ਮੈਕਸ ਆਪ ਭਾਵੇਂ ਸਾਰੀ ਦਿਹਾੜੀ ਪੱਬ ਵਿੱਚ ਰਹਿੰਦਾ ਸੀ ਤੇ ਇੱਕ ਮਿੰਟ ਵੀ ਘਰੇ ਨਹੀਂ ਸੀ ਵੜਦਾ। ਪਰ ਉਹਨੇ ਮੇਰੇ ਬਾਹਰ ਜਾਣ ’ਤੇ ਪੂਰੀ ਪਾਬੰਦੀ ਲਾ ਦਿੱਤੀ ਸੀ। ਮੈਨੂੰ ਸਿਰਫ਼ ਘਰੇ ਰਹਿ ਕੇ ਦਾਰੂ ਪੀਣ ਦੀ ਇਜਾਜ਼ਤ ਸੀ। ਇਹ ਆਪਣਾ ਹੱਕ ਵੀ ਮੈਂ ਅੜ ਕੇ ਮੈਕਸ ਨੂੰ ਖੋਹਣ ਨਹੀਂ ਸੀ ਦਿੱਤਾ। ਵਰਨਾ ਮੈਕਸ ਕਿੱਥੇ ਘੱਟ ਗੁਜ਼ਾਰਨ ਵਾਲਾ ਸੀ? ਉਹ ਤਾਂ ਮੇਰੇ ਮਰਜ਼ੀ ਨਾਲ ਸਾਹ ਲੈਣ ’ਤੇ ਵੀ ਰੋਕ ਲਾਉਣ ਤੱਕ ਜਾਂਦਾ ਸੀ। ਇਸ ਮਰਦਾਨਾ ਸੰਸਾਰ ਵਿੱਚ ਸਦੀਵ ਔਰਤ ਨੂੰ ਹੀ ਝੁੱਕਣਾ ਪੈਂਦਾ ਹੈ। ਮੈਂ ਵੀ ਸਮਝੌਤਾ ਕਰ ਲਿਆ ਸੀ ਕਿ ਚਲੋ ਪੱਬ ’ਚ ਨਾ ਸਹੀ ਘਰੇ ਬੈਠ ਕੇ ਪੀ ਲਿਆ ਕਰੂੰ। ਵੈਸੇ ਵੀ ਮੈਨੂੰ ਭੀੜ-ਭੜੱਕਾ ਚੰਗਾ ਨਹੀਂ ਲੱਗਦਾ। ਮੈਨੂੰ ਇਕੱਲੀ ਰਹਿਣਾ ਜ਼ਿਆਦਾ ਭਾਉਂਦਾ ਹੈ। ਤਨਹਾਈ ਪਸੰਦ ਇਨਸਾਨ ਹਾਂ ਮੈਂ। ਭੀੜ ਵਿੱਚ ਤੁਸੀਂ ਗੁਆਚ ਕੇ ਰਹਿ ਜਾਂਦੇ ਹੋ। ਨਾ ਤੇਜ਼ ਤੁਰ ਸਕਦੇ ਹੋ ਤੇ ਨਾ ਹੀ ਹੌਲੀ। ਤੁਹਾਨੂੰ ਲੋਕਾਂ ਦੀ ਰਫ਼ਤਾਰ ਨਾਲ ਮਿਲ ਕੇ ਚੱਲਣਾ ਪੈਂਦਾ ਹੈ। ਦੁਨੀਆ ਦੇ ਕਦਮਾਂ ਨਾਲ ਕਦਮ ਮਿਲਾ ਕੇ। ਆਪਣੀ ਮਨਮਰਜ਼ੀ ਦੀ ਗਤੀ ਨਾਲ ਤੁਸੀਂ ਸਿਰਫ਼, ਸਭ ਤੋਂ ਅੱਡ ਅਤੇ ਇਕੱਲੇ ਹੋ ਕੇ ਹੀ ਚੱਲ ਸਕਦੇ ਹੋ। ਇੱਕਲਤਾ ਦੇ ਬਹੁਤ ਫ਼ਾਇਦੇ ਹੁੰਦੇ ਹਨ। ਤਨਹਾਈ ਵਿੱਚ ਤੁਸੀਂ ਆਪਣੇ ਆਪਨੂੰ ਜਾਣਦੇ ਹੋ। ਆਪਣਿਆਂ ਨੂੰ ਯਾਦ ਕਰਦੇ ਹੋ। ਹਜੂੰਮ ਵਿੱਚ ਤਾਂ ਬਸ ਗੈਰਾਂ ਨੂੰ ਹੀ ਦੇਖਦੇ ਰਹਿੰਦੇ ਹੋ। ਬਿਗਾਨਿਆਂ ਵਿੱਚ ਹੀ ਘਿਰੇ ਰਹਿੰਦੇ ਹੋ। ਜਿਵੇਂ ਵਸਤਰ ਉਤਾਰੇ ਤੋਂ ਸ਼ਰੀਰ ਨਜ਼ਰ ਆਉਂਣ ਲੱਗ ਜਾਂਦਾ ਹੈ। ਇਉਂ ਹੀ ਤਨਹਾਈ ਵਿੱਚ ਅੰਤਰ ਧਿਆਨ ਹੋਇਆਂ ਸਾਨੂੰ ਆਪਣਾ ਮਨ ਨਜ਼ਰ ਆਉਣ ਲੱਗ ਜਾਂਦਾ ਹੈ। ਤਨਹਾਈ ਵਿੱਚ ਆ ਕੇ ਸਾਡਾ ਕੁੱਝ ਵੀ ਢੱਕਿਆ ਨਹੀਂ ਰਹਿੰਦਾ। ਅਸੀਂ ਬਿਲਕੁਲ ਨੰਗੇ ਹੋ ਜਾਂਦੇ ਹਾਂ, ਸਮੁੰਦਰ ਦੇ ਕੰਢੇ ਖੇਡਦੇ ਬੱਚਿਆਂ ਵਾਂਗ। ਜਦੋਂ ਸਵੈ ਨੂੰ ਖੋਜਣਾ ਹੋਵੇ, ਆਪਣੀ ਅੰਤਰ
ਆਤਮਾ ਨਾਲ ਸੰਵਾਦ ਰਚਾਉਣਾ ਹੋਵੇ, ਤਦ ਇਕੱਲੇ ਹੋਣਾ ਹੀ ਪੈਂਦਾ ਹੈ। ਸੱਚ ਪੁੱਛੋ ਤਾਂ ਮੈਨੂੰ ਇਕੱਲੇ ਰਹਿਣ ਦੀ ਆਦਤ ਪੈ ਗਈ ਸੀ। ਇਵੇਂ ਹੀ ਚੰਗਾ ਲੱਗਦਾ ਸੀ। ਕਿਸੇ ਦੇ ਸਾਥ ਵਿੱਚ ਜਾਂ ਹਜੂਮ ਵਿੱਚ ਜਾ ਕੇ ਦਿਲ ਘਬਰਾਉਣ ਲੱਗ ਜਾਂਦਾ ਸੀ। ਬਸ ਹਰ ਵਕਤ ਆਪਣੇ ਆਪ ਵਿੱਚ ਹੀ ਗੁਆਚੀ ਰਹਿੰਦੀ ਸੀ। ਮੈਕਸ ਹਮੇਸ਼ਾ ਰਾਤ ਨੂੰ ਦੇਰ ਨਾਲ ਆਉਂਦਾ ਸੀ। ਮੈਂ ਉਡੀਕਦੀ ਰਹਿੰਦੀ ਸੀ ਤਾਂ ਕਿ ਆਏ ਨੂੰ ਗਰਮਾਂ-ਗਰਮ ਖਾਣਾ ਦੇਵਾਂ। ਇੰਝ ਹੀ ਮੇਰੀ ਮਾਂ ਆਪਣੇ ਆਦਮੀ (ਮੇਰੇ ਪਿਤਾ) ਨੂੰ ਉਡੀਕਦੀ ਹੁੰਦੀ ਸੀ। ਫ਼ਰਕ ਐਨਾ ਸੀ ਕਿ ਮੇਰੇ ਅੱਬਾ ਕਮਾਉਣ ਗਏ ਹੁੰਦੇ ਸਨ ਤੇ ਮੈਕਸ ਗਵਾਉਣ ਗਿਆ ਹੁੰਦਾ ਸੀ। ਇਹ ਮੇਰੀ ਦੋਜ਼ਖਾਂ ਨਾਲ ਲਿਆਂਦੀ ਹੋਈ ਸਾਰੀ ਕਮਾਈ ਰੋੜ ਆਉਂਦਾ ਸੀ। ਜੇ ਨਹੀਂ ਦਿੰਦੀ ਸੀ ਤਾਂ ਲੜ ਕੇ ਕੁੱਟ ਮਾਰ ਕਰਦਾ ਸੀ ਤੇ ਜ਼ਬਰਦਸਤੀ ਸਾਰੀ ਪੂੰਜੀ ਖੋਹ ਕੇ ਲੈ ਜਾਂਦਾ ਸੀ।
ਇੱਕ ਵਾਰ ਦਾ ਵਾਕਿਆ ਸੁਣਾਉਂਦੀ ਹਾਂ, ਮੈਕਸ ਮੈਥੋਂ ਪੌਂਡ ਮੰਗੇ। ਮੈਂ ਉਹਨੂੰ ਕੁੱਝ ਨਾ ਦਿੱਤਾ। ਬਹਾਨਾ ਲਾ ਦਿੱਤਾ ਕਿ ਮੈਨੂੰ ਅਜੇ ਤਨਖਾਹ ਨਹੀਂ ਮਿਲੀ। ਜਾਣਦੇ ਹੋ, ਉਹਨੇ ਹਰਾਮੀ ਨੇ ਕੀ ਕੀਤਾ? -ਮੇਰਾ ਮਿਹਨਤ ਦੇ ਧਨ ਨਾਲ ਖਰੀਦਿਆ ਚੀਨੀ ਦਾ ਟੀ ਸੈੱਟ ਚੋਰੀ ਕਰਕੇ ਲੈ ਗਿਆ। ਬੜਾ ਮਹਿੰਗਾ ਆਇਆ ਸੀ ਤੇ ਮੈਨੂੰ ਪਤਾ ਸੀ ਉਹਨੇ ਕੌਡੀਆਂ ਦੇ ਭਾਅ ਵੇਚ ਦੇਣਾ ਸੀ। ਫਿਰ ਉੱਤੋਂ ਦੀ ਵੱਡੇ ਚਲਾਕ ਨੇ ਮੈਨੂੰ ਆਪਣੀ ਕਰਤੂਤ ਦਾ ਮੁਸ਼ਕ ਤੱਕ ਨਹੀਂ ਸੀ ਆਉਣ ਦੇਣਾ। ਇਹ ਤਾਂ ਸੰਜੋਗਵਸ ਉਦਣ ਦਾਰੂ ਪੀਣ ਲਈ ਗਿਲਾਸ ਚੁੱਕਣ ਲੱਗੀ ਤਾਂ ਅਲਮਾਰੀ ਖਾਲੀ ਪਈ ਸੀ। ਇੱਕ-ਇੱਕ ਕਰਕੇ ਉਹਨੇ ਪਹਿਲਾਂ ਵੀ ਕਈ ਚੀਜ਼ਾਂ ਇੰਝ ਹੀ ਵੇਚ ਦਿੱਤੀਆਂ ਸਨ। ਉਹ ਟੀ ਸੈੱਟ ਤਾਂ ਮੈਕਸ ਸ਼ਰਤੀਆ ਉਦਣ ਹੀ ਲੈ ਕੇ ਗਿਆ ਸੀ ਕਿਉਂਕਿ ਦੁਪਹਿਰ ਨੂੰ ਤਾਂ ਮੈਂ ਮੈਕਸ ਨੂੰ ਉਹ ਸਾਫ਼ ਕਰਦਿਆਂ ਦੇਖਿਆ ਸੀ। ਮੈਂ ਸੋਚਿਆ ਸੀ ਸ਼ਾਇਦ ਸਫ਼ਾਈ ਕਰ ਰਿਹਾ ਸੀ। ਪਰ ਮੈਨੂੰ ਕੀ ਖ਼ਬਰ ਸੀ ਉਹਦੀਆਂ ਯੋਜਨਾਵਾਂ ਦੀ। ਉਂਝ ਹੈਰਾਨੀ ਤਾਂ ਮੈਨੂੰ ਹੋਈ ਸੀ ਕਿਉਂਕਿ ਉਹਨੇ ਅੱਗੇ ਤਾਂ ਕਦੇ ਸਫ਼ਾਈ ਕਰੀ ਨਹੀਂ ਸੀ।
ਮੈਕਸ ਨੂੰ ਬਾਹਰ ਗਿਆਂ ਤਿੰਨ ਚਾਰ ਘੰਟੇ ਬੀਤ ਗਏ ਸਨ।
ਇਹ ਮੈਕਸ ਦਾ ਬੱਚਾ ਸਮਝਦਾ ਕੀ ਹੈ ਆਪਣੇ ਆਪਨੂੰ? ਹੁਣ ਆਵੇ ਸਹੀ ਮੈਂ ਘਰੇ ਨਹੀਂ ਵੜਨ ਦੇਣਾ। ਅਜੇ ਮੈਂ ਅਜਿਹਾ ਕੁੱਝ ਸੋਚ ਹੀ ਰਹੀ ਸੀ ਕਿ ਮੈਕਸ ਜਦੇ ਹੀ ਅੰਦਰ ਆ ਵੜਿਆ ਸੀ। ਉਹਦੇ ਹੱਥ ਵਿੱਚ ਫੜੇ ਲਿਫਾਫੇ ਵਿੱਚ ਉਹੀ ਟੀ ਸੈੱਟ ਸੀ। ਮੈਂ ਤਾਂ ਮੈਕਸ ਨੂੰ ਸੂਈ ਕੁੱਤੀ ਵਾਂਗੂੰ ਪੈ ਨਿਕਲੀ ਸੀ, “ਖ਼ਬਰਦਾਰ ਜੇ ਇਹ ਵੇਚਿਐ ਤਾਂ… ਫੜਾ ਉਰੇ ਕਾਸ ਨੂੰ ਲੈ ਕੇ ਗਿਆ ਸੀ?”
“ਇਹਦੇ ਵੇਚਣ ਦੀ ਲੋੜ ਹੀ ਨਹੀਂ ਪੈਣੀ। ਜਿਉਂਦਾ ਰਹੇ ਮੇਰਾ ਬਾਈ।” ਮੈਕਸ ਦਾਰੂ ਨਾਲ ਰੱਜਿਆ ਪਿਆ ਸੀ।
“ਕਿਹੜੈ ਤੇਰਾ ਬਾਈ?” ਮੈਂ ਆਪਣਾ ਟੀ ਸੈਂੱਟ ਮੈਕਸ ਦੇ ਹੱਥੋਂ ਖੋਹਦੀ ਨੇ ਪੁੱਛਿਆ ਸੀ।
ਪਿਛਾਂਹ ਮੁੜ ਕੇ ਦੇਖਦੇ ਹੋਏ ਮੈਕਸ ਨੇ ਆਵਾਜ਼ ਲਗਾਈ ਸੀ, “ਓ ਆਜਾ, ਭੈਣ ਮਰੌਣਿਆ ਬਾਹਰ ਕਿਉਂ ਖੜ੍ਹ ਗਿਐਂ?”
ਇੱਕ ਲਿਬੜਿਆ-ਤਿਬੜਿਆ ਬੰਦਾ ਅੰਦਰ ਆ ਵੜਿਆ ਸੀ। ਮੈਕਸ ਕਿਸੇ ਸ਼ਰਾਬੀ ਨੂੰ ਪੱਬ ਵਿੱਚੋਂ ਆਪਣੇ ਨਾਲ ਹੀ ਘਰ ਲੈ ਆਇਆ ਸੀ। ਮੇਰੇ ਨਾਲ ਉਹਦਾ ਤਾਰੁਫ ਕਰਵਾਉਂਦਾ ਹੋਇਆ ਕਹਿੰਦਾ, “ਮੇਰਾ ਦੋਸਤ ਆ, ਖੁਸ਼ ਕਰ ਇਹਨੂੰ।”
ਮੈਂ ਡੇਲੇ ਕੱਢ ਕੇ ਝਾਕੀ ਸੀ ਤਾਂ ਗੱਲ ਬਦਲ ਕੇ ਕਹਿਣ ਲੱਗਾ, “ਚਿੰਕਨ ਕਰੀ ਬਣਾ ਦੇਹ ਇਹਦੇ ਵਾਸਤੇ। ਥੋਡੇ ਦੇਸੀ ਖਾਣੇ ਦਾ ਸ਼ੌਕੀਨ ਆ।”
ਕਰੀ ਤਾਂ ਇੰਝ ਆਖ ਦਿੱਤਾ ਸੀ ਜਿਵੇਂ ਕਰੀ ਤੋਂ ਸਿਵਾਏ ਅਸੀਂ ਕੁੱਝ ਹੋਰ ਖਾਂਦੇ ਹੀ ਨਹੀਂ ਹੁੰਦੇ ਜਾਂ ਹੋਰ ਕੋਈ ਸਾਡਾ ਖਾਣਾ ਨਾ ਹੁੰਦਾ ਹੋਵੇ। ਸਾਡੇ ਏਸ਼ੀਅਨ ਲੋਕਾਂ ਦੇ ਖਾਣਿਆਂ ਬਾਰੇ ਇਹਨਾਂ ਅੰਗਰੇਜ਼ ਲੋਕਾਂ ਦੀ ਜਾਣਕਾਰੀ ਸਿਰਫ਼ ਕਰੀ ਚਪਾਤੀ ਤੱਕ ਹੀ ਸੀਮਿਤ ਹੈ। ਮੈਂ ਮੈਕਸ ਨੂੰ ਤਰੀ ਵਾਲਾ ਮੀਟ ਬਣਾਉਣ ਲਈ ਹਾਮੀ ਭਰ ਦਿੱਤੀ ਸੀ।
ਸ਼ਰਾਬੀ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਦਾ ਹੋਇਆ ਬੋਲਿਆ ਸੀ, “ਇੰਡੀਅਨ ਕੁੜੀਆਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ।”
“ਇੰਡੀਅਨ ਨਹੀਂ। ਇਹ ਤਾਂ ਪਾਕਿਸਤਾਨੀ ਐ, ਭਾਊ।” ਮੈਕਸ ਨੇ ਉਸਨੂੰ ਦੱਸਿਆ ਸੀ।
“ਅੱਛਾ, ਪਾਕੀ ਐ ਇਹ? -ਆਹੋ ਆਹੋ ਮੇਰਾ ਮਤਲਬ ਉਹੀ ਤੀ, ਏਸ਼ੀਅਨ ਕੁੜੀਆਂ। -ਬਈ ਮੈਨੂੰ ਇੰਡੀਅਨ ਅਤੇ ਪਾਕਿਸਤਾਨਣਾਂ ਵਿਚਲਾ ਫ਼ਰਕ ਨਹੀਂ ਪਤਾ ਚੱਲਦਾ। ਸਭ ਇਕੋ ਜਿਹੀਆਂ ਹੀ ਲੱਗਦੀਆਂ ਨੇ। -ਕੀ ਫ਼ਰਕ ਹੁੰਦੈ ਜੀ?” ਸ਼ਰਾਬੀ ਨੇ ਮੈਥੋਂ ਜਾਣਕਾਰੀ ਮੰਗੀ ਸੀ।
“ਇੰਡੀਅਨ ਅਤੇ ਪਾਕਿਸਤਾਨੀਆਂ ਵਿਚਾਲੇ ਫ਼ਰਕ? -ਕਹਿਣ ਨੂੰ ਤਾਂ ਅੰਤਰ ਕੋਈ ਵੀ ਨਹੀਂ ਹੈ। ਉਂਝ ਦੇਖਿਆ ਜਾਵੇ ਤਾਂ ਵਖਰੇਵੇਂ ਹਨ ਵੀ ਬਹੁਤ।” ਮੈਨੂੰ ਇਉਂ ਲੱਗਿਆ ਸੀ ਜਿਵੇਂ ਪੁਰਾਣਾ ਕੋਈ ਦਰਦ ਫਰੋਲਿਆ ਗਿਆ ਹੋਵੇ।
“ਫੇਰ ਵੀ ਪਛਾਨਣ ਲਈ ਕੋਈ ਨਾ ਕੋਈ ਅੰਤਰ ਤਾਂ ਹੋਊ ਹੀ?”
“ਫ਼ਰਕ ਬਾਰੇ ਤੁਹਾਨੂੰ ਤਾਂ ਪਤਾ ਹੋਣਾ ਚਾਹੀਦੈ। ਤੁਹਾਡੇ ਫਰੰਗੀਆਂ ਦਾ ਹੀ ਤਾਂ ਪਾੜ ਪਾਇਆ ਹੋਇਐ।”
“ਉਹ ਕਿਮੇਂ?”
ਸ਼ਰਾਬੀ ਨੂੰ ਮੇਰੀ ਸਮਝ ਨਹੀਂ ਸੀ ਆਈ। ਜ਼ਾਹਰ ਸੀ ਕਿ 1947 ਦੀ ਭਾਰਤ-ਪਾਕਿ ਵੰਡ ਦੇ ਸਾਕੇ ਬਾਰੇ ਉਹ ਸ਼ਰਾਬੀ ਕੁੱਝ ਨਹੀਂ ਸੀ ਜਾਣਦਾ। ਮੈਂ ਉਸ ਸ਼ਰਾਬੀ ਦਾ ਮੂੰਹ ਬੰਦ ਕਰਾਉਣ ਲਈ ਆਖਿਆ ਸੀ, “ਇਹ ਫ਼ਰਕ ਵਾਲੀ ਗੱਲ ਦੀ ਤੁਹਾਨੂੰ ਸਮਝ ਨਹੀਂ ਆਉਣੀ ਅਤੇ ਨਾ ਹੀ ਤੁਹਾਡੇ ਲਈ ਜਾਨਣੀ ਜ਼ਰੂਰੀ ਹੈ।”
ਮੈਂ ਉੱਥੋਂ ਉੱਠ ਕੇ ਰਸੋਈ ਵੱਲ ਆ ਗਈ ਸੀ। ਮੈਕਸ ਅਤੇ ਉਹ, ਦੋਹੇਂ ਜਣੇ ਕਿੰਨਾ ਚਿਰ ਦਾਰੂ ਪੀਂਦੇ ਰਹੇ ਸੀ। ਮੈਂ ਮੀਟ ਬਣਾ ਕੇ ਲੈ ਗਈ ਤਾਂ ਮਾਸ ਦੇ ਵਿੱਚ ਦੀ ਗੱਲ ਕੱਢ ਕੇ ਉਸ ਸ਼ਰਾਬੀ ਨੇ ਮੈਨੂੰ ਸੁਣਾਈ ਸੀ, “ਆਹ… ਹਾਹਾ! ਤੇਰਾ ਗੋਸ਼ਤ ਬੜਾ ਵਧੀਐ। ਦੇਖ ਕੇ ਈ ਨਜ਼ਾਰਾ ਆ ਗਿਐ। ਮੂੰਹ ’ਚ ਪਾਏ ’ਤੇ ਤਾਂ ਪਤਾ ਨਹੀਂ ਕੀ ਹੋਊ?”
ਮੈਂ ਸ਼ਰਾਬੀ ਦੀਆਂ ਅੱਖਾਂ ਵਿੱਚ ਝਾਕੀ ਸੀ। ਉਹ ਮੇਰੀ ਛਾਤੀ ’ਤੇ ਨਿਗਾਹ ਗੱਡੀ ਆਪਣੇ ਬੁੱਲ੍ਹਾਂ ਉੱਪਰ ਜੀਭ ਫੇਰੀ ਜਾ ਰਿਹਾ ਸੀ। ਮੈਂ ਉਸਦੀਆਂ ਨਜ਼ਰਾਂ ਨੂੰ ਉਸਦੀਆਂ ਅੱਖਾਂ ਤੋਂ ਟਰੇਸ ਕਰਦੀ ਹੋਈ ਕੇਂਦਰਬਿੰਦੂ ਤੱਕ ਪੁੱਜੀ ਤਾਂ ਮੈਂ ਦੇਖਿਆ ਮੇਰੇ ਬਲਾਊਜ਼ ਦੇ ਗਲਮੇ ਵਾਲਾ ਉਪਰਲਾ ਬਟਨ ਖੁੱਲ੍ਹਿਆ ਹੋਇਆ ਸੀ, ਜਿਸ ਕਾਰਨ ਮੇਰੇ ਸਤਨਾਂ ਵਿਚਾਲੇ ਬਣਦੀ ਲਕੀਰ ਜਿਹੀ ਦਿਖਾਈ ਦੇ ਰਹੀ ਸੀ। ਮੈਂ ਸਮਝ ਗਈ ਸੀ ਕਿ ਮੀਟ ਦਾ ਡੌਂਗਾ ਮੇਜ਼ ’ਤੇ ਰੱਖਣ ਲੱਗੀ ਜਦੋਂ ਮੈਂ ਉਸ ਸ਼ਰਾਬੀ ਮੂਹਰੇ ਝੁਕੀ ਸੀ ਤਾਂ ਅਵੱਸ਼ ਹੀ ਉਹਨੇ ਮੇਰੇ ਗਲਮੇ ਅੰਦਰ ਦੇਖਿਆ ਹੋਵੇਗਾ। ਮੈਂ ਸ਼ਰਮਾ ਹੋ ਕੇ ਆਪਣਾ ਬਟਨ ਬੰਦ ਕਰ ਲਿੱਤਾ ਸੀ। ਸਮਝ ਮੈਕਸ ਵੀ ਸਾਰਾ ਕੁੱਝ ਗਿਆ ਸੀ। ਪਰ ਜਾਣ-ਬੁੱਝ ਕੇ ਮਚਲਾ ਬਣਿਆ ਹੋਇਆ ਦੰਦੀਆਂ ਕੱਢੀ ਜਾ ਰਿਹਾ ਸੀ। ਜੇ ਅੰਗਰੇਜ਼ ਮੈਕਸ ਦੀ ਜਗ੍ਹਾ ਕੋਈ ਏਸ਼ੀਅਨ ਹੁੰਦਾ ਤਾਂ ਉਸ ਬਦਤਮੀਜ਼ ਸ਼ਰਾਬੀ ਦੀ ਘੰਡੀ ਮਰੋੜ ਦਿੰਦਾ। ਹੁੰਦਾ ਕੌਣ ਸੀ ਉਹ ਮੇਰੇ ਨੰਗੇ ਸਤਨ ਦੇਖਣ ਵਾਲਾ?
ਮੈਨੂੰ ਵੀ ਮੈਕਸ ਨੇ ਆਪਣੇ ਨਾਲ ਪੀਣ ਬੈਠਾ ਲਿਆ ਸੀ। ਸਾਡੇ ਘਰ ਇੱਕ ਹੀ ਸੋਫਾ ਹੈ। ਬੈਠਣ ਲਈ ਕੋਈ ਹੋਰ ਥਾਂ ਨਹੀਂ ਸੀ। ਮਜਬੂਰਨ ਮੈਨੂੰ ਮੈਕਸ ਅਤੇ ਉਸ ਸ਼ਰਾਬੀ ਦੇ ਵਿਚਾਲੇ ਬੈਠਣਾ ਪਿਆ ਸੀ। ਸ਼ਰਾਬੀ ਨੇ ਮੇਰੇ ਲਈ ਮੋਟਾ ਸਾਰਾ ਪੈੱਗ ਬਣਾ ਕੇ ਪਾਣੀ ਵਾਲਾ ਜੱਗ ਚੁੱਕਦਿਆਂ ਮੈਨੂੰ ਪੁੱਛਿਆ ਸੀ, “ਮੈਂ ਵਿੱਚ ਪਾ ’ਦਾਂ ਕਿ ਆਪੇ ਫੜ ਕੇ ਪਾਵੇਂਗੀ?
ਮੈਂ ਕੁੱਝ ਨਹੀਂ ਬੋਲੀ ਸੀ। ਉਹ ਦੁਬਾਰਾ ਪੁੱਛਣ ਲੱਗਾ ਸੀ, “ਸ਼ਰਾਬ ’ਚ ਪਾਣੀ ਪਾ ਦੇਵਾਂ ਕਿ ਆਪੇ ਆਪਣੀ ਲੋੜ ਅਨੁਸਾਰ ਪਾਵੇਂਗੀ?”
“ਜੀ ਕੁੱਝ ਨਹੀਂ ਪਾਉਣਾ। ਮੈਂ ਸੁੱਕੀ ਹੀ ਪੀਂਦੀ ਹੁੰਦੀ ਹਾਂ।” ਮੈਂ ਸ਼ਰਾਬੀ ਵੱਲ ਦੇਖ ਕੇ ਮੁਸਕਰਾਈ ਸੀ। ਪਹਿਲਾਂ ਜਦੋਂ ਉਸਨੇ ਪੁੱਛਿਆ ਸੀ ਤਾਂ ਮੈਂ ਉਸਦੀ ਗੱਲ ਦਾ ਗਲਤ ਅਰਥ ਹੀ ਲੈ ਗਈ ਸੀ।
ਮੈਂ ਆਪਣਾ ਗਿਲਾਸ ਚੁੱਕ ਕੇ ਘੁੱਟ ਭਰ ਲਈ ਸੀ। ਸ਼ਰਾਬੀ ਆਪਣਾ ਪੈੱਗ ਚੁੱਕਦਾ ਹੋਇਆ ਬੋਲਿਆ ਸੀ, “ਹੋਰ ਬਈ ਮੈਕਸ? ਉਹ ਰਸਾਲਾ ਐ ਨਾ ਜੀਹਦੇ ’ਚ ਏਸ਼ੀਅਨ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਛਪਦੀਆਂ ਹੁੰਦੀਆਂ। ਕੀ ਭਲਾ ਜਿਹਾ ਨਾਂ ਐ ਉਹਦਾ?”
“ਏਸ਼ੀਅਨ ਬੇਬਸ।” ਮੈਕਸ ਦੇ ਦੱਸਿਆ ਸੀ।
“ਆਹੋ-ਆਹੋ, ਉਹੀ। ਲਿਆਂਦੈ ਕਦੇ?”
“ਨਾ ਉਹ ਭਾਈ ਆਪਾਂ ਕੀ ਕਰਨੈ? ਉਹ ਤਾਂ ਮਹਿੰਗਾ ਹੀ ਬਹੁਤ ਆਉਂਦੈ।” ਦਾਰੂ ਦੇ ਗਿਲਾਸ ਦੀ ਘੁੱਟ ਭਰਨ ਬਾਅਦ ਗਿਲਾਸ ਰੱਖ ਕੇ ਕਰਿਸਪ ਦਾ ਟੁੱਕੜਾ ਚੁੱਕਦੇ ਹੋਏ ਮੈਕਸ ਨੇ ਜੁਆਬ ਦਿੱਤਾ ਸੀ।
“ਹਾਂ ਬਾਈ ਤੈਨੂੰ ਕੀ ਲੋੜ ਐ? ਤੂੰ ਤਾਂ ਸਾਖਸ਼ਾਤ ਸਾਰਾ ਕੁੱਝ ਦੇਖਦੈ। ਉਂਅ ਉਹ ਮੈਗ਼ਜ਼ੀਨ ਵਿਕਦਾ ਬੜੈ। ਦੁਕਾਨਾਂ ’ਤੇ ਆਉਂਦਾ ਮਗਰੋਂ ਹੈ ਲੋਕੀਂ ਪਹਿਲਾਂ ਲੈ ਜਾਂਦੇ ਆ। ਹੱਥੋ-ਹੱਥੀਂ ਸਾਰੀਆਂ ਕਾਪੀਆਂ ਲੱਗ ਜਾਂਦੀਆਂ। ਸੁਣਿਐ ਨੰਗੀਆਂ ਫੋਟੋਆਂ ਖਿਚਾ ਕੇ ਇਹ ਏਸ਼ੀਅਨ ਕੁੜੀਆਂ ਬੜੀਆਂ ਖੁਸ਼ ਹੁੰਦੀਆਂ। ਆਪਣੀਆਂ ਗੋਰੀਆਂ ਤੀਵੀਂਆਂ ਵਾਂਗੂੰ ਨ੍ਹੀਂ ਇਹ ਹੁੰਦੀਆਂ।” ਆਪਣੇ ਤਜਰਬੇ ਬਿਆਨ ਕਰਦਾ ਹੋਇਆ ਸ਼ਰਾਬੀ ਮੇਰੇ ਨਾਲ ਨੂੰ ਲੱਗਦਾ ਆਉਂਦਾ ਸੀ।
ਮੈਂ ਉਸ ਤੋਂ ਪਰ੍ਹਾਂ ਨੂੰ ਖਿਸਕਦੀ ਹੋਈ ਦਹਾੜੀ ਸੀ, “ਆਹੋ ਗੋਰੀਆਂ ਦੀਆਂ ਤਾਂ ਜਿਵੇਂ ਲੱਚਰ ਫੋਟੋਆਂ ਛਪਦੀਆਂ ਹੀ ਨਹੀਂ ਹੋਣੀਆਂ। ਏਸ਼ੀਅਨ ਤਾਂ ਮਜਬੂਰੀ ਨੂੰ ਖਿਚਵਾਉਂਦੀਆਂ ਹਨ। ਥੋਡੀਆਂ ਗੋਰੀਆਂ ਤਾਂ ਸ਼ੌਕ ਨਾਲ ਖਿਚਵਾਉਂਦੀਆਂ। ਕੋਈ ਵੀ ਅਖਬਾਰ, ਰਸਾਲਾ, ਪੋਸਟਰ, ਕਲੰਡਰ, ਕੈਟਾਲੌਗ, ਫ਼ਿਲਮ ਜਾਂ ਨਾਟਕ, ਜੋ ਮਰਜ਼ੀ, ਜਿੱਥੇ ਮਰਜ਼ੀ ਦੇਖ ਲਉ। ਹਰ ਜਗ੍ਹਾ ਗਲੀਆਂ-ਬਜ਼ਾਰਾਂ ਵਿੱਚ ਮੇਮਾਂ ਆਪਣੇ ਜਿਸਮ ਦੀ ਨੁਮਾਇਸ਼ ਕਰਦੀਆਂ ਫਿਰਦੀਆਂ ਹੁੰਦੀਆਂ ਹਨ।”
ਸ਼ਰਾਬੀ ਗੱਲ ਬਦਲਦਾ ਹੋਇਆ ਬੋਲਿਆ ਸੀ, “ਕਦੇ ਤੁਸੀਂ ਨੂਡ ਤਸਵੀਰ ਖਿਚਵਾਈ ਐ ਕਿ ਨਹੀਂ? ਥੋਡੀ ਤਾਂ ਸੋਹਣੀ ਵੀ ਬਹੁਤ ਆਊ। ਕਿਸੇ ਵੀ ਰਾਸ਼ਟਰੀ ਅਖ਼ਬਾਰ ਤੋਂ ਤੁਹਾਨੂੰ ਚੰਗੀ ਨਕਦੀ ਮੈਂ ਲੈ ’ਦੂੰ। ਗੱਲ ਕਰੋ, ਜੇ ਦਿਲ ਮੰਨਦੈ ਤਾਂ?”
“ਪਹਿਲਾਂ ਜਾ ਆਪਦੀ ਮਾਂ ਦੀ ਫੋਟੋ ਛਪਵਾ। ਫੇਰ ਮੇਰੇ ਨਾਲ ਗੱਲ ਕਰੀਂ।”
ਮੇਰੇ ਝਿੜਕਣ ਨਾਲ ਸ਼ਰਾਬੀ ਦੀ ਹਾਲਤ ਪਾਣੀਉਂ ਪਤਲੀ ਹੋ ਗਈ ਸੀ।
“ਤੁਸੀਂ ਤਾਂ ਗੁੱਸਾ ਕਰਗੇ। ਮੈਂ ਤਾਂ ਹੱਸਦਾ ਤੀ।”
“ਰਹਿਣ ਦੇ ਹੱਸਣ ਨੂੰ ਮੈਨੂੰ ਤੂੰ ਰੋਂਦਾ ਹੋਇਆ ਜ਼ਿਆਦੇ ਚੰਗਾ ਲੱਗੇਗਾ।”
ਉਦੂੰ ਬਾਅਦ ਪੰਦਰਾਂ-ਬੀਹ ਮਿੰਟ ਲਗਾਤਾਰ ਮੈਂ ਚੰਗੀ ਤਰ੍ਹਾਂ ਫੜ ਕੇ ਸ਼ਰਾਬੀ ਨੂੰ ਦਲੀਲਾਂ ਨਾਲ ਝਾੜਿਆ ਸੀ ਤਾਂ ਕਿਤੇ ਜਾ ਕੇ ਉਹ ਚੁੱਪ ਹੋਇਆ ਸੀ। ਦਾਰੂ ਪੀਂਦਿਆਂ ਆਨੇ-ਬਹਾਨੇ ਉਸ ਸ਼ਰਾਬੀ ਨੇ ਕਈ ਵਾਰ ਮੇਰੇ ਪੱਟਾਂ ਉੱਤੇ ਹੱਥ ਫੇਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਇੱਕ ਉਸਦੇ ਮੂੰਹ ਵੱਲ ਦੇਖ ਰਹੀ ਸੀ ਕਿ ਉਹ ਆਪੇ ਹਟ ਜਾਊ। ਦੂਜਾ ਮੈਕਸ ਨੂੰ ਪਰਖ ਰਹੀ ਸੀ ਕਿ ਉਹੀ ਆਪਣੇ ਸ਼ਰਾਬੀ ਦੋਸਤ ਨੂੰ ਹਟਾਵੇਗਾ। ਪਰ ਮਾਮਲਾ ਹੌਲੀ-ਹੌਲੀ ਵਧਦਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਪਾਣੀ ਸਿਰ ਤੋਂ ਦੀ ਵਗਦਾ, ਮੈਂ ਉੱਠ ਕੇ ਆਪਣੇ ਕਮਰੇ ਵਿੱਚ ਸੌਣ ਚਲੀ ਜਾਣਾ ਬੇਹਤਰ ਸਮਝਿਆ ਸੀ।
ਅਜੇ ਮੈਂ ਉਨ੍ਹਾਂ ਕੋਲੋਂ ਬੈਠੀ ਹੋਈ ਉੱਠਣ ਹੀ ਵਾਲੀ ਸੀ ਕਿ ਸ਼ਰਾਬੀ ਨੇ ਮੇਰੇ ਗਲ ਵਿੱਚ ਬਾਂਹ ਪਾ ਕੇ ਮੇਰੀ ਗੱਲ੍ਹ ਚੁੰਮਣ ਦੀ ਕੋਸ਼ਿਸ਼ ਕੀਤੀ ਸੀ, “ਆਏ ਹਾਏ ਮੇਰੀ ਜੂਲੀਆ ਰੌਬਟਸ। ਊਂ… ਅੰ।”
ਉਂਗਲੀ ਫੜ ਕੇ ਪਹੁੰਚਾ ਫੜਨ ਵਾਲੀ ਗੱਲ ਕੀਤੀ ਸੀ ਢਹਿ ਜਾਣੇ ਸ਼ਰਾਬੀ ਨੇ। ਮੈਂ ਪੂਰੇ ਜ਼ੋਰ ਦੀ ਧੱਕਾ ਮਾਰ ਕੇ ਉਸਨੂੰ ਪਰ੍ਹੇ ਸਿੱਟਿਆ ਸੀ। ਜਿਉਂ ਹੀ ਮੈਂ ਖੜ੍ਹੀ ਹੋਈ ਸੀ ਤਾਂ ਸ਼ਰਾਬੀ ਨੇ ਮੇਰਾ ਹੱਥ ਪਕੜ ਲਿਆ ਸੀ। ਮੈਂ ਝਟਕਾ ਮਾਰ ਉਸ ਤੋਂ ਆਪਣਾ ਹੱਥ ਛੁਡਾਇਆ ਸੀ ਤੇ ਮੇਜ਼ ਦੇ ਉੱਪਰ ਦੀ ਚੜ੍ਹ ਕੇ ਉੱਥੋਂ ਭੱਜੀ ਸੀ। ਕਮਰੇ ਚੋਂ ਨਿਕਲਣ ਲੱਗੀ ਦੇ ਮੇਰੇ ਕੰਨਾਂ ਵਿੱਚ ਮੈਕਸ ਦੀ ਆਵਾਜ਼ ਪਈ ਸੀ, “ਮਾਈਂਡ ਨਾ ਕਰੀਂ। ਮੈਂ ਸਮਝਾਉਂਦਾਂ ਇਹਨੂੰ।”
ਪਤਾ ਨਹੀਂ ਉਹ ਇਹ ਗੱਲ ਮੈਨੂੰ ਕਹਿ ਰਿਹਾ ਸੀ ਜਾਂ ਉਸ ਸ਼ਰਾਬੀ ਨੂੰ?
ਅੱਧੀ ਰਾਤ ਹੋਈ ਪਈ ਸੀ। ਮੈਂ ਸਿੱਧੀ ਆਪਣੇ ਕਮਰੇ ਵਿੱਚ ਸੌਣ ਚਲੀ ਗਈ ਸੀ। ਸਣੇ ਜੁੱਤੀਆਂ ਬਿਨਾਂ ਕੱਪੜੇ ਬਦਲਿਆਂ ਮੈਂ ਮੰਜੇ ’ਤੇ ਡਿੱਗ ਪਈ ਸੀ। ਸਿਰਹਾਣੇ ਵਿੱਚ ਸਿਰ ਛੁਪਾ ਕੇ ਉਦੋਂ ਤੱਕ ਰੋਂਦੀ ਰਹੀ ਸੀ ਜਦ ਤੱਕ ਮੇਰੇ ਹੁੰਝੂ ਮੁੱਕ ਨਹੀਂ ਗਏ ਸਨ।
ਮੇਰੀ ਅੱਖ ਲੱਗਣ ਹੀ ਲੱਗੀ ਸੀ ਕਿ ਮੇਰੇ ਮੂੰਹ ’ਤੇ ਕੋਈ ਕਾਗ਼ਜ਼ ਜਿਹਾ ਆ ਡਿੱਗਿਆ ਸੀ। ਮੈਂ ਅੱਖਾਂ ਖੋਲ੍ਹ ਕੇ ਦੇਖਿਆ। ਉਹ ਸ਼ਰਾਬੀ ਹੱਥਾਂ ਵਿੱਚ ਨੋਟਾਂ ਦੀ ਥੱਬੀ ਫੜੀ ਮੇਰੀ ਪੈਂਦ ਬਿਲਕੁਲ ਨੰਗਾ ਖੜ੍ਹਾ ਸੀ। ਉਹ ਥੋੜ੍ਹੇ-ਥੋੜ੍ਹੇ ਕਰਕੇ ਮੇਰੇ ’ਤੇ ਇਉਂ ਨੋਟ ਸਿੱਟ ਰਿਹਾ ਸੀ ਜਿਵੇਂ ਕਿਸੇ ਨੱਚਦੀ ਹੋਈ ਤਵਾਇਫ ਉੱਤੇ ਮੁਜਰਾ ਸੁਣਨ ਵਾਲੇ ਆਇਯਾਸ਼ ਅਮੀਰਜ਼ਾਦੇ ਧਨ ਲੁੱਟਾਉਂਦੇ ਹੁੰਦੇ ਹਨ।
ਸ਼ਰਾਬੀ ਦੀਆਂ ਅੱਖਾਂ ਨਾਲ ਮੇਰੀਆਂ ਅੱਖਾਂ ਮਿਲੀਆਂ ਤਾਂ ਉਹਨੇ ਹੱਥ ਵਿੱਚ ਪਕੜੇ ਨੋਟ ਹਵਾ ਵਿੱਚ ਉਛਾਲ ਕੇ ਮੀਂਹ ਵਾਂਗ ਮੇਰੇ ਉੱਤੇ ਵਰ੍ਹਾ ਦਿੱਤੇ ਸਨ। ਮੇਰੀਆਂ ਤਾਂ ਉਹਨੂੰ ਨਿਰਵਸਤਰ ਦੇਖ ਕੇ ਜਦੇ ਹੀ ਅੱਖਾਂ ਮੀਚ ਗਈਆਂ ਸਨ।
ਮੰਜੇ ’ਤੇ ਉੱਠ ਕੇ ਬੈਠਦੀ ਹੋਈ ਨੇ ਮੈਂ ਉੱਚੀ-ਉੱਚੀ ਹਾਕਾਂ ਮਾਰੀਆਂ ਸਨ, “ਮੈਕਸ? -ਮੈਕਸ?”
“ਚੀਕਦੀ ਕਿਉਂ ਐਂ? ਮੈਕਸ-ਮੂਕਸ ਹੈ ਨਹੀਂ ਇੱਥੇ। ਆਪਾਂ ਨੂੰ ਜੀਅ ਪਰਚਾਉਣ ਲਈ ਛੱਡ ਕੇ ਚਲਿਆ ਗਿਐ। ਸਵੇਰੇ ਆਊ। ਉਹਨੇ ਤਾਂ ਸੱਤ ਜਨਮਾਂ ਵਿੱਚ ਐਨੀ ਦੌਲਤ ਨਹੀਂ ਸੀ ਦੇਖਣੀ, ਜਿੰਨੀ ਉਹਨੂੰ ਮੈਂ ਇੱਕ ਦਿਨ ਵਿੱਚ ਦਿਖਾ ਦਿੱਤੀ ਹੈ।”
ਇਹ ਸਭ ਸੁਣ ਕੇ ਮੇਰਾ ਤਨ ਬਦਨ ਮਚ ਉੱਠਿਆ। ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਮੈਕਸ ਹੁਣ ਐਨਾ ਗਿਰ ਗਿਆ ਸੀ ਕਿ ਉਸਨੇ ਮੇਰੇ ਜਿਸਮ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾ ਸੀ, “ਉਹ ਕੌਣ ਹੁੰਦਾ ਸੀ ਮੇਰਾ ਮੁੱਲ ਵਟੋਰਨ ਵਾਲਾ?” ਮੈਂ ਆਪਣੇ ਆਪਨੂੰ ਪੁੱਛਿਆ ਸੀ।
ਸ਼ਰਾਬੀ ਮੇਰੇ ਵੱਲ ਵੱਧ ਰਿਹਾ ਸੀ। ਮੈਂ ਉਸਨੂੰ ਲਲਕਾਰਿਆ ਸੀ, “ਜਾ, ਬਾਹਰ ਨਿਕਲ ਜਾਹ ਮੇਰੇ ਕਮਰੇ ਵਿੱਚੋਂ। ਮੈਂ ਪੁਲੀਸ ਬੁਲਾਉਣ ਲੱਗੀ ਆਂ ਨਹੀਂ ਤਾਂ?”
“ਮੇਰੀ ਰਾਣੀ ਗੁੱਸੇ ਕਿਉਂ ਹੁੰਦੀ ਐਂ? ਅਰੀ ਛਮੀਆਂ ਅਜੇ ਤੂੰ ਮੇਰਾ ਦੇਖਿਆ ਹੀ ਕੀ ਐ? ਖੁਸ਼ ਕਰ ਦਿਊਂ ਤੈਨੂੰ। ਤੇਰੇ ਗੱਟੂ ਜਿਹੇ ਖਸਮ ਨਾਲੋਂ ਤਾਂ ਨਹੀਂ ਮੈਂ ਮਾੜਾ? ਛੱਪਣ ਛੁਰੀਏ, ਮੇਰੀ ਰੰਨ ਬਣ ਜਾ। ਛੱਡ ਖਹਿੜਾ ਉਹਦਾ। ਤੈਨੂੰ ਫੁੱਲਾਂ ਵਾਂਗੂੰ ਸਾਂਭ-ਸਾਂਭ ਰੱਖੂੰ।”
ਸ਼ਰਾਬੀ ਮੇਰੇ ਬਿਸਤਰੇ ਉੱਤੇ ਗੋਡੇ ਰੱਖ ਕੇ ਮੇਰੇ ਕੋਲ ਨੂੰ ਆਉਣ ਲੱਗਿਆ ਸੀ। ਹੋਰ ਤਾਂ ਮੈਨੂੰ ਕੁੱਝ ਨਹੀਂ ਸੁੱਝਿਆ ਸੀ। ਉਹਨੂੰ ਆਪਣੇ ਉੱਪਰ ਚੜ੍ਹਦਾ ਆਉਂਦਾ ਦੇਖ ਕੇ ਮੈਂ ਜ਼ੋਰ-ਜ਼ੋਰ ਦੀ ਉਹਦੇ ਚੱਡਿਆਂ ਵਿੱਚ ਤਿੰਨ ਚਾਰ ਕਸ ਕੇ ਲੱਤਾਂ ਮਾਰੀਆਂ ਸਨ। ਮੇਰਾ ਜੀਅ ਕਰਦਾ ਸੀ ਸੱਤ ਨੰਬਰ ਦੇ ਸੈਂਡਲ ਦੀ ਚਾਰ ਇੰਚ ਲੰਮੀ ਅੱਡੀ ਨਾਲ ਸਾਰਾ ਕੁੱਝ ਫਿਉਂ ਦੇਵਾਂ।
ਮਹਾਂਭਾਰਤ ਗੰ੍ਰਥ ਵਿੱਚ ਵਰਣਨ ਆਉਂਦਾ ਹੈ ਕਿ ਕੁਰੂਵੰਸ਼ (ਕੌਰਵ) ਦੇ ਰਾਜਾ ਧ੍ਰਿਤਰਾਸ਼ਟ੍ਰ ਦੇ ਸੌ ਪੁੱਤਾਂ ਚੋਂ ਜੇਠਾ ਪੁੱਤਰ ਦੁਰਯੋਧਨ ਸੀ। ਧ੍ਰਿਤਰਾਸ਼ਟਰ ਦੇ ਅੰਨ੍ਹਾ ਹੋਣ ਕਰਕੇ ਉਸਦੀ ਪਤਨੀ ਗੰਧਾਰੀ ਨੇ ਵੀ ਆਪਣੀਆਂ ਅੱਖਾਂ ’ਤੇ ਇਹ ਆਖ ਕੇ ਪੱਟੀ ਬੰਨ੍ਹ ਲਈ ਸੀ ਕਿ ਜਿਸ ਸੰਸਾਰ ਨੂੰ ਉਸਦਾ ਪਤੀ ਨਹੀਂ ਦੇਖ ਸਕਦਾ, ਉਹਨੂੰ ਉਹ ਖੁਦ ਵੀ ਨਹੀਂ ਦੇਖੇਗੀ। ਜਦੋਂ ਪਾਂਡਵਾਂ ਨਾਲ ਹੋਏ ਕੁਰਖੇਤਰ ਦੇ ਯੁੱਧ ਦੌਰਾਨ ਬਹੁਤ ਸਾਰੇ ਕੌਰਵ ਪੁੱਤਰ ਮਰ ਗਏ ਤਾਂ ਗੰਧਾਰੀ ਨੂੰ ਆਪਣੇ ਪੁੱਤਰ ਦੁਰਯੋਧਨ ਦੀ ਜਾਨ ਦੀ ਚਿੰਤਾ ਹੋਈ। ਗੰਧਾਰੀ ਨੇ ਬ੍ਰੱਹਮਾ ਦੀ ਭਗਤੀ ਕਰਕੇ ਵਰ ਪ੍ਰਾਪਤ ਕੀਤਾ ਕਿ ਉਹ ਆਪਣੇ ਪੁੱਤ ਦੇ ਸ਼ਰੀਰ ਨੂੰ ਜੇ ਇੱਕ ਵਾਰ ਨੰਗਾ ਦੇਖ ਲਵੇਗੀ ਤਾਂ ਦੁਰਯੋਧਨ ਦਾ ਸਾਰਾ ਸ਼ਰੀਰ ਪੱਥਰ ਵਰਗਾ ਮਜ਼ਬੂਤ ਹੋ ਜਾਵੇਗਾ। ਇਸ ਲਈ ਗੰਧਾਰੀ ਨੇ ਦਰਯੋਧਨ ਨੂੰ ਕਿਹਾ, ਪੁੱਤ ਤੂੰ ਸਵੇਰੇ ਨੂੰ ਨਦੀ ਵਿੱਚ ਇਸ਼ਨਾਨ ਕਰਕੇ ਬਿਨਾਂ ਕੋਈ ਵਸਤਰ ਪਹਿਨਿਆਂ ਮੇਰੇ ਕੋਲ ਆ ਜਾਵੀਂ। ਮੈਂ ਕੁੱਝ ਪਲਾਂ ਲਈ ਆਪਣੀ ਪੱਟੀ ਉਤਾਰ ਕੇ ਤੇਰੇ ਸ਼ਰੀਰ ਨੂੰ ਤੱਕਾਂਗੀ, ਜਿਸ ਨਾਲ ਤੇਰਾ ਸਾਰਾ ਸ਼ਰੀਰ ਪੱਕ ਕੇ ਚੱਟਾਨ ਵਰਗਾ ਠੋਸ ਬਣ ਜਾਵੇਗਾ ਅਤੇ ਫਿਰ ਤੈਨੂੰ ਕੋਈ ਵੀ ਚੋਟ ਨਹੀਂ ਪਹੁੰਚਾ ਸਕੇਗਾ।
ਦੁਰਯੋਧਨ ਨੇ ਹਿਚਕਚਾਉਂਦਿਆਂ ਪੁੱਛਿਆ, “ਮਾਤਾ ਜੀ, ਮੈਂ ਤੁਹਾਡੇ ਸਾਹਮਣੇ ਨੰਗਾ ਕਿਵੇਂ ਆ ਸਕਦਾ ਹਾਂ?”
“ਕਿਉਂ ਨਹੀਂ? ਹਰ ਮਾਂ ਆਪਣੇ ਪੁੱਤ ਦੇ ਨੰਗੇ ਜਿਸਮ ਨੂੰ ਦੇਖਦੀ ਹੈ। ਬੱਚਾ ਮਾਂ ਦੇ ਹੱਥਾਂ ਵਿੱਚ ਹੀ ਤਾਂ ਪਲਦਾ ਹੈ। ਫਿਰ ਜਨਣ ਵਾਲੀ ਮਾਂ ਤੋਂ ਕਾਹਦੀ ਸ਼ਰਮ?”
ਦੁਰਯੋਧਨ ਮਾਂ ਦੀ ਆਗਿਆ ਮੰਨ ਕੇ ਸਵੇਰੇ-ਸਵੇਰੇ ਨਹਾ ਕੇ ਨਦੀ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਭਗਵਾਨ ਕ੍ਰਿਸ਼ਨ ਜੀ ਮਿਲ ਗਏ ਸਨ। ਕ੍ਰਿਸ਼ਨ ਨੂੰ ਗੰਧਾਰੀ ਦੇ ਵਰਦਾਨ ਬਾਰੇ ਪਤਾ ਸੀ। ਪਾਂਡਵਾਂ ਦੀ ਸੈਨਾ ਨਾਲ ਰਲੇ ਹੋਣ ਕਰਕੇ ਕ੍ਰਿਸ਼ਨ ਨਹੀਂ ਸੀ ਚਾਹੁੰਦੇ ਕਿ ਦੁਰਯੋਧਨ ਦਾ ਸ਼ਰੀਰ ਲੋਹੇ ਵਰਗਾ ਮਜ਼ਬੂਤ ਅਤੇ ਫੌਲਾਦੀ ਬਣੇ। ਇਸ ਲਈ ਕ੍ਰਿਸ਼ਨ ਨੇ ਭਰਮਾ ਕੇ ਦੁਰਯੋਧਨ ਦੇ ਖਾਨੇ ਵਿੱਚ ਇਹ ਗੱਲ ਪਾ ਦਿੱਤੀ, “ਨਿੱਕੇ ਹੁੰਦੇ ਗੱਲ ਹੋਰ ਸੀ। ਹੁਣ ਤੂੰ ਵੱਡਾ ਹੋ ਗਿਆ ਹੈਂ। ਮਾਂ ਮੂਹਰੇ ਅਲਫ ਨੰਗਾ ਜਾਂਦਿਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ।”
ਕ੍ਰਿਸ਼ਨ ਦੀਆਂ ਲੱਛੇਦਾਰ ਗੱਲਾਂ ਵਿੱਚ ਆ ਕੇ ਦੁਰਯੋਧਨ ਨੇ ਆਪਣੇ ਲੱਕ ਦੁਆਲੇ ਕੇਲੇ ਦੇ ਪੱਤਿਆਂ ਦਾ ਵਸਤਰ ਲਪੇਟ ਲਿਆ। ਜਦੋਂ ਗੰਧਾਰੀ ਨੇ ਦੁਰਯੋਧਨ ਦੇ ਸਾਹਮਣੇ ਆਏ ਤੋਂ ਪੱਟੀ ਲਾਹ ਕੇ ਦੇਖਿਆ ਤਾਂ ਦੁਰਯੋਧਨ ਦੇ ਸ਼ਰੀਰ ਦਾ ਬਾਕੀ ਸਾਰਾ ਹਿੱਸਾ ਤਾਂ ਪੱਕ ਗਿਆ, ਪਰ ਕੇਲੇ ਦੇ ਵਸਤਰ ਵਿੱਚ ਢੱਕਿਆ ਹੋਣ ਕਰਕੇ ਲੱਕ ਤੋਂ ਹੇਠਲਾ ਉਹ ਲੰਗੋਟ ਵਾਲਾ ਉਨਾ ਹਿੱਸਾ ਕੱਚਾ ਰਹਿ ਗਿਆ ਸੀ। ਲੜਾਈ ਦੌਰਾਨ ਭੀਮ ਨੇ ਦੁਰਯੋਧਨ ਦੇ ਇਸੇ ਹਿੱਸੇ ’ਤੇ ਗੁਰਜ਼ ਮਾਰ-ਮਾਰ ਕੇ ਹੀ ਉਸਨੂੰ ਮਾਰ ਦਿੱਤਾ ਸੀ। ਉਦੋਂ ਤੋਂ ਇਹ ਧਾਰਨਾ ਬਣੀ ਹੋਈ ਹੈ ਕਿ ਹਰ ਮਰਦ ਦੇ ਸ਼ਰੀਰ ਦਾ ਇਹ ਭਾਗ ਕੱਚਾ ਹੁੰਦਾ ਹੈ। ਅਰਥਾਤ ਇੱਥੇ ਮਾਰਨ ਨਾਲ ਸਹਿਜੇ ਹੀ ਬੰਦੇ ਨੂੰ ਮਾਰਿਆ ਜਾ ਸਕਦਾ ਹੈ। ਜੇ ਕਿਸੇ ਦੀ ਹੱਤਿਆ ਕਰਨੀ ਹੋਵੇ ਮਰਦ ਦੇ ਇੱਥੇ ਗੁਪਤ ਅੰਗ ’ਤੇ ਮਾਰੇ। ਤਦੇ ਹੀ ਕੁਸ਼ਤੀਆਂ ਵਿੱਚ ਲੱਕ ਤੋਂ ਹੇਠਾਂ ਵਾਰ ਕਰਨਾ ਵਿਵਰਜਿਤ ਹੁੰਦਾ ਹੈ।
ਮੈਥੋਂ ਆਪਣਾ ਨਾਜ਼ਕ ਸਮਾਨ ਭੰਨਾ ਕੇ ਉਹ ਸ਼ਰਾਬੀ ਵੀ ਬਸ ਉੱਥੇ ਹੀ ਡਿੱਗ ਕੇ ਚੀਕਾਂ ਮਾਰਨ ਲੱਗ ਗਿਆ ਸੀ। ਮੈਂ ਫੁਰਤੀ ਨਾਲ ਦੂਜੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡੀ ਲਾ ਕੇ ਸਾਰੀ ਰਾਤ ਬੈਠੀ ਆਪਣੀ ਤਕਦੀਰ ਨੂੰ ਰੋਂਦੀ ਰਹੀ ਸੀ।
ਸਵੇਰੇ ਨੂੰ ਮੈਕਸ ਆਪੇ ਉਹਨੂੰ ਸ਼ਰਾਬੀ ਨੂੰ ਮੇਰੇ ਕਮਰੇ ਵਿੱਚੋਂ ਚੁੱਕ ਕੇ ਪਤਾ ਨਹੀਂ ਕਿੱਥੇ ਛੱਡ ਕੇ ਆਇਆ ਸੀ, ਕਿੱਥੇ ਨਹੀਂ। ਆਪਾਂ ਨਹੀਂ ਸੀ ਪੁੱਛਿਆ, ਉਹ ਜੀਉਂਦਾ ਸੀ ਜਾਂ ਮਰ ਗਿਆ ਸੀ। ਆਪੇ ਹੀ ਮੈਕਸ ਬੇਸ਼ਰਮ ਨੇ ਗੱਲ ਛੇੜੀ ਸੀ, “ਊਂ ਮਨ੍ਹਾ ਕਰ ਦਿੰਦੀ। ਆਹ ਜੁੱਡੋ-ਕਰਾਟਿਆਂ ਦੇ ਦਾਅ ਦਿਖਾਉਣ ਦੀ ਕੀ ਲੋੜ ਸੀ? ਜੇ ਕਸੂਤੇ ਥਾਂ ’ਤੇ ਸੱਟ ਲੱਗਣ ਨਾਲ ਉਹ ਮਰ ਜਾਂਦਾ?”
“ਜੇ ਮੇਰੀ ਇੱਜ਼ਤ ਲੁੱਟ ਲੈਂਦਾ?”
“ਤੇਰੀ ਕੀ ਬੈਟਰੀ ਡਾਊਨ ਹੋਣ ਲੱਗੀ ਸੀ? ਸੈਕਸ ਤਾਂ ਮਨ ਨੂੰ ਸਕੂਨ ਤੇ ਸਰੂਰ ਦੇਣ ਵਾਲੀ ਇੱਕ ਸ਼ਰੀਰਕ ਕਸਰਤ ਹੈ। -ਪਤੈ ਉਹ ਸ਼ਰਾਬੀ ਕਿੰਨਾ ਅਮੀਰ ਐ?”
“ਮੈਂ ਕਦੋਂ ਦੱਲਿਆ ਤੈਨੂੰ ਗਾਹਕ ਲਿਆਉਣ ਲਈ ਕਿਹਾ ਸੀ? ਜੇ ਮੈਂ ਐਨੀ ਜ਼ਿਆਦਾ ਡੈਸਪਰੈਟ ਹੋਊਂਗੀ ਤਾਂ ਆਪੇ ਕਿਸੇ ਸੜਕ ’ਤੇ ਜਾ ਕੇ ਖੜ੍ਹ ਜੂੰ। ਤੈਨੂੰ ਕਮੀਸ਼ਨ ਕਾਸ ਤੋਂ ਦੇਊਂਗੀ? ਖ਼ਬਰਦਾਰ ਜੇ ਮੁੜ ਕੇ ਮੇਰੇ ਕੋਲ ਕਿਸੇ ਨੂੰ ਲੈ ਕੇ ਆਇਆ ਤਾਂ ਯਾਦ ਰੱਖੀਂ ਮੈਂ ਤਾਂ ਚਾਕੂ ਲੈ ਕੇ ਉਹਦੀ ਸਭ ਕੁਝ ਵੱਢ ’ਦੂੰ। ਮੈਂ ਰੱਜ ਕੇ ਖਰੀਆਂ-ਖੋਟੀਆਂ ਸੁਣਾਈਆਂ ਸਨ। ਲਉ ਜੀ, ਉਹ ਦਿਨ ਗਿਆ ਤੇ ਅੱਜ ਦਾ ਆਇਆ। ਮੁੜ ਕੇ ਨਹੀਂ ਲਿਆਇਆ ਸੇਵਾ ਕਰਵਾਉਣ ਲਈ ਕਿਸੇ ਨੂੰ। ਮੈਕਸ ਜਾਣਦੈ ਮੈਨੂੰ ਬਈ ਮੈਂ ਤਾਂ ਕੰਘਾ ਕਰਕੇ ਰੱਖ ਦੇਊਂ ਅਗਲੇ ਦਾ।
ਮੈਕਸ ਨੂੰ ਮੈਂ ਇਹ ਵੀ ਸਾਫ਼-ਸਾਫ਼ ਦੱਸ ਦਿੱਤਾ ਸੀ, “ਤੇਰੇ ਨਾਂ ਜ਼ਿੰਦਗੀ ਲਾਈ ਹੈ। ਤੂੰ ਜੋ ਮਰਜ਼ੀ ਕਰ। ਤੈਨੂੰ ਜੁਆਬ ਨਹੀਂ। ਹੋਰ ਕਿਸੇ ਨੂੰ ਮੈਂ ਹੱਥ ਨਹੀਂ ਲਾਉਣ ਦੇਣਾ। ਮੇਰੀ ਹਵਾ ਵੱਲ ਵੀ ਜੇ ਕੋਈ ਝਾਕਿਐ ਤਾਂ ਮੈਂ ਅਗਲੇ ਦੀਆਂ ਅੱਖਾਂ ਕੱਢ ’ਦੂੰ।”
ਜਿਹੜੀਆਂ ਏਸ਼ੀਅਨ ਔਰਤਾਂ ਦੇ ਵਿਵਸਥਿਤ ਵਿਆਹ ਹੋਏ ਹੁੰਦੇ ਸਨ। ਉਨ੍ਹਾਂ ਬਾਰੇ ਮੈਂ ਸੋਚਦੀ ਹੁੰਦੀ ਸੀ ਕਿ ਉਹ ਨਿੱਤ ਆਪਣਾ ਬਲਾਤਕਾਰ ਕਰਵਾਉਂਦੀਆਂ ਹਨ। ਮਰਜ਼ੀ ਤੋਂ ਬਿਨਾਂ ਕਿਸੇ ਮਰਦ ਵੱਲੋਂ ਔਰਤ ਨਾਲ ਕੀਤਾ ਗਿਆ ਐਸਾ ਕੁਕਰਮ ਜਿਸ ਵਿੱਚ ਔਰਤ ਨੂੰ ਆਨੰਦ ਨਾ ਆਵੇ ਤੇ ਤਸ਼ੱਦਦ ਸਹਿਣਾ ਪਵੇ ਤਾਂ ਇਸਨੂੰ ਬਲਾਤਕਾਰ ਹੀ ਤਾਂ ਕਿਹਾ ਜਾਂਦਾ ਹੈ। ਉਸ ਸਥਿਤੀ ਤੋਂ ਭੱਜਦੀ-ਭੱਜਦੀ ਮੈਂ ਆਖ਼ਰਕਾਰ ਉਸ ਵਿੱਚ ਹੀ ਫਸ ਗਈ ਸੀ। ਮੈਂ ਮੈਕਸ ਨਾਲ ਮਜਬੂਰੀ ਅਧੀਨ ਰਹਿ ਰਹੀ ਸੀ। ਰੋਜ਼ ਉਹਦੇ ਤੋਂ ਸਿਲਸਿਲੇਬੱਧ ਬਲਾਤਕਾਰ ਕਰਵਾਉਂਦੀ ਸੀ।
ਭਾਈ ਗੁਰਦਾਸ ਨੇ ਕਿੰਨਾ ਸਹੀ ਕਿਹੈ, “ਕੁੱਤਾ ਰਾਜ ਬਹਾਲੀਐ, ਫਿਰ ਚੱਕੀ ਚੱਟੇ। ਸੱਪੇ ਦੁੱਧ ਪਿਆਲੀਏ, ਵਿਹੁ ਮੁੱਖ ਥੀਂ ਸੱਟੇ। ਪੱਥਰ ਪਾਣੀ ਰੱਖੀਐ, ਮਨ ਹਠ ਨਾ ਘੱਟੇ। ਚੋਆ ਚੰਦਨ ਪਰ ਰਹੈ, ਖਰੁ ਖੇਹ ਪਲੱਟੇ। ਐਨ ਉਹੀ ਹਾਲ ਮੈਕਸ ਦਾ ਸੀ। ਬਿਲਕੁਲ ਇਹ ਮੇਰੇ ਲਾਇਕ ਨਹੀਂ ਸੀ ਤੇ ਨਾ ਹੀ ਇਸਨੂੰ ਮੇਰੀ ਕੋਈ ਕਦਰ ਸੀ। ਇਹਨੂੰ ਲੰਗੂਰ ਨੂੰ ਮੈਂ ਅੰਗੂਰ ਥਿਆ ਗਈ ਸੀ।”
ਮੇਰੀ ਅਸਮਤ ਨਿਲਾਮ ਕਰਨ ਵਿੱਚ ਨਾਕਾਮ ਹੋ ਕੇ ਮੈਕਸ ਨੇ ਮੈਥੋਂ ਬਦਲਾ ਲੈਣ ਦਾ ਹੋਰ ਢੰਗ ਲੱਭ ਲਿਆ ਸੀ। ਮੇਰੇ ਸਾਹਮਣੇ ਹੀ ਮੈਕਸ ਘਰੇ ਮੁੱਲ ਦੀਆਂ ਗੈਰ ਔਰਤਾਂ ਨੂੰ ਲਿਆਉਣ ਲੱਗ ਗਿਆ ਸੀ। ਉਹ ਦੁਆਨੀ ਦੀਆਂ ਨਹੀਂ ਸਨ ਹੁੰਦੀਆਂ ਜਿੰਨਾ ਨੂੰ ਮੰਜੇ ’ਤੇ ਮੇਰੇ ਨਾਲ ਹੀ ਪਾ ਕੇ ਭੋਗਦਾ ਹੁੰਦਾ ਸੀ। ਮੈਂ ਸਾਰੀ-ਸਾਰੀ ਰਾਤ ਪਲੰਘ ਦੀ ਬਾਹੀ ਨਾਲ ਇੱਕ ਪਾਸੇ ਇਕੱਠੀ ਹੋ ਕੇ ਗੱਠੜੀ ਬਣੀ ਪਈ ਖੂਨ ਦੇ ਆਂਸੂ ਰੋਂਦੀ ਰਹਿੰਦੀ ਸੀ। ਖ਼ੌਰੇ ਇਹਨੂੰ ਉਨ੍ਹਾਂ ਰੱਦੜ ਜਿਹੀਆਂ ਜਨਾਨੀਆਂ ਨਾਲ ਕੀ ਸੁਆਦ ਆਉਂਦੈ ਸੀ। ਮੇਰੇ ਪੈਰ ਵਰਗੀਆਂ ਵੀ ਨਹੀਂ ਸੀ ਹੁੰਦੀਆਂ। ਮੇਰੇ ਨਾਲ ਬਜ਼ਾਰੂ ਔਰਤਾਂ ਵਾਲਾ ਸਲੂਕ ਕਰਦਾ ਸੀ। ਗਿੱਲੀ ਲੱਕੜ ਵਾਂਗ ਸੁਲਗ-ਸੁਲਗ ਕੇ ਜੀ ਰਹੀ ਸੀ ਮੈਂ। ਭਗਤ ਨਾਮਦੇਵ ਨੇ ਕਿਹੈ, “ਘਰ ਦੀ ਨਾਰਿ ਤਿਆਗੈ ਅੰਧਾ। ਪਰ ਨਾਰੀ ਸਿਉ ਘਾਲੈ ਧੰਧਾ।”
ਮੇਰੀ ਅੰਮੀ ਨਾਲ ਇੱਕ ਇੰਡੀਅਨ ਇਸਤਰੀ ਕੰਮ ਕਰਦੀ ਹੁੰਦੀ ਸੀ। ਸਾਡੇ ਘਰ ਦੇ ਕੋਲ ਹੀ ਰਹਿੰਦੀ ਸੀ ਉਹ। ਉਹਦੇ ਘਰਵਾਲਾ ਘਰੇ ਘੱਟ ਤੇ ਪੱਬ ਵਿੱਚ ਬਹੁਤਾ ਰਹਿੰਦਾ ਹੁੰਦਾ ਸੀ। ਦੂਏ-ਤੀਏ ਦਿਨ ਉਹ ਮੇਰੀ ਅੰਮੀ ਕੋਲ ਆ ਕੇ ਰੋਣ ਲੱਗ ਜਾਂਦੀ ਹੁੰਦੀ ਸੀ। ਉਹ ਸ਼ੱਕ ਕਰਦੀ ਹੁੰਦੀ ਸੀ ਕਿ ਉਸਦੇ ਘਰਵਾਲੇ ਦਾ ਕਿਸੇ ਹੋਰ ਤੀਵੀਂ ਨਾਲ ਚੱਕਰ ਹੋਵੇਗਾ। ਬਹੁਤ ਰੋਂਦੀ ਹੁੰਦੀ ਸੀ। ਅਕਸਰ ਆਤਮਹੱਤਿਆ ਕਰਨ ਦੀਆਂ ਗੱਲਾਂ ਕਰਦੀ ਹੁੰਦੀ ਸੀ, “ਭੈਣ ਜੀ ਮੈਂ ਤਾਂ ਕੁਸ਼ ਖਾਹ ਕੇ ਮਰ ਜਾਣੈ। ਮੈਂ ਇੰਡੀਆ ਤੋਂ ਆਈ ਹਾਂ ਇਸ ਲਈ ਮੇਰਾ ਪਤੀ ਮੈਨੂੰ ਪਸੰਦ ਨਹੀਂ ਕਰਦਾ। ਉਹਨੂੰ ਕੋਈ ਇੱਥੋਂ ਦੀ ਜੰਮਪਲ ਕੁੜੀ ਚਾਹੀਦੀ ਸੀ। ਮੈਂ ਬਲਰਾਜ ਸਿੰਘ ਸਿੱਧੂ ਦੀ ਕਹਾਣੀ ਨੰਗੀਆਂ ਅੱਖੀਆਂ ਵਿੱਚ ਪੜ੍ਹਿਆ ਹੈ, ਉਹਨੇ ਇੱਕ ਪਾਤਰ ਦੇ ਮੂੰਹੋਂ ਕਹਾਇਆ ਹੈ, ਮਰਦਾਂ ਨੂੰ ਇਹ ਆਦਤ ਹੁੰਦੀ ਹੈ ਕਿ ਜਦੋਂ ਬਾਹਰ ਜਾਣਗੇ ਤਾਂ ਸਮਾਰਟ ਦਿਸਣ ਲਈ ਕੋਟ-ਪੈਂਟ, ਟਾਈ-ਸ਼ਾਈ ਲਾ ਕੇ ਜਾਣਗੇ। ਘਰ ਆਉਣਗੇ ਤਾਂ ਹੌਲਾ ਤੇ ਅਰਾਮਦਾਇਕ ਮਹਿਸੂਸ ਕਰਨ ਲਈ ਕੁੜਤਾ-ਪਜਾਮਾ ਪਹਿਨ ਲੈਣਗੇ। ਪਤਨੀ ਵਿੱਚ ਮਰਦ ਦੋਨੋਂ ਖੂਬੀਆਂ ਲੋਚਦਾ ਹੈ। ਐਕਟਿਵ ਆਊਟ-ਫਿਟਸ ਵਾਲੀਆਂ ਵੀ ਤੇ ਕਮਫਰਟੇਬਲ ਕੱਪੜਿਆਂ ਵਾਲੀਆਂ ਵੀ। -ਮੈਂ ਗਵਾਰ ਹਾਂ ਘਰ ਦੇ ਕੰਮ-ਧੰਦੇ ਹੀ ਕਰ ਸਕਦੀ ਹਾਂ। ਇਸੇ ਲਈ ਮੇਰਾ ਪਤੀ ਮੈਨੂੰ ਕਿੱਧਰੇ ਬਾਹਰ ਨਹੀਂ ਲਿਜਾਂਦਾ। ਮੈਨੂੰ ਤੰਗ ਕਰਦਾ ਹੈ। ਅਸੀਂ ਸਦਾ ਲੜਦੇ ਰਹਿੰਦੇ ਹਾਂ। ਮੇਰੀ ਤਾਂ ਜ਼ਿੰਦਗੀ ਨਰਕ ਬਣੀ ਪਈ ਹੈ।”
ਮੇਰੀ ਅੰਮੀ ਉਹਨੂੰ ਬਥੇਰਾ ਸਮਝਾਉਂਦੀ ਹੁੰਦੀ ਸੀ, “ਭਾਈ ਗੁੱਡੀ ਜਿਹੜੇ ਬੰਦਿਆਂ ਨੂੰ ਦਾਰੂ ਦੀ ਲਤ ਲੱਗੀ ਹੋਵੇ ਉਹ ਔਖੀ ਹੀ ਛੁੱਟਦੀ ਐ। ਤੂੰ ਆਪਣੇ ਮਾਲਕ ਨਾਲ ਲੜਿਆ-ਝਗੜਿਆ ਨਾ ਕਰ। ਸਗੋਂ ਉਹਨੂੰ ਆਖਿਆ ਕਰ ਜਿਹੜੀ ਪੀਣੀ ਹੁੰਦੀ ਹੈ ਘਰੇ ਬੈਠ ਕੇ ਪੀ ਲਿਆ ਕਰੇ। ਇਉਂ ਉਹ ਵੀ ਤੇਰੀ ਨਿਗਾਹ ਹੇਠ ਰਹੇਗਾ। ਨਾਲੇ ਬੰਦਾ ਕੋਲ ਹੋਵੇ ਤਾਂ ਸੌ ਇਲਤ-ਫਿਲਤ ਕਰਦੈ ਤੀਮੀਂ ਨਾਲ। ਜੇ ਕੁੱਝ ਹੋਰ ਨਹੀਂ ਤਾਂ ਘੱਟੋ-ਘੱਟ ਪੁੱਠੇ-ਸਿੱਧੇ ਥਾਂ ਚਾਰ ਚੂੰਢੀਆਂ ਹੀ ਵੱਢਿਆ ਕਰੂ।”
ਅੰਮੀ ਦੀ ਰਾਏ ਉਸ ਕੁੜੀ ਦੇ ਦਿਮਾਗ ਵਿੱਚ ਵੜ ਗਈ ਸੀ। ਉਹ ਆਪਣੇ ਪਤੀ ਨੂੰ ਆਪ ਜਾਮ ਬਣਾ ਕੇ ਦੇਣ ਲੱਗ ਪਈ ਸੀ। ਆਦਮੀ ਆਪਣੀ ਸ਼ਰਾਬ ਪੀਂਦਾ ਰਹਿੰਦਾ ਤੇ ਉਹ ਉਹਦੇ ਨਾਲ ਬੈਠ ਕੇ ਜੂਸ ਪੀਂਦੀ। ਇਉਂ ਉਨ੍ਹਾਂ ਤੀਵੀਂ ਆਦਮੀ ਦਾ ਮੂਡ ਬਣ ਜਾਂਦਾ ਤੇ ਉਹ ਪਿਆਰ ਕਰਨ ਲੱਗ ਜਾਂਦੇ। ਉਸ ਤੋਂ ਬਾਅਦ ਉਨ੍ਹਾਂ ਵਿੱਚ ਕਦੇ ਵੀ ਝਗੜਾ ਨਹੀਂ ਸੀ ਹੋਇਆ। ਆਪੇ ਹੀ ਉਹ ਕੁੜੀ ਮੇਰੀ ਅੰਮੀ ਨੂੰ ਦੱਸਦੀ ਸੀ, “ਮੈਂ ਤਾਂ ਐਵੇਂ ਹੀ ਸ਼ੱਕ ਕਰਦੀ ਰਹੀ। ਸੱਚੀਂ ਇਨ੍ਹਾਂ ਦੀ ਤਾਂ ਕਿਸੇ ਤੀਵੀਂ ਨਾਲ ਕੋਈ ਗੱਲਬਾਤ ਨਹੀਂ ਸੀ। ਹੁਣ ਤਾਂ ਘਰੋਂ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ। ਧੱਕੇ ਦੇ ਕੇ ਕੰਮ ’ਤੇ ਤੋਰੀਦੈ।”
ਸੋ ਇਸ ਤੋਂ ਮੇਰੇ ਕਹਿਣ ਦਾ ਇਹ ਭਾਵ ਹੈ ਕਿ ਪਰਾਈ ਔਰਤ ਦਾ ਖ਼ਿਆਲ ਵੀ ਜਨਾਨੀ ਨੂੰ ਤੜਫਾ ਕੇ ਰੱਖ ਜਾਂਦਾ ਹੈ। ਫਿਰ ਮੈਕਸ ਦੀਆਂ ਹਰਕਤਾਂ ਨਾਲ ਮੇਰੀ ਜੋ ਦੁਰਗਤੀ ਹੁੰਦੀ ਸੀ ਮੈਂ ਜਾਂ ਮੇਰਾ ਰੱਬ ਜਾਣਦਾ ਸੀ। ਇੱਕ ਕਹਾਵਤ ਹੈ, ‘ਧਨ ਗਿਆ ਕੁੱਝ ਨਹੀਂ ਗਿਆ। ਸਿਹਤ ਗਈ ਥੋੜ੍ਹਾ ਗਿਆ। ਚਰਿੱਤਰ ਗਿਆ ਤਾਂ ਸਭ ਕੁੱਝ ਗਿਆ।’ ਮੈਕਸ ਨੇ ਵੀ ਸ਼ਰਮ-ਹਿਯਾ ਲਾਹ ਕੇ ਛਿੱਕੇ ਟੰਗ ਦਿੱਤੀ ਸੀ। ਕੁੱਝ ਨਹੀਂ ਸੀ ਬਚਿਆ ਨਿਰਲੱਜ ਕੋਲ। ਮੇਰੇ ਵਿੱਚ ਮੈਕਸ ਨੂੰ ਵਰਜਣ ਦੀ ਹਿੰਮਤ ਵੀ ਨਹੀਂ ਸੀ ਰਹੀ। ਪਹਿਲੇ-ਪਹਿਲ ਪੁੱਛਿਆ ਸੀ, “ਇਹ ਕਾਰੇ ਕਿਉਂ ਕਰਦੈਂ?” ਤਾਂ ਮੈਕਸ ਹੁੱਬ ਕੇ ਬੋਲਿਆ ਸੀ, “ਥੋਡੇ ਧਰਮ ਵਿੱਚ ਬੰਦੇ ਨੂੰ ਇੱਕ ਤੋਂ ਵੱਧ ਜਨਾਨੀਆਂ ਰੱਖਣ ਦਾ ਹੱਕ ਹੈ। ਮੁਸਲਮਾਨ ਤਿੰਨ-ਤਿੰਨ ਵਿਆਹ ਕਰਵਾ ਸਕਦੇ ਨੇ ਤਾਂ ਮੈਨੂੰ ਕਿਸੇ ਦੂਜੀ ਤੀਵੀਂ ਦੀ ਬਗਲ ’ਚ ਦੇਖ ਕੇ ਤੇਰੇ ਕੀ ਬਿੱਛੂ ਲੜਦੈ? ਥੋਡੇ ਮੁਸਲਮਾਨਾਂ ਤੋਂ ਹੀ ਸਿੱਖਿਐ ਇਹ ਕੁੱਝ।”
“ਮੁਸਲਮਾਨਾਂ ਦੇ ਮਾੜੇ ਗੁਣ ਹੀ ਕਿਉਂ ਅਪਨਾਏ ਨੇ? ਚੰਗੇ ਵੀ ਧਾਰਨ ਕਰਦਾ? ਮੁਸਲਮਾਨਾਂ ਤੋਂ ਇਸ਼ਕ ਕਰਨਾ ਵੀ ਸਿੱਖ ਲੈਂਦਾ? ਜਿਹੜੇ ਮਹਿਬੂਬ ਦੀ ਕਬਰ ’ਤੇ ਛੱਤ ਪਾਉਣ ਲਈ ਤਾਜ ਮਹਿਲ ਖੜ੍ਹੇ ਕਰ ਦਿੰਦੇ ਨੇ! ਸਾਡੇ ਧਰਮ ਵਿੱਚ ਵੇਸਵਾਵਾਂ ਨੂੰ ਘਰੇ ਲਿਆਉਣ ਦੀ ਪਰਵਾਨਗੀ ਨ੍ਹੀਂ।-ਕੁਰਾਨ ’ਚ ਤਿੰਨ ਜਨਾਨੀਆਂ ਰੱਖਣ ਦੀ ਇਜਾਜ਼ਤ ਤਾਂ ਤੂੰ ਪੜ੍ਹ ਲਿੱਤੀ, ਏਦੂੰ ਅੱਗੇ ਜੋ ਸ਼ਰਤਾਂ ਲਿਖਿਆਂ ਸੀ ਉਹਦੇ ਤੋਂ ਅੱਖਾਂ ਕਿਉਂ ਮੀਚ ਲਈਆਂ? ਉਹ ਪੜ੍ਹ ਕੇ ਦੇਖਦਾ? ਵਿਚਾਰ ਕਰਦਾ ਕਿ ਕਿੰਨਾ ਹਾਲਤਾਂ ਵਿੱਚ ਮਰਦ ਨੂੰ ਇੱਕ ਤੋਂ ਜ਼ਿਆਦਾ ਔਰਤਾਂ ਰੱਖਣ ਦੀ ਖੁੱਲ੍ਹ ਹੈ।”
“ਕੀ ਲਿਖਿਐ ਚੱਲ ਤੂੰ ਹੀ ਦੱਸਦੇ, ਸਾਨੂੰ ਅਨਪੜ੍ਹਾਂ ਨੂੰ ਕੀ ਪਤੈ?”
“ਰਸਮ-ਓ-ਰਿਵਾਜ, ਪਰੰਪਰਾਵਾਂ ਤੇ ਕਾਨੂੰਨ ਹਮੇਸ਼ਾ ਇਨਸਾਨਾਂ ਦੀ ਸਹੂਲੀਅਤ ਲਈ ਬਣਾਏ ਜਾਂਦੇ ਹਨ। ਜਦੋਂ ਕਦੇ ਇਹ ਰਵਾਇਤਾਂ ਐਨੀਆਂ ਪੁਰਾਣੀਆਂ ਹੋ ਜਾਂਦੀਆਂ ਹਨ ਕਿ ਇਨ੍ਹਾਂ ਦੀ ਹੋਂਦ ਨਾਲ ਮਨੁੱਖਾਂ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੋਣ ਲੱਗ ਪਵੇ ਤਾਂ ਇਨ੍ਹਾਂ ਨੂੰ ਸੋਧ ਜਾਂ ਬਦਲ ਦਿੱਤਾ ਜਾਂਦਾ ਹੈ। ਦਰੁਸਤ ਹੈ ਕਿ ਇਸਲਾਮ ਨੇ ਆਦਮੀ ਨੂੰ ਇੱਕ ਤੋਂ ਵੱਧ ਔਰਤਾਂ ਅਪਨਾਉਣ ਦਾ ਅਧਿਕਾਰ ਦਿੱਤਾ ਹੈ। ਕਿਉਂ? ਕਦੋਂ? ਅਤੇ ਕਿਵੇਂ? ਅਜਿਹਾ ਕੀਤਾ ਗਿਆ ਸੀ। ਇਸ ਨੁਕਤੇ ਨੂੰ ਅਣਗੌਲਿਆ ਕਰਕੇ ਸਾਡੇ ਧਰਮ ’ਤੇ ਚਿੱਕੜ ਉਛਾਲਣ ਦਾ ਤੁਹਾਨੂੰ ਅੰਗਰਜ਼ਾਂ ਨੂੰ ਕੋਈ ਅਧਿਕਾਰ ਨਹੀਂ। ਜੁਲਫਕਾਰ ਅਲੀ ਭੁੱਟੋ ਸਾਹਿਬ ਨੇ ਆਪਣੇ ਇੱਕ ਭਾਸ਼ਨ ਦੌਰਾਨ ਬੜਾ ਦਰੁਸਤ ਫ਼ਰਮਾਇਆ ਸੀ, ‘ਇਸਲਾਮ ਇੱਜ਼ ਦੀ ਮੋਸਟ ਅਨਅੰਡਰਸਟੂਡ ਰਿਲਿਜ਼ਨ ਇੰਨ ਦੀ ਵੈਸਟ।’ ਮੁਹੰਮਦ ਸਾਹਿਬ ਨੇ ਇਸ ਲਈ ਤਿੰਨ ਬੀਵੀਆਂ ਤੱਕ ਰੱਖਣ ਦਾ ਇਹ ਧਾਰਮਿਕ ਕਾਨੂੰਨ ਬਣਾਇਆ ਸੀ ਕਿਉਂਕਿ ਪੁਰਾਣਿਆਂ ਸਮਿਆਂ ਵਿੱਚ ਯੁੱਧਾਂ ’ਚ ਖਾਵੰਦ ਮਰ ਜਾਂਦੇ ਸਨ ਤਾਂ ਉਨ੍ਹਾਂ ਦੀਆਂ ਜਵਾਨੀ ਵਿੱਚ ਵਿਧਵਾ ਹੋਈਆਂ ਔਰਤਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੁੰਦਾ ਸੀ। ਅਜਿਹੀ ਅਵਸਥਾ ਵਿੱਚ ਔਰਤ ਨੂੰ ਆਪਣਾ ਜਿਸਮ ਨਾ ਵੇਚਣਾ ਪਵੇ, ਵੇਸਵਾ ਨਾ ਬਣਨਾ ਪਵੇ ਅਤੇ ਸਮਾਜ ਦੇ ਮਾੜੇ ਅਨਸਰਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਇਸ ਕਾਨੂੰਨ ਦਾ ਇੱਕੋ-ਇੱਕ ਮਕਸਦ ਔਰਤ ਨੂੰ ਸ਼ਰੀਫ ਆਦਮੀ ਦੇ ਘਰੇ ਵਸਾ ਕੇ ਇੱਜ਼ਤ ਦੀ ਜ਼ਿੰਦਗੀ ਜਿਉਣ ਦਾ ਮੌਕਾ ਦੇਣਾ ਸੀ।”
ਚੰਗੀ ਖੜਤੁੱਪ-ਚੰਡ ਕਰਕੇ ਮੈਂ ਮੈਕਸ ਦੀ ਐਸੀ ਖੁੰਭ ਠੱਪੀ ਸੀ ਕਿ ਉਮਰ ਭਰ ਯਾਦ ਰੱਖੇਗਾ। ਮੈਂ ਤਾਂ ਫਿਰ ਇਹ ਵੀ ਕਿਹਾ ਸੀ, “ਮੇਰੇ ਧਰਮ ਬਾਰੇ ਜੇ ਕੋਈ ਹੋਰ ਸ਼ੰਕਾ ਤੇਰੇ ਚਿੱਤ ਵਿੱਚ ਹੈ ਤਾਂ ਹੁਣ ਦੱਸ ਦੇਹ, ਉਹ ਵੀ ਦੂਰ ਕਰ ਦਿੰਦੀ ਆਂ? ਭਲਕੇ ਕੁਸ਼ ਹੋਰ ਕਹੇਂਗਾ।” ਮੇਰੇ ਮੂਹਰੇ ਗੱਲ ਨਹੀਂ ਸੀ ਆਈ ਮੈਕਸ ਨੂੰ। ਮੁੜ ਕੇ ਨਹੀਂ ਉਹਨੇ ਕਦੇ ਕਿਸੇ ਧਾਰਮਿਕ ਮਸਲੇ ਨੂੰ ਛੋਹਿਆ ਸੀ। ਉਦਣ ਮੈਂ ਮੈਕਸ ਨੂੰ ਚੰਗੀ ਤਰ੍ਹਾਂ ਚਿਤਾਰ ਦਿੱਤਾ ਸੀ ਕਿ, “ਮੈਂ ਕੋਈ ਵੇਸਵਾ ਨਹੀਂ ਹਾਂ, ਜੀਹਨੂੰ ਨੋਟ ਦੇ ਕੇ ਕੋਈ ਜਿਵੇਂ ਮਰਜ਼ੀ ਵਰਤੀ ਚੱਲੇ। ਮੈਨੂੰ ਤੀਵੀਂ ਬਣਾ ਕੇ ਰੱਖਣਾ ਹੈ ਤਾਂ ਰੱਖ ਨਹੀਂ ਦਫ਼ਾ ਹੋ।” ਮੈਕਸ ਉਸ ਦਿਨ ਦਾ ਮੈਥੋਂ ਪੂਰਾ ਚੱਲਦੈ। ਇਹੋ ਜਿਹੇ ਬੰਦੇ ਤਾਂ ਇੰਝ ਹੀ ਦਬਕੇ ਹੋਏ ਸੂਤ ਰਹਿੰਦੇ ਹਨ। ਨਹੀਂ ਤਾਂ ਐਵੇਂ ਹੀ ਉਤਾਂਹ ਨੂੰ ਚੜ੍ਹਦੇ ਆਉਣਗੇ। ਮੇਰੇ ਨਾਲ ਤਾਂ ਜਦੋਂ ਕੋਈ ਉਲਝੇ ਮੈਂ ਤਾਂ ਉਹਨੂੰ ਟਕੇ ਵਰਗਾ ਜੁਆਬ ਸੁਣਾ ਕੇ ਚੁੱਪ ਕਰਵਾ ਦਿੰਦੀ ਹਾਂ। ਫਿਰ ਨਹੀਂ ਅਗਲਾ ਕੁਸਕਦਾ।
ਪਹਿਲਾਂ-ਪਹਿਲਾਂ ਮੈਂ ਮੈਕਸ ਨਾਲ ਘਰੇ ਆਉਂਦੀਆਂ ਵੇਸਵਾਵਾਂ ਨੂੰ ਨਫ਼ਰਤ ਕਰਦੀ ਹੁੰਦੀ ਸੀ। ਹੁਣ ਤਾਂ ਮੈਂ ਉਨ੍ਹਾਂ ਦੀ ਆਮਦ ਨੂੰ ਬੁਰਾ ਨਹੀਂ ਸਮਝਦੀ, ਕਿਉਂਕਿ ਹੁਣ ਮੈਂ ਉਨ੍ਹਾਂ ਪ੍ਰਤਿ ਆਪਣਾ ਨਜ਼ਰੀਆ ਬਦਲ ਲਿਆ ਹੈ। ਕਿਉਂਕਿ ਜੋ ਜਿਸਮ ਵੇਚੇ ਉਸਨੂੰ ਵੇਸਵਾ ਕਿਹਾ ਜਾਂਦਾ ਹੈ। ਜੇ ਉਹ ਔਰਤਾਂ ਧਨ ਬਦਲੇ ਸੰਭੋਗ ਕਰਨ ਕਰਕੇ ਵੇਸਵਾਵਾਂ ਕਹਾਉਂਦੀਆਂ ਸਨ ਤਾਂ ਉਸ ਲਿਹਾਜ਼ ਨਾਲ ਤਾਂ ਮੈਂ ਵੀ ਵੇਸਵਾ ਸੀ, ਜੋ ਮੈਕਸ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਉਸਨੂੰ ਆਪਣਾ ਸ਼ਰੀਰ ਭੇਂਟ ਕਰਦੀ ਸੀ। ਸੈਕਸ ਵੇਚਣ ਤੇ ਖਰੀਦਣ ਵਾਲੇ ਦੋਨਾਂ ਦੀ ਬਿਰਤੀ ਹੀ ਵੇਸਵਾਗਮਨੀ ਹੁੰਦੀ ਹੈ। ਦੋਨੋਂ ਹੀ ਵੇਸਵਾਗੀਰ ਹੁੰਦੇ ਹਨ। ਮੈਨੂੰ ਤਾਂ ਮੈਕਸ ਵੀ ਵੇਸਵਾ ਲੱਗਦਾ ਸੀ ਜੋ ਸਰੀਰਕ ਸੁੱਖ ਪ੍ਰਾਪਤ ਕਰਨ ਲਹੀ ਦੌਲਤ ਖਰਚਦਾ ਸੀ। ਵੇਸਵਾ, ਹਾਂ ਵੇਸਵਾ। ਕਭੀ-ਕਭਾਰ ਤਾਂ ਮੈਨੂੰ ਇਹ ਪੂਰੇ ਦਾ ਪੂਰਾ ਸੰਸਾਰ ਹੀ ਚਕਲਾ ਅਤੇ ਸਾਰੀ ਮਤਲਬੀ ਦੁਨੀਆ ਵੇਸਵਾ ਪ੍ਰਤੀਤ ਹੋਣ ਲੱਗ ਪੈਂਦੀ ਹੈ।

No comments:
Post a Comment