੇਹ। ਕੋਈ ਨੌਕਰੀ-ਚਾਕਰੀ ਕਰ। ਕੁਰਾਨ ਸ਼ਰੀਫ ਵਿੱਚ ਲਿਖਿਐ, ਹੱਕ ਹਲਾਲ ਦੀ ਕਮਾਈ ਪੂਜਾ ਪਾਠ ਸਮਾਨ ਹੈ। ਪਾਪਾਂ ਦੇ ਧਨ ਨਾਲ ਲਿਆਂਦੀਆਂ ਚੂਰੀਆਂ ਨਾਲੋਂ ਮਿਹਨਤ ਦੀ ਦੌਲਤ ਨਾਲ ਜਿਹੋ-ਜਿਹੀ ਰੁੱਖੀ-ਮਿਸੀ ਲਿਆਵੇਂਗਾ, ਮੈਂ ਉਹ ਨੂਣ ਭੁੱਕ ਕੇ ਸੁਆਦ ਨਾਲ ਖਾਹ ਲਊਂਗੀ।
“ਆਹ! ਖਾਹ ਲਊਗੀ ਇਹ ਨੂਣ ਨਾਲ? ਤੂੰ ਤਾਂ ਖਾਹ ਲਵੇਂਗੀ, ਮੈਂ ਨਹੀਂ ਸੁੱਕੇ ਟੁੱਕਰ ਖਾਹ ਸਕਦਾ।”
ਇਹੋ ਜਿਹੇ ਜੁਆਬ ਸੁਣਾਉਂਦਾ ਮੈਕਸ ਅੱਗੋਂ ਮੈਨੂੰ। ਮੈਂ ਤਾਂ ਇਹਨੂੰ ਇੱਥੋਂ ਤੱਕ ਵੀ ਕਹਿ ਕੇ ਦੇਖ ਲਿਆ ਹੈ, “ਮੈਂ ਰੋਜ਼-ਰੋਜ਼ ਨਹੀਂ ਭਕਾਈ ਕਰਨੀ। ਜੇ ਮੈਨੂੰ ਪਿਆਰ ਕਰਦਾ ਹੈਂ ਤਾਂ ਗੁਨਾਹ ਕਰਨੇ ਛੱਡ ਦੇ।”
ਐਸਾ ਹਿੰਡੀ ਹੈ ਕਿ ਇੱਕ ਨਹੀਂ ਮੰਨਦਾ ਮੇਰੀ। ਜੋ ਕਹਿੰਦੀ ਹਾਂ ਉਹ ਇੱਕ ਕੰਨ ਚੋਂ ਪਾ ਕੇ ਦੂਜੇ ਵਿੱਚੋਂ ਕੱਢ ਦਿੰਦਾ ਹੈ। -ਇੱਕ ਬੜੀ ਪੁਰਾਣੀ ਅਸਟਰੇਲੀਅਨ ਮਿਥਿਹਾਸਕ ਕਹਾਣੀ ਹੈ। ਉਸ ਮੁਤਾਬਕ ਪਹਿਲੇ-ਪਹਿਲ ਧਰਤੀ ਅਤੇ ਅਸਮਾਨ ਇੱਕ ਦੂਜੇ ਦੇ ਬਹੁਤ ਨਜ਼ਦੀਕ ਹੋਇਆ ਕਰਦੇ ਸਨ। ਐਨਾ ਨੇੜੇ ਕਿ ਧਰਤੀ ਉੱਤੇ ਚੱਲਣ ਵਾਲੇ ਜਾਨਵਰਾਂ ਨੂੰ ਚੱਲਣ ਫਿਰਨ ਵਿੱਚ ਵੀ ਔਖਿਆਈ ਮਹਿਸੂਸ ਹੋਇਆ ਕਰਦੀ ਸੀ। ਪੰਛੀਆਂ ਨੇ ਜਾਨਵਰਾਂ ਨੂੰ ਆਖਿਆ ਕਿ ਆਉ ਆਪਾਂ ਰਲ ਕੇ ਆਕਾਸ਼ ਨੂੰ ਪਰ੍ਹਾਂ ਨੂੰ ਧੱਕ ਦੇਈਏ। ਜਾਨਵਰ ਆਲਸੀ ਸੀ, ਉਹ ਕੰਨ-ਮੋਡੇ ਮਾਰ ਗਏ। ਪੰਛੀਆਂ ਨੇ ਹਿੰਮਤ ਕੀਤੀ ਤੇ ਆਪਣੀਆਂ ਚੁੰਝਾਂ ਨਾਲ ਚੁੱਕਦੇ ਹੋਏ ਅਸਮਾਨ ਨੂੰ ਉੱਪਰ ਲੈ ਗਏ। ਇਉਂ ਵਕਫਾ ਪੈਣ ਨਾਲ ਸਭ ਲਈ ਧਰਤੀ ’ਤੇ ਚੱਲਣਾ ਆਸਾਨ ਹੋ ਗਿਆ। ਜਾਨਵਰ ਕਿਉਂਕਿ ਸੁਸਤ ਸੀ, ਇਸ ਲਈ ਉਹ ਸਿਰਫ਼ ਧਰਤੀ ਉੱਤੇ ਚੱਲਣ ਜੋਗੇ ਹੀ ਰਹਿ ਗਏ। ਪੰਛੀ ਹਿੰਮਤੀ ਅਤੇ ਮਿਹਨਤੀ ਹੋਣ ਕਰਕੇ ਇਸ ਕਾਬਲ ਬਣ ਗਏ ਕਿ ਜਦੋਂ ਮਰਜ਼ੀ ਜਿੰਨਾ ਉੱਚਾ ਚਾਹੁਣ ਉੱਡ ਕੇ ਜਾ ਸਕਦੇ ਹਨ। ਮੈਂ ਇਹ ਕਥਾ ਸੁਣਾ ਕੇ ਵੀ ਮੈਕਸ ਨੂੰ ਨੌਕਰੀ ਕਰਨ ਲਈ ਉਕਸਾਇਆ ਸੀ। ਮੈਂ ਆਖਿਆ ਦਸਾਂ ਨਹੁੰਆਂ ਦੀ ਕਿਰਤ ਕਰ ਤੇ ਆ ਆਪਾਂ ਅੰਬਰਾਂ ਵਿੱਚ ਉਡਾਰੀਆਂ ਲਾਈਏ। ਪਰ ਕਿੱਥੇ? ਇਸ ਜਾਤ ਨੇ ਤਾਂ ਧਰਤੀ ’ਤੇ ਹੀ ਧੱਕੇ ਖਾਣੇ ਹਨ।
ਹੋਰ ਸੁਣੋ ਇੱਕ ਵਾਰ ਮੈਂ ਆਪਣੀ ਆਦਤ ਮੁਤਾਬਕ ਮੈਕਸ ਨੂੰ ਬੁਰੇ ਕੰਮਾਂ ਤੋਂ ਵਰਜਦੀ ਸੀ। ਮੈਨੂੰ ਮੂਹਰਿਉਂ ਬਣਾ ਸੁਆਰ ਕੇ ਕਹਿੰਦਾ, “ਮੇਰਾ ਇੱਕ ਮੁਸਲਮਾਨ ਦੋਸਤ ਗੱਲ ਸੁਣਾਉਂਦਾ ਸੀ ਬਈ ਹਜ਼ਰਤ ਮੁਹੰਮਦ ਸਾਹਿਬ ਨੇ ਕਿਹੈ, ਸ਼ਾਵਰਲ-ਨਸਾ ਵ ਖਾਲਿ-ਫ਼ੂਹਨ! ਭਾਵ ਕਿ ਜਨਾਨੀਆਂ ਦੀ ਸਲਾਹ ਲਉ ਪਰ ਕਰੋ ਉਸਦੇ ਉੱਲਟ। ਮੈਂ ਤਾਂ ਉਸੇ ’ਤੇ ਅਮਲ ਕਰਦਾਂ।”
ਮੈਂ ਮੂਹਰਿਉਂ ਝਾੜ ਦਿੱਤਾ ਸੀ, “ਮੁਹੰਮਦ ਸਾਹਿਬ ਨੇ ਤਾਂ ਹੋਰ ਵੀ ਬਹੁਤ ਕੁੱਝ ਕਿਹੈ। ਦੱਸਾਂ ਉਹ ਵੀ ਮੰਨੇਗਾ?”
ਜਦੇ ਹੀ ਤਾੜ ਗਿਆ ਸੀ ਬਈ ਮੈਂ ਕੀ ਕਹੂੰਗੀ। ਇਹਦੀ ਜੀਭ ਨੂੰ ਉੱਥੇ ਹੀ ਜ਼ਿੰਦਾ ਵੱਜ ਗਿਆ। ਮੌਕਾ ਬਚਾਅ ਕੇ ਮਲਕ ਦੇਣੇ ਘਰੋਂ ਖਿਸਕ ਗਿਆ। ਕੀ ਕਰਾਂ ਇਸ ਬੰਦੇ ਨੂੰ? ਉਂਝ ਇਹ ਅਸਲੀਅਤ ਤਾਂ ਮੈਂ ਵੀ ਜਾਣਦੀ ਹਾਂ ਕਿ ਇਹਨੇ ਹੁਣ ਕਿੱਥੋਂ ਸੁਧਰਨਾ ਹੈ? ਬਸ ਐਵੇਂ ਹੀ ਆਪਣਾ ਆਪ ਕਲਪਾ ਕੇ ਹਟ ਜਾਂਦੀ ਹਾਂ। ਮੈਂ ਇਸ ਯਥਾਰਥ ਨੂੰ ਸਵਿਕਾਰ ਲਿਆ ਹੈ ਕਿ ਸਾਰੀ ਜ਼ਿੰਦਗੀ ਇਉਂ ਹੀ ਕਲਪਦਿਆਂ ਬੀਤ ਜਾਣੀ ਹੈ।
ਮੈਨੂੰ ਨਾਇਲੌਨ ਦਾ ਕੱਪੜਾ ਮਾਫ਼ਕ ਨਹੀਂ ਹੈ। ਅਲਰਜ਼ੀ ਹੈ ਨਾਇਲੌਨ ਤੋਂ। ਜੇ ਮੈਂ ਕੋਈ ਵੀ ਨਾਇਲੌਨ ਦਾ ਲੀੜਾਂ ਪਾ ਲਵਾਂ ਤਾਂ ਮੇਰੇ ਖਾਰਸ਼ ਹੋਣ ਲੱਗ ਜਾਂਦੀ ਹੈ। ਸਾਰੇ ਪਿੰਡੇ ਉੱਤੇ ਫਿਨਸੀਆਂ ਨਿਕਲ ਆਉਂਦੀਆਂ ਹਨ। ਸੁਖਾਂਦਾ ਨਾ ਹੋਣ ਕਰਕੇ ਮੈਂ ਉਸ ਫ਼ੈਬਰਿਕ ਦਾ ਕੱਪੜਾ ਮੂਲ ਨਹੀਂ ਪਹਿਨਦੀ। ਜਦੋਂ ਕੁ ਮੈਂ ਘਰੋਂ ਭੱਜ ਕੇ ਆਈ ਸੀ ਤੇ ਮੈਕਸ ਨਾਲ ਸੱਜਰੀ ਰਹਿਣ ਲੱਗੀ ਸੀ। ਉਦੋਂ ਮੇਰੇ ਕੋਲ ਦੋ ਤਿੰਨ ਜੋੜੇ ਸਿਰਫ਼ ਨਾਇਲੌਨ ਦੇ ਵਸਤਰਾਂ ਦੇ ਹੀ ਸਨ। ਅਣਸਰਦੇ ਨੂੰ ਮੈਨੂੰ ਉਹੀ ਪਹਿਨਣੇ ਪੈਂਦੇ ਸਨ। ਨਾ ਪਹਿਨਦੀ ਤਾਂ ਨੰਗੀ ਫਿਰਨਾ ਪੈਣਾ ਸੀ। ਕਿਉਂਕਿ ਹੋਰ ਕਿਸੇ ਫ਼ੈਬਰਿਕ ਦਾ ਖਰੀਦਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ। ਫਜ਼ੂਲ ਖਰਚੀ ਕਰਕੇ ਦਿਨਾਂ ਵਿੱਚ ਹੀ ਅਸੀਂ ਸਾਰੀ ਪੂੰਜੀ ਮਤਮ ਕਰਕੇ ਕੰਗਾਲ ਹੋ ਗਏ ਸੀ ਤੇ ਨੌਕਰੀ ਸਾਨੂੰ ਮਿਲੀ ਨਹੀਂ ਸੀ। ਸਿਰਫ਼ ਸਰਕਾਰੀ ਭੱਤਿਆਂ ’ਤੇ ਹੀ ਗੁਜ਼ਾਰਾ ਚੱਲਦਾ ਸੀ। ਸਾਡੇ ਤਾਂ ਖਾਣ-ਪੀਣ ਦੇ ਹੀ ਲਾਲੇ ਪਏ ਹੋਏ ਸਨ। ਨਿੱਤ ਨਵੇਂ ਵਸਤਰ ਕਿੱਥੋਂ ਤੇ ਕਾਹਦੇ ਨਾਲ ਖਰੀਦਦੀ? ਅਲਰਜ਼ੀ ਕਾਰਨ ਨਾਇਲੌਨ ਦੇ ਕੱਪੜੇ ਧਾਰਨ ਕਰੀ ਮੈਂ ਸਾਰੀ ਦਿਹਾੜੀ ਪਿੰਡੇ ਨੂੰ ਖੁਰਕਦੀ ਰਿਹਾ ਕਰਨਾ। ਜਿਵੇਂ ਗਲਤ ਪ੍ਰਕਾਰ ਦਾ ਕੱਪੜਾ ਬੰਦੇ ਦੀ ਦੇਹ ਨੂੰ ਰੋਗ ਲਾ ਦਿੰਦਾ ਹੈ। ਉਵੇਂ ਹੀ ਜੇ ਗਲਤ ਅਤੇ ਐਬੀ ਜੀਵਨਸਾਥੀ ਮਿਲ ਜਾਵੇ ਤਾਂ ਉਹ ਜ਼ਿੰਦਗੀ ਨੂੰ ਰੋਗ ਲਾ ਦਿੰਦਾ ਹੈ। ਮੈਕਸ ਵੀ ਨਾਇਲੌਨ ਦੇ ਵਸਤਰਾਂ ਵਾਂਗ ਹੈ। ਮਜਬੂਰਨ ਮੈਨੂੰ ਆਪਣੇ ਅੰਗ ਲਾਈ ਰੱਖਣਾ ਪੈਣਾ ਹੈ। ਇਸ ਨੂੰ ਲਾਹ ਕੇ ਨਹੀਂ ਸਿੱਟ ਸਕਦੀ। ਵਰਨਾ ਮੈਨੂੰ ਨੰਗੀ ਹੋ ਜਾਣ ਦਾ ਖ਼ਦਸਾ ਹੈ। ਮੈਕਸ ਨੇ ਨਹੀਂ ਬਦਲਨਾ ਜਿਹੋ ਜਿਹਾ ਹੈ ਇਹੋ ਜਿਹਾ ਹੀ ਰਹਿਣਾ ਹੈ। ਸੁਲਤਾਨ ਬਾਹੂ ਨੇ ਠੀਕ ਹੀ ਕਿਹਾ ਹੈ,
ਮੂਲ ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂ।
ਤੁੰਮੇ ਤਰਬੂਜ ਮੂਲ ਨਾ ਹੁੰਦੇ ਤੋੜੇ-ਤੋੜ ਮੱਕੇ ਲੈ ਜਾਈਏ ਹੂ।
ਕਾਵਾਂ ਦੇ ਬੱਚੇ ਹੰਸ ਨਾ ਹੋਵਣ ਤੋੜੇ ਮੋਤੀ ਚੋਗ ਚੁਗਾਈਏ ਹੂ।
ਕੌੜੇ ਖੂਹ ਨਾ ਹੁੰਦੇ ਮਿੱਠੇ ਬਾਹੂ ਤੋੜੇ ਸੈ ਮਣਾਂ ਖੰਡ ਪਾਈਏ ਹੂ।
No comments:
Post a Comment