ਕਾਂਡ 19 : ਹਮਰਾਹੀ

ਖਾਣਾ ਬਣਾਉਣ ਲਈ ਰਸਦ ਤਾਂ ਉਂਝ ਮੈਂ ਵੱਡੇ ਸਟੋਰਾਂ ਜਾਂ ਸੁਪਰਸਟੋਰਾਂ ਚੋਂ ਹੀ ਲੈਂਦੀ ਸੀ, ਕਿਉਂਕਿ ਉੱਥੇ ਸਾਰੀਆਂ ਚੀਜ਼ਾਂ ਛੋਟੀਆਂ ਦੁਕਾਨਾਂ ਨਾਲੋਂ ਸਸਤੀਆਂ ਹੁੰਦੀਆਂ ਸਨ। ਵੱਡੇ ਸਟੋਰਾਂ ਵਾਲੇ ਹਰ ਚੀਜ਼ ਥੋਕ ਦੇ ਭਾਅ, ਵਧੇਰੇ ਮਾਤਰਾ ਵਿੱਚ ਖਰੀਦਦੇ ਸਨ। ਇਸ ਲਈ ਉਨ੍ਹਾਂ ਨੂੰ ਸਸਤੀਆਂ ਚੀਜ਼ਾਂ ਮਿਲਦੀਆਂ ਸਨ। ਦੁਕਾਨਾਂ ਵਾਲੇ ਥੋੜ੍ਹੀ ਮਾਤਰਾ ਵਿੱਚ ਖਰੀਦਦੇ ਹੋਣ ਕਰਕੇ ਉਨ੍ਹਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਦੀਆਂ ਸਨ ਤੇ ਮੁਨਾਫਾ ਕੱਢਣ ਲਈ ਅੱਗੋਂ ਗਾਹਕ ਨੂੰ ਵੀ ਉਹ ਮਹਿੰਗੇ ਭਾਅ ਵੇਚਦੇ ਸਨ। ਬਹਰਹਾਲ ਥੋੜ੍ਹੀ-ਬਹੁਤੀ ਸਬਜ਼ੀ-ਭਾਜੀ ਜਾਂ ਹੋਰ ਮਿਰਚ-ਮਸਾਲਾ ਮੈਂ  ਨੇੜਿਉਂ ਹੀ ਲੈ ਲੈਂਦੀ ਸੀ। ਸਾਡੀ ਗਲੀ ਦੇ ਮੋੜ ਤੇ ਇੱਕ ਨਿੱਕੀ ਜਿਹੀ ਦੁਕਾਨ ਸੀ। ਉਸ ਕੌਰਨਰ-ਸ਼ੌਪ ਦਾ ਮਾਲਕ ਅਨਵਰ ਵੀ ਪਾਕਿਸਤਾਨੀ ਹੀ ਸੀ। ਸੂਰਜ ਦੇਵਤੇ ਅਪੋਲੋ ਵਰਗਾ ਸੁੰਦਰ ਹੈ।
  ਕਦੇ-ਕਦਾਈਂ ਸੌਦਾ-ਪੱਤਾ ਲੈਣ ਗਈ ਖੜ੍ਹ ਕੇ ਮੈਂ ਅਨਵਰ ਨਾਲ ਆਪਣਾ ਕੌਮੀ ਹੋਣ ਕਰਕੇ ਬਿੰਦ-ਝੱਟ ਦੁੱਖ ਸੁੱਖ ਕਰ ਲੈਂਦੀ ਹੁੰਦੀ ਸੀ। ਮੇਰੇ ਵਾਂਗੂੰ ਦੁੱਖੀ ਸੀ, ਬਿਚਾਰਾ ਉਹ ਵੀ। ਜਵਾਨੀ ਵਿੱਚ ਕਿਸੇ ਗੋਰੀ ਨੂੰ ਇਸ਼ਕ ਕਰਦਾ ਸੀ। ਉਹ ਧੋਖਾ ਦੇ ਗਈ ਸੀ ਉਹਨੂੰ। ਗਹਿਣਾ-ਗੱਟਾ ਅਤੇ ਧਨ ਦੌਲਤ ਲੈ ਕੇ ਕਿਸੇ ਹੋਰ ਨਾਲ ਨਿਕਲ ਗਈ ਸੀ। ਬਸ ਦਿਲ ਟੁੱਟ ਗਿਆ ਸੀ ਉਹਦਾ ਤੇ ਸਾਰੀ ਉਮਰ ਸ਼ਾਦੀ ਨਹੀਂ ਸੀ ਕੀਤੀ ਉਹਨੇ। ਮੇਰੇ ਨਾਲ ਉਹ ਪੂਰਾ ਖੁੱਲ੍ਹਿਆ ਹੋਇਆ ਸੀ। 
ਜਦੋਂ ਦੋ ਇਨਸਾਨ ਇਕੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰੇ ਹੋਣ ਤਾਂ ਉਨ੍ਹਾਂ ਵਿੱਚ ਆਪੇ ਹੀ ਕੋਈ ਸਾਂਝ ਜਿਹੀ ਪੈ ਜਾਂਦੀ ਹੈ। ਸੋਚਣ ਦਾ ਢੰਗ ਭਾਵੇਂ ਇੱਕ ਨਾ ਵੀ ਹੋਵੇ। ਫਿਰ ਵੀ ਮੱਲੋ-ਮੱਲੀ ਆਪਸ ਵਿੱਚ ਖ਼ਿਆਲਾਤ  ਰਲ ਜਾਂਦੇ ਹਨ। ਗੱਲਾਂ-ਬਾਤਾਂ ਕਰਦਿਆਂ ਜਦੋਂ ਪੁਰਾਣੇ ਜ਼ਖ਼ਮ ਜੋ ਅਜੇ ਤੱਕ ਅੱਲੇ ਸਨ ਉਚੜ ਜਾਂਦੇ ਤਾਂ ਅੱਖਾਂ ਭਰ ਕੇ ਅਨਵਰ ਆਖਦਾ ਹੁੰਦਾ ਸੀ, “ਇਹ ਫਰੰਗੀ ਕਿਸੇ ਦੇ ਮਿੱਤ ਨਹੀਂ ਹੁੰਦੇ। ਨਿਰੇ ਸੱਪਾਂ ਵਰਗੇ ਨੇ, ਭਾਵੇਂ ਚੁਲੀਆਂ ’ਚ ਦੁੱਧ ਪਿਲਾ ਲਵੋ, ਇਹ ਡੰਗ ਮਾਰਨੋਂ ਨਹੀਂ ਜਾਂਦੇ।”
“ਫਰੇਬ ਤੇ ਮੱਕਾਰੀ ਤਾਂ ਇਨ੍ਹਾਂ ਅੰਗਰੇਜ਼ਾਂ ਦੇ ਖੂਨ ਵਿੱਚ ਹੀ ਆ, ਭਾਈ ਜਾਨ।” ਮੈਂ ਵੀ ਉਹਦੀ ਸੁਰ ਵਿੱਚ ਸੁਰ ਮਿਲਾ ਕੇ ਆਖਦੀ ਹੁੰਦੀ ਸੀ।
ਅਕਸਰ ਅਸੀਂ ਦੋਨੋਂ ਡਿਪਰੈੱਸਡ ਹੋਏ ਇੱਕ ਦੂਸਰੇ ਨੂੰ ਹੌਂਸਲਾ ਦੇ ਦਿਆ ਕਰਦੇ ਸੀ। ਅਨਵਰ ਨੇ ਤਾਂ ਕਈ ਵਾਰ ਸੁਝਾਅ ਦਿੱਤਾ ਸੀ  ਕਿ ਮੈਂ ਉਹਦੇ ਨਾਲ ਨਿਕਾਹ ਕਰ ਲਵਾਂ। ਇੰਝ ਮੇਰੀ  ਜ਼ਾਲਮ (ਮੈਕਸ) ਤੋਂ ਨਿਜਾਤ ਹੋ ਜਾਣੀ ਸੀ ਤੇ ਉਹਦਾ ਘਰ ਵਸਦਾ ਹੋ ਜਾਣਾ ਸੀ। ਪਿਛਲੀ ਉਮਰ ਵਿੱਚ ਤਾਂ ਸਾਥੀ ਦਾ ਸਾਥ ਹੀ ਲੋੜੀਂਦਾ ਹੁੰਦੈ। ਜੀਣਸੀ ਭੁੱਖ ਤਾਂ ਕਦੋਂ ਦੀ ਮਰ ਚੁੱਕੀ ਹੁੰਦੀ ਹੈ। 
ਗੱਲ ਤਾਂ ਅਨਵਰ ਦੀ ਠੀਕ  ਸੀ। ਦੋ ਦੁੱਖੀ ਇਨਸਾਨ ਚਾਹੁਣ ਤਾਂ ਇਕੱਠੇ ਹੋ ਕੇ ਸੁੱਖੀ ਜੀਵਨ ਬੀਤਾ ਸਕਦੇ ਹਨ। ਪਰ ਕੀ ਕਰਦੀ? ਮਾਪੇ ਛੱਡ ਕੇ ਇਕਬਾਲ ਮਗਰ ਗਈ ਸੀ। ਇਕਬਾਲ ਨੂੰ ਭੁਲਾ ਕੇ ਮੈਕਸ ਨਾਲ ਰਹਿਣ ਲੱਗੀ ਸੀ। ਜੇ ਮੈਕਸ ਨੂੰ ਛੱਡ ਕੇ ਅਨਵਰ ਨਾਲ ਚਲੀ ਜਾਂਦੀ। ਕੱਲ੍ਹ ਨੂੰ ਅਨਵਰ ਦਾ ਰਵਈਆ ਬਦਲ ਜਾਂਦਾ। ਫਿਰ ਕੀਹਦੇ ਕੋਲ  ਜਾਂਦੀ? ਮੈਂ ਤਾਂ ਫਿਰ ਔਰਤ ਨਾ ਹੋਈ, ਵਿਡਿਉ ਫ਼ਿਲਮਾਂ ਦੀ ਦੁਕਾਨ ’ਤੇ ਪਈ ਹੋਈ ਰੀਲ ਹੀ ਹੋ ਗਈ ਸੀ, ਜਿਸਨੂੰ ਆਏ ਦਿਨ ਕੋਈ ਨਾ ਕੋਈ ਚਾਈਂ-ਚਾਈਂ ਕਿਰਾਏ ਉੱਤੇ ਆਪਣੇ ਘਰ ਲਿਜਾਂਦਾ ਤੇ ਫਿਰ ਦੇਖ-ਦੂਖ ਕੇ ਮੋੜ ਜਾਂਦਾ ਹੈ। ਉਹ ਉਦੋਂ ਤੱਕ ਕਿਰਾਏ ’ਤੇ ਜਾਂਦੀ ਰਹਿੰਦੀ ਹੈ, ਜਦ ਤੱਕ  ਸਾਫ਼ ਚੱਲਦੀ ਹੈ। ਜਿਉਂ ਹੀ ਉਹਦਾ ਪਰਿੰਟ ਖਰਾਬ ਹੋਇਆ, ਉਹਨੂੰ ਕੂੜੇ ਦੇ ਡੱਬੇ ਵਿੱਚ ਸੁੱਟ ਦਿੱਤਾ ਜਾਂਦਾ ਹੈ।” 
ਐਨਾ ਹੀ ਬੜਾ ਸੀ ਕਿ ਅਨਵਰ ਮੇਰੇ ਕੋਲ ਦਿਲ ਫਰੋਲ ਲੈਂਦਾ ਤੇ ਮੈਂ ਉਹਦੇ ਕੋਲ ਢਿੱਡ ਹੌਲਾ ਕਰ ਲੈਂਦੀ ਸੀ। ਇਸ ਤੋਂ ਵੱਧ ਸਾਡੇ ਦਰਮਿਆਨ ਹੋਰ ਕੋਈ ਸਾਂਝ ਨਹੀਂ ਸੀ। ਇੱਕ ਵਾਰ ਨਹੀਂ, ਅਨਵਰ ਨੇ ਤਾਂ ਕਈ ਵਾਰ ਮੈਨੂੰ ਨਿਕਾਹ ਦੀ ਪੇਸ਼ਕਸ਼ ਕਰੀ ਸੀ ਤੇ ਬਾਕੀ ਦੀ ਸਾਰੀ ਉਮਰ ਫੁੱਲਾਂ ਵਾਂਗੂੰ ਰੱਖਣ ਦਾ ਵਿਸ਼ਵਾਸ ਦਵਾਇਆ ਸੀ। ਮੈਂ ਜਾਣਦੀ ਸੀ ਕਿ ਅਨਵਰ ਨੂੰ ਮੇਰੇ ਸ਼ਰੀਰ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਕਾਮੁਕ ਪੱਖੋਂ ਅਤ੍ਰਿਪਤ ਨਹੀਂ ਸੀ, ਕਿਉਂਕਿ ਉਹਦੀ ਦੁਕਾਨ ’ਤੇ ਇੱਕ ਬਹੁਤ ਹੀ ਹੁਸਨਾਕ ਅਤੇ ਨੌਜਵਾਨ ਕੁੜੀ ਕੰਮ ਕਰਦੀ ਹੁੰਦੀ ਸੀ। ਉਹ ਅਨਵਰ ’ਤੇ ਜਾਂ ਕਹਿ ਲਉ ਉਹਦੀ ਦੌਲਤ ਉੱਤੇ ਮਰੀ ਪਈ ਸੀ। ਕੁੜੀ ਨੇ ਅਨਵਰ ਨੂੰ ਆਪਣੀਆਂ ਅਦਾਵਾਂ ਨਾਲ ਬੜਾ ਭਰਮਾਉਣ ਦੀ ਕੋਸ਼ਿਸ਼ ਕੀਤੀ। ਪਰ ਅਨਵਰ ਨੇ ਉਹਨੂੰ ਬਿਲਕੁਲ ਮੂੰਹ ਨਹੀਂ ਸੀ ਲਾਇਆ। ਮੈਨੂੰ ਉਸ ਕੁੜੀ ਨੇ ਆਪ ਦੱਸਿਆ ਸੀ। ਉਸ ਕੁੜੀ ਦੇ ਮੁਕਾਬਲੇ ਮੈਂ ਤਾਂ ਕੁੱਝ ਵੀ ਨਹੀਂ ਸੀ। ਮੇਰਾ ਤਾਂ ਸਾਰਾ ਰੂਪ ਢਲਿਆ ਪਿਆ ਸੀ। ਝੁਰੜੀਆਂ ਪੈਣ ਲੱਗ ਪਈਆਂ ਸਨ। ਚਿਹਰੇ ’ਤੇ ਪਹਿਲਾਂ ਵਾਲੀ ਚਮਕ-ਦਮਕ ਨਹੀਂ ਰਹੀ ਸੀ। ਫਿਕਰਾਂ ਨੇ ਜ਼ਿੰਦ ਖਾਹ ਲਈ ਸੀ। 
ਜਦੋਂ ਮੈਂ ਮੈਕਸ ਨੂੰ ਗਲੋਂ ਲਾਹ ਸਕਦੀ ਸੀ, ਮੈਂ ਤਾਂ ਉਹਨੂੰ ਉਦੋਂ ਨਹੀਂ ਸੀ ਤਿਆਗਿਆ ਬਾਅਦ ਵਿੱਚ ਤਾਂ ਛੱਡਣਾ ਹੀ ਕੀ ਸੀ? ਹੁਣ ਤਾਂ ਉਹਨੇ ਮੇਰਾ ਰੂਪ ਹੰਢਾ ਲਿਆ ਸੀ। ਧਨ ਸਾਰਾ ਕਲੁੰਜ ਲਿਆ ਸੀ। ਮੇਰੇ ਪੱਲੇ ਤਾਂ ਕੱਖ ਵੀ ਨਹੀਂ ਸੀ ਬਚਿਆ। ਮੈਂ ਦਿਵੂਸ਼ਕਾ (ਨੌਜਵਾਨ ਸੁੰਦਰੀ) ਤੋਂ ਬਬੂਸ਼ਕਾ (ਬਦਸੂਰਤ ਬੁੱਢੀ) ਬਣੀ ਪਈ ਸੀ। ਜਵਾਨੀ ਵਿੱਚ ਮੈਕਸ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੰਦੀ ਤਾਂ ਭਲਾਂ ਕੱਢ ਦਿੰਦੀ। ਉਸ ਸਮੇਂ ਤਾਂ ਇਹ ਕੰਮ ਕਰਨਾ ਬਹੁਤ ਔਖਾ ਸੀ ਤੇ ਉਹ ਵੀ ਉਮਰ ਦੇ ਏਸ ਪੜਾਅ ਵਿੱਚ ਜਾ ਕੇ। ਨਾਲੇ ਖਾਸੀ ਦੇਰ ਹੋ ਗਈ ਸੀ ਮੈਕਸ ਨਾਲ ਰਹਿੰਦਿਆਂ। ਜੇਕਰ ਦੋ ਘੜੀਆਂ ਕੋਈ ਪਾਲਤੂ ਜਾਨਵਰ ਵੀ ਪਾਲ ਲਈਏ ਤਾਂ ਉਹਦੇ ਨਾਲ ਵੀ ਮੋਹ ਪੈ ਜਾਂਦਾ ਹੈ।  ਮੈਕਸ ਤਾਂ ਫਿਰ ਵੀ ਇਨਸਾਨ ਸੀ। ਮੈਂ ਤਾਂ ਇੱਕ ਵਾਰੀ ਘਰ ਵਿੱਚ ਕੁੱਤਾ ਰੱਖਿਆ ਸੀ। ਛੇ ਕੁ ਮਹੀਨੇ ਬਾਅਦ ਉਹ ਬਿਮਾਰ ਹੋ ਕੇ ਮਰ ਗਿਆ। ਉਹਦੇ ਸੋਗ ਵਿੱਚ ਮੇਰੇ ਅੰਦਰ ਤਾਂ ਅੰਨ੍ਹ ਦੀ ਇੱਕ ਬੁਰਕੀ ਨਹੀਂ ਸੀ ਲੰਘੀ। ਕਈ ਦਿਨ ਵਿਰਾਗ ਵਿੱਚ ਮੈਂ ਰੋਂਦੀ ਰਹੀ ਸੀ। ਮੱਝ ਵੀ ਇੱਕੇ ਕਿੱਲੇ ਨਾਲ ਚਾਰ ਦਿਨ ਬੰਨ੍ਹੀ ਰਹੇ ਤਾਂ ਉਹ ਖੁਰਲੀ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਤੇ ਛੇਤੀ ਕਿਤੇ ਕਿੱਲਾ ਨਹੀਂ ਛੱਡਦੀ ਹੁੰਦੀ। ਸੰਗਲ ਛੱਡਿਆਂ ਵੀ ਭੱਜ ਕੇ ਉੱਥੇ ਹੀ ਜਾ ਕੇ ਖੜ੍ਹਦੀ ਹੈ।  ਮੈਕਸ ਨਾਲ ਤਾਂ ਮੈਂ ਪਿਛਲੇ ਬਾਰ੍ਹਾਂ ਸਾਲਾਂ ਤੋਂ ਰਹਿ ਰਹੀ ਸੀ। ਆਪਣੇ ਜੀਵਨ ਦਾ ਬੜਾ ਮਹੱਤਵਪੂਰਣ ਹਿੱਸਾ ਗੁਜਾਰਿਆ ਸੀ ਮੈਂ ਉਸ ਬੰਦੇ ਨਾਲ। ਇਸ ਲਈ ਮੈਕਸ ਨਾਲੋਂ ਨਾਤਾ ਤੋੜਨਾ ਮੇਰੇ ਲਈ ਬਹੁਤ ਮੁਸ਼ਕਲ ਸੀ। ਬਲਕਿ ਨਾਮੁਮਕਿਨ ਸੀ। ਹੰਸ ਸੁੱਕੇ ਸਰੋਵਰ ਛੱਡ ਕੇ ਪਾਣੀ ਵਾਲੇ ਕੋਲ ਚਲੇ ਜਾਦੇ ਹਨ। ਲੇਕਿਨ ਔਰਤ ਅਜਿਹਾ ਨਹੀਂ ਕਰਦੀ। ਜੀਹਦੇ ਲੜ੍ਹ ’ਕੇਰਾਂ ਲੱਗ ਜਾਵੇ, ਉਹਦੇ ਨਾਲ ਉਮਰਾਂ ਗਾਲ੍ਹ ਦਿੰਦੀ ਹੈ। ਮਨਮਾਂ-ਜਨਮਾਂਤਰਾਂ ਤੱਕ ਖਹਿੜਾ ਨਹੀਂ ਛੱਡਦੀ। 
ਮੇਰੀ ਇੱਕ ਵਾਕਫ ਕੁੜੀ ਸੀ। ਉਹ ਫੂਡ ਸਾਮਪਲਰ ਵਜੋਂ ਨੌਕਰੀ ਕਰਦੀ ਸੀ।  ਉਸਦਾ ਕੰਮ ਸਿਰਫ਼ ਭੋਜਨ ਪਦਾਰਥਾਂ ਨੂੰ ਚੱਖ ਕੇ ਦੱਸਣ ਦਾ ਸੀ ਕਿ ਕਿਹੜਾ ਸਵਾਦਿਸ਼ਟ ਹੈ ਤੇ ਕਿਹੜਾ ਨਹੀਂ। ਸਾਰਾ ਦਿਨ ਕੌੜੇ, ਕੁਸੈਲੇ ਅਤੇ ਬੇਸੁਆਦੇ ਭੋਜਨ ਚੱਖਣ ਬਾਅਦ ਜਦੋਂ ਉਹ ਆਪਣੇ ਪਸੰਦੀਦਾ ਅਤੇ ਸੁਆਦੀ ਖਾਣੇ ਤੱਕ ਪਹੁੰਚਦੀ ਸੀ ਤਾਂ ਉਹ ਪੂਰੀ ਤਰ੍ਹਾਂ ਰੱਜ ਚੁੱਕੀ ਹੁੰਦੀ ਸੀ। ਉਸਦੇ ਪੇਟ ਵਿੱਚ ਇੱਕ ਚਮਚਾ ਤੱਕ ਪਾਉਣ ਦੀ ਵੀ ਜਗ੍ਹਾ ਨਹੀਂ ਸੀ ਹੁੰਦੀ। ਸੋਈ ਹਾਲ ਮੇਰਾ ਸੀ। ਯੋਗ ਮਰਦ ਦੀ ਜੁਸਤਜੂ ਵਿੱਚ ਮਰਦਾਂ ਦੇ ਨਿਮੂਨੇ ਵਰਤਦੀ ਪਰਖਦੀ ਮੈਂ ਵੀ ਅੱਕ ਚੁੱਕੀ ਸੀ। ਕਿਸੇ ਹੋਰ ਨੂੰ ਅਜਮਾਉਣ ਦੀ ਤਾਕਤ ਨਹੀਂ ਰਹੀ ਸੀ ਮੇਰੇ ਵਿੱਚ। ਜਿਵੇਂ ਮਕੈਨਿਕ ਗੰਦੇ-ਸੜੇ ਹੋਣ ਦੇ ਬਾਵਜੂਦ ਵੀ ਉਵਰਆਲ ਪਹਿਨੀ ਰੱਖਦੇ ਹਨ। ਉਨ੍ਹਾਂ ਨੂੰ ਸਿੱਟ ਨਹੀਂ ਸਕਦੇ। ਕਿਉਂਕਿ ਮਕੈਨਿਕ ਨੂੰ ਪਤਾ ਹੁੰਦਾ ਹੈ ਕਿ ਜੇ ਉਹ ਉਵਰਆਲ ਨਹੀਂ ਪਹਿਨੇਗਾ ਤਾਂ ਤੇਲ ਜਾਂ ਗਰੀਸ ਆਦਿ ਨਾਲ ਉਸਦਾ ਤਨ ਜਾਂ ਪਹਿਨੇ ਹੋਏ ਹੇਠਲੇ ਕੱਪੜੇ ਲਿਬੜ ਜਾਣਗੇ। ਮਕੈਨਿਕਾਂ ਦੇ ਉਵਰਆਲ ਵਾਂਗ ਹੀ ਮੈਂ ਮੈਕਸ ਨਾਲ ਬੰਨ੍ਹੀ ਹੋਈ ਸੀ। ਉਸ ਤੋਂ ਖਹਿੜਾ ਨਹੀਂ ਸੀ ਛੁਡਾ ਸਕਦੀ। ਅਗਰ ਉਸ ਤੋਂ ਜੁਦਾ ਹੋ ਜਾਂਦੀ ਤਾਂ ਹੋਰ ਭੈੜੇ ਅਨਸਰ ਮੇਰੇ ਉੱਤੇ ਆਪਣੀ ਮੈਲੀ ਅੱਖ ਰੱਖ ਲੈਣੀ ਸੀ। ਮੈਨੂੰ ਖੇਹ-ਖਰਾਬ ਅਤੇ ਪਲੀਤ ਕਰਨੀ ਸੀ। ਮਰਦ ਔਰਤ ਦਾ ਵਸਤਰ ਹੁੰਦੈ ਜੋ ਉਹਨੂੰ ਸੁਰੱਖਿਅਤਾ ਪ੍ਰਦਾਨ ਕਰਦਾ ਹੈ।
ਅਨਵਰ ਕੋਲ ਇਸ ਮਾਮਲੇ ਬਾਰੇ ਜ਼ਿਕਰ ਛਿੜਦਿਆਂ ਹੀ ਮੈਂ ਬੋਲ ਪੈਂਦੀ, “ਹੁਣ ਤਾਂ ਇਹਦੇ ਪਾਪੀ ਦੇ ਬਰੋਬਰ ਹੀ ਕਬਰ ਬਣੂਗੀ ਮੇਰੀ। ਜਿੱਥੇ ਇਹਦੇ ਛਿੱਤਰ ਖਾਂਦੀ ਦੀ ਅਧਿਉਂ ਵਧੀਕ ਉਮਰ ਬੀਤ ਗਈ। ਉੱਥੇ ਬਾਕੀ ਨਿਕਲ ਜਾਊ। ਹੁਣ ਤਾਂ ਨਮਾਜ਼-ਏ-ਜਨਾਜ਼ਾ ਇਹੀ ਪੜ੍ਹਾਉ। ਐਨਾ ਸਬਰ ਰੱਖਿਆ ਹੈ ਹੁਣ ਤੱਕ। ਸਾਰੀ ਕੀਤੀ ਕੱਤਰੀ ਖੂਹ ਵਿੱਚ ਕਿਉਂ ਪਾਵਾਂ? ਇਹ ਹਰਾਮੀ ਤਾਂ ਅੱਗੇ ਹੀ ਬਹਾਨੇ ਭਾਲਦੈ। ਸਗੋਂ ਇਹ ਤਾਂ ਸੱਚਾ ਹੋ ਜਾਊ। ਕਹੂਗਾ, ਅੱਗੇ ਚੋਰੀ ਯਾਰ ਹੰਢਾਉਂਦੀ ਸੀ। ਹੁਣ ਜ਼ਾਹਰਾ ਪਰਨਾਉਣ ਲੱਗ ਗਈ। ਏਸ਼ੀਅਨ ਔਰਤਾਂ ਨੂੰ ਤਾਂ ਇਹ ਅੱਗੇ ਹੀ ਗਸ਼ਤੀਆਂ ਕਹਿੰਦਾ ਹੈ। ਮੈਂ ਕਿਉਂ ਉਂਗਲ ਚੁੱਕਣ ਦਾ ਮੌਕਾ ਦੇਵਾਂ?”
ਅਨਵਰ ਕੋਈ ਨਾ ਕੋਈ ਦਲੀਲ ਦਿੰਦਾ। ਮੈਂ ਉਹਦੀ ਇੱਕ ਨਹੀਂ ਸੀ ਸੁਣਦੀ। ਅਨਵਰ ਦਾ ਪ੍ਰਸਤਾਵ ਸਵਿਕਾਰਨ ਨੂੰ ਮੇਰਾ ਹੀ ਦਿਲ ਨਹੀਂ ਸੀ ਮੰਨਦਾ। ਮੈਂ ਹੀ ਉਹਨੂੰ ਹਮੇਸ਼ਾ ਹੱਥ ਬੰਨ੍ਹ ਆਉਂਦੀ ਸੀ, “ਨਾ ਭਰਾਵਾ-ਗੋਦੀ ਦੇ ਨੂੰ ਛੱਡ ਕੇ ਮੈਥੋਂ ਪੇਟ ਦਾ ਨਹੀਂ ਪਾਲ ਹੋਣਾ। -ਤੈਨੂੰ ਤਾਂ ਪਤਾ ਈ ਐ ਆਪਣੇ ਧਰਮ ਵਿੱਚ ਖਤਨਾ ਅਤੇ ਇੱਕ ਕਿਤਾਬ, ਮਕਸੂਦੁਲ ਮੋ ਮੇਨੀਨ (ਬਹਿਸ਼ਤ ਦੀ ਕੁੰਜੀ) ਰੱਖਣਾ ਫਰਜ਼ ਹੈ। ਇਹ ਪੁਸਤਕ ਆਮ ਤੌਰ ’ਤੇ ਤਾਂ ਮਾਵਾਂ ਆਪਣੀ ਧੀ ਨੂੰ ਦਹੇਜ਼ ਵਿੱਚ ਦੇ ਦਿੰਦੀਆਂ ਹਨ। ਨਹੀਂ ਮੁਸਲਮਾਨ ਮਰਦ ਸੁਹਾਗਰਾਤ ਨੂੰ ਆਪਣੀ ਪਤਨੀ ਨੂੰ ਇਹ ਤੋਹਫੇ ਵਜੋਂ ਭੇਂਟ ਕਰਦੇ ਹਨ। 450 ਪੰਨਿਆਂ ਦੀ ਇਸ ਮੁਕੱਦਸ ਕਿਤਾਬ ਦੇ ਪੰਨਾ ਨੰਬਰ 343 ਤੋਂ ਲੈ ਕੇ 356 ਤੱਕ ਇਸਲਾਮੀ ਔਰਤਾਂ ਲਈ 35 ਨਸੀਹਤਾਂ ਸੰਕਲਿਤ ਹਨ। ਉਨ੍ਹਾਂ ਵਿੱਚੋਂ ਬਾਰਵੀਂ ਨਸੀਹਤ ਵਿੱਚ ਲਿਖਿਆ ਹੈ ਕਿ ਆਪਣੇ ਮਰਦ ਦੇ ਗੁਨਾਹ ਅਤੇ ਕਮਜ਼ੋਰੀਆਂ ਨੂੰ ਛਪਾਉਣਾ ਅਤੇ ਉਸਦੇ ਸੁੱਖ ਵਿੱਚ ਸੁੱਖੀ ਔਰ ਦੁੱਖ ਵਿੱਚ ਦੁੱਖੀ ਰਹਿਣਾ। ਇਸ ਤੋਂ ਇਲਾਵਾਂ ਉਨੀਵੀਂ ਨਸੀਹਤ ਵਿੱਚ ਦਰਜ਼ ਹੈ ਕਿ ਪਤੀ ਤੋਂ ਕੁੱਟਮਾਰ ਖਾਹ ਕੇ ਵੀ ਨਿਮਰਤਾ ਧਾਰਨ ਕਰੀ ਰੱਖਣੀ ਅਤੇ ਉਸਦਾ ਸਾਥ ਨਾ ਛੱਡਣਾ।”
“ਅਨਵਰ ਮੇਰੀ ਅੰਮੀ ਕੋਲ ਇਹ ਮੁਕਸੂਦਲ ਮੋ ਮੇਨੀਨ ਹੁੰਦੀ ਸੀ ਤੇ ਉਸਨੇ ਮੈਨੂੰ ਇਹ ਬਚਪਨ ਵਿੱਚ ਹੀ ਪਹਾੜਿਆਂ ਵਾਂਗ ਰਟਾ ਦਿੱਤੀ ਸੀ। ਹੁਣ ਤੂੰ ਆਪ ਹੀ ਦੱਸ ਮੈਂ ਉਨ੍ਹਾਂ ਸਿੱਖਿਆਵਾਂ ਨੂੰ ਕਿਵੇਂ ਵਿਸਾਰ ਸਕਦੀ ਹਾਂ? ਚਾਣਕਿਯ ਕਹਿੰਦਾ ਹੈ, ‘ਚੰਦਨ ਕੱਟੇ ਜਾਣ ’ਤੇ ਖੁਸ਼ਬੂ, ਹਾਥੀ ਬੁੱਢਾ ਹੋਣ ’ਤੇ ਮਿੱਟੀ ’ਚ ਲਿਟਣਾ, ਗੰਨਾ ਘੁਲਾੜੀ ਵਿੱਚ ਪੀੜੇ ਜਾਣ ’ਤੇ ਮਿੱਠਤ ਤੇ ਖਾਨਦਾਨੀ ਆਦਮੀ ਦੁੱਖਾਂ ਅਤੇ ਸੁੱਖਾਂ ਵਿੱਚ ਵੀ ਆਪਣੇ ਗੁਣ ਨਹੀਂ ਛੱਡਦਾ। ਮੈਂ ਵੀ ਹੁਣ ਉਮਰ ਭਰ ਵਫਾ ਨਿਭਾਵਾਂਗੀ ਮੈਕਸ ਨਾਲ।”
ਅਨਵਰ ਅੱਗੋਂ ਚੁੱਪ ਹੋ ਜਾਂਦਾ ਸੀ। ਹੋਰ ਉਹ ਕਹਿੰਦਾ ਵੀ ਕੀ? 
ਅਨੋਖੇ ਹਮਰਾਹੀ ਸੀ ਅਸੀਂ। ਭਾਵੇਂ ਮੰਜ਼ਿਲ ਇੱਕ ਸੀ ਰਸਤਾ ਇੱਕੋ ਸੀ ਪਰ ਫਿਰ ਵੀ ਅਸੀਂ ਹੱਥਾਂ ’ਚ ਹੱਥ ਪਾ ਕੇ ਨਹੀਂ ਸੀ ਚੱਲ ਸਕਦੇ।
ਮੇਰੀ ਹਾਲਤ ਕੜੱਕੀ ਵਿੱਚ ਫਸੇ ਉਸ ਚੂਹੇ ਵਰਗੀ ਸੀ, ਜਿਹੜਾ ਰੋਟੀ ਖਾਣ ਦੇ ਲਾਲਚ ਨਾਲ ਆਇਆ ਫਸ ਕੇ ਪੂਛ ਵਢਾ ਬੈਠਦਾ ਹੈ ਤੇ ਸਿਰਫ਼ ਪਿੰਜਰੇ ਵਿੱਚ ਦੌੜਨ ਜੋਗਾ ਹੀ ਰਹਿ ਜਾਂਦਾ ਹੈ। ਉਸ ਲਈ ਕੋਈ ਵੀ ਰਿਹਾਈ ਦਾ ਰਸਤਾ ਨਹੀਂ ਹੁੰਦਾ। ਹਰ ਤਰਫ ਨੋ ਵੇਅ ਆਊਟ ਹੀ ਹੁੰਦਾ ਹੈ। ਭੁੱਖ ਨਾਲ ਮਰਨ ਉਪਰੰਤ ਹੀ ਉਸ ਚੂਹੇ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਸੁੱਟਿਆ ਜਾਂਦਾ ਹੈ। ਮੈਂ ਜਾਣਦੀ ਸੀ ਇੱਕ ਦਿਨ ਮੇਰਾ ਵੀ ਇਹੀ ਹਸ਼ਰ ਹੋਵੇਗਾ। ਚੂਹੇ ਨਾਲ ਤਾ ਅਜੇ ਫਿਰ ਘੱਟ ਹੁੰਦੀ ਹੈ। ਮੇਰੀ ਤਾਂ ਉਦੂੰ ਵੀ ਬਦਤਰ, ਨਾ ਜਾਏ ਰਫਤਨ, ਨਾ ਪਾਏ ਮਾਦਾਂ ਵਾਲੀ ਹਾਲਤ ਸੀ। ਨਾ ਨਿਕਲਣ ਲਈ ਕੋਈ ਰਾਹ ਸੀ ਅਤੇ ਨਾ ਹੀ ਪੈਰ ਧਰਨ ਲਈ ਕੋਈ ਥਾਂ ਸੀ। ਦਰਅਸਲ ਮੈਕਸ ਨਾਲ ਰਹਿ ਕੇ ਮੈਂ ਆਪਣੇ ਆਪਨੂੰ ਸਜ਼ਾ ਦੇ ਰਹੀ ਸੀ। ਸੁਣਿਆ ਸੀ ਪਸ਼ਚਾਤਾਪ ਕਰਨ ਨਾਲ ਪਾਪ ਦਾ ਪ੍ਰਕੋਪ ਘੱਟ ਜਾਂਦਾ ਹੈ। ਮੈਨੂੰ ਆਪਣੇ ਪਾਪਾਂ ਦਾ ਪਰਾਸਚਿਤ ਕਰਨ ਦਾ ਇਹੀ ਇੱਕੋ-ਇੱਕ ਢੰਗ  ਲੱਭਿਆ ਹੋਇਆ ਸੀ। ਆਪਣੇ ਆਪ ਨੂੰ ਜ਼ਿਹਨੀ ਅਤੇ ਮਾਨਸਿਕ ਤੌਰ ’ਤੇ ਟੌਰਚਰ ਕਰਨ ਦਾ। ਬੋਝਲ ਜਿਹੀ ਇਹ ਜ਼ਿੰਦਗੀ ਜਿਉਂ ਕੇ ਜਦੋਂ ਮੈਂ ਖੁਦ ਹੀ ਆਪਣੇ ਆਪ ਉੱਤੇ ਤਸ਼ੱਦਦ ਢਾਹੁੰਦੀ ਸੀ ਤਾਂ ਉਸ ਵਿੱਚੋਂ ਮੈਨੂੰ ਅਜੀਬ ਜਿਹਾ ਸਕੂਨ ਹਾਸਲ ਹੁੰਦਾ ਹੈ।  ਤਿਲ-ਤਿਲ ਮਰਨ ਵਰਗੀ ਇਸ ਜ਼ਿੰਦਗੀ ਵਿੱਚੋਂ ਵੀ ਸਵਾਦ ਜਿਹਾ ਆਉਣ ਲੱਗ ਪਿਆ ਸੀ ਮੈਨੂੰ।

No comments:

Post a Comment