ਮੈਨੂੰ ਮੈਕਸ ਨਾਲ ਰਹਿੰਦਿਆਂ ਪੂਰੇ ਤਿੰਨ ਸਾਲ ਹੋ ਗਏ ਸਨ। ਮੈਂ ਮਾਪਿਆਂ ਨੂੰ ਲਗਭਗ ਵਿਸਾਰ ਚੁੱਕੀ ਸੀ। ਪਿਛਲੀ ਹਯਾਤੀ ਦੇ ਪੰਨੇ ਪਾੜ ਕੇ ਮੈਂ ਨਵੇਂ ਸਫ਼ੇ ਲਿਖਣੇ ਸ਼ੁਰੂ ਕਰ ਚੁੱਕੀ ਸੀ। ਹੁਣ ਮੇਰਾ ਜੀਵਨ ਸਿਰਫ਼ ਤੇ ਸਿਰਫ਼ ਮੈਕਸ ਨਾਲ ਹੀ ਜੁੜ ਕੇ ਰਹਿ ਗਿਆ ਸੀ। ਜ਼ਿੰਦਗੀ ਆਪਣੀ ਤੋਰ ਤੁਰੀ ਜਾ ਰਹੀ ਸੀ। ਮੈਂ ਜੱਦੋ-ਜਹਿਦ ਕਰਕੇ ਦੁੱਖਾਂ-ਕਸ਼ਟਾਂ ਸੰਗ ਲੜ-ਲੜ ਜਿਉਣ ਦੀ ਜੀਵਨਜਾਚ ਸਿੱਖ ਗਈ ਸੀ।
ਮਾਂਗ ਭਰੇ ਜਾਣ ’ਤੇ ਇੱਕ ਕੁਆਰੀ ਕੁੜੀ ਦੁਲਹਨ ਬਣ ਜਾਂਦੀ ਹੈ ਅਤੇ ਜਦੋਂ ਦੁਲਹਨ ਦੀ ਕੁੱਖ ਭਰੇ ਉਹ ਮਾਂ। ਹਰ ਔਰਤ ਵਿੱਚ ਮਾਂ ਬਣਨ ਦੀ ਖੁਹਾਇਸ਼ ਹੁੰਦੀ ਹੈ। ਮਾਂ ਬਣੇ ਬਿਨਾਂ ਔਰਤ ਦਾ ਇਸ ਜਹਾਨ ਵਿੱਚ ਆਉਣਾ ਵਿਅਰਥ ਅਤੇ ਉਸਦੀ ਹੋਂਦ ਅਮੁਕੰਮਲ ਮੰਨੀ ਜਾਂਦੀ ਹੈ। ਪੰਜਾਬੀ ਦੇ ਕਵੀ ਪ੍ਰ: ਮੋਹਨ ਸਿੰਘ ਨੇ ਆਪਣੀ ਬੱਚਾ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਿਆ ਹੈ, “ਹੋਵਣ ਭਾਵੇਂ ਮਾਵਾਂ ਪਰੀਆਂ। ਨਾਲ ਹੁਸਨ ਦੇ ਡਕ-ਡਕ ਭਰੀਆਂ। ਸ਼ਾਹਾਂ ਘਰੀਂ ਵਿਆਹੀਆਂ ਵਰੀਆਂ। ਪਹਿਨਣ ਪੱਟ, ਹੌਢਾਵਣ ਜ਼ਰੀਆਂ। ਪੂਰਾ ਕਦੀ ਸ਼ਿੰਗਾਰ ਨਾ ਹੋਵੇ, ਜੇ ਲਾਲਾਂ ਦਾ ਹਾਰ ਨਾ ਹੋਵੇ।”
ਮੈਂ ਵੀ ਪੂਰਾ ਹਾਰ-ਸ਼ਿੰਗਾਰ ਕਰਕੇ ਆਪਣੇ ਆਪਨੂੰ ਪੂਰਨ ਔਰਤ ਬਣਾਉਣ ਉੱਤੇ ਤੁਲੀ ਹੋਈ ਸੀ। ਪਰ ਮੇਰਾ ਇਹ ਇਰਾਦਾ ਤਾਂ ਤਦ ਹੀ ਕਾਮਯਾਬ ਹੋਣਾ ਸੀ ਜਦੋਂ ਪਰਵਰਦਗਾਰ ਨੇ ਮਿਹਰ ਕਰਨੀ ਸੀ। ਪ੍ਰਮਾਤਮਾ ਅੱਗੇ ਵਿਰਦ, ਵਜ਼ੀਫੇ, ਅਰਦਾਸਾਂ ਅਤੇ ਜੋਦੜੀਆਂ ਕਰਨ ਵਿੱਚ ਮੈਂ ਕੋਈ ਕਸਰ ਨਹੀਂ ਸੀ ਛੱਡੀ। ਬਸ ਇੱਕ ਚਿਲੇ ਕੱਟਣ ਦੀ ਕਸਰ ਬਾਕੀ ਸੀ। ਰੋਟ ਸੁੱਖ-ਸੁੱਖ ਥੱਕ ਗਈ ਸੀ। ਦਿਨ ਰਾਤ ਮੈਂ ਮਾਲਕ ਨੂੰ ਧਿਆਉਂਦੀ ਰਹਿੰਦੀ ਹੁੰਦੀ ਸੀ। ਦਿਨ ਰਾਤ ਮੈਨੂੰ ਅੱਚਵੀ ਲੱਗੀ ਹੋਈ ਸੀ ਕਿ ਮੈਂ ਜਲਦੀ ਤੋਂ ਜਲਦੀ ਮਾਂ ਬਣਾ ਤੇ ਆਪਣੀ ਗੋਦੀ ਵਿੱਚ ਬਾਲ ਖਿਡਾਵਾਂ।
ਚੰਦੋਗਿਆ ਉਪਨਿਸ਼ਦ ਵਿੱਚ ਲਿਖਿਆ ਹੋਇਆ ਹੈ ਕਿ ਸੰਭੋਗ ਮਹਾਂਯੱਗ ਸਮਾਨ ਹੁੰਦਾ ਹੈ। ਇਸਤਰੀ ਅਗਨੀ। ਪੁਰਸ਼ ਬਾਲਣ। ਯੋਨੀ ਹਵਨਕੁੰਡ। ਵੀਰਜ ਆਹੁਤੀ। ਕੁੱਖ ਦੇਵ। ਲਿੰਗ ਪਰੋਹਿਤ। ਪ੍ਰੇਮ ਮੰਤਰ ਅਤੇ ਬੱਚਾ, ਦੋ ਜੀਵਾਂ ਨੂੰ ਮਿਲਣਵਾਲਾ ਵਰਦਾਨ ਅਰਥਾਤ ਯੱਗ ਦਾ ਫਲ ਹੁੰਦਾ ਹੈ।
ਮੈਕਸ ਦੇ ਸੰਪਰਕ ਵਿੱਚ ਆਉਣ ਤੋਂ ਲੈ ਕੇ ਉਸ ਵੇਲੇ ਤੱਕ ਦੇ ਉਸ ਤਿੰਨ ਸਾਲਾਂ ਦੇ ਅਰਸੇ ਵਿੱਚ ਸਾਡੇ ਕੀਤੇ ਸਾਰੇ ਯੱਗ ਵਿਅਰਥ ਹੀ ਜਾ ਰਹੇ ਸਨ। ਪਰ ਇੱਕ ਦਿਨ ਉਨ੍ਹਾਂ ਵਿੱਚੋਂ ਖ਼ੌਰੇ ਕਿਵੇਂ ਸਾਡਾ ਇੱਕ ਯੱਗ ਸਫ਼ਲ ਹੋ ਗਿਆ ਸੀ। ਦੇਵਤਿਆਂ ਨੇ ਆਹੁਤੀਆਂ
ਸਵਿਕਾਰ ਕਰ ਲਈਆਂ ਸਨ। ਮੇਰੇ ਜਿਸਮ ਦਾ ਬਾਇਲੌਜੀਕਲ ਕਲੌਕ ਟਿੱਕ-ਟਿੱਕ ਕਰਦਾ ਕਰਦਾ ਰੁੱਕ ਗਿਆ ਸੀ। ਮੇਰੇ ਮਾਸਿਕ ਧਰਮ ਚੱਕਰ ਵਿੱਚ ਨਾਗ਼ਾ ਪਏ ਨੂੰ ਕਈ ਦਿਨ ਲੰਘ ਗਏ ਸਨ। ਮੈਨਸਟਰਲ ਪੀਰੀਅਡਸ ਦੇ ਰੁਕਦਿਆਂ ਹੀ ਮੈਨੂੰ ਆਪਣੇ ਗਰਭਵਤੀ ਹੋਣ ਦੀ ਸੂਚਨਾ ਮਿਲ ਗਈ ਸੀ। ਮੈਂ ਆਪਣੇ ਅੰਦਰ ਉਪਜੇ ਬੱਚੇ ਨਾਲ ਬਹੁਤ ਸਾਰੀਆਂ ਆਸਾਂ, ਉਮੀਦਾਂ ਅਤੇ ਸੁਪਨੇ ਜੋੜ ਲਏ ਸਨ। ਮੈਂ ਉਸਨੂੰ ਬਿਹਤਰ ਇਖਲਾਕੀ ਸਿੱਖਿਆ ਦੇ ਕੇ ਉੱਚ-ਪੱਧਰੇ ਆਚਰਨ ਦਾ ਮਾਲਕ ਅਤੇ ਅੱਛਾ ਨਾਗਰਿਕ ਬਣਾਉਣ ਦੀ ਮਨ ਵਿੱਚ ਧਾਰ ਲਿੱਤੀ ਸੀ। ਮੈਂ ਤਾਂ ਇੱਥੋਂ ਤੱਕ ਵੀ ਸੋਚ ਲਿਆ ਸੀ ਕਿ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਕੁੱਝ ਵੀ ਹੋਵੇ ਮੈਂ ਆਪਣੇ ਬਾਲਕ ਦਾ ਪਾਲਣ ਪੋਸ਼ਨ ਇਸਲਾਮੀ ਅਸੂਲਾਂ ਮਾਤਬਕ ਕਰੂੰਗੀ। ਜਦੋਂ ਮੇਰੇ ਸ਼ਿਸ਼ੂ ਦਾ ਜਨਮ ਹੋਵੇਗਾ ਮੈਂ ਉਸਨੂੰ ਨੁਹਾ ਧੁਆ ਕੇ ਪਹਿਲਾਂ ਪਾਕ ਕਰਾਂਗੀ। ਫਿਰ ਉਸਦੇ ਕੰਨ ਵਿੱਚ ਅਵੱਲ ਅਜ਼ਾਨ ਦੇਵਾਂਗੀ, “ਅੱਲ੍ਹਾ ਹੂ ਅਕਬਰ, ਅਸ਼ਹਦੁ ਅੱਲਾਹ ਇੱਲਹਾ ਇੱਲਲਿਲਾਹਾ, ਅਸ਼ਹਦੁ ਮੁਹੰਮਦ ਰਸੂਲ ਅੱਲਾਹ, ਹੈਆ ਅਲਸਸਬਾਹ, ਹੈਆ ਅੱਲਲ ਫਲਾਹ।” ਇਸ ਅਜ਼ਾਨ-ਏ-ਅੱਵਲ ਨੂੰ ਸਰਵਨ ਕਰਕੇ ਮੇਰੇ ਜਿਗਰ ਦਾ ਟੋਟਾ ਮੁਸਲਮਾਨ ਬਣ ਜਾਵੇਗਾ।
ਖੁੰਝੇ ਹੋਏ ਮਾਸਿਕ ਧਰਮ ਬਾਰੇ ਸੋਚ ਕੇ ਮੈਂ ਖੁਸ਼ੀ ਵਿੱਚ ਪਾਗਲ ਹੋਈ ਉੱਡਦੀ ਫਿਰਦੀ ਸੀ। ਗੋਇਆ ਮੈਨੂੰ ਖੰਭ ਲੱਗ ਗਏ ਹੋਣ।
ਕੁੱਤੀ ਜਦੋਂ ਸੂਣ ਵਾਲੀ ਹੋਵੇ, ਉਹ ਪੈਰਾਂ ਨਾਲ ਮਿੱਟੀ ਵਿੱਚ ਘੁਰਨੇ ਪੁੱਟਣ ਲੱਗ ਜਾਂਦੀ ਹੈ। ਇਹ ਸੰਕੇਤ ਹੁੰਦਾ ਹੈ ਕਿ ਉਸਦੀ ਬੇਤਾਬੀ ਦਾ, ਉਡੀਕ ਦਾ ਅਤੇ ਐਲਾਨ ਹੁੰਦਾ ਹੈ ਨਵੀਂ ਜ਼ਿੰਦ ਦੇ ਆਉਣ ਦਾ। ਔਰਤ ਵੀ ਲਗਭਗ ਅਜਿਹਾ ਕੁੱਝ ਹੀ ਕਰਦੀ ਹੈ, ਜਦੋਂ ਉਹ ਗਰਭਵਤੀ ਹੋ ਜਾਂਦੀ ਹੈ। ਪਹਿਲੇ ਕੁੱਝ ਦਿਨ ਤਾਂ ਮੈਂ ਮੈਕਸ ਤੋਂ ਇਹ ਰਹੱਸ ਛੁਪਾ ਕੇ ਹੀ ਰੱਖਿਆ ਸੀ। ਫਿਰ ਇੱਕ ਰੋਜ਼ ਮੈਥੋਂ ਰਹਿ ਨਾ ਹੋਇਆ ਤੇ ਮੈਂ ਮੌਜ਼ੇ ਬੁਣਦੀ ਹੋਈ ਨੇ ਮੈਕਸ ਨੂੰ ਖ਼ੁਸ਼ਖਬਰੀ ਸੁਣਾ ਦਿੱਤੀ ਸੀ। ਮੈਂ ਸੋਚਿਆ ਸੀ ਖ਼ਬਰ ਸੁਣ ਕੇ ਮੈਕਸ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰਾ ਅੰਗ-ਅੰਗ ਚੁੰਮ ਸਿੱਟੇਗਾ। ਜੇ ਤੀਵੀਂ ਨੂੰ ਮਾਂ ਬਣਨ ’ਤੇ ਮੁਸੱਰਤ ਹੁੰਦੀ ਹੈ ਤਾਂ ਮਰਦ ਨੂੰ ਵੀ ਬਾਪ ਬਣਨ ਦਾ ਘੱਟ ਚਾਅ ਨਹੀਂ ਹੁੰਦਾ। ਬੱਚਾ ਪੈਦਾ ਕਰਕੇ ਆਦਮੀ, ਔਰਤ ਉੱਤੇ ਆਪਣੀ ਮਰਦਾਨਗੀ ਦੀ ਮੋਹਰ ਲਾ ਦਿੰਦਾ ਹੈ ਤੇ ਜੱਗ ਨੂੰ ਸਾਬਤ ਕਰ ਦਿੰਦਾ ਹੈ ਕਿ ਉਹ ਨਿਪੁੰਨਸਕ ਨਹੀਂ ਹੈ। ਮੈਂ ਸੋਚਦੀ ਸੀ ਕਿ ਮੇਰੇ ਗਰਭ ਠਹਿਰਣ ਦੀ ਖਬਰ ਸੁਣ ਕੇ ਮੈਕਸ ਤੋਂ ਖੁਸ਼ੀ ਸਾਂਭੀ ਨਹੀਂ ਜਾਵੇਗੀ। ਪਰ ਨਹੀਂ। ਜਿਵੇਂ ਮੈਂ ਸੋਚਿਆ ਸੀ, ਵੈਸਾ ਬਿਲਕੁਲ ਨਹੀਂ ਸੀ ਹੋਇਆ। ਮੇਰਾ ਅਜਿਹਾ ਸੋਚਣਾ ਗਲਤ ਸੀ। ਮੈਕਸ ਨੂੰ ਤਾਂ ਸਗੋਂ ਸੁਣ ਕੇ ਅੱਗ ਲੱਗ ਗਈ ਸੀ। ਉਹ ਬੌਖਲਾ ਗਿਆ ਸੀ।
“ਏਸ ਨਜਾਇਜ਼ ਬੱਚੇ ਨੂੰ ਗਿਰਾ ਦੇ।” ਮੈਕਸ ਨੇ ਇੱਕ ਟੱਕ ਫੈਸਲਾ ਸੁਣਾ ਦਿੱਤਾ ਸੀ।
“ਕਿਉਂ?”
“ਆਪਾਂ ਨੂੰ ਇਹਦੀ ਲੋੜ ਨ੍ਹੀਂ।”
ਮੈਂ ਮੋਹ ਨਾਲ ਆਪਣੇ ਪੇਟ ’ਤੇ ਹੱਥ ਫੇਰਨ ਲੱਗ ਪਈ ਸੀ, “ਚੱਲ ਆਪਾਂ ਕਿਹੜਾ ਇਹਦੀ ਪ੍ਰਾਪਤੀ ਲਈ ਕੋਈ ਵਿਸ਼ੇਸ਼ ਉਦਮ ਕੀਤਾ ਹੈ। ਬੱਚੇ ਤਾਂ ਰੱਬ ਦੀ ਦਾਤ ਹੁੰਦੇ ਨੇ। ਹੁਣ ਪੇਟ ’ਚ ਆਏ ਨੂੰ ਸਿੱਟਣੈ ਥੋੜ੍ਹੀ ਹੈ?”
“ਨਾਂਹ ਨਾ। ਬੰਦੀ ਬਣ ਕੇ, ਅਰਬੋਸ਼ਨ ਕਰਵਾਉਣ ਦੀ ਕਰ।”
“ਕਾਹਤੇ?” ਮੈਂ ਕੜਕੀ ਸੀ।
“ਆਪਣਾ ਕੀ ਪਤੈ ਕਿੰਨੇ ਦਿਨ ਇਕੱਠੇ ਰਹੀਏ ਤੇ ਕਦੋਂ ਆਪਣੀ ਅਣਬਣ ਹੋ ਜਾਏ। ਆਪਾਂ ਕਿਹੜਾ ਵਿਆਹ ਕਰਵਾਇਐ? ਊਈਂ ਰਹਿੰਦੇ ਹਾਂ। ਕਵਾਰੀਆਂ ਮਾਵਾਂ ਦੇ ਬੱਚੀਆਂ ਦਾ ਕੋਈ ਬਹੁਤਾ ਵਧੀਆ ਭਵਿੱਖ ਨਹੀਂ ਹੁੰਦਾ। ਕੁੜੀ ਹੋਈ ਤਾਂ ਤੇਰੇ ਵਰਗੀ ਕੰਜਰੀ ਬਣ ’ਜੂ। ਜੇ ਮੁੰਡਾ ਹੋਇਆ ਤਾਂ ਚੋਰੀਆਂ-ਚਕਾਰੀਆਂ ਕਰੂ। ਵੈਲੀ ਬਦਮਾਸ਼ ਦਸਨੰਬਰੀਆ ਗੈਂਗਸਟਰ ਜਾਂ ਡੌਨ ਹੀ ਬਣੂੰ।”
ਮੈਕਸ ਦੇ ਕਲਿਹਣੇ ਬੋਲ ਸਿੱਲਤਾਂ ਵਾਂਗ ਮੇਰੇ ਪੋਟੇ-ਪੋਟੇ ਵਿੱਚ ਖੁੱਭ ਗਏ ਸਨ। ਇਹ ਸੁਣ ਕੇ ਮੈਨੂੰ ਬੜਾ ਧੱਕਾ ਲੱਗਿਆ ਕਿ ਉਸਦੀਆਂ ਨਜ਼ਰਾਂ ਵਿੱਚ ਮੇਰੀ ਹੈਸੀਅਤ ਇੱਕ ਵੇਸਵਾ ਜਿੰਨੀ ਸੀ। ਉਹ ਮੈਨੂੰ ਰੰਡੀ ਸਮਝਦਾ ਸੀ। ਰੋਹ ਵਿੱਚ ਆ ਕੇ ਮੈਂ ਉਸਨੂੰ ਬੜਾ ਝਾੜਿਆ ਸੀ, “ਕੁਆਰੀਆਂ ਦੇ ਪੇਟੋਂ ਅਪਰਾਧੀ ਨਹੀਂ। ਸਗੋਂ ਦੁਨੀਆਂ ਨੂੰ ਰਾਹ ਦਿਖਾਉਣ ਵਾਲੇ ਈਸਾ ਮਸੀਹ ਵਰਗੇ ਪੈਗੰਬਰ ਅਤੇ ਮਹਾਂਭਾਰਤ ਵਰਗੇ ਧਰਮਗੰ੍ਰਥ ਰਚਣ ਵਾਲੇ ਵਿਆਸ ਜਿਹੇ ਰਿਸ਼ੀ-ਮੁਨੀ ਜਾਂ ਦਾਨ ਵੀਰ ਕਰਨ ਜਨਮ ਲੈਂਦੇ ਨੇ।”
ਮੈਂ ਕਤ-ਏ-ਹਮਲ ਦਾ ਗੁਨਾਹ ਕਰਨ ਦੇ ਹੱਕ ਵਿੱਚ ਨਹੀਂ ਸੀ ਤੇ ਮੈਕਸ ਮੈਥੋਂ ਇਹ ਅਬੋਰਸ਼ਨ ਦਾ ਕੁਕਰਮ ਕਰਾਉਣ ’ਤੇ ਤੁਲਿਆ ਹੋਇਆ ਸੀ। ਇਸੇ ਗੱਲ ਨੂੰ ਲੈ ਕੇ ਸਾਡੇ ਦਰਮਿਆਨ ਭਖਵੀਂ ਬਹਿਸ ਛਿੜ ਗਈ ਸੀ ਤੇ ਅੰਤ ਨੂੰ ਅਸੀਂ ਖਹਿਬੜ ਪਏ ਸੀ। ਨੌਬਤ ਚਿੰਬੜ-ਚੰਬੜੀਏ ਤੱਕ ਪੁੱਜ ਗਈ ਸੀ। ਮੈਨੂੰ ਭੁੰਜੇ ਸਿੱਟ ਕੇ ਮੈਕਸ ਮੇਰੇ ਢਿੱਡ ਵਿੱਚ ਲੱਤਾਂ ਮਾਰਨ ਲੱਗ ਪਿਆ ਸੀ। ਮੈਂ ਆਪਣੇ ਹੱਥਾਂ-ਬਾਹਾਂ ਦੀ ਢਾਲ ਬਣਾ ਕੇ ਮਸਾਂ ਆਪਣੇ ਗਰਭ ਨੂੰ ਬਚਾਇਆ ਸੀ। ਅੱਧਾ ਪੌਣਾ ਘੰਟਾ ਮੇਰੇ ’ਤੇ ਕੁਟਾਪਾ ਚਾੜ੍ਹਨ ਬਾਅਦ ਥੱਕ ਹਾਰ ਕੇ ਮੈਕਸ ਚਲਿਆ ਗਿਆ ਸੀ ਤੇ ਮੈਂ ਉੱਥੇ ਪਈ ਰੋਂਦੀ ਰਹੀ ਸੀ।
ਵੈਸੇ ਥੋੜ੍ਹੀ ਬਹੁਤੀ ਤਾਂ ਮੈਂ ਮੈਕਸ ਨਾਲ ਵੀ ਸਹਿਮਤ ਸੀ। ਸਾਡੇ ਦੋਨਾਂ ਦਰਮਿਆਨ ਕਲਮੀ ਤੇ ਨਾ ਹੀ ਕਲਾਮੀ ਕੁੱਝ ਵੀ ਤੈਅ ਨਹੀਂ ਸੀ ਹੋਇਆ। ਅਸੀਂ ਨਾ ਕੋਈ ਵਾਅਦਾ ਕੀਤਾ ਜਾਂ ਕਸਮ ਖਾਧੀ ਸੀ ਅਤੇ ਨਾ ਹੀ ਕੋਈ ਰਸਮ ਨਿਭਾਈ ਸੀ। ਸਭ ਤੋਂ ਵੱਡੀ ਗੱਲ ਅਸੀਂ ਇੱਕ ਦੂਜੇ ਨਾਲ ਵਿਆਹੇ ਵੀ ਤਾਂ ਨਹੀਂ ਸੀ। ਉਂਝ ਹੀ ਇੱਕਠੇ ਰਹਿ ਰਹੇ ਸੀ। ਦੋ ਮੁਸਾਫ਼ਰਾਂ ਵਾਂਗ। ਜੋ ਕੁੱਝ ਦੇਰ ਇਕੱਠੇ ਸਫ਼ਰ ਕਰਨ ਬਾਅਦ ਕਦੇ ਵੀ ਵਿੱਛੜ ਸਕਦੇ ਹਨ।
ਬੱਚਾ ਹੋਣ ਨਾਲ ਸਾਡੇ ਖਰਚ ਵੱਧ ਜਾਣੇ ਸਨ। ਅਸੀਂ ਤਾਂ ਅੱਗੇ ਹੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਸੀ। ਬਸ ਸਮਾਜਿਕ ਸੁਰੱਖਿਆ ਮਹਿਕਮੇ ਦੇ ਰਹਿਮ-ਓ-ਕਰਮ ਅਤੇ ਮੇਰੀ ਤਨਖਾਹ ਨਾਲ ਸਾਡੇ ਘਰ ਦਾ ਖਰਚ ਰੁੜਦਾ ਸੀ। ਮੈਕਸ ਕੋਈ ਕੰਮਧੰਦਾ ਨਹੀਂ ਸੀ ਕਰਦਾ। ਇੱਕ ਮੈਂ ਹੀ ਸੀ ਜੋ ਥੋੜ੍ਹੀ ਬਹੁਤੀ ਨੌਕਰੀ ਕਰਦੀ ਸੀ। ਬੱਚੇ ਦੀ ਪੈਦਾਇਸ਼ ਨਾਲ ਉਹ ਵੀ ਛੁੱਟ ਜਾਣੀ ਸੀ। ਸਾਨੂੰ ਤਾਂ ਦੋ ਵੇਲੇ ਆਪਣੇ ਖਾਣ ਦੀ ਚਿੰਤਾ ਰਹਿੰਦੀ ਸੀ। ਬੱਚੇ ਦਾ ਖਰਚ ਉਠਾਉਣ ਦੇ ਤਾਂ ਅਸੀਂ ਬਿਲਕੁਲ ਯੋਗ ਨਹੀਂ ਸੀ। ਇਸ ਗੱਲ ਨੂੰ ਵਿਚਾਰਦਿਆਂ ਹੋਇਆਂ ਮੇਰੇ ਜਿਸਮ ਦਾ ਇੱਕ ਹਿੱਸਾ ਮੈਕਸ ਦੇ ਆਖੇ ਲੱਗ ਕੇ ਆਪਣੇ ਪੇਟ ਵਿੱਚ ਪੁੰਗਰਦੇ ਬੀਜ ਨੂੰ ਸਾਫ਼ ਕਰਵਾ ਦੇਣ ਬਾਰੇ ਕਹਿੰਦਾ ਸੀ ਤੇ ਦੂਜਾ ਹਿੱਸਾ ਮਮਤਾ ਦਾ ਪੱਖ ਪੂਰ ਕੇ ਮੈਨੂੰ ਪਾਪ ਕਰਨ ਤੋਂ ਹਟਕਦਾ ਸੀ।
ਤਿੰਨ-ਚਾਰ ਦਿਨ ਇੰਝ ਹੀ ਫੈਸਲਾ ਕਰਦਿਆਂ-ਕਰਦਿਆਂ ਨਿਕਲ ਗਏ ਸਨ। ਅਖ਼ੀਰ ਮੈਂ ਮੈਕਸ ਅੱਗੇ ਝੁੱਕ ਗਈ ਸੀ ਤੇ ਮਜਬੂਰਨ ਕਲੀਨਿਕ ਚਲੀ ਗਈ ਸੀ। ਉੱਥੇ ਮੈਂ ਵੇਟਿੰਗ ਰੂਮ ਵਿੱਚ ਆਪਣੇ ਨਾਲ ਬੈਠੀ ਮੇਮ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, “ਤੁਸੀਂ ਇੱਥੇ ਕਿਵੇਂ?”
ਸੁਲਗਦੀ ਸਿਗਰਟ ਮੂੰਹ ਚੋਂ ਕੱਢ ਕੇ ਧੂੰਆਂ ਛੱਡਦੀ ਹੋਈ ਉਹ ਔਰਤ ਬੋਲੀ ਸੀ, “ਕਾਹਦਾ ਪੁੱਛਦੀ ਐਂ ਭੈਣੇ। ਦਫੇ ਹੋਣੇ ਯਾਰ ਦੇ ਪੰਗੇ ਪਾਏ ਹੋਏ ਨੇ। ਨਹੀਂ ਮੈਂ ਕਿੱਥੇ ਜੁਆਕਾਂ ਦੇ ਝੰਜਟਾਂ ਵਿੱਚ ਪੈਣਾ ਚਾਹੁੰਦੀ ਆਂ। ਐਵੇਂ ਕਈ ਮਹਿਨੇ ਢਿੱਡ ਜਿਹਾ ਕੱਢੀ ਫਿਰੋ। ਆਜ਼ਾਦੀ ਗਵਾਉ। ਸ਼ਰੀਰ ਖਰਾਬ ਕਰਾਉ। ਆਪਾਂ ਤਾਂ ਗਰਭ ਚੋਂ ਭਰੂਣ ਨੂੰ ਕੰਢੇ ਆਂਗੂੰ ਕੱਢ ਕੇ ਬਾਹਰ ਮਾਰਨੈ।”
ਉਹਦਾ ਇਹ ਵਿਚਾਰ ਸੁਣ ਕੇ ਮੈਥੋਂ ਰਹਿ ਨਾ ਹੋਇਆ, “ਜੇ ਤੁਹਾਡਾ ਇਹੋ ਜਿਹਾ ਇਰਾਦਾ ਸੀ ਤਾਂ ਪਹਿਲਾਂ ਹੀ ਚੁਕੰਨੇ ਰਹਿਣਾ ਸੀ?”
“ਤੈਨੂੰ ਤਾਂ ਪਤਾ ਹੀ ਆ ਉਦੋਂ ਸੁਆਦ-ਸੁਆਦ ਵਿੱਚ ਨ੍ਹੀਂ ਗੌਲੀਦਾ। ਪਿੱਛੋਂ ਪਛਤਾਈਦੈ। -ਮੈਂ ਤਾਂ ਬਥੇਰੀ ਸਾਵਧਾਨੀ ਵਰਤਦੀ ਹੁੰਦੀ ਸੀ। ਕਿਤੇ ਅਣਗਹਿਲੀ ਹੋ ਗਈ। ਮੇਰਾ ਆਦਮੀ ਵੀ ਹਮੇਸ਼ਾ ਉਹ ਗੁਪਤ ਅੰਗ ’ਤੇ ਚਾੜ੍ਹਨ ਵਾਲਾ ਹੁੰਦੈ ਨਾ ਵਸਤਰ?”
“ਅੰਗ ਦਾ ਵਸਤਰ? -ਕਿਹੜਾ ਵਸਤਰ? -ਮੈਂ ਸਮਝੀ ਨਹੀਂ?” ਮੈਂ ਉਹਨੂੰ ਵਿੱਚੋਂ ਟੋਕਿਆ ਸੀ।
“ਨੀ ਉਹੀ ਦਾਦੇ ਮਗਾਉਣ ਜਿਹੜਾ ਹੁੰਦੈ ਕੌਡਮ। ਉਹ ਚਾੜ੍ਹ ਕੇ ਮੇਰਾ ਬੰਦਾ ਮੈਨੂੰ ਹੱਥ ਲਾਉਂਦਾ ਹੁੰਦਾ ਸੀ। ਸੈਕਸ ਤੋਂ ਬਾਅਦ ਸਾਰਾ ਵੀਰਜ ਉਸੇ ਬੁਲਬਲੇ ਜਿਹੇ ’ਚ ਹੀ ਭਰ ਜਾਂਦਾ ਹੁੰਦਾ ਸੀ। ਰਬੜ ਹੁੰਦੀ ਆ। ਰਗੜਾਂ ਖਾਹ-ਖਾਹ ਕੇ ਗਰਮ ਹੋਇਆ ਨਿਰੋਧ ਕਈ ਮਰਤਬਾ ਪਾਟ ਜਾਂਦਾ ਹੁੰਦਾ ਸੀ। ਬਸ ਉਦੋਂ ਹੀ ਕਿਤੇ ਬੱਚਾ ਪੈਦਾ ਕਰਨ ਵਾਲੇ ਸ਼ਕਰਾਣੂ ਭਗੌੜੇ ਹੋਏ ਗੁੱਥਲੀ ਜਿਹੀ ਚੋਂ ਆਪਣਾ ਕੰਮ ਕਰ ਗਏ ਹੋਣਗੇ। ਚਲੋ ਖੈਰ, ਆਹ ਹੁਣ ਬਿੰਦ ਵਿੱਚ ਦੀ ਡਾਕਟਰਾਂ ਨੇ ਅੰਦਰੋਂ ਸਫ਼ਾਈ ਕਰਕੇ ਮੇਰੀ ਜਾਨ ਸਖਾਲੀ ਕਰ ਦੇਣੀ ਐ।” ਪੂਰੇ ਦਾ ਪੂਰਾ ਮੂੰਹ ਖੋਲ੍ਹ ਕੇ ਉਬਾਸੀ ਲੈਣ ਬਾਅਦ ਉਹ ਔਰਤ ਚੁੱਪ ਕਰ ਗਈ ਸੀ।
ਕਿੰਨੀ ਵੱਖਰੀ ਅਤੇ ਮਤਲਬਪ੍ਰਸਤ ਸੋਚਣੀ ਸੀ, ਉਸ ਅੰਗਰੇਜ਼ ਔਰਤ ਦੀ ਮੇਰੇ ਨਾਲੋਂ।
ਕਿੰਨੇ ਨਿਰਮੋਹੇ ਹੁੰਦੇ ਹਨ ਇਹ ਤਨ ਦੇ ਗੋਰੇ ਤੇ ਮਨ ਦੇ ਕਾਲੇ ਲੋਕ। ਮੇਰੀ ਤਾਂ ਭਲਾਂ ਗਰਭਪਾਤ ਕਰਵਾਉਣ ਦੀ ਮਜਬੂਰੀ ਸੀ। ਵਰਨਾ ਮੈਂ ਤਾਂ ਅਜਿਹਾ ਪਾਪ ਕਮਾਉਣ ਬਾਰੇ ਸੋਚਦੀ ਤੱਕ ਨਾ।
ਬਹਰਹਾਲ ਮੈਂ ਬੈਠੀ-ਬੈਠੀ ਨੇ ਮੈਂ ਇੱਕ ਨਰਸ ਨੂੰ ਗਰਭਪਾਤ ਕਰਨ ਦੀ ਵਿਧੀ ਬਾਰੇ ਪੁੱਛਿਆ ਸੀ ਤਾਂ ਉਸਨੇ ਮੈਨੂੰ ਵੇਰਵੇ ਸਹਿਤ ਦੱਸਿਆ ਸੀ ਕਿ ਕਿਵੇਂ ਮਾਸ ਦਾ ਕੁਤਰਾ-ਕੁਤਰਾ ਕਰਕੇ ਬੱਚਾ ਨਸ਼ਟ ਕੀਤਾ ਜਾਂਦਾ ਹੈ। ਨਰਸ ਤੋਂ ਸਾਰਾ ਵਰਣਨ ਸੁਣ ਕੇ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ ਸਨ। ਮੈਂ ਕੰਬ ਗਈ ਸੀ ਅਤੇ ਨਾਲ ਹੀ ਮੇਰੀ ਭੁੱਬ ਵੀ ਨਿਕਲ ਗਈ ਸੀ।
ਕਲੀਨਿਕ ਵਿੱਚ ਜਿੱਥੇ ਮੈਂ ਬੈਠੀ ਸੀ ਉੱਥੇ ਸਾਹਮਣੇ ਕੰਧ ਉੱਤੇ ਇੱਕ ਰੋਂਦੇ ਬੱਚੇ ਦੀ ਤਸਵੀਰ ਲੱਗੀ ਹੋਈ ਸੀ। ਉਸ ਗੋਭਲੇ ਅਤੇ ਪਿਆਰੇ ਜਿਹੇ ਬੱਚੇ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਉਹ ਮੈਨੂੰ ਤਸਵੀਰ ਵਿੱਚ ਖੜ੍ਹਾ ਕਹਿ ਰਿਹਾ ਹੋਵੇ, “ਮਾਂ ਨਾ ਐਡਾ ਜ਼ੁਲਮ ਨਾ ਕਰ। ਮਾਵਾਂ ਤਾਂ ਜਨਮ ਦਿੰਦੀਆਂ ਹਨ। ਮੌਤ ਨਹੀਂ। ਨਾਂਹ ਮਾਂ, ਮੈਨੂੰ ਮਾਰ ਨਾ।”
ਤੇ ਫਿਰ ਬੱਚੇ ਦੀਆਂ ਹਾਲ ਦੁਹਾਈ ਪਾਉਂਦੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਉੱਚੀਆਂ ਹੁੰਦੀਆਂ ਗਈਆਂ ਸਨ। ਉਨ੍ਹਾਂ ਚੀਕਾਂ-ਪੁਕਾਰਾਂ ਨੂੰ ਸੁਣ ਕੇ ਮੇਰੀ ਆਤਮਾ ਵਿੰਨ੍ਹੀ ਗਈ ਸੀ ਤੇ ਮੈਂ ਉੱਥੋਂ ਤੋਂ ਉੱਠ ਕੇ ਭੱਜ ਆਈ ਸੀ। ਮੇਰੇ ਅੰਦਰਲੀ ਔਰਤ ਹਾਰ ਗਈ ਸੀ ਤੇ ਮਾਂ ਜਿੱਤ ਗਈ ਸੀ। ਮੈਂ ਘਰ ਆ ਕੇ ਮੈਕਸ ਨੂੰ ਆਪਣਾ ਫੈਸਲਾ ਦੱਸਿਆ ਸੀ ਕਿ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ। ਚਾਹੇ ਉਹ ਮੇਰੇ ਨਾਲ ਖੜ੍ਹੇ, ਚਾਹੇ ਨਾ। ਮੈਕਸ ਸੁਣ ਕੇ ਜਮ੍ਹਾਂ ਈ ਗੂੰਗਾ ਹੋ ਗਿਆ ਸੀ। ਕੁੱਝ ਨਹੀਂ ਸੀ ਬੋਲਿਆ। ਮੇਰੇ ਖ਼ਿਆਲ ਮੁਤਾਬਕ ਉਸਦੀ ਚੁੱਪ ਦਾ ਅਰਥ ਸੀ ਕਿ ਉਸਨੇ ਮੇਰੇ ਫੈਸਲੇ ਨੂੰ ਸਵਿਕਾਰ ਲਿਆ ਸੀ।
ਉਸੇ ਸ਼ਾਮ ਮੈਂ ਪੌੜੀਆਂ ਚੜ੍ਹ ਰਹੀ ਸੀ। ਜਦੋਂ ਸਿਖਰਲੀ ਪੌੜੀ ਉੱਪਰ ਪਹੁੰਚੀ ਤਾਂ ਮੈਨੂੰ ਪਹਿਲਾਂ ਤੋਂ ਉਡੀਕਦੇ ਖੜ੍ਹੇ ਮੈਕਸ ਨੇ ਧੱਕਾ ਮਾਰ ਕੇ ਹੇਠਾਂ ਸਿੱਟ ਦਿੱਤਾ ਸੀ। ਪੌੜੀਆਂ ਉੱਤੋਂ ਲੋਟ-ਪੋਟਣੀਆਂ ਖਾਂਧੀ ਹੋਈ ਮੈਂ ਰੁੜਦੀ-ਰੁੜਦੀ ਹੇਠਾਂ ਆਈ ਸੀ। ਮੇਰੇ ਸਿਰ ’ਤੇ ਵੀ ਬਾਹਵਾ ਸੱਟ ਲੱਗੀ ਸੀ। ਢਿੱਡ ਤਾਂ ਭਲਾਂ ਆਟੇ ਵਾਂਗੂੰ ਗੁੰਨ੍ਹਿਆ ਜਾਣਾ ਹੀ ਸੀ। ਮੇਰੇ ਪਿਸ਼ਾਬ ਵਾਲੇ ਥਾਂ ਚੋਂ ਖੂਨ ਵਹਿ ਨਿਕਲਿਆ ਸੀ। ਮੈਂ ਭੁੰਜੇ ਜ਼ਮੀਨ ਉੱਤੇ ਡਿੱਗੀ ਪਈ ਸੀ। ਮੈਨੂੰ ਅਜਿਹੀ ਨਾਜ਼ਕ ਹਾਲਤ ਵਿੱਚ ਦੇਖ ਕੇ ਮੈਕਸ ਪੌੜੀਆਂ ਉਤਰਿਆ ਤੇ ਮੇਰੇ ਢਿੱਡ, ਢੂਹੀ ਵਿੱਚ ਬੇਰਹਿਮੀ ਨਾਲ ਠੁੱਡੇ ਮਾਰ ਕੇ ਆਪ ਦਰੋਂ ਬਾਹਰ ਨਿਕਲ ਗਿਆ ਸੀ। ਮੇਰਾ ਬੁਰਾ ਹਾਲ ਹੋਇਆ ਪਿਆ ਸੀ ਤੇ ਉੱਠਣ ਦੀ ਵੀ ਤਾਕਤ ਨਹੀਂ ਸੀ। ਰੀਂਗਣ ਵਾਲੇ ਕੀੜੇ-ਮਕੌੜਿਆਂ ਵਾਂਗ ਧਰਤੀ ’ਤੇ ਘਸਰ-ਘਸਰ ਕੇ ਔਖੀ-ਸੌਖੀ ਨੇ ਮੈਂ ਫੋਨ ਕਰਕੇ ਐੱਮਬੂਲੈਂਸ ਨੂੰ ਸੱਦਿਆ ਸੀ। ਫੋਨ ਦਾ ਰਸੀਵਰ ਰੱਖਣਸਾਰ ਮੈਂ ਬੇਹੋਸ਼ ਹੋ ਗਈ ਸੀ।
ਅੱਲ੍ਹਾ ਮੀਆਂ ਜਾਣੇ ਕਦੋਂ ਐਂਮਬੂਲੈਂਸ ਆਈ ਸੀ ਤੇ ਕਿਵੇਂ ਐਮਰਜੈਂਸੀ ਸਰਵਿਸ ਵਾਲੇ ਘਰ ਅੰਦਰ ਦਾਖਲ ਹੋਏ ਸੀ, ਕਿਵੇਂ ਨਹੀਂ। ਮੈਂ ਕੁੱਝ ਨਹੀਂ ਜਾਣਦੀ। ਮੈਨੂੰ ਜਦੋਂ ਸੁਰਤ ਆਈ ਤਾਂ ਮੈਂ ਹਸਪਤਾਲ ਵਿੱਚ ਪਈ ਸੀ। ਮੇਰੀ ਬਾਂਹ ਨੂੰ ਖੂਨ ਦੀ ਬੋਤਲ ਲੱਗੀ ਹੋਈ ਸੀ। ਮੈਂ ਬਿਸਤਰੇ ’ਤੇ ਪਈ ਹੋਈ ਨੇ ਹੀ ਆਲੇ-ਦੁਆਲੇ ਦੇਖਿਆ ਸੀ। ਕਮਰੇ ਵਿੱਚ ਮੈਂ ਇਕੱਲੀ ਹੀ ਸੀ। ਕੋਈ ਵੀ ਮੇਰੇ ਆਸ-ਪਾਸ ਨਹੀਂ ਸੀ। ਮੈਂ ਪੂਰੀਆਂ ਅੱਖਾਂ ਖੋਲ੍ਹ ਕੇ ਛੱਤ ਨੂੰ ਘੂਰਿਆ ਤਾਂ ਦੁਬਾਰਾ ਉਹ ਹਾਦਸੇ ਵਾਲਾ ਖੌਫ਼ਨਾਕ ਮੰਜ਼ਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਮੈਕਸ ਨੇ ਅਜਿਹਾ ਕਿਉਂ ਕੀਤਾ ਸੀ? ਕੋਈ ਐਨਾ ਵੀ ਨਿਰਦਈ ਹੁੰਦੈ? ਘਟਨਾ ਤੋਂ ਕੁੱਝ ਦੇਰ ਪਹਿਲਾਂ ਉਹ ਚੰਗਾ-ਭਲਾ ਮੇਰੇ ਨਾਲ ਹੱਸ-ਖੇਡ ਰਿਹਾ ਸੀ। ਨਾ ਅਸੀਂ ਲੜੇ, ਨਾ ਝਗੜੇ ਅਤੇ ਨਾ ਹੀ ਕੋਈ ਬੋਲ-ਕਬੋਲ ਹੋਇਆ ਸੀ। ਫਿਰ ਇਉਂ ਉਸਦੇ ਵਹਿਸ਼ੀਆਨਾ ਹਮਲਾ ਕਰਨ ਦਾ ਮੈਨੂੰ ਕਾਰਨ ਸਮਝ ਨਹੀਂ ਸੀ ਆਇਆ।
ਮੇਰੇ ਕਮਰੇ ਵਿੱਚ ਕੁੱਝ ਰੱਖਣ ਲਈ ਨਰਸ ਆਈ ਤਾਂ ਮੈਨੂੰ ਹੋਸ਼ ਆਈ ਦੇਖ ਕੇ ਉਸਨੇ ਚੈੱਕਅੱਪ ਲਈ ਡਾਕਟਰ ਨੂੰ ਬੁਲਾ ਲਿਆਂਦਾ ਸੀ। ਵੈਸੇ ਜਾਣ ਤਾਂ ਮੈਂ ਖੂਨ ਨਿਕਲੇ ਤੋਂ ਹੀ ਗਈ ਸੀ। ਪਰ ਡਾਕਟਰਾਂ ਦੇ ਦੱਸਣ ਨਾਲ ਤੱਥ ਚਿੱਟੇ ਦਿਨ ਵਾਂਗ ਸਾਹਮਣੇ ਆ ਗਿਆ ਸੀ ਕਿ ਮੇਰੇ ਗਰਭ ਵਿੱਚ ਪਲਦਾ ਫੁੱਲ ਖਿੜਣ ਤੋਂ ਪਹਿਲਾਂ ਹੀ ਮੁਰਝਾ ਗਿਆ ਸੀ। ਜਦੋਂ ਮਿਸਕਰੇਜ਼ (ਗਰਭਪਾਤ) ਦੀ ਮਨਹੂਸ ਖ਼ਬਰ ਡਾਕਟਰ ਨੇ ਸੁਣਾਈ, ਮੇਰੇ ਤਾਂ ਯਾਨੀ ਮਾਪੇ ਹੀ ਮਰ ਗਏ ਸਨ। ਮੇਰਾ ਜੀਅ ਕਰਦਾ ਸੀ ਜਹਿਰ ਖਾਹ ਕੇ ਮਰ ਜਾਵਾਂ।
ਉਦੋਂ ਮੈਂ ਤਿੰਨ ਦਿਨ ਹਸਪਤਾਲ ਰਹੀ ਸੀ। ਮੈਕਸ ਇੱਕ ਦਿਨ ਵੀ ਮੈਨੂੰ ਮਿਲਣ, ਦੇਖਣ ਜਾਂ ਮੇਰੀ ਖ਼ਬਰ ਲੈਣ ਨਹੀਂ ਸੀ ਪਹੁੰਚਿਆ। ਚੌਥੇ ਦਿਹਾੜੇ ਮੈਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ। ਘਰ ਆ ਕੇ ਮੈਂ ਬੱਚਾ ਗਿਰਨ ਦੀ ਸੂਚਨਾ ਭੁੱਬਾਂ ਮਾਰ-ਮਾਰ ਸੁਣਾਈ ਸੀ। ਮੈਂ ਭਰਮ ਪਾਲੀ ਫਿਰਦੀ ਸੀ ਕਿ ਮੈਕਸ ਸੁਣ ਕੇ ਉਦਾਸ ਹੋਵੇਗਾ। ਮੈਥੋਂ ਮਾਫ਼ੀਆਂ ਮੰਗੇਗਾ। ਮੇਰੇ ਪੈਰਾਂ ਵਿੱਚ ਡਿੱਗ ਕੇ ਗਿੜਗੜਾਏਗਾ। ਪਰ ਮੈਕਸ ਦੀਆਂ ਤਾਂ ਖ਼ਬਰ ਸੁਣ ਕੇ ਬਰਾਛਾਂ ਖਿੜ ਗਈਆਂ ਸਨ। ਸਾਫ਼ ਜਾਹਰ ਸੀ ਕਿ ਉਸਨੇ ਮੈਨੂੰ ਧੱਕਾ ਜਾਣ ਬੁੱਝ ਕੇ ਬੱਚੇ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਹੀ ਮਾਰਿਆ ਸੀ। ਮੇਰੀ ਭਲੀਮਾਣਸੀ ਦੋਖੋ, ਮੈਂ ਫਿਰ ਵੀ ਮੈਕਸ ਨੂੰ ਬਚਾਅ ਗਈ ਸੀ। ਔਰਤ ਮਰਦ ਦਾ ਵਸਤਰ ਹੁੰਦੀ ਹੈ, ਜੋ ਉਹਦੇ ਪਰਦੇ ਕੱਜਦੀ ਹੈ। ਡਾਕਟਰਾਂ ਅਤੇ ਪੁਲੀਸ ਨੂੰ ਮੈਂ ਐਨਾ ਅਨਰਥ ਹੋ ਜਾਣ ਦੇ ਬਾਵਜੂਦ ਵੀ ਇਹੀ ਬਿਆਨ ਦਿੱਤਾ ਸੀ ਕਿ ਮੈਂ ਔਖੜ ਕੇ ਆਪਣੇ ਆਪ ਪੌੜੀਆਂ ਤੋਂ ਡਿੱਗੀ ਸੀ। ਜੇ ਮੈਂ ਅਸਲੀਅਤ ਦਾ ਚਿੱਠਾ ਫੋਲ ਦਿੰਦੀ ਤਾਂ ਅਗਲਿਆਂ ਨੇ ਉਦੋਂ ਹੀ ਮੈਕਸ ਨੂੰ ਜੇਲ੍ਹ ਯਾਤਰਾ ਕਰਵਾ ਦੇਣੀ ਸੀ। ਭਾਵੇਂ ਮੈਂ ਕੋਈ ਅਜਿਹਾ ਸਖ਼ਤ ਕਦਮ ਤਾਂ ਨਹੀਂ ਸੀ ਉਠਾਇਆ। ਪਰ ਉਦਣ ਤੋਂ ਹੀ ਮੈਨੂੰ ਮੈਕਸ ਨਾਲ ਨਫ਼ਰਤ ਹੋ ਗਈ ਸੀ ।
ਜਦੋਂ ਕਿਤੇ ਗੱਲ ਛਿੜਦੀ ਮੈਂ ਵਾਰ-ਵਾਰ ਮੈਕਸ ਤੋਂ ਆਪਣੇ ਬੱਚੇ ਨੂੰ ਕਤਲ ਕਰਨ ਦੀ ਵਜ੍ਹਾ ਜਾਨਣਾ ਚਾਹੁੰਦੀ। ਲੇਕਿਨ ਮੈਕਸ ਕੁੱਝ ਨਾ ਬੋਲਦਾ। ਹਾਰ ਕੇ ਮੈਂ ਇਸ ਵਿਸ਼ੇ ਨੂੰ ਛੋਹਣਾ ਹੀ ਛੱਡ ਦਿੱਤਾ ਸੀ। ਫਿਰ ਇੱਕ ਦਿਨ ਦਾਰੂ ਪੀਤੀ ਤੇ ਆਪੇ ਹੀ ਉਦੜ ਗਿਆ ਸੀ ਤੇ ਉਸਨੇ ਸਾਰਾ ਕੁੱਝ ਸੱਚ-ਸੱਚ ਬੱਕ ਦਿੱਤਾ ਸੀ।
ਦਰਅਸਲ ਮੈਕਸ ਨੇ ਬੱਚੇ ਨੂੰ ਰਸਤੇ ਵਿੱਚੋਂ ਇਸ ਕਰਕੇ ਹਟਾਇਆ ਸੀ ਕਿਉਂਕਿ ਉਸਨੂੰ ਮੇਰੇ ਨਾਲ ਮੁਹੱਬਤ ਨਹੀਂ ਸੀ। ਉਹ ਤਾਂ ਮਹਿਜ਼ ਮਨਪਰਚਾਵਾ ਕਰ ਰਿਹਾ ਸੀ। ਕਾਮੁਕ ਲੋੜਾਂ ਦੀ ਪੂਰਤੀ ਲਈ ਵਰਤ ਰਿਹਾ ਸੀ ਮੈਨੂੰ। ਸਭ ਨਾਲੋਂ ਵੱਡਾ ਡਰ ਮੈਕਸ ਨੂੰ ਇਹ ਸੀ ਕਿ ਜੇ ਬੱਚਾ ਪੈਦਾ ਹੋ ਜਾਂਦਾ ਤਾਂ ਮੇਰੇ ਨਾਲੋਂ ਵੱਖਰਾ ਹੋ ਕੇ ਵੀ ਉਹਨੂੰ ਸਾਰੀ ਜ਼ਿੰਦਗੀ ਮੈਨੂੰ ਬੱਚੇ ਦਾ ਖਰਚਾ ਦੇਣਾ ਪੈਣਾ ਸੀ। ਉਹ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸੀ ਸਕਦਾ। ਕਿਉਂਕਿ ਜਿਹੜੇ ਮਰਦ ਆਪਣੀਆਂ ਪਤਨੀਆਂ ਜਾਂ ਗਰਲ ਫਰੈਂਡਾਂ ਸਿਰ ਬੱਚੇ ਮੜ੍ਹ ਕੇ ਭਗੌੜੇ ਹੋ ਜਾਂਦੇ ਹਨ। ਚਾਇਲਡ ਸਪੋਰਟ ਏਜੰਸੀ ਨਾਮ ਦੀ ਇੱਕ ਸੰਸਥਾ ਅਜਿਹੇ ਮਰਦਾਂ ਤੋਂ ਜ਼ਬਰਦਸਤੀ ਬੱਚਿਆਂ ਦੇ ਪਾਲਣ-ਪੋਸ਼ਨ ਲਈ ਖਰਚ ਦੇਵਾਉਂਦੀ ਹੈ। ਸਾਰੀ ਜ਼ਿੰਦਗੀ ਬੱਚੇ ਦਾ ਖਰਚ ਦੇਣ ਦੇ ਡਰੋਂ ਮੈਕਸ ਨੇ ਇਹ ਘਟੀਆ ਕਾਰਾ ਕੀਤਾ ਸੀ। ਜੇ ਕਿੱਧਰੇ ਮੈਕਸ ਮੈਨੂੰ ਖੁੱਲ੍ਹ ਕੇ ਵਿਚਲੀ ਗੱਲ ਦੱਸਦਾ ਕਿ ਅੰਦਰੋਂ ਅਸਲ ਬਿਮਾਰੀ ਇਹ ਸੀ ਤਾਂ ਮੈਂ ਉਹਨੂੰ ਕਹਿ ਦੇਣਾ ਸੀ ਬਈ ਤੂੰ ਜਾਹ ਆਪਣੀ ਐਸ਼ ਕਰ। ਮੇਰੇ ਵੱਲੋਂ ਤੂੰ ਆਜ਼ਾਦ ਹੈਂ। ਮੈਂ ਆਪ ਹੀ ਇਕੱਲੀ ਇਸ ਬੱਚੇ ਨੂੰ ਜਨਮ ਦੇਵਾਂਗੀ ਅਤੇ ਇਕੱਲੀ ਹੀ ਇਸਨੂੰ ਪਾਲਾਂਗੀ। ਤੈਥੋਂ ਫੁੱਟੀ ਦਮੜੀ ਨਹੀਂ ਮੰਗਦੀ। ਇਸ ਦੇਸ਼ ਵਿੱਚ ਕਿੰਨੀਆਂ ਹੀ ਐਸੀਆਂ ਮਹਿਲਾਵਾਂ ਹਨ ਜੋ ਇਕੱਲੀਆਂ ਨਿਆਣੇ ਪਾਲਦੀਆਂ ਹਨ। ਲੇਕਿਨ ਕੀ ਕਰ ਸਕਦੀ ਸੀ ਮੈਂ? ਮੈਨੂੰ ਤਾਂ ਮੈਕਸ ਨੇ ਕੋਈ ਮੌਕਾ ਹੀ ਨਹੀਂ ਸੀ ਦਿੱਤਾ। ਮੈਂ ਦਿਲ ਵਿੱਚ ਬੱਚੇ ਦਾ ਬਹੁਤ ਗ਼ਮ ਮੰਨਿਆ ਸੀ। ਜਦੋਂ ਤੋਂ ਮੈਨੂੰ ਆਪਣੇ ਗਰਭਵਤੀ ਹੋਣ ਦਾ ਗਿਆਨ ਹੋਇਆ ਸੀ, ਉਦੂੰ ਬਾਅਦ ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਮੇਰਾ ਆਪਣੇ ਅਣਜੰਮੇ ਬੱਚੇ ਨਾਲ ਬਹੁਤ ਮੋਹ ਪੈ ਗਿਆ ਸੀ। ਮੈਂ ਦਿਨ ਵਿੱਚ ਕਈ-ਕਈ ਵਾਰ ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣਾ ਪੇਟ ਨੰਗਾ ਕਰ ਲੈਂਦੀ ਤੇ ਉਸਨੂੰ ਹੱਥ ਫੇਰ-ਫੇਰ ਪਲੋਸੀ ਜਾਂਦੀ ਰਹਿੰਦੀ ਹੁੰਦੀ ਸੀ। ਜਿਵੇਂ ਮਾਰਵਾੜੀ ਸੇਠਾਂ ਦੀ ਗੋਗੜ ਨਿੱਕਲੀ ਹੁੰਦੀ ਹੈ, ਉਵੇਂ ਮੈਂ ਵੀ ਆਪਣਾ ਢਿੱਡ ਛੇਤੀ ਤੋਂ ਛੇਤੀ ਤੌੜੇ ਵਾਂਗ ਨਿਕਲਿਆ ਹੋਇਆ ਦੇਖਣਾ ਚਾਹੁੰਦੀ ਹੁੰਦੀ ਸੀ। ਮਗਰ ਅਬੋਰਸ਼ਨ ਕਰਵਾਉਣ ਬਾਅਦ ਉਸ ਨਿਭਾਗੀ ਜ਼ਿੰਦ ਦੇ ਵਿਰਾਗ ਵਿੱਚ ਮੈਂ ਅਕਸਰ ਰੋਂਦੀ ਰਿਹਾ ਕਰਦੀ ਸੀ। ਕਈ ਦਿਨ ਸੋਗ ਮਨਾਉਂਦੀ ਰਹੀ ਸੀ ਮੈਂ। ਅੱਥਰੂ ਵਹਾ-ਵਹਾ ਮੈਂ ਆਹੀਸਤਾ-ਆਹੀਸਤਾ ਆਪਣੇ ਮਨ ਨੂੰ ਮਾਰ ਲਿਆ ਸੀ।
ਔਰਤ ਜੇ ਕਿਸੇ ਮਰਦ ਨੂੰ ਦਿਲੋਂ ਪਿਆਰ ਨਾ ਕਰਦੀ ਹੋਵੇ ਤਾਂ ਉਸ ਵਿਅਕਤੀ ਨਾਲ ਕਿਸੇ ਨਾ ਕਿਸੇ ਮਜਬੂਰੀ ਅਧੀਨ ਸੈਕਸ ਤਾਂ ਕਰ ਸਕਦੀ ਹੈ। ਪਰ ਬੱਚਾ ਸਿਰਫ਼ ਉਸੇ ਆਦਮੀ ਦਾ ਜੰਮਦੀ ਹੈ ਜਿਸਨੂੰ ਦਿਲੋਂ ਚਾਹੁੰਦੀ ਹੋਵੇ। ਜੋ ਮਰਦ ਉਹਦੇ ਧੁਰ ਅੰਦਰ ਲਹਿ ਗਿਆ ਹੋਵੇ। ਜੋ ਉਸਦੀ ਰੂਹ ਨੂੰ ਹਲੂਣ ਗਿਆ ਹੋਵੇ। ਮੈਕਸ ਤਾਂ ਮੈਨੂੰ ਅਜਿਹਾ ਕੁੱਝ ਵੀ ਨਹੀਂ ਸੀ ਕਰ ਸਕਿਆ। ਐਨੇ ਅਰਸੇ ਤੱਕ ਨਾਲ ਰਹਿਣ ਦੇ ਬਾਵਜੂਦ ਵੀ ਉਹ ਮੇਰੇ ਦਿਲ ਨੂੰ ਛੂਹ ਤੱਕ ਨਹੀਂ ਸੀ ਸਕਿਆ। ਨਾਲੇ ਉਹ ਬੱਚਾ ਮੈਂ ਉਸ ਖ਼ਾਤਰ ਨਹੀਂ ਆਪਣੇ ਲਈ ਪੈਦਾ ਕਰਨਾ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਕੋਈ ਹੋਰ ਨਹੀਂ ਤਾਂ ਬੱਚਾ ਹੀ ਮੇਰੀ ਜ਼ਿੰਦਗੀ ਦਾ ਸਹਾਰਾ ਬਣ ਜਾਵੇਗਾ। ਮੈਨੂੰ ਜਿਉਣ ਲਈ ਮਨੋਰਥ ਮਿਲ ਜਾਵੇਗਾ। ਦੂਜੇ ਪਾਸੇ ਮੈਂ ਇਹ ਸੋਚ ਕੇ ਆਪਣੇ ਮਨ ਨੂੰ ਧਰਵਾਸਾ ਦੇ ਲਿਆ ਕਰਦੀ ਸੀ ਕਿ ਚਲੋ ਜੋ ਹੋਇਆ ਠੀਕ ਹੀ ਹੋਇਆ ਹੈ। ਕਿੰਨੇ ਤਸ਼ੱਦਦ ਅਤੇ ਤਕਲੀਫਾਂ ਮੈਂ ਮੈਕਸ ਦੀਆਂ ਦਿੱਤੀਆਂ ਬਰਦਾਸ਼ਤ ਕਰ ਰਹੀ ਸੀ। ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਬੱਚੇ ਨੂੰ ਵੀ ਉਹੋ ਸਹਿਣੀਆਂ ਪੈਂਦੀਆਂ। ਅੱਗੇ ਤੋਂ ਹੋਰ ਬੱਚਾ ਨਾ ਜੰਮਣ ਦਾ ਮੈਂ ਦ੍ਰਿੜ ਨਿਸਚਾ ਕਰ ਲਿਆ ਸੀ। ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਫ਼ਰਮਾਇਆ ਹੈ, “ਜਨਨੀ ਜਣੈ ਤ ਭਗਤ ਜਨ ਕੈ ਦਾਤਾ ਕੈ ਸੂਰ।। ਨਹਿ ਤਾਂ ਜਨਨ ਬਾਂਝ ਰਹੇ ਕਾਹੇ ਗਵਾਵੇ ਨੂਰ।।”
ਮੈਕਸ ਵਰਗੇ ਗੰਦੇ ਤੁਖਮ ਤੋਂ ਗੰਦਾ ਖੂਨ ਹੀ ਪੈਦਾ ਹੋਣਾ ਸੀ। ਉਸ ਨਾਲੋਂ ਤਾਂ ਮੈਂ ਬੇਔਲਾਦ ਰਹਿਣਾ ਹੀ ਕਈ ਗੁਣਾਂ ਚੰਗਾ ਖ਼ਿਆਲ ਕਰਦੀ ਹਾਂ। ਮੈਂ ਦੁਬਾਰਾ ਪਰੈਗਨੈਂਟ (ਗਰਭਵਤੀ) ਹੋਣ ਦਾ ਮਾੜਾ ਜਿਹਾ ਵੀ ਰਿਸਕ ਨਹੀਂ ਸੀ ਲੈਣਾ ਚਾਹੁੰਦੀ। ਇਸ ਲਈ ਮੈਂ ਤਾਂ ਕੁਨੈਕਸ਼ਨ ਕਟਾ ਕੇ ਯੱਭ ਹੀ ਮੁਕਾ ਦਿੱਤਾ ਸੀ। ਇੱਕ ਵਾਰ ਜੋ ਝੱਲ ਚੁੱਕੀ ਸੀ, ਮੁੜ ਕੇ ਮੈਂ ਉਸ ਸੰਤਾਪ ਨੂੰ ਨਹੀਂ ਸੀ ਹੰਢਾਉਣਾ ਚਾਹੁੰਦੀ ਅਤੇ ਇੰਝ ਮੈਂ ਜ਼ਿੰਦਗੀ ਭਰ ਲਈ ਬੱਚਾ ਜਣਨ ਦੀ ਖੁਸ਼ੀ ਤੋਂ ਮਹਿਰੂਮ ਹੋ ਕੇ ਰਹਿ ਗਈ ਸੀ। ਹੁਣ ਉਮਰ ਭਰ ਮੈਕਸ ਜਿੰਨੀ ਮਰਜ਼ੀ ਫਾਇਰਿੰਗ ਕਰੀ ਜਾਵੇ, ਸਾਰੀ ਦੀ ਸਾਰੀ ਫੋਕੀ ਜਾਵੇਗੀ। ਇਸ ਪ੍ਰਕਾਰ ਮਾਂ ਬਣਨ ਦੀਆਂ ਹਸਰਤਾਂ ਮੇਰੇ ਮਨ ਦੀ ਕਬਰ ਵਿੱਚ ਹੀ ਦਫ਼ਨ ਹੋ ਕੇ ਰਹਿ ਗਈਆਂ ਸਨ।
ਇਸ ਘਟਨਾ ਤੋਂ ਬਾਅਦ ਸਾਡੇ ਸੰਬੰਧ ਮੁੜ ਕੇ ਆਮ ਵਾਂਗ ਹੋ ਹੀ ਨਾ ਸਕੇ। ਮੈਂ ਅਤੇ ਮੈਕਸ, ਅਸੀਂ ਇੱਕ ਦੂਸਰੇ ਨੂੰ ਆਪੋ-ਆਪਣੀਆਂ ਲੋੜਾਂ ਲਈ ਇਸਤੇਮਾਲ ਕਰਦੇ ਅਤੇ ਇਸ ਤੋਂ ਬਿਨਾਂ ਸਾਡੇ ਵਿੱਚ ਹੋਰ ਕੋਈ ਰਿਸ਼ਤਾ ਨਹੀਂ ਸੀ ਰਿਹਾ। ਮੈਨੂੰ ਸੁਰੱਖਿਅਤਾ ਅਤੇ ਸਾਥ ਦੀ ਜ਼ਰੂਰਤ ਸੀ ਤੇ ਮੈਕਸ ਨੂੰ ਮੇਰੇ ਜਿਸਮ ਅਤੇ ਇੱਕ ਔਰਤ ਦੀ, ਜੋ ਉਸ ਲਈ ਇੱਕ ਨੌਕਰਾਣੀ ਦਾ ਕੰਮ ਦਿੰਦੀ। ਮੈਂ ਉਹਦੀ ਪਤਨੀ ਥੋੜ੍ਹਾਂ, ਮੈਂ ਤਾਂ ਆਇਆ ਹਾਂ, ਆਇਆ। ਸਾਡੇ ਵਿਚਕਾਰ ਸਿਰਫ਼ ਜਿਸਮਾਨੀ ਰਿਸ਼ਤਾ ਹੀ ਰਹਿ ਗਿਆ ਸੀ। ਮੁਹੱਬਤ ਨਾ ਸੀ, ਨਾ ਹੈ ਤੇ ਨਾ ਹੀ ਹੁਣ ਕਦੇ ਹੋਵੇਗੀ! ਮੇਰਾ ਤਾਂ ਮੈਕਸ ਨਾਲ ਬਿਲਕੁਲ ਮਨ ਨਹੀਂ ਭਿਜਦਾ। ਪਰ ਮੈਂ ਕਰ ਕੁੱਝ ਨਹੀਂ ਸਕਦੀ। ਉਮਰ ਭਰ ਲਈ ਲੱਗਿਆ ਹੋਇਆ ਇਹ ਸਰਾਪ ਤਾਂ ਹੁਣ ਜ਼ਿੰਦਗੀ ਦੇ ਮੁੱਕਣ ਨਾਲ ਹੀ ਮੁੱਕੇਗਾ। ਮਾਪਿਆਂ ਨੂੰ ਛੱਡ ਕੇ ਇਹਦੇ ਕੋਲ ਆਈ ਹਾਂ। ਹੁਣ ਇਹਨੂੰ ਛੱਡ ਕੇ ਕੀਹਦੇ ਕੋਲ ਜਾਵਾਂ? ਇਸ ਸਵਾਲ ’ਤੇ ਆ ਕੇ ਮੇਰੀ ਸੋਚ ਅਤੇ ਹਯਾਤੀ ਦੋਨੋਂ ਹਮੇਸ਼ਾ-ਹਮੇਸ਼ਾ ਲਈ ਅਟਕ ਜਾਂਦੀਆਂ ਹਨ।

No comments:
Post a Comment