
"ਠਾਹ।" ਅੰਦਰ ਵੜ ਕੇ ਮੈਂ ਘਰ ਦਾ ਦਰਵਾਜ਼ਾ ਭੇੜਿਆ ਹੈ। ਮੋਢੇ ਵਾਲਾ ਹੈਂਡਬੈੱਗ ਚਲਾ ਕੇ ਦੂਰ ਪਏ ਮੇਜ਼ ਉੱਤੇ ਮਾਰਦੀ ਹਾਂ। ਹੁਣੇ ਸਿੱਧੀ ਕੰਮ ਤੋਂ ਆ ਰਹੀ ਹਾਂ। ਇਸ ਹੁੰਮਸ ਵਿੱਚ ਸਾਹ ਜਿਹਾ ਘੁੱਟਿਆ ਜਾ ਰਿਹਾ ਹੈ। ਕਿੰਨੀ ਅੱਗ ਲੱਗੀ ਪਈ ਹੈ। ਮੁੜਕੋ-ਮੁੜਕੀ ਹੋਈ ਪਈ ਹਾਂ। ਖ਼ਬਰ ਨਹੀਂ ਅੱਜ ਗਰਮੀ ਹੈ ਜਾਂ ਪੈਦਲ ਤੁਰੀ ਹੋਣ ਕਰਕੇ ਹੈ? ਵਾਟ ਵੀ ਕਿਹੜਾ ਥੋੜ੍ਹੀ ਤੁਰਨੀ ਪੈਂਦੀ ਹੈ। ਇੱਕ ਤੁਰਦੀ ਵੀ ਮੈਂ ਬਹੁਤ ਕਾਹਲੀ ਹੁੰਦੀ ਹਾਂ। ਸਵੇਰੇ ਘਰ ਤੋਂ ਕੰਮ 'ਤੇ ਅਤੇ ਸ਼ਾਮ ਨੂੰ ਕੰਮ ਤੋਂ ਘਰ ਤੱਕ ਪੂਰੇ ਅੱਠ (ਇੱਕ ਪਾਸੇ ਦੀ ਦੂਰੀ) ਮੀਲ ਚੱਲਣਾ ਪੈਂਦਾ ਹੈ। ਲੱਤਾਂ ਦੁੱਖਣ ਲੱਗ ਜਾਂਦੀਆਂ ਹਨ। ਪੱਟਾਂ ਵਿੱਚ ਖੱਲੀਆਂ ਪਈਆਂ ਪਈਆਂ ਨੇ। ਸ਼ਰੀਰ ਵਿੱਚ ਐਨੀ ਵੀ ਜਾਨ ਨਹੀਂ ਕਿ ਚੌਂਹ ਕਦਮਾਂ 'ਤੇ ਪਏ ਸੋਫੇ ਉੱਤੇ ਜਾ ਕੇ ਬੈਠ ਸਕਾਂ। ਜਿੱਥੇ ਖੜ੍ਹੀ ਹਾਂ, ਉੱਥੇ ਥਹਿੰ ਹੀ ਜ਼ਮੀਨ 'ਤੇ ਥਕਾਵਟ ਨਾਲ ਲੁੜਕ ਕੇ ਡਿੱਗ ਪੈਂਦੀ ਹਾਂ।
ਪਸੀਨੇ ਨਾਲ ਗਿੱਲੇ ਹੋ ਕੇ ਕੱਪੜੇ ਬਿਤਲੇ ਹੋਏ ਸ਼ਰੀਰ ਦੇ ਨਾਲ ਹੀ ਚਿਪਕ ਗਏ ਹਨ। ਪੂਰੇ ਜਿਸਮ ਚੋਂ ਐਨਾ ਮੁਸ਼ਕ ਆ ਰਿਹਾ ਹੈ ਕਿ ਮੈਥੋਂ ਖੁਦ ਆਪਣੀ ਦੁਰਗੰਧ ਨਹੀਂ ਝੱਲ ਹੁੰਦੀ। ਚੌਂਕੜਾ ਮਾਰ ਕੇ ਬੈਠੀ ਹੋਈ ਕੋਟ ਦੇ ਨਾਲ ਹੀ ਬਲਾਊਜ਼ ਨੂੰ ਫੜ ਕੇ ਇੰਝ ਲਾਹ ਦਿੰਦੀ ਹਾਂ, ਜਿਵੇਂ ਕਸਾਈ ਬੱਕਰੇ ਦੀ ਖੱਲ ਉਤਾਰਦਾ ਹੁੰਦਾ ਹੈ। ਬਟਨ ਅਤੇ ਜਿੱਪ ਖੋਲ੍ਹ ਕੇ ਬੈਠੀ-ਬੈਠੀ ਹੀ ਟੇਡੀ ਜਿਹੀ ਹੋ ਕੇ ਝੁੱਲ ਵਰਗੀ ਮੋਟੀ ਤੇ ਤੰਗ ਜ਼ੀਨ ਨੂੰ ਉਤਾਰਨ ਦੀ ਕੋਸ਼ਿਸ਼ ਕਰਦੀ ਹਾਂ, ਜੋ ਕਿ ਪੱਟਾਂ ਵਿੱਚ ਬੁਰੀ ਤਰ੍ਹਾਂ ਫਸੀ ਪਈ ਹੈ। ਅੰਮੀ ਜਦੋਂ ਕਿਸੇ ਦੇ ਇਹੋ ਜਿਹੀਆਂ ਪਤਲੂਨਾਂ ਪਾਈਆਂ ਦੇਖਦੀ ਹੁੰਦੀ ਸੀ ਤਾਂ ਕਟਾਖਸ਼ ਕਰਦੀ ਹੁੰਦੀ ਸੀ।
"ਹੂੰਅ!" ਇਸ ਪੈਂਟ ਨੂੰ ਲਾਹੁਣ ਲਈ ਨਿਆਣਾ ਜੰਮਣ ਜਿੰਨਾ ਜ਼ੋਰ ਲੱਗ ਜਾਂਦਾ ਹੈ। ਦਸ ਘੰਟੇ ਦੀ ਲੰਮੀ ਸ਼ਿਫਟ ਦੇ ਥੱਕੇਵੇਂ ਪਾਰੋਂ ਹੱਡੀਆਂ ਚੂਰ-ਚੂਰ ਹੋਈਆਂ
ਪਈਆਂ ਹਨ। ਬਿਲਕੁਲ ਹਿੰਮਤ ਨਹੀਂ ਹੈ ਮੇਰੇ ਵਿੱਚ। ਬਿੰਦ-ਝੱਟ ਢੂਹੀ ਸਿੱਧੀ ਕਰਨ ਲਈ ਚਲੋ ਇੱਥੇ ਥੱਲੇ ਹੀ ਲੇਟ ਜਾਂਦੀ ਹਾਂ। ਕਾਰਪੈੱਟ ਹੀ ਹੈ। ਇਹ ਕਿਹੜਾ ਫਰਸ਼ ਹੈ ਜਾਂ ਕੱਚਾ ਵਿਹੜਾ ਹੈ ਜੋ ਮੈਂ ਲਿਬੜ ਜਾਉਂਗੀ।
"ਆਹ!" ਭੁੰਜੇ ਕੰਡ ਲਾਉਂਦਿਆਂ ਹੀ ਅਰਾਮ ਆ ਗਿਆ ਹੈ। ਨੀਂਦ ਨਾਲ ਅੱਖਾਂ ਮੀਚਦੀਆਂ ਜਾਂਦੀਆਂ ਹਨ।
***
…ਓ ਮਾਈ ਗੌਡ! ਮੇਰੀ ਤਾਂ ਅੱਖ ਹੀ ਲੱਗ ਗਈ ਸੀ। ਸਾਡੇ ਪੰਜ ਵਜੇ ਦੀ ਆ ਕੇ ਲੇਟੀ ਹੋਈ ਹਾਂ। ਸੱਤ ਵੱਜ ਗਏ ਹਨ। ਪੂਰੇ ਡੇਢ ਘੰਟੇ ਦੀ ਪਈ ਹਾਂ। ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ ਸੀ। ਸੱਚ ਈ ਕਿਸੇ ਸ਼ਾਇਰ ਨੇ ਕਿਹੈ,
ਨੀਂਦ ਨਾ ਦੇਖੇ ਬਿਸਤਰਾ,
ਭੁੱਖ ਨਾ ਦੇਖੇ ਮਾਸ,
ਮੌਤ ਨਾ ਦੇਖੇ ਉਮਰ ਨੂੰ,
ਇਸ਼ਕ ਨਾ ਦੇਖੇ ਜਾਤ।
ਬਥੇਰਾ ਦਮ ਲੈ ਲਿਆ ਹੈ। ਉੱਠਾਂ, ਉੱੱਠ ਕੇ ਨਹਾਵਾਂ-ਧੋਵ੍ਹਾਂ। ਪਿੰਡੇ ਤੋਂ ਮੈਲ ਦੀਆਂ ਬੱਤੀਆਂ ਵੱਟਦੀ ਹੋਈ ਮੈਂ ਖੜ੍ਹੀ ਹੁੰਦੀ ਹਾਂ। ਕੱਛੀ ਉਤਾਰ ਕੇ ਜ਼ਮੀਨ 'ਤੇ ਸਿੱਟਣ ਬਾਅਦ ਤੁਰ ਪੈਂਦੀ ਹਾਂ ਅਤੇ ਤੁਰੀ ਜਾਂਦੀ ਹੁੱਕ ਖੋਲ੍ਹ ਕੇ ਬਰ੍ਹਾ ਨੂੰ ਵੀ ਰਸਤੇ ਵਿੱਚ ਸਿੱਟ ਦਿੰਦੀ ਹਾਂ। ਮੁਕੰਮਲ ਨੰਗੀ ਹੋ ਕੇ ਬਾਥਰੂਮ ਵਿੱਚ ਪਰਵੇਸ਼ ਕਰਦੀ ਹਾਂ। ਦਰਵਾਜ਼ਾ ਖੁੱਲ੍ਹਾ ਹੀ ਛੱਡ ਦਿੰਦੀ ਹਾਂ। ਕਿਹੜਾ ਕਿਸੇ ਦੇ ਆਉਣ ਦਾ ਡਰ ਹੈ। ਮੈਂ ਇਕੱਲੀ ਹੀ ਤਾਂ ਹਾਂ ਇਸ ਵਕਤ ਘਰ ਵਿੱਚ। ਵੱਧ ਤੋਂ ਵੱਧ ਮੈਕਸ ਹੀ ਆ ਸਕਦਾ ਹੈ। ਉਸਦੀ ਕੋਈ ਪਰਵਾਹ ਨਹੀਂ। ਉਸਨੇ ਤਾਂ ਸਾਰਾ ਕੁੱਝ ਤੱਕਿਆ ਹੋਇਆ ਹੈ। ਉਹ ਵੀ ਐਨੀ ਨਿਰਖ ਨਾਲ ਕਿ ਉਨੀ ਚੰਗਾ ਤਰ੍ਹਾਂ ਮੈਂ ਆਪ ਵੀ ਆਪਣੇ ਜਿਸਮ ਨੂੰ ਨਹੀਂ ਦੇਖਿਆ ਹੋਣਾ। ਸਾਰੀ ਰਾਤ ਤਾਂ ਮੈਂ ਉਹਦੇ ਨਾਲ ਬਿਨਾਂ ਕੱਪੜਿਆਂ ਤੋਂ ਗੁਜ਼ਾਰਦੀ ਹਾਂ। ਫਿਰ ਹੁਣ ਨਹਾਉਣ ਲਈ ਕੁੰਡੀ ਲਾਉਣ ਦਾ ਕੀ ਕੰਮ? ਵੈਸੇ ਵੀ ਮੈਂ ਕਦੇ ਕੁੰਡੀ ਲਾਈ ਹੀ ਨਹੀਂ। ਸੱਚ ਪੁੱਛੋਂ ਤਾਂ ਕੁੰਡੀ ਲੱਗਦੀ ਹੀ ਨਹੀਂ। ਜਦੋਂ ਦੀ ਮੈਕਸ ਨੇ ਤੋੜੀ ਹੈ, ਉਦੋਂ ਦੀ ਠੀਕ ਹੀ ਨਹੀਂ ਕਰਵਾਈ। ਕੋਈ ਵੀ ਐਸੀ ਗੱਲ ਨਹੀਂ ਸੀ ਹੋਈ ਕਿ ਬੰਦਾ ਘਰ ਦੀਆਂ ਚੀਜ਼ਾਂ ਭੰਨਣ ਲੱਗ ਜਾਵੇ। ਮਾਮਲਾ ਸਿਰਫ਼ ਐਨਾ ਸੀ ਕਿ ਟੈਲੀਵਿਜ਼ਨ ਦਾ ਰੀਮੋਟ ਕੰਟਰੋਲ ਕਿਤੇ ਸਿਰਹਾਣੇ ਹੇਠ ਲੁੱਕ ਕੇ ਦੱਬਿਆ ਗਿਆ ਸੀ। ਮੈਕਸ ਨੇ ਉੱਥੇ ਨਾ ਦੇਖਿਆ ਤੇ ਹੋਰ ਸਾਰੇ ਥਾਵੀਂ ਭਾਲਦਾ ਰਿਹਾ। ਜਦ ਟੋਲ-ਟੁਲ ਕੇ ਥੱਕ ਗਿਆ ਤੇ ਨਾ ਮਿਲਿਆ ਤਾਂ ਮੈਨੂੰ ਹਾਕ ਮਾਰੀ। ਮੈਂ ਗੁਸਲਖਾਨੇ ਵਿੱਚ ਨਹਾਉਂਦੀ ਸੀ। ਪਾਣੀ ਦੇ ਖੜਕੇ ਵਿੱਚ ਮੈਨੂੰ ਮੈਕਸ ਦੀ ਅਵਾਜ਼ ਸੁਣਾਈ ਨਾ ਦਿੱਤੀ। ਬਸ ਏਨੇ ਵਿੱਚ ਹੀ ਖਿੱਝ ਕੇ ਆ ਗਿਆ। ਦਰਵਾਜ਼ੇ ਵਿੱਚ ਲੱਤਾਂ ਮਾਰ-ਮਾਰ ਚਿਟਕਣੀ ਤੋੜ ਦਿੱਤੀ ਤੇ ਮੈਨੂੰ ਕੁੱਟਣ ਲੱਗ ਗਿਆ, "ਮਾਂ ਯਾਵੀਏ, ਦੱਸ ਰੀਮੋਟ ਕਿੱਥੇ ਆ?"
ਪਹਿਲਾਂ ਤਾਂ ਮੈਂ ਕਹਿਣ ਲੱਗੀ ਸੀ, "ਰੀਮੋਰਟ ਕੰਟਰੋਲ ਕੋਈ ਸਾਬਣ, ਸ਼ੈਪੂ ਹੈ ਜਾਂ ਕੋਈ ਝਾਵਾਂ, ਕੂਚੀ ਐ ਜਿਹੜਾ ਲੈ ਕੇ ਮੈਂ ਗੁਸਲਖਾਨੇ ਵਿੱਚ ਨਹਾਉਣ ਵੜ ਗਈ ਹੋਵਾਂ। ਜਿੱਥੇ ਟੈਲੀਵਿਜ਼ਨ ਪਿਆ ਹੈ, ਉੱਥੇ ਹੀ ਨੇੜੇ-ਤੇੜੇ ਰੀਮੋਰਟ ਹੋਵੇਗਾ। ਐਨੀ ਕੁ ਤਾਂ ਸਾਲੀ ਬੰਦੇ ਵਿੱਚ ਕੌਮਨਸੈਂਸ ਹੋਣੀ ਚਾਹੀਦੀ ਹੈ। ਐਡੀ ਛੇਤੀ ਕੀ ਹਨੇਰੀ ਆਉਂਦੀ ਸੀ? ਮੈਂ ਨਹਾ ਕੇ ਨਿਕਲਣਾ ਹੀ ਸੀ। ਫਿਰ ਲੱਭ ਕੇ ਦੇ ਦਿੰਦੀ। ਨੁਕਸਾਨ ਕਰ ਕੇ ਰੱਖ ਦਿੱਤੈ। ਸਾਰੇ ਦਰਵਾਜ਼ੇ ਦਾ ਫਾਹਾ ਵੱਢਿਆ ਗਿਆ ਹੈ। ਹੁਣ ਉਸ ਰੋਜ਼ ਦਾ ਦਰਵਾਜ਼ਾ ਖੁੱਲ੍ਹਾ ਹੀ ਹੁੰਦਾ ਹੈ।"
ਬਾਥ-ਟੱਬ ਵਿੱਚ ਵੜ ਕੇ ਮੈਂ ਪੌਲੇਥੀਨ ਦੀ ਚਿਲਮਨ ਖਿੱਚ ਕੇ ਆਪਣੇ ਇਰਦ-ਗਿਰਦ ਦਿਵਾਰ ਜਿਹੀ ਬਣਾ ਲੈਂਦੀ ਹਾਂ ਤਾਂ ਕਿ ਪਾਣੀ ਦੇ ਛਿੱਟੇ ਟੱਬ ਤੋਂ ਬਾਹਰ ਫਰਸ਼ 'ਤੇ ਨਾ ਡਿੱਗਣ। ਫਰਸ਼ 'ਤੇ ਵਿੱਛੀ ਲਾਈਨੋ 'ਤੇ ਪਾਣੀ ਡੁੱਲ੍ਹ ਕੇ ਚਿੱਕੜ ਹੋ ਜਾਵੇ ਤਾਂ ਤਿਲਕਣ ਹੋ ਜਾਂਦੀ ਹੈ। ਪੈਰ ਫਿਸਲ ਕੇ ਡਿੱਗਣ ਦਾ ਡਰ ਰਹਿੰਦਾ ਹੈ। ਮੈਨੂੰ ਤਾਂ ਕੋਈ ਸਾਂਭਣ ਵਾਲਾ ਵੀ ਨਹੀਂ। ਇੱਕ ਵਾਰ ਗਿੱਲੀ ਲਾਇਨੋ ਤੋਂ ਮੇਰਾ ਪੈਰ ਸਲਿੱਪ ਕਰ ਗਿਆ ਸੀ ਤੇ ਮੈਂ ਡਿੱਗ ਪਈ। ਢੂਹੀ 'ਤੇ ਐਸੀ ਕਸੂਤੀ 'ਤੇ ਜ਼ੋਰਦਾਰ ਸੱਟ ਲੱਗੀ ਸੀ ਕਿ ਦੋ ਤਿੰਨ ਹਫਤੇ ਮੰਜੇ ਤੋਂ ਨਹੀਂ ਸੀ ਹਿੱਲ ਹੋਇਆ। ਉਦੋਂ ਐਨੀ ਜ਼ਿਆਦਾ ਔਖੀ ਹੋਈ ਸੀ ਕਿ ਰਹੇ ਰੱਬ ਦਾ ਨਾਂ। ਮੈਕਸ ਨੇ ਤਾਂ ਪਾਣੀ ਦੀ ਘੁੱਟ ਤੱਕ ਨਹੀਂ ਸੀ ਫੜਾਈ। ਜੇ ਬੁੱਲ੍ਹ ਸੁੱਕਿਆਂ ਤੋਂ ਪਾਣੀ ਹੱਥ ਹੇਠ ਹੁੰਦਾ ਸੀ ਤਾਂ ਪੀ ਲੈਂਦੀ ਹੁੰਦੀ ਸੀ। ਨਹੀਂ ਉਵੇਂ ਭੁੱਖੀ ਪਿਆਸੀ ਪਈ ਰਹਿੰਦੀ ਹੁੰਦੀ ਸੀ। ਢੂਹੀ ਮੇਰੀ ਡਾਕਟਰਾਂ ਨੇ ਫੱਟੀਆਂ ਨਾਲ ਬੰਨ੍ਹੀ ਹੋਈ ਸੀ। ਆਪਣੇ ਆਪ ਉੱਠਣ ਜੋਗੀ ਨਹੀਂ ਸੀ। ਟੱਟੀ ਪਿਸ਼ਾਬ ਮੇਰਾ ਉੱਤੇ ਬਿਸਤਰੇ 'ਤੇ ਹੀ ਨਿਕਲਦਾ ਹੁੰਦਾ ਸੀ। ਕਈ ਹਫਤੇ ਨਰਕ ਭਰਨਾ ਪਿਆ ਸੀ। ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਸੀ। ਹੁਣ ਹਰ ਥਾਂ ਪੂਰੀ ਸਾਵਧਾਨੀ ਵਰਤਦੀ ਹਾਂ। ਮਾੜੀ ਜਿਹੀ ਅਣਗਿਹਲੀ ਕਰਕੇ ਹੀ ਬੰਦੇ ਨੂੰ ਪਛਤਾਉਣਾ ਪੈਂਦਾ ਹੈ।
ਫੁਆਰੇ ਦੀ ਸਵਿੱਚ ਔਨ ਕਰਕੇ ਪਾਣੀ ਛੱਡਦੀ ਹਾਂ। ਬਰਫ਼ ਵਰਗਾ ਸੀਤਲ ਨੀਰ ਮੇਰੀ ਛਾਤੀ ਉੱਤੇ ਡਿੱਗਦਾ ਹੈ। "ਹਈ…ਅ!" ਦੰਦ ਮੀਚ ਕੇ ਧੁੜਧੜੀ ਲੈਂਦੀ ਹੋਈ ਮੈਂ ਫੁਆਰੇ ਥੱਲਿਉ ਇੱਕਦਮ ਪਾਸੇ ਹਟ ਜਾਂਦੀ ਹਾਂ। ਪਾਣੀ ਠੰਡਾ-ਤੱਤਾ ਕਰਨ ਵਾਲੇ ਫੁਆਰੇ ਦੇ ਬਟਨ ਨੂੰ ਘੁੰਮਾ ਕੇ ਉਸਦੀ ਅਵਸਥਾ ਕੋਸੇ ਪਾਣੀ ਉੱਤੇ ਕਰ ਦਿੰਦੀ ਹਾਂ। ਧਾਰ ਥੱਲੇ ਹੱਥ ਕਰਕੇ ਪਾਣੀ ਨੂੰ ਜਾਂਚਦੀ ਹਾਂ। ਹਾਂ, ਇਹ ਹੋਈ ਨਾ ਗੱਲ। ਹੁਣ ਮੇਰੀ ਮਰਜ਼ੀ ਦੇ ਮੁਤਾਬਕ ਦਾ ਨਿੱਘਾ ਪਾਣੀ ਨਿਕਲ ਰਿਹਾ ਹੈ।
ਮੈਂ ਫਿਰ ਫੁਆਰੇ ਹੇਠ ਹੋ ਗਈ ਹਾਂ। "ਆਹ…ਹਾ…ਹਾ!" ਬਈ ਅਰਾਮ ਆ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ ਕੋਈ ਮਾਲਸ਼ ਕਰਕੇ ਲੱਤਾਂ-ਬਾਹਾਂ ਘੁੱਟ ਰਿਹਾ ਹੋਵੇ। ਹੱਡ ਖੁੱਲ੍ਹ-ਖੁੱਲ੍ਹ ਜਾਂਦੇ ਹਨ ਤੱਤੇ ਪਾਣੀ ਨਾਲ।
ਫੁਆਰਾ ਰੋਕਦੀ ਹਾਂ ਤੇ ਤਰਲ ਸਾਬਣ ਬੌਡੀ-ਸਪੰਜ਼ ਉੱਤੇ ਪਾ ਕੇ ਪਿੰਡੇ 'ਤੇ ਮਲਦੀ ਹਾਂ। ਮੌਰ, ਢਿੱਡ, ਛਾਤੀ, ਪੱਟ, ਲੱਤਾਂ, ਬਾਹਾਂ, ਡੌਲੇ, ਕੱਛਾਂ। ਸਾਰਾ ਸ਼ਰੀਰ ਝੱਗੋ-ਝੱਗ ਹੋਇਆ ਪਿਆ ਹੈ। ਦੁਬਾਰਾ ਫੁਆਰਾ ਚਲਾਇਆ ਹੈ। ਪਾਣੀ ਪਾ ਕੇ ਸਾਰਾ ਸਾਬਣ ਲਾਹ ਦਿੱਤਾ ਹੈ। ਸਾਬਣ ਵਿੱਚਲੇ ਤੇਲ ਕਾਰਨ ਪਾਣੀ ਦੀਆਂ ਬੂੰਦਾਂ ਪਿੰਡੇ ਉੱਤੋਂ ਤਿਲਕਦੀਆਂ ਜਾਂਦੀਆਂ ਹਨ। ਪਾਣੀ ਕੁੱਝ ਗਰਮ ਲੱਗਦਾ ਹੈ। ਬਟਨ ਮਰੋੜ ਕੇ ਠੰਡੇ ਪਾਸੇ ਕਰ ਦਿੰਦੀ ਹਾਂ। ਹੋਰ ਹੋਰ ਬਸ ਇੱਥੇ ਠੀਕ ਹੈ। ਨਾ ਠੰਡਾ; ਨਾ ਤੱਤਾ, ਦਰਮਿਆਨਾ ਜਿਹਾ। ਜੀਅ ਕਰਦਾ ਹੈ ਬਰਫ਼ ਵਾਲੇ ਪਾਣੀ ਨਾਲ ਨਹਾਵਾਂ, ਤਾਂ ਗਰਮੀ ਮਰੂ। ਫੁਆਰੇ ਹੇਠੋਂ ਪਰ੍ਹੇ ਹੋਣ ਨੂੰ ਉੱਕਾ ਹੀ ਦਿਲ ਨਹੀਂ ਕਰਦਾ ਹੈ। ਚਿੱਤ ਕਰਦਾ ਹੈ ਇਸੇ ਤਰ੍ਹਾਂ ਪਾਣੀ ਹੇਠ ਖੜ੍ਹੀ ਨਹਾਈ ਜਾਵਾਂ।
ਹਟ ਮਨਾ! ਬਿੱਲ ਵੀ ਮੈਂ ਹੀ ਦੇਣਾ ਹੈ। ਨਿਕਲਾਂ। ਪਾਣੀ ਬੰਦ ਕਰਕੇ ਪਰਦੇ ਪਿਛਾਂਹ ਕਰ ਦਿੰਦੀ ਹਾਂ ਤੇ ਤੌਲੀਆ ਖਿੱਚ ਕੇ ਪਿੰਡਾ ਪੂੰਝਣ ਲੱਗਦੀ ਹਾਂ। ਤੌਲੀਆ ਗਿੱਲਾ ਤੇ ਮੇਰਾ ਪਿੰਡਾ ਸੁੱਕਾ ਹੋ ਗਿਆ ਹੈ। ਗੱਚ ਹੋਇਆ ਤੌਲੀਆ ਰੇਡੀਈਟਰ 'ਤੇ ਪਾ ਦਿੰਦੀ ਹਾਂ। ਸੈਂਟਰਲ ਹੀਟਿੰਗ ਲੱਗੀ ਹੋਈ ਹੈ। ਰੇਡੀਈਟਰ ਤਪੇ ਹੋਏ ਹਨ। ਜਲਦ ਹੀ ਸੁੱਕ ਜਾਵੇਗਾ।
ਹੁਣ ਮੈਂ ਕੋਈ ਕੱਪੜਾ ਨਹੀਂ ਪਾਉਣਾ। ਰੋਜ਼ ਮੈਂ ਇਸੇ ਤਰ੍ਹਾਂ ਹੀ ਕਰਦੀ ਹਾਂ। ਘਰੇ ਕੁੱਝ ਨਹੀਂ ਪਾਉਂਦੀ। ਅਜ਼ਲ 'ਚ ਵੀ ਇਨਸਾਨ ਹਰ ਵੇਲੇ ਨੰਗੇ ਹੀ ਰਹਿੰਦੇ ਹੁੰਦੇ ਸਨ। ਫਿਰ ਹੌਲੀ-ਹੌਲੀ ਆਦਿ ਮਾਨਵਾਂ ਨੇ ਠੰਡ ਤੋਂ ਬਚਣ ਲਈ ਆਪਣੇ ਆਪਨੂੰ ਰੁੱਖਾਂ ਦੇ ਪੱਤਿਆਂ ਨਾਲ ਢੱਕਣਾ ਸ਼ੁਰੂ ਕਰ ਦਿੱਤਾ। ਇਉਂ ਭੋਜ ਪੱਤਿਆਂ ਦੀਆਂ ਪੁਸ਼ਾਕਾਂ ਈਜ਼ਾਦ ਹੋ ਗਈਆਂ ਤੇ ਵਿਕਾਸ ਕਰਕੇ ਮੌਜੂਦਾ ਵਸਤਰਾਂ ਦਾ ਰੂਪ ਧਾਰਨ ਕਰ ਗਈਆਂ। ਪੱਤਿਆਂ ਦੀ ਪੁਸ਼ਾਕ ਤੋਂ ਮੈਨੂੰ ਇੱਕ ਲਤੀਫਾ ਯਾਦ ਆਇਆ ਹੈ।
ਇੱਕ ਵਾਰ ਇੱਕ ਪਤੀ ਪਤਨੀ ਚਿੱਤਰਕਲਾ ਦੀ ਪ੍ਰਦਰਸ਼ਨੀ ਦੇਖਣ ਗਏ। ਪਤੀ ਦੇਵ ਇੱਕ ਔਰਤ ਦੀ ਖ਼ੂਬਸੂਰਤ ਤਸਵੀਰ ਅੱਗੇ ਖੜ੍ਹ ਗਏ। ਇਹ ਪੇਂਟਿੰਗ ਇੱਕ ਅਜਿਹੀ ਔਰਤ ਦੀ ਸੀ ਜਿਸਨੇ ਆਪਣੇ ਸ਼ਰੀਰ ਦੇ ਦੁਆਲੇ ਸਿਰਫ਼ ਪੱਤੇ ਲਪੇਟ ਕੇ ਹੀ ਤਨ ਨੂੰ ਢੱਕਿਆ ਹੋਇਆ ਸੀ। ਜਦੋਂ ਪਤੀ ਨੂੰ ਉਸ ਚਿੱਤਰ ਵੱਲ ਟਿਕਟਕੀ ਲਾਈ ਬੜੇ ਗਹੁ ਨਾਲ ਤੱਕਦਿਆਂ ਕਾਫ਼ੀ ਦੇਰ ਹੋ ਗਈ ਤਾਂ ਪਤਨੀ ਨੇ ਉਸਦੀ ਬਾਂਹ ਫੜ੍ਹ ਕੇ ਖਿੱਚਦਿਆਂ ਕਿਹਾ, "ਆਉ ਚਲੋ ਵੀ, ਹੁਣ ਕੀ ਉਡੀਕਦੇ ਹੋ?"
ਤਸਵੀਰ ਵਿੱਚ ਨਿਗਾਹ ਗੱਡੀ ਖੜ੍ਹੇ ਪਤੀ ਸਾਹਿਬ ਨੇ ਜੁਆਬ ਦਿੱਤਾ, "ਬੇਗਮ ਤੂੰ ਚੱਲ, ਮੈਂ ਤਾਂ ਪੱਤਝੜ ਦਾ ਇੰਤਜ਼ਾਰ ਕਰ ਰਿਹਾਂ।"
ਵੈਸੇ ਵੀ ਕੱਪੜੇ ਪਹਿਨਣ ਦਾ ਕੀ ਫਾਇਦਾ ਇਨਸਾਨ ਨੰਗਾ ਹੀ ਇਸ ਦੁਨੀਆਂ ਵਿੱਚ ਆਉਂਦਾ ਹੈ ਤੇ ਨੰਗਾ ਹੀ ਇਸ ਜ਼ਹਾਨ ਤੋਂ ਰੁਖਸਤ ਹੋ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, "ਕਪੜੁ ਰੂਪ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ। ਨੰਗਾ ਦੋਜਕਿ ਚਾਲਿਆ ਤਾਂ ਦਿਸੈ ਖਰਾ ਡਰਾਵਣਾ।" ਇਨਸਾਨ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ। ਉਹੀ ਦਰਗਾਹ ਵਿੱਚ ਨਾਲ ਜਾਂਦੇ ਹਨ। ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।
ਮੈਂ ਨਿਰਵਸਤਰ ਇਸ ਲਈ ਨਹੀਂ ਹਾਂ ਕਿ ਮੇਰੇ ਕੋਲ ਕੋਈ ਵਸਤਰ ਨਹੀਂ ਹੈ। ਹਨ, ਬਹੁਤ ਹਨ। ਢੇਰਾਂ ਦੇ ਢੇਰ ਜਮ੍ਹਾਂ ਕਰੀ ਬੈਠੀ ਹਾਂ। ਪਰ ਅਲਮਾਰੀਆਂ ਭਰਨ ਦਾ ਕੀ ਲਾਭ? ਪਹਿਨਣੇ ਤਾਂ ਕੱਪੜੇ ਦੋ ਹੀ ਹੁੰਦੇ ਹਨ। ਹਰ ਵੇਲੇ ਨੰਗ-ਮੁਨੰਗੀ ਰਹਿਣ ਦੀ ਆਦਤ ਮੇਰੀ ਪੱਕ ਚੁੱਕੀ ਹੈ। ਪਹਿਲੇ ਪਹਿਲ ਤਾਂ ਕੱਪੜੇ ਲਾਹੁਣ ਇਸ ਲਈ ਗਿੱਝੀ ਸੀ ਕਿਉਂਕਿ ਮੈਂ ਸੈਕਸ ਬਹੁਤ ਕਰਦੀ ਹੁੰਦੀ ਸੀ। ਬਿੰਦੇ-ਬਿੰਦੇ ਲੀੜੇ ਲਾਹੁਣ ਅਤੇ ਪਾਉਣ ਦੇ ਝੰਜਟ ਵਿੱਚ ਪੈਣ ਤੋਂ ਬਚਣ ਲਈ ਮੈਂ ਕੱਪੜੇ ਪਾਉਂਦੀ ਹੀ ਨਹੀਂ ਸੀ ਹੁੰਦੀ। ਜਦੋਂ ਜੀਅ ਕਰਨਾ ਮੈਕਸ ਨੂੰ ਧੂਹ ਲੈਂਦੀ ਹੁੰਦੀ ਸੀ। ਮੈਕਸ ਨੂੰ ਵੀ ਮੇਰਾ ਨਗਨ ਸ਼ਰੀਰ ਦੇਖ ਕੇ ਹੀ ਅੱਗ ਲੱਗਦੀ ਹੁੰਦੀ ਸੀ। ਟੁੱਟ ਕੇ ਪੈ ਜਾਂਦਾ ਹੁੰਦਾ ਸੀ। ਫਿਰ ਹੌਲੀ-ਹੌਲੀ ਸਾਡੇ ਵਿੱਚ ਸੈਕਸ ਅਤੇ ਪਿਆਰ ਘੱਟਦਾ ਗਿਆ ਤੇ ਤਨਾਅ ਅਤੇ ਬੇਜਾਰਪਨ ਵੱਧਦਾ ਗਿਆ। ਵਿੱਚ ਜਿਹੇ ਤਾਂ ਹਾਲਤ ਇਸ ਹੱਦ ਤੱਕ ਪਹੁੰਚ ਗਈ ਕਿ ਅਸੀਂ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਬੋਰ ਹੋ ਗਏ ਸੀ। ਉਸ ਦੌਰ ਵਿੱਚ ਮੈਂ ਐਨੀ ਜ਼ਿਆਦਾ ਡਿਪਰੈੱਸਡ ਰਹਿਣ ਲੱਗ ਪਈ ਸੀ ਕਿ ਮੈਨੂੰ ਆਪਣੀ ਸੁੱਧ-ਬੁੱਧ ਹੀ ਨਹੀਂ ਰਹੀ ਸੀ। ਜਦੋਂ ਇਨਸਾਨ ਨੂੰ ਆਪਣੀ ਹੋਸ਼ ਹੀ ਨਾ ਰਹੇ, ਫਿਰ ਉਸਨੂੰ ਇਸ ਗੱਲ ਦੀ ਬਿਲਕੁਲ ਕੋਈ ਸਾਰ ਨਹੀਂ ਰਹਿੰਦੀ ਕਿ ਉਸਨੇ ਕੀ ਪਹਿਨਿਆ ਹੈ, ਕੀ ਨਹੀਂ। ਕੁੱਝ ਪਹਿਨਿਆ ਵੀ ਹੈ ਜਾਂ ।
ਹੁਣ ਮੈਂ ਕੱਪੜੇ ਇਸ ਲਈ ਨਹੀਂ ਪਹਿਨਦੀ ਤਾਂ ਕਿ ਮੇਰੇ ਅੰਦਰ ਜਿਹੜਾ ਸੈਕਸ ਜਜ਼ਬਾ ਹੈ ਉਹ ਮਰਿਆ ਰਹੇ। ਜਦੋਂ ਤੁਸੀਂ ਖੁਦ ਵੀ ਨੰਗੇ ਅਤੇ ਦੁਸਰਿਆਂ ਨੂੰ ਵੀ ਅਣਕੱਜੇ ਦੇਖਦੇ ਹੋ ਤਾਂ ਤੁਹਾਡੇ ਅੰਦਰੋਂ ਕਾਮ ਦੀ ਕਸ਼ਿਸ਼ ਘੱਟ ਜਾਂਦੀ ਹੈ। -ਜੈਨ ਧਰਮ ਦੇ ਦੋ ਮੁੱਖ ਸੰਪਰਦਾਇ ਹੁੰਦੇ ਹਨ;- ਇੱਕ ਨੂੰ ਸ਼ਵੇਤਾਂਬਰ ਕਿਹਾ ਜਾਂਦਾ ਹੈ ਜੋ ਹਮੇਸ਼ਾ ਸਿਰਫ਼ ਸਫੈਦ ਕੱਪੜੇ ਹੀ ਧਾਰਨ ਕਰਦੇ ਹਨ। ਦੂਜਾ ਦਿਗੰਬਰ ਹੁੰਦਾ ਹੈ, ਜੋ ਵਸਤਰ ਪਹਿਨਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਭਾਰਤ ਵਿੱਚ ਸਾਧਾਂ ਦਾ ਇੱਕ ਵਿਸ਼ੇਸ਼ ਵਰਗ ਹੈ ਉਨ੍ਹਾਂ ਨੂੰ ਨੰਗੇ ਸਾਧੂ ਕਹਿੰਦੇ ਹਨ। ਉਹ ਸਾਧ ਬਿਲਕੁਲ ਕੋਈ ਕੱਪੜਾ ਨਹੀਂ ਪਹਿਨਦੇ ਅਤੇ ਦਿਨ ਰਾਤ ਨੰਗੇ ਤੁਰੇ ਫਿਰਦੇ ਰਹਿੰਦੇ ਹਨ। ਇਸ ਪਿੱਛੇ ਉਨ੍ਹਾਂ ਦਾ ਇਹੀ ਮਕਸਦ ਹੈ ਕਿ ਉਨ੍ਹਾਂ ਵਿੱਚ ਸੰਭੋਗ ਦੀ ਇੱਛਾ ਨਾ ਉਤਪਨ ਹੋਵੇ। ਉਨ੍ਹਾਂ ਅੰਦਰੋਂ ਸੈਕਸ ਮਰ ਜਾਵੇ।
ਕਾਮ ਇੱਕ ਪਹਾੜੀ ਦੀ ਨਿਆਈ ਹੁੰਦਾ ਹੈ। ਜਿਵੇਂ ਅਸੀਂ ਪਹਾੜੀ 'ਤੇ ਚੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਮੂਹਰਿਉਂ ਚੜ੍ਹਾਈ ਆਉਂਦੀ ਜਾਂਦੀ ਹੈ। ਜਿਉਂ-ਜਿਉਂ ਅਸੀਂ ਚੜ੍ਹਦੇ ਜਾਂਦੇ ਹਾਂ ਤਾਂ ਤਿਉਂ-ਤਿਉਂ ਅਸੀਂ ਖੁਦ ਵੀ ਉੱਚੇ ਉੱਠਦੇ ਜਾਂਦੇ ਹਾਂ ਤੇ ਅੱਗੋਂ ਦੀ ਅੱਗੋਂ ਵੀ ਹੋਰ ਉਚਾਈ ਆਉਂਦੀ ਜਾਂਦੀ ਹੈ। ਜਦ ਅਸੀਂ ਟੀਸੀ 'ਤੇ ਪਹੁੰਚ ਜਾਂਦੇ ਹਾਂ ਤਾਂ ਉੱਥੇ ਖੜ੍ਹ ਕੇ ਸਾਨੂੰ ਆਸੇ-ਪਾਸੇ ਦਾ ਸਾਰਾ ਨਜ਼ਾਰਾ ਦਿਖਾਈ ਦੇਣ ਲੱਗ ਜਾਂਦਾ ਹੈ। ਅਸੀਂ ਧਰਤੀ ਦੀਆਂ ਚੀਜ਼ਾਂ ਜ਼ਮੀਨ 'ਤੇ ਰਹਿ ਕੇ ਤਾਂ ਦੇਖੀਆਂ ਹੀ ਹੁੰਦੀਆਂ ਹਨ। ਪਰ ਬੁਲੰਦੀ ਉੱੱਪਰ ਚੜ੍ਹ ਕੇ ਉਹ ਦ੍ਰਿਸ਼ ਕਿਵੇਂ ਦੇ ਅਤੇ ਕਿੰਨੇ ਕੁ ਭਿੰਨ ਲੱਗਦੇ ਹਨ। ਇਹ ਉੱਥੇ ਪਹੁੰਚ ਕੇ ਹੀ ਜਾਣਿਆ ਜਾ ਸਕਦਾ ਹੈ। ਫਿਰ ਅਸੀਂ ਟੀਸੀ ਤੋਂ ਅਗਾਂਹ ਵੱਧਣ ਲਈ ਜਿੰਨੇ ਕਦਮ ਵੀ ਪੱਟਦੇ ਹਾਂ ਉਨ੍ਹਾਂ ਹੀ ਅਸੀਂ ਥੱਲੇ ਉਤਰਦੇ ਆਉਂਦੇ ਹਾਂ। ਇਸ ਤਰ੍ਹਾਂ ਅਸੀਂ ਉਸ ਪਹਾੜੀ ਨੂੰ ਪਾਰ ਕਰ ਲੈਂਦੇ ਹਾਂ। ਇਵੇਂ ਹੀ ਸੰਭੋਗ ਵਿੱਚ ਹੁੰਦਾ ਹੈ। ਕਾਮ ਪਹਾੜੀ ਨੂੰ ਪਾਰ ਕਰਨ ਲਈ ਸਾਨੂੰ ਘੱਟੋ-ਘੱਟ ਇੱਕ ਵਾਰ ਤਾਂ ਜ਼ਰੂਰ ਉਸਦੀ ਟੀਸੀ 'ਤੇ ਚੜ੍ਹਨਾ ਪੈਂਦਾ ਹੈ। ਟੀਸੀ 'ਤੇ ਚੜ੍ਹੇ ਬਿਨਾਂ ਅਸੀਂ ਉਸਨੂੰ ਪਾਰ ਨਹੀਂ ਕਰ ਸਕਦੇ। ਹਾਂ, ਪਾਸਿਉਂ ਦੀ ਲੰਘ ਕੇ ਜਾਂ ਬਾਈਪਾਸ ਮਾਰ ਕੇ ਅਸੀਂ ਬਿਨਾਂ ਚੜ੍ਹਿਆਂ ਪਹਾੜੀ ਦੇ ਦੂਜੇ ਪਾਰ ਤਾਂ ਜਾ ਸਕਦੇ ਹਾਂ। ਲੇਕਿਨ ਅਸੀਂ ਪਹਾੜੀ ਤੋਂ ਦਿਸਣ ਵਾਲੇ ਦ੍ਰਿਸ਼ਾਂ ਨੂੰ ਦੇਖਣ ਤੋਂ ਮਹਿਰੂਮ ਰਹਿ ਜਾਵਾਂਗੇ। ਸਹੀ ਨਿਰਣਾ ਕਰਨ ਲਈ ਤਾਂ ਸਾਨੂੰ ਉਸਨੂੰ ਚੜ੍ਹ ਕੇ ਹੀ ਦੇਖਣਾ ਪਵੇਗਾ। ਮੈਂ ਵੀ ਪਹਿਲੇ-ਪਹਿਲ ਕ੍ਰਿੜਾ ਕਰਨ 'ਤੇ ਬਹੁਤ ਦੱਬ ਦਿੱਤਾ ਤੇ ਕਾਮ ਦੀ ਪਹਾੜੀ 'ਤੇ ਚੜ੍ਹਦੀ ਗਈ। ਸਿਖਰ 'ਤੇ ਪਹੁੰਚ ਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਸੈਕਸ ਤਾਂ ਕੁੱਝ ਵੀ ਨਹੀਂ ਹੈ। ਕਿਉਂ ਮੈਂ ਇਸ ਚੰਦ ਲਮਹਿਆਂ ਦੇ ਖੇਲ ਪਿੱਛੇ ਪਾਗਲ ਹੋਈ ਪਈ ਹਾਂ। ਦੁਨੀਆ ਵਿੱਚ ਸੈਕਸ ਤੋਂ ਸਿਵਾਏ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ। ਤੇ ਉਹ ਸਭ ਕੁੱਝ ਮੈਂ ਤਾਂ ਹੀ ਦੇਖ ਸਕੀ ਹਾਂ ਕਿਉਕਿ ਮੈਂ ਸੈਕਸ ਦੀ ਪਹਾੜੀ ਦੀ ਚੋਟੀ ਉੱਤੇ ਖੜ੍ਹੀ ਸੀ। ਹੁਣ ਮੇਰੇ ਵਿੱਚ ਸੈਕਸ ਦੀ ਉਹ ਪਹਿਲਾਂ ਵਾਲੀ ਲਾਲਸਾ ਨਹੀਂ ਰਹੀ। ਤਦੇ ਹੀ ਮੈਂ ਦੁਨੀਆਦਾਰੀ ਨੂੰ ਸਮਝਣ ਯੋਗੀ ਹੋਈ ਹਾਂ। ਵੈਸੇ ਮੇਰੇ ਕਹਿਣ ਦਾ ਇਹ ਤਾਤਪਰਜ਼ ਨਹੀਂ ਹੈ ਕਿ ਕੱਪੜਿਆਂ ਦਾ ਤਿਆਗ ਕਰਕੇ ਹੀ ਇਨਸਾਨ ਨੂੰ ਅਕਲ ਆਉਂਦੀ ਹੈ।
ਭੁੱਖ ਲੱਗੀ ਹੋਈ ਹੈ। ਕੁੱਝ ਪੇਟ ਪੂਜਾ ਦਾ ਬੰਦੋਬਸਤ ਕਰਾਂ। ਰਸੋਈ ਵਿੱਚ ਜਾ ਕੇ ਖਾਣ ਲਈ ਕੁੱਝ ਬਣਾਉਂਦੀ ਹਾਂ। ਕੱਲ੍ਹ ਦੇ ਸੂਸ਼ੀ ਰੋਲ ਅਤੇ ਪਿਕਿੰਗ ਡੱਕ ਵੀ ਪਈ ਹੋਣੀ ਹੈ। ਉਹੀ ਕੁੱਝ ਤੱਤਾ ਕਰਕੇ ਖਾਹ ਲੈਂਦੀ ਹਾਂ। ਬਣਿਆ ਹੋਇਆ ਖਾਣਾ ਸਿੱਟਣਾ ਥੋੜ੍ਹਾ ਹੈ। ਨੂਡਲ ਸਟਿੱਕਾਂ ਨਾਲ ਖਾਣ ਲੱਗਦੀ ਹਾਂ। ਮੂੰਹ ਵਿੱਚ ਪਾਉਣ ਲੱਗੀ ਤੋਂ ਫਿਸਲ ਕੇ ਤਿਲਿਆਂ ਵਿੱਚੋਂ ਮੀਟ ਹੇਠਾਂ ਡਿੱਗ ਪੈਂਦਾ ਹੈ। ਛੱਡਾਂ ਕੀ ਲੈਣੈ ਪਖੰਡ ਜਿਹੇ ਕਰਕੇ। ਚੀਨੇ ਗਪਲ-ਗਪਲ ਸਲਾਈਆਂ ਨਾਲ ਵਾਹਵਾ ਖਾਹ ਲੈਂਦੇ ਹਨ। ਮੈਨੂੰ ਤਾਂ ਅਜੇ ਤੱਕ ਜਾਚ ਨਹੀਂ ਆਈ ਡੱਕਿਆਂ ਨਾਲ ਖਾਣ ਦੀ। ਕਾਂਟੇ ਨਾਲ ਹੀ ਖਾਂਦੀ ਹਾਂ।
ਹੁਣੇ ਭੁੱਖੀ ਸੀ। ਚਾਰ ਨਿਵਾਲੇ ਨਹੀਂ ਖਾਧੇ ਤੇ ਰੱਜ ਵੀ ਗਈ ਹਾਂ। ਖਾਣਾ ਵਿੱਚੇ ਛੱਡ ਦਿੰਦੀ ਹਾਂ ਤੇ ਪਲੇਟ ਢੱਕ ਕੇ ਕੋਠੇ 'ਤੇ ਜਾਣ ਲੱਗਦੀ ਹਾਂ। ਉੱਪਰ ਜਾ ਕੇ ਬੈੱਡਰੂਮ ਵਿੱਚ ਮੈਕਸ ਦਾ ਇੰਤਜ਼ਾਰ ਕਰੂੰਗੀ। ਅੱਧੀ ਰਾਤੋਂ ਡਿੱਗਦਾ, ਢਹਿੰਦਾ ਆਵੇਗਾ। ਜੇਕਰ ਅੱਛੇ ਮੂਡ ਵਿੱਚ ਹੋਵੇਗਾ ਤਾਂ ਅਸੀਂ ਸੈਕਸ ਕਰਾਂਗੇ ਤੇ ਸੌਂ ਜਾਵਾਂਗੇ। ਅਗਰ ਸਤਿਆ, ਖਿਝਿਆ ਹੋਇਆ ਆਇਆ ਤਾਂ ਅਸੀਂ ਕਿਸੇ ਨਾ ਕਿਸੇ ਗੱਲੋਂ ਤਕਰਾਰ ਕਰ ਲਵਾਂਗੇ ਤੇ ਲੜ ਝਗੜ ਕੇ ਪੈ ਜਾਵਾਂਗੇ। ਰੋਜ਼-ਰੋਜ਼ ਇਹੀ ਸਭ ਕੁੱਝ। ਵਰ੍ਹਿਆਂ ਤੋਂ ਇੱਕ ਹੀ ਨਿਯਮ ਬਣਿਆ ਹੋਇਆ ਹੈ। ਬੋਰ ਹੋ ਗਈ ਹਾਂ ਇਸ ਬੇਮਕਸਦ ਜਿਹੀ ਜ਼ਿੰਦਗੀ ਤੋਂ। ਕੁੱਝ ਮਨ ਨੂੰ ਭਾਉਂਦਾ ਨਹੀਂ। ਨਾ ਟੈਲੀਵਿਜ਼ਨ ਦੇਖਣ ਨੂੰ ਚਿੱਤ ਕਰਦਾ ਹੈ। ਇੱਕ ਮਿੰਟ ਵੀ ਘਰੇ ਜੀਅ ਨਹੀਂ ਲੱਗਦਾ।
ਛੱਤ 'ਤੇ ਪਹੁੰਚਦਿਆਂ ਹੀ ਸੌਣ ਕਮਰੇ ਦਾ ਬੂਹਾ ਖੋਲ੍ਹ ਕੇ ਦੇਖਦੀ ਹਾਂ। ਇਸ ਕਮਰੇ ਵਿੱਚ ਕਿੰਨਾ ਹਨੇਰਾ ਹੈ। ਥੱਲੇ ਤਾਂ ਚਾਨਣ ਸੀ। ਝਬਦੇ ਹੀ ਦਿਨ ਛਿਪ ਗਿਆ ਹੈ। ਬੱਤੀ ਜਗਾਉਂਦੀ ਹਾਂ। ਬਾਰੀ ਕੋਲ ਜਾ ਕੇ ਪਰਦੇ ਤਾਣਾ, ਨਾਲੇ ਬਾਰੀ ਖੋਲ੍ਹਾਂ। ਉਫ! ਕਿੰਨੀ ਤਲਖੀ ਹੋਈ ਪਈ ਹੈ। ਬੂਹੇ-ਬਾਰੀਆਂ ਸਾਰੀ ਦਿਹਾੜੀ ਬੰਦ ਰਹਿਣ ਕਰਕੇ ਭੜਾਸ ਇੱਥੇ ਜਮ੍ਹਾਂ ਹੋਈ ਰਹਿੰਦੀ ਹੈ। ਤਪਸ਼ ਬਾਹਰ ਨਹੀਂ ਨਿਕਲਦੀ।
"ਆਹ!" ਬਾਰੀ ਖੋਲ੍ਹਣ ਸਾਰ ਹੀ ਫਰਨ-ਫਰਨ ਕਰਦੀ ਠੰਢੀ-ਠਾਰ ਵਾਯੂ ਅੰਦਰ ਆਉਣ ਲੱਗ ਗਈ ਹੈ। ਜਿਵੇਂ ਫੋੜੇ ਉੱਤੇ ਦਵਾਈ ਲਾਇਆਂ ਅਰਾਮ ਮਹਿਸੂਸ ਹੁੰਦਾ ਹੈ, ਉਵੇਂ ਗਰਮੀ ਨਾਲ ਭੁੱਜੀ ਦੇਹ ਨੂੰ ਹਵਾ ਦੇ ਬੁੱਲਿਆਂ ਨਾਲ ਰਾਹਤ ਪ੍ਰਾਪਤ ਹੋ ਰਹੀ ਹੈ। ਮੈਂ ਬਾਰੀ ਵਿੱਚੋਂ ਮੂੰਹ ਬਾਹਰ ਕੱਢ ਕੇ ਚੌਗਾਠ ਥਾਣੀਂ ਬਾਹਰ ਨੂੰ ਉਲਰ ਕੇ ਖੜ੍ਹ ਜਾਂਦੀ ਹਾਂ ਤਾਂ ਕਿ ਵੱਧ ਤੋਂ ਵੱਧ ਹਵਾ ਮਿਲੇ।
"ਪੀਂ ਪੀਂ। (ਕਾਰ ਦਾ ਹਾਰਨ) - ਯੋਅ ਸੈਕਸੀ। -ਪਾਂ ਪਾਂ।"
ਹੇਠਾਂ ਸੜਕ 'ਤੇ ਖੜ੍ਹੀ ਕਾਰ ਵਿੱਚ ਬੈਠੇ ਕਿਸੇ ਮਨਚਲੇ ਨੇ ਹਾਰਨ ਮਾਰ ਕੇ ਮੈਨੂੰ ਛੇੜਿਆ ਹੈ।
"ਫੱਕਔਫ।" ਮੈਂ ਦੋ ਉਂਗਲਾਂ ਖੜ੍ਹੀਆਂ ਕਰਕੇ ਉਸਨੂੰ ਗਾਲ ਕੱਢਦੀ ਹਾਂ। ਉਹ ਬੇਸ਼ਰਮ ਸੀਟੀਆਂ ਮਾਰਨ ਲੱਗ ਗਿਆ ਹੈ। ਅੱਖਾਂ ਗੱਡ ਕੇ ਏਧਰ ਨੂੰ ਝਾਕੀ ਜਾ ਰਿਹਾ ਹੈ। ਕਦੇ ਏਹਨੇ ਜਨਾਨੀ ਨਹੀਂ ਦੇਖੀ? ਮੈਨੂੰ ਕੀ ਅੰਬ ਲੱਗੇ ਹੋਏ ਹਨ? ਅੰਬ? ਮੈਂ ਆਪਣੀਆਂ ਲਮਕਦੀਆਂ ਛਾਤੀਆਂ ਵੱਲ ਦੇਖਦੀ ਹਾਂ। ਹਾਅ! ਮੇਰੇ ਤਾਂ ਕੋਈ ਲੀੜਾ ਨਹੀਂ ਪਹਿਨਿਆ ਹੋਇਆ। ਹਾਏ ਅੱਲਾਹ! ਉਹਨੇ ਲੁੱਚੇ ਨੇ ਮੈਨੂੰ ਨੰਗੀ ਨੂੰ ਦੇਖ ਲਿਆ ਹੈ। ਉਸ ਮੁੰਡੇ ਵੱਲ ਤੱਕ ਕੇ ਇਕਦਮ ਪਿੱਛੇ ਹਟ ਜਾਂਦੀ ਹਾਂ ਤੇ ਪਰਦਾ ਖਿੱਚ ਕੇ ਬਾਰੀ ਅੱਗੇ ਕਰ ਦਿੰਦੀ ਹਾਂ। ਕਦੇ-ਕਦੇ ਕੀ ਹੋ ਜਾਂਦਾ ਹੈ ਮੇਰੇ ਦਿਮਾਗ ਨੂੰ? ਚੰਗਾ ਭਲਾ ਜਾਣਦੀ ਹਾਂ ਕਿ ਜਦੋਂ ਕਮਰੇ ਅੰਦਰ ਲਾਈਟ ਜਗਦੀ ਹੋਵੇ ਉਦੋਂ ਬਾਹਰੋਂ ਸ਼ੀਸ਼ੇ ਰਾਹੀਂ ਅੰਦਰਲਾ ਸਭ ਕੁੱਝ ਨਜ਼ਰ ਆਉਂਦਾ ਹੁੰਦਾ ਹੈ। ਫਿਰ ਕਿਉਂ ਨੰਗੀ ਹੋ ਹੋ ਖਿੜਕੀਆਂ ਵਿੱਚ ਖੜ੍ਹਦੀ ਹਾਂ? ਲੋਕਾਂ ਨੇ ਤਾਂ ਦੇਖਣਾ ਹੀ ਹੈ। ਅੱਖਾਂ ਥੋੜ੍ਹਾ ਮੀਚ ਲੈਣੀਆਂ। ਕਾਮ ਦੇ ਭੁੱਖੇ ਤਾਂ ਸਗੋਂ ਨੋਟ ਖਰਚ ਕੇ ਔਰਤ ਦਾ ਨੰਗੇਜ਼ ਦੇਖਦੇ ਹਨ। ਇਹੋ ਜਿਹਿਆਂ ਨੂੰ ਮੁਫ਼ਤ ਵਿੱਚ ਸਭ ਕੁੱਝ ਦੇਖਣ ਨੂੰ ਮਿਲੇ ਤਾਂ ਹੋਰ ਕੀ ਚਾਹੀਦਾ ਹੈ? ਮੇਰੀ ਹੀ ਗਲਤੀ ਹੈ। ਮੈਨੂੰ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ। ਔਰਤ ਵੀ ਕੇਲੇ ਵਰਗੀ ਹੁੰਦੀ ਹੈ। ਜਦੋਂ ਤੱਕ ਤਾਂ ਕੇਲੇ ਉੱਤੇ ਛਿੱਲੜ ਚੜ੍ਹਿਆ ਰਹਿੰਦਾ ਹੈ, ਉਹ ਸੁਰੱਖਿਅਤ ਰਹਿੰਦਾ ਹੈ। ਜਿਉਂ ਹੀ ਛਿੱਲੜ ਲਹਿ ਜਾਂਦਾ ਹੈ ਉਹ ਖਾਧਾ ਜਾਂਦਾ ਹੈ। ਇਵੇਂ ਹੀ ਜਦੋਂ ਔਰਤ ਬੇਪਰਦਾ ਹੋ ਜਾਵੇ ਮਰਦ ਉਸਨੂੰ ਛਕਣ ਦੀ ਕਰਦੇ ਹਨ। ਇਸੇ ਕਰਕੇ ਸਾਡੇ ਧਰਮ ਵਿੱਚ ਬੁਰਕਾ ਪਹਿਨਣ ਦੀ ਰਵਾਇਤ ਤੁਰੀ ਸੀ ਤਾਂ ਕਿ ਔਰਤ ਮਰਦ ਦੀ ਹਵਸ ਤੋਂ ਬਚੀ ਰਹੇ। ਬੰਦੇ ਦਾ ਕੀ ਆ? ਝਾੜੀ 'ਤੇ ਚੁੰਨੀ ਪਾ ਦਿਉ, ਉਹਦੇ ਆਲੇ-ਦੁਆਲੇ ਗੇੜੇ ਦੇਣ ਲੱਗ ਜਾਣਗੇ। ਵਸਤਰਾਂ ਦਾ ਪਰਹੇਜ਼ ਕਰਕੇ ਤੁਰੇ ਫਿਰਨਾ ਕੋਈ ਸ਼ਿਸ਼ਟਾਚਾਰ ਨਹੀਂ ਹੈ। ਇਨਸਾਨ ਨੂੰ ਕੱਪੜੇ ਪਹਿਨੀ ਰੱਖਣ ਵੱਲ ਰੁਚਿਤ ਕਰਨ ਲਈ ਤਿੰਬਤੀ ਲੋਕਾਂ ਨੇ ਤਾਂ ਇੱਕ ਵੱਖਰੀ ਰੀਤ ਚਲਾਈ ਹੋਈ ਹੈ। ਇੰਡੋਨੇਸ਼ੀਆ ਦੇ ਬੌਧ ਮੱਠਾਂ ਵਿੱਚ ਅਗਰ ਤੁਸੀਂ ਜਾਣਾ ਹੋਵੇ ਤਾਂ ਬੇਸ਼ੱਕ ਤੁਹਾਡੇ ਲੱਖ ਕੱਪੜੇ ਪਹਿਨੇ ਹੋਣ। ਫਿਰ ਵੀ ਤੁਹਾਨੂੰ ਉਨ੍ਹਾਂ ਦੇ ਉੱਤੋਂ ਦੀ ਇੱਕ ਧੋਤੀ ਜਿਹੀ ਬੰਨ੍ਹ ਕੇ ਜਾਣਾ ਪੈਂਦਾ ਹੈ। ਜਿਸਨੂੰ ਉਹ ਲੋਕ ਸਾਰੰਗ ਜਾਂ ਸੈਸ਼ ਆਖਦੇ ਹਨ।
ਮੰਜੇ ਦੇ ਸਿਰਹਾਣੇ ਕੋਲ ਪਏ ਮੇਜ਼ ਤੋਂ ਵਿਸਕੀ ਦੀ ਅੱਧੀ ਕੁ ਬਚਦੀ ਬੋਤਲ ਚੁੱਕਦੀ ਹਾਂ। ਡੱਟ ਖੋਲ੍ਹ ਕੇ ਮੂੰਹ ਨੂੰ ਲਾਉਂਦੀ ਹੋਈ ਮੰਜੇ 'ਤੇ ਬੈਠ ਜਾਂਦੀ ਹਾਂ। ਗਟਾਗਟ ਕਰਦੀ ਹੋਈ ਦਾਰੂ ਮੇਰੇ ਅੰਦਰ ਉਤਰ ਜਾਂਦੀ ਹੈ। ਪਹਿਲੇ-ਪਹਿਲ ਤਾਂ ਸੁੱਕੀ ਸ਼ਰਾਬ ਬਹੁਤ ਕੌੜੀ ਲੱਗਦੀ ਹੁੰਦੀ ਸੀ। ਚਾਰ ਘੁੱਟਾਂ ਨਹੀਂ ਸੀ ਪੀ ਹੁੰਦੀਆਂ ਮੈਥੋਂ। ਹੁਣ ਤਾਂ ਕੋਈ ਫ਼ਰਕ ਹੀ ਨਹੀਂ ਰਿਹਾ, ਜਿਹੋ ਜਿਹਾ ਫੋਕਾ ਪਾਣੀ ਪੀ ਲਿਆ ਤਿਹੋ ਜਿਹੀ ਸ਼ਰਾਬ ਪੀ ਲਿੱਤੀ। ਬਿਲਕੁਲ ਫਿਕਲੀ ਜਿਹੀ ਮਾਲੂਮ ਹੁੰਦੀ ਹੈ ਇਹ ਲਾਲ ਪਰੀ। ਸ਼ਾਇਦ ਜ਼ਿੰਦਗੀ ਵਿੱਚ ਕੁੜੱਤਣ ਇਸ ਕਦਰ ਭਰ ਗਈ ਹੈ ਕਿ ਹੋਰ ਕੁੱਝ ਕੌੜਾ ਹੀ ਨਹੀਂ ਲੱਗਦਾ।
ਮੈਂ ਆਪਣੇ ਗੁਜ਼ਰੇ ਜੀਵਨ ਬਾਰੇ ਸੋਚਣ ਲੱਗ ਜਾਂਦੀ ਹਾਂ। ਜਦੋਂ ਤੱਕ ਮਾਪਿਆਂ ਕੋਲ ਸੀ, ਉਦੋਂ ਸੁੱੱਖ ਹੀ ਸੁੱਖ ਸਨ ਮੇਰੀ ਝੋਲੀ ਵਿੱਚ। ਜਿੱਦਣ ਦਾ ਘਰੋਂ ਬਾਹਰ ਪੈਰ ਰੱਖਿਆ ਹੈ ਦੁੱਖ ਹੀ ਦੁੱਖ ਦੇਖੇ ਨੇ। ਜੀਵਨ ਵਿੱਚ ਹੰਢਾਏ ਹੋਏ ਜ਼ੁਲਮੋ-ਸਿਤਮ ਬਾਰੇ ਚਿਤਵ ਕੇ ਮੈਨੂੰ ਕੰਬਣੀ ਛਿੜਦੀ ਹੈ। ਝੁਣਝਣੀ ਲੈ ਕੇ ਦਾਰੂ ਦੀਆਂ ਵੱਡੀਆਂ ਸਾਰੀਆਂ ਘੁੱਟਾਂ ਭਰਦੀ ਹਾਂ।
ਬੜਾ ਚਿੱਤ ਕਰਦਾ ਹੈ ਮਾਪਿਆਂ ਨੂੰ ਇੱਕ ਵਾਰ ਮਿਲਣ ਦਾ। ਮੇਰੇ ਵਿੱਚ ਤਾਂ ਉਨ੍ਹਾਂ ਨੂੰ ਸੰਪਰਕ ਦੀ ਹਿੰਮਤ ਹੀ ਨਹੀਂ ਪੈਂਦੀ। ਪੂਰੇ ਸਤਾਰ੍ਹਾਂ ਸਾਲ ਹੋ ਗਏ ਹਨ ਮੈਨੂੰ ਘਰੋਂ ਭੱਜੀ ਨੂੰ। ਉਂਝ ਵੀ ਉਨ੍ਹਾਂ ਭਾਣੇ ਤਾਂ ਮੈਂ ਕਦੋਂ ਦੀ ਮਰ-ਮੁੱਕ ਗਈ ਹਾਂ। ਮੇਰੇ ਸਾਰੇ ਭੈਣ ਭਾਈ ਆਪੋ ਆਪਣੇ ਘਰੀਂ ਵਸਦੇ-ਰਸਦੇ ਹੋਣੇ ਨੇ। ਧੀਆਂ ਪੁੱਤਾਂ ਵਾਲੇ ਹੋ ਗਏ ਹੋਣਗੇ। ਤੇ ਮੈਂ ਬਾਂਝ ਹੀ ਮਰ ਜਾਣਾ ਹੈ। ਕਿੰਨੀ ਇੱਛਾ ਸੀ ਮੇਰੀ ਇਕਬਾਲ ਦਾ ਪੁੱਤ ਜੰਮਣ ਦੀ। ਸਭ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ।
ਕਿਸੇ ਸ਼ਾਇਰ ਨੇ ਵੀ ਕੀ ਖੂਬ ਕਿਹਾ ਹੈ, "ਕਿੰਨਾ ਅਜੀਬ ਰਿਸ਼ਤਾ ਕਿੰਨੀ ਅਜੀਬ ਦੂਰੀ, ਨਾ ਹੋ ਸਕੇ ਉਹ ਆਪਣੇ, ਨਾ ਬਣ ਸਕੇ ਪਰਾਏ।" ਕਹਿਣ ਨੂੰ ਤਾਂ ਮੈਂ ਕਹੀ ਜਾ ਰਹੀ ਹਾਂ ਕਿ ਮੈਂ ਇਕਬਾਲ ਨੂੰ ਭੁੱਲ ਗਈ ਹਾਂ। ਪਰ ਨਹੀਂ ਹਕੀਕਤ ਤਾਂ ਇਹ ਹੈ ਕਿ ਇਕਬਾਲ ਮੈਥੋਂ ਵੱਖ ਨਹੀਂ ਬਲਕਿ ਮੇਰੇ ਜਿਸਮ ਦਾ ਹੀ ਇੱਕ ਹਿੱਸਾ ਹੈ। ਇੱਕ ਅਹਿਮ ਅੰਗ ਹੈ। ਉਹ ਅੰਗ ਜਿਸਨੂੰ ਕੱਟ ਕੇ ਸਿੱਟਣ ਬਾਅਦ ਮੈਂ ਜ਼ਿੰਦਾ ਨਹੀਂ ਰਹਿ ਸਕਦੀ। ਬੜੀ ਦੇਰ ਪਹਿਲਾਂ ਦੀਆਂ ਕਿਸੇ ਤੋਂ ਸੁਣੀਆਂ ਹੋਈਆਂ ਪੰਜਾਬੀ ਦੀ ਇੱਕ ਕਾਵਿਤਰੀ ਅੰਮ੍ਰਿਤਾ ਪ੍ਰੀਤਮ ਦੀਆਂ ਲਾਇਨਾਂ ਯਾਦ ਆਉਂਦੀਆਂ ਹਨ। ਉਸਨੇ ਇੱਕ ਜਗਾ ਲਿਖਿਆ ਸੀ, "ਰਲ ਗਈ ਇਸ ਵਿੱਚ ਬੂੰਦ ਤੇਰੇ ਇਸ਼ਕ ਦੀ, ਇਸੇ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਨੂੰ ਪੀ ਲਿਆ।" ਮੈਂ ਇਹ ਸਤਰਾਂ ਸੁਣੀਆਂ ਸਨ ਤਾਂ ਬੜਾ ਰੋਈ ਸੀ। ਕਿੰਨੇ ਕੌੜੇ ਸੱਚ ਲਿਖ ਧਰਦੇ ਹਨ ਇਹ ਸ਼ਾਇਰ ਲੋਕ। ਮੈਨੂੰ ਇੰਝ ਲੱਗਦਾ ਹੈ ਯਾਨੀ ਇਹ ਸੱਤਰਾਂ ਮੇਰੇ ਲਈ ਹੀ ਲਿਖੀਆਂ ਗਈਆਂ ਹੋਣ। ਜਦੋਂ ਕਦੇ ਵੀ ਜ਼ਿੰਦਗੀ ਤੋਂ ਮਾਯੂਸ ਹੋ ਕੇ ਮੈਂ ਆਤਮਘਾਤ ਕਰਨ ਬਾਰੇ ਸੋਚਦੀ ਹੁੰਦੀ ਹਾਂ ਤਾਂ ਇਕਬਾਲ ਮੇਰੀਆਂ ਅੱਖਾਂ ਅੱਗੇ ਆ ਜਾਂਦਾ ਹੈ। ਸੋਚਦੀ ਹੁੰਦੀ ਹਾਂ, ਹੋ ਸਕਦਾ ਹੈ; ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ 'ਤੇ ਉਸ ਨਾਲ ਫਿਰ ਮੁਲਾਕਾਤ ਹੋ ਜਾਏ। ਇਕਬਾਲ ਦੇ ਪਿਆਰ ਅਤੇ ਦੀਦਾਰ ਖਾਤਰ ਹੀ ਮੈਂ ਜ਼ਿੰਦਾ ਹਾਂ। ਵਰਨਾ ਹੁਣ ਨੂੰ ਕਦੋਂ ਦੀ ਮਰ ਗਈ ਹੁੰਦੀ। ਇਕਬਾਲ ਦੀਆਂ ਯਾਦਾਂ ਹੀ ਮੇਰੇ ਜੀਣ ਦਾ ਸਹਾਰਾ ਬਣੀਆਂ ਹੋਈਆਂ ਹਨ। ਸੱਚਾ ਆਸ਼ਕ ਮਹਿਬੂਬ ਨੂੰ ਜ਼ਿੰਦਗੀ ਅਤੇ ਝੂਠਾ ਮੌਤ ਦਿੰਦਾ ਹੈ। ਜਿਵੇਂ ਕੱਪੜੇ ਡਰਾਈ-ਕਲੀਨ ਮਗਰੋਂ ਸਵੱਛ ਹੋ ਜਾਂਦੇ ਹਨ, ਇਵੇਂ ਹੀ ਮੁਹੱਬਤ ਇਨਸਾਨ ਦੀ ਆਤਮਾ ਨੂੰ ਪਵਿੱਤਰ ਅਤੇ ਸਾਫ਼ ਕਰਕੇ ਰੱਖਦੀ ਹੈ। ਮਹਿਬੂਬ ਉਵਰਆਲ ਵਾਂਗ ਤੁਹਾਡੇ ਨਾਲ ਲਿਪਟਿਆ ਰਹਿ ਕੇ ਤੁਹਾਡੀ ਹਿਫਾਜ਼ਤ ਕਰਦਾ ਰਹਿੰਦਾ ਹੈ।
ਵੈਸੇ ਸਿਰਫ਼ ਪ੍ਰੇਮੀ ਹੀ ਨਹੀਂ, ਜ਼ਿੰਦਗੀ ਵਿੱਚ ਆਇਆ ਤੇ ਸੰਬੰਧ ਜਾਂ ਰਿਸ਼ਤਾ ਰੱਖਣ ਵਾਲਾ ਹਰ ਮਰਦ ਔਰਤ ਦਾ ਵਸਤਰ ਹੁੰਦਾ ਹੈ। ਜੋ ਕਦੇ ਬਾਪ ਬਣ ਕੇ ਉਸਨੂੰ ਬੁਰਕੇ ਦੀ ਤਰ੍ਹਾਂ ਕੱਜੀ ਰੱਖਦਾ ਹੈ। ਕਦੇ ਕਵਚ ਵਰਗਾ ਭਰਾ ਬਣ ਕੇ ਰੱਖਿਆ ਕਰਦਾ ਹੈ। ਕਦੇ ਖਾਵੰਦ ਬਣ ਕੇ ਆਪਣੇ ਪਿਆਰ ਨਾਲ ਔਰਤ ਦੇ ਹੁਸਨ ਨੂੰ ਗਲੈਮਰਸ ਪੁਸ਼ਾਕ ਵਾਂਗ ਨਿਖਾਰਦਾ ਹੈ। ਕਦੇ ਗਰਮ ਉਵਰਕੋਟ ਵਾਂਗਰ ਬੇਟਾ ਬਣ ਕੇ ਨਿੱਘ ਅਤੇ ਅਰਾਮ ਦਿੰਦਾ ਹੈ। ਜਦੋਂ ਵੀ ਕੋਈ ਔਰਤ ਇਨ੍ਹਾਂ ਵਸਤਰਾਂ ਨੂੰ ਉਤਾਰ ਕੇ ਜਾਂ ਪਾੜ ਕੇ ਆਪਣੇ ਨਾਲੋਂ ਜੁਦਾ ਕਰਦੀ ਹੈ ਤਾਂ ਉਹ ਨੰਗੀ ਹੋ ਜਾਂਦੀ ਹੈ। ਕੋਈ ਵੀ ਉਸਦੇ ਤਨ ਨੂੰ ਦੇਖ ਸਕਦਾ ਹੈ। ਵਸਤਰਾਂ ਬਿਨਾਂ ਔਰਤ ਨੂੰ ਦੁਖਦਾਈ ਅਤੇ ਸ਼ਰਮਨਾਕ ਜ਼ਿੰਦਗੀ ਹੰਢਾਉਣੀ ਪੈਂਦੀ ਹੈ। ਸਜਾਵਟੀ ਅਤੇ ਅਜੀਬੋ ਗਰੀਬ ਕੱਪੜੇ ਕੁੱਝ ਦੇਰ ਲਈ ਤਾਂ ਦੁਨੀਆ ਦਾ ਧਿਆਨ ਜ਼ਰੂਰ ਖਿੱਚ ਲੈਂਦੇ ਹਨ ਅਤੇ ਸਾਰੇ ਲੋਕ ਤੁਹਾਡੇ ਵੱਲ ਦੇਖਣ ਲੱਗ ਜਾਂਦੇ ਹਨ। ਪਰ ਇਹੋ ਜਿਹੀਆਂ ਫੈਂਨਸੀ ਡਰੈੱਸਾਂ (ਸਾਂਗ ਪੁਸ਼ਾਕਾਂ) ਵਿੱਚ ਤੁਸੀਂ ਕਦੇ ਵੀ ਖ਼ੂਬਸੂਰਤ ਨਹੀਂ ਲੱਗਦੇ ਅਤੇ ਨਾ ਹੀ ਇਹੋ ਜਿਹੇ ਭੜਕੀਲੇ ਕੱਪੜੇ ਬਹੁਤੇ ਹੰਢਣਸਾਰ ਜਾਂ ਅਰਾਮਦਾਇਦਕ ਹੁੰਦੇ ਹਨ। ਇਹੋ ਜਿਹੇ ਮਤਲਬਪ੍ਰਸਤ ਆਸ਼ਕਾਂ ਵਰਗੇ ਵਸਤਰ ਕੁੱਝ ਦੇਰ ਲਈ ਮਹਿਜ਼ ਦਿਖਾਵੇ ਦੇ ਤੌਰ 'ਤੇ ਹੀ ਪਾਏ ਜਾ ਸਕਦੇ ਹਨ।
ਕਦੋਂ ਦੀ ਪੀ ਰਹੀ ਹਾਂ। ਅਜੇ ਤੱਕ ਤਾਂ ਕਮਬਖਤ ਦਾਰੂ ਵੀ ਨਸ਼ਾ ਨਹੀਂ ਕਰਨ ਲੱਗੀ। ਬੋਤਲ ਵਾਪਸ ਮੇਜ਼ ਉੱਤੇ ਰੱਖ ਕੇ ਲੇਟ ਜਾਂਦੀ ਹਾਂ। ਇੰਝ ਹੀ ਪਈ-ਪਈ ਹੁਣ ਛੱਤ ਨੂੰ ਘੂਰਦੀ ਰਹੂੰਗੀ। ਨੀਂਦ ਕਿਹੜਾ ਅੱਜੇ ਹੀ ਆ ਜਾਣੀ ਹੈ। ਅੱਜ ਤਾਂ ਕੋਈ ਬਾਤ ਸੁਣਨ ਨੂੰ ਜੀਅ ਕਰਦਾ ਹੈ। ਨਿੱਕੇ ਹੁੰਦਿਆਂ ਨੂੰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਬਾਤਾਂ ਸੁਣਨ ਦਾ ਬੜਾ ਸ਼ੌਂਕ ਹੁੰਦਾ ਸੀ। ਅੰਮੀ ਰੋਜ਼ ਰਾਤ ਨੂੰ ਸਾਨੂੰ ਕੋਈ ਨਾ ਕੋਈ ਬਾਤ ਸੁਣਾਉਂਦੀ ਹੁੰਦੀ ਸੀ। ਕਈ ਵਾਰ ਅੰਮੀ ਦੀ ਬਾਤ ਵਿਚਾਲੇ ਹੁੰਦੀ ਸੀ ਕਿ ਅਸੀਂ ਸੌਂ ਵੀ ਜਾਂਦੇ ਹੁੰਦੇ ਸੀ। ਇੱਕ ਬੈੱਡਟਾਈਮ ਸਟੋਰੀ ਜਿਹੜੀ ਕਿ ਅੰਮੀ ਅਕਸਰ ਸੁਣਾਇਆ ਕਰਦੀ ਸੀ ਮੈਨੂੰ ਅਜੇ ਵੀ ਯਾਦ ਹੈ।
ਇੱਕ ਭੋਲਾ ਰਾਮ ਨਾਮ ਦਾ ਵਿਅਕਤੀ ਹੁੰਦਾ ਹੈ। ਉਹ ਸ਼ਹਿਰੋਂ ਬੱਕਰੀ ਖਰੀਦ ਕੇ ਲਿਆ ਰਿਹਾ ਹੁੰਦਾ ਹੈ। ਰਸਤੇ ਵਿੱਚ ਉਸਨੂੰ ਤਿੰਨ ਠੱਗ ਟੱਕਰਦੇ ਹਨ। ਠੱਗਾਂ ਦਾ ਦਿਲ ਬੱਕਰੀ ਉੱਤੇ ਆ ਜਾਂਦਾ ਹੈ ਅਤੇ ਉਹ ਆਪਸ ਵਿੱਚ ਸਲਾਹ ਬਣਾਉਂਦੇ ਹਨ ਕਿ ਕਿਵੇਂ ਨਾ ਕਿਵੇਂ ਭੋਲੂ ਤੋਂ ਬੱਕਰੀ ਹਥਿਆਈ ਜਾਵੇ। ਤਿੰਨੋਂ ਠੱਗ ਖਿੱਲਰ ਜਾਂਦੇ ਹਨ। ਗਿਣੀ-ਮਿੱਥੀ ਯੋਜਨਾ ਤਹਿਤ ਪਹਿਲਾ ਜਾ ਕੇ ਭੋਲੇ ਰਾਮ ਨੂੰ ਪੁੱਛਦਾ ਹੈ, "ਕਿਉਂ ਬਈ ਆਹ ਕੀ ਲਈ ਜਾਨੈਂ?"
"ਦਿਸਦਾ ਨ੍ਹੀਂ? ਬੱਕਰੀ ਹੈ।" ਭੋਲੇ ਨੇ ਉੱਤਰ ਦਿੱਤਾ।
"ਬੱਕਰੀ ਕਿੱਥੇ ਹੈ। ਇਹ ਤਾਂ ਕੁੱਤਾ ਹੈ।"
ਭੋਲਾ ਉਸ ਠੱਗ ਨਾਲ ਜ਼ਿੱਦ ਪਿਆ, "ਕੁੱਤਾ ਨਹੀਂ ਭਾਈ ਇਹ ਬੱਕਰੀ ਹੈ, ਬੱਕਰੀ।"
"ਨਹੀਂ ਕੁੱਤਾ ਹੈ।"
"ਨਹੀਂ ਬੱਕਰੀ।"
"ਕੁੱਤਾ।"
"ਬੱਕਰੀ।"
ਠੱਗ ਭੋਲੇ ਨਾਲ ਕਾਫ਼ੀ ਦੇਰ ਬਹਿਸ ਕਰਨ ਮਗਰੋਂ ਚਲਾ ਜਾਂਦਾ ਹੈ। ਭੋਲਾ ਥੋੜ੍ਹੀ ਅੱਗੇ ਜਾਂਦਾ ਹੈ ਤਾਂ ਦੂਜਾ ਠੱਗ ਉਸਨੂੰ ਟੱਕਰਦਾ ਹੈ, "ਭੋਲੇ ਰਾਮ ਕਿੱਧਰੋਂ ਆਉਣੇ ਹੋਏ?"
"ਸ਼ਹਿਰ ਗਿਆ ਸੀ, ਬੱਕਰੀ ਲੈਣ।"
"ਤੇ ਲੈ ਆਇਐ ਕੁੱਤਾ?" ਠੱਗ ਨੇ ਠਹਾਕਾ ਲਾਇਆ।
ਭੋਲੇ ਰਾਮ ਨੇ ਬੱਕਰੀ ਵੱਲ ਦੇਖ ਕੇ ਜੁਆਬ ਦਿੱਤਾ, "ਕੁੱਤਾ ਨਹੀਂ। ਇਹ ਬੱਕਰੀ ਹੈ।"
"ਬੱਕਰੀ ਕਿਤੇ ਇਹੋ ਜਿਹੀ ਹੁੰਦੀ ਹੈ? ਇਹ ਤਾਂ ਕੁੱਤਾ ਹੈ।"
ਭੋਲੇ ਦਾ ਉਸ ਠੱਗ ਨਾਲ ਵੀ ਕਾਫ਼ੀ ਜ਼ਿੱਦ-ਜਦਈਆ ਹੁੰਦਾ ਹੈ। ਥੋੜ੍ਹਾ ਅਗਾਂਹ ਜਾਣ 'ਤੇ ਭੋਲੇ ਨੂੰ ਤੀਜਾ ਠੱਗ ਮਿਲਦਾ ਹੈ, "ਹੋਰ ਸੁਣਾ ਮਿੱਤਰਾ, ਕੁੱਤੇ ਨੂੰ ਕਿੱਧਰ ਖਿਚੀ ਜਾਨੈਂ?"
ਭੋਲਾ ਰਾਮ ਹੈਰਾਨੀ ਨਾਲ ਬੱਕਰੀ ਵੱਲ ਦੇਖਦਾ ਹੈ ਅਤੇ ਸੋਚਦਾ ਹੈ ਕਿ ਜੇ ਸਾਰੇ ਕੁੱਤਾ ਆਖ ਰਹੇ ਹਨ ਤਾਂ ਜ਼ਰੂਰ ਹੀ ਇਹ ਕੁੱਤਾ ਹੋਵੇਗਾ, ਬੱਕਰੀ ਨਹੀਂ। ਪਿੰਡ ਵਿੱਚ ਗਏ ਨੂੰ ਲੋਕ ਮਜ਼ਾਕ ਨਾ ਕਰਨ ਇਸ ਲਈ ਉਹ ਬੱਕਰੀ ਦਾ ਰੱਸਾ ਉੱਥੇ ਹੀ ਛੱਡ ਕੇ ਚਲਿਆ ਜਾਂਦਾ ਹੈ ਤੇ ਠੱਗ ਬੱਕਰੀ ਸਾਂਭ ਲੈਂਦੇ ਹਨ। ਭੋਲੇ ਰਾਮ ਵਾਲੀ ਤ੍ਰਾਸਦੀ ਹੀ ਮੇਰੇ ਨਾਲ ਵਾਪਰੀ ਹੈ। ਮੈਨੂੰ ਸਹੇਲੀਆਂ ਕਹੀ ਗਈਆਂ ਕਿ ਉਨ੍ਹਾਂ ਦਾ ਪੰਛਮੀ ਸਭਿਆਚਾਰ ਵਧੀਆ ਹੈ ਤੇ ਮੇਰਾ ਪੂਰਬੀ ਘਟੀਆ। ਮੈਂ ਉਸੇ ਨੂੰ ਸੱਚ ਮੰਨ ਲਿਆ। ਮੇਰੇ ਨਾਲ ਮੇਮਾਂ ਪਾਪਣਾਂ ਰੋਂਦ ਮਾਰ ਗਈਆਂ। ਮੈਨੂੰ ਬੇਸਮਝ ਨੂੰ ਕੀ ਪਤਾ ਸੀ ਕਿ ਜਿਸ ਤਰਾਜੂ ਵਿੱਚ ਸਹੇਲੀਆਂ ਨੇ ਮੈਨੂੰ ਦੋਨਾਂ ਸਭਿਅਤਾਵਾਂ ਨੂੰ ਤੋਲ ਕੇ ਦਿਖਾਇਆ ਸੀ ਉਸ ਵਿੱਚ ਇਕੱਲਾ ਪਾਸਕੂ ਹੀ ਨਹੀਂ, ਸਗੋਂ ਕਾਣ ਵੀ ਸੀ।
ਜਦੋਂ ਅੰਗਰੇਜ਼ ਸਹੇਲੀਆਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਹਾਡੇ ਧਰਮ ਵਿੱਚ ਔਰਤਾਂ ਨੂੰ ਮਸਜਿਦ ਵਿੱਚ ਜਾ ਕੇ ਇਬਾਦਤ ਕਰਨ ਦਾ ਵੀ ਹੱਕ ਨਹੀਂ ਹੈ ਤਾਂ ਜੇ ਮੈਂ ਚੰਗੀ ਹੁੰਦੀ ਉਨ੍ਹਾਂ ਨੂੰ ਪੁੱਛਦੀ ਤੁਹਾਡੇ ਅੰਗਰੇਜ਼ਾਂ ਨੇ ਕਿਤੇ ਕਿੰਨੇ ਕੁ ਅਧਿਕਾਰ ਦਿੱਤੇ ਹੋਏ ਹਨ? ਕਿੰਨੀਆਂ ਕੁ ਜਨਾਨੀਆਂ ਪਾਦਰੀ ਜਾਂ ਰੈਵ (੍ਰeਵeਰeਨਦ) ਬਣੀਆਂ ਹਨ? ਇਸਾਈ ਧਰਮ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਨੰਨ ਹੀ ਬਣ ਸਕਦੀਆਂ ਹਨ। ਕਿਸੇ ਵੀ ਨੰਨ ਨੂੰ ਵਿਆਹ ਕਰਵਾਉਣ ਦੀ ਆਗਿਆ ਨਹੀਂ। ਮੈਨੂੰ ਤਾਂ ਇਸ ਵਿੱਚ ਵੀ ਪਾਦਰੀਆਂ ਦੀ ਚਾਲ ਨਜ਼ਰ ਆਉਂਦੀ ਹੈ। ਪਾਦਰੀਆਂ ਨੇ ਜਾਣ ਕੇ ਇਹ ਕਾਨੂੰਨ ਬਣਾਇਆ ਹੈ ਤਾਂ ਕਿ ਸਾਰੀਆਂ ਨੰਨਜ਼ ਅੰਤ੍ਰਿਪ ਰਹਿਣ ਤੇ ਪਾਦਰੀ ਆਪਣੀ ਜਿਣਸੀ ਭੁੱਖ ਲਈ ਉਨ੍ਹਾਂ ਨੂੰ ਵਰਤ ਸਕਣ। ਟੈਲੀਵਿਜ਼ਨਾਂ ਅਖ਼ਬਾਰਾਂ ਵਿੱਚ ਆਏ ਦਿਨ ਅਨੇਕਾਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਫਲਾਨੇ ਥਾਂ ਪਾਦਰੀ ਨੇ ਭਿਵਚਾਰ ਕੀਤਾ। ਧਿਮਕੀ ਜਗ੍ਹਾ ਜਬਰ-ਜਨਾਹ ਕੀਤੈ, ਵਗੈਰਾ ਵਗੈਰਾ।
ਹੋਰ ਕਿਹੜਾ ਖੇਤਰ ਹੈ ਜਿੱਥੇ ਅੰਗਰੇਜ਼ਾਂ ਨੇ ਔਰਤਾਂ ਨਾਲ ਵਿਤਕਰਾ ਨਹੀਂ ਕੀਤਾ ਹੈ? ਪੁਰਾਣੇ ਸਮਿਆਂ ਵਿੱਚ ਅੰਗਰੇਜ਼ ਔਰਤਾਂ ਤਾਂ ਆਪਣਾ ਨਾਮ ਤੱਕ ਨਹੀਂ ਸੀ ਲਿਖ ਸਕਦੀਆਂ ਹੁੰਦੀਆਂ। ਉਨ੍ਹਾਂ ਨੂੰ ਆਪਣੀ ਪਹਿਚਾਣ ਦੱਸਣ ਲਈ ਮਿਸਟਰੈੱਸ (ਰਖੇਲ) ਦਾ ਸੰਖਿਪਤ ਸ਼ਬਦ ਮਿਸਿਜ਼ ਲਿਖ ਕੇ ਨਾਲ ਆਪਣੇ ਅਸਲ ਨਾਮ ਦੀ ਬਜਾਏ ਸਿਰਫ਼ ਆਪਣੇ ਪਤੀ ਦਾ ਨਾਮ ਹੀ ਅੰਕਿਤ ਕਰਨਾ ਪੈਂਦਾ ਸੀ।
ਇਸ ਤੋਂ ਇਲਾਵਾ ਆਇਰਲੈਂਡ, ਸਕਾਟਲੈਂਡ, ਵੇਲਜ਼ ਅਤੇ ਇੰਗਲੈਂਡ ਦੇ ਸੰਗਠਿਤ ਰਾਜ ਨੂੰ ਯੂਨਾਈਟਡ ਕਿਊਨਡਮ ਦੀ ਬਜਾਏ ਅਜੇ ਤੱਕ ਯੂਨਾਇਟਡ ਕਿੰਗਡਮ ਹੀ ਪੁਕਾਰਿਆ ਜਾਂਦਾ ਹੈ। ਅਸਲ ਵਿਚ ਇਸ ਰਾਜ ਉੱਤੇ ਰਾਣੀ ਅਲਿਜ਼ਬੈੱਥ ਨਾਮ ਦੀ ਔਰਤ ਹਕੁਮਤ ਕਰ ਰਹੀ ਹੈ। ਕਿੰਗਡਮ ਦਾ ਸਰਪ੍ਰਸਤ ਕਿੰਗ ਹੁੰਦਾ ਹੈ ਅਤੇ ਕਿੰਗ ਇੱਕ ਮਰਦ ਹੀ ਹੋ ਸਕਦਾ ਹੈ। ਕਿੰਗਡਮ ਇਸ ਲਈ ਕਿਹਾ ਜਾਂਦਾ ਸੀ ਤਾਂ ਕਿ ਔਰਤ ਨੂੰ ਰਾਜਗੱਦੀ 'ਤੇ ਬੈਠਣ ਤੋਂ ਵਾਂਝੀ ਰੱਖਿਆ ਜਾ ਸਕੇ। ਬੇਸ਼ੱਕ ਅੰਗਰੇਜ਼ ਮਰਦਾਂ ਦੀ ਇਹ ਕੂਟਲਨੀਤੀ ਕਾਮਯਾਬ ਨਾ ਹੋ ਸਕੀ ਤੇ ਸੰਘਾਸਨ ਨੂੰ ਔਰਤਾਂ ਹੀ ਸਾਂਭਦੀਆਂ ਰਹੀਆਂ।
ਸਾਡੇ ਪੂਰਬ ਵਿੱਚ ਤਾਂ ਬਾਬਾ ਆਦਮ ਦੇ ਜ਼ਮਾਨੇ ਤੋਂ ਔਰਤਾਂ ਆਦਮੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਵਿਚਰਦੀਆਂ ਰਹੀਆਂ ਹਨ। ਦਵਾਪਰ ਯੁੱਗ ਵਿੱਚ ਕਕਈ ਵਰਗੀਆਂ ਭਾਰਤੀ ਔਰਤਾਂ ਰਾਜੇ ਦਸ਼ਰਥ ਨਾਲ ਯੁੱਧ ਵਿੱਚ ਸ਼ਰੀਕ ਹੁੰਦੀਆਂ ਰਹੀਆਂ ਸਨ। ਸੁਲਤਾਨ ਰਜ਼ੀਆ ਵਰਗੀਆਂ ਕੁੜੀਆਂ ਤਖਤ 'ਤੇ ਬੈਠ ਕੇ ਹੁਕਮਰਾਨੀ ਕਰਦੀਆਂ ਰਹੀਆਂ ਸਨ।
ਸਨਾਤਨੀ ਅੰਗਰੇਜ਼ਾਂ ਨੇ ਤਾਂ ਔਰਤਾਂ ਨੂੰ ਮੁਕਾਬਲੇ ਦੀ ਨੌਕਰੀ ਕਰਨ ਦਾ ਅਧਿਕਾਰ ਵੀ ਨਹੀਂ ਸੀ ਦਿੱਤਾ। ਹੈੱਡਮਾਸਟਰ, ਚੈਅਰਮੈਨ, ਕੈਮਰਾਮੈਨ, ਫਾਇਰਮੈਨ, ਪੋਸਟਮੈਨ ਆਦਿਕ ਪੇਸ਼ਿਆਂ ਦੇ ਸਿਰਲੇਖ ਜੋ ਕੁੱਝ ਵਰ੍ਹੇ ਪਹਿਲਾਂ ਤੱਕ ਕਾਇਮ ਰਹੇ, ਅੰਗਰੇਜ਼ਾਂ ਦੀ ਇਸੇ ਲਿੰਗ ਵਿਤਕਰਾ ਪ੍ਰਵਿਰਤੀ ਦੇ ਸੂਚਕ ਸਨ। ਫਿਰ ਜੇ ਆਧੁਨਿਕ ਸਮੇਂ ਵਿੱਚ ਔਰਤਾਂ ਨੌਕਰੀ ਕਰਨ ਲੱਗੀਆਂ ਤਾਂ ਉਨ੍ਹਾਂ ਨੂੰ ਇਕੋ ਜਿਹਾ ਕੰਮ ਕਰਨ ਬਦਲੇ ਮਰਦਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਰਹੀ ਸੀ। ਇਹ ਤਾਂ ਭਲਾ ਹੋਵੇ ਨਾਰੀ ਸੰਸਥਾਵਾਂ ਦਾ ਜਿਨ੍ਹਾਂ ਨੇ ਰੌਲਾ ਪਾ ਕੇ ਬਰਾਬਰੀ ਦਾ ਕਾਨੂੰਨ ਬਣਵਾਇਆ ਤੇ ਤੀਵੀਂਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣ ਲੱਗੇ।
ਅੰਗਰੇਜ਼ ਪੁਰਸ਼ਾਂ ਦੀ ਖੜਯੰਤਰੀ ਸੋਚ ਤਾਂ ਇੱਥੋਂ ਤੱਕ ਜਾਂਦੀ ਹੈ ਕਿ ਉਨ੍ਹਾਂ ਨੇ ਆਪਣੇ ਲਈ ਪੱਧਰੇ ਤਲੇ ਵਾਲੀਆਂ ਜੁੱਤੀਆਂ ਬਣਾਈਆਂ ਅਤੇ ਮਹਿਲਾਵਾਂ ਲਈ ਉੱਚੀ ਅੱਡੀ ਵਾਲੇ ਸੈਂਡਲ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਇਸਤਰੀਆਂ ਨੂੰ ਤੇਜ਼ ਚੱਲਣ ਵਿੱਚ ਕਠਨਾਈ ਪੇਸ਼ ਹੋਵੇ ਤੇ ਉਹ ਭੱਜ ਕੇ ਮਰਦਾਂ ਤੋਂ ਮੂਹਰੇ ਨਾ ਨਿਕਲ ਸਕਣ!
ਜਿੰਨਾ ਅੰਗਰੇਜ਼ਾਂ ਨੇ ਜਨਾਨੀਆਂ ਨੂੰ ਨੱਪ ਕੇ ਰੱਖਿਆ ਹੈ, ਉਨਾ ਹੋਰ ਕਿਸੇ ਕੌਮ-ਕਬੀਲੇ ਨੇ ਨਹੀਂ ਦਬਾਇਆ। ਕਿੱਡੀਆਂ ਗੂੜ-ਗਿਆਨ ਦੀਆਂ ਗੱਲਾਂ ਮਾਰਨ ਲੱਗ ਪਈ ਹਾਂ। ਬਚਪਨ ਤੋਂ ਹੀ ਬਹੁਤ ਰੋਸ਼ਨ ਦਿਮਾਗ ਅਤੇ ਹੁਸ਼ਿਆਰ ਹੁੰਦੀ ਸੀ ਮੈਂ। ਵਿੱਦਿਆ ਅਤੇ ਗਿਆਨ ਦੀਆਂ ਦੇਵੀਆਂ, ਸਰਸਵਤੀ ਅਤੇ ਮਨਵੀਰਾ ਦੀ ਮੇਰੇ 'ਤੇ ਫੁੱਲ ਕ੍ਰਿਪਾ ਸੀ। ਅਗਰ ਚਾਹੁੰਦੀ ਤਾਂ ਉਦੋਂ ਅੰਗਰੇਜ਼ਣਾਂ ਨੂੰ ਐਸੇ ਮੂੰਹ ਤੋੜ ਜਵਾਬ ਦਿੰਦੀ ਕਿ ਉਨ੍ਹਾਂ ਦੀ ਬੋਲਤੀ ਬੰਦ ਕਰਕੇ ਰੱਖ ਦਿੰਦੀ। ਪਰ ਉਸ ਵਕਤ ਮੇਰੀ ਜਮ੍ਹਾਂ ਹੀ ਮਤ ਮਾਰੀ ਗਈ ਸੀ। ਮੈਨੂੰ ਆਪਣੀਆਂ ਫਰੰਗੀ ਸਾਥਣਾਂ ਨੂੰ ਆਪਣੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਹੱਕ ਵਿੱਚ ਦੇਣ ਲਈ ਇੱਕ ਵੀ ਦਲੀਲ ਨਹੀਂ ਸੀ ਆਹੁੜੀ ਅਤੇ ਉਨ੍ਹਾਂ ਦੀ ਭੜਕਾਈ ਹੋਈ ਮੈਂ ਸਹੀ ਰਾਹਾਂ ਤੋਂ ਭਟਕ ਕੇ ਕੁਰਾਹੇ ਪੈ ਗਈ ਸੀ।
ਸਭ ਤੋਂ ਵੱਡਾ ਵੈਰ ਤਾਂ ਮੇਰੇ ਨਾਲ ਪਾਪਣ ਐਂਜਲਾ ਨੇ ਕਮਾਇਆ ਹੈ। ਜਿਵੇਂ ਉਹ ਫਾਰਸੀ ਦੀ ਕਹਾਵਤ ਹੈ ਨਾ? 'ਗੰਦੁਮਨੁਮਾ ਜੌਂ ਫਰੋਸ਼' ਮਤਲਬ ਕਿ ਕਣਕ ਦਿਖਾ ਕੇ ਜੌਂਅ ਵੇਚ ਦਿੱਤੇ। ਉਹਦੇ ਭਰਾ ਮੈਕਸ ਨਾਲ ਕੋਈ ਕੁੜੀ ਨਹੀਂ ਸੀ ਫਸਦੀ। ਭਾਈ ਦਾ ਜਗਾੜ ਫਿੱਟ ਕਰਨ ਲਈ ਉਹਨੇ ਕੰਜ਼ਰੀ ਨੇ ਮੇਰੀ ਜ਼ਿੰਦਗੀ ਤਬਾਹ ਕਰ ਕੇ ਰੱਖ ਦਿੱਤੀ ਹੈ। ਬਾਕੀ ਦੀਆਂ ਸਾਰੀਆਂ ਕੁੜੀਆਂ ਵੀ ਐਜ਼ਲਾ ਨਾਲ ਹੀ ਰਲੀਆਂ ਹੋਈਆਂ ਸਨ। ਮੇਰੇ ਗਲ ਮੈਕਸ ਨੂੰ ਮੜਣ ਲਈ ਉਨ੍ਹਾਂ ਸਭਨਾਂ ਨੇ ਰਈ ਨਾਲ ਮੇਰੇ ਕੋਲ ਉਹਦੀਆਂ ਝੂਠੀਆਂ ਸਿਫਤਾਂ ਦੇ ਪੁੱਲ ਬੰਨ੍ਹੇ ਸਨ। ਇੰਝ ਸਾਰੀਆਂ ਸਹੇਲੀਆਂ ਮੈਨੂੰ ਵਰਗ ਲਾ ਕੇ ਬਦਨਾਮੀ ਦੀ ਢਾਬ 'ਤੇ ਲੈ ਗਈਆਂ ਸਨ। ਮੇਰੇ ਮੂਹਰੇ ਪਾਣੀ ਐਨਾ ਗੰਦਧਲਾ ਸੀ ਕਿ ਮੈਨੂੰ ਨਜ਼ਰ ਨਹੀਂ ਸੀ ਆਇਆ ਕਿ ਅੱਗੇ ਕਿੰਨੀ ਕੁ ਡੂੰਘਿਆਈ ਹੈ। ਮੈਂ ਜਿਉਂ-ਜਿਉਂ ਅੱਗੇ ਵਧਦੀ ਗਈ ਸੀ, ਤਿਉਂ-ਤਿਉਂ ਡੁੱਬਦੀ ਗਈ ਸੀ। ਜਦੋਂ ਤੱਕ ਮੇਰੇ ਮਨ ਵਿੱਚ ਪਿੱਛੇ ਮੁੜਨ ਦਾ ਖ਼ਿਆਲ ਆਇਆ ਸੀ, ਉਦੋਂ ਤੱਕ ਮੈਂ ਗਲ-ਗਲ ਖੁੱਭ ਚੁੱਕੀ ਸੀ। ਹੁਣ ਸਹੇਲੀਆਂ ਨੂੰ ਬੁਰਾ-ਭਲਾ ਕਿਹਾਂ ਕੀ ਬਣਨੈ? ਕਸੂਰ ਤਾਂ ਮੇਰਾ ਆਪਣਾ ਹੈ। ਕਿਉਂ ਮੈਂ ਅੰਨ੍ਹੀ ਨੇ ਉਨ੍ਹਾਂ ਅੰਨ੍ਹੀਆਂ ਨੂੰ ਆਪਣੀ ਅਗਵਾਈ ਕਰਨ ਲਈ ਕਿਹਾ? ਮੈਕਸ ਦਾ ਵੀ ਦੋਸ਼ ਨਹੀਂ। ਜਦੋਂ ਗੁੜ ਦੀ ਭੇਲੀ ਫੁੱਟਦੀ ਹੈ ਤਾਂ ਕੀੜੀਆਂ ਦੇ ਮੂੰਹ ਵਿੱਚ ਵੀ ਭੋਰਾ ਪੈ ਜਾਂਦਾ ਹੈ। ਘਰੋਂ ਭੱਜੀ ਸੀ ਤਾਂ ਕਿਸੇ ਨਾ ਕਿਸੇ ਦੇ ਤਾਂ ਵਸਣਾ ਹੀ ਸੀ।
ਵਿਆਹ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਘਟਨ ਵਾਲੀ ਸਭ ਤੋਂ ਮਹੱਤਵਪੂਰਨ ਅਤੇ ਹੁਸੀਨ ਘਟਨਾ ਹੁੰਦੀ ਹੈ। ਇਸਨੂੰ ਸਿੱਧੀ-ਸਤੂਕ ਚੱਲ ਰਹੀ ਜ਼ਿੰਦਗੀ ਵਿੱਚ ਆਉਣ ਵਾਲਾ ਖ਼ੂਬਸੂਰਤ ਮੋੜ ਵੀ ਕਿਹਾ ਜਾ ਸਕਦਾ ਹੈ। ਘਰੋਂ ਭੱਜਣ ਸਦਕਾ ਮੈਂ ਵਿਆਹ ਦੀ ਖੁਸ਼ੀ ਅਤੇ ਸੁਹਾਗ ਜੋੜਾ ਪਹਿਨਣ ਦਾ ਅਵਸਰ ਪ੍ਰਾਪਤ ਕਰਨ ਤੋਂ ਸਾਰੀ ਉਮਰ ਮਹਿਰੂਮ ਹੋ ਕੇ ਰਹਿ ਗਈ ਹਾਂ। ਜਿਸ ਢੰਗ ਨਾਲ ਮੇਰਾ ਉਦੋਂ ਲਗਨ ਹੋਣ ਜਾ ਰਿਹਾ ਸੀ। ਉਸ ਵਿਆਹ ਨੂੰ ਸਹੇਲੀਆਂ ਫੋਰਸਡ ਮੈਰਿਜ ਆਖ ਕੇ ਭੰਡਦੀਆਂ ਰਹੀਆਂ। ਦਰਅਸਲ ਉਹ ਅਰੇਂਜ਼ ਮੈਰਿਜ ਹੁੰਦੀ ਹੈ । ਫੋਰਸ ਤਾਂ ਇਹ ਹੈ ਜੋ ਸਹੇਲੀਆਂ ਨੇ ਕਰਵਾਈ ਹੈ। ਮੈਂ ਨਾਦਾਨ ਸੀ, ਉਨ੍ਹਾਂ ਦੀਆਂ ਲੱਛੇਦਾਰ ਗੱਲਾਂ ਵਿੱਚ ਆ ਗਈ ਸੀ। ਇਹ ਤਾਂ ਹੁਣ ਹੀ ਸਮਝਣ ਦੇ ਕਾਬਲ ਹੋਈ ਹਾਂ ਕਿ ਫੋਰਸਡ ਮੈਰਿਜ ਅਤੇ ਅਰੇਂਜ ਮੈਰਿਜ ਵਿੱਚ ਅੰਤਰ ਹੁੰਦਾ ਸੀ। ਕੁੱਝ ਵੀ ਮਾੜਾ ਜਾਂ ਗਲਤ ਨਹੀਂ ਹੁੰਦਾ ਉਸ ਅਰੇਂਜ਼ ਮੈਰਿਜ ਵਿੱਚ। ਦੋ ਪਰਿਵਾਰ ਜੋ ਚਿਰਾਂ ਤੋਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ। ਜਾਂ ਕੋਈ ਹੋਰ ਵਿਚਲਾ ਬੰਦਾ ਜੋ ਦੋਹਾਂ ਪਰਿਵਾਰਾਂ ਨੂੰ ਕਈ ਪੀੜੀਆਂ ਤੋਂ ਜਾਣਦਾ ਹੁੰਦਾ ਹੈ, ਸਭ ਇਕੱਠੇ ਬੈਠ ਜਾਂਦੇ ਹਨ। ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਦੋਨਾਂ ਪਰਿਵਾਰਾਂ ਦੀਆਂ ਖੂਬੀਆਂ-ਖਾਮੀਆਂ ਜਾਂਚੀਆਂ ਜਾਂਦੀਆਂ ਹਨ। ਵਰ ਅਤੇ ਵਧੂ ਦੇ ਗੁਣਾਂ ਔਗੁਣਾਂ ਨੂੰ ਨਾਪਿਆ, ਤੋਲਿਆ ਜਾਂਦਾ ਹੈ। ਆਖ਼ੀਰ ਤੇ ਜਾ ਕੇ ਦੋਹਾਂ ਪਰਿਵਾਰਾਂ ਦੇ ਸਿਆਣੇ ਬਜ਼ੁਰਗ, ਜੋ ਕਿ ਪੂਰੀ ਜ਼ਿੰਦਗੀ ਦਾ ਤਜਰਬਾ ਹਾਸਲ ਕਰ ਚੁੱਕੇ ਹੁੰਦੇ ਹਨ, ਉਹ ਸਿੱਟੇ ਕੱਢਦੇ ਹਨ। ਅਗਰ ਉਨ੍ਹਾਂ ਨੂੰ ਲੱਗੇ ਕਿ ਮੁੰਡੇ-ਕੁੜੀ ਦਾ ਸਹੀ ਮੇਲ ਹੁੰਦਾ ਹੈ। ਭਾਵ ਕਿ ਦੋਨੋਂ ਇੱਕ ਦੂਜੇ ਦੇ ਜੋੜ ਦੇ ਹਨ ਤਾਂ ਸਭ ਦੀ (ਵਿਆਹ ਵਾਲੇ ਕੈਂਡੀਡੇਟਸ ਦੀ ਵੀ) ਸਲਾਹ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੈ। ਮੁੰਡੇ ਨੂੰ ਕੁੜੀ ਦਿਖਾਈ ਜਾਂਦੀ ਹੈ ਤੇ ਕੁੜੀ ਨੂੰ ਮੁੰਡਾ। ਬਸ ਇਸੇ ਨੂੰ ਅਰੇਂਜ ਮੈਰਿਜ ਕਿਹਾ ਜਾਂਦਾ ਹੈ। ਕੀ ਬੁਰਾਈ ਹੈ ਇਸ ਵਿੱਚ? ਐਵੇਂ ਪੰਛਮੀ ਲੋਕ ਇਸਨੂੰ ਹਊਆ ਬਣਾ ਕੇ ਪੇਸ਼ ਕਰਦੇ ਹਨ। ਵਿਆਹ ਕਿਸ ਢੰਗ ਨਾਲ ਹੋਇਆ ਹੈ, ਇਸਦਾ ਉਸਦੀ ਸਫਲਤਾ ਜਾਂ ਅਸਫਲਤਾ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜੇ ਅਰੇਂਜ ਮੈਰਿਜ ਤਿੜਕਦੀ ਹੈ ਤਾਂ ਲਵ ਮੈਰਿਜਾਂ ਵੀ ਘੱਟ ਨਹੀਂ ਟੁੱਟਦੀਆਂ। ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਜੇਕਰ ਮੈਂ ਇਹ ਕਹਾਂ ਕਿ ਅਰੇਂਜ ਦੀ ਨਿਸਬਤ ਪ੍ਰੇਮ ਵਿਆਹ ਘੱਟ ਨਿਭਦੇ ਹਨ। ਇਹ ਜੋ ਆਏ ਦਿਨ ਧੜਾਧੜ ਤਲਾਕ ਹੋ ਰਹੇ ਹਨ। ਉਹ ਪ੍ਰੇਮ ਵਿਆਹਾਂ ਵਾਲਿਆਂ ਦੇ ਹੁੰਦੇ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਪ੍ਰੇਮ ਵਿਆਹਾਂ ਵਾਲੇ ਦੰਪਤੀ ਜੋੜੇ ਵਿਆਹ ਤੋਂ ਪਹਿਲਾਂ ਪ੍ਰੇਮੀ ਪ੍ਰੇਮਿਕਾ ਹੁੰਦੇ ਹਨ। ਥੋੜ੍ਹਾ ਚਿਰ ਮਿਲਣਾ ਹੁੰਦਾ ਹੈ ਇਸ ਲਈ ਉਦੋਂ ਉਹ ਇੱਕ ਦੂਸਰੇ ਨਾਲ ਹੋਰ ਤਰ੍ਹਾਂ ਪੇਸ਼ ਆਉਂਦੇ ਹਨ। ਵਿਆਹ ਤੋਂ ਬਾਅਦ ਉਹ ਪਤੀ ਪਤਨੀ ਬਣ ਜਾਂਦੇ ਹਨ। ਹਰ ਵੇਲੇ ਉਨ੍ਹਾਂ ਨੇ ਇੱਕ ਦੂਜੇ ਨਾਲ ਰਹਿਣਾ ਹੁੰਦਾ ਹੈ, ਇਸ ਕਰਕੇ ਉਹਨਾਂ ਦਾ ਰਵਈਆਂ ਬਦਲ ਜਾਂਦਾ ਹੈ। ਉਸ ਵਿੱਚੋਂ ਬਨਾਵਟੀਪਨ ਖਤਮ ਹੋ ਜਾਂਦਾ ਹੈ। ਪਤੀ ਪਤਨੀ ਇੱਕ ਦੂਸਰੇ ਦੀ ਅਸਲੀਅਤ ਨਾਲ ਰੂਬਰੂ ਹੋ ਜਾਂਦੇ ਹਨ। ਕਿਸੇ ਵਿਪਰੀਤ ਲਿੰਗੀ ਵਿਅਕਤੀ ਦਾ ਕੋਹਜ ਦੇਖਣਾ ਹੋਵੇ ਤਾਂ ਇੱਕ ਰਾਤ ਉਸ ਨਾਲ ਨਿਰਵਸਤਰ ਪੈ ਕੇ ਗੁਜ਼ਾਰ ਲਵੋ। ਤੁਹਾਨੂੰ ਉਸਦੇ ਸਭ ਐਬ ਨਜ਼ਰ ਆ ਜਾਣਗੇ। ਇੰਝ ਜਦੋਂ ਵਿਆਹੇ ਜੋੜਿਆਂ ਨੂੰ ਆਪਣੇ ਜੀਵਨਸਾਥੀ ਵਿੱਚ ਬਹੁਤੇ ਨੁਕਸ ਨਜ਼ਰ ਆਉਣ ਲੱਗ ਜਾਣ ਤਾਂ ਉਨ੍ਹਾਂ ਵਿੱਚ ਦਰਾਰ ਪੈ ਜਾਂਦੀ ਹੈ। ਇਹ ਦਰਾਰ ਹੀ ਵੱਧ ਕੇ ਤਲਾਕ ਰੂਪੀ ਪਾੜ ਬਣ ਜਾਂਦੀ ਹੈ। ਪ੍ਰੇਮ ਕਰਦੇ ਵਕਤ ਸਾਥੀ ਦੇ ਦੋਸ਼ ਨਹੀਂ ਦਿਸਦੇ ਹੁੰਦੇ। ਲਵ ਇੱਜ਼ ਬਲਾਈਂਡ ਐਂਡ ਮੈਰਿਜ ਇੱਜ਼ ਆਈ ਉਪਨਰ। ਕਿੰਨੀ ਸਚਾਈ ਛੁਪੀ ਹੋਈ ਹੈ ਇਸ ਵਾਕ ਵਿੱਚ, ਹੈ ਨਾ? ਵਿਆਹ ਦਾ ਖੜਕਾ ਹੁੰਦਿਆਂ ਹੀ ਪ੍ਰੇਮ ਦੇ ਝੂਟਿਆਂ ਨਾਲ ਮੁੰਦੀਆਂ ਗਈਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਔਰ ਫਿਰ ਪ੍ਰੇਮ ਵਿਆਹ ਪੰਛਮ ਦੀ ਨਹੀਂ ਬਲਕਿ ਪੂਰਬ ਦੀ ਕਾਢ ਸੀ। ਹਿੰਦੁਸਤਾਨੀ ਇਤਿਹਾਸ ਵਿੱਚ ਸਵੰਬਰ ਅਤੇ ਮਹਾਂ ਰਿਸ਼ੀ ਮਨੂੰ ਦੁਆਰਾ ਆਪਣੀਆਂ ਸਿਮਰਤੀਆਂ ਵਿੱਚ ਵਰਣਨ ਕੀਤੇ ਗਏ ਅੱਠਾਂ ਵਿਆਹਾਂ ਵਿੱਚੋਂ ਦੋ ਵਿਆਹ ਬ੍ਰਹਮ ਅਤੇ ਗੰਧਰਵ ਦੀਆਂ ਪ੍ਰਥਾਵਾਂ ਵੀ ਤਾਂ ਮੌਜੂਦਾ ਪ੍ਰੇਮ ਵਿਆਹ ਦਾ ਪੁਰਾਤਨ ਰੂਪ ਹੀ ਸੀ। ਇਸ ਤੱਥ ਵਿੱਚ ਜ਼ਰਾ ਵੀ ਸਚਾਈ ਨਹੀਂ ਹੈ ਕਿ ਸਾਡੇ ਮੁਸਲਮਾਨ ਲੋਕਾਂ ਦੇ ਸਾਰੇ ਨਿਕਾਹ ਹੀ ਜ਼ਬਰਦਸਤੀ ਹੁੰਦੇ ਹਨ। ਮੌਲਵੀ ਲੜਕੀ ਤੋਂ ਗਵਾਹਾਂ ਦੀ ਮੌਜੂਦਗੀ ਵਿੱਚ ਪੁੱਛਦਾ ਹੁੰਦਾ ਹੈ ਕਿ ਕੀ ਦੁਲਹਨ ਨੂੰ ਦੁਲਹਾ ਸਵਿਕਾਰ ਹੈ ਜਾਂ ਨਹੀਂ। ਅਗਰ ਲਾੜੀ ਕੁੱਝ ਨਾ ਬੋਲੇ ਤਾਂ ਵਿਆਹ ਦੀ ਰਸਮ ਉੱਥੋਂ ਅੱਗੇ ਨਹੀਂ ਤੁਰਦੀ। ਜੇ ਲੜਕੀ ਤਿੰਨ ਵਾਰ ਪੁੱਛੇ ਜਾਣ 'ਤੇ ਕਬੂਲ-ਕਬੂਲ-ਕਬੂਲ ਆਖੇ, ਤਦ ਹੀ ਮੌਲਵੀ ਵੱਲੋਂ ਨਿਕਾਹ ਨੂੰ ਹਰੀ ਝੰਡੀ ਦਿਖਾਈ ਜਾਂਦੀ ਹੈ। ਮਰਜ਼ੀ ਤੋਂ ਬਿਨਾਂ ਖਾਵੰਦ ਗਲੇ ਨਹੀਂ ਮੜ੍ਹਿਆ ਜਾਂਦਾ। ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਜ਼ਬਾਨੀ ਤੌਰ 'ਤੇ ਜੀਵਨਸਾਥੀ ਵੱਜੋਂ ਸਵਿਕਾਰੇ ਜਾਣ ਉਪਰੰਤ ਉਸਨੂੰ ਲਿਖਤੀ ਰੂਪ ਵਿੱਚ ਵੀ ਸਾਂਭ ਲਿਆ ਜਾਂਦਾ ਹੈ। ਉਸ ਲਿਖਤੀ ਮੈਰਿਜ ਸਾਰਟੀਫਿਕੇਟ ਨੂੰ ਅਸੀਂ ਨਿਕਾਹਨਾਮਾ ਸੱਦਦੇ ਹਾਂ।
ਫਿਰ ਬਾਅਦ ਵਿੱਚ ਸ਼ਾਦੀ ਦੀ ਪਵਿੱਤਰ ਰਸਮ ਨੂੰ ਕੋਈ ਖਿਡਾਉਣਾ ਨਾ ਸਮਝੇ ਇਸ ਲਈ ਵਿਆਹ ਮੌਕੇ ਲੜਕੇ ਵੱਲੋਂ ਲੜਕੀ ਨੂੰ ਦੇਣ ਲਈ ਜ਼ਰ ਮਹਿਰ ਮੁਕੱਰਰ ਹੋ ਜਾਂਦਾ ਹੈ। ਇਹ ਜ਼ਰ ਮਹਿਰ ਇੱਕ ਮਿਥੀ ਗਈ ਰਕਮ ਜਾਂ ਜਾਇਦਾਦ ਹੁੰਦੀ ਹੈ, ਜੋ ਸ਼ਰ੍ਹਾ ਮੁਤਾਬਕ ਪਤੀ ਨੂੰ ਆਪਣੀ ਪਤਨੀ ਨੂੰ ਦੇਣੀ ਪੈਂਦੀ ਹੈ, ਜੇਕਰ ਕਿਸੇ ਸੂਰਤ ਵਿੱਚ ਉਹ ਤਲਾਕ ਲੈਣੀ ਚਾਹੁੰਦਾ ਹੋਵੇ।
ਕਿੱਡੀ ਰਾਤ ਚੜ੍ਹ ਆਈ ਹੈ। ਹਰਾਮਜ਼ਾਦਾ! ਮੈਕਸ ਅਜੇ ਤੱਕ ਨਹੀਂ ਬਹੁੜਿਆ। ਖ਼ੌਰੇ ਕਿੱਥੇ ਧੱਕੇ ਖਾਂਦਾ ਫਿਰਦਾ ਹੋਊ? ਦਿਨੇ ਸਾਰੀ ਦਿਹਾੜੀ ਜਿੱਥੇ ਮਰਜ਼ੀ ਖੇਹ ਖਾਂਦਾ ਰਿਹਾ ਕਰੇ, ਘੱਟੋ ਘੱਟ ਰਾਤ ਨੂੰ ਤਾਂ ਮੇਰੇ ਕੋਲ ਮਰਿਆ ਕਰੇ। ਤੀਵੀਂ ਨੂੰ ਆਦਮੀ ਦੀ ਲੋੜ ਹੁੰਦੀ ਹੈ। ਸੌ ਦੁੱਖ-ਸੁੱਖ ਕਰਨਾ ਹੁੰਦੈ। ਕਹਾਨੂੰ, ਇਹਨੂੰ ਰਤਾ ਵੀ ਮੇਰਾ ਤਿਉ ਪਿਆਰ ਨਹੀਂ ਹੈ। ਜੇ ਪਿਆਰ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਕਰਦਾ। ਬੜਾ ਜ਼ਾਲਮ ਹੈ। ਕਹਿਰਾਂ ਦਾ ਮਾਨਸਿਕ ਅਤੇ ਸਰੀਰਕ ਤਸ਼ੱਦਦ ਢਾਉਂਦਾ ਹੈ ਮੇਰੇ ਉੱਤੇ। ਪੱਟ ਮੇਰੇ ਬਲੇਡ ਮਾਰ-ਮਾਰ ਛਿੱਲੇ ਪਏ ਹਨ। ਸਤਨ ਧੁੱਖਦੀ ਸਿਗਰਟ ਨਾਲ ਸਾੜੇ ਪਏ ਹਨ। ਮੇਰੀ ਤਾਜ ਮਹਿਲ ਵਰਗੀ ਦੇਹ ਦਾ ਸਾਰਾ ਸੱਤਿਆਨਾਸ ਮਾਰਿਆ ਪਿਆ ਹੈ। ਫਾਹਾ ਵੱੱਢ ਕੇ ਰੱਖ ਦਿੱਤਾ ਹੈ ਇਹਨੇ ਮੇਰਾ।
ਬਾਹਰੋਂ ਸੀਤਲ ਹਵਾ ਦੀ ਫੁਆਰ ਆਉਂਦੀ ਹੈ ਤੇ ਮੇਰੇ ਜ਼ਖ਼ਮਾਂ ਨਾਲ ਛਿੱਲਣੀ ਵਜੂਦ ਨੂੰ ਚੀਰ ਕੇ ਲੰਘਦੀ ਹੈ। ਕਾਹਦੈ? ਅਣਕੱਜੇ ਰਹਿਣ 'ਚ ਵੀ ਦੁੱਖ ਹੀ ਦੁੱਖ ਨੇ। ਮੇਰਾ ਤਾਂ ਸ਼ਰੀਰ ਹੀ ਨਹੀਂ ਆਤਮਾ ਵੀ ਬੇਲਿਬਾਸ ਹੋ ਗਈ ਹੈ। ਅੰਦਰੋਂ ਬਾਹਰੋਂ ਨੰਗੀ, ਅਲਫ ਨੰਗੀ ਹੋ ਗਈ ਹਾਂ ਮੈਂ।
ਜਵਾਨੀ ਦੇ ਨਸ਼ੇ ਵਿੱਚ ਚੂਰ ਹੋਈ ਨੇ ਹੰਕਾਰ ਵਿੱਚ ਮੋਢਿਆਂ ਤੋਂ ਥੁੱਕਣਾ ਸ਼ੁਰੂ ਕਰ ਦਿੱਤਾ ਸੀ। ਜੋਬਨ ਦੀ ਮਦਮਸਤੀ ਵਿੱਚ ਅਕਲ ਸਾਥ ਛੱਡ ਗਈ ਸੀ। ਮੈਂ ਹੱਥੀਂ ਖੁਸ਼ੀਆਂ ਦਾ ਵਸਤਰ ਪਾੜ ਕੇ ਲੰਗਾਰ ਕਰ ਦਿੱਤਾ ਸੀ। ਹੁਣ ਮੇਰੀ ਤਕਦੀਰ ਵੀ ਮੇਰੇ ਵਾਂਗ ਨਗਨ ਹੋ ਕੇ ਰਹਿ ਗਈ ਹੈ।
ਬੋਤਲ ਵਿੱਚ ਪੈੱਗ ਕੁ ਦਾਰੂ ਬਚਦੀ ਹੈ, ਉਹਨੂੰ ਸੁੜਾਕ ਕੇ ਖਾਲੀ ਬੋਤਲ ਫਰਸ਼ 'ਤੇ ਰੋੜ ਦਿੰਦੀ ਹਾਂ। ਇਉਂ ਹੀ ਮਰਦ ਕਰਦੇ ਨੇ ਔਰਤ ਦੇ ਜੋਬਨ ਦਾ ਰਸ ਪੀਂਦੇ ਹਨ ਤੇ ਉਹਨੂੰ ਖਾਲੀ ਕਰਕੇ ਸਿੱਟ ਦਿੰਦੇ ਹਨ। ਮੇਰੀ ਵੀ ਮੈਕਸ ਨੇ ਬੇਕਦਰੀ ਕਰੀ ਪਈ ਹੈ। ਬਿਲਕੁਲ ਸਾਰ ਨਹੀਂ ਲੈਂਦਾ ਮੇਰੀ ਤੇ ਨਾ ਹੀ ਮੇਰੀ ਇਸ ਘਰ ਵਿੱਚ ਕੋਈ ਪੁੱਛ ਪ੍ਰਤੀਤ ਹੈ। ਹਾਲਾਂਕਿ ਮੈਂ ਇਸ ਘਰ ਦੀ ਪੂਰੀ ਮਾਲਕਣ ਹਾਂ। -ਮੈਂ ਸਮਝਦੀ ਸੀ ਮੈਕਸ ਪਾਰਸ ਹੋਵੇਗਾ ਤੇ ਮੇਰੀ ਲੋਹਾ ਬਣੀ ਦੇਹ ਨੂੰ ਰਗੜ ਕੇ ਸੋਨਾ ਕਰ ਦੇਵੇਗਾ। ਪਰ ਇਹ ਤਾਂ ਜੰਗਾਲ ਨਿਕਲਿਆ ਆਪਣੇ ਨਾਲ ਇਹਨੇ ਤਾਂ ਮੈਨੂੰ ਵੀ ਗਾਲ ਦਿੱਤਾ ਹੈ।
ਜੀਵਨ ਦਾ ਸੰਘਰਸ਼ ਕਰਦੀ-ਕਰਦੀ ਥੱਕ ਟੁੱਟ ਗਈ ਹਾਂ। ਸਭ ਪੈਦਾਇਸ਼ੀ ਰਿਸ਼ਤੇ-ਨਾਤੇ ਛੱਡ ਕੇ ਇੱਕ ਧਰਮੀ ਰਿਸ਼ਤੇ ਨੂੰ ਅਪਨਾਉਣ ਚੱਲੀ ਸੀ। ਬਾਜ਼ੀ ਹਾਰ ਕੇ ਮੂੱਧੇ-ਮੂੰਹ ਡਿੱਗੀ ਹਾਂ। ਜੂਆ ਵੀ ਕਿਹੜਾ ਛੋਟਾ-ਮੋਟਾ ਹਾਰੀ ਹਾਂ? ਕਿੱਡਾ ਵੱਡਾ ਦਾਅ ਲਾਇਆ ਸੀ ਮੈਂ। ਨਾ ਖੁਦਾ ਮਿਲਾ ਨਾ ਵਸਾਲ-ਏ-ਯਾਰ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਵਾਲਾ ਭਾਣਾ ਮੇਰੇ ਨਾਲ ਵਰਤਿਆ ਹੈ। ਸ਼ਾਇਦ ਇਸ ਪ੍ਰਕਾਰ ਜ਼ਿੰਦਗੀ ਦੇ ਯਥਾਰਥ ਹੋਣੀ ਸੀ। ਤਦੇ ਹੀ ਤਾਂ ਇਹ ਸਮਝਣ ਜੋਗੀ ਹੋਈ ਹਾਂ ਕਿ ਮੋਮਬੱਤੀ ਦਾ ਧਾਗਾ ਉਨਾ ਚਿਰ ਹੀ ਮਹਿਫੂਜ਼ ਰਹਿੰਦਾ ਹੈ ਜਿੰਨੀ ਦੇਰ ਉਸਦੇ ਆਲੇ-ਦੁਆਲੇ ਮੋਮ ਲਿਪਟੀ ਹੋਈ ਹੁੰਦੀ ਹੈ। ਜੇ ਅੱਗ ਧਾਗੇ ਨੂੰ ਆਖੇ ਕਿ ਤੂੰ ਮੋਮ ਵਿੱਚ ਕੈਦ ਹੈਂ। ਆ ਮੇਰੇ ਨਾਲ ਮਿਲ ਜਾਹ। ਮੈਂ ਤੈਨੂੰ ਮੋਮ ਤੋਂ ਮੁਕਤ ਕਰਵਾਉਂਦੀ ਹਾਂ, ਤਾਂ ਧਾਗੇ ਨੂੰ ਅੱਗ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਚੂੰਕਿ ਜਿਉਂ-ਜਿਉਂ ਧਾਗੇ ਨਾਲ ਲੱਗੀ ਅੱਗ ਮੋਮ ਨੂੰ ਪਿਘਲਾਉਂਦੀ ਜਾਂਦੀ ਹੈ ਤਿਉਂ-ਤਿਉਂ ਨਾਲ ਦੀ ਨਾਲ ਧਾਗਾ ਵੀ ਸੜਦਾ ਜਾਂਦਾ ਹੈ। ਜਦੋਂ ਪੂਰੀ ਮੋਮ ਢਲ ਜਾਂਦੀ ਹੈ, ਧਾਗੇ ਨੂੰ ਉਦੋਂ ਆਪਣੀ ਮੂਰਖਤਾ ਦਾ ਗਿਆਨ ਹੁੰਦਾ ਹੈ। ਪਰ ਤਦ ਤੱਕ ਤਾਂ ਅੱਗ ਧਾਗੇ ਨੂੰ ਵੀ ਸਾੜ ਕੇ ਤਬਾਹ ਕਰ ਚੁੱਕੀ ਹੁੰਦੀ ਹੈ। ਆਜ਼ਾਦ ਹੋਣ ਦੇ ਭਰਮ ਵਿੱਚ ਨਾਦਾਨ ਧਾਗਾ ਆਪਣੀ ਹਸਤੀ ਹੀ ਮਿਟਵਾ ਬੈਠਾ ਹੁੰਦਾ ਹੈ। ਮੈਂ ਤਾਂ ਸਭ ਨੂੰ ਇਹੀ ਕਹਾਂਗੀ ਕਿ ਮੋਮ ਵਰਗੇ ਮਾਪਿਆਂ ਨੂੰ ਛੱਡ ਕੇ ਅੱਗ ਦੀ ਲਾਟ ਵਰਗੇ ਗੈਰਾਂ ਕੋਲ ਕਦੇ ਨਾ ਜਾਇਉ। ਅੱਗ ਦਾ ਕੁੱਝ ਨਹੀਂ ਜਾਂਦਾ ਹੈ। ਮੋਮ ਅਤੇ ਧਾਗਾ ਹੀ ਮੱਚ ਕੇ ਸੁਆਹ ਬਣਦੇ ਹਨ। ਮੋਮ ਧਾਗੇ ਦਾ ਵਸਤਰ ਹੁੰਦੀ ਹੈ।
ਮੇਰੀਆਂ ਸਹੇਲੀਆਂ ਵੈਰਨਾਂ ਨੇ ਮੈਨੂੰ ਮੇਰੇ ਸਾਰੇ ਸਕੇ-ਸੰਬੰਧੀਆਂ ਨਾਲੋਂ ਤੋੜ ਕੇ ਰੱਖ ਦਿੱਤਾ ਹੈ। ਅਖੇ ਤੈਨੂੰ ਆਜ਼ਾਦੀ ਦਿਵਾਉਂਦੀਆਂ ਹਾਂ। ਰੁੱਖ ਨੂੰ ਧਰਤੀ ਵਿੱਚੋਂ ਜੜ੍ਹਾਂ ਤੋਂ ਪੱਟ ਦੇਣ ਨਾਲ ਉਸਨੂੰ ਆਜ਼ਾਦ ਜ਼ਿੰਦਗੀ ਨਹੀਂ, ਬਲਕਿ ਮੌਤ ਮਿਲਦੀ ਹੈ।
ਖੌਰੇ ਮੇਰੇ ਵਾਲਦਾਇਨ 'ਤੇ ਉਦੋਂ ਕੀ ਗੁਜ਼ਰੀ ਹੋਵੇਗੀ? ਜਿਉਂਦੇ ਜੀਅ ਮਾਪਿਆਂ ਨੂੰ ਬਦਨਾਮੀ ਦੀ ਲਹਿਦ ਵਿੱਚ ਲਿਟਾ ਕੇ ਹੱਥੀਂ ਉਨ੍ਹਾਂ ਦੀ ਕਬਰ ਬਣਾ ਆਈ ਸੀ। ਹੁਣ ਗੱਡੇ ਮੁਰਦੇ ਉਖਾੜਨ ਦਾ ਕੀ ਫਾਇਦਾ? ਉਹ ਜਿਵੇਂ ਵੀ ਜਿਸ ਹਾਲ ਵਿੱਚ ਵੀ ਹੋਣਗੇ ਯਕੀਨਨ ਸੁੱਖੀ ਹੀ ਹੋਣਗੇ। ਅਗਰ ਨਹੀਂ ਹਨ ਤਾਂ ਮੈਂ ਇਹੀ ਦੁਆ ਕਰਦੀ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਖੁਸ਼ੀਆਂ ਦੇਵੇ। ਹਰ ਵਕਤ ਖੁਦਾ ਉਨ੍ਹਾਂ ਦਾ ਹਾਫ਼ਿਜ-ਓ-ਨਾਸਿਰ ਰਹੇ। ਆਮੀਨ-ਸਦ-ਆਮੀਨ!
ਪੌੜੀਆਂ ਵਿੱਚ ਖੜਕਾ ਹੋ ਰਿਹਾ ਹੈ। ਲੱਗਦੈ ਮੈਕਸ ਆ ਗਿਆ ਹੈ। ਹਾਂ ਉਹੀ ਹੈ। ਮੈਂ ਬੈੱਡ 'ਤੇ ਢਿਲਕ ਕੇ ਲੇਟ ਜਾਂਦੀ ਹਾਂ। ਕਮਰੇ ਵਿੱਚ ਵੜਦਿਆਂ ਹੀ ਮੈਕਸ ਨੇ ਪੈਂਟ ਅਤੇ ਕੱਛਾ ਲਾਹ ਦਿੱਤਾ ਹੈ। ਲੜਖੜਾਉਂਦਾ ਹੋਇਆ ਮੇਰੇ ਵੱਲ ਨੂੰ ਆਉਂਦਾ ਹੈ ਤੇ ਆ ਕੇ ਮੇਰੇ ਉੱਤੇ ਪੈ ਜਾਂਦਾ ਹੈ।
ਲੈ? ਜ਼ਰਾ ਵੀ ਅਕਲ ਨਹੀਂ ਹੈ ਇਹਨੂੰ ਤਾਂ, ਬਿਨਾਂ ਚੁੰਮਿਆਂ ਹੀ ਸਿੱਧਾ ਸੈਕਸ ਕਰਨ ਲੱਗ ਪਿਆ ਹੈ। ਇਹ ਹਮੇਸ਼ਾ ਇਵੇਂ ਕਰਦਾ ਹੈ। ਜਦੋਂ ਵੀ ਮੇਰੇ ਨੇੜੇ ਆਉਂਦਾ ਹੈ ਤਾਂ ਕਾਰ ਵਾਲਾ ਹਿਸਾਬ ਹੀ ਸਮਝਦਾ ਹੈ, ਬਈ ਚਾਬੀ ਲਾਉ ਤੇ ਤੋਰ ਲਉ। ਕਦੇ ਇਹਨੇ ਰੂਹ ਨਾਲ ਪਿਆਰ ਨਹੀਂ ਕੀਤਾ। ਬਈ ਆਪ ਸੁਆਦ ਨਹੀਂ ਲੈਣਾ ਤਾਂ ਨਾ ਸਹੀ। ਸਾਥੀ ਨੂੰ ਤਾਂ ਦਿਓ। ਹਫੜਾ-ਦਫੜੀ ਜਿਹੀ ਵਿੱਚ ਕੰਮ ਭਗਤਾ ਕੇ ਬਸ ਸੌਂ ਜਾਊ। ਇਹਨੂੰ ਤਾਂ ਐਨਾ ਵੀ ਨਹੀਂ ਪਤਾ ਕਿ ਔਰਤ ਨੂੰ ਮਿਹਨਤ ਕਰਕੇ ਪਹਿਲਾਂ ਗਰਮਾਉਣਾ ਪੈਂਦਾ ਹੈ। -ਨਹੀਂ ਬੰਦਾ ਤਾਂ ਆਪਣਾ ਭੁੱਸ ਜਿਹਾ ਪੂਰਾ ਕਰਕੇ ਪਾਸੇ ਹੋ ਕੇ ਪੈ ਜਾਂਦਾ ਹੈ। ਪਰ ਤੀਵੀਂ ਦਾ ਕੁੱਝ ਨਹੀਂ ਬਣਦਾ। ਜਨਾਨੀ ਕਾਮ ਭੁੱਖ ਨਾਲ ਤੜਫਦੀ ਤੇ ਤਰਸਦੀ ਰਹਿੰਦੀ ਹੈ। ਕੋਕਾ ਪੰਡਤ ਕੋਕ ਸ਼ਾਸ਼ਤਰ ਵਿੱਚ ਲਿਖਦਾ ਹੈ ਕਿ ਔਰਤ ਦੀ ਸੰਭੋਗ ਵਿੱਚ ਨਿਸ਼ਾ ਕਰਵਾਉਣ ਲਈ ਕਦੇ ਵੀ ਉਹਦੇ ਅੰਗ 'ਚ ਅੰਗ ਪਾਉਣ ਦੀ ਕਾਹਲ ਨਾ ਕਰੋ। ਔਰਤ ਤਾਂ ਆਟੇ ਵਾਂਗ ਹੁੰਦੀ ਹੈ। ਪਹਿਲਾਂ ਉਹਨੂੰ ਚੰਗੀ ਤਰ੍ਹਾਂ ਗੁੰਨ੍ਹੋਂ ਤੇ ਚੱਜ ਨਾਲ ਖਮੀਰ ਉੱਠਣ ਦਾ ਇੰਤਜ਼ਾਰ ਕਰੋ। ਜਦੋਂ ਤਿਆਰ ਹੋ ਜਾਵੇ ਫਿਰ ਰੋਟੀਆਂ ਲਾਹੋ। ਦੇਖਿਉ ਕਿਵੇਂ ਫੁੱਲ-ਫੁੱਲ ਲਹਿਣਗੀਆਂ ਤੇ ਸੁਆਦੀ ਵੀ ਐਨੀਆਂ ਹੋਣਗੀਆਂ ਕਿ ਪੁੱਛੋ ਹੀ ਕੱਖ ਨਾ। ਜਿਹੜਾ ਮਰਦ ਆਪਣਾ ਜਾਬਤਾ ਕਾਇਮ ਰੱਖ ਕੇ ਔਰਤ ਨਾਲ ਕ੍ਰਿੜਾ ਤੋਂ ਪਹਿਲਾਂ ਅੱਛੀ ਤਰ੍ਹਾਂ ਫੋਰ ਪਲੇਅ ਕਰੇ, ਉਹੀ ਸੰਭੋਗ ਦੌਰਾਨ ਰੱਜਵਾਂ ਆਨੰਦ ਦੇ ਕੇ ਨਾਰੀ ਦੀ ਤਸੱਲੀ ਕਰਾ ਸਕਦਾ ਹੈ।
ਮੈਕਸ ਤੋਂ ਤਾਂ ਟਿਕਾ ਕੇ ਸਰੀਰਕ ਢਾਂਚਾ ਵੀ ਨਹੀਂ ਹਿਲਾ ਹੁੰਦਾ।
ਚਲੋ ਜੀ। ਬੋਲ ਗਿਐ ਇਹਦਾ ਤਾਂ ਬੁਗਤੂ। ਆਪਣਾ ਸਾਰਾ ਗੰਦ-ਮੰਦ ਅਤੇ ਮੈਲ ਮੇਰੇ ਅੰਦਰ ਉਲੱਦ ਕੇ ਮੈਕਸ ਮੇਰੇ ਉੱਤੋਂ ਹੇਠਾਂ ਉਤਰ ਕੇ ਪਰ੍ਹਾਂ ਜਾ ਪਿਆ ਹੈ।
ਲਉ ਚੱਕ ਲੋ! ਜਨਾਬ ਨੇ ਤਾਂ ਘਰਾਟੇ ਮਾਰਨੇ ਵੀ ਸ਼ੁਰੂ ਕਰ ਦਿੱਤੇ। ਅਕਸਰ ਇਹ ਇਵੇਂ ਹੀ ਕਰਦਾ ਹੈ। ਮੈਨੂੰ ਕਿੱਕ ਮਾਰ ਕੇ ਸਟਾਰਟ ਕਰ ਦਿੰਦੈ ਤੇ ਆਪਣਾ ਇੰਜਣ ਬੰਦ ਕਰ ਲੈਂਦਾ ਹੈ। ਮੈਂ ਤੜਫਦੀ ਮਚਲਦੀ ਰਹਿੰਦੀ ਹਾਂ ਤੇ ਇਹ ਸਾਹਿਬ ਬਹਾਦਰ ਸੈਕਸ ਕਰਦੇ ਹਨ ਅਤੇ ਸੌਂ ਜਾਂਦੇ ਹਨ। ਸੈਕਸ ਕਰਨ ਬਾਅਦ ਕੁੱਝ ਦੇਰ ਲਈ ਤਾਂ ਮੈਨੂੰ ਵੀ ਨੀਂਦ ਆ ਜਾਇਆ ਕਰਦੀ ਹੈ। ਭਾਵੇਂ ਮੈਂ ਜਾਣਦੀ ਹਾਂ ਥੋੜ੍ਹੇ ਚਿਰ ਮਗਰੋਂ ਫਿਰ ਜਾਗ ਆ ਜਾਣੀ ਹੈ। ਡਾਕਟਰ ਤਾਂ ਕਹਿੰਦੇ ਹਨ, ਮਨੁੱਖ ਨੂੰ ਸਿਹਤਮੰਦ ਰਹਿਣ ਲਈ ਜਨਮ ਸਮੇਂ ਤੋਂ ਪੰਦਰਾਂ ਸਾਲ ਤੱਕ ਦਸ ਤੋਂ ਬਾਰਾਂ ਘੰਟੇ, ਪੰਦਰਾਂ ਤੋਂ ਪੰਚੀ ਵਰ੍ਹੇ ਤੱਕ ਅੱਠ ਤੋਂ ਦਸ ਘੰਟੇ ਅਤੇ ਪੱਚੀ ਤੋਂ ਸੱਠ ਸਾਲ ਦੀ ਆਯੂ ਵਾਲੇ ਵਿਅਕਤੀ ਨੂੰ ਛੇ ਤੋਂ ਅੱਠ ਘੰਟੇ ਲਾਜ਼ਮੀ ਸੌਣਾ ਚਾਹੀਦਾ ਹੈ। ਮੈਂ ਤਾਂ ਚੱਜ ਨਾਲ ਦੋ ਘੰਟੇ ਵੀ ਨਹੀਂ ਸਾਉਂਦੀ। ਕੰਮ 'ਤੇ ਸਾਰਾ ਦਿਨ ਨੀਂਦ ਆਉਂਦੀ ਰਹਿੰਦੀ ਹੈ। ਘਰ ਆ ਕੇ ਗਾਇਬ ਹੋ ਜਾਂਦੀ ਹੈ। ਲੰਚ ਬਰੇਕ ਦੌਰਾਨ ਜਦੋਂ ਕਿਤੇ ਢੌਂਕਾ ਲਾਉਣ ਲੱਗਦੀ ਹਾਂ ਜਦੇ ਹੀ ਬਰੇਕ ਖਤਮ ਹੋ ਜਾਂਦੀ ਹੈ। ਨੀਂਦ ਤਿਆਗ ਕੇ ਉੱਠਣਾ ਪੈਂਦਾ ਹੈ। ਅਗਲੇ ਨੇ ਤਾਂ ਕੰਮ ਦੇਖਣਾ ਹੈ ਚੰਮ ਨਹੀਂ। ਇੰਝ ਹੀ ਸਾਉਂਦੇ ਜਾਗਦਿਆਂ ਕਸ਼ਮਕਸ਼ ਜਿਹੀ ਵਿੱਚ ਵਿਚਰਦਿਆਂ ਇੱਕ ਰੋਜ਼ ਮੇਰੀ ਜ਼ਿੰਦਗੀ ਦਾ ਟਾਇਟੈਨਿਕ ਜਹਾਜ਼ ਮੌਤ ਰੂਪੀ ਐਟਲੈਟਿਕ ਸਮੁੰਦਰ ਵਿੱਚ ਡੁੱਬ ਜਾਵੇਗਾ। ਮੈਂ ਮਰ ਜਾਵਾਂਗੀ ਤੇ ਨਰਕ ਦਾ ਦੇਵਤਾ ਡੈਮੋਗੋਰਗਨ ਆਪਣੇ ਯਮਾਂ ਨਾਲ ਆ ਕੇ ਮੈਨੂੰ ਲੈ ਜਾਵੇਗਾ। ਮੇਰੇ ਦੁੱਖਾਂ ਦੀ ਦਾਸਤਾਨ ਤਾਂ ਬਹੁਤ ਲੰਮੀ ਹੈ। ਅਗਰ ਸਾਰੀ ਉਮਰ ਵੀ ਸੁਣਾਉਂਦੀ ਰਹਾਂ ਤਾਂ ਵੀ ਨਹੀਂ ਮੁੱਕੇਗੀ, ਲੇਕਿਨ ਜ਼ਿੰਦਗੀ ਮੁੱਕ ਜਾਵੇਗੀ। ਇਸ ਤੋਂ ਪਹਿਲਾਂ ਕਿ ਮੈਂ ਚੁੱਪ ਕਰ ਜਾਵਾਂ, ਮੈਂ ਜਵਾਨ ਹੋ ਰਹੇ ਹਰ ਵਜੂਦ ਨੂੰ ਇਹੀ ਸਿੱਖਿਆ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਵਾਂਗ ਨਾਦਾਨੀ ਵਿੱਚ ਵਸਤਰ ਉਤਾਰ ਕੇ ਨਾ ਸਿੱਟਿਉ ਤੇ ਨੰਗੇ ਹੋਣ ਤੋਂ ਬਚਿਉ। ਵਰਨਾ ਤੁਹਾਡਾ ਵੀ ਮੇਰੇ ਵਾਲਾ ਹਸ਼ਰ ਹੋਵੇਗਾ।
ਮੇਰਾ ਜੀਅ ਕਰਦਾ ਹੈ ਕਿ ਮੈਂ ਆਪਣੇ ਵਸਤਰ ਪਹਿਨ ਲਵਾਂ। ਪਰ ਮੇਰੇ ਵਸਤਰ ਮੇਰੀ ਪਹੁੰਚ ਤੋਂ ਦੂਰ ਪਰ੍ਹੇ ਕਿੱਲੀ ਉੱਤੇ ਲਟਕ ਰਹੇ ਹਨ। ਮੇਰੇ ਆਲਸ ਦੇ ਭੰਨੇ ਸ਼ਰੀਰ ਵਿੱਚ ਐਨੀ ਹਿੰਮਤ ਨਹੀਂ ਹੈ ਕਿ ਮੈਂ ਉੱਠ ਕੇ ਆਪਣੇ ਵਸਤਰ ਚੁੱਕ ਸਕਾਂ। ਵਸਤਰਾਂ ਬਿਨਾਂ ਹੀ ਕਿਵੇਂ ਨਾ ਕਿਵੇਂ ਸਾਰਨਾ ਪੈਣਾ ਹੈ। ਇਸ ਕਰਕੇ ਆਪਣੇ ਸੁਸਤਾਏ ਬਦਨ ਨੂੰ ਲੈ ਕੇ ਮੈਂ ਇੰਝ ਹੀ ਨੰਗੀ ਪਈ ਰਹਿੰਦੀ ਹਾਂ।
ਮੈਕਸ ਮੇਰੇ ਨਾਲ ਘੂਕ ਸੁੱਤਾ ਪਿਆ ਹੈ। ਘੁਰਾੜੇ ਮਾਰ ਰਿਹਾ ਹੈ। ਮੈਂ ਵੀ ਉਂਘਲਾਉਂਦੀ ਜਾਂਦੀ ਹਾਂ। ਉਬਾਸੀਆਂ ਆ ਰਹੀਆਂ ਹਨ। ਚਲੋ ਘੜੀ ਦੋ ਘੜੀ ਜਿਹੜੀ ਅੱਖ ਲੱਗਦੀ ਹੈ ਉਹੀ ਸਹੀ। ਇਸ ਵਕਤ ਵੀ ਨੀਂਦ ਪੂਰਾ ਜ਼ੋਰ ਮਾਰ ਰਹੀ ਹੈ। ਮੇਰੀਆਂ ਅੱਖਾਂ ਮੀਚਦੀਆਂ ਜਾ ਰਹੀਆਂ ਹਨ। ਮੈਂ ਸੌਂਦੀ ਜਾ ਰਹੀ ਹਾਂ। ਮੈਂ ਸੌਂਦੀ ਜਾ ਮੈਂ ਮੈਂ ਸੌਂ ਗਈ ਹਾਂ!
ਅੰਤਿਕਾ: ਅਗਰ ਇਸ ਨਾਵਲ ਨੂੰ ਪੜ੍ਹ ਕੇ ਵਸਤਰ ਉਤਾਰ ਕੇ ਸੁੱਟਣ ਲੱਗੇ ਕਿਸੇ ਦੇ ਹੱਥ ਰੁੱਕ ਜਾਣ ਜਾਂ ਕੋਈ ਲਾਹੇ ਹੋਏ ਵਸਤਰ ਦੁਬਾਰਾ ਪਹਿਨ ਲਵੇ ਤਾਂ ਮੈਂ ਇਸ ਨਾਵਲ ਨੂੰ ਲਿਖਣ ਦੇ ਮਨੋਰਥ ਵਿਚ ਆਪਣੇ ਆਪ ਨੂੰ ਸਫਲ ਸਮਝਾਗਾ।-ਬਲਰਾਜ ਸਿੰਘ ਸਿੱਧੂ

Veer ji Bahut vadiya likhiya hai tusi..but iqbal da doabara koi zikar hi nahi kita tusi k usda ki baneya..
ReplyDeletehan g veer g bahut hi vadia likhya
ReplyDelete