
ਮੈਂ ਆਪਣੀ ਲੈਂਡਲੇਡੀ, ਵੀਵਿਆ ਨੂੰ ਪਹਿਲੀ ਦੀ ਪਹਿਲੀ ਕਿਰਾਇਆ ਦੇਈ ਜਾਂਦੀ ਸੀ। ਉਸ ਭਲੀ ਔਰਤ ਦਾ ਐਨਾ ਅਹਿਸਾਨ ਹੀ ਕਾਫ਼ੀ ਸੀ, ਜਿਹੜਾ ਉਸਨੇ ਰਹਿਣ ਲਈ ਸਾਨੂੰ ਰਿਆਇਤ ਵਿੱਚ ਜਗ੍ਹਾ ਦੇ ਦਿੱਤੀ ਸੀ। ਨਹੀਂ ਤਾਂ ਮਕਾਨਾਂ ਦੇ ਕਿਰਾਇਆਂ ਦਾ ਭਾਅ ਆਸਮਾਨ ’ਤੇ ਚੜ੍ਹਿਆ ਪਿਆ ਸੀ। ਪਤਾ ਨਹੀਂ ਸਾਨੂੰ ਕਿੱਥੇ-ਕਿੱਥੇ ਰੁਲਣਾ ਪੈਂਦਾ। ਫੁੱਟਪਾਥਾਂ, ਸਟੇਸ਼ਨਾਂ ਜਾਂ ਪਾਰਕਾਂ ਦੇ ਬੈਂਚਾਂ ’ਤੇ ਸੌਣੋਂ ਬਚ ਗਏ ਸੀ। ਮੈਂ ਤਾਂ ਵੀਵਿਆ ਦੀ ਐਨੀ ਗੱਲੋਂ ਸ਼ੁਕਰ ਗੁਜ਼ਾਰ ਸੀ ਕਿ ਉਸਨੇ ਸਾਨੂੰ ਸਿਰ ਛੁਪਾਉਣ ਨੂੰ ਛੱਤ ਬਖ਼ਸ਼ ਦਿੱਤੀ ਸੀ।
ਵੀਵਿਆ ਬੜੀ ਰਿਜ਼ਰਬ ਜਿਹੀ ਔਰਤ ਸੀ। ਸਦਾ ਆਪਣੇ ਆਪ ਵਿੱਚ ਗੁਆਚੀ ਜਿਹੀ ਰਹਿਣ ਵਾਲੀ। ਕਿਸੇ ਨਾਲ ਉਹ ਕੋਈ ਬਹੁਤਾ ਮੇਲ-ਜੋਲ ਨਹੀਂ ਸੀ ਵਧਾਉਂਦੀ ਹੁੰਦੀ। ਬਹੁਤ ਘੱਟ ਬਾਹਰ ਨਿਕਲਦੀ ਸੀ। ਆਮ ਤੌਰ ’ਤੇ ਉਹ ਆਪਣੇ ਘਰ ਵਿੱਚ ਹੀ ਰਹਿੰਦੀ ਸੀ। ਹੋਰ ਕੋਈ ਵੀ ਉਹਦੇ ਕੋਲ ਆਉਂਦਾ ਜਾਂ ਜਾਂਦਾ ਨਹੀਂ ਸੀ ਅਤੇ ਨਾ ਹੀ ਮੈਂ ਉਹਨੂੰ ਕਦੇ ਕਿਸੇ ਦੇ ਘਰ ਵੜਦੇ-ਨਿਕਲਦੇ ਦੇਖਿਆ ਸੀ। ਆਂਢ-ਗੁਆਂਢ ਨਾਲ ਉਹਦੀ ਬੋਲ-ਬਾਣੀ ਵੀ ਬਸ ਹੈਲੋ ਜਾਂ ਗੁੱਡਮੌਰਨਿੰਗ ਤੱਕ ਹੀ ਸੀਮਿਤ ਸੀ। ਹੋਰ ਕੋਈ ਵੀ ਵੀਵਿਆ ਬਾਰੇ ਕੁੱਝ ਨਹੀਂ ਸੀ ਜਾਣਦਾ। ਉਸਦੀ ਜ਼ਿੰਦਗੀ ਮੇਰੇ ਲਈ ਰਹੱਸ ਬਣੀ ਹੋਈ ਸੀ। ਮੈਂ ਉਸਦੇ ਅਤੀਤ ਬਾਰੇ ਜਾਣਨਾ ਚਾਹੁੰਦੀ ਸੀ। ਉਸਨੇ ਇਹ ਦੱਸ ਕੇ ਮੈਨੂੰ ਅੱਚਵੀ ਲਾ ਦਿੱਤੀ ਸੀ ਕਿ ਕਦੇ ਉਹ ਵੀ ਮੇਰੇ ਵਾਂਗੂੰ ਭੱਜ ਕੇ ਆਈ ਸੀ। ਉਹ ਕਿਸ ਨਾਲ ਉਧਲੀ ਸੀ? ਉਸਦਾ ਯਾਰ ਕਿੱਧਰ ਗਿਐ? ਉਹ ਕਿਹੋ ਜਿਹਾ ਸੀ? ਉਸ ਨਾਲ ਘਰੋਂ ਭੱਜਣ ਬਾਅਦ ਕੀ ਵਾਪਰਿਆ ਸੀ? ਉਸਦੀ ਜ਼ਿੰਦਗੀ ਵਿੱਚ ਕੀ ਪਰਿਵਰਤਨ ਆਇਆ? ਕੀ ਉਹ ਆਪਣੇ ਚੁੱਕੇ ਹੋਏ ਕਦਮ ਤੋਂ ਖੁਸ਼ ਸੀ? ਉਸਨੂੰ ਔਖਾ ਤਾਂ ਨਹੀਂ ਹੋਣਾ ਪਿਆ? ਅਜਿਹੇ ਅਨੇਕਾਂ ਪ੍ਰਸ਼ਨ ਮੇਰੇ ਮਨ ਵਿੱਚ ਧਮਾਲਾ ਪਾ ਰਹੇ ਸਨ ਤੇ ਮੈਂ ਇਨ੍ਹਾਂ ਸਾਰਿਆਂ ਦਾ ਜੁਆਬ ਜਾਨਣਾ ਚਾਹੁੰਦੀ ਸੀ।
ਵੀਵਿਆ ਨੂੰ ਘਰੋਂ ਭਗੌੜੀ ਹੋਣ ਦੀ ਕੀ ਵਿਪਤਾ ਆ ਪਈ ਸੀ? ਮੈਂ ਤਾਂ ਸਮਝਦੀ ਸੀ ਅਜਿਹਾ ਸਾਡੇ ਏਸ਼ੀਅਨਾਂ ਨੂੰ ਹੀ ਕਰਨਾ ਪੈਂਦਾ ਹੈ। ਅੰਗਰੇਜ਼ ਤਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ਦਾ ਵਰ ਚੁਣਨ ਦੀ ਇਜਾਜ਼ਤ ਦੇ ਦਿੰਦੇ ਹਨ। ਫਿਰ ਅੰਗਰੇਜ਼ਾਂ ਨੂੰ ਭੱਜਣ








