ਮੈਂ ਸਕਾਟਲੈਂਡ ਆ ਕੇ ਜੀਅ-ਜਾਨ ਨਾਲ ਦੇਹ ਤੋੜ ਕੇ ਕੰਮ ਕੀਤਾ ਸੀ। ਪਹਿਲਾਂ ਤਾਂ ਫ਼ੈਕਟਰੀਆਂ, ਦੁਕਾਨਾਂ ਵਿੱਚ ਜੋ ਧੰਦਾ ਮਿਲਦਾ ਕਰ ਲੈਂਦੀ ਹੁੰਦੀ ਸੀ। ਫਿਰ ਸਾਲ ਕੁ ਮਗਰੋਂ ਮੈਨੂੰ ਇੱਕ ਹਸਪਤਾਲ ਵਿੱਚ ਜਮਾਦਾਰੀ ਦੀ ਪੱਕੀ ਨੌਕਰੀ ਮਿਲ ਗਈ ਸੀ। ਮੈਂ ਵਰ੍ਹੇ ਖਰਚ ਕਰੀ ਜਾ ਰਹੀ ਸੀ ਤੇ ਪੌਂਡ ਕਮਾਈ ਜਾ ਰਹੀ ਸੀ। ਮੈਂ ਸੂਮ ਵੀ ਬਹੁਤ ਸੀ। ਇਸ ਕਰਕੇ ਕਿਰਸ ਨਾਲ ਮੈਂ ਕਾਫ਼ੀ ਸਾਰਾ ਧਨ ਆਪਣੀ ਤਨਖਾਹ ਵਿੱਚੋਂ ਜੋੜੀ ਵੀ ਜਾਂਦੀ ਹੁੰਦੀ ਸੀ। ਕੀ ਪਤਾ ਹੁੰਦੈ ਭਵਿੱਖ ਵਿੱਚ ਦੌਲਤ ਦੀ ਕਦੋਂ ਲੋੜ ਪੈ ਜਾਵੇ? ਇੰਝ ਹੀ ਆਪਣੀ ਮਿਹਨਤ ਮੁਸ਼ੱਕਤ ਦੀ ਕਮਾਈ ਨਾਲ ਮੈਂ ਸੱਤਾਂ ਕੁ ਸਾਲਾਂ ਵਿੱਚ ਆਪਣਾ ਘਰ ਵੀ ਖਰੀਦ ਲਿਆ ਸੀ। ਵੈਸੇ ਤਾਂ ਵੀਵਿਆ ਦੇ ਘਰ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਸੀ। ਪਰ ਫਿਰ ਵੀ ਆਪਣਾ ਘਰ ਆਖ਼ੀਰ ਆਪਣਾ ਹੀ ਹੁੰਦਾ ਹੈ। ਆਰਥਿਕ ਪੱਖੋਂ ਮੈਂ ਆਪਣੇ ਪੈਰ ਮਜ਼ਬੂਤ ਕਰ ਲਏ ਸਨ। ਇਸ ਪਾਸਿਉਂ ਮੈਨੂੰ ਕੋਈ ਫਿਕਰ-ਫਾਕਾਂ ਨਹੀਂ ਸੀ। ਲੇਕਿਨ ਫਿਰ ਵੀ ਮੈਨੂੰ ਤਸਕੀਨ ਨਹੀਂ ਸੀ। ਕਿਉਂਕਿ ਧਨ ਹੀ ਤਾਂ ਸਭ ਕੁੱਝ ਨਹੀਂ ਹੁੰਦਾ ਨਾ? ਹੋਰ ਬਹੁਤ ਕੁੱਝ ਜੋ ਮੇਰੇ ਹੱਥੋਂ ਖੁੱਸ ਗਿਆ ਸੀ, ਹੁਣ ਮੈਨੂੰ ਦੁਬਾਰਾ ਹਾਸਲ ਨਹੀਂ ਸੀ ਹੋ ਸਕਣਾ। ਵਿਛੜੇ ਹੋਏ ਮਾਂ, ਬਾਪ, ਭੈਣ, ਭਾਈ ਅਤੇ ਮਹਿਬੂਬ ਮੈਨੂੰ ਨਹੀਂ ਸੀ ਮਿਲ ਸਕਦੇ। ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਵਰ੍ਹੇ ਮੈਂ ਅਜਾਈਂ ਗੁਆ ਲਿੱਤੇ ਸਨ। ਸੱਚ ਹੀ ਸਿਆਣਿਆਂ ਨੇ ਕਿਹਾ ਹੈ, ‘ਹੁਸਨ, ਜਾਵਨੀ, ਮਾਪੇ, ਤਿੰਨ ਰੰਗ ਨਹੀਂਓ ਲੱਭਣੇ।’ ਇਕੱਲੀ ਮਾਇਕ ਹਾਲਤ ਠੀਕ ਹੋਣ ਨਾਲ ਹੀ ਤਾਂ ਇਨਸਾਨ ਦਾ ਜੀਵਨ ਖੁਸ਼ਹਾਲ ਨਹੀਂ ਬਣਦਾ। ਪਰਿਵਾਰਕ
ਜ਼ਿੰਦਗੀ ਦੇ ਬਾਗੀਚੇ ਵਿੱਚ ਵੀ ਤਾਂ ਬਹਾਰ ਆਉਣੀ ਜ਼ਰੂਰੀ ਹੈ। ਸਾਡਾ ਮਕਾਨ ਘਰ ਘੱਟ ਤੇ ਯੰਗੀ ਅਖਾੜਾ ਵੱਧ ਸੀ। ਹਰ ਸਮੇਂ ਸਾਡੇ ਤੀਵੀਂ-ਆਦਮੀ ਦਰਮਿਆਨ ਸਿਵਲ ਵਾਰ, ਮਤਲਬ ਕਿ ਘਰੇਲੂ ਯੁੱਧ ਚੱਲਦਾ ਰਹਿੰਦਾ ਹੁੰਦਾ ਸੀ। ਮੈਕਸ ਨਾਲ ਮੇਰੇ ਸੰਬੰਧ ਦਿਨ-ਬ-ਦਿਨ ਵਿਗੜਦੇ ਜਾ ਰਹੇ ਸਨ। ਇਸ ਦੀ ਵਜ੍ਹਾ ਦਰਅਸਲ ਇਹ ਹੋਈ ਸੀ ਕਿ ਗੁਜ਼ਰੇ ਢੇਰ ਸਾਰੇ ਅਰਸੇ ਤੋਂ ਬਿਸਤਰੇ ਵਿੱਚ ਮੈਕਸ ਦੀ ਕਾਰਗੁਜ਼ਾਰੀ ਕੁੱਝ ਖਾਸ ਨਹੀਂ ਸੀ ਰਹੀ। ਅਖਾੜੇ ਵਿੱਚ ਉਤਰਦਾ ਹੀ ਉਹ ਢਹਿ ਜਾਂਦਾ ਹੁੰਦਾ ਸੀ। ਮੇਰੇ ਅਨੁਸਾਰ ਤਾਂ ਇਹ ਉਨ੍ਹਾਂ ਚਰਸ, ਅਫ਼ੀਮ, ਗਾਂਜ਼ਾ, ਹੀਰੋਇਨ, ਕੋਕੇਨ, ਬਰਾਉਨ ਸ਼ੂਗਰ, ਐਕਟਸੀ ਆਦਿ ਨਸ਼ਿਆਂ ਦਾ ਪ੍ਰਣਾਮ ਸੀ ਜਿਨ੍ਹਾਂ ਦਾ ਮੈਕਸ ਸਾਰੀ ਉਮਰ ਸੇਵਨ ਕਰਦਾ ਰਿਹਾ ਸੀ। ਕੁੱਝ ਨਹੀਂ ਬਚਿਆ ਸੀ ਉਸਦੇ ਅੰਦਰ। ਖੋਖਲਾ ਜਿਹਾ ਹੋ ਕੇ ਰਹਿ ਗਿਆ ਸੀ। ਬਿਲਕੁਲ ਵੀ ਜਾਨ ਨਹੀਂ ਸੀ ਰਹੀ ਮੈਕਸ ਵਿੱਚ। ਉਹਦੇ ਵਰਗੇ ਬੰਦੇ ਤਾਂ ਤੀਵੀਂ ਦੇ ਧਰਨ ਪਾ ਕੇ ਰੱਖ ਦਿੰਦੇ ਹਨ। ਤੇ ਉਹ ਸਾਹਿਬ ਬਹਾਦਰ ਮੈਨੂੰ ਹੱਥ ਪਿੱਛੋਂ ਲਾਉਂਦੇ ਸਨ ਤੇ ਹੌਂਕਣ ਪਹਿਲਾਂ ਲੱਗ ਜਾਂਦੇ ਸਨ। ਮੈਂ ਤਾਂ ਆਨੀ ਬਹਾਨੀ ਉਹਨੂੰ ਉਹਦੀ ਇਸ ਖਾਮੀ ਬਾਰੇ ਸੁਣਾ ਵੀ ਦਿੰਦੀ ਹੁੰਦੀ ਸੀ। ਇੰਝ ਹੀ ਇੱਕ ਵਾਰ ਮੈਕਸ ਆਪ ਤਾਂ ਮੇਰੇ ਨਾਲ ਟੱਕਰਾਂ ਜਿਹੀਆਂ ਮਾਰ ਕੇ ਠੰਡਾ ਸਿੱਲ੍ਹਾ ਹੋ ਕੇ ਪੈ ਗਿਆ। ਲੇਕਿਨ ਮੇਰਾ ਉਸ ਛੋਟੀ ਜਿਹੀ ਝੁੱਟ ਨਾਲ ਕੁੱਝ ਨਹੀਂ ਸੀ ਬਣਿਆ। ਮੈਂ ਮੰਜੇ ਉੱਤੇ ਪਈ ਤੜਫੀ ਜਾਂਦੀ ਸੀ। ਮੈਂ ਉਹਨੂੰ ਅਰਬੀ ਵਿੱਚ ਕਹਿ ਦਿੱਤਾ, “ਸ਼ੁਮਾ ਬਹਿਰ-ਏ-ਮੁੰਜਮਿਦ, ਮਨ ਬਹਿਰ-ਏ-ਉਕੀਆਨੂਸ। ਮੈਨੂੰ ਕਹਿੰਦਾ ਇਹਦਾ ਕੀ ਮਤਲਬ ਹੁੰਦੈ? ਮੈਂ ਦੱਸ ਦਿੱਤਾ। ਮੈਂ ਕਿਹਾ ਇਸਦਾ ਅਰਥ ਹੈ, “ਤੂੰ ਬਰਫ਼ ਦਾ ਜੰਮਿਆ ਹੋਇਆ ਸਮੁੰਦਰ ਤੇ ਮੈਂ ਖੌਲਦੀ ਹੋਈ ਨਦੀ।” ਸੁਣ ਕੇ ਪਾਸਾ ਵੱਟ ਕੇ ਪੈ ਗਿਆ। ਮੈਂ ਹੀ ਉਸਨੂੰ ਝੰਜੋੜ ਕੇ ਬੁਲਾ ਲਿਆ ਸੀ, ਮਖਿਆ “ਬੋਲ ਹੁਣ, ਲਾਣੇਦਾਰਾ ਬੋਲਦਾ ਨ੍ਹੀਂ?”
“ਬੋਲਾਂ ਕੀ ਸਵਾਹ? ਇਹਦੇ ਵਿੱਚ ਮੇਰਾ ਕੀ ਕਸੂਰ ਆ? ਮੈਨੂੰ ਹੁਣ ਉਹ ਪਹਿਲਾਂ ਵਾਲਾ ਸਵਾਦ ਨ੍ਹੀਂ ਆਉਂਦਾ।”
ਮੈਂ ਠਾਹ ਦੇਣੇ ਨਾਲ ਲੱਗਦਾ ਜੁਆਬ ਮਾਰਿਆ ਸੀ, “ਮੈਂ ਖਤਨਾ ਕਰਾ ਲੈਂਦੀ ਆਂ। ਸਾਡੀਆਂ ਆਮ ਇਸਲਾਮੀ ਔਰਤਾਂ ਦਾ ਹੁੰਦਾ ਹੈ। ਬਹੁਤੀਆਂ ਦੇ ਤਾਂ ਯੋਵਨ ਵਿੱਚ ਪ੍ਰਵੇਸ਼ ਕਰਦਿਆਂ ਹੀ ਇਹ ਰਸਮ ਕਰ ਦਿੱਤੀ ਜਾਂਦੀ ਹੈ। ਮਰਦਾਨਾ ਦੇ ਲਿੰਗ ਦੇ ਸਮਾਨਾਰਥਕ ਇਸਤਰੀ ਦੇ ਬਾਹਰੀ ਜਣਨ-ਅੰਗ ਕਲਾਈਟੋਰਿਸ, ਉਹਦੇ ਨਾਲ ਵਾਲੇ ਕੋਮਲ ਅੰਗ ਲੈਬੀਆ ਮੀਨੋਰਾ, ਯੋਨੀ ਦੀ ਸੁਰੱਖਿਆ ਕਰਨ ਵਾਲੇ ਮਾਸ ਦੇ ਬਾਹਰੀ ਅਤੇ ਅੰਦਰਲੇ ਬੁੱਲ੍ਹਾਂ ਨੂੰ ਕੱਟ ਕੇ ਡਾਕਟਰ ਉਂਗਲ ਕੁ ਜਿੰਨੀ ਥਾਂ (ਪਿਸ਼ਾਬ ਅਤੇ ਮਹਾਂਵਾਰੀ ਲਈ) ਛੱਡ ਕੇ ਬਾਕੀ ਦੀ ਸਾਰੀ ਯੋਨੀ ਟਾਂਕੇ ਲਾ ਕੇ ਸਿਉਂ ਦਿੰਦੇ ਨੇ। ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਔਰਤ ਦੇ ਅੰਦਰੋਂ ਲਿੰਗਕ ਭੁੱਖ ਨੂੰ ਮਾਰਿਆ ਜਾ ਸਕੇ ਤੇ ਮਰਦ ਨੂੰ ਸੰਪੂਰਨ ਸੰਭੋਗ ਸਵਾਦ ਦਿੱਤਾ ਜਾ ਸਕੇ। ਕਿਉਂਕਿ ਸਾਡੀਆਂ ਮੁਸਲਿਮ ਔਰਤਾਂ ਬੱਚੇ ਬਹੁਤ ਜੰਮਦੀਆਂ ਹਨ। ਜਿਸ ਨਾਲ ਉਨ੍ਹਾਂ ਦਾ ਕਾਮ ਅੰਗ ਅਕਾਰਹੀਨ ਹੋ ਜਾਂਦਾ ਹੈ। ਇਸ ਛੋਟੇ ਜਿਹੇ ਆਪਰੇਸ਼ਨ ਨਾਲ ਉਹ ਮੁੜ ਤੋਂ ਆਨੰਦਮਈ ਸੈਕਸ ਕਰਨ ਦੇ ਕਾਬਲ ਹੋ ਜਾਂਦੀਆਂ ਹਨ।” ਮੇਰੀ ਇਹ ਗੱਲ ਸੁਣ ਕੇ ਮੈਕਸ ਟੱਪ ਕੇ ਕਹਿੰਦਾ, “ਫੇਰ ਤਾਂ ਤੂੰ ਛੇਤੀ-ਛੇਤੀ ਕਰ।”
ਮੈਂ ਜਦੇ ਹੀ ਮੋੜਵਾਂ ਉੱਤਰ ਦੇ ਦਿੱਤਾ ਸੀ, “ਠੀਕ ਐ, ਪਰ ਮੇਰੀ ਇੱਕ ਸ਼ਰਤ ਐ। -ਜੇ ਮੈਂ ਖਤਨਾ ਕਰਵਾਉਂ ਤਾਂ ਤੈਨੂੰ ਵੀ ਸੁੰਨਤ ਕਰਵਾਉਣੀ ਪਊ। ਸਾਡੇ ਮਰਦ ਵੀ ਆਪਣੇ ਲਿੰਗ ਤੋਂ ਵਸਤਰ ਉਤਰਵਾਉਂਦੇ ਹਨ।”
ਲਿੰਗ ਦੇ ਸਿਰੇ ਉੱਤੇ ਟੋਪੀ ਭਾਵ ਕਿ ਸਪਾਰਾ ਨੂੰ ਢੱਕਣ ਵਾਲੇ ਮਾਸ ਗੁਲਫਾ ਨੂੰ ਕਟਾ ਦੇਣ ਦੀ ਰਸਮ ਨੂੰ ਸੁੰਨਤ ਆਖਦੇ ਹਨ। ਪੁਰਾਣੇ ਵੇਲਿਆਂ ਵਿੱਚ ਮਰਦਾਂ ਤੋਂ ਆਪਦੇ ਗੁਪਤ ਅੰਗ ਦੀ ਸਫ਼ਾਈ ਵਿੱਚ ਆਲਸ ਵਰਤੀ ਜਾਣ ਉੱਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਵਗੈਰਾ ਹੋ ਜਾਂਦੀ ਸੀ। ਉਹ ਮਾਸ ਵੱਢਣ ਨਾਲ ਮੈਲ ਨਹੀਂ ਜੰਮਦੀ ਹੁੰਦੀ। ਇਸ ਲਈ ਮੁਸਲਮਾਨ ਨੂੰ ਸੁੰਨਤ ਕਰਵਾਉਂਣ ਦਾ ਫਰਜ਼ ਨਿਭਾਉਣ ਦੀ ਸਖ਼ਤ ਹਦਾਇਤ ਕੀਤੀ ਗਈ ਸੀ। ਵਿਗਿਆਨੀ ਵੀ ਇਸ ਸੁੰਨਤ ਨੂੰ ਹਾਇਜੀਨੀਕ ਮੰਨਦੇ ਹਨ। ਕਿਉਂਕਿ ਲਿੰਗ ਦੇ ਸਪਾਰਾ ਦੇ ਮਗਰ ਤੇ ਗੁਲਫੇ ਦੇ ਥੱਲੇ ਇੱਕ ਮੈਲ ਰੂਪੀ ਪਦਾਰਥ ਸਮੈਗਮਾ ਇਕੱਠਾ ਹੋ ਜਾਂਦਾ ਹੈ। ਜਿਸ ਨਾਲ ਖਾਰਸ਼, ਸੋਜਸ਼ ਅਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਸੁੰਨਤ ਕਰਵਾਉਣ ਨਾਲ ਲਿੰਗ ਸਾਫ਼ ਰਹਿੰਦਾ ਹੈ ਤੇ ਸੈਕਸ ਦੇ ਮਜ਼ੇ ਵਿੱਚ ਅਸੀਮ ਵਾਧਾ ਹੁੰਦਾ ਹੈ।
ਇਸ ਰਸਮ ਦਾ ਦੂਜਾ ਅਹਿਮ ਕਾਰਜ ਅਤੇ ਮਕਸਦ ਕਾਮ ਦੀ ਇੱਛਾ ਉਤਪਨ ਕਰਨ ਵਿੱਚ ਵਾਧਾ ਕਰਨਾ ਹੁੰਦਾ ਹੈ। ਉਸ ਮਾਸ ਦਾ ਵਸਤਰ ਲਿੰਗ ਨੂੰ ਨਿਢਾਲ ਜਿਹਾ ਬਣਾਈ ਰੱਖਦਾ ਹੈ, ਇਸ ਲਈ ਉਸਦੇ ਲਹਿਣ ਨਾਲ ਲਿੰਗ ਅਕਸਰ ਤਣਿਆ ਰਹਿੰਦਾ ਹੈ। ਹਮੇਸ਼ਾ ਰੇਡੀ ਫਾਰ ਐਕਸ਼ਨ ਦੀ ਮੁੱਦਰਾ ਵਿੱਚ। ਇਸ ਪ੍ਰਕਾਰ ਮਨੁੱਖ ਦੀਆਂ ਕਾਮ ਭਾਵਨਾਵਾਂ ਨੂੰ ਜਗਾਉਣ ਪਿੱਛੇ ਸਾਡੇ ਪੈਗ਼ੰਬਰਾਂ ਦਾ ਮੰਤਵ ਇੱਕ ਤਾਂ ਇਹੀ ਸੀ ਕਿ ਇਸਲਾਮੀ ਲੋਕ ਵੱਧ ਤੋਂ ਵੱਧ ਕ੍ਰਿੜਾ ਕਰਨ ਅਤੇ ਬੱਚੇ ਪੈਦਾ ਹੋਣ। ਤਾਂ ਜੋ ਮੁਸਲਮਾਨਾਂ ਦੀ ਗਿਣਤੀ ਵਧ ਜਾਵੇ ਤੇ ਇਸ ਦੁਨੀਆ ਉੱਤੇ ਇਸਲਾਮ ਫੈਲੇ। ਕਿਉਂਕਿ ਲਾ ਇਲਾਹਾ, ਇੱਲ ਅੱਲਾਹ। ਭਾਵ ਕਿ ਦੁਨੀਆ ਉੱਤੇ ਅੱਲਾਹ ਤੋਂ ਸਿਵਾਏ ਹੋਰ ਕੋਈ ਰੱਬ ਨਹੀਂ ਹੈ ਤੇ ਸਭ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ। ਦੂਜਾ ਮੰਤਵ ਇਹ ਸੀ ਕਿ ਲੋਕੀ ਪਹਿਲਾਂ ਰੱਜ ਕੇ ਸੈਕਸ ਕਰਨ ਅਤੇ ਜਲਦੀ ਤੋਂ ਜਲਦੀ ਇਸ ਵਿਕਾਰ ਤੋਂ ਉੱਪਰ ਉੱਠਣ।
ਸੁੰਨਤ ਮਗਰੋਂ ਬੰਦੇ ਦੇ ਲੱਕ ਤੋਂ ਹੇਠਲੇ ਹਿੱਸੇ ’ਤੇ ਸੁਰਖ ਕੱਪੜਾ ਪਾ ਦਿੱਤਾ ਜਾਂਦਾ ਹੈ ਤੇ ਅਰਾਮ ਕਰਨ ਲਈ ਆਖਿਆ ਜਾਂਦਾ ਹੈ। ਕੁੱਝ ਦਿਨਾਂ ਵਿੱਚ ਜ਼ਖ਼ਮ ਭਰ ਜਾਂਦਾ ਹੈ।
ਜਦੋਂ ਮੈਂ ਮੈਕਸ ਨੂੰ ਸੁੰਨਤ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਮੁੱਕਰ ਗਿਆ, “ਨਾ ਭਾਈ ਆਪਣੇ ਤੋਂ ਨ੍ਹੀਂ ਇਹ ਕੰਮ ਹੋਣਾ।”
ਮੈਕਸ ਦੀ ਕਾਮ ਕਮਜ਼ੋਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੇ ਆਪਸੀ ਸੰਬੰਧਾਂ ਉੱਤੇ ਪਿਆ ਸੀ। ਸੰਭੋਗ ਵਿਆਹੁਤਾ ਜੀਵਨ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਜਦੋਂ ਇਹ ਮਹੱਤਵਪੂਰਨ ਹੱਡੀ ਟੁੱਟ ਜਾਵੇ ਤਾਂ ਬਾਕੀ ਦਾ ਗ੍ਰਹਿਸਥ ਰੂਪੀ ਸ਼ਰੀਰ ਵੀ ਨਕਾਰਾ ਹੋ ਜਾਂਦਾ ਹੈ ਤੇ ਮੌਤ ਦੀਆਂ ਘੜੀਆਂ ਗਿਣਨ ਲੱਗ ਜਾਂਦਾ ਹੈ। ਸ਼ਬ-ਓ-ਦਿਨ ਅਸੀਂ ਇੱਕ ਦੂਜੇ ਤੋਂ ਇਉਂ ਪਰ੍ਹੇ ਹੁੰਦੇ ਜਾ ਰਹੇ ਸੀ ਜਿਵੇਂ ਟੇਕਔਫ ਕਰ ਚੁੱਕਿਆ ਜਹਾਜ਼ ਏਅਰਪੋਰਟ ਤੋਂ ਦੂਰ ਹੁੰਦਾ ਜਾਂਦਾ ਹੈ। ਇਸ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ, ਜੇ ਮੈਂ ਕਹਾਂ ਕਿ ਮਰਦ ਦੀ ਸ਼ਰੀਰਕ ਤੰਦਰੁਸਤੀ ਜਦੋਂ ਕਾਇਮ ਨਾ ਰਹੇ ਜਾਂ ਉਸ ਵਿੱਚ ਕੋਈ ਖਾਮੀ (ਖਾਸ ਕਰ ਜਦੋਂ ਇਹ ਨੁਕਸ ਸੰਭੋਗ ਨਾਲ ਸੰਬੰਧਤ ਹੋਵੇ) ਹੋਵੇ ਤਾਂ ਉਹ ਹਮੇਸ਼ਾ ਔਰਤ ਦੇ ਚਰਿੱਤਰ ’ਤੇ ਸ਼ੱਕ ਕਰਨ ਲੱਗ ਜਾਂਦਾ ਹੈ। ਜਿਸ ਵਿਅਕਤੀ ਦੇ ਅਸੀਂ ਹਰਦਮ ਨਾਲ ਰਹਿੰਦੇ ਹੋਈਏ, ਉਸ ਵਿੱਚ ਆਉਣ ਵਾਲੀ ਮਾਮੂਲੀ ਤੋਂ ਮਾਮੂਲੀ ਤਬਦੀਲੀ ਨੂੰ ਵੀ ਅਸੀਂ ਫੌਰਨ ਤਾੜ ਜਾਂਦੇ ਹਾਂ। ਦਿਨੋਂ ਦਿਨ ਮੈਕਸ ਦਾ ਮੇਰੇ ਨਾਲ ਵਰਤ-ਵਰਤਾਰਾ ਬਦਲਦਾ ਜਾ ਰਿਹਾ ਸੀ। ਵਿਕਟਰ ਹਿਉਂਗੋ ਨੇ ਇੱਕ ਥਾਂ ਲਿਖਿਆ ਹੈ, “ਮਰਦਾਂ ਕੋਲ ਦ੍ਰਿਸ਼ਟੀ ਹੁੰਦੀ ਹੈ, ਪਰੰਤੂ ਔਰਤਾਂ ਕੋਲ ਅੰਤਰ-ਦ੍ਰਿਸ਼ਟੀ, ਇੱਕ ਛੇਵੀਂ ਗਿਆਨ ਇੰਦਰੀ ਹੁੰਦੀ ਹੈ।” ਸ਼ਾਇਦ ਇਸੇ ਗੁਣ ਕਰਕੇ ਮੈਂ ਵੀ ਮੈਕਸ ਦੇ ਢਿੱਡ ਵਿਚਲੀਆਂ ਗੱਲਾਂ ਨੂੰ ਬੁੱਝ ਲਿਆ ਕਰਦੀ ਹੁੰਦੀ ਸੀ। ਅਹਿਸਾਸ ਤਾਂ ਮੈਨੂੰ ਪਹਿਲਾਂ ਵੀ ਕਈ ਵਾਰੀ ਹੋਇਆ ਸੀ ਕਿ ਮੈਕਸ ਮੇਰੇ ’ਤੇ ਸ਼ੱਕ ਕਰਦਾ ਸੀ। ਪਰ ਮੈਂ ਇਸ ਨੂੰ ਗੰਭੀਰ ਮਸਲਾ ਨਾ ਸਮਝ ਕੇ ਕਦੇ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ। ਐਵੇਂ ਅਣਗੌਲਿਆ ਕਰ ਜਾਂਦੀ ਹੁੰਦੀ ਸੀ।
ਇੱਕ ਰੋਜ਼ ਤਾਂ ਹੱਦ ਹੀ ਹੋ ਗਈ ਜਦੋਂ ਮੈਂ ਖਰੀਦਾਰੀ ਕਰਕੇ ਬਜ਼ਾਰੋਂ ਥੱਕੀ ਟੁੱਟੀ ਘਰ ਆ ਕੇ ਡਿੱਗੀ ਸੀ ਤਾਂ ਜਨਾਬ ਮੇਜ਼ ’ਤੇ ਲੱਤਾਂ ਧਰੀ ਬੈਠੇ ਟੈਲੀਵਿਜ਼ਨ ਦੇਖ ਰਹੇ ਸਨ। ਮੈਨੂੰ ਦੇਖਦਿਆਂ ਹੀ ਮੂੰਹ ਅੱਡ ਲਿਆ, “ਕੁੜਤੀ ’ਚ ਵਲ ਪੈ ਗਿਆ। ਕਿਹੜੇ ਯਾਰ ਦੀ ਬੁੱਕਲ ਚੋਂ ਆਈ?”
ਮੈਂ ਭੋਲੀ ਨੇ ਇਸਨੂੰ ਮਜ਼ਾਕ ਜਾਤਾ ਸੀ, “ਇੱਕ ਹੋਵੇ ਤਾਂ ਦੱਸਾਂ। ਐਨੇ ਆੜੀਆਂ ਚੋਂ ਕੀਹਦਾ ਨਾਮ ਲਵਾਂ ਤੇ ਕੀਹਦਾ ਛੱਡਾਂ? ਅੱਜ ਤਾਂ ਸਾਰਿਆਂ ਨੂੰ ਖੁਸ਼ ਕਰ ਆਈ।”
ਆਪਣੀ ਥਾਂ ਤੋਂ ਉੱਠ ਕੇ ਮੈਕਸ ਮੇਰੇ ਕੋਲ ਆਇਆ ਤੇ ਮੇਰੇ ਮੂੰਹ ’ਤੇ ਵੱਟ ਕੇ ਚਪੇੜ ਮਾਰੀ, “ਜਾਹ, ਉਹਨਾਂ ਮਾਂ ਦਿਆਂ ਖਸਮਾਂ ਕੋਲ ਹੀ ਰਹਿ ਜਾ ਕੇ ਫੇਰ ਮੇਰੇ ਘਰ ਕੀ ਕਰਨ ਆਈ ਐਂ? ਚੱਲ ਦਫ਼ਾ ਹੋ?”
ਮੇਰੇ ਵਾਲਾਂ ਨੂੰ ਆਪਣੇ ਹੱਥ ਦੁਆਲੇ ਵਟਾ ਚਾੜ੍ਹ ਕੇ ਮੈਕਸ ਨੇ ਮੈਨੂੰ ਬਾਹਰ ਵੱਲ ਧੂਹਇਆ। ਇੰਝ ਹੀ ਇੱਕਵਾਰ ਪਹਿਲਾਂ ਵੀ ਹੋਇਆ ਸੀ। ਅੱਧੀ ਰਾਤ ਹੋਈ ਪਈ ਸੀ। ਮੈਂ ਤੇ ਮੈਕਸ ਪਿਆਰ ਕਰਦੇ-ਕਰਦੇ ਬਹਿਸ ਕਰਨ ਲੱਗ ਪਏ। ਮੈਕਸ ਮੈਨੂੰ ਜੋ ਕਸੂਤਾ ਕੰਮ ਅਤੇ ਉਹ ਵੀ ਜਿਸ ਢੰਗ ਨਾਲ ਕਰਨ ਨੂੰ ਕਹਿ ਰਿਹਾ ਸੀ। ਉਹ ਕਰਨ ਲਈ ਮੈਂ ਹਰਗਿਜ਼ ਤਿਆਰ ਨਹੀਂ ਸੀ। ਮੈਂ ਕੀ? ਕੋਈ ਵੀ ਔਰਤ ਉਵੇਂ ਨਾ ਕਰੇ। ਕਾਮੁਕ ਤ੍ਰਿਪਤੀ ਦੇ ਹੋਰ ਬਥੇਰੇ ਸਾਧਨ ਹਨ। ਸੰਭੋਗ ਦੇ ਸੌ ਤੋਂ ਵੱਧ ਆਸਣ ਹਨ। ਮੈਂ ਉਸਨੂੰ ਆਖ ਰਹੀ ਸੀ, “ਆ ਬੰਦਿਆਂ ਵਾਂਗੂੰ ਕਰਦੇ ਹਾਂ। ਮੈਂ ਤੇਰੀ ਸਾਰੀ ਰੜਕ ਕੱਢ ’ਦੂੰ। ਜਮਾਂ ਕਸਰ ਨਹੀਂ ਰਹਿਣ ਦਿੰਦੀ। ਪੂਰਾ ਖੁਸ਼ ਕਰ ਦੂੰ। ਪਰ ਪਰ ਆਹ ਘੜੱਮ ਨ੍ਹੀਂ ਮੈਥੋਂ ਹੋਣਾ। ਐਸ ਲੋਟ ਤਾਂ ਦੋ ਘੜੀਆਂ ਜਾਨਵਰ ਵੀ ਨਹੀਂ ਕਰਦੇ। ਮਰਨੈ ਮੈਂ?”
ਮੈਕਸ ਹਠ ਛੱਡਣ ਲਈ ਤਿਆਰ ਹੀ ਨਹੀਂ ਸੀ। ਮੈਂ ਅੱਕ ਕੇ ਆਖ ਦਿੱਤਾ, “ਚੰਗਾ ਜੇ ਨਹੀਂ ਤਾਂ ਨਾ ਸਹੀ।”
ਇਸ ਤੋਂ ਹਿਰਖ ਕੇ ਮੈਕਸ ਨੇ ਮੈਨੂੰ ਧੌਣ ਤੋਂ ਫੜ ਕੇ ਧੂਹ ਲਿਆ ਸੀ। ਮੈਂ ਆਪਣਾ ਸ਼ਰੀਰ ਢਿੱਲਾ ਛੱਡ ਦਿੱਤਾ ਤੇ ਸਥਿੱਲ ਹੋ ਕੇ ਡਿੱਗ ਪਈ ਸੀ। ਉਹ ਮੈਨੂੰ ਘੜੀਸਦਾ ਹੋਇਆ ਬਾਹਰ ਤੱਕ ਲੈ ਗਿਆ ਸੀ। ਮੈਨੂੰ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਲਿਆ ਸੀ। ਮੈਂ ਬਥੇਰੀਆਂ ਘੰਟੀਆਂ ਮਾਰੀਆਂ। ਦਰਵਾਜ਼ਾ ਕੁੱਟਿਆ ਤੇ ਕਿਹਾ, “ਜੇ ਅੰਦਰ ਨਹੀਂ ਵਾੜਨਾ ਤਾਂ ਘੱਟੋ ਘੱਟ ਮੇਰੇ ਕੱਪੜੇ ਹੀ ਦੇਹ ਦੇ। ਮੈਂ ਕੁੱਝ ਨਹੀਂ ਪਹਿਨਿਆ। ਕੋਈ ਦੇਖੂ ਤਾਂ ਕੀ ਕਹੂ। ਮੇਰੇ ’ਤੇ ਤਰਸ ਖਾਹ।”
“ਜਦੋਂ ਮੇਰੇ ਆਖੇ ਲੱਗੇਂਗੀ। ਉਦੋਂ ਮੈਂ ਕੱਪੜੇ ਵੀ ਦੇ ਦੇਊਂ ਤੇ ਅੰਦਰ ਵੀ ਵਾੜ ਲਊਂ।” ਮੈਕਸ ਦੀ ਇਹੋ ਹੀ ਹਿੰਡ ਸੀ।
ਸਾਰੀ ਰਾਤ ਮੈਂ ਅਲਫ ਨੰਗੀ ਨੇ ਬਾਹਰ ਪੋਰਚ ਵਿੱਚ ਰਹਿ ਕੇ ਪਾਲੇ ਨਾਲ ਠੁਰ-ਠੁਰ ਕਰਦੀ ਨੇ ਕੱਟੀ। ਐਨਾ ਸ਼ੁਕਰ ਹੈ ਇਹਨੇ ਮੈਨੂੰ ਪੋਰਚ ਦੇ ਵਿੱਚੋਂ ਬਾਹਰ ਨਹੀਂ ਸੀ ਕੱਢਿਆ। ਸਾਡੀ ਪੋਰਚ ਦੇ ਸ਼ੀਸ਼ੇ ਅਪਾਰਦਰਸ਼ੀ ਹਨ। ਬਾਹਰ ਕੁੱਝ ਦਿਸਦਾ ਨਹੀਂ। ਜੇ ਪੋਰਚ ਤੋਂ ਵੀ ਬਾਹਰ ਹੁੰਦੀ ਤਾਂ ਸਾਰੀ ਦੁਨੀਆ ਮੈਨੂੰ ਦੇਖਦੀ। ਹਾਰ ਕੇ ਤੜਕਿਉਂ ਮੈਂ ਮੈਕਸ ਦੀ ਸ਼ਰਤ ਮੰਨ ਲਈ ਤੇ ਆਖਿਆ, “ਅੱਜ ਕਰ ਦਿੰਦੀ ਹਾਂ ਅੱਗੇ ਤੋਂ ਨਾ ਕਹੀਂ ਤੇ ਨਾ ਹੀ ਮੈਂ ਇਉਂ ਕਰਨਾ ਹੈ।”
ਦੰਦਾਂ ਹੇਠ ਜੀਭ ਲੈ ਕੇ ਦੁੱਖ-ਝੱਲਦੀ ਹੋਈ ਨੇ ਮੈਂ ਜਿਵੇਂ ਮੈਕਸ ਨੂੰ ਹੁਕਮ ਕੀਤਾ, ਉਵੇਂ ਕਰਕੇ ਇਹਨੂੰ ਮਗਰੋਂ ਲਾਇਆ ਸੀ। ਪਤਾ ਨਹੀਂ ਮੈਨੂੰ ਕਾਰਵਾਈ ਕਰਦੀ ਨੂੰ ਦੇਖ-ਦੇਖ ਕੇ ਕੀ ਸੁਆਦ ਆਇਆ ਸੀ ਉਹਨੂੰ। ਦਿਵਾਨਗੀ ਭਰੀ ਉਸ ਹਰਕਤ ਤੋਂ ਮੇਰਾ ਤਾਂ ਬੁਰਾ ਹਾਲ ਹੋ ਗਿਆ ਸੀ।
ਪਹਿਲੀ ਵਾਰ ਮੈਂ ਠੰਡੇ ਦਿਮਾਗ ਨਾਲ ਸੋਚਿਆ ਸੀ ਕਿ ਘਰ ਮੇਰਾ ਹੈ ਤੇ ਮਾਲਕ ਇਹ ਬਣਿਆ ਬੈਠਾ ਹੈ। ਕਿਉਂ? ਤੇ ਫਿਰ ਮੈਂ ਇਸ ਕਿਉਂ ਦੇ ਉੱਤਰ ਦੀ ਤਲਾਸ਼ ਕਰਨ ਬਾਅਦ ਮੈਕਸ ਨੂੰ ਬਹਾਨੇ ਨਾਲ ਕਾਨੂੰਨ ਕੇਂਦਰ ਲੈ ਗਈ ਸੀ। ਉਨ੍ਹਾਂ ਨੇ ਇਹਦੇ ਕੰਨ ਖੋਲ੍ਹੇ ਸਨ, ਜਦੋਂ ਦੱਸਿਆ ਸੀ ਬਈ ਭਾਈ ਘਰ ਦੀ ਮਾਲਕ ਇਹ ਹੈ। ਤੈਨੂੰ ਜਦੋਂ ਚਾਹੇ ਕੱਢ ਸਕਦੀ ਹੈ। ਇਹ ਕੰਮ ਨ੍ਹੀਂ ਚੱਲਣਾ ਬਈ ਚੂਹਾ ਖੁੱਡ ਪੱਟਦਾ ਰਹੇ ਤੇ ਸੱਪ ਉਹਦੇ ਵਿੱਚ ਮੌਜ ਨਾਲ ਰਹਿਣ ਲੱਗ ਜਾਵੇ। ਫਿਰ ਮੈਕਸ ਕੁੱਝ ਲੋਟ ਹੋਇਆ ਸੀ। ਨਹੀਂ ਤਾਂ ਬੜੀ ਅੱਤ ਚੁੱਕੀ ਹੋਈ ਸੀ ਇਹਨੇ।
ਲੱਗਦਾ ਸੀ ਮੈਕਸ ਫਿਰ ਭੁੱਲ ਗਿਆ ਸੀ ਕਿ ਘਰ ਮੇਰਾ ਸੀ, ਉਹਦਾ ਨਹੀਂ! ਜਿਹੜਾ ਮੈਨੂੰ ਮੁੜ ਕੱਢਣ ਦੀ ਜੁਰਅੱਤ ਕਰ ਰਿਹਾ ਸੀ। ਮੈਕਸ ਮੈਨੂੰ ਖਿੱਚ ਕੇ ਦਰਵਾਜ਼ੇ ਤੱਕ ਲੈ ਗਿਆ ਸੀ। ਮੈਂ ਨਹੁੰ ਖਭੋ ਕੇ ਆਪਣੇ ਕੇਸ ਉਹਦੇ ਕੋਲੋਂ ਛਡਾਏ ਸਨ, ਘਰ ਤੇਰੇ ਪਿਉ ਦਾ ਨਹੀਂ। ਮੇਰਾ ਵੀ ਅੱਧ ਆ ਮੌਰਗੇਜ਼ (ਕਰਜ਼ੇ) ਵਿੱਚ, “ਡੀਡ ਦੇ ਕਾਗਜ਼ਾਂ ’ਚ ਮੇਰਾ ਨਾਂ ਵੀ ਬੋਲਦੈ, ਤੇਰੇ ਕੱਲੇ ਦਾ ਨ੍ਹੀਂ। ਮੈਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਹੈ। ਤੈਂ ਤਾਂ ਆਨਾ ਨਹੀਂ ਖਰਚਿਆ ਏਸ ’ਤੇ। ਬੋਲ ਜੇ ਅੱਜ ਤੱਕ ਇੱਕ ਵੀ ਕਿਸ਼ਤ ਤੂੰ ਦਿੱਤੀ ਐ ਤਾਂ? -ਜੇ ਮੈਂ ਪੁਲੀਸ ਸਟੇਸ਼ਨ ਜਾ ਕੇ ਰਿਪੋਰਟ ਲਿਖਵਾ ਦੇਵਾਂ ਕਿ ਤੂੰ ਮੈਨੂੰ ਕੁੱਟਦੈਂ-ਮਾਰਦੈਂ, ਤਾਂ ਤੈਨੂੰ ਘਰੋਂ ਕੱਢ ਕੇ ਸਾਰੇ ਘਰ ਦੀ ਮੈਂ ਆਸਾਨੀ ਨਾਲ ਮਾਲਕ ਬਣ ਸਕਦੀ ਆਂ। ਸੋਚ ਲੈ? ਕਾਨੂੰਨ ਮੇਰੇ ਵੱਲ ਹੈ। ਬੰਦਾ ਬਣ ਕੇ ਰਹਿਣੈ ਜਾਂ ਕੱਢਾਂ ਬਾਹਰ?”
ਮੇਰਾ ਡਰਾਵਾ ਸੁਣ ਕੇ ਫਿਰ ਢੈਲਾ ਜਿਹਾ ਹੋ ਗਿਆ ਸੀ। ਮੇਰੇ ਵਾਲ ਛੱਡ ਦਿੱਤੇ ਤੇ ਚੁੱਪ ਕਰਕੇ ਅੰਦਰ ਆ ਕੇ ਬੈਠ ਗਿਆ ਸੀ। ਮੈਂ ਕੋਟ ਦੀ ਜੇਬ ਵਿੱਚੋਂ ਰਸੀਦਾਂ ਕੱਢ ਕੇ ਉਹਦੇ ਮੂੰਹ ਉੱਤੇ ਮਾਰਦਿਆਂ ਬਤਲਾਇਆ ਸੀ, “ਰੋਜ਼ ਕਰੀਆਂ-ਚਪਾਤੀਆਂ ਮੰਗਦਾ ਹੁੰਨੈ, ਸ਼ਾਪਿੰਗ ਕਰਦੀ, ਮਰਦੀ, ਤੇਰੀ ਜਾਨ ਨੂੰ ਰੋਂਦੀ ਆਈ ਆਂ। ਤੂੰ ਤਾਂ ਸੂਰਾ ਖਾਹ ਕੇ ਭਾਂਡੇ ਰੋੜ੍ਹ ਦਿੰਨੈ। ਨਿਖੱਟੂਆ ਕੰਮ ਦਾ ਨਾ ਕਾਜ ਦੈਂ, ਦੁਸ਼ਮਣ ਅਨਾਜ ਦੈਂ। ਰਾਸ਼ਨ-ਪਾਣੀ ਕਦੇ ਲਿਆਂਦੈ?”
“ਮੈਨੂੰ ਕਿਹੜਾ ਕੋਈ ਆਮਦਨ ਆ? ਮੈਂ ਖਰਚ ਕਿੱਥੋਂ ਕਰਾਂ?”
“ਤੇ ਮੇਰਾ ਛਾਪਾਖਾਨਾ ਲਾਇਆ ਨੋਟ ਛਾਪਣ ਲਈ?”
ਮੈਕਸ ਉੱਖੜੀ ਕੁਹਾੜੀ ਵਾਂਗੂੰ ਬੁੜ੍ਹਕਿਆ ਸੀ, “ਤੂੰ ਤਾਂ ਕੰਮ ਕਰਦੀ ਐਂ।”
“ਤੂੰ ਵੀ ਕਰ ਫੇਰ? ਕਮਾਅ? ਤੇਰੇ ਹੱਥ ਟੁੱਟੇ ਨੇ? ਸਾਰੇ ਅੰਗ ਪੈਰ ਸਹੀ ਸਲਾਮਤ ਹਨ। ਸਾਰਾ ਦਿਨ ਪਿਆ ਘਰੇ ਮੰਜੇ ਹੀ ਤੋੜਦੈਂ। ਟੈਲੀਵਿਜ਼ਨ ਦੇਖਦਾ ਬੀਅਰ ਡੱਫੀ ਜਾਂਦਾ ਰਹਿੰਨੈ। ਕੌਅਚ ਪਟੈਟੋ! ਬਾਈਬਲ ਦੇ ਨਵੇਂ ਟੈਸਟਾਮੈਂਟ ਪੜ੍ਹ ਕੇ ਦੇਖ, ਉਨ੍ਹਾਂ ਵਿੱਚ ਸਾਫ਼ ਲਿਖਿਆ ਹੋਇਆ ਹੈ, ਜੋ ਵਿਅਕਤੀ ਕੰਮ ਨਹੀਂ ਕਰਦਾ ਉਸਨੂੰ ਖਾਣਾ ਵੀ ਨਹੀਂ ਚਾਹੀਦਾ। ਕੁਸ਼ ਉਸਦਾ ਹੀ ਅਸਰ ਕਰ।”
“ਖਾਣ ਨੂੰ ਕੀ ਮਾਲ੍ਹਪੂੜੇ ਪਕਾਉਂਦੀ ਹੈ? ਕੌਰਨ ਫਲੈਕਸ, ਚੌਲ, ਰੋਟੀ ਜਾਂ ਡਬਲ ਰੋਟੀ ਹੀ ਖਾਂਦਾ ਹਾਂ।”
ਮੈਂ ਰੋਹ ਵਿੱਚ ਆ ਗਈ ਸੀ, “ਜਿਹੜੇ ਪੈਸਟੇ, ਪੀਜ਼ੇ, ਚਾਉ ਮੀਆਉਂ, ਪੂਰੀਆਂ, ਭਟੂਰੇ ਖਵਾਉਂਦੀ ਹੁੰਦੀ ਹਾਂ, ਉਹ ਭੁੱਲ ਗਿਐਂ? ਸ਼ਰਮ ਕਰ, ਮੈਂ ਤੈਨੂੰ ਸਾਰੀ ਉਮਰ ਖਵਾਇਐ। ਤੇਰੇ ਜਿਹੇ ਨਿਕੰਮੇ ਦੀ ਪਤਨੀ ਬਣੇ ਰਹਿਣ ਨਾਲੋਂ ਤਾਂ ਮੈਂ ਕਿਸੇ ਚੰਗੇ ਦੀ ਰਖੇਲ ਬਣ ਜਾਂਦੀ ਤਾਂ ਚੰਗੀ ਰਹਿੰਦੀ। -ਸਾਰੀ ਉਮਰ ਹੁਣ ਤੱਕ ਤੈਂ ਮੇਰੇ ਸਿਰ ’ਤੇ ਐਸ਼ ਕੀਤੀ ਐ। ਮੈਂ ਔਰਤ ਹੋ ਕੇ ਨੌਕਰੀ ਕਰਦੀ ਹਾਂ। ਤੂੰ ਨਹੀਂ ਕਮਾਅ ਸਕਦਾ?”
“ਤੂੰ ਔਰਤ ਹੋਣ ਕਰਕੇ ਹੀ ਕਮਾਅ ਲੈਂਦੀ ਐਂ। ਮੇਰੇ ਵਾਂਗੂੰ ਮਰਦ ਹੁੰਦੀ ਤਾਂ ਤੈਨੂੰ ਕੋਈ ਕੌਡੀ ਨਾ ਦਿੰਦਾ।”
“ਕੀ ਮਤਲਬ ਹੈ ਤੇਰਾ?”
“ਉਹੀ ਜੋ ਤੂੰ ਸਮਝ ਰਹੀ ਐਂ।”
“ਅਹੇ ਜਿਹੇ ਕੰਮ ਕਰਦੀ ਹੁੰਦੀ ਤਾਂ ਤੇਰੇ ’ਤੇ ਹੀ ਨਹੀਂ ਸੀ ਖੜ੍ਹੀ ਰਹਿੰਦੀ। ਹੁਣ ਨੂੰ ਪੰਜਾਹ ਬੰਦੇ ਬਦਲ ਲੈਂਦੀ। ਹਸਪਤਾਲ ਵਿੱਚ ਮਰੀਜ਼ਾਂ ਦੀਆਂ ਉਲਟੀਆਂ-ਟੱਟੀਆਂ ਨਾਲ ਲਿਬੜੇ ਕੱਪੜੇ ਨਾ ਧੋਂਹਦੀਆਂ। ਫਰਸ਼ਾਂ ’ਤੇ ਪੋਚੇ ਮਾਰਦੀ ਆਂ। ਸਵੇਰ ਤੋਂ ਸ਼ਾਮ ਤੱਕ ਦੇਹ ਭੰਨ੍ਹ ਕੇ ਇਹਨਾਂ ਦਸਾਂ ਨਹੁੰਆਂ ਦੀ ਕਿਰਤ ਕਰਦੀ ਹਾਂ। ਜਿਸਮ ਤਾਂ ਮੈਂ ਉਦੋਂ ਨਾ ਵੇਚਿਆ ਜਦੋਂ ਇਹਦੀ ਮੂੰਹ ਮੰਗਵੀਂ ਕੀਮਤ ਮਿਲਦੀ ਸੀ। ਹੁਣ ਤਾਂ ਭਲਾਂ ਉਹ ਗੱਲਾਂ ਹੀ ਨਹੀਂ ਰਹੀਆਂ ਮੇਰੀ ਨੁਹਾਰ ਹੀ ਬਦਲ ਗਈ ਆ।” ਮੇਰਾ ਮਨ ਭਰ ਗਿਆ ਤੇ ਮੈਂ ਹੋਰ ਕੁੱਝ ਬੋਲ ਨਾ ਸਕੀ। ਰੋਂਦੀ ਹੋਈ ਬਾਥਰੂਮ ਵਿੱਚ ਚਲੀ ਗਈ ਤੇ ਵਾਸ਼ਵੇਸਨ ’ਤੇ ਖੜ੍ਹੀ ਸ਼ੀਸ਼ੇ ਵਿੱਚ ਆਪਣੇ ਆਪਨੂੰ ਦੇਖ-ਦੇਖ ਰੋਂਦੀ ਰਹੀ। ਮੈਕਸ ਮੇਰੇ ਹਟਕੋਰੇ ਸੁਣਦਾ ਰਿਹਾ ਸੀ। ਨਾ ਹੀ ਉਹਨੇ ਮੈਨੂੰ ਵਰਾਇਆ ਸੀ, ਨਾ ਚੁੱਪ ਕਰਵਾਇਆ ਸੀ ਤੇ ਨਾ ਹੀ ਮੇਰੇ ਕੋਲ ਆਇਆ ਸੀ। ਬਸ ਉਦਣ ਤੋਂ ਇਹਦੀ ਸਨਕੀ ਬੰਦੇ ਦੀ ਝਿਜਕ ਚੁੱਕੀ ਗਈ ਸੀ। ਪਹਿਲਾਂ ਅੰਦਰਖਾਤੇ ਸ਼ੱਕ ਕਰਦਾ ਸੀ, ਫਿਰ ਖੁੱਲ੍ਹ ਕੇ ਸ਼ਰੇਆਮ ਕਰਨ ਲੱਗ ਪਿਆ ਸੀ। ਮੈਕਸ ਨੇ ਚੌਵੀ ਘੰਟੇ ਮੇਰੇ ਉੱਤੇ ਆਪਣੀ ਨਿਗਰਾਨੀ ਦੀ ਤੋਪ ਬੀੜ ਲਈ ਸੀ। ਘਰ ਹੁੰਦੀ ਤਾਂ ਨੱਕ ਵਿੱਚ ਦਮ ਕਰੀ ਰੱਖਦਾ। ਬਾਹਰ ਜਾਂਦੀ ਤਾਂ ਚੋਰੀ-ਛੁੱਪੇ ਮੇਰਾ ਪਿੱਛਾ ਕਰਦਾ। ਕਿੱਥੇ ਗਈ? ਕਿੱਥੋਂ ਆਈ? ਪੁਲੀਸ ਵਾਲਿਆਂ ਵਾਂਗ ਪੁੱਛ-ਪੜਤਾਲ ਕਰਦਾ। ਮਿੰਟ-ਮਿੰਟ ਦਾ ਹਿਸਾਬ ਮੈਥੋਂ ਮੰਗਦਾ। ਜੇ ਜ਼ਰਾ ਵੀ ਬਾਹਰ ਗਈ ਨੂੰ ਦੇਰ ਹੋ ਜਾਂਦੀ ਤਾਂ ਮੈਨੂੰ ਖਾਣ ਨੂੰ ਪੈਂਦਾ। ਕਦੇ-ਕਦੇ ਤਾਂ ਗੁੱਸੇ ਵਿੱਚ ਆ ਕੇ ਚਮੜੇ ਦੀਆਂ ਬੈੱਲਟਾਂ ਨਾਲ ਵੀ ਕੁੱਟਣ ਲੱਗ ਜਾਂਦਾ। ਮੇਰੇ ਪਾਸੇ ਭੰਨ ਦਿੰਦਾ। ਕੁੱਟ-ਕੁੱਟ ਹੱਡ ਪੋਲੇ ਕਰ ਦਿੰਦਾ।
ਮੇਰੇ ਨਾਲ ਕੰਮ ਕਰਨ ਵਾਲਿਆਂ ਤੋਂ ਤਫਤੀਸ਼ ਕਰਦਾ ਰਹਿੰਦਾ ਕਿ ਮੈਂ ਕਿਸ-ਕਿਸ ਨੂੰ ਕੰਮ ਉੱਤੇ ਬੁਲਾਉਂਦੀ-ਚਲਾਉਂਦੀ ਹੁੰਦੀ ਸੀ? ਕਿਸਨੂੰ ਮਿਲਦੀ-ਗਿਲਦੀ ਸੀ? ਕਿਸੇ ਨਾਲ ਫਸੀ ਤਾਂ ਨਹੀਂ ਹੋਈ? ਜਦੋਂ ਮੈਂ ਘਰੇ ਹੁੰਦੀ ਤਾਂ ਬਾਹਰੋਂ ਆਉਂਦਾ ਹੀ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰਦਿਆ ਕਰਦਾ। ਕਦੇ ਤਖਤਿਆਂ ਉਹਲੇ ਤੱਕਦਾ, ਸਾਰੇ ਕਮਰਿਆਂ ਵਿੱਚ ਕਰੋਲੇ ਦਿੰਦਾ ਰਹਿੰਦਾ, ਕਦੇ ਸੇਲਿਆਂ (ਸਟੋਰ ਰੂਮ) ’ਚ ਵੜਦਾ, ਕਦੇ ਅਲਮਾਰੀਆਂ ਖੋਲ੍ਹ ਕੇ ਦੇਖਦਾ। ਕਈ ਦਿਨ ਇਸ ਤਰ੍ਹਾਂ ਕਰਦਾ ਰਿਹਾ। ਮੈਨੂੰ ਕੁੱਝ ਨਹੀਂ ਪਤਾ ਸੀ ਇਹ ਅਜਿਹਾ ਵਿਵਹਾਰ ਕਿਉਂ ਕਰਦਾ ਸੀ। ਇੱਕ ਦਿਨ ਮੈਥੋਂ ਰਹਿ ਨਾ ਹੋਇਆ ਤੇ ਮੈਂ ਪੁੱਛ ਹੀ ਲਿਆ, “ਕੀ ਗੁਆਚ ਗਿਐ? ਲਿਆ ਮੈਂ ਲੱਭਾ ਦੇਵਾਂ?”
ਮੇਰੇ ਵੱਲ ਕੌੜ ਮੱਝ ਵਾਂਗੂੰ ਕਹਿਰਾ ਜਿਹਾ ਝਾਕ ਕੇ ਬੋਲਿਆ ਸੀ, “ਬੰਦਾ ਟੋਲਦਾਂ। ਮੈਂ ਜਾਣਦਾਂ, ਮੇਰੇ ਪਿੱਛੋਂ ਤੇਰੇ ਕੋਲ ਆਦਮੀ ਆਉਂਦੇ ਨੇ। ਬੋਲ ਕਿੱਥੇ ਲਕੋਂਦੀ ਐਂ ਆਸ਼ਕਾਂ ਨੂੰ?”
“ਲੱਭ ਲੈ ਜਦੋਂ ਕੋਈ ਥਿਆਹ ਗਿਆ, ਮੇਰੇ ਨਾਲ ਵੀ ਮਿਲਾ ਦੇਈਂ ਤਾਂ ਕਿ ਤੇਰੇ ਤੋਂ ਤਾਂ ਖਹਿੜਾ ਛੁੱਟੈ, ਜਮਦੂਤ ਤੋਂ।” ਮੈਂ ਵੀ ਹਰਖੀ ਹੋਈ ਨੇ ਉਹਨੂੰ ਸੌ ਦੀ ਇੱਕ ਸੁਣਾ ਮਾਰੀ ਸੀ। ਬਿਲਕੁਲ ਪਰਵਾਹ ਨਹੀਂ ਸੀ ਕੀਤੀ। ਚਾਹੇ ਉਹਦੇ ਗੋਡੇ ’ਤੇ ਵੱਜੀ, ਚਾਹੇ ਵੱਜੀ ਗਿੱਟੇ। ਉਹਦੀ ਮੂਰਖਤਾ ’ਤੇ ਮੈਨੂੰ ਹਾਸਾ ਵੀ ਆ ਗਿਆ ਸੀ। ਮੈਨੂੰ ਮਜ਼ਾਕ ਉਡਾਉਂਦੀ ਦੇਖ ਕੇ ਮੈਕਸ ਨੂੰ ਹੋਰ ਕੋਈ ਗੱਲ ਨਾ ਆਹੁੜੀ ਤਾਂ ਜਹਿਰੀਲੇ ਸੱਪ ਵਾਂਗੂੰ ਲੱਗ ਪਿਆ ਸੀ ਫਰਾਟੇ ਮਾਰਨ, “ਕੰਨ ਖੋਲ੍ਹ ਕੇ ਸੁਣ ਲੈ। ਜੇ ਮੈਂ ਤੇਰੇ ਨਾਲ ਕੋਈ ਮੁਸਲਾ ਰੰਗ-ਰਲ੍ਹੀਆਂ ਮਨਾਉਂਦਾ ਫੜ ਲਿਆ ਨਾ, ਦੋਹਾਂ ਨੂੰ ਜੀਉਂਦੇ ਧਰਤੀ ’ਚ ਗੱਡ ’ਦੂੰ।”
ਮੈਂ ਕੁੱਝ ਨਹੀਂ ਸੀ ਬੋਲੀ। ਮੈਂ ਸਮਝ ਗਈ ਸੀ ਕਿ ਉਸਨੂੰ ਮਾਨਸਿਕ ਰੋਗ ਨੇ ਜਕੜਿਆ ਹੋਇਆ ਸੀ ਅਤੇ ਸ਼ੱਕ ਦੇ ਅਧਰੰਗ ਨੇ ਉਸਦੇ ਦਿਮਾਗ ਥੋੜ੍ਹਾ ਬਹੁਤਾ ਨੁਕਸ ਹੀ ਨਹੀਂ ਸੀ ਪਾਇਆ। ਸਗੋਂ ਸਾਰੇ ਦਾ ਸਾਰਾ ਜ਼ਿਹਨ ਮੁਕੰਮਲ ਤੌਰ ’ਤੇ ਨਕਾਰਾ, ਬਿਲਕੁਲ ਪੈਰਾਲਾਈਜ਼ਡ ਕਰ ਕੇ ਰੱਖ ਦਿੱਤਾ ਸੀ। ਮੈਂ ਇਹ ਤਰਕ ਵੀ ਜਾਣਦੀ ਸੀ ਕਿ ਸਾਰੇ ਮਾਨਸਿਕ ਰੋਗ ਗੁੰਝਲਦਾਰ ਹੁੰਦੇ ਹਨ ਅਤੇ ਛੋਟੇ ਤੋਂ ਛੋਟੇ ਰੋਗ ਨੂੰ ਦੂਰ ਹੁੰਦਿਆਂ ਵੀ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਪੰਜ-ਪੰਜ ਛੇ ਛੇ ਸਾਲ ਤੱਕ ਦਵਾਈਆਂ ਖਾਣੀਆਂ ਪੈਂਦੀਆਂ ਹਨ। ਪਾਗਲਪਨ ਦੇ ਦੌਰੇ ਪੈਣ ਲੱਗ ਜਾਣ ਤਾਂ ਬਿਜਲੀ ਦੇ ਝਟਕੇ ਵੀ ਦੇਣੇ ਪੈ ਸਕਦੇ ਹਨ। ਹਿਪਨੋਸਿਸ (ਦਵਾਈਆਂ ਦੁਆਰਾ), ਸਾਈਕੋਥੈਰਪੀ ਤੇ ਹੋਰ ਬੜਾ ਕੁੱਝ ਕਰਨਾ ਪੈਂਦਾ ਹੈ ਰੋਗੀ ਨੂੰ ਅਰੋਗ ਕਰਨ ਵਾਸਤੇ। ਇਸ ਲਈ ਮੈਕਸ ਨਾਲ ਬਹਿਸ ਅਤੇ ਤਕਰਾਰ ਦੇ ਪਲਾਂ ਵਾਲਾ ਜਦੋਂ ਕਿਤੇ ਕੋਈ ਨਾਜ਼ਕ ਦੌਰ ਆਉਂਦਾ ਤਾਂ ਸਿਆਣਪ ਨਾਲ ਮੈਂ ਆਪ ਹੀ ਚੁੱਪ ਵੱਟ ਕੇ ਪੱਲਾ ਬਚਾਅ ਜਾਂਦੀ। ਮੈਕਸ ਬਾਹਰੋਂ ਆਉਂਦਾ ਤਲਾਸ਼ੀ ਲੈਂਦਾ ਤੇ ਜਦ ਕੁੱਝ ਨਾ ਮਿਲਦਾ ਤਾਂ ਮੂੰਹ ਲਟਕਾ ਕੇ ਬੈਠ ਜਾਂਦਾ। ਮੈਨੂੰ ਖਿੱਝ ਤਾਂ ਆਉਂਦੀ ਹੁੰਦੀ ਸੀ। ਪਰ ਮੈਂ ਆਪਣੇ ਅੰਦਰ ਹੀ ਗੁੱਸੇ ਨੂੰ ਮਾਰ ਲੈਂਦੀ। ਮੈਂ ਸੱਚੀ, ਸੁੱਚੀ ਅਤੇ ਨੇਕ ਇਰਾਦੇ ਵਾਲੀ ਸੀ। ਮੇਰੇ ਕੋਲ ਕਿਹੜਾ ਕੋਈ ਆਉਂਦਾ ਸੀ ਜਾਂ ਮੇਰੇ ਕਿਸੇ ਹੋਰ ਮਰਦ ਨਾਲ ਬਾਹਰ ਸੰਬੰਧ ਸਨ, ਜਿਹੜਾ ਮੈਂ ਡਰਦੀ ਜਾਂ ਹੰਗਾਮਾ ਖੜ੍ਹਾ ਕਰਦੀ। ਮੈਂ ਇੰਝ ਮੈਕਸ ਦੀਆਂ ਨਿੱਕੀਆਂ-ਮੋਟੀਆਂ ਗੁਸਤਾਖੀਆਂ ਉਹਨੂੰ ਮਾਫ਼ ਕਰ ਦਿੰਦੀ ਹੁੰਦੀ ਸੀ। ਕੁੱਝ ਮਹੀਨੇ ਸੁਖਾਵੇਂ ਬੀਤ ਗਏ ਸਨ। ਅਸੀਂ ਆਪਣੇ ਵਿਚਕਾਰ ਧੱਕੇ ਨਾਲ ਅਮਨ ਚੈਨ ਬਣਾਇਆ ਹੋਇਆ ਸੀ।
***
ਇੱਕ ਦਿਨ ਮੈਕਸ ਬਾਹਰੋਂ ਆਇਆ ਤੇ ਤਲਾਸ਼ੀ ਲੈਣੀ ਭੁੱਲ ਗਿਆ ਸੀ। ਆਉਂਦਿਆਂ ਹੀ ਰਸੋਈ ਵਿੱਚ ਗਿਆ ਤੇ ਭਾਂਡਿਆਂ ਚੋਂ ਕੱਪ ਚੁੱਕ ਕੇ ਗਹੁ ਨਾਲ ਉਹਦੇ ਵਿੱਚ ਕੁੱਝ ਦੇਖੀ ਜਾਵੇ। ਮੈਂ ਮਜ਼ਾਕ ਵਿੱਚ ਕਿਤੇ ਚੋਭ ਮਾਰ ਦਿੱਤੀ ਸੀ, “ਹੁਣ ਮੈਂ ਯਾਰਾਂ ਨੂੰ ਚਾਹਾਂ ਆਲੇ ਕੱਪਾਂ ’ਚ ਲਕੋਣ ਲੱਗ ’ਗੀ?”
ਮੇਰੀ ਗੱਲ ਦਾ ਜੁਆਬ ਤਾਂ ਕੀ ਦੇਣਾ ਸੀ, ਸਗੋਂ ਘਸੁੰਨਾਂ ਨਾਲ ਮੈਨੂੰ ਧੈਂਬੜਣ ਲੱਗ ਗਿਆ ਸੀ। ਅਖੇ, “ਭਾਂਡੇ ਚੱਜ ਨਾਲ ਸਾਫ਼ ਕਰਕੇ ਨਹੀਂ ਰੱਖਦੀ, ਵਿੱਚ ਫੇਅਰੀ (ਬਰਤਨ ਸਾਫ਼ ਕਰਨ ਵਾਲੀ ਦੁਆਈ) ਲੱਗੀ ਹੁੰਦੀ ਹੈ।”
ਬਦਲੇ ਵਿੱਚ ਮੈਂ ਜੋ ਸਫ਼ਾਈ ਦਿੱਤੀ, ਉਹ ਇਹ ਸੀ, “ਆਪਣੇ ਚਿੱਤੋਂ ਤਾਂ ਮੈਂ ਚੰਗੀ ਤਰ੍ਹਾਂ ਧੋਂਹਦੀ ਆਂ। ਥੋੜ੍ਹੀ-ਬਹੁਤੀ ਲੱਗੀ ਰਹਿ ਗਈ ਹੋਊ।”
“ਰਹਿ ਗਈ ਨ੍ਹੀਂ ਹੋਊ। ਆਏਂ ਕਹਿ, ਜਾਣ ਕੇ ਛੱਡੀ ਆ? ਮੈਨੂੰ ਮਾਰਨਾ ਚਾਹੁੰਦੀ ਏਂ। ਯਾਰਾਂ ਨੂੰ ਮਿਲਣ ਦਾ ਰਸਤਾ ਪੱਧਰਾ ਕਰਨ ਨੂੰ ਫਿਰਦੀ ਐਂ?”
“ਲਾ-ਹੌਲ-ਬਿਲਾ-ਕੁਵਤ!” ਮੈਕਸ ਮੈਨੂੰ ਉਹ ਗੰਦ ਬੱਕਿਆ, ਜਿਸਨੂੰ ਮੈਂ ਬਿਆਨ ਨਹੀਂ ਕਰ ਸਕਦੀ। ਉਹ ਸਭ ਸੁਣਨ ਤੋਂ ਪਹਿਲਾਂ ਮੇਰੇ ਕੰਨ ਕਿਉਂ ਨਾ ਪਾਟ ਗਏ? ਜਾਂ ਮੈਂ ਮਰ ਕਿਉਂ ਨਾ ਗਈ? ਪਤੀ ਦੀ ਉਮਰਦਰਾਜ਼ੀ ਲਈ ਸੁੱਖਾਂ ਸੁਖਣ ਵਾਲੀ ਔਰਤ ਵੀ ਕਦੇ ਰੰਡੀ ਹੋਣਾ ਚਾਹੇਗੀ?
ਹੋਰ ਤਾਂ ਹੋਰ, ਰਾਤ ਨੂੰ ਸੁਪਨੇ ਵਿੱਚ ਵੀ ਮੈਕਸ ਮੇਰੇ ਸਿਰ ਤੋਂ ਆਪਣੀ ਸ਼ੱਕ ਦੀ ਤਲਵਾਰ ਨਹੀਂ ਸੀ ਚੁੱਕਦਾ। ਸੁੱਤਾ ਪਿਆ ਉੱਠ ਕੇ ਇੱਕ ਰਾਤ ਵਿੱਚ ਕਈ-ਕਈ ਵਾਰ ਮੰਜੇ ਥੱਲੇ ਦੇਖਣਾ ਮੈਕਸ ਦੀ ਆਦਤ ਬਣ ਗਈ ਸੀ। ਜਦੋਂ ਮੈਂ ਝਾਤੀਆਂ ਮਾਰਨ ਦਾ ਕਾਰਨ ਪੁੱਛਣਾ ਤਾਂ ਬਹਾਨਾ ਲਗਾ ਦਿੰਦਾ ਸੀ, “ਜੁੱਤੀ ਢੂੰਡਦਾਂ, ਬਾਥਰੂਮ ਜਾਣੈ।”
ਯਕ ਰਾਤ ਸੌਣ ਲੱਗੀ ਨੇ ਮੈਂ ਉਹਦੀਆਂ ਸਾਰੀਆਂ ਜੁੱਤੀਆਂ ਮੰਜੇ ਦੀ ਬਾਹੀ ਦੇ ਬਰਾਬਰ ਚਿਣ ਕੇ ਰੱਖ ਦਿੱਤੀਆਂ ਸਨ ਤਾਂ ਕਿ ਜੇ ਰਾਤ-ਬਰਾਤੇ ਉੱਠੇ ਤਾਂ ਜਿਹੜੀ ਮਨ ਚਾਹੇ ਉਹ ਜੁੱਤੀ ਪਾ ਲਵੇ। ਅੱਧੀ ਕੁ ਰਾਤੋਂ ਮੈਨੂੰ ਜਾਗ ਆਈ ਤਾਂ ਮੈਕਸ ਥੱਲੇ ਨੂੰ ਧੌਣ ਕਰੀ ਮੰਜੇ ਨਾਲ ਤੋਰੀ ਵਾਂਗੂੰ ਲਮਕਦਾ ਸੀ। ਮੈਂ ਸੁਣਾ ਦਿੱਤਾ, “ਜੁੱਤੀਆਂ ਤਾਂ ਤੇਰੀਆਂ ਸਾਰੀਆਂ ਬਾਹਰ ਪਈਆਂ। ਕੱਢ ਲੈ ਜਿਹੜੇ ਯਾਰ ਨੂੰ ਮੈਂ ਹੇਠਾਂ ਵਾੜਿਆ ਹੋਇਐ?”
ਭੱਜਣ ਨੂੰ ਰਾਹ ਨਹੀਂ ਸੀ ਥਿਆਇਆ। ਅਊਂ-ਗਊਂ ਜਿਹਾ ਕਰੀ ਜਾਂਦਾ ਸੀ। ਮੈਂ ਵੀ ਸਿੱਧੀ ਹੋ ਗਈ ਸੀ, “ਬਿਨਾਂ ਮਤਲਬ ਤੋਂ ਸਾਥੀ ’ਤੇ ਸ਼ੱਕ ਕਰਨ ਨੂੰ ਡਾਕਟਰ ਰੋਗ ਮੰਨਦੇ ਨੇ। ਮੈਨੂੰ ਤਾਂ ਲੱਗਦੈ ਤੈਨੂੰ ਵੀ ਹਿਸਟੀਰੀਆ ਹੋ ਗਿਐ। ਕਿਸੇ ਸਇਕੈਟਰਿਕ ਨੂੰ ਮਿਲ।”
ਮੈਕਸ ਵਿੱਚ ਕੱਖ ਨਹੀਂ ਸੀ ਰਿਹਾ। ਪਾਣੀ-ਪਾਣੀ ਹੋ ਗਿਆ ਸੀ। ਕੱਚਾ ਜਿਹਾ ਹੋ ਕੇ ਮੰਜੇ ਨਾਲ ਢੂਹੀ ਲਾਉਂਦਾ ਹੋਇਆ ਬੋਲਿਆ, “ਤੂੰ ਤਾਂ ਹਰ ਵੇਲੇ ਲੜਾਈਆਂ ਭਾਲਦੀ ਐਂ। ਮੈਂ ਤਾਂ ਪਾਣੀ ਪੀਣ ਲੱਗਿਆ ਸੀ।”
ਮੈਂ ਸੋਚਿਆ ਸੀ ਊਠ ਪਹਾੜ ਥੱਲੇ ਆਇਆ ਹੋਇਆ ਹੈ, ਛਾਲ ਮਾਰ ਕੇ ਪਿੱਠ ਤੇ ਸਵਾਰੀ ਕਰਨ ਦਾ ਇਹੀ ਮੌਕੈ। ਨਹੀਂ, ਉੱਚੇ ਬੋਤੇ ’ਤੇ ਫਿਰ ਨਹੀਂ ਚੜ੍ਹ ਹੋਣਾ। “ਮੰਜੇ ਹੇਠਾਂ ਨਲਕਾ ਲੱਗਿਐ ਜਾਂ ਕੱਸੀ ਵਗਦੀ ਆ? ਪਾਣੀ ਪੀਣੈ ਤਾਂ ਜਾ ਕੇ ਰਸੋਈ ਚੋਂ ਪੀ। -ਬਾਹਲਾ ਤਿੱਖਾ ਨਾ ਬਣ। ਮੈਂ ਸਭ ਜਾਣਦੀ ਆਂ। ਤੇਰੇ ਪੋਟੇ-ਪੋਟੇ ਤੋਂ ਵਾਕਿਫ ਹਾਂ। ਕੰਨਾਂ ਚੋਂ ਮੈਲ ਕੱਢ ਕੇ ਸੁਣ ਲੈ, ਜੇ ਮੈਂ ਦਿਨ-ਦੀਵੇ ਮਾਪਿਆਂ ਦੇ ਘਰੋਂ ਭੱਜ ਕੇ ਆ ਸਕਦੀ ਹਾਂ ਤਾਂ ਤੇਰੇ ਘਰੋਂ ਵੀ ਸਿਖਰ ਦੁਪਹਿਰੇ ਡੰਕੇ ਦੀ ਚੋਟ ’ਤੇ ਜਾ ਸਕਦੀ ਹਾਂ। ਨਾਲੇ ਹੋਰ ਸੁਣ ਲੈ ਜੇ ਮੈਂ ਕਿਸੇ ਨਾਲ ਉਧਲਨਾ ਹੀ ਹੈ ਤਾਂ ਤੂੰ ਕੀ ਤੇਰੇ ਫ਼ਰਿਸ਼ਤੇ ਵੀ ਮੈਨੂੰ ਡੱਕ ਨਹੀਂ ਸਕਦੇ! ਪਠਾਣ ਤੇਰੇ ਵਰਗੇ ਬੌਨੇ ਨਹੀਂ ਹੁੰਦੇ, ਜਿਹੜੇ ਖੁੱਡੀ ਜਿੰਨੇ ਘਰ ’ਚ ਲਕੋਇਆਂ ਲੁੱਕ ਜਾਣਗੇ। ਉਨ੍ਹਾਂ ਖੰਭੇ ਵਰਗਿਆਂ ਨੂੰ ਛੁਪਾਉਣ ਵਾਸਤੇ ਤਾਂ ਮਲੀਨੀਅਮ ਡੋਮ ਛੋਟਾ ਪੈ ਜਾਵੇ।” ਮੈਂ ਅੱਧਾ-ਪੌਣਾ ਘੰਟਾ ਕੁਪੱਤ ਕਰਦੀ ਰਹੀ ਸੀ। ਮੇਰੇ ਮੂਹਰੇ ਮੈਕਸ ਕੁਸਕਿਆ ਨਹੀਂ ਸੀ। ਜਿਵੇਂ ਮੂੰਹ ਵਿੱਚ ਜ਼ਬਾਨ ਹੀ ਨਹੀਂ ਹੁੰਦੀ।
***
ਢਿੱਲੀ ਟੂਟੀ ਚੋਂ ਚੋਂਦੇ ਪਾਣੀ ਦੇ ਤੁਪਕਿਆਂ ਵਾਂਗ ਮੇਰੀ ਉਮਰ ਦੇ ਵਰ੍ਹੇ ਜ਼ਿੰਦਗੀ ਵਿੱਚੋਂ ਕਿਰਦੇ ਜਾ ਰਹੇ ਸਨ। ਮੈਂ ਮੈਕਸ ਦੀਆਂ ਜ਼ਿਆਦਤੀਆਂ ਝੱਲ ਕੇ ਵੀ ਖੁਸ਼ੀ-ਖੁਸ਼ੀ ਆਪਣਾ ਜੀਵਨ ਬਿਤਾਈ ਜਾ ਰਹੀ ਸੀ।
ਇੱਕ ਵਾਰ ਸਾਡੇ ਘਰ ਦੀ ਬਿਜਲੀ ਖਰਾਬ ਹੋ ਗਈ। ਕੋਈ ਵੀ ਲਾਈਟ ਕੰਮ ਨਹੀਂ ਸੀ ਕਰਦੀ। ਲਗਾਉਣ ਸਾਰ ਨਵੇਂ ਬਲਬ ਦਾ ਪਟਾਕਾ ਪੈ ਜਾਇਆ ਕਰਨਾ। ਮੇਨ ਫਿਊਜ਼ ਉੱਡ ਜਾਇਆ ਕਰਨਾ। ਇਸ ਸਮੱਸਿਆ ਦਾ ਕਾਰਨ ਬਾਅਦ ਵਿੱਚ ਮਿਸਤਰੀ ਤੋਂ ਪਤਾ ਲੱਗਿਆ ਕਿ ਬਿਜਲੀ ਦੀ ਸਪਲਾਈ ਵਾਲੀ ਕੋਈ ਤਾਰ ਟੁੱਟ ਕੇ ਵਿਰੋਧੀ ਨੰਗੀ ਤਾਰ ਉੱਪਰ ਜਾ ਡਿੱਗੀ ਸੀ। ਬਿਜਲੀ ਦੀਆਂ ਧਾਤ ਵਾਲੀਆਂ ਤਾਰਾਂ ਉੱਤੇ ਰਬੜ ਚੜ੍ਹੀ ਹੁੰਦੀ ਹੈ, ਜਿਵੇਂ ਆਪਣੇ ਕੱਪੜੇ ਹੁੰਦੇ ਹਨ। ਉਵੇਂ ਹੀ ਇਹ ਰਬੜ ਤਾਰਾਂ ਦਾ ਵਸਤਰ ਹੁੰਦੀ ਹੈ। ਸਾਡੇ ਘਰ ਕੰਧ ਵਿੱਚ ਬਿਜਲੀ ਦੀ ਸਪਲਾਈ ਵਾਲੀਆਂ ਤਾਰਾਂ ਦੇ ਕੋਲ ਹੀ ਪਾਣੀ ਵਾਲੀਆਂ ਨਾਲਾਂ ਦੱਬੀਆਂ ਹੋਈਆਂ ਸਨ। ਗਰਮ ਪਾਣੀ ਦੀ ਪਾਇਪ ਦੇ ਸੇਕ ਲੱਗਦੇ ਰਹਿਣ ਨਾਲ ਬਿਜਲੀ ਦੀਆਂ ਤਾਰਾਂ ਦੀ ਰਬੜ ਪਿਘਲ ਗਈ ਸੀ ਤੇ ਨੰਗੀਆਂ ਤਾਰਾਂ ਆਪਸ ਵਿੱਚ ਜੁੜ ਗਈਆਂ ਸਨ। ਇੱਕ ਤਾਰ ਆਪਣੀ ਉਸ ਵਿਰੋਧੀ ਤਾਰ ਨਾਲ ਜਾ ਮਿਲੀ ਸੀ, ਜਿਸ ਤੋਂ ਕਿ ਉਸਨੂੰ ਦੂਰ ਰਹਿਣਾ ਚਾਹੀਦਾ ਸੀ। ਸਵਿੱਚ ਨੱਪਦਿਆਂ ਹੀ ਜਦੋਂ ਕਰੰਟ ਦਾ ਸੰਚਾਰ ਉਨ੍ਹਾਂ ਤਾਰਾਂ ਵਿੱਚ ਹੁੰਦਾ ਸੀ ਤਾਂ ਸੌਰਟ ਸਰਕਟ ਹੋਣ ਦੀ ਵਜ੍ਹਾ ਨਾਲ ਫਿਊਜ਼ ਉੱਡ ਜਾਂਦਾ ਹੁੰਦਾ ਸੀ। ਤਾਰਾਂ ਨੂੰ ਇਲੈਕਟਰੀਸ਼ੀਅਨ ਵੱਲੋਂ ਜਿਵੇਂ ਜੋੜਿਆ ਗਿਆ ਹੋਵੇ, ਜੇ ਤਾਰਾਂ ਉਹੀ ਕਾਰਜ ਕਰਨ ਤਾਂ ਬਿਜਲੀ ਉਪਕਰਣ ਤਸੱਲੀਬਖਸ਼ ਕੰਮ ਕਰਦੇ ਹਨ। ਜੇਕਰ ਤਾਰਾਂ ਬਿਜਲੀ ਮਕੈਨਿਕ ਦੀ ਵਿਉਂਤਬੰਧੀ ਨੂੰ ਨਜ਼ਰਅੰਦਾਜ਼ ਕਰਕੇ ਕੋਈ ਗਲਤੀ ਕਰਦੀਆਂ ਹਨ ਤਾਂ ਸਿਰਫ਼ ਫਿਊਜ਼ ਹੀ ਨਹੀਂ ਉੱਡਦੇ। ਬਾਅਜ਼ ਦਫ਼ਾ ਤਾਂ ਤਾਰਾਂ ਅਤੇ ਪਲੱਗਾਂ ਸਮੇਤ ਸਾਰੀ ਦੀ ਸਾਰੀ ਬਿਜਲੀ ਫੀਟਿੰਗ ਵੀ ਸੜ ਜਾਂਦੀ ਹੈ। ਘਰ ਵਿੱਚ ਸਦਾ ਲਈ ਹਨੇਰਾ ਛਾਹ ਜਾਂਦਾ ਹੈ। ਕੁੱਝ ਕੇਸਾਂ ਵਿੱਚ ਤਾਂ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਬਿਜਲੀ ਦੀਆਂ ਤਾਰਾਂ ਚੋਂ ਨਿਕਲੇ ਚੰਗਿਆੜਿਆਂ ਨਾਲ ਹੀ ਅੱਗ ਜ਼ੋਰ ਫੜ ਗਈ ਅਤੇ ਪਲਾਂ-ਛਿਣਾਂ ਵਿੱਚ ਪੂਰੇ ਦਾ ਪੂਰਾ ਘਰ ਜਲ ਕੇ ਰਾਖ ਹੋ ਗਿਆ!
ਜਦੋਂ ਇੱਕ ਸਹੀ ਤੇ ਇੱਕ ਗਲਤ ਕਿਸਮ ਦੇ ਆਦਮੀ ਔਰ ਔਰਤ ਆਪਸ ਵਿੱਚ ਜੁੜ ਜਾਣ ਤਾਂ ਉਨ੍ਹਾਂ ਦਾ ਮੇਲ ਬਹੁਤੇ ਚਿਰ ਤੱਕ ਹੰਢਦਾ ਨਹੀਂ। ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਸ਼ੌਰਟ ਸਰਕਟ ਹੋ ਕੇ ਅਟਕਾ ਆ ਜਾਂਦਾ ਹੈ।
ਅਜੋਕੇ ਦੌਰ ਵਿੱਚ ਤੇ ਖਾਸ ਕਰ ਇਸ ਮੁਲਖ ਦਾ ਰਹਿਣ-ਸਹਿਣ ਹੀ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਮਿੰਟ-ਮਿੰਟ ’ਤੇ ਬਿਜਲੀ ਦੀ ਲੋੜ ਪੈਂਦੀ ਹੈ। ਮੇਰੇ ਕੰਮ ਵਾਲੀਆਂ ਦਾ ਆਦੇਸ਼ ਹੈ ਕਿ ਸਾਫ਼-ਸੁਥਰੇ ਅਤੇ ਇਸਤਰੀ ਕੀਤੇ ਕੱਪੜੇ ਪਾ ਕੇ ਆਉ। ਮੈਲੇ-ਕੁਚੈਲੇ ਕੱਪੜੇ ਪਾਏ ਹੋਣ ਤਾਂ ਡਾਕਟਰ ਗੁੱਸੇ ਹੋਣ ਲੱਗ ਜਾਂਦੇ ਹਨ, ਮਰੀਜ਼ਾਂ ਕੋਲ ਤੁਸੀਂ ਬਿਮਾਰ ਬਣ ਕੇ ਆ ਗਏ ਹੋ। ਠੀਕ ਇਹ ਕੀ ਸੁਆਹ ਹੋਣਗੇ? ਸੋਹਣੇ ਅਤੇ ਉੱਜਲੇ ਕੱਪੜੇ ਪਹਿਨ ਕੇ ਚੁਸਤ ਬਣ ਕੇ ਆਇਆ ਕਰੋ।
ਕੱਪੜੇ ਧੋਣ ਤੇ ਇਸਤਰੀ ਕਰਨ ਵਾਲੀਆਂ ਮੇਰੀਆਂ ਦੋਨੋਂ ਮਸ਼ੀਨਾਂ ਬਿਜਲੀ ਨਾਲ ਚੱਲਦੀਆਂ ਹਨ। ਪਿਛਲੇ ਦੋ ਤਿੰਨ ਰੋਜ਼ ਤੋਂ ਮੈਂ ਮੈਲੇ ਅਤੇ ਵਲਾਂ ਵਾਲੇ ਕੱਪੜੇ ਪਹਿਨ ਕੇ ਡਿਊਟੀ ’ਤੇ ਜਾਂਦੀ ਰਹੀ ਸੀ। ਮੇਰੇ ਕੱਪੜੇ ਦੇਖ ਕੇ ਇੱਕ ਨਰਸ ਨੇ ਮੈਨੂੰ ਮਖੌਲ ਵੀ ਕਰਿਆ ਸੀ, “ਸ਼ੈਜ਼, ਆਹ ਕੱਪੜੇ ਘੜੇ ਚੋਂ ਕੱਢ ਕੇ ਪਾਏ ਲੱਗਦੇ ਆ?”
ਮੈਂ ਨਰਸ ਨੂੰ ਕੀ ਦੱਸਦੀ ਬਈ ਸਾਡੀ ਬਿਜਲੀ ਖਰਾਬ ਹੈ? ਮੈਂ ਦੰਦ ਕੱਢ ਕੇ ਗੱਲ ਆਈ ਗਈ ਕਰ ਦਿੱਤੀ ਸੀ। ਉਦਣ ਘਰੇ ਆਉਂਦੀ ਨੇ ਹੀ ਪਹਿਲਾਂ ਤਾਂ ਮੈਂ ਕੰਮ ਵਾਲੇ ਕੱਪੜੇ ਧੋਤੇ। ਇਹ ਧੋਹ-ਧੁਆਈ ਵਾਲਾ ਕੰਮ ਤਾਂ ਚਲੋ ਬੰਦਾ ਵਾਸ਼ਿੰਗ ਮਸ਼ੀਨ ਤੋਂ ਬਿਨਾਂ ਵੀ ਸਾਰ ਸਕਦੈ। ਹੱਥਾਂ ਨਾਲ ਲੀੜੇ ਧੋਤੇ ਜਾ ਸਕਦੇ ਹਨ। ਪਰ ਪਰੈੱਸ ਕਿਵੇਂ ਕਰੂ? ਫਿਰ ਇਹਦਾ ਵੀ ਮੈਂ ਹੱਲ ਲੱਭਿਆ। ਪਹਿਲੇ-ਪਹਿਲ ਸ਼ੌਕੀਨ ਲੋਕ ਗਰਮ ਪੱਧਰੀ ਵਸਤੂ ਨਾਲ ਹੀ ਕੱਪੜਿਆਂ ਦੇ ਵਲ ਕੱਢਦੇ ਹੁੰਦੇ ਸੀ। ਸ਼ਾਇਦ ਇਸੇ ਤੋਂ ਹੀ ਕੱਪੜੇ ਪਰੈੱਸ ਕਰਨ ਵਾਲੀ ਇਸਤਰੀ ਦੀ ਖੋਜ ਨਿਕਲੀ ਹੋਵੇਗੀ। ਸੋ ਮੈਂ ਵੀ ਕੌਲੀ ਵਿੱਚ ਤੱਤੇ ਕੋਲੇ ਪਾ ਕੇ ਉਹਦੇ ਨਾਲ ਕੱਪੜਿਆਂ ਦੇ ਵੱਟ ਕੱਢੇ ਸਨ। ਇਹ ਕਰਦਿਆਂ ਜਿਹੜਾ ਔਖੀ ਹੋਈ। ਉਹ ਤਾਂ ਪੁੱਛੋ ਹੀ ਨਾ। ਸੇਕ ਲੱਗ ਕੇ ਮੇਰੀਆਂ ਉਂਗਲਾਂ ਲੂਹੀਆਂ ਗਈਆਂ ਸਨ। ਮੈਂ ਤਾਂ ਸੋਚਾਂ ਬਈ ਬੰਦਾ ਕਰੰਮਪਲ ਫਰੀਅ ਲੀੜੇ ਲੈ ਹੀ ਲਵੇ। ਇਹ ਹਰ ਵਾਰ ਧੋਣ ਮਗਰੋਂ ਪਰੈੱਸ ਕਰਨ ਦੇ ਝੰਜਟ ਤੋਂ ਤਾਂ ਛੁਟਕਾਰਾ ਮਿਲੇ। ਉਨ੍ਹਾਂ ਦਿਨਾਂ ਵਿੱਚ ਇਹ ਲੀੜੇ ਅਜੇ ਚੱਲੇ-ਚੱਲੇ ਹੀ ਸਨ। ਇਨ੍ਹਾਂ ਕੱਪੜਿਆਂ ਨੂੰ ਖਾਸ ਕਿਸਮ ਦੇ ਧਾਗੇ ਨਾਲ ਬੁਣਿਆ ਜਾਂਦਾ ਸੀ ਤੇ ਇਨ੍ਹਾਂ ਦੀ ਖਾਸੀਅਤ ਇਹ ਹੁੰਦੀ ਸੀ ਕਿ ਕੱਪੜੇ ਨੂੰ ਜਿੰਨਾ ਮਰਜ਼ੀ ਗੁੱਛਾ-ਮੁੱਛਾ ਕਰ ਲਈਏ। ਕੱਪੜੇ ਵਿੱਚ ਇੱਕ ਵੀ ਵਲ ਨਹੀਂ ਪੈਂਦਾ ਸੀ। ਭਾਵੇਂ ਸਾਰੀ ਰਾਤ ਸਿਰਹਾਣੇ ਥੱਲੇ ਰੱਖਣ ਬਾਅਦ ਸਵੇਰ ਨੂੰ ਕੱਢ ਕੇ ਪਾ ਲਉ। ਪਰੈੱਸ ਕਰਨ ਦੀ ਲੋੜ ਹੀ ਨਹੀਂ ਸੀ ਪੈਂਦੀ, ਕੱਪੜਾ ਉਹੋ ਜਿਹੇ ਦਾ ਉਹੋ ਜਿਹਾ ਰਹਿੰਦਾ ਸੀ। ਇਸ ਕਿਸਮ ਦੇ ਕੱਪੜੇ ਮਹਿੰਗੇ ਸਨ। ਨਹੀਂ ਤਾਂ ਮੈਂ ਖਰੀਦਣ ਲੱਗੀ ਨੇ ਘੌਲ ਨਹੀਂ ਸੀ ਕਰਨੀ। ਇਸ ਤਰ੍ਹਾਂ ਸਾਡੇ ਘਰ ਦੇ ਹੋਰ ਵੀ ਬਹੁਤ ਸਾਰੇ ਕੰਮ ਬਿਜਲੀ ਬਿਨਾਂ ਖੜ੍ਹੇ ਹੋਏ ਸਨ।
ਦੋ ਤਿੰਨ ਦਿਨ ਗੁਜ਼ਰ ਗਏ ਸਨ, ਸਾਡੀ ਬਿਜਲੀ ਵਿੱਚ ਨੁਕਸ ਪਏ ਨੂੰ। ਮੈਕਸ ਨੂੰ ਤਾਂ ਕੋਈ ਫਿਕਰ ਨਹੀਂ ਸੀ, ਮੈਕਸ ਨੇ ਉਸਨੂੰ ਮੁਰੰਮਤ ਕਰਵਾਉਣ ਦਾ ਕੋਈ ਉਹੜ-ਪੋਹੜ ਨਾ ਕੀਤਾ। ਲੇਕਿਨ ਮੈਨੂੰ ਚਿੰਤਾ ਹੋਈ ਸੀ। ਮੈਂ ਚਿੱਤ ਵਿੱਚ ਸੋਚਿਆ ਮਨਾ ਕਿੰਨੇ ਕੁ ਦਿਨ ਹਨੇਰਾ ਝੋਕਦੀ ਰਹੂੰਗੀ? ਜੇ ਮੈਕਸ ਨੂੰ ਆਪ ਨਹੀਂ ਆਹੁੜਦੀ ਤਾਂ ਮੈਂ ਹੀ ਕੁੱਝ ਕਹਾਂ। “ਬਿਜਲੀ ਨਹੀਂ ਠੀਕ ਕਰਵਾਉਣੀ? ਕੋਈ ਮਿਸਤਰੀ ਵਾਕਫ-ਵੁਕਫ ਹੈ ਤਾਂ ਸੱਦ ਕੇ ਲੋਟ ਕਰਵਾ ਲੈ?”
ਕੋਈ ਉਪਾਅ ਤਾਂ ਕੀ ਕਰਨਾ ਸੀ, ਮੈਕਸ ਸਗੋਂ ਮੈਨੂੰ ਪੁੱਠਾ ਹੀ ਬੋਲਿਆ, “ਮੈਨੂੰ ਨਹੀਂ ਕੋਈ ਜਾਣਦਾ-ਜੂਣਦਾ। ਮੈਂ ਕੀਹਨੂੰ ਸੱਦਾਂ? ਮੇਰੇ ਸਾਲੇ ਲੱਗਦੇ ਆ?”
“ਮੇਰੇ ਸਾਉਰੇ ਲੱਗਦੇ ਆ ਬਈ ਮੈਂ ਬੁਲਾ ਲਊਂਗੀ? ਯੈਲੋ ਪੇਜ਼ਿਸ ਚੋਂ ਦੇਖ ਕੇ ਫੋਨ ਕਰ ਦੇ ਕਿਸੇ ਨੂੰ? ਸੈਂਕੜੇ ਮਿਸਤਰੀਆਂ ਦੇ ਇਸ਼ਤਿਆਰ ਹੁੰਦੇ ਹਨ ਉਹਦੇ ਵਿੱਚ।”
“ਤੇਰੇ ਹੱਥਾਂ ਨੂੰ ਮੈਂਹਦੀ ਲੱਗੀ ਆ? ਤੂੰ ਕਰ ਲੈ? ਅੱਧ ਦੀ ਮਾਲਕਣ ਐਂ, ਸਾਡਾ ਕੀ ਆ ਫੱਕਰਾਂ ਦਾ ਜਦੋਂ ਚਾਹੇ ਤੂੰ ਸਾਨੂੰ ਘਰੋਂ ਕਢਾ ਸਕਦੀ ਐਂ।”
ਮੈਂ ਤਾੜ ਗਈ ਸੀ ਕਿ ਮੈਕਸ ਕਿੱਥੋਂ ਬੋਲ ਰਿਹਾ ਸੀ। ਮੈਂ ਲੜਾਈ ਵਧਾਉਣੀ ਠੀਕ ਨਾ ਸਮਝੀ ਤੇ ਚੁੱਪ ਕਰਕੇ ਸਥਾਨਕ ਸਕੌਟਿਸ਼ ਬਿਜਲੀ ਬੋਰਡ ਨੂੰ ਫੋਨ ਕਰਕੇ ਇਨਜੀਨੀਅਰ ਨਾਲ ਅਪੁਆਇੰਟਮੈਂਟ ਬਣਾ ਦਿੱਤੀ ਸੀ। ਮੈਂ ਤਾਂ ਉਸ ਵੇਲੇ ਕੰਮ ’ਤੇ ਹੋਣਾ ਸੀ। ਇਸ ਲਈ ਮੈਂ ਮੈਕਸ ਨੂੰ ਮਕੈਨਿਕ ਦੇ ਆਉਣ ਦਾ ਟਾਇਮ ਦੱਸ ਕੇ ਤਾੜਨਾ ਕਰ ਗਈ ਕਿ ਉਸ ਵੇਲੇ ਘਰ ਰਹੇ।
ਮਕੈਨਿਕ ਕਿਤੇ ਟਰੈਫ਼ਿਕ ਵਿੱਚ ਫਸ ਜਾਣ ਕਾਰਨ ਦਿੱਤੇ ਸਮੇਂ ਤੋਂ ਲੇਟ ਹੋ ਗਿਆ ਸੀ। ਮੈਕਸ ਸਾਹਿਬ ਨੇ ਦਸ ਵੀਹ ਮਿੰਟ ਉਡੀਕਿਆ ਹੋਣੈ ਤੇ ਜਦ ਉਹ ਨਾ ਆਇਆ ਤਾਂ ਜੂਆ ਖੇਡਣ ਤੁਰ ਗਏ। ਇਹ ਕਿਤੇ ਦਰੋਂ ਨਿਕਲਿਆ ਹੋਣੈ ਤੇ ਮਗਰੇ ਹੀ ਮਕੈਨਿਕ ਪਹੁੰਚ ਗਿਆ ਸੀ। ਇਤਫਾਕਨ ਮੈਂ ਬਿਮਾਰ ਹੋਣ ਜਾਣ ਕਾਰਨ ਕੰਮ ਤੋਂ ਛੁੱਟੀ ਲੈ ਕੇ ਘਰ ਆ ਗਈ ਸੀ ਤਾਂ ਮਕੈਨਿਕ ਦਰਾਂ ’ਚ ਖੜ੍ਹਾ ਦਰਵਾਜ਼ੇ ਭੰਨ੍ਹੇ। ਕੋਈ ਅੰਦਰ ਹੁੰਦਾ ਤਾਂ ਬੂਹਾ ਖੋਲ੍ਹਦਾ। ਕਈ ਦਿਨਾਂ ਤੋਂ ਚੱਜ ਨਾਲ ਸੁੱਤੀ ਨਾ ਹੋਣ ਕਰਕੇ ਮੇਰਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ। ਮੈਂ ਅੰਦਰ ਵੜ ਕੇ ਇਲੈਕਟਰੀਸ਼ਨ ਨੂੰ ਸਵਿੱਚਬੋਰਡ ਦਿਖਾ ਕੇ ਉੱਥੇ ਕੋਲੇ ਹੀ ਚਾਦਰ ਲੈ ਕੇ ਸੋਫੇ ’ਤੇ ਲੇਟ ਗਈ ਸੀ। ਮੈਨੂੰ ਡਰ ਸੀ ਕਿ ਮਕੈਨਿਕ ਸਾਡੇ ਘਰੋਂ ਚੁੱਕ ਕੇ ਕੁੱਝ ਆਪਣੇ ਸੰਦਾ ਵਾਲੇ ਝੋਲੇ ਵਿੱਚ ਹੀ ਨਾ ਸਿੱਟ ਲਵੇ। ਸੁਣਨ ਵਿੱਚ ਆਉਂਦਾ ਸੀ ਕਿ ਮਕੈਨਿਕ ਮੁਰੰਮਤ ਕਰਨ ਦੇ ਬਹਾਨੇ ਨਾਲ ਆ ਕੇ ਚੋਰੀ ਕਰ ਜਾਂਦੇ ਸੀ।
ਪਈ ਦਾ ਮੇਰਾ ਢੌਂਕਾ ਲੱਗ ਗਿਆ ਸੀ। ਘੋੜਿਆਂ ਦੀ ਰੇਸ ਵਿੱਚ ਸਾਰੀ ਨਕਦੀ ਹਾਰ ਕੇ ਉੱਤੋਂ ਦੀ ਮੈਕਸ ਵੀ ਬੈਟਿੰਗ ਸ਼ੌਪ ਚੋਂ ਛੇਤੀ ਘਰ ਨੂੰ ਆ ਗਿਆ ਸੀ। ਮੈਕਸ ਦਰਾਂ ’ਚ ਖੜ੍ਹਾ ਜੇਬ ਚੋਂ ਹੌਲੀ-ਹੌਲੀ ਚਾਬੀ ਲੱਭਦਾ ਸੀ। ਮਕੈਨਿਕ ਨੇ ਸਮਝਿਆ ਕੋਈ ਉਂਝ ਸਾਡੇ ਘਰੇ ਆਇਆ ਹੈ। ਉਹਨੇ ਮੈਨੂੰ ਜਗਾਉਣ ਲਈ ਹੱਥ ਨਾਲ ਟੁੰਬਿਆ। ਜਦ ਨੂੰ ਚਾਬੀ ਨਾਲ ਦਰਵਾਜ਼ਾ ਖੋਲ੍ਹ ਕੇ ਮੈਕਸ ਅੰਦਰ ਆ ਵੜਿਆ ਸੀ। ਮੈਨੂੰ ਦਰਵਾਜ਼ੇ ਦਾ ਖੜਕਾ ਸੁਣ ਕੇ ਜਾਗ ਆ ਗਈ ਸੀ ਤੇ ਮੈਂ ਉੱਠ ਕੇ ਬੈਠ ਗਈ ਸੀ। ਮਕੈਨਿਕ ਨੇ ਉੱਥੋਂ ਰਾਹ ਚੋਂ ਹੀ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ। ਉਹਦੀ ਉਂਗਲ ਵੀ ਮੇਰੇ ਨਾਲ ਨਹੀਂ ਸੀ ਖਹੀ। ਮੈਕਸ ਨੇ ਮਕੈਨਿਕ ਦੀ ਮੇਰੇ ਸ਼ਰੀਰ ਵੱਲ ਉੱਠੀ ਹੋਈ ਉਂਗਲ ਦੇਖ ਲਈ ਸੀ। ਤੇ ਬਸ। ਕਰ ਦਿੱਤੀ ਸੀ ਚੜ੍ਹਾਈ। ਨਾ ਕੁੱਝ ਪੁੱਛਿਆ ਤੇ ਨਾ ਦੱਸਿਆ, ਕੱਪੜਿਉਂ ਬਾਹਰ ਹੋਣ ਦੀ ਕੀਤੀ ਸੀ। ਵਹਿਮ ਦਾ ਕੋਈ ਇਲਾਜ਼ ਥੋੜ੍ਹਾ ਹੈ? ਬਿਜਲੀਵਾਲਾ ਬਿਚਾਰਾ ਆਪਣਾ ਕੰਮ ਕਰਨ ਲੱਗ ਗਿਆ ਸੀ ਤੇ ਇਹ ਆਉਂਦਾ ਹੀ ਉਹਦੇ ਨਾਲ ਚਿੰਬੜ ਗਿਆ ਸੀ। ਮੇਰੇ ’ਤੇ ਹੱਥ ਜਿਉਂ ਖੁੱਲ੍ਹਿਆ ਹੋਇਆ ਸੀ। ਇਹ ਉਹਦੇ ਮੁੱਕੇ ਮਾਰੀ ਜਾਵੇ ਤੇ ਉਹ ਇਹਦੇ। ਬੌਕਸਿੰਗ ਵਾਲਿਆਂ ਵਾਂਗੂੰ ਦੋਨੋਂ ਜਣੇ ਲੜੀ-ਘੁੱਲੀ ਜਾਣ। ਗੁੱਥਮ-ਗੁੱਥਾ ਹੋਏ ਹੋਏ। ਮੈਕਸ ਐਡਾ ਮੂਰਖ ਬੰਦਾ ਨਿਕਲਿਆ ਸੀ ਕਿ ਉਹਦੀ ਤਾਂ ਸੁਣੇ ਨਾ, ਆਪਣੇ ਹੀ ਘੋੜੇ ਭਜਾਈ ਜਾਵੇ। ਉਹਨੇ ਆਪਣਾ ਸ਼ਨਾਖਤੀ ਕਾਰਡ ਵੀ ਦਿਖਾਇਆ। ਇਹਨੂੰ ਭੂਸਰੇ ਝੋਟੇ ਨੂੰ ਕਿਤੇ ਸੁੱਧ-ਬੁੱਧ ਸੀ। ਮੈਂ ਕੋਲ ਹੋ ਕੇ ਛੁਡਾਉਣ ਲੱਗੀ ਤਾਂ ਉਹਦਾ ਭਾਈ ਦਾ ਪਲਾਇਅਰ ਚੁੱਕ ਕੇ ਮੇਰੇ ਦਾੜ੍ਹਾਂ ’ਤੇ ਮਾਰਿਆ। ਪਾਟ ਕੇ ਮੇਰੇ ਬੁੱਲ੍ਹ ਚੋਂ ਲਹੂ ਨਿਕਲਣ ਲੱਗ ਗਿਆ ਸੀ ਤੇ ਮੈਂ ਤਾਂ ਸਾਨਾਂ ਦੇ ਭੇੜ ਵਿੱਚੋਂ ਉੱਥੇ ਹੀ ਪਿੱਛੇ ਹੱਟ ਗਈ ਸੀ। ਐਡਾ ਸ਼ੁਕਰ ਮੇਰੇ ਦੰਦ ਨਹੀਂ ਸੀ ਟੁੱਟੇ।
ਪੁਰਾਣੇ ਵੇਲਿਆਂ ਵਿੱਚ ਕਿਰਪਾਨਾਂ, ਭਾਲਿਆਂ ਦੀਆਂ ਲੜਾਈਆਂ ਹੋਇਆ ਕਰਦੀਆਂ ਸਨ। ਲੋਕ ਜੰਗ ਨੂੰ ਲੋਹੇ ਦੇ ਵਸਤਰ ਪਾ ਕੇ ਜਾਂਦੇ ਹੁੰਦੇ ਸਨ। ਉਨ੍ਹਾਂ ਨੂੰ ਦੁਸ਼ਮਣ ਦੇ ਵਾਰ ਤੋਂ ਰੱਖਿਆ ਕਰਨ ਵਾਲਾ ਸੰਜੋਅ ਜਾਂ ਕਵਚ ਕਿਹਾ ਜਾਂਦਾ ਸੀ। ਕਵਚ ਹਥਿਆਰ ਨੂੰ ਪਹਿਨਣ ਵਾਲੇ ਦੇ ਸ਼ਰੀਰ ਵਿੱਚ ਖੁੱਭਣ ਨਹੀਂ ਦਿੰਦੇ ਸਨ। ਅੱਜਕੱਲ੍ਹ ਉਸਦੀ ਜਗ੍ਹਾ ਬੁੱਲਿਟ ਪਰੂਫ ਜੈਕਟਾਂ ਚੱਲ ਪਈਆਂ ਹਨ। ਜੋ ਨੇਤਾ ਲੋਕ ਪਹਿਨਦੇ ਹਨ, ਗੋਲੀ ਤੋਂ ਬਚਣ ਲਈ। ਆਪਣੇ ਜ਼ਖ਼ਮ ਕਰਵਾ ਕੇ ਮੈਂ ਪਛਤਾਉਂਦੀ ਹੋਈ ਸੋਚਾਂ ਬਈ ਕਿਉਂ ਬੰਦਿਆਂ ਦੀ ਲੜਾਈ ਵਿੱਚ ਆਈ? ਜੇ ਆਉਣਾ ਹੀ ਸੀ ਤਾਂ ਕਵਚ ਪਾ ਕੇ ਆਉਂਦੀ, ਬਚਾਅ ਤਾਂ ਹੋ ਜਾਂਦਾ। ਜਦੋਂ ਖਾਸੀ ਦੇਰ ਤੱਕ ਇਹ ਲੜਨੋਂ ਨਹੀਂ ਹਟਿਆ ਸੀ ਤਾਂ ਅੱਕ ਕੇ ਮੈਂ ਆਖਿਆ ਸੀ, ਲਾਹ ਲਵੇ ਜੀਅ ਲੜ ਕੇ। ਆਪ ਮਰੇ, ਚਾਹੇ ਅਗਲੇ ਨੂੰ ਮਾਰ ਦਵੇ। ਸਿਆਪਾ ਮੁੱਕੂਗਾ।
ਚੌਖਾ ਚਿਰ ਵੜਾਂਗਾ ਹੋਣ ਬਾਅਦ ਧੱਕਾ ਮੁੱਕੀ ਕਰਕੇ ਮੈਕਸ ਨੇ ਉਹਨੂੰ ਮਿਸਤਰੀ ਨੂੰ ਬਾਹਰ ਕੱਢ ਕੇ ਕੁੰਡਾ ਲਾਇਆ ਤੇ ਮੇਰੇ ਪੇਸ਼ ਪੈ ਗਿਆ ਸੀ। ਠੁੱਡੇ ਮਾਰ-ਮਾਰ ਮੇਰਾ ਬੁਰਾ ਹਾਲ ਕਰ ਦਿੱਤਾ ਸੀ। “ਦੇਖਿਆ? ਫੜ ਲਈ ਨਾ ਅੱਜ? ਸਾਊ ਬਣਦੀ ਸੀ? ਖੜ੍ਹ ਸਹੀ, ਬਣਾਉਂਦਾਂ ਤੇਰੀ ਭੁਰਜੀ।”
ਮੇਰਾ ਕੁਟਾਪਾ ਕਰਨ ਲਈ ਮੈਕਸ ਕਿਸੇ ਹਥਿਆਰ ਦੀ ਭਾਲ ਵਿੱਚ ਇੱਧਰ-ਉੱਧਰ ਫਰੋਲਾ-ਫਰਾਲੀ ਕਰ ਹੀ ਰਿਹਾ ਸੀ ਕਿ ਪੁਲੀਸ ਨੇ ਆ ਬੂਹੇ ਉੱਤੇ ਦਸਤਕ ਕਰੀ ਸੀ। ਮੈਕਸ ਨੂੰ ਤਾਂ ਭਾਈ ਹੱਥਾਂ-ਪੈਰਾਂ ਦੀ ਪੈ ਗਈ ਸੀ। ਉਹਨੇ ਸੋਚਿਆ ਸੀ ਗੁਆਂਡੀਆਂ ਨੇ ਸ਼ੋਰ ਸੁਣ ਕੇ ਸਿਪਾਹੀ ਬੁਲਾਏ ਹੋਣਗੇ। ਕਿਤੂੰ ਵਾਸਤਵ ਵਿੱਚ ਬਿਜਲੀ ਵਾਲੇ ਨੇ ਆਪਣਾ ਮਿਹਨਤਾਨਾ ਵਸੂਲਣ ਲਈ ਪੁਲੀਸ ਨੂੰ ਸੱਦਿਆ ਸੀ। ਸਿਪਾਹੀਆਂ ਤੋਂ ਅਸਲੀਅਤ ਜਾਣ ਕੇ ਇਹਦੇ ਤਾਂ ਹੋਸ਼ ਉੱਡਗੇ। ਉਸ ਭਾਈ ਦੇ ਪੈਰੀਂ ਪੈ ਗਿਆ ਬਈ ਉਹ ਮਾਫ਼ ਕਰ ਦੇਵੇ ਤੇ ਬਦਸਲੂਕੀ ਕਰਨ ਬਦਲੇ ਕੋਈ ਕਾਨੂੰਨੀ ਕਾਰਵਾਈ ਨਾ ਕਰੇ। ਖੁਸ਼ਕਿਸਤਮੀ ਨਾਲ ਉਹਦੇ ਕੋਈ ਸੱਟ ਨਹੀਂ ਸੀ ਲੱਗੀ। ਗੁੱਝੀ ਕੁੱਟ ਕੁੱਟਿਆ ਸੀ ਇਹਨੇ ਉਹਨੂੰ। ਫਿਰ ਉਹਦੇ ਵੀ ਕਿਹੜਾ ਵੰਗਾਂ ਪਾਈਆਂ ਸਨ। ਵਧਾਇਆ ਤਾਂ ਉਹਨੇ ਵੀ ਇਹਨੂੰ ਖਾਸਾ ਸੀ। ਇਹਦੀਆਂ ਹੱਡੀਆਂ ਪਸਲੀਆਂ ਨੂੰ ਮੈਂ ਬਾਅਦ ਵਿੱਚ ਕਈ ਦਿਨ ਸੇਕ ਦੇ ਦੇ ਕੇ ਮੱਲਮਾਂ ਲਾਉਂਦੀ ਰਹੀ ਸੀ। ਮਹੀਨਾ ਇਹ ਇਬੂਫਰਨ ਦੀਆਂ ਗੋਲੀਆਂ ਖਾਂਦਾ ਰਿਹਾ ਸੀ। ਜਿਵੇਂ ਕਿਵੇਂ ਜੀ ਉਦਣ ਮਕੈਨਿਕ ਦਾ ਮੈਕਸ ਨਾਲ ਰਾਜ਼ੀਨਾਮਾ ਹੋ ਗਿਆ ਸੀ। ਮਕੈਨਿਕ ਅਤੇ ਪੁਲੀਸ ਨੂੰ ਤੋਰ ਕੇ ਮਗਰੋਂ ਅੰਦਰ ਆ ਕੇ ਇਹ ਮੇਰੇ ਉੱਤੇ ਰੋਹਬ ਝਾੜਨ ਲੱਗ ਪਿਆ ਸੀ, “ਤੂੰ ਦੱਸਿਆ ਨ੍ਹੀਂ ਬਈ ਉਹ ਇਲੈਕਟਰੀਸ਼ੀਅਨ ਸੀ?”
“ਮੈਂ ਕੀ ਦੱਸਦੀ? ਤੂੰ ਤਾਂ ਏਸ਼ੀਅਨਾਂ ਨਾਲ ਬੋਲਦੀ-ਚਲਦੀ ਦੇਖ ਕੇ ਮੈਨੂੰ ਮਾੜੀ ਕਹਿੰਦਾ ਹੁੰਦਾ ਸੀ, ਉਹ ਮਕੈਨਿਕ ਤਾਂ ਅੰਗਰੇਜ਼ ਸੀ?”
“ਅੰਗਰੇਜ਼ਾਂ ਨੂੰ ਕਿਹੜਾ ਤੂੰ ਨਾਂਹ ਕਰਦੀ ਐਂ? -ਵੇਲ ਤੇ ਤੀਵੀਂ ਤਾਂ ਜੋ ਵੀ ਨੇੜੇ ਹੋਵੇ ਉਹਦੇ ਨਾਲ ਹੀ ਲਿਪਟ ਜਾਂਦੀਆਂ।”
ਦੇਖ ਲਉ! ਇਹ ਇੱਜ਼ਤ ਹੈ ਉਹਦੀਆਂ ਨਜ਼ਰਾਂ ਵਿੱਚ ਮੇਰੀ। ਮੈਂ ਜਾਣਦੀ ਸੀ ਮੇਰੇ ਵਿੱਚ ਮੈਕਸ ਨਾਲ ਜਿਦਣ ਦੀ ਹਿੰਮਤ ਨਹੀਂ ਸੀ। ਵਗਦੇ ਖੂਨ ਨੂੰ ਰੋਕਣ ਦੇ ਯਤਨ ਵਿੱਚ ਪਾਟੇ ਹੋਏ ਬੁੱਲ੍ਹ ਨੂੰ ਗਿੱਲੇ ਰੁਮਾਲ ਵਿੱਚ ਲਪੇਟ ਕੇ ਮੈਂ ਫੜਿਆ ਹੋਇਆ ਸੀ। ਪਰ ਲਹੂ ਸੀ ਕਿ ਤਲੇ ’ਤੇ ਸੁਰਾਖ ਵਾਲੇ ਘੜੇ ਵਿੱਚੋਂ ਚੋਂਦੇ ਪਾਣੀ ਵਾਂਗ ਰਿਸੀ ਜਾ ਰਿਹਾ ਸੀ। ਸੇਲਰ ਵਿੱਚੋਂ ਫੱਸਟਏਡ ਬੌਕਸ ਕੱਢ ਕੇ ਮੈਂ ਮੱਲਮ-ਪੱਟੀ ਕਰਨ ਲਈ ਗੁਸਲਖਾਨੇ ਵਿੱਚ ਚਲੀ ਗਈ ਸੀ।

No comments:
Post a Comment